|
ਦੋਸਤੋ! ਇਸ ਵਾਰੀ ਵੀ ਅਸੀ ਵਿਸ਼ਵ ਪਕਸ਼ੀ ਕਵੀ ਸਮੇਲਨ ਦੇ ਸੰਦਰਭ ਵਿਚ ਹੀ ਕੋਈ ਗੱਲ ਕਰਾਂਗੇ। ਆਖ਼ਰ ਅਸੀ ਪੰਛੀ ਕਵੀਆਂ ਦੇ ਕਲਾਮ ਦਾ ਆਨੰਦ ਵੀ ਤਾਂ ਮਾਨਣਾ ਹੈ!
ਚੱਲੋ ਇਸ ਵਾਰ ਅਸੀ ਚਰਚਾ ਅਧੀਨ ਕਵੀ ਸਮੇਲਨ ਵਿਚ ਸ਼ਿਰਕਤ ਕਰ ਹੀ ਲੈਂਦੇ ਹਾਂ। ਇਹ ਕਵੀ ਦਰਬਾਰ ਕਿੱਥੇ ਹੋਇਆ? ਇਸ ਜਾਣਕਾਰੀ ਦੀ ਸਾਨੂੰ ਕੋਈ ਉਤਸੁਕਤਾ ਨਹੀਂ ਕਿਉਂਕਿ ਇਹ 'ਬਲਿਹਾਰੀ ਕੁਦਰਤ ਵਸਿਆ' ਜਹੇ ਮਹਾਂ ਵਾਕ ਦੇ ਸੱਚ ਮੁਤਾਬਕ, ਕੁਦਰਤ ਦੇ ਖ਼ੁਲ੍ਹੇ ਵਿਹੜਿਆਂ ਵਿਚ ਹਰ ਪਲ-ਛਿਣ ਤੇ ਦਿਨ-ਰਾਤ ਹੁੰਦਾ ਹੀ ਰਹਿੰਦਾ ਹੈ। ਜਿਹੜਾ ਚਲ-ਚਿੱਤਰ ਦਿਖਾਣ ਦੀ ਕੋਸ਼ਿਸ਼ ਵਿਚ ਹਾਂ, ਉਹ ਵਿਸ਼ਵ ਵਿਆਪੀ ਹੋਣ ਦੇ ਨਾਲ ਨਾਲ ਕਾਲ ਮੁਕਤ ਵੀ ਹੈ।
ਇਸ ਸਮੇਲਨ ਦੀ ਡੀ ਵੀ ਡੀ ਵੀ ਬਣੀ ਹੋਈ ਹੈ। ਉਸ ਦੇ ਮੂਲ ਸਰੋਤ ਬਾਰੇ ਕੁਝ ਵੀ ਦੱਸਣ ਤੋਂ ਅਸਮਰਥ ਹਾਂ। ਪਰ, ਉਸ ਸਰੋਤ ਦੀ ਬਦੌਲਤ ਹੀ ਕਾਵਿ, ਛੰਦ, ਬਹਿਰ ਅਤੇ ਉਸਦੀ ਸਿਰਜਨਾ ਬਾਰੇ, ਕੁਝ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਸਮਰੱਥ ਹੋ ਸਕਦੇ ਹਾਂ। ਮੂਲ ਸਰੋਤ ਨਾ ਦੱਸਣ ਦਾ ਹੋਰ ਵੀ ਕਾਰਨ ਹੈ 'ਇਕ ਡਰ'। ਡਰ ਇਹੀ ਕਿ ਅਜ ਕਲ ਕਈ ਪੱਤਰਪ੍ਰੇਰਕਾਂ ਦਾ ਬਹਤਾ ਰੁਝਾਨ ਸਟਿੰਗ ਆਪਰੇਸ਼ਨਜ਼ ਵਾਲਾ ਬਣਿਆ ਹੋਇਆ ਹੈ। ਇੰਝ ਕੋਈ ਇਸਨੂੰ ਪੇਟੈਂਟ ਹੀ ਨਾ ਕਰਵਾ ਲਵੇ!
ਹਾਂ, ਇਸ ਸਰੋਤ ਬਾਰੇ ਇੱਕ ਜ਼ਾਤੀ ਜਿਹਾ ਅੰਦਾਜ਼ਾ ਹੈ। ਇਹ ਕਿ ਕਿਸੇ ਕਾਵਿ ਜਗਿਆਸੂ ਨੇ ਨਹੀਂ ਪਰ, ਵਣ-ਵਿਭਾਗ ਕਰਮਚਾਰੀਆਂ ਵਿਚੋਂ ਹੀ ਕਿਸੇ ਕੁਦਰਤ ਦੇ ਪ੍ਰੇਮੀ ਨੇ ਹੀ ਜੰਗਲ ਬੇਲਿਆਂ ਵਿਚ ਲੁਕ-ਛਿਪ ਕੇ ਇਹ ਮਨਸ਼ਾ ਪੂਰੀ ਕੀਤੀ ਹੈ। ਕੁਦਰਤ ਦਾ ਉਹੀ ਪ੍ਰੇਮੀ ਘੱਟੋ-ਘੱਟ ਸੌ ਪੰਛੀਆਂ ਦੇ ਰੰਗੀਨ ਚਿਤਰਾਂ ਨੂੰ ਉਨ੍ਹਾਂ ਦੇ ਮਨਮੋਹਕ ਬਾਣੀ ਸਮੇਤ ਆਪਣੀ ਮਲਕੀਅਤ ਬਣਾ ਚੁਕਿਆ ਹੈ। ਇਸ ਮਲਕੀਅਤ ਨੂੰ ਉਹ ਸੋਹਣੇ ਰੱਬ ਦਾ ਖ਼ਜ਼ਾਨਾ ਹੀ ਸਮਝਦਾ ਹੈ। ਇਸ ਅਸਾਸੇ ਵਿਚੋਂ ਪ੍ਰਾਪਤ ਹੁੰਦੇ ਪਰਮ ਆਨੰਦ ਬਾਰੇ ਮੈਂ ਤਾਂ ਕੋਈ ਕਿਆਸ ਅਰਾਈ ਹੀ ਕਰ ਸਕਦਾ ਹਾਂ...ਲੋੜੀਂਦੇ ਸ਼ਬਦ ਮੇਰੀ ਸਮਰੱਥਾ ਤੋਂ ਬਾਹਰ ਹਨ।
ਅਸਲ ਗੱਲ ਤੇ ਆ ਜਾਂਦੇ ਹਾਂ। ਕਦੀ ਖ਼ਿਆਲ ਕੀਤਾ ਹੋਜੇਗਾ ਕਿ ਸਾਡੇ ਸਵਾਸ ਵੀ ਕਿਸੇ ਖ਼ਾਸ ਸੁਰ-ਤਾਲ ਤੇ ਹੀ ਚਲਦੇ ਹਨ। ਜੇ ਕਿਤੇ ਇਸ ਸੁਰ-ਤਾਲ-ਲੈਅ ਵਿਚ ਫ਼ਰਕ ਆ ਜਾਵੇ ਤਾਂ ਇਸਨੂੰ ਖ਼ਤਰੇ ਦੀ ਘੰਟੀ ਸਮਝ ਲੈਣਾ ਚਾਹੀਦਾ ਹੈ। ਇਸ ਘੰਟੀ ਦਾ ਅੰਜ਼ਾਮ ਖ਼ੁਸ਼ਗਵਾਰ ਨਹੀਂ ਹੁੰਦਾ। ਕਾਵਿ ਜਾਂ ਸੰਗੀਤ ਦੀ ਸੁਰ, ਤਾਲ ਤੇ ਲੈਅ ਵਿਚ ਵੀ ਕੋਈ ਰੁਕਾਵਟ ਜਾਂ ਲੜਖੜਾਹਟ ਆ ਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਰਚਨਾ ਦਮ ਤੋੜ ਰਹੀ ਹੈ। ਪੰਛੀਆਂ ਦੀ ਬਾਣੀ ਵਿਚ ਵੀ ਇਹੀ ਨੁਕਤਾ ਮਹੱਤਵ-ਪੂਰਨ ਹੈ।
ਹੱਥਲੇ ਅੰਕ ਲਈ ਇਥੇ ਹੀ ਇਜਾਜ਼ਤ ਮੰਗਦਾ ਹਾਂ। ਆਮੀਨ!
ਲੱਖ ਕਰਨਾਲਵੀ
ਸਕੱਤਰ ਜਨਰਲ, ਕਲਮ ਫਾਉਂਡੇਸ਼ਨ
This e-mail address is being protected from spam bots, you need JavaScript enabled to view it
(905)497 2617
ਪੁਰਾਣਾ ਮਾਖਿਓਂ
ਰੁਬਾਈਂ64/ਸਰਮਦ
ਹੋਇਆ ਦੁਨੀਆਂ ਤੋਂ ਦਿਲ ਉਚਾਟ ਮੇਰਾ, ਜੁੜਿਆ ਸਾਂਈ ਦੇ ਚਰਨਾਂ ਵਿੱਚ ਵਸਦਾ ਈ।
ਏਸ ਬਾਗ ਦੇ ਖਿੜੇ ਹਰ ਫੁੱਲ ਅੰਦਰ, ਉਹੀ ਵਾਂਗ ਖ਼ੁਸ਼ਬੋਈ ਦੇ ਹੱਸਦਾ ਈ।
ਮੇਰਾ ਦਿਲ ਪਿਆਰ ਦੇ ਨਾਲ ਭਰਿਆ, ਇਹਦਾ ਛਲਕਣਾ ਇਹੀ ਤਾਂ ਦੱਸਦਾ ਈ।
ਹੋਵੇ ਕਿਸੇ ਦੇ ਅੰਦਰ ਜੇ ਜੌਹਰ ਲੁਕਿਆ, ਓਹੀ ਬਾਹਰ ਨੂੰ ਉਠ ਕੇ ਨੱਸਦਾ ਈ।
ਗ਼ਜ਼ਲ/ ਰਾਜਿੰਦਰ ਪਰਦੇਸੀ
ਛੱਡ ਜੱਗ ਦੇ ਸਭ ਜੰਜਾਲ ਬਾਬਾ।
ਹੁਣ ਆਪਣੀ ਪੱਗ ਸੰਭਾਲ ਬਾਬਾ।
ਛਿਟ ਲੋਅ ਦੀ ਨਾ ਨਸੀਬ ਤਾਂ ਵੀ,
ਦੀਵੇ ਲਹੂ ਦੇ ਰਿਹਾ ਏਂ ਬਾਲ ਬਾਬਾ।
ਨਿੱਤ ਨਵੇਂ ਕਿਉਂ ਚੰਨ ਚੜ੍ਹਾਂਵਦੇ ਨੇ,
ਚੰਨ ਜਿਹੇ ਇਹ ਨੌ ਨਿਹਾਲ ਬਾਬਾ?
ਕਹਿ ਜਾਣਗੇ ਸਾਸਰੀਕਾਲ ਇਹ ਤਾਂ,
ਬਿਨਾਂ ਬੋਲਿਆਂ ਸਾਸਰੀਕਾਲ ਬਾਬਾ।
ਹੁਣ ਸੋਕੇ ਦੇ ਮਾਰੇ ਟੋਭਿਆਂ 'ਚੋਂ,
ਘੋਗੇ ਸਿੱਪੀਆਂ ਦੀ ਛੱਡ ਭਾਲ ਬਾਬਾ।
ਅਣਹੋਣੀਆਂ ਦੀ ਗੱਲ ਜਾਪਦੀ ਏ,
ਪੰਛੀ ਉੱਡਣਗੇ ਲੈ ਕੇ ਜਾਲ ਬਾਬਾ।
ਪੱਛਮੀ ਸੁਰਾਂ ਨੇ ਕੀ ਰੀਸ ਕਰਨੀ?
ਪੈਂਦੀ ਢੋਲ ਤੇ ਜਿਹੜੀ ਧਮਾਲ ਬਾਬਾ।
ਸਮਾਂ ਉਹਨਾਂ ਦਾ ਹੀ ਬਲਵਾਨ ਹੋਵੇ,
ਜੋ ਬਦਲਦੇ ਸਮੇਂ ਦੀ ਚਾਲ ਬਾਬਾ।
ਪੂੰਜੀ ਸਾਹਾਂ ਦੀ ਹੱਕ ਹਲਾਲ ਦੀ ਏ,
ਸੂਦਖ਼ੋਰਾਂ ਲਈ ਲੁੱਟਿਆ ਮਾਲ ਬਾਬਾ।
ਸਾਡੇ ਰੰਗ ਨੇ ਸਦਾ ਬਦਰੰਗ ਕਰਦੇ,
ਰੰਗਪੁਰ ਦੇ ਰੰਗ ਗੁਲਾਲ ਬਾਬਾ।
ਅਸੀਂ ਆਪਣੀ ਹੀ ਹੀਰ ਭਾਲਦੇ ਹਾਂ,
ਕਾਹਨੂੰ ਲੜਦੈਂ ਜੋਗੀਆਂ ਨਾਲ ਬਾਬਾ?
ਦੇਸ਼ ਆਪਣੇ ਵਿਚ ਵੀ 'ਪਰਦੇਸੀ',
ਵੇਖ ਮੌਲਾ ਦੇ ਅਜਬ ਕਮਾਲ ਬਾਬਾ।
*35-B/ 168, ਦਸ਼ਮੇਸ਼ ਨਗਰ
ਦਕੋਹਾ, ਜਲੰਧਰ, ਪੰਜਾਬ; ਭਾਰਤ।
(91)93576 41552
This e-mail address is being protected from spam bots, you need JavaScript enabled to view it
ਗ਼ਜ਼ਲ/ ਅਜੀਤ 'ਹਿਰਖੀ'
ਘਰ ਦੇ ਅੰਦਰ ਲੜੀ ਲੜਾਈ ਜਾਂਦੀ ਹੈ।
ਹੱਕਾਂ ਦੀ ਆਵਾਜ਼ ਦਬਾਈ ਜਾਂਦੀ ਹੈ।
ਮੈਨੂੰ ਏਹੀ ਸੋਚ ਸਤਾਈ ਜਾਂਦੀ ਹੈ.
ਕਾਹਤੋਂ ਨਈਂ ਉਸਦੀ ਤਲਖ਼ਾਈ ਜਾਂਦੀ ਹੈ?
ਦਿਲ ਕਰਦੈ ਹਰ ਗੱਲ ਆਖਾਂ ਸੱਚੋ ਸੱਚ,
ਬੋਲਣ ਲੱਗਿਆਂ ਤਿਲਕ ਸੱਚਾਈ ਜਾਂਦੀ ਹੈ।
ਹਿਜ਼ਰ ਤਿਰੇ ਵਿੱਚ ਹਾਲਤ ਮੇਰੀ, ਕੀ ਦੱਸਾਂ?
ਹੱਡਾਂ ਦੇ ਵਿੱਚ ਪੀੜ ਸਮਾਈ ਜਾਂਦੀ ਹੈ।
ਨਾਲ਼ੇ ਮੈਨੂੰ ਚਾਅ ਉਮੜ੍ਹਦੈ ਜੀਣੇ ਦਾ,
ਨਾਲ਼ੇ ਜਾਨ ਮਿਰੀ ਉਕਤਾਈ ਜਾਂਦੀ ਹੈ।
ਓਨੀ ਤੀਬਰ ਹੁੰਦੀ ਜਾਵੇ ਸੋਚ ਮਿਰੀ,
ਮੈਨੂੰ ਜਿੰਨੀ ਆਰ ਲਗਾਈ ਜਾਂਦੀ ਹੈ।
ਨਾ ਮੁਕਦਾ ਦਿਨ ਹਿਜਰ ਦੇ ਵਿਚ ਮੇਰਾ,
ਨਾ ਹੀ ਸੌਖੀ ਰਾਤ ਲੰਘਾਈ ਜਾਂਦੀ ਹੈ।
ਅਰਦਾਸ ਦਾ ਪੱਲਾ ਕਰਕੇ ਬੈਠਾ ਉਹ,
ਜਿਸਦਾ ਦੀਵਾ ਪੌਣ ਬੁਝਾਈ ਜਾਂਦੀ ਹੈ।
ਝੂਠੇ ਬੰਦੇ ਥੁੱਕਦੇ ਫ਼ਿਰਦੇ ਉੱਪਰ ਨੂੰ,
ਲੇਕਿਨ ਸੱਚ ਦੀ ਧੌਣ ਕਟਾਈ ਜਾਂਦੀ ਹੈ।
ਮੈਂ ਆਖਾਂ ਹੋ ਚੁੱਕੀ ਉੱਤੇ ਮਿੱਟੀ ਪਾ,
ਐਪਰ ਓਹੀ ਗੱਲ ਵਧਾਈ ਜਾਂਦੀ ਹੈ।
ਚਾਹਵਾਂ ਯਾਦ 'ਚ ਰਾਤ ਗ਼ੁਜ਼ਾਰਾਂ, ਪਰ-
ਲੋਰੀ ਦੇ ਕੇ ਰਾਤ ਸੁਲਾਈ ਜਾਂਦੀ ਹੈ।
ਫ਼ੈਸ਼ਨ ਉਹਲੇ ਲੁਕਿਆ ਕੁੱਝ ਵੀ ਨਈਂ,
ਇੱਜ਼ਤ ਅਪਣੇ ਅੰਗ ਦਿਖਾਈ ਜਾਂਦੀ ਹੈ।
ਸ਼ਰਮ ਹਯਾ ਦੇ ਮਾਰੇ 'ਹਿਰਖੀ' ਕੀ ਕਰਦਾ?
ਗਰਦਨ ਮੁਸ਼ਕਿਲ ਨਾਲ਼ ਉਠਾਈ ਜਾਂਦੀ ਹੈ।
This e-mail address is being protected from spam bots, you need JavaScript enabled to view it
(905) 664-7459
ਗੀਤਾਂ-ਗ਼ਜ਼ਲਾਂ ਦਾ ਪਰਾਗਾ/ ਲੱਖ ਕਰਨਾਲਵੀ
(1)
ਦਰਦ ਦੀ ਇੱਕ ਚੀਸ ਅੱਖੀਓਂ
ਨੀਰ ਬਣ ਵਗਦੀ ਰਹੀ।
ਦਿਲ ਦੇ ਅੰਦਰ ਚਿਣਗ ਇੱਕ
ਮੱਘਦੀ ਰਹੀ ਮੱਘਦੀ ਰਹੀ।
ਆਸ ਦੇ ਦੀਵੇ ਨੂੰ ਲੈ ਕੇ
ਦਰ-ਬ-ਦਰ ਫ਼ਿਰਦੇ ਰਹੇ।
ਹੋ ਸਕੀ ਨਾ ਆਸ ਪੂਰੀ
ਹੰਝੂ ਵੀ ਕਿਰਦੇ ਰਹੇ।
ਜ਼ਿੰਦਗੀ ਪਾ ਕੇ ਵੀ ਜਿੰਦ
ਕਿਉਂ ਮੌਤ ਨੂੰ ਲੱਭਦੀ ਰਹੀ?
ਦਰਦ ਦੀ...
ਫੁੱਲ ਜਹੇ ਚਿਹਰੇ ਤੋਂ ਲੈ ਕੇ
ਝੁਰੜੀਆਂ ਤਕ ਦਾ ਸਫ਼ਰ।
ਫ਼ੇਰ ਲੱਭ ਸਕਦਾ ਖ਼ੁਦੀ ਨੂੰ
ਕਾਸ਼ ਇਹ ਲੰਮਾਂ ਸਫ਼ਰ।
ਜਨਮ ਦੀ ਪੀੜਾ 'ਚੋਂ ਉਠੀ
ਹੂਕ ਇਕ ਬਲਦੀ ਰਹੀ।
ਦਰਦ ਦੀ...
ਮੁੜ ਕੇ ਪਿੱਛੇ ਵੇਖਿਆ ਜਾਂ
ਢਹਿੰਦੀਆਂ ਕੰਧਾਂ ਦਾ ਹਾਲ।
ਕਿਸ ਤਰ੍ਹਾਂ 'ਲੱਖ' ਜੀ ਰਿਹਾ ਏਂ?
ਸਾਹਮਣੇ ਸੀ ਇਕ ਸਵਾਲ।
ਮੌਤ ਵੀ ਕਈ ਵਾਰ ਆਈ
ਆ ਕੇ ਫ਼ਿਰ ਮੁੜਦੀ ਰਹੀ।
ਦਰਦ ਦੀ ਇਕ ਚੀਸ ਅੱਖੀਓਂ
ਨੀਰ ਬਣ ਵਗਦੀ ਰਹੀ।
ਦਿਲ ਦੇ ਅੰਦਰ ਚਿਣਗ ਇਕ
ਮਘਦੀ ਰਹੀ ਮਘਦੀ ਰਹੀ।
(2)
ਸਾਹ ਚੱਲਦੇ ਰਹੇ ਉਮਰ ਢਲਦੀ ਰਹੀ।
ਚਿਣਗ ਪਰ ਇਕ ਸੀਨੇ 'ਚ ਬਲਦੀ ਰਹੀ।
ਜਨਮ ਕਈ ਸਨ ਮਿਲੇ ਉਮਰ ਇੱਕੋ ਸੀ ਪਰ,
ਮੌਤ ਸਿਰ ਤੇ ਖ਼ੜੀ ਆਈ ਟਲਦੀ ਰਹੀ।
ਆਪਣੇ ਸਾਹਾਂ ਨੂੰ ਗਿਣ ਨਾ ਸਕੇ ਕਿਉਂ ਅਸੀਂ,
ਕਾਤੀ ਸੀਨੇ ਦੇ ਅੰਦਰ ਹੀ ਚੱਲਦੀ ਰਹੀ।
ਕਤਰਾ ਕਤਰਾ ਲਹੂ ਚੀਣਾ-ਚੀਣਾ ਹੈ ਦਿਲ,
ਇਕ ਹਯਾਤੀ ਇਨ੍ਹਾਂ ਵਿਚ ਢਲਦੀ ਰਹੀ।
ਅਸੀਂ ਆਪਣੀ ਹੀ ਸੀਤ 'ਚ ਠਰਦੇ ਰਹੇ,
ਅੱਗ ਇਸ਼ਕ ਦੀ ਦੂਰ ਹੀ ਬਲਦੀ ਰਹੀ।
ਅੱਗ ਨੱਚੀ ਕਿਸੇ ਦੀ ਚਿਤਾ ਤੇ ਜਦੋਂ,
ਮੋਮ ਬਣ ਕੇ ਹਵਾ ਵੀ ਪਿਘਲਦੀ ਰਹੀ।
ਚਿੱਟੇ ਤਨ ਵਾਲੇ ਮਨ 'ਚੋਂ ਹਨੇਰੇ ਮਿਲੇ,
ਗਰਮ-ਜੋਸ਼ੀ 'ਚ ਜਿੰਦ ਮਚਲਦੀ ਰਹੀ।
ਕਾਲੇ ਬਾਗਾਂ ਦੇ ਭਾਂਬੜ ਬਲੇ ਬੁਝ ਗਏ,
ਜ਼ਿੰਦਗੀ ਦੀ ਨਦੀ ਪਰ ਉਛਲਦੀ ਰਹੀ।
(3)
ਯਾਦ ਆਵੇਗੀ ਜਦੋਂ ਤੇਰੀ ਚੂੜੀਆਂ ਦੀ ਵਾਜ਼ ਦੀ,
ਰੋਵੇਗਾ ਕੋਈ ਰਾਤ ਭਰ।
ਯਾਦ ਆਵੇਗੀ ਜਦੋਂ ਤੇਰੀ ਮੁਸਕਣੀ ਤੇ ਨਾਜ਼ ਦੀ,
ਰੋਵੇਗਾ ਕੋਈ ਰਾਤ ਭਰ।
ਯਾਦ ਕਰਕੇ ਤੈਂਦੜੇ ਨੱਕ ਦੀ ਤੀਲੀ ਜ਼ਾਲਮੇ,
ਧੁਖੇਗਾ ਵੱਤ ਉਹ ਧੂਣੀਆਂ।
ਪੀੜ ਵੱਸੇਗੀ ਉਹਦੇ ਦੀਦਿਓਂ ਬਣ ਸੌਣ ਨੀ,
ਭਰੇਗੀ ਚਾਟੀਆਂ ਊਣੀਆਂ।
ਬੁਝਾ ਤਾਂ ਦੇਂਦਾ ਜਿੰਦ ਦਾ ਦੀਵਾ...ਪਰਂ
ਫ਼ਿਕਰ ਸੀ ਤੇਰੇ ਤਾਜ ਦੀ!
ਮਜ਼ਹਬਾਂ ਦੇ ਲਾਂਘੇ ਪੂਰ ਕੇ ਵਫ਼ਾ ਦਾ ਹੰਸ ਪਾਲਿਆ,
ਇਹ ਕੀ ਕਾਰਾ ਕਰ ਗਿਆ?
ਸੂਲੀ ਚੜ੍ਹਾ ਕੇ ਇਸ਼ਕ ਨੂੰ ਆਪ ਕਿੱਧਰ ਉਡ ਗਿਆ,
ਕਿਉਂ ਬੇਵਫ਼ਾਈ ਕਰ ਗਿਆ?
ਡਗ-ਮਗਾਂਦੀ ਡੋਲਦੀ ਮੂਹੋਂ ਕੁਝ ਨਾ ਬੋਲਦੀ,
ਤੱਕੜੀ ਵਫ਼ਾ ਦੀ ਲਾਜ ਦੀ!
ਕੀਕਣ ਭੁਲਾਵੇ ਮਨ ਉਦ੍ਹਾ ਨਕਸ਼ ਤੇਰੀ ਪੈੜ ਦੇ,
ਜੁ ਗ਼ਮ ਦੀ ਯਾਰੀ ਦੇ ਗਏ।
ਵੀਹੀ 'ਚ ਜਿਹੜੀ ਮਿਟ ਗਈ ਆਖਰੀ ਹੀ ਪੈੜ ਸੀ,
ਖੇੜੇ ਕਿੱਧਰ ਲੈ ਗਏ?
ਜਾਂਦੀ ਜਾਂਦੀ ਦੱਸ ਤਾਂ ਦੇਂਦੀ!
ਤਕਦੀਰ ਤੱਤੇ 'ਲੱਖ' ਦੀ,
ਗਵਾਚੀ ਸੁਰ ਤੇ ਸਾਜ਼ ਦੀ!
(4)
ਸੇਕ ਵਿਹੂਣਾ ਗੀਤ ਨਾ ਹੋਵੇ
ਹੋਏ ਤਾਂ ਹੋਏ ਅੰਗਿਆਰ।
ਮਿੱਟੀ ਦੇ ਵਿਚ ਹੋਵੇ ਗੁੱਝਿਆ
ਹੋਏ ਤਾਂ ਹੋਏ ਸਿਆੜ।
ਤਰਕ ਵਿਹੂਣਾ ਗੀਤ ਨਾ ਹੋਵੇ
ਹੋਏ ਤਾਂ ਹੋਏ ਸਚਿਆਰ।
ਸ਼ਬਦਾਂ ਵਿਚੋਂ ਮੁੜਕਾ ਚੋਵੇ
ਮੁੜਕਾ ਵੀ ਪਰ ਕੌੜਾ ਹੋਵੇ।
ਅੰਗਾਂ ਦਾ ਕੁਝ ਐਸਾ ਹੋਵੇ
ਛੈਲ-ਛਬੀਲਾ ਰੱਜ ਕੇ ਹੋਵੇ।
ਖ਼ੇਤਾਂ ਅੰਦਰ ਝੋਨਾ ਫੰਡਦੀ
ਜਿਉਂ ਅੰਗ ਖ਼ਿੱਚੇ ਮੁਟਿਆਰ।
ਤੋਰ ਤੁਰੇ ਦਰਿਆਵਾਂ ਵਰਗੀ
ਪਰਵਾਜ਼ ਭਰੇ ਤਾਂ ਪੌਣਾਂ ਵਰਗੀ।
ਮੁਸਕਾਵੇ ਜਿਵੇਂ ਹੱਸੇ ਸਰਘੀ
ਸੀਤਲਤਾ ਹੋਏ ਫੁੱਲਾਂ ਵਰਗੀ।
ਮਟਕੇ ਤਾਂ ਕੁਝ ਈਕਣ ਮਟਕੇ
ਜਿਵੇਂ ਵੱਟ ਤੇ ਤੁਰੇ ਮੁਟਿਆਰ।
ਸੁਰ ਨਾ ਬਹੁਤੇ ਤਿੱਖੇ ਹੋਵਣ
ਹੋਵਣ! ਰੱਜ-ਰੱਜ ਮਿੱਠੇ ਹੋਵਣ।
ਬੋਲ ਨਾ ਉਕਾ ਖ਼ਰਵੇ ਹੋਵਣ
ਕੱਤਕ ਦਾ ਸ਼ਹਿਦ ਹੀ ਹੋਵਣ।
ਤ੍ਰਿੰਝਣਾਂ ਅੰਦਰ ਚਰਖ਼ਾ ਕੱਤਦੀ
ਜਿਵੇਂ ਤੰਦ ਖਿੱਚੇ ਮੁਟਿਆਰ।
ਗਾਵੇ ਤਾਂ ਕੋਈ ਈਕਣ ਗਾਵੇ
ਕੰਨਾਂ ਵਿਚ ਰਸ ਘੁਲਦਾ ਜਾਵੇ।
ਜ਼ਹਿਰੀ ਨਾਗਾਂ ਬੀਨ ਭੁਲਾਵੇ
ਸੁਰ ਅਪਣੀ ਤੇ ਨੱਚਣ ਲਾਵੇ।
ਪਿੰਡ ਦੇ ਖੂਹੋਂ ਸੱਦ ਪਈ ਆਵੇ
ਜਿਵੇਂ ਲੱਜ ਖਿੱਚੇ ਮੁਟਿਆਰ।
*
This e-mail address is being protected from spam bots, you need JavaScript enabled to view it
|