tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਸੰਪਾਦਕੀ ਲੇਖ
ਸੰਪਾਦਕੀ ਲੇਖ
ਫ਼ਿਕਸਿੰਗ ਕਾ ਫ਼ੰਡਾ, ਕ੍ਰਿਕਟ ਦਾ ਸਪੌਟਗੇਟ! PRINT ਈ ਮੇਲ
Thursday, 02 September 2010

ਕ੍ਰਿਕਟ ਦੀ ਖੇਡ ਨੂੰ ਉਸ ਵੇਲੇ ਸਖ਼ਤ ਝਟਕਾ ਲੱਗਾ ਜਦੋਂ ਯੂ.ਕੇ. ਵਿੱਚੋਂ ਉਠਿਆ, ਨਿੱਤ ਦਿਨ ਨਵੇਂ ਆਯਾਮ ਧਾਰਣ ਕਰਨ ਵਾਲਾ, ਮੈਚ ਫ਼ਿਕਸਿੰਗ ਸਕੈਂਡਲ ਜਨਤਕ ਕੀਤਾ ਗਿਆ। ਕ੍ਰਿਕਟ ਤੇ ਸੱਟਾ ਤਕਰੀਬਨ ਤਕਰੀਬਨ ਇੱਕ ਦੂਜੇ ਦੇ ਹਾਣ ਦੇ ਹੀ ਹਨ। ਇਹ ਖੇਡ 18ਵੀਂ ਸਦੀ ਦੇ ਇੰਗਲੈਂਡ ਵਿੱਚ ਪ੍ਰਚੱਲਿਤ ਹੋਈ ਸੀ ਜਦੋਂ ਕੁਝ ਰਈਸਜ਼ਾਦਿਆਂ ਨੇ ਕ੍ਰਿਕਟ ਖੇਡ ਕਲੱਬਾਂ ਨੂੰ ਕੇਵਲ ਇਸ ਲਈ ਸਪੌਂਸਰ ਕਰਨਾ ਸ਼ੁਰੂ ਕੀਤਾ ਤਾਂ ਕਿ ਉਹ ਮੈਚਾਂ 'ਤੇ ਸ਼ਰਤਾਂ ਲਗਾਉਣ ਦਾ ਆਪਣਾ ਭੁੱਸ ਪੂਰਾ ਕਰ ਸਕਣ। ਤੇ ਸ਼ਰਤਾਂ ਦੇ ਨਾਲ ਆਉਂਦੀ ਸੀ 'ਬੇਈਮਾਨੀ'।
1920ਵਿਆਂ ਲਿਚ ਰੌਏ ਕਿਲਨਰ ਨਾਮ ਦਾ ਇੱਕ ਮਸ਼ਹੂਰ ਕ੍ਰਿਕਟਰ ਹੋਇਆ ਹੈ ਜਿਹੜਾ ਯੌਰਕਸ਼ਰ ਦੀ ਟੀਮ ਲਈ 1924-26 ਦੌਰਾਨ ਖੇਡਿਆ ਕਰਦਾ ਸੀ। ਜੇਕਰ ਮਸ਼ਹੂਰ ਅੰਗ੍ਰੇਜ਼ੀ ਲਿਖਾਰੀ ਤੇ ਕ੍ਰਿਕਟ ਵਿਸ਼ਲੇਸ਼ਕ ਨਵੀਲ ਕਾਰਡੁਸ ਦੀ ਮੰਨੀਏ ਤਾਂ ਰੌਏ ਕਿਲਨਰ ਦਾ 'ਰੋਜ਼ਿਜ਼' ਕ੍ਰਿਕਟ ਸੀਰੀਜ਼ ਬਾਰੇ ਕਹਿਣਾ ਸੀ, ''ਅਸੀਂ ਚਾਹੁੰਦੇ ਹਾਂ ਕਿ ਕੋਈ ਅੰਪਾਇਰ ਨਾ ਹੋਣ ਤੇ ਹਰ ਪਾਸਿਓਂ ਬਰਾਬਰ ਦੀ ਬੇਈਮਾਨੀ ਹੋਵੇ।" ਦਰਅਸਲ ਰੋਜ਼ਿਜ਼ ਮੈਚ ਯੌਰਕਸ਼ਰ ਕਾਊਂਟੀ ਕ੍ਰਿਕਟ ਕਲੱਬ ਤੇ ਲੈਂਕੇਸ਼ਰ ਕਾਊਂਟੀ ਕ੍ਰਿਕਟ ਕਲੱਬ ਦਰਮਿਆਨ ਹੋਣ ਵਾਲੇ ਕਿਸੇ ਵੀ ਕ੍ਰਿਕਟ ਮੈਚ ਨੂੰ ਕਿਹਾ ਜਾਂਦਾ ਹੈ। ਯੌਰਕਸ਼ਰ ਦਾ ਚਿੰਨ੍ਹ ਸਫ਼ੈਦ ਗ਼ੁਲਾਬ ਹੈ, ਜਦੋਂ ਕਿ ਲੈਂਕੇਸ਼ਰ ਦਾ ਨਿਸ਼ਾਨ ਲਾਲ ਗ਼ੁਲਾਬ। ਇਨ੍ਹਾਂ ਦੋਹਾਂ ਕਲੱਬਾਂ ਦੀ ਸਾਂਝ 15ਵੀਂ ਸਦੀ ਦੀ 'ਦਾ ਵਾਰ ਔਫ਼ ਰੋਜ਼ਿਜ਼' ਖੇਡ ਲੜੀ ਤੋਂ ਚੱਲਦੀ ਆ ਰਹੀ ਹੈ। ਇਨ੍ਹਾਂ ਮੈਚਾਂ ਦਾ ਲੰਬਾ ਤੇ ਮਾਣਮੱਤਾ ਇਤਿਹਾਸ ਹੈ ਅਤੇ ਇਹ ਰਸਮੀ ਤੌਰ 'ਤੇ ਇੰਗਲਿਸ਼ ਫ਼ਰਸਟ ਕਲਾਸ ਖੇਡਾਂ ਵਿੱਚ ਬਹੁਤ ਸਖ਼ਤ ਮੁਕਾਬਲੇ ਵਾਲੇ ਮੈਚ ਹੁੰਦੇ ਹਨ, ਜਿਨ੍ਹਾਂ ਵਿੱਚ ਕਈ ਨੀਰਸ ਡ੍ਰਾਅ ਇਸ ਲਈ ਦਰਜ ਹੁੰਦੇ ਰਹਿੰਦੇ ਹਨ ਕਿਉਂਕਿ ਦੋਹਾਂ ਵਿੱਚੋਂ ਕੋਈ ਵੀ ਟੀਮ ਹਾਰ ਦੀ ਬਦਨਾਮੀ ਨਹੀਂ ਝੱਲਣਾ ਚਾਹੁੰਦੀ।
ਕ੍ਰਿਕਟ ਦੀ ਖੇਡ ਨੂੰ ਫ਼ਾਇਦਾ ਇਹ ਰਿਹਾ ਹੈ, ਘਟੋਘਟ ਹਾਲ ਹੀ ਤੱਕ, ਕਿ ਪਹਿਲੀ ਨਜ਼ਰੇ ਬੇਈਮਾਨੀ ਕ੍ਰਿਕਟ ਦੇ ਆਪੂੰ ਸਿਰਜੇ ਅਕਸ ਨਾਲ ਮੇਲ ਖਾਂਦੀ ਨਹੀਂ ਲੱਗਦੀ। ਇੰਗਲੈਂਡ ਵਿੱਚ ਸ਼ੁਰੂ ਹੋਈ ਇਸ ਖੇਡ ਵਿੱਚ ਪ੍ਰਾਈਵੇਟ ਸਕੂਲਾਂ ਦੇ ਕੱਦਾਵਰ ਤੇ ਗਠੀਲੇ ਜੁੱਸਿਆਂ ਵਾਲੇ, ਪਹਿਲਵਾਨ ਟਾਈਪ ਦਿਖਣ ਵਾਲੇ ਤੇ ਪੜ੍ਹਾਈ ਵਿੱਚ ਫ਼ਾਡੀ ਰਹਿਣ ਵਾਲੇ ਨੌਜਵਾਨ ਮੁੰਡੇ ਕਪਤਾਨੀਆਂ ਕਰਦੇ, ਬੱਲੇ ਹਵਾ ਵਿੱਚ ਲਹਿਰਾਉਂਦੇ ਮੈਦਾਨਾਂ ਵਿੱਚ ਗਰਜਦੇ ਸਨ ਜਦੋਂ ਕਿ ਸਥਾਨਕ ਕਾਊਂਟੀਆਂ ਤੋਂ ਆਉਣ ਵਾਲੇ 'ਧਰਤੀ ਦੇ ਲਾਲ' ਗੇਂਦਬਾਜ਼ੀ ਕਰਦੇ। ਬਸਤੀਆਂ ਤੋਂ ਮੰਗਵਾਏ ਗਏ ਨਿਮਾਣੇ ਸੇਵਕ ਖੇਡ ਵਿੱਚ 'ਕੋਈ ਪਰਵਾਹ ਨਹੀਂ' ਦਾ ਰਵੱਈਆ ਤੇ ਜੋਸ਼ ਪੈਦਾ ਕਰਨ ਲਈ ਜ਼ਿੰਮੇਵਾਰ ਹੁੰਦੇ ਸਨ। ਇਸ ਰਵੱਈਏ ਵਿੱਚ ਬਹਤਾ ਤਾਂ ਪਾਖੰਡ ਹੀ ਹੁੰਦਾ ਸੀ, ਪਰ ਇਹ ਹਾਲੇ ਵੀ ਕ੍ਰਿਕਟ ਦੀ ਖੇਡ 'ਤੇ ਹਾਵੀ ਹੈ। 1933 ਵਿੱਚ ਵਿੰਚੈਸਟਰ ਓਕਸੌਨੀਅਨ ਤੇ ਡਗਲਸ ਯਾਰਦੀਨ ਨੇ ਬੱਲੇਬਾਜ਼ਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਸ਼ਰੀਰ ਨੂੰ ਨਿਸ਼ਾਨਾ ਬਣਾ ਕੇ ਗੇਂਦ ਸੁੱਟਣ ਦੀ ਪਿਰਤ ਪਾਈ (ਬੌਡੀਲਾਈਨ ਸੀਰੀਜ਼)। ਇਹੀ ਉਹ ਦਹਾਕਾ ਸੀ ਜਦੋਂ ਕ੍ਰਿਕਟ ਵਿੱਚ ਧੱਕੜਸ਼ਾਹੀ ਤੇ ਮੁੰਡਪੁਣੇ ਦਾ ਪ੍ਰਵੇਸ਼ ਹੋਇਆ।
ਅੱਜ ਵੀ ਕ੍ਰਿਕਟ ਵਿੱਚ ਬੇਈਮਾਨੀ ਦਾ ਵੱਖੋ-ਵੱਖਰੇ ਰੂਪਾਂ ਵਿੱਚ ਬੋਲਬਾਲਾ ਹੈ: ਗੇਂਦ ਨਾਲ ਛੇੜਛਾੜ, ਟੌਂਟ, ਸਮਾਂ ਜ਼ਾਇਆ ਤੇ ਅੰਪਾਇਰਾਂ ਦੇ ਫ਼ੈਸਲੇ ਦਾ ਵਿਰੋਧ ਕਰਨ ਦੇ ਸਭਿਆਚਾਰ ਵਿੱਚ ਮੈਚ ਫ਼ਿਕਸਿੰਗ ਤੇ ਸੱਟੇਬਾਜ਼ੀ ਹੱਥ ਵਿੱਚ ਹੱਥ ਪਾ ਕੇ ਚੱਲਦੇ ਹਨ। ਸੋ ਪਾਕਿਸਤਾਨੀ ਗੇਂਦਬਾਜ਼ਾਂ ਵੱਲੋਂ ਮੈਚ ਫ਼ਿਕਸਿੰਗ ਤਹਿਤ ਨੋ ਬਾਲਾਂ ਸੁੱਟੇ ਜਾਣ ਦੀ ਖ਼ਬਰ ਨੂੰ ਉਸ ਦੇ ਬਣਦੇ ਸੰਦਰਭ ਵਿੱਚ ਹੀ ਦੇਖਿਆ ਜਾਣਾ ਚਾਹੀਦੈ। ਕੀ ਕ੍ਰਿਕਟ ਸਦਮੇ ਵਿੱਚ ਹੈ? ਜੀ ਨਹੀਂ, ਕ੍ਰਿਕਟ ਤਾਂ ਹਰਗਿਜ਼ ਨਹੀਂ! ਬਾਦਸ਼ਾਹੋ, ਭੋਲੀਆਂ ਗੱਲਾਂ ਕਿਓਂ ਕਰਦੇ ਜੇ? ਕ੍ਰਿਕਟ ਦਾ ਤਾਂ 'ਬੈਟਿੰਗ' ਦਾ ਇਤਿਹਾਸ ਰਿਹਾ ਹੈ।
ਇਹ ਇੱਕ ਖ਼ੌਫ਼ਨਾਕ ਖ਼ਿਆਲ ਹੈ ਕਿ ਕ੍ਰਿਕਟ ਦੇ ਲੱਖਾਂ-ਕਰੋੜਾਂ ਕੱਟੜ ਸ਼ੌਕੀਨ, ਜਿਹੜੇ ਟਨਾਂ ਦੇ ਟਨ ਘੰਟੇ ਸਸਪੈਂਸ ਵਿੱਚ ਅੱਖਾਂ ਅੱਡੀ ਆਪਣੇ ਕ੍ਰਿਕਟ ਨਾਇਕਾਂ ਨੂੰ ਤੱਕਣ ਵਿੱਚ ਗੁਜ਼ਾਰਦੇ ਸਨ, ਹੁਣ ਜ਼ਰੂਰ ਇਸ ਹਕੀਕਤ ਤੋਂ ਸਦਮੇ ਵਿੱਚ ਹੋਣਗੇ ਕਿ ਉਨ੍ਹਾਂ ਦੇ ਕ੍ਰਿਕਟ ਦੇ ਖ਼ੁਦਾ ਤਾਂ ਚੀਕਣੀ ਮਿੱਟੀ 'ਤੇ ਖੜ੍ਹੇ ਸਨ ਤੇ ਹੁਣ ਉਹ ਸੋਚਦੇ ਹੋਣਗੇ ਕਿ ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਕੋਈ ਥੀਏਟਰ ਹੀ ਦੇਖ ਲੈਂਦੇ। ਹਕੀਕਤ ਤਾਂ ਇਹ ਹੈ ਕਿ 'ਸਪੌਟ ਬੈਟਿੰਗ' ਖੇਡ ਦੀ ਰੂਹ ਹੀ ਖਿੱਚ ਲੈਂਦੀ ਹੈ ਤੇ ਕ੍ਰਿਕਟ ਪ੍ਰੇਮੀਆਂ ਦੇ ਦਿਲ ਤੋੜਨ ਵਾਲੀ ਕਾਰਵਾਈ ਹੈ ਕਿਉਂਕਿ ਬੈਟਿੰਗ ਦੀ ਮੌਜੂਦਗੀ ਵਿੱਚ ਹਰ ਖਿਡਾਰੀ ਦਾ ਹਰ ਐਕਸ਼ਨ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਕ੍ਰਿਕਟ ਦੀ ਖੇਡ, ਬਾਰ ਬਾਰ ਦੁਹਰਾਏ ਜਾਣ ਵਾਲੇ ਐਕਸ਼ਨਾਂ ਦੀ ਇੱਕ ਲੜੀ ਹੈ ਜਿਸ ਵਿੱਚ ਨਿਜੀ ਕਾਰਗੁਜ਼ਾਰੀ ਸਿਰਮੌਰ ਹੋਣ ਦੇ ਬਾਵਜੂਦ ਟੀਮ ਸਪਿਰਿਟ ਦਰਕਾਰ ਹੈ, ਵਿਚਲਾ ਹਰ 'ਸੀਨ' ਹੁਣ ਰੰਗਮੰਚ ਦੇ ਕਿਸੇ ਨਾਟਕੀ ਸੀਨ ਦੀ ਭਾਅ ਮਾਰੇਗਾ। ਕੀ ਗੇਂਦਬਾਜ਼ ਨੇ ਇਹ ਕਿਸੇ ਮਕਸਦ ਤਹਿਤ ਕੀਤਾ? ਕੀ ਫ਼ੀਲਡਰ ਨੇ ਕੈਚ ਜਾਣਬੁਝ ਕੇ ਛੱਡਿਐ ਜਾਂ ਕਿਤੇ ਇਹ ਕੈਚ ਬੱਲੇਬਾਜ਼ ਨੇ ਜਾਣਬੁਝ ਕੇ ਤਾਂ ਨਹੀਂ ਦਿੱਤਾ? ਕੀ ਇਹ 'ਬੇਵਕੂਫ਼ਾਨਾ' ਰਨ ਆਊਟ, ਦਰਅਸਲ, ਆਸਾਨ ਪੈਸਾ ਕਮਾਉਣ ਲਈ ਇੱਕ ਆਯੋਜਿਤ ਕਸਰਤ ਸੀ? ਕੀ ਉਹ ਖ਼ੂਨ ਖ਼ੌਲਾਉਣ ਵਾਲੀਆਂ ਕਾਰਵਾਈਆਂ, ਜੋਸ਼-ਏ-ਜਵਾਨੀ, ਸਬਰ ਦੀ ਘਾਟ ਜਾਂ ਕਾਹਲੀ ਦਾ ਮੁਜ਼ਾਹਰਾ, ਜਿਸ ਦੀ ਦਰਸ਼ਕਾਂ ਵੱਲੋਂ ਖ਼ੂਬ ਵਾਹਵਾ ਤੇ ਖੇਡ ਮਾਹਿਰਾਂ ਵੱਲੋਂ ਚੀਰਫਾੜ ਕੀਤੀ ਜਾਂਦੀ ਸੀ, ਆਦਿ ਸਭ ਸਾਡਾ ਧਿਆਨ ਆਪਣੀ 'ਮੈਚ ਫ਼ਿਕਸਿੰਗ' ਦੀ ਬੇਈਮਾਨੀ ਤੋਂ ਹਟਾ ਕੇ ਦੂਜੇ ਪਾਸੇ ਲਗਾਉਣ ਦੀ ਇੱਕ ਸ਼ਤਰੰਜੀ ਚਾਲ ਸੀ? ਹੁਣ ਕ੍ਰਿਕਟ ਦੇਖਣ ਲਗਿਆਂ ਇਨ੍ਹਾਂ ਖ਼ਿਆਲਾਂ ਤੋਂ ਪਾਸਾ ਵੱਟਣਾ ਜਾਂ ਖੇਡ 'ਤੇ ਛਾਏ ਸ਼ੱਕ ਦੇ ਇਨ੍ਹਾਂ ਬੱਦਲਾਂ ਨੂੰ ਅਣਗੌਲਿਆ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ। ਤੇ ਅਗਲੀ ਚਿੰਤਾ ਜਿਹੜੀ ਜ਼ਹਿਨ ਵਿੱਚ ਉਠਦੀ ਹੈ ਉਹ ਹੈ ਕਿ ਇਹ ਮੁਲਕਾਂ ਦੀਆਂ ਸਰਕਾਰਾਂ ਨਹੀਂ ਜਿਹੜੀਆਂ ਅਜਿਹਾ ਕਰਨ ਦੀ ਆਗਿਆ ਦੇ ਰਹੀਆਂ ਹਨ, ਸਗੋਂ ਕ੍ਰਿਕਟ ਖਿਡਾਰੀ ਤੇ ਸੱਟੇਬਾਜ਼ ਮਿਲ ਕੇ ਅਜਿਹਾ ਕਰ ਰਹੇ  ਹਨ। ਕ੍ਰਿਕਟ ਖਿਡਾਰੀਆਂ ਦੇ ਬੇਸ਼ਰਮੀ ਭਰੇ ਲਾਲਚ ਦੀ ਦਿਲ ਤੋੜਨ ਵਾਲੀ ਮਿਸਾਲ ਉਦੋਂ ਮਿਲਦੀ ਹੈ ਜਦੋਂ ਉਹ ਮਾਣ ਨਾਲ ਪਾਏ ਜਾਣ ਵਾਲੇ ਆਪਣੇ ਮੁਲਕਾਂ ਦੇ 'ਕਲਰਜ਼' (ਰੰਗਾਂ) ਦੀ ਮੈਚ ਫ਼ਿਕਸਿੰਗ ਵਿੱਚ ਬੇਅਦਬੀ ਕਰਦੇ ਹਨ। ਕਾਹਦਾ ਮਾਣ ਰਹਿ ਗਿਆ ਜਦੋਂ ਤੁਹਾਡੇ ਲਈ ਮੁਲਕ ਦਾ 'ਅੰਬੈਸਡਰ' ਜਾਂ ਮੁਲਕ ਦੀ 'ਸ਼ਾਨ' ਹੋਣਾ ਕੋਈ ਮਾਇਨਾ ਹੀ ਨਾ ਰੱਖਦਾ ਹੋਵੇ?
ਹਾਲ ਦੇ ਸਾਲਾਂ ਵਿੱਚ, ਕ੍ਰਿਕਟ ਦੂਸਰੀਆਂ ਖੇਡਾਂ ਵਾਂਗ ਹੀ ਇੱਕ ਪੇਸ਼ੇਵਰਾਨਾ ਖੇਡ ਬਣ ਚੁੱਕੀ ਹੈ। ਟੈਨਿਸ ਤੇ ਸਾਈਕਲਿੰਗ, ਰਗਬੀ ਤੇ ਐਥਲੈਟਿਕਸ, ਫ਼ੁੱਟਬਾਲ ਤੇ ਸ਼ਾਇਦ ਗ਼ੌਲਫ਼ ਆਦਿ ਵਾਂਗ ਕ੍ਰਿਕਟ ਵੀ ਵੱਡੇ ਪੈਸਿਆਂ ਦੀ ਖੇਡ ਹੈ ਜੋ ਵੱਡਾ ਪੈਸਾ (ਜਾਇਜ਼ ਜਾਂ ਨਾਜਾਇਜ਼) ਕਮਾਉਣ ਦੇ ਚਾਹਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਭ੍ਰਿਸ਼ਟਾਚਾਰ ਤੇ, ਜਾਣਬੁਝ ਕੇ, ਹਲਕੇ ਦਰਜੇ ਦੀ ਕਾਰਗੁਜ਼ਾਰੀ ਦੇਣਾ ਇਸ ਖੇਡ ਦੇ ਹਰ ਪਹਿਲੂ ਵਿੱਚ ਵੜ ਚੁੱਕੇ ਹਨ, ਅਜਿਹਾ ਕਹਿਣਾ ਸੀ 2001 ਵਿੱਚ ਲੌਰਡ ਕੌਨਡੋਨ ਦਾ। ਇੱਕ ਦਹਾਕੇ ਬਾਅਦ ਤੱਕ ਵੀ, ਇਹ ਟਿੱਪਣੀ ਇੱਕ ਤਲਖ਼ ਹਕੀਕਤ ਬਣੀ ਹੋਈ ਹੈ। ਜਦੋਂ ਲੌਰਡ ਕੌਨਡੋਨ ਮਈ 2010 ਵਿੱਚ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਦੇ ਭ੍ਰਿਸ਼ਟਾਚਾਰ ਯੁਨਿਟ ਦੇ ਪ੍ਰਧਾਨਗੀ ਅਹੁਦੇ ਤੋਂ ਰਿਟਾਇਰ ਹੋਏ ਤਾਂ ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਬੇਸ਼ੱਕ ਮੈਚ ਫ਼ਿਕਸਿੰਗ ਘਟ ਰਹੀ ਹੈ, ਪਰ ਸਪੌਟ ਫ਼ਿਕਸਿੰਗ - ਖੇਡ ਦੀਆਂ ਛੋਟੀਆਂ ਛੋਟੀਆਂ ਗੱਲਾਂ, ਜਿਵੇਂ ਕਿ ਨੋ-ਬਾਲ, 'ਤੇ ਸ਼ਰਤਾਂ ਲਗਾਉਣ ਦਾ ਚੱਲਣ - ਕ੍ਰਿਕਟ ਲਈ ਇੱਕ ਅਹਿਮ ਖ਼ਤਰਾ ਬਣੀ ਹੋਈ ਹੈ। ਲੌਰਡ ਕੌਨਡੋਨ ਦੇ ਇਸ ਇੰਕਸ਼ਾਫ਼ ਤੋਂ ਬਾਅਦ ਹਾਲੇ ਚਾਰ ਮਹੀਨੇ ਵੀ ਨਹੀਂ ਬੀਤੇ ਕਿ ਇਸੇ ਮੁੱਦੇ ਨੂੰ ਲੈ ਕੇ ਇੱਕ ਨਵਾਂ ਸਕੈਂਡਲ ਸਾਡੇ ਸਾਰਿਆਂ ਸਾਹਮਣੇ ਹੈ।
ਅਤੇ ਇਹ ਸਭ ਸਾਡਾ ਧਿਆਨ ਇੱਕ ਹੋਰ ਚਿੰਤਾ ਵੱਲ ਲੈ ਜਾਂਦਾ ਹੈ... ਗੇਂਦ ਤੇ ਬੱਲੇ ਦੀ ਇਹ ਗੰਦਗੀ ਕਿੰਨੀ ਕੁ ਡੂੰਘੀ ਲੱਥ ਚੁੱਕੀ ਹੈ? ਕੀ ਇਸ ਵਿੱਚ ਹੋਰ ਖਿਡਾਰੀ ਵੀ ਸ਼ਾਮਿਲ ਹਨ, ਕੀ ਇਹ ਸਾਰੀਆਂ ਸੀਮਾਵਾਂ ਉਲੰਘ ਚੁੱਕੀ ਹੈ, ਕੀ ਅਧਿਕਾਰੀ ਵੀ ਇਸ ਵਿੱਚ ਸ਼ਾਮਿਲ ਹਨ, 50 ਓਵਰਾਂ ਤੋਂ ਘਟਾਏ ਗਏ ਮੈਚਾਂ ਜਾਂ ਟਵੰਟੀ-20 ਮੈਚਾਂ, ਜਿੱਥੇ ਖਿਡਾਰੀਆਂ ਕੋਲ ਬੇਧਿਆਨੇ ਤੇ ਜਲਦਬਾਜ਼ ਹੋਣ ਦਾ ਇੱਕ ਤਰ੍ਹਾਂ ਨਾਲ ਲਾਇਸੰਸ ਹੁੰਦੈ, 'ਤੇ ਸਪੌਟ ਫ਼ਿਕਸਿੰਗ ਦਾ ਪ੍ਰਭਾਵ ਕੀ ਪਵੇਗਾ ਤੇ ਕੀ ਅਜਿਹੇ ਮੈਚ  ਬੇਈਮਾਨੀ ਲਈ ਜ਼ਰਖ਼ੇਜ਼ ਜ਼ਮੀਨ ਮੁਹੱਈਆ ਨਹੀਂ ਕਰਾਉਂਦੇ? ਅਜਿਹੇ ਮੈਚਾਂ ਵਿੱਚ ਕਿਸੇ ਕਾਹਲੇ ਸ਼ੌਟ ਜਾਂ ਛੱਡੇ ਹੋਏ ਕੈਚ 'ਤੇ ਬਹੁਤਾ ਸ਼ੱਕ ਨਹੀਂ ਹੁੰਦਾ। ਤੇ ਸਵਾਦ ਕਿਰਕਿਰਾ ਇਸ ਅਹਿਸਾਸ ਤੋਂ ਹੁੰਦੈ ਕਿ ਇਹ ਕ੍ਰਿਕਟਰ ਬਹੁਤ ਵਧੀਆ ਐਕਟਰ ਬਣ ਚੁੱਕੇ ਹਨ। ਕਦੇ ਦੇਖਿਆ ਕਰੋ ਇਨ੍ਹਾਂ ਨੂੰ ਆਊਟ ਹੋਣ ਜਾਂ ਫ਼ੀਲਡਿੰਗ ਵਿੱਚ ਖਿਲਾਰਾ ਪਾਉਣ ਜਾਂ ਸੌਖਾ ਕੈਚ ਛੱਡਣ ਮੌਕੇ ਗੁੱਸਾ ਜਾਂ ਨਿਰਾਸ਼ਾ ਦਿਖਾਉਣ ਦਾ 'ਨਾਟਕ' ਕਰਦਿਆਂ! ਜਦੋਂ ਕਿ ਅਸੀਂ ਪਾਕਿਸਤਾਨੀ ਖਿਡਾਰੀਆਂ ਦੇ ਨਾਟਕ ਦੇ ਨਵੇਂ ਕਾਂਡ ਦੀਆਂ ਗੁੱਥੀਆਂ ਖੁਲ੍ਹਦੀਆਂ ਦੇਖ ਰਹੇ ਹਾਂ, ਇੱਕ ਚੀਜ਼ ਤਾਂ ਨਿਸ਼ਚਿਤ ਹੈ... ਆਈ.ਸੀ.ਸੀ. ਕੋਲ ਬੈਟਿੰਗ ਦੇ ਇਸ ਉਨਮਾਦੀ ਘੋੜੇ ਨੂੰ ਨੱਥ ਪਾਉਣ ਲਈ ਨਾ ਤਾਂ ਲੋੜੀਂਦੇ ਮਾਇਕ ਸ੍ਰੋਤ ਹਨ ਤੇ ਨਾ ਹੀ ਪ੍ਰਬੰਧਕੀ ਅਧਿਕਾਰ... ਇਹ ਘੋੜਾ ਸਰਪਟ ਦੌੜਦਾ ਹੀ ਜਾ ਰਿਹੈ। ਕਿ ਮੋਹੰਮਦ ਆਮਿਰ - ਇੱਕ ਅਨਘੜ ਪ੍ਰਤਿਭਾ - ਇਸ ਹਾਲੀਆ ਦੂਸ਼ਨਬਾਜ਼ੀ ਦੇ ਐਨ ਵਿਚਕਾਰ ਫਸਿਆ ਹੋਇਆ, ਇਹ ਵਾਕਿਆ ਹੀ ਮੰਦਭਾਗੀ ਗੱਲ ਹੈ। ਕ੍ਰਿਕਟ ਨੂੰ ਆਪਣਾ ਘਰ ਛੇਤੀ ਤੋਂ ਛੇਤੀ ਸਵਾਰਨਾ ਪਵੇਗਾ। ਕਿਉਂਕਿ ਕਿਸੇ ਵੀ ਖੇਡ ਦੀ ਸਾਖ਼ ਨੂੰ ਇਸ ਸ਼ੱਕ ਤੋਂ ਵੱਧ ਹੋਰ ਕੀ ਵਿਗਾੜ ਸਕਦੈ ਕਿ ਜੋ ਤੁਸੀਂ ਦੇਖ ਰਹੇ ਹੋ ਉਹ 'ਫ਼ਿਕਸਡ' ਯਾਨੀ ਪਹਿਲਾਂ ਤੋਂ ਹੀ ਤੈਅ ਹੈ।

ਕੰਵਰ ਸੰਦੀਪ ਸਿੰਘ
Email: This e-mail address is being protected from spam bots, you need JavaScript enabled to view it
Cell: 1-416-992-5489

 

 
<< Start < Prev 1 2 3 4 5 6 7 8 9 10 Next > End >>

Results 1 - 11 of 128
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media