tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਪਾਕਿਸਤਾਨ ਡਾਇਰੀ
ਪਾਕਿਸਤਾਨ ਡਾਇਰੀ
ਕਿੱਧਰ ਗਈ ਕਾਨਫਰੰਸ...? PRINT ਈ ਮੇਲ
Thursday, 20 December 2007

ਕਿੱਧਰ ਗਈ ਕਾਨਫਰੰਸ...?
ਪਾਕਿਸਤਾਨ ਡਾਇਰੀਪਾਕਿਸਤਾਨ ਡਾਇਰੀ
ਜ਼ਾਹਿਦਾ ਹਿਨਾ



ਮੈਂ ਅੱਜਕਲ੍ਹ ਲੰਡਨ ਵਿਚ ਹਾਂ। ਸੂਰਜ ਮਹਾਰਾਜ ਅੱਜਕਲ੍ਹ ਇਸ ਸ਼ਹਿਰ 'ਤੇ ਸਵੇਰੇ-ਸ਼ਾਮ ਸੁਨਹਿਰੀ ਧੁੱਪ ਦਾ ਸੋਨਾ ਬਿਖੇਰਦਾ ਹੈ। ਪਰ ਕਿਸੇ ਵਕਤ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੱਦਲ ਆਉਂਦੇ ਹਨ ਅਤੇ ਥੋੜ੍ਹੀ ਦੇਰ ਬਰਸ ਕੇ ਗੁਜ਼ਰ ਜਾਂਦੇ ਹਨ। ਸਾਰੀ ਦੁਨੀਆਂ ਖਾਸ ਤੌਰ 'ਤੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੇ ਜਥੇ ਹੀਥਰੋ ਏਅਰਪੋਰਟ 'ਤੇ ਉਤਰ ਰਹੇ ਹਨ, ਜੋ ਗਰਮੀ ਦੀਆਂ ਛੁੱਟੀਆਂ ਇੰਗਲਿਸਤਾਨ ਵਿਚ ਗੁਜ਼ਾਰਦੇ ਹਨ। ਅੰਗਰੇਜ਼ ਜਦੋਂ ਸਾਡੇ 'ਤੇ ਹਕੂਮਤ ਕਰ ਰਹੇ ਸਨ ਤਾਂ ਉਹ ਗਰਮੀਆਂ ਵਿਚ ਹੁਕਮਰਾਨੀ ਸ਼ਿਮਲਾ ਵਿਚ ਕਰਦੇ ਸਨ। ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਸਾਡੇ ਲੋਕ ਸੈਰ-ਸਪਾਟੇ ਦੇ ਲਈ ਲੰਡਨ ਆਉਂਦੇ ਹਨ। ਵੈਸੇ ਤਾਂ ਆਕਸਫੋਰਡ ਸਟ੍ਰੀਟ, ਬ੍ਰਾਂਡ ਸਟ੍ਰੀਟ, ਰੀਜੈਂਟ ਸਟਰੀਟ, ਹਾਈ ਸਟ੍ਰੀਟ ਕੈਨਿੰਗਟਨ ਅਤੇ ਨਾਈਟਸ ਬ੍ਰਿਜ ਦੀਆਂ ਮਸ਼ਹੂਰ ਦੁਕਾਨਾਂ ਵਿਚ ਤੁਹਾਨੂੰ ਬੇਸ਼ੁਮਾਰ ਏਸ਼ੀਆਈ ਚਿਹਰੇ ਨਜ਼ਰ ਆਉਣਗੇ ਪਰ ਪਿਛਲੇ ਦਿਨੀਂ ਪਾਕਿਸਤਾਨੀ ਸਿਆਸਤ ਦੇ ਮਹੱਤਵਪੂਰਨ ਨਾਂ ਆਕਸਫੋਰਡ ਸਟਰੀਟ ਦੇ ਨਾਲ ਬਣੀ ਹੋਈ ਡਿਊਕ ਸਟ੍ਰੀਟ ਅਤੇ ਆਸ-ਪਾਸ ਦੀਆਂ ਗਲੀਆਂ ਅਤੇ ਸੜਕਾਂ 'ਤੇ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ, ਅਤੇ ਕਿਉਂ ਨਾਂ ਦਿਖਾਈ ਦੇਣ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਲੰਡਨ ਵਿਚ ਮਿਲ-ਬੈਠ ਕੇ ਪਾਕਿਸਤਾਨੀ ਸਿਆਸਤ ਦੇ ਬਾਰੇ ਅਹਿਮ ਫੈਸਲੇ ਕਰਨ ਦੇ ਲਈ ਸੱਦਾ ਦੇ ਕੇ ਬੁਲਾਇਆ ਸੀ। ਸਿਆਸੀ ਜਮਾਤਾਂ ਤੋਂ ਇਲਾਵਾ ਪਾਕਿਸਤਾਨ ਦੇ ਕੁਝ ਰਾਜਨੀਤਿਕ ਵਿਸ਼ਲੇਸ਼ਕ ਵੀ ਬੁਲਾਏ ਗਏ ਸਨ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਪਾਕਿਸਤਾਨ ਦੀ ਇਕਲੌਤੀ ਔਰਤ ਕਾਲਮ-ਨਵੀਸ ਸੀ, ਜਿਸਨੂੰ ਇਸ ਕਾਨਫਰੰਸ ਵਿਚ ਸ਼ਿਰਕਤ ਦਾ ਸੱਦਾ ਦਿੱਤਾ ਗਿਆ ਸੀ।
ਇਹ ਕਾਨਫਰੰਸ ਲੰਡਨ ਵਿਚ ਇਸ ਕਰਕੇ ਬੁਲਾਈ ਗਈ ਸੀ ਕਿ ਪਾਕਿਸਤਾਨ ਦੇ ਦੋ ਸਭ ਤੋਂ ਲੋਕਪ੍ਰਿਆ ਨੇਤਾ ਮੀਆਂ ਨਵਾਜ਼ ਸ਼ਰੀਫ ਅਤੇ ਬੇਨਜ਼ੀਰ ਭੁੱਟੋ ਦੇ ਵਤਨ ਵਾਪਸ ਮੁੜਨ 'ਤੇ ਜਨਰਲ ਪਰਵੇਜ਼ ਮੁਸ਼ੱਰਫ ਨੇ ਪਾਬੰਦੀ ਲਗਾ ਰੱਖੀ ਹੈ ਅਤੇ ਇਹ ਦੋਵੇਂ ਲੰਡਨ ਵਿਚ ਮੌਜੂਦ ਹਨ। 7-8 ਜੁਲਾਈ ਨੂੰ ਹੋਈ ਇਸ ਕਾਨਫਰੰਸ ਦੀ ਪਾਕਿਸਤਾਨ ਵਿਚ ਸਿਆਸੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਿਲਕੁਲ ਇਹਨਾਂ ਹੀ ਦਿਨਾਂ ਵਿਚ ਇਸਲਾਮਾਬਾਦ ਵਿਚ ਲਾਲ ਮਸਜਿਦ ਅਤੇ ਜਾਮੀਆ ਹਫਸਾ ਦੇ ਖਿਲਾਫ 'ਅਪਰੇਸ਼ਨ ਸਾਈਲੈਂਸ' ਕੀਤਾ ਗਿਆ ਤਾਂ ਜੋ ਅਵਾਮ ਦੀ ਤਵੱਜੋਂ ਕਾਂਗਰਸ ਵੱਲੋਂ ਹਟਾਈ ਜਾ ਸਕੇ। ਬੇਨਜ਼ੀਰ ਭੁੱਟੋ ਇਸ ਕਾਨਫਰੰਸ ਵਿਚ ਸ਼ਰੀਕ ਨਹੀਂ ਹੋਈ, ਪਰ ਉਹਨਾਂ ਨੇ ਪੀਪਲਸ਼ ਪਾਰਟੀ ਦਾ ਇਕ ਵੱਡਾ ਡੈਲੀਗੇਸ਼ਨ ਭੇਜਿਆ, ਜਿਸਨੇ 8 ਜੁਲਾਈ ਦੀ ਸ਼ਾਮ ਇਕ ਕਰਾਰ 'ਤੇ ਦਸਤਖ਼ਤ ਕੀਤੇ। ਇਹ ਕਰਾਰ ਪਾਕਿਸਤਾਨ ਵਿਚ ਲੋਕਤੰਤਰ ਦੀ ਬਹਾਲੀ, ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਜਨਰਲ ਪਰਵੇਜ਼ ਮੁਸ਼ੱਰਫ ਦੀ ਵਰਦੀ ਦੇ ਬਾਰੇ ਸੀ।
ਪਰ ਹਾਲੇ ਇਸ ਕਰਾਰ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਪੀਪਲਸ ਪਾਰਟੀ ਨੇ ਇਸ ਕਰਾਰ ਵਿਚੋਂ ਨਿਕਲਣ ਦਾ ਐਲਾਨ ਕਰ ਦਿੱਤਾ। ਤੁਸੀਂ ਲੋਕਾਂ ਨੂੰ ਇਸ ਗੱਲ 'ਤੇ ਹੈਰਾਨੀ ਨਹੀਂ ਹੋਣੀ ਚਾਹੀਦੀ, ਇਸ ਕਰਕੇ ਕਿ ਹਿੰਦੁਸਤਾਨ ਦੀਆਂ ਸਿਆਸੀ ਜਮਾਤਾਂ ਵੀ ਵਾਅਦੇ ਕਰਨ ਅਤੇ ਉਹਨਾਂ ਤੋਂ ਮੁੱਕਰ ਜਾਣ ਵਿਚ ਮਾਹਿਰ ਹਨ। ਵਿਰੋਧੀ ਪਾਰਟੀਆਂ ਨੇ ਫੌਰਨ ਹੀ ਇਕ ਦੂਜਾ ਗੱਠਜੋੜ 'ਆਲ ਪਾਰਟੀਜ਼ ਡੈਮੋਕਰੇਟਿਕ ਮੂਵਮੈਂਟ ਦੇ ਨਾਂ 'ਤੇ ਬਣਾਇਆ। ਮੀਆਂ ਨਵਾਜ਼ ਸ਼ਰੀਫ ਦਾ ਕਹਿਣਾ ਹੈ ਕਿ ਬੇਨਜ਼ੀਰ ਭੁੱਟੋ ਜਦੋਂ ਚਾਹੇ ਇਸ ਐਲਾਇੰਸ ਵਿਚ ਸ਼ਾਮਲ ਹੋ ਜਾਵੇ। ਖ਼ੈਰ, ਸਿਆਸਤ ਦੇ ਮਾਮਲੇ ਸਿਆਸਤ ਵਾਲੇ ਜਾਣਨ ਪਰ ਤੁਹਾਡੀ ਦਿਲਚਸਪੀ ਦੇ ਲਈ ਦੱਸ ਦਿਆਂ ਕਿ ਇਸ ਕਾਨਫਰੰਸ ਵਿਚ ਕ੍ਰਿਕਟ ਦੀ ਦੁਨੀਆਂ ਦੇ ਸਾਬਕਾ ਬਾਦਸ਼ਾਹ ਇਮਰਾਨ ਖਾਨ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।
ਹਿੱਸਾ ਲੈਣ ਇਕ ਕਾਨਫਰੰਸ ਵਿਚ ਦਿੱਲੀ ਤੋਂ ਪ੍ਰੋਫੈਸਰ ਉਮਾ ਚੱਕਰਵਰਤੀ ਵੀ ਆਈ ਸੀ। ਕਾਨਫਰੰਸ ਉਹਨਾਂ ਦੀ ਲੰਡਨ ਤੋਂ ਬਾਹਰ ਸੀ। ਉਹ ਖਤਮ ਹੋਈ, ਤਾਂ ਆਪਣੇ ਭਤੀਜੇ ਸ਼ਿਵਨ ਦੇ ਨਾਲ ਉਹ ਮੈਨੂੰ ਮਿਲਣ ਆਈ। ਅਸੀਂ ਖੂਬ ਗੱਪਾਂ ਮਾਰੀਆਂ ਅਤੇ ਫਿਰ ਤੈਅ ਕੀਤਾ ਕਿ ਤੀਜੇ ਦਿਨ ਤਿੰਨੇ ਆਕਸਫੋਰਡ ਵਿਚ ਮਿਲਾਂਗੇ।
ਤੀਜੇ ਦਿਨ ਵਿਕਟੋਰੀਆ ਕੋਚ ਸਟੇਸ਼ਨ ਤੋਂ ਆਕਸਫੋਰਡ ਦੇ ਲਈ ਰਵਾਨਾ ਹੋਈ। ਖੂਬਸੂਰਤ ਵਾਦੀਆਂ ਦੀ ਹਰਿਆਲੀ ਅੱਖਾਂ ਨੂੰ ਠੰਡਕ ਪਹੁੰਚਾਉਂਦੀ ਰਹੀ ਅਤੇ ਦਿਮਾਗ ਇਹ ਸੋਚਦਾ ਰਿਹਾ ਕਿ ਸੰਨ 1600 ਵਿਚ ਜੋ ਲੋਕ ਹਿੰਦੁਸਤਾਨ ਤਿਜਾਰਤ ਕਰਨ ਗਏ ਸਨ, ਉਹ ਸਾਡੇ ਹੁਕਮਰਾਨ ਕਿਵੇਂ ਬਣ ਬੈਠੇ। ਇਸ ਸਵਾਲ ਦਾ ਜਵਾਬ ਇੱਥੋਂ ਦੀਆਂ ਸਿੱਖਿਆ ਸੰਸਥਾਵਾਂ ਤੋਂ ਮਿਲਦਾ ਹੈ, ਜਿੱਥੇ ਪੰਦਰਵੀਂ ਸਦੀ ਤੋਂ ਆਧੁਨਿਕ ਸਿੱਖਿਆ ਦਾ ਰੁਝਾਨ ਸ਼ੁਰੂ ਹੋ ਗਿਆ ਸੀ। ਚਰਚਾ ਆਧੁਨਿਕ ਤਬਦੀਲੀ ਅਤੇ ਸਾਇੰਟੀਫਿਕ ਸੋਚ ਦਾ ਰਸਤਾ ਰੋਕਦੀ ਸੀ, ਪਰ ਇਕ ਵੱਡਾ ਤਬਕਾ ਆਪਣੇ ਦੁੱਖਾਂ ਦਾ ਹੱਲ ਮਜ਼ਹਬ ਦੀ ਬਜਾਏ ਸਾਇੰਸ, ਰਿਸਰਚ ਅਤੇ ਯਾਤਰਾ ਵਿਚ ਲੱਭਦਾ ਸੀ। ਇਹਨਾਂ ਹੀ ਸਵਾਲਾਂ ਵਿਚ ਉਲਝਦੀ ਹੋਈ ਆਕਸਫੋਰਡ ਪਹੁੰਚੀ। ਫਿਰ ਅਸੀਂ ਉਸ ਸ਼ਹਿਰ ਵਿਚ ਘੁੰਮਦੇ ਰਹੇ, ਜਿਸਦੇ ਬਾਰੇ ਕਿਹਾ ਗਿਆ ਹੈ ਕਿ 'ਉਹ ਹਸੀਨ ਸ਼ਹਿਰ ਜਿਸਦੇ ਕਲਸ ਖੁਆਬ ਦੇਖਦੇ ਹਨ।' ਇੱਥੇ ਇੰਗਲਿਸਤਾਨ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜੋ 1200 ਵਿਚ ਬਣੀ। 1598 ਵਿਚ ਬੋਦਲੀਨ ਲਾਇਬ੍ਰੇਰੀ ਬਣੀ, ਜਿਸ ਵਿਚ 60 ਲੱਖ ਕਿਤਾਬਾਂ ਅਤੇ ਦਸ ਲੱਖ ਨਕਸ਼ੇ ਹਨ। ਮਸ਼ਹੂਰ ਆਲ ਸੋਲਸ ਕਾਲਜ ਵੀ ਇੱਥੇ ਹੀ ਹੈ, ਜੋ 1438 ਵਿਚ ਬਣਾਇਆ ਗਿਆ। ਇੱਥੋਂ ਦੇ ਜ਼ਿਆਦਾਤਰ ਕਾਲਜ ਜਾਂ ਦੂਜੀਆਂ ਸਿੱਖਿਆ ਸੰਸਥਾਵਾਂ ਹਿੰਦੁਸਤਾਨ ਵਿਚ ਈਸਟ ਇੰਡੀਆ ਕੰਪਨੀ ਦੀ ਲੁੱਟਮਾਰ ਤੋਂ ਪਹਿਲਾਂ ਦੇ ਬਣੇ ਹੋਏ ਹਨ। ਉਮਾ ਨੇ ਅਤੇ ਮੈਂ ਇਸ ਗੱਲ 'ਤੇ ਚੈਨ ਦਾ ਸਾਹ ਲਿਆ। ਅਸੀਂ ਦੋਵੇਂ ਕਾਲਜਾਂ ਵਿਚ ਘੁੰਮਦੇ ਰਹੇ ਅਤੇ ਇਸ ਗੱਲ 'ਤੇ ਦੁਖੀ ਹੁੰਦੇ ਰਹੇ ਕਿ ਸਾਡੇ ਬਾਦਸ਼ਾਹਾਂ ਨੇ ਸਾਰੀ ਦੌਲਤ ਐਸ਼ ਕਰਨ ਵਿਚ ਕਿਉਂ ਉਡਾ ਦਿੱਤੀ? ਅਜਿਹੇ ਕਾਲਜ ਅਤੇ ਯੂਨੀਵਰਸਿਟੀਆਂ ਕਿਉਂ ਨਹੀਂ ਬਣਾਈਆਂ, ਜਿੱਥੇ ਸਾਇੰਸ, ਮੈਥ ਅਤੇ ਦੂਜੇ ਵਿਸ਼ੇ ਪੜ੍ਹਾਏ ਜਾਂਦੇ। ਸਾਡੇ ਨੌਜਵਾਨ ਸੋਚਦੇ, ਨਵੇਂ ਰਾਹ ਕੱਢਦੇ ਅਤੇ ਅਸੀਂ ਆਪਣੇ ਉਪ-ਮਹਾਂਦੀਪ ਵਿਚ ਇਕ-ਦੂਜੇ ਦਾ ਗਲਾ ਕੱਟਣ ਦੀ ਬਜਾਏ ਹਿੰਦੁਸਤਾਨ ਨੂੰ ਵਾਕਿਆ ਹੀ 'ਜੰਨਤ-ਨਿਸ਼ਾਨ' ਬਣਾ ਦਿੰਦੇ। ਅਸੀਂ ਤਿੰਨੇ ਕ੍ਰਾਈਸਟਚਰਚ ਕੈਥੇਡ੍ਰਲ ਗਏ। ਉੱਥੇ ਆਕਸਫੋਰਡ ਵਿਚ ਪੜ੍ਹੇ ਹੋਏ ਉਹਨਾਂ ਵਿਦਿਆਰਥੀਆਂ ਦੀ ਯਾਦ ਵਿਚ ਪੱਥਰ ਲੱਗੇ ਹੋਏ ਹਨ, ਜਿਹਨਾਂ ਨੇ ਬ੍ਰਿਟਿਸ਼ ਆਰਮੀ ਵਿਚ ਰਹਿ ਕੇ ਹਿੰਦੁਸਤਾਨ ਵਿਚ ਅੰਗਰੇਜ਼ਾਂ ਵਿਰੁੱਧ ਲੜਾਈਆਂ ਲੜੀਆਂ ਅਤੇ ਜੰਗ ਵਿਚ ਕੰਮ ਆਏ।
ਇਸੇ ਤਰ੍ਹਾਂ ਆਕਸਫੋਰਡ ਤੋਂ ਪੜ੍ਹ ਕੇ ਨਿਕਲਣ ਵਾਲੇ ਉਹਨਾਂ ਬ੍ਰਿਟਿਸ਼ ਅਫਸਰਾਂ ਨੂੰ ਵੀ ਯਾਦ ਕੀਤਾ ਗਿਆ ਹੈ, ਜਿਹਨਾਂ ਨੇ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਅਤੇ ਮਾਰੇ ਗਏ ਸਨ। ਅਸੀਂ ਦੋਵੇਂ ਇਕ-ਦੂਜੇ ਨੂੰ ਇਹੀ ਕਹਿੰਦੇ ਰਹੇ ਕਿ ਇਹਨਾਂ ਲੋਕਾਂ ਵਿਚ ਵੀ ਆਪਸ 'ਚ ਝਗੜੇ ਸਨ, ਪਰ ਇਸਦੇ ਬਾਵਜੂਦ ਇਹਨਾਂ ਨੇ ਮਿਲ-ਜੁਲ ਕੇ ਦੁਨੀਆਂ ਵਿਚ ਇਕ ਅਜਿਹੀ ਬ੍ਰਿਟਿਸ਼ ਅੰਪਾਇਰ ਬਣਾਈ, ਜਿਸ 'ਤੇ 1947 ਤੋਂ ਪਹਿਲਾਂ ਸੂਰਜ ਕਦੀ ਡੁੱਬਦਾ ਨਹੀਂ ਸੀ ਅਤੇ ਹੁਣ ਜਦਕਿ ਇਹ ਸਿਮਟ ਅਤੇ ਸੁੰਗੜ ਕੇ ਸਿਰਫ ਬ੍ਰਿਟੇਨ ਦੇ ਦੀਪਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ, ਤਾਂ ਵੀ ਅਸੀਂ ਪੜ੍ਹਨ-ਸਿੱਖਣ ਅਤੇ ਕੰਮ ਕਰਨ ਇਹਨਾਂ ਦੇ ਹੀ ਕੋਲ ਆਉਂਦੇ ਹਾਂ।
ਇਹ ਕਿਉਂ ਸੰਭਵ ਨਹੀਂ ਕਿ ਅਸੀਂ ਜਿਹਨਾਂ ਦੀਆਂ ਸਰਹੱਦਾਂ ਮਿਲੀਆਂ ਹੋਈਆਂ ਹਨ, ਉਹ ਆਪਣੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਦਰਵਾਜ਼ੇ ਇਕ-ਦੂਜੇ ਦੇ ਵਿਦਿਆਰਥੀਆਂ ਦੇ ਲਈ ਖੋਲ੍ਹ ਦਈਏ, ਤਾਂ ਜੋ ਉਹ ਲੋਕ ਜੋ ਸਾਲਾਨਾ ਅੱਠ-ਦਸ ਲੱਖ ਰੁਪਏ ਫੀਸ ਲੈ ਕੇ ਇੰਗਲਿਸਤਾਨ ਪੜ੍ਹਨ ਜਾਂਦੇ ਹਨ, ਉਹ ਇਕ-ਦੂਜੇ ਦੇ ਮੁਲਕ 'ਚ ਪੜ੍ਹਨ। ਨਾ ਬੋਲੀ ਦਾ ਝਗੜਾ, ਨਾ ਰੀਤੀ-ਰਿਵਾਜਾਂ ਵਿਚ ਫਰਕ। ਰਹਿਣਾ-ਸਹਿਣਾ ਸਾਰਾ ਤਕਰੀਬਨ ਇਕੋ ਜਿਹਾ ਤਾਂ ਫਿਰ ਅਸੀਂ ਲੱਖਾਂ ਰੁਪਏ ਕਿਉਂ ਖਰਚ ਕਰੀਏ ਅਤੇ ਹਜ਼ਾਰਾਂ ਮੀਲ ਦਾ ਸਫਰ ਕਿਉਂ ਕਰੀਏ।
 

ਗ਼ਾਲਿਬ
ਦੀ ਯਾਦ ਵਿਚ
ਪਾਕਿਸਤਾਨ ਡਾਇਰੀ
ਜ਼ਾਹਿਦਾ ਹਿਨਾ


ਤੁਸੀਂ ਸ਼ਿਮਲਾ ਸਮਝੌਤਾ, ਸਮਝੌਤਾ ਐਕਸਪ੍ਰੈਸ ਅਤੇ ਪਤਾ ਨਹੀਂ ਕਿੰਨੇ ਸਮਝੌਤਿਆਂ ਦੇ ਬਾਰੇ ਪੜ੍ਹਿਆ ਹੋਵੇਗਾ ਪਰ ਅੱਜ ਮੈਂ ਤੁਹਾਨੂੰ ਉਸ ਗ਼ਾਲਬ ਸਮਝੌਤੇ ਦੇ ਬਾਰੇ ਦੱਸਣਾ ਚਾਹੁੰਦੀ ਹਾਂ, ਜੋ ਕੁਝ ਹਫਤੇ ਪਹਿਲਾਂ ਰਾਜਾ ਦੇਹਲੂ ਦੀ ਵਸਾਈ ਹੋਈ ਅਤੇ ਮੁਗਲਾਂ ਦੀ ਸਜਾਈ ਹੋਈ ਦਿੱਲੀ ਵਿਚ ਹੋਇਆ ਅਤੇ ਜਿਸਦੀ ਇਕ ਗਵਾਹ ਮੈਂ ਵੀ ਹਾਂ।
ਹੋਇਆ ਕੁਝ ਇਸ ਤਰ੍ਹਾਂ ਕਿ ਮਈ ਦੇ ਆਖਰੀ ਹਫਤੇ ਵਿਚ ਜਦੋਂ ਮੈਂ ਇੰਦ੍ਰਨਾਥਜੀ ਦੀ ਭਾਰਤੀ ਭਾਸ਼ਾ ਪਰਿਸ਼ਦ ਵਿਚ ਸ਼ਿਰਕਤ ਕਰਕੇ ਕੋਲਕਾਤਾ ਤੋਂ ਮੁੜੀ ਤਾਂ ਕੁਝ ਦਿਨਾਂ ਤੱਕ ਦਿੱਲੀ ਠਹਿਰੀ। ਤੁਸੀਂ ਹੀ ਸੋਚੋ ਇਹ ਕਿਵੇਂ ਸੰਭਵ ਹੈ ਕਿ ਦਿੱਲੀ ਵਿਚ ਕੁਝ ਵਕਤ ਗੁਜ਼ਾਰੇ ਬਿਨਾਂ ਕੋਈ ਆਪਣੇ ਸ਼ਹਿਰ ਨੂੰ ਮੁੜ ਜਾਵੇ। ਅਜਿਹੇ ਵਿਚ ਮੇਰੀ ਦੋਸਤ, ਸ਼ਾਇਰ ਅਤੇ ਪੱਤਰਕਾਰ ਨੂਰਜਹਾਂ ਸਰਵਤ ਨੇ ਅੰਜੁਮਨ ਤਰੱਕੀ-ਏ-ਉਰਦੂ (ਹਿੰਦ) ਦੇ ਡਾਕਟਰ ਖਲੀਕ ਅੰਜੁਮ ਦਾ ਪੈਗ਼ਾਮ ਦਿੱਤਾ। ਉਹਨਾਂ ਨੇ ਦੱਸਿਆ ਕਿ 'ਉਰਦੂ ਘਰ' ਵਿਚ ਅੱਜ ਇਕ ਸਮਝੌਤੇ 'ਤੇ ਦਸਤਖ਼ਤ ਹੋ ਰਹੇ ਹਨ ਅਤੇ ਖਲੀਕ ਅੰਜੁਮ ਸਾਹਿਬ ਦੀ ਖੁਹਾਇਸ਼ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰੋ। ਮੈਂ ਜਾਣਨਾ ਚਾਹਿਆ ਕਿ ਇਹ ਕਿਹੋ ਜਿਹਾ ਸਮਝੌਤਾ ਹੈ, ਪਰ ਸਰਵਤ ਮੁਸਕਰਾਉਂਦੀ ਰਹੀ, ਦੱਸਦੀ ਕੁਝ ਨਹੀਂ ਸੀ। ਹਾਂ ਇਹ ਜ਼ਰੂਰ ਕੀਤਾ ਕਿ ਆ ਕੇ ਮੈਨੂੰ 'ਉਰਦੂ ਘਰ' ਲੈ ਗਈ। ਉੱਥੇ ਜਾ ਕੇ ਪਤਾ ਲੱਗਿਆ ਕਿ ਪਾਕਿਸਤਾਨ ਤੋਂ ਮਸ਼ਹੂਰ ਸ਼ਾਇਰ ਸਹਿਰ ਅੰਸਾਰੀ ਅਤੇ 'ਬਜ਼ਮੇ-ਗ਼ਾਲਿਬ ਪਾਕਿਸਤਾਨ' ਦੇ ਤਨਵੀਰ ਕਾਜ਼ਮੀ ਆਏ ਹੋਏ ਹਨ, ਤਾਂ ਜੋ 'ਗ਼ਾਲਿਬ ਇੰਸਟੀਚਿਊਟ ਦਿੱਲੀ' ਅਤੇ 'ਬਜ਼ਮੇ-ਗ਼ਾਲਿਬ' ਸਮਝੌਤੇ 'ਤੇ ਦਸਤਖ਼ਤ ਹੋ ਸਕਣ। ਲਓ ਜੀ ਜਨਾਬ! ਮੁਲਕਾਂ ਤੋਂ ਬਾਅਦ ਹੁਣ ਸਾਹਿਤਕ ਸੰਸਥਾਵਾਂ ਵੀ ਇਹ ਕੰਮ ਕਰਨ ਲੱਗੀਆਂ। ਪਰ ਖੁਸ਼ੀ ਇਸ ਗੱਲ ਦੀ ਹੋਈ ਕਿ ਦੋਵੇਂ ਮੁਲਕਾਂ ਦਰਮਿਆਨ ਸਬੰਧ ਵਧਾਉਣ ਦਾ ਇਕ ਕੰਮ ਹੋ ਰਿਹਾ ਹੈ। 29 ਮਈ ਦੀ ਇਕ ਖੂਬਸੂਰਤ ਸ਼ਾਮ 93 ਸਾਲ ਦੇ ਹਜ਼ਰਤ ਗੁਲਜ਼ਾਰ ਦੇਹਲਵੀ ਦੇ ਆਸ਼ੀਰਵਾਦ ਦੇ ਨਾਲ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਦੋ ਸਾਹਿਤਕ ਸੰਸਥਾਵਾਂ ਦਰਮਿਆਨ 'ਜਸ਼ਨੇ ਗ਼ਾਲਿਬ' ਮਿਲ ਕੇ ਮਨਾਉਣ ਦੇ ਸਮਝੌਤੇ ਦਾ ਐਲਾਨ ਹੋਇਆ। ਇਸ ਮੌਕੇ 'ਤੇ ਉਰਦੂ ਸ਼ਾਇਰੀ ਦੇ ਸਾਹਿਬੇ-ਆਲਮ 'ਮਿਰਜ਼ਾ ਗ਼ਾਲਿਬ' 1857 ਦੀ ਜੰਗੇ ਆਜ਼ਾਦੀ ਅਤੇ ਦਿਲਰੁਬਾ ਸ਼ਹਿਰ ਦਿੱਲੀ ਬਾਰੇ ਕੁਝ ਸ਼ੇਅਰ ਮੈਂ ਵੀ ਕਹੇ ਅਤੇ ਹਜ਼ਰਤ ਗੁਲਜ਼ਾਰ ਦੇਹਲਵੀ ਦੇ ਸ਼ੇਅਰ ਸੁਣੇ, ਜੋ ਹਿੰਦੂ-ਮੁਸਲਿਮ ਏਕਤਾ ਦੀ ਨਿਸ਼ਾਨੀ ਹੈ। ਇਸ ਪ੍ਰੋਗਰਾਮ ਵਿਚ ਦਰਗਾਹ ਹਜ਼ਰਤ ਨਿਜ਼ਾਮੂਦੀਨ ਦੇ ਖ਼ਵਾਜਾ ਹਸਨ ਨਿਜ਼ਾਮੀ ਸਾਨੀ (ਦੂਜੇ) ਅਤੇ ਉਰਦੂ ਅਦਬ ਦੇ ਐਡੀਟਰ ਜਨਾਬ ਅਸਲਮ ਪਰਵੇਜ਼ ਵੀ ਮੌਜੂਦ ਸਨ।
ਇਸ ਸਮਝੌਤੇ ਦੇ ਬਾਰੇ ਹੁਣ ਕਰਾਚੀ ਵਿਚ ਇਕ ਪ੍ਰੈਸ ਕਾਨਫਰੰਸ ਹੋਈ ਹੈ। ਇਸ ਵਿਚ ਸਹਿਰ ਅੰਸਾਰੀ ਅਤੇ ਤਨਵੀਰ ਕਾਜ਼ਮੀ ਨੇ ਇਹ ਐਲਾਨ ਕੀਤਾ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਵਾਰੀ-ਵਾਰੀ ਹਰ ਸਾਲ ਜਸ਼ਨੇ ਗ਼ਾਲਿਬ ਮਨਾਇਆ ਜਾਵੇਗਾ। ਪਹਿਲਾ ਜਸ਼ਨ 2-3-4 ਅਗਸਤ ਨੂੰ ਕਰਾਚੀ ਵਿਚ ਮਨਾਇਆ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਗ਼ਾਲਿਬ 'ਤੇ ਲਿਖੀ ਉੱਚ ਪੱਧਰ ਦੀ ਖੋਜ ਕਿਤਾਬ ਨੂੰ 'ਗ਼ਾਲਿਬ ਐਵਾਰਡ' ਦਿੱਤਾ ਜਾਵੇਗਾ। ਜਸ਼ਨੇ-ਗ਼ਾਲਿਬ ਜਦੋਂ ਪਾਕਿਸਤਾਨ ਵਿਚ ਮਨਾਇਆ ਜਾਵੇਗਾ ਤਾਂ ਇਹ ਐਵਾਰਡ ਹਿੰਦੁਸਤਾਨੀ ਸਕਾਲਰ ਨੂੰ ਅਤੇ ਜਸ਼ਨ ਹਿੰਦੁਸਤਾਨ ਵਿਚ ਹੋਵੇਗਾ, ਤਾਂ ਐਵਾਰਡ ਪਾਕਿਸਤਾਨੀ ਸਕਾਲਰ ਨੂੰ ਮਿਲੇਗਾ।
ਇਸ ਕਾਨਫਰੰਸ ਵਿਚ ਇਹ ਵੀ ਦੱਸਿਆ ਗਿਆ ਕਿ ਪਹਿਲਾਂ 'ਜਸ਼ਨੇ ਗਾਲਿਬ' ਦਾ ਆਗਾਜ਼ ਹਿੰਦੁਸਤਾਨ ਦੇ ਮਸ਼ਹੂਰ ਗ਼ਜ਼ਲ ਗਾਇਕ ਜਗਜੀਤ ਸਿੰਘ ਗ਼ਾਲਿਬ ਦੀਆਂ ਗ਼ਜ਼ਲਾਂ ਨਾਲ ਕਰਨਗੇ। ਇਹ ਜਸ਼ਨ ਉਸ ਵਕਤ ਕਾਨਫਰੰਸ ਦਾ ਰੂਪ ਅਖ਼ਤਿਆਰ ਕਰੇਗਾ, ਜਦੋਂ ਸਕੂਲ ਅਤੇ ਕਾਲਜ ਦੇ ਲੜਕੇ-ਲੜਕੀਆਂ ਗਾਲਿਬ ਦੀ ਜ਼ਿੰਦਗੀ, ਜ਼ਮਾਨੇ ਅਤੇ ਉਹਨਾਂ ਦੇ ਫਨ 'ਤੇ ਵਾਦ-ਵਿਵਾਦ ਮੁਕਾਬਲੇ ਵਿਚ ਹਿੱਸਾ ਲੈਣਗੇ। ਤੀਜੇ ਦਿਨ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਰਿਸਰਚ ਸਕਾਲਰ ਗ਼ਾਲਿਬ ਦੀ ਸ਼ਾਇਰੀ ਦੇ ਨਵੇਂ ਪਹਿਲੂਆਂ 'ਤੇ ਗੱਲ ਕਰਨਗੇ। ਇਸ ਸਾਲ 1857 ਦੀ ਜੰਗੇ ਆਜ਼ਾਦੀ ਦਾ 150ਵਾਂ ਜਸ਼ਨ ਮਨਾਇਆ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਗ਼ਾਲਿਬ ਅਤੇ ਜੰਗੇ ਆਜ਼ਾਦੀ ਦੇ ਹਵਾਲੇ ਨਾਲ ਹੀ ਗੱਲ ਹੋਵੇਗੀ।
ਗ਼ਾਲਿਬ ਅੰਬ ਦੇ ਆਸ਼ਕ ਸਨ। ਉਹਨਾਂ ਦਾ ਕਹਿਣਾ ਸੀ ਕਿ ਅੰਬ ਮਿੱਠੇ ਹੋਣ ਅਤੇ ਬਹੁਤ ਹੋਣ। ਗ਼ਾਲਿਬ ਦੀ ਇਸ ਖੁਹਾਇਸ਼ ਨੂੰ ਪੂਰਾ ਕਰਨ ਦੇ ਲਈ ਜਸ਼ਨ ਦੀ ਆਖਰੀ ਸ਼ਾਮ ਇਕ ਵੱਡੀ ਅੰਬ ਪਾਰਟੀ ਹੋਵੇਗੀ, ਜਿਸ ਵਿਚ ਪਾਕਿਸਤਾਨ ਦੇ ਹਰ ਇਲਾਕੇ ਤੋਂ ਸੈਂਕੜੇ ਮਣ ਬਿਹਤਰ ਅੰਬ ਮੰਗਾਏ ਜਾਣਗੇ ਅਤੇ ਇਸ ਜਸ਼ਨ ਵਿਚ ਸ਼ਿਰਕਤ ਕਰਨ ਵਾਲੇ ਬਿਹਤਰੀਨ ਪਾਕਿਸਤਾਨੀ ਅੰਬਾਂ ਦਾ ਆਨੰਦ ਲੈਣਗੇ।
ਇਸ ਜਸ਼ਨ ਵਿਚ ਹਿੰਦੁਸਤਾਨੀ, ਪਾਕਿਸਤਾਨੀ ਅਤੇ ਦੁਨੀਆ ਭਰ ਦੇ ਉਹ ਲੋਕ ਹਿੱਸਾ ਲੈਣਗੇ ਜੋ ਗ਼ਾਲਿਬ ਦੇ ਫਨ ਅਤੇ ਜ਼ਮਾਨੇ 'ਤੇ ਅਥਾਰਟੀ ਸਮਝੇ ਜਾਂਦੇ ਹਨ। ਗ਼ਾਲਿਬ ਉਰਦੂ ਤਹਿਜ਼ੀਬ ਅਤੇ ਸ਼ਾਇਰੀ ਦੇ ਸਿਰ ਦੇ ਤਾਜ ਹਨ। ਉਹਨਾਂ ਨੇ ਫਾਰਸੀ ਅਤੇ ਉਰਦੂ ਵਿਚ ਸ਼ੇਅਰ ਕਹੇ, ਕਸੀਦੇ ਲਿਖੇ ਅਤੇ ਉਹਨਾਂ ਦੇ ਖ਼ਤ, ਜਿਹਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਉਹ ਹਿੰਦੂ-ਮੁਸਲਿਮ ਏਕਤਾ ਦਾ ਨਮੂਨਾ ਹਨ। ਇਸ ਕਰਕੇ ਕਿ ਇਹ ਖ਼ਤ ਉਹਨਾਂ ਨੇ ਹਿੰਦੂ ਅਤੇ ਮੁਸਲਿਮ ਦੋਸਤਾਂ ਅਤੇ ਸ਼ਾਗਿਰਦਾਂ ਨੂੰ ਲਿਖੇ ਹਨ। ਉਹਨਾਂ ਨੂੰ ਪੜ੍ਹੋ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਲਫਜ਼ਾਂ ਦਾ ਇਕ ਮੁਹੱਬਤ ਭਰਿਆ ਚਸ਼ਮਾ ਹੈ, ਜੋ ਗ਼ਾਲਿਬ ਦੀ ਕਲਮ ਤੋਂ ਉੱਬਲ ਰਿਹਾ ਹੈ। ਅਤੇ ਲੋਕਾਂ ਦੀ ਪਿਆਸ ਬੁਝਾ ਰਿਹਾ ਹੈ।
ਪਿਆਸ ਯਾਤਰੀਆਂ ਦੀ ਹਸਨ ਅਬਦਾਲ ਵਿਚ ਉਬਲਣ ਵਾਲੇ ਚਸ਼ਮੇ ਵੀ ਬੁਝਾਉਂਦੇ ਹਨ, ਜਦੋਂ ਉਹ ਵਿਸਾਖੀ ਮੇਲੇ ਵਿਚ ਹਿੱਸਾ ਲੈਣ ਦੇ ਲਈ ਗੁਰਦੁਆਰਾ ਪੰਜਾ ਸਾਹਿਬ ਪਹੁੰਚਦੇ ਹਨ। ਵਿਸਾਖੀ ਦਾ ਮੇਲਾ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਹਰ ਸਾਲ ਹਿੰਦੁਸਤਾਨ ਤੋਂ ਇਲਾਵਾ ਦੁਨੀਆ ਭਰ ਦੇ ਸਿੱਖ 'ਪੰਜਾ ਸਾਹਿਬ' ਵੱਲ ਖਿੱਚੇ ਚਲੇ ਆਉਂਦੇ ਹਨ। ਉਸਦੇ ਅੰਦਰ ਜਾਣ ਦੇ ਲਈ ਟੂਰਿਸਟ ਬੇਚੈਨ ਹੁੰਦੇ ਹਨ, ਪਰ ਗੁਰਦੁਆਰੇ ਦੇ ਉੱਚੇ ਅਤੇ ਕਿਲ੍ਹੇ ਵਰਗੇ ਫਾਟਕ ਦੇ ਅੰਦਰ ਉਹੀ ਕਦਮ ਰੱਖ ਸਕਦਾ ਹੈ, ਜੋ ਉੱਥੇ ਇਬਾਦਤ ਦੇ ਲਈ ਜਾਵੇ। ਸ਼ਾਇਦ ਇਹੀ ਕਾਰਨ ਹੈ ਕਿ 'ਪੰਜਾ ਸਾਹਿਬ' ਦਾ ਭੇਦ-ਭਰਿਆ ਮਾਹੌਲ ਅੱਜ ਤੱਕ ਕਾਇਮ ਹੈ। ਕਹਿੰਦੇ ਹਨ ਕਿ ਬਾਬਾ ਗੁਰੂ ਨਾਨਕ ਦੇਵ ਜੀ 'ਤੇ ਨੇੜੇ ਦੀ ਪਹਾੜੀ ਤੋਂ ਇਕ ਵੱਡਾ ਪੱਥਰ ਸੁੱਟਿਆ ਗਿਆ ਸੀ, ਜਿਸਨੂੰ ਉਹਨਾਂ ਨੇ ਆਪਣੇ ਹੱਥ 'ਤੇ ਰੋਕ ਲਿਆ ਸੀ। ਉਸ ਪੱਥਰ 'ਤੇ ਬਾਬਾ ਜੀ ਦੇ ਹੱਥਾਂ ਦੇ ਨਿਸ਼ਾਨ ਹਨ, ਜਿਸਦੇ ਦਰਸ਼ਨ ਕਰਨ ਲਈ ਬੜੇ ਸ਼ਰਧਾਲੂ ਜਾਂਦੇ ਹਨ। ਇਸ ਕਰਕੇ ਇਸ ਗੁਰਦੁਆਰੇ ਦਾ ਨਾਂ ਪੰਜਾ ਸਾਹਿਬ ਹੈ। ਇੱਥੇ ਹਸਨ ਅਬਦਾਲ ਦੇ ਚਸ਼ਮਿਆਂ ਤੋਂ ਆਉਣ ਵਾਲੇ ਸਾਫ-ਸੁਥਰੇ ਪਾਣੀ ਨਾਲ ਯਾਤਰੀ ਆਪਣੀ ਪਿਆਸ ਬੁਝਾਉਂਦੇ ਹਨ ਅਤੇ ਉਸ ਵਿਚ ਨਹਾ ਕੇ ਪਵਿੱਤਰ ਹੁੰਦੇ ਹਨ।
ਇਸ ਗੁਰਦੁਆਰੇ ਦੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਇਕ ਜਨਰਲ ਨੇ ਬਣਵਾਈ ਸੀ ਅਤੇ ਬਾਅਦ ਵਿਚ ਸਿੱਖ ਸ਼ਰਧਾਲੂ ਇਸ ਵਿਚ ਵਾਧਾ ਕਰਦੇ ਰਹੇ। ਇਕ ਸ਼ਾਨਦਾਰ ਗੁੰਬਦ ਦੇ ਹੇਠਾਂ ਸਿੱਖਾਂ ਦੀ ਪਵਿੱਤਰ ਹਸਤੀ ਹਮੇਸ਼ਾ ਦੀ ਨੀਂਦ ਸੁੱਤੀ ਹੈ। ਇਸ ਗੁੰਬਦ ਦੇ ਅੰਦਰ ਸ਼ੀਸ਼ੇ ਦਾ ਕੰਮ ਹੋਇਆ ਹੈ। ਸ਼ੀਸ਼ੇ ਦੇ ਇਹ ਟੁਕੜੇ ਰੌਸ਼ਨੀ ਵਿਚ ਇਸ ਤਰ੍ਹਾਂ ਝਿਲਮਿਲਾਉਂਦੇ ਹਨ ਕਿ ਉਹਨਾਂ 'ਤੇ ਅੱਖ ਨਹੀਂ ਠਹਿਰਦੀ। ਪਾਕਿਸਤਾਨੀ ਹਕੂਮਤ ਵੱਲੋਂ ਸਾਲ ਭਰ ਪੰਜਾ ਸਾਹਿਬ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਇਹ ਕੰਮ ਸਿੱਖਾਂ ਤੋਂ ਵੀ ਲਿਆ ਜਾਂਦਾ ਹੈ। ਜਿਹਨਾਂ ਦਿਨਾਂ ਵਿਚ ਵਿਸਾਖੀ ਦਾ ਮੇਲਾ ਲੱਗਦਾ ਹੈ, ਤਾਂ ਪੰਜਾ ਸਾਹਿਬ ਦਾ ਸੰਨਾਟਾ ਘੱਟ ਜਾਂਦਾ ਹੈ। ਇਸ ਪਾਸਿਉਂ ਯਾਤਰੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਜੋ ਪਾਠ ਕਰ ਰਹੇ ਹੁੰਦੇ ਹਨ। ਹਰ ਪਾਸੇ ਤੋਂ ਯਾਤਰੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਜੋ ਪਾਠ ਕਰਦੇ ਹਨ। ਔਰਤਾਂ ਦੇ ਰੰਗੀਨ ਲਿਬਾਸਾਂ ਦੀ ਰੌਸ਼ਨੀ ਹਰ ਪਾਸੇ ਫੈਲੀ ਹੁੰਦੀ ਹੈ। ਆਵਾਜ਼ਾਂ ਅਤੇ ਰੰਗਾਂ ਦਾ ਇਹ ਮੇਲਾ ਤਿੰਨ ਦਿਨ ਬਾਅਦ ਜਦੋਂ ਖਤਮ ਹੁੰਦਾ ਹੈ ਤਾਂ ਇਕ ਵਾਰ ਫਿਰ ਸੰਨਾਟਾ ਛਾ ਜਾਂਦਾ ਹੈ। ਫੁੱਲਾਂ ਦੀ ਖੁਸ਼ਬੂ, ਵਹਿੰਦੇ ਚਸ਼ਮਿਆਂ ਦੇ ਗੀਤ ਅਤੇ ਗੁਰਦੁਆਰੇ ਉਤੋਂ ਉਡਦੇ ਪੰਛੀਆਂ ਦੇ ਪਰਾਂ ਦੀ ਫੜਫੜਾਹਟ ਸਾਨੂੰ ਇਕ ਅਜਿਹੀ ਦੁਨੀਆ ਵਿਚ ਲੈ ਜਾਂਦੀ ਹੈ, ਜਿੱਥੇ ਸੁਖ-ਚੈਨ ਹੈ ਅਤੇ ਜਿੱਥੇ ਆਉਣ ਵਾਲੇ ਯਾਤਰੀਆਂ ਦੀਆਂ ਦੁਆਵਾਂ ਪੰਜਾ ਸਾਹਿਬ ਦੀਆਂ ਦੀਵਾਰਾਂ ਨਾਲ ਲਿਪਟੀਆਂ ਰਹਿੰਦੀਆਂ ਹਨ।
 

.. ਨਾ ਕੋਈ
ਸਰ ਉਠਾ ਕੇ ਚਲੇ

ਇਹ ਹੁਣ ਪੁਰਾਣੀ ਗੱਲ ਹੋਈ ਕਿ ਸਾਡੇ ਚੀਫ ਜਸਟਿਸ ਇਫਤਿਖਾਰਾ ਮੁਹੰਮਦ ਚੌਧਰੀ 9 ਮਾਰਚ ਨੂੰ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਹਕੂਮਤ ਨੇ ਉਹਨਾਂ ਦੇ ਖਿਲਾਫ ਇਕ ਰੈਫਰੈਂਸ ਦਾਇਰ ਕਰ ਦਿੱਤੀ ਸੀ। ਇਸ ਘਟਨਾ ਨੇ ਪਾਕਿਸਤਾਨ ਵਿਚ ਵਕੀਲਾਂ ਦੀ ਬਰਾਦਰੀ, ਸਿਆਸੀ ਜਮਾਤਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਅਵਾਮ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੇ ਸਮਰੱਥਨ ਵਿਚ ਹਜ਼ਾਰਾਂ-ਲੱਖਾਂ ਦੇ ਜਲੂਸ ਨਿਕਲਣ ਲੱਗੇ। ਉਹ ਸਿੰਧ ਬਾਰ ਐਸੋਸੀਏਸ਼ਨ ਦੀ ਦਾਅਵਤ 'ਤੇ ਕਰਾਚੀ ਪਹੁੰਚੇ ਤਾਂ ਉਹਨਾਂ ਦੇ ਜਲੂਸ ਨੂੰ ਰੋਕਣ ਦੇ ਲਈ ਸ਼ਹਿਰ ਨੂੰ ਖੂਨ ਵਿਚ ਨੁਹਾ ਦਿੱਤਾ ਗਿਆ। ਇਕ ਪ੍ਰਾਈਵੇਟ ਟੀ. ਵੀ. ਚੈਨਲ ਨੂੰ ਸੱਚ ਦਿਖਾਉਣ ਦੀ ਸਜ਼ਾ ਵਿਚ ਹਥਿਆਰਬੰਦ ਲੋਕਾਂ ਨੇ ਛੇ ਘੰਟਿਆਂ ਤੱਕ ਘੇਰੀਂ ਰੱਖਿਆ। ਉਸਦੀ ਇਮਾਰਤ 'ਤੇ ਗੋਲੀਆਂ ਬਰਸਾਈਆਂ ਜਾਂਦੀਆਂ ਰਹੀਆਂ ਅਤੇ ਉਸਦੇ ਪਾਰਕਿੰਗ ਏਰੀਆ ਵਿਚ ਖੜ੍ਹੀਆਂ ਦਰਜਨਾਂ ਮੋਟਰ-ਸਾਈਕਲਾਂ ਅਤੇ ਗੱਡੀਆਂ ਸਾੜ ਦਿੱਤੀਆਂ ਗਈਆਂ।
ਇਸ ਤੋਂ ਬਾਅਦ ਹਕੂਮਤ ਟੀ. ਵੀ. ਚੈਨਲਾਂ ਤੋਂ ਇੰਨੀ ਨਾਰਾਜ਼ ਹੋਈ ਕਿ ਉਸਨੇ ਨਵੇਂ ਅਧਿਆਦੇਸ਼ ਜਾਰੀ ਕੀਤੇ, ਜਿਸ ਤੋਂ ਚੀਫ ਜਸਟਿਸ ਦੇ ਜਲੂਸਾਂ ਦੀ ਲਾਈਵ ਕਵਰੇਜ ਬੰਦ ਕਰ ਦਿੱਤੀ ਗਈ ਅਤੇ ਲਾਈਵ ਸਿਆਸੀ ਬਹਿ-ਮੁਬਾਹਿਸੇ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਹਕੂਮਤ ਦਾ ਕਹਿਣਾ ਹੈ ਕਿ ਉਸਦੇ ਜ਼ਮਾਨੇ ਵਿਚ ਮੀਡੀਆ 'ਆਜ਼ਾਦ' ਹੈ। ਉਸਨੇ ਮੀਡੀਆ ਨੂੰ 'ਤਾਜ਼ਾ-ਤਰੀਨ ਆਜ਼ਾਦੀ' ਇਹ ਦਿੱਤੀ ਹੈ ਕਿ ਕਰਾਚੀ ਦਾ ਐਫ. ਐਮ. 103 ਰੇਡੀਓ, ਜੋ ਹਰ ਘੰਟੇ ਬੀ. ਬੀ. ਸੀ. ਦੀਆਂ ਖਬਰਾਂ ਅਤੇ ਉਸਦੇ ਦੂਜੇ ਪ੍ਰੋਗਰਾਮਾਂ ਨੂੰ ਨਸ਼ਰ ਕਰਨਾ ਫੌਰਨ ਬੰਦ ਕਰ ਦੇਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਫ. ਐਮ. 103 ਨੇ ਇਸ ਹੁਕਮ 'ਤੇ ਫੌਰਨ ਅਮਲ ਨਾ ਕੀਤਾ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਨੂੰਨੀ ਕਾਰਵਾਈ ਤਾਂ ਐਫ. ਐਮ. 103 ਦੇ ਖਿਲਾਫ ਫੌਰਨ ਹੋ ਜਾਵੇਗੀ ਪਰ ਸਹਾਇਤਾ ਕਾਰਵਾਈ ਬਲੋਚਿਸਤਾਨ ਦੇ ਉਹਨਾਂ ਲੱਖਾਂ ਲੋਕਾਂ ਦੇ ਲਈ ਨਹੀਂ ਹੋ ਸਕੀ ਹੈ, ਜਿਹਨਾਂ ਨੂੰ ਤੂਫਾਨੀ ਬਾਰਿਸ਼ ਅਤੇ ਸੈਲਾਬ ਨੇ ਖੁੱਲ੍ਹੇ ਆਸਮਾਨ ਦੇ ਹੇਠਾਂ ਬਿਠਾ ਦਿੱਤਾ ਹੈ। ਇਸ ਵਕਤ ਲਗਭਗ ਤਿੰਨ ਲੱਖ ਲੋਕ ਸੈਲਾਬ ਨਾਲ ਘਿਰੇ ਹੋਏ ਹਨ ਅਤੇ ਉਹਨਾਂ ਨੂੰ ਖਾਣਾ-ਪੀਣਾ ਅਤੇ ਜ਼ਰੂਰੀ ਦਵਾਈਆਂ ਨਹੀਂ ਮਿਲ ਸਕੀਆਂ ਹਨ। ਇਹਨਾਂ ਵਿਚੋਂ ਬਹੁਤ ਸਾਰੇ ਲੋਕ ਘਰਾਂ ਦੀਆਂ ਛੱਤਾਂ 'ਤੇ ਬੈਠੇ ਹਨ ਅਤੇ ਇਸ ਡਰ ਕਾਰਨ ਘਬਰਾ ਰਹੇ ਹਨ ਕਿ ਸੈਲਾਬੀ ਰੇਲਾ ਕਦੋਂ ਉਹਨਾਂ ਦੇ ਕੱਚੇ-ਪੱਕੇ ਘਰਾਂ ਨੂੰ ਪਾਣੀ ਵਿਚ ਪਤਾਸ਼ੇ ਵਾਂਗ ਘੋਲ ਦਿੰਦਾ ਹੈ। ਬਹੁਤ ਸਾਰੇ ਪਿੰਡ ਨਕਸ਼ੇ ਤੋਂ ਗਾਇਬ ਹੋ ਰਹੇ ਹਨ ਅਤੇ ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਤਬਾਹੀ ਇੰਨੀ ਜ਼ਿਆਦਾ ਹੋਈ ਹੈ ਕਿ ਗੈਰ-ਮੁਲਕੀ (ਵਿਦੇਸ਼ੀ) ਸਹਾਇਤਾ ਦੀ ਜ਼ਰੂਰਤ ਪਵੇਗੀ।
ਜ਼ਰੂਰਤ ਇਸਦੀ ਵੀ ਹੈ ਕਿ ਉਹਨਾਂ ਔਰਤਾਂ ਦੇ ਨਾਂ ਸਾਹਮਣੇ ਲਿਆਵੇ, ਜੋ ਏਡਜ਼ ਵਰਗੀ ਖੌਫਨਾਕ ਬਿਮਾਰੀ ਚੁੱਪ-ਚਾਪ ਸਹਿ ਰਹੀਆਂ ਹਨ ਅਤੇ ਖਤਮ ਹੋ ਜਾਂਦੀਆਂ ਹਨ। ਦੋਵੇਂ ਮੁਲਕਾਂ ਦੀ ਇਹ ਉਹ ਦਿਹਾਤੀ, ਅਨਪੜ੍ਹ ਅਤੇ ਸਾਦਾ ਔਰਤਾਂ ਹਨ, ਜਿਹਨਾਂ ਨੂੰ ਜ਼ਿੰਦਗੀ ਦੇ ਜ਼ੁਲਮੋ-ਸਿਤਮ ਦੇ ਬਾਰੇ ਕੁਝ ਨਹੀਂ ਪਤਾ। ਉਹਨਾਂ ਦੇ ਪਤੀ ਪੈਸੇ ਕਮਾਉਣ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ। ਉੱਥੇ ਕਈ ਸਾਲ ਇਕੱਲੇ ਰਹਿੰਦੇ ਹਨ ਅਤੇ ਇਸ ਇਕੱਲ ਨੂੰ ਦੂਰ ਕਰਦੇ ਹੋਏ ਨਾ ਸਿਰਫ ਖੁਦ ਏਡਜ਼ ਵਿਚ ਜਕੜ ਜਾਂਦੇ ਹਨ, ਬਲਕਿ ਵਾਪਸ ਆਉਂਦੇ ਹਨ ਤਾਂ ਇਸ ਭਿਆਨਕ ਬਿਮਾਰੀ ਦਾ ਤੋਹਫਾ ਆਪਣੀਆਂ ਪਤਨੀਆਂ ਨੂੰ ਦੇ ਕੇ ਚਲੇ ਜਾਂਦੇ ਹਨ। ਬਹੁਤ ਸਾਰੇ ਅਜਿਹੇ ਹਨ, ਜਿਹਨਾਂ ਦੇ ਬੱਚੇ ਵੀ ਪੈਦਾਇਸ਼ ਤੋਂ ਹੀ ਐਚ. ਆਈ. ਵੀ. ਪਾਜ਼ੇਟਿਵ ਹੁੰਦੇ ਹਨ।
ਇਸ ਬਾਰੇ ਇਕ ਪਾਕਿਸਤਾਨੀ ਲੜਕੀ ਸਮਰ ਮਨਾਲ ਨੇ ਡਾਕੂਮੈਂਟਰੀ ਫਿਲਮ 'ਦਾ ਸਿਲਵਰ ਲਾਈਨਿੰਗ' ਬਣਾਈ ਹੈ। ਇਹ ਵਜ਼ੀਰ ਖਿਆਲ, ਉਸਦੀ ਪਤਨੀ ਅਤੇ ਬੱਚੀ ਦੀ ਕਹਾਣੀ ਹੈ। ਵਜ਼ੀਰ ਦੀ ਇਹ ਸੱਚੀ ਕਹਾਣੀ ਪਾਕਿਸਤਾਨ, ਹਿੰਦੁਸਤਾਨ ਅਤੇ ਬੰਗਲਾਦੇਸ਼ ਦੇ ਉਹਨਾਂ ਬਹੁਤ ਸਾਰੇ ਲੋਕਾਂ ਦੀ ਹੈ, ਜਿਹਨਾਂ ਨੂੰ ਇਹਨਾਂ ਭਿਆਨਕ ਬਿਮਾਰੀਆਂ ਦੇ ਬਾਰੇ ਕੁਝ ਨਹੀਂ ਪਤਾ ਹੈ। ਉਹ ਆਪਣੀ ਇਸ ਬਿਮਾਰੀ ਨੂੰ ਲੁਕੋਂਦੇ ਹਨ। ਉਹਨਾਂ ਦੀ ਸ਼ਰਮ, ਖਾਮੋਸ਼ੀ ਅਤੇ ਜਹਾਲਤ ਦੀ ਅਸਲ ਕੀਮਤ ਉਹਨਾਂ ਦੀਆਂ ਪਤਨੀਆਂ, ਬੱਚੇ ਅਦਾ ਕਰਦੇ ਹਨ।
ਏਡਜ਼ ਇਕ ਠੀਕ ਹੋ ਜਾਣ ਵਾਲੀ ਮਰਜ਼ ਹੈ, ਬਸ਼ਰਤੇ ਕਿ ਉਸਦਾ ਸਹੀ ਇਲਾਜ ਸਮੇਂ 'ਤੇ ਕਰਵਾ ਲਿਆ ਜਾਵੇ। ਇਸ ਡਾਕੂਮੈਂਟਰੀ ਵਿਚ ਵਜ਼ੀਰ ਖਿਆਲ ਇਹ ਕਹਿੰਦਾ ਸੁਣਾਈ ਦਿੰਦਾ ਹੈ ਕਿ ਆਪਣੀ ਜਹਾਲਤ ਦੇ ਕਾਰਨ ਮੈਂ ਆਪਣੀ ਪਤਨੀ ਅਤੇ ਬੇਟੀ ਦੋਵਾਂ ਨੂੰ ਗੁਆ ਦਿੱਤਾ। ਇਹਨਾਂ ਦਿਨਾਂ ਵਿਚ ਲੋਕ 'ਜੇਹਾਦ' ਦੀਆਂ ਗੱਲਾਂ ਕਰਦੇ ਹਨ। ਇਨਸਾਨਾਂ ਦੀ ਜਾਨ ਲੈਣਾ ਨਹੀਂ, ਉਹਨਾਂ ਦੀ ਜਾਨ ਬਚਾਉਣਾ ਅਸਲ ਜੇਹਾਦ ਹੈ। ਮੈਂ ਇਸ ਫਿਲਮ ਦੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਮੇਰੇ ਵਾਂਗ ਗਲਤੀ ਨਾ ਕਰੇ, ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ। ਸਮਰ ਦੀ ਇਹ ਫਿਲਮ ਕੁਆਲਾਲੰਪੁਰ, ਮਲੇਸ਼ੀਆ ਵਿਚ ਏਸ਼ੀਆ ਮੀਡੀਆ ਸਮਿਟ ਦੇ ਮੌਕੇ 'ਤੇ ਦਿਖਾਈ ਗਈ ਅਤੇ ਉਸਨੂੰ ਬਹੁਤ ਪਸੰਦ ਕੀਤਾ ਗਿਆ।
ਸਮਰ ਪਸ਼ਤੂਨੀ ਹਨ ਅਤੇ ਉਹ ਕਬਾਇਲੀ ਸਮਾਜ ਦੇ ਉਹਨਾਂ ਰਸਮੋ-ਰਿਵਾਜ਼ਾਂ ਦੇ ਸਖਤ ਖਿਲਾਫ ਹਨ, ਜਿਹਨਾਂ ਨੇ ਔਰਤਾਂ ਦੀ ਜ਼ਿੰਦਗੀ ਨਰਕ ਬਣਾ ਰੱਖੀ ਹੈ। ਉਹਨਾਂ ਨੇ ਪਠਾਣਾਂ ਦੇ ਰਿਵਾਜ਼ 'ਸਵਾਰਾ' 'ਤੇ ਵੀ 'ਸਵਾਰਾ-ਏ ਬ੍ਰਿਜ ਓਵਰ ਟ੍ਰਬਲਜ਼ ਵਾਟਰਸ' ਨਾਂ ਦੀ ਫਿਲਮ ਬਣਾਈ ਹੈ।
ਇਹ ਉਸ ਰਿਵਾਜ਼ ਦੇ ਖਿਲਾਫ ਆਵਾਜ਼ ਹੈ, ਜਿਸ ਵਿਚ ਬਾਪ, ਭਰਾ ਜਾਂ ਚਾਚਾ ਦੂਜੇ ਖਾਨਦਾਨ ਜਾਂ ਕਬੀਲੇ ਦੇ ਕਿਸੇ ਸ਼ਖਸ ਨੂੰ ਕਤਲ ਕਰ ਦੇਣ ਤਾਂ ਉਸਨੂੰ ਮੁਆਫ ਕਰਾਉਣ ਦੇ ਲਈ ਕਾਤਲ ਦੇ ਘਰ ਦੀ ਬੇਟੀ, ਭੈਣ ਜਾਂ ਭਤੀਜੀ ਮਕਤੂਲ ਦੇ ਕਿਸੇ ਕਰੀਬੀ ਰਿਸ਼ਤੇਦਾਰ ਨਾਲ ਵਿਆਹ ਦਿੱਤੀ ਜਾਂਦੀ ਹੈ। ਵੈਸੇ ਉਹ ਬੇਗੁਨਾਹ ਲੜਕੀ ਉਮਰ ਭਰ ਦੁਸ਼ਮਣ ਘਰਾਣੇ ਵਿਚ ਰਹਿੰਦੀ ਹੈ ਅਤੇ ਇਕ ਅਜਿਹੇ ਜੁਰਮ ਦੀ ਕੀਮਤ ਅਦਾ ਕਰਦੀ ਹੈ ਜੋ ਉਸਨੇ ਨਹੀਂ ਕੀਤਾ ਹੁੰਦਾ।
ਸੂਬਾ ਸਰਹੱਦ ਵਿਚ 'ਸਵਾਰਾ' ਆਮ ਰਿਵਾਜ਼ ਹੈ। ਸਮਰ ਪਠਾਣ ਲੜਕੀਆਂ ਦੇ ਨਾਲ ਹੋਣ ਵਾਲੇ ਇਸ ਜ਼ੁਲਮ ਦੇ ਖਿਲਾਫ ਲੜਨ ਅਤੇ ਇਸ ਰਿਵਾਜ਼ ਨੂੰ ਖਤਮ ਕਰਾਉਣ ਦੀ ਕੋਸ਼ਿਸ਼ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਕਹਿੰਦੀ ਹੈ। ਅਜਿਹੀਆਂ ਬੁਰਾਈਆਂ ਦੇ ਖਿਲਾਫ ਡਾਕੂਮੈਂਟਰੀ ਫਿਲਮਾਂ ਇਕ ਤਾਕਤਵਰ ਅਤੇ ਪ੍ਰਭਾਵੀ ਵਿਰੋਧ ਹੈ। ਇਸ ਫਿਲਮ ਨੂੰ ਵਾਸ਼ਿੰਗਟਨ ਵਿਚ 'ਪ੍ਰਦਿਤਾ ਹਿਊਸਟਨ ਐਕਟੀਵਿਸਟ ਫਾਰ ਹਿਊਮਨ ਰਾਈਟਸ ਐਵਾਰਡ 2007' ਦਿੱਤਾ ਗਿਆ ਹੈ। ਇਸ ਫਿਲਮ ਦੇ ਸਬ-ਟਾਈਟਲ ਅੰਗਰੇਜ਼ੀ ਵਿਚ ਹਨ, ਜਦਕਿ ਅਸਲ ਫਿਲਮ ਪਸ਼ਤੋ ਭਾਸ਼ਾ ਵਿਚ ਹੈ।
ਪਸ਼ਤੋ ਬੋਲਣ ਵਾਲਾ ਇਕ ਮਸ਼ਹੂਰ ਅਤੇ ਮਹਾਨ ਖਾਨਦਾਨ ਇਸ ਵਕਤ ਯਾਦ ਆਇਆ, ਜਿਸਦਾ ਹਿੰਦੁਸਤਾਨ ਨਾਲ ਡੂੰਘਾ ਸਬੰਧ ਰਿਹਾ। ਮੇਰੀ ਮੁਰਾਦ ਅਬਦੁਲ ਗਫ਼ਾਰ ਖਾਨ ਅਤੇ 'ਸਰਹੱਦੀ ਗਾਂਧੀ' ਕਹਾਉਂਦੇ ਸਨ, ਤੋਂ ਹੈ। ਉਹ ਮਹਾਤਮਾ ਗਾਂਧੀ ਦੇ ਕਰੀਬੀ ਸਾਥੀ ਅਤੇ ਖੁਦਾਈ ਖਿਦਮਤਗਾਰ ਅੰਦੋਲਨ ਦੇ ਸੰਸਥਾਪਕ ਸਨ। ਉਹਨਾਂ ਨੇ ਪਸ਼ਤੂਨ ਸਮਾਜ ਵਿਚੋਂ ਗਲਤ ਰਸਮੋ-ਰਿਵਾਜ਼ ਖਤਮ ਕਰਨ ਦੇ ਲਈ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਪਠਾਣਾਂ ਦੀ ਇਕ ਵੱਡੀ ਸੰਖਿਆ ਨੂੰ ਆਪਣਾ ਸਮਰੱਥਕ ਬਣਾਇਆ। ਅਫਸੋਸ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਦੀ ਤਕਰੀਬਨ ਸਾਰੀ ਜ਼ਿੰਦਗੀ ਜੇਲ੍ਹ ਵਿਚ ਜਾਂ ਵਤਨ ਤੋਂ ਦੂਰ ਲੰਘੀ।
ਬਾਚਾ ਖਾਨ ਅਤੇ ਉਹਨਾਂ ਦੇ ਬੇਟੇ ਵਲੀ ਖਾਨ ਨੂੰ ਜੇਕਰ ਸਿਆਸਤ ਕਰਨ ਦਿੱਤੀ ਜਾਂਦੀ ਤਾਂ ਯਕੀਨਨ ਉਹ 'ਸਵਾਰਾ' ਅਤੇ ਦੂਜੀਆਂ ਖਰਾਬ ਰਸਮਾਂ ਖਤਮ ਕਰਨ ਵਿਚ ਕਾਮਯਾਬ ਹੋ ਜਾਂਦੇ। ਬਾਚਾ ਖਾਨ ਦੇ ਇਕ ਬੇਟੇ ਗਨੀ ਖਾਨ ਪਸ਼ਤੋ ਦੇ ਮਸ਼ਹੂਰ ਸ਼ਾਇਰ ਅਤੇ ਆਰਟਿਸਟ ਸਨ। ਉਹਨਾਂ ਨੇ ਜਵਾਨੀ ਦੇ ਸ਼ੁਰੂ ਦੇ ਸਾਲ ਮਹਾਤਮਾ ਗਾਂਧੀ ਅਤੇ ਪੰਡਤ ਨਹਿਰੂ ਦੇ ਨਾਲ 'ਬਿਰਲਾ ਹਾਊਸ' ਵਿਚ ਲੰਘੇ। 'ਬਿਰਲਾ ਹਾਊਸ' ਵਿਚ ਰਹਿਣ ਵਾਲੇ ਹਰ ਸ਼ਖਸ ਨੂੰ ਸੁਣਦੇ ਹਨ ਕਿ ਇਕ ਵਾਰ ਟਾਇਲਟ ਦੀ ਸਫਾਈ ਕਰਨੀ ਪੈਂਦੀ ਸੀ। ਜਦੋਂ ਗਨੀ ਖਾਨ ਨੂੰ ਇਹ ਗੱਲ ਕਹੀ ਗਈ, ਤਾਂ ਉਹ ਬਹੁਤ ਨਰਾਜ਼ ਹੋਏ ਅਤੇ ਉਹਨਾਂ ਨੇ ਕਿਹਾ ਕਿ ਮੈਂ ਪਠਾਣ ਦਾ ਬੇਟਾ ਹਾਂ, ਕਿਸੇ ਭੰਗੀ ਦੀ ਔਲਾਦ ਨਹੀਂ ਕਿ ਟਾਇਲਟ ਸਾਫ ਕਰਾਂ।
ਗਾਂਧੀ ਜੀ ਨੂੰ ਗਨੀ ਖਾਨ ਨੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗਨੀ ਨੂੰ ਕੁਝ ਨਾ ਕਹੋ। ਉਸਦੀ ਥਾਂ ਟਾਇਲਟ ਮੈਂ ਸਾਫ ਕਰ ਦਿਆਂਗਾ। ਗਨੀ ਖਾਨ ਇਹ ਸੁਣ ਕੇ ਬਹੁਤ ਸ਼ਰਮਿੰਦਾ ਹੋਏ। ਹੁਣ ਨਾ ਮਹਾਤਮਾ ਗਾਂਧੀ ਵਰਗੇ ਮਹਾਨ ਲੋਕ ਹਨ ਅਤੇ ਨਾ ਗਨੀ ਖਾਨ ਵਰਗੇ ਆਪਣੀ ਗਲਤੀ ਤਸਲੀਮ ਕਰਨ ਵਾਲੇ।

 
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media