tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਗੋਰਖ ਦਾ ਟਿੱਲਾ
ਗੋਰਖ ਦਾ ਟਿੱਲਾ PRINT ਈ ਮੇਲ
Wednesday, 16 January 2008

ਸ਼ਿਵਚਰਨ ਜੱਗੀ 'ਕੁੱਸਾ' ਦਾ ਨਾਵਲ ''ਗੋਰਖ ਦਾ ਟਿੱਲਾ" ਲੜੀਵਾਰ ਅਜੀਤ ਵੀਕਲੀ ਵਿੱਚ ਕੁਝ ਸਾਲ ਪਹਿਲਾਂ ਛਪ ਚੁੱਕਾ ਹੈ। ਪਾਠਕਾਂ ਦੀ ਪੁਰਜ਼ੋਰ ਅਪੀਲ 'ਤੇ ਅਸੀਂ ਇਸ ਨੂੰ ਅਜੀਤ ਵੀਕਲੀ ਦੀ ਵੈੱਬਸਾਈਟ 'ਤੇ ਪਾ ਰਹੇ ਹਾਂ। ਜਿਨ੍ਹਾਂ ਨੇ ਨਹੀਂ ਪੜ੍ਹਿਆ ਜਾਂ ਜਿਨ੍ਹਾਂ ਦੀ ਕੋਈ ਕਿਸ਼ਤ ਕਿਸੇ ਵਜ੍ਹਾ ਨਾਲ ਰਹਿ ਗਈ ਹੋਵੇ, ਉਹ ਇਸ ਨੂੰ ਪੜ੍ਹ ਸਕਦੇ ਹਨ।
ਸੰਪਾਦਕ

ਗੋਰਖ ਦਾ ਟਿੱਲਾ
(ਨਾਵਲ)

ਸ਼ਿਵਚਰਨ ਜੱਗੀ ਕੁੱਸਾ
ਸ਼ਿਵਚਰਨ ਜੱਗੀ ਕੁੱਸਾ


ਕਾਂਡ ਪਹਿਲਾ

 ਜਦ ਪ੍ਰੀਤ ਆਸਟਰੀਆ ਪੁੱਜਿਆ ਤਾਂ ਇਹ ਦੁਨੀਆਂ ਉਸ ਲਈ ਬਿਲਕੁਲ ਹੀ ਨਵੀਂ ਸੀ। ਅਜਨਬੀ ਮਾਹੌਲ! ਪਰ ਛੋਟੇ ਵੱਡੇ ਲਹਿ-ਲਹਾਉਂਦੇ ਪਹਾੜਾਂ ਨੇ ਉਸ ਦਾ ਮਨ ਮੋਹ ਲਿਆ ਸੀ। ਬੱਦਲਾਂ ਅਤੇ ਅਸਮਾਨ ਨਾਲ ਇੱਕ-ਮਿੱਕ ਹੋਈਆਂ ਪਹਾੜੀਆਂ ਉਸ ਨੂੰ ਕਾਦਰ ਦੀ ਕੁਦਰਤ ਦੇ ਵੱਧ ਨਜ਼ਦੀਕ ਜਾਪਦੀਆਂ।
 ਪ੍ਰੀਤ ਨੂੰ ਉਸ ਦੇ ਦੂਰੋਂ ਲੱਗਦੇ ਮਾਮੇਂ ਅਤੇ ਮਾਮੀਂ ਨੇ ਰਾਹਦਾਰੀ ਭੇਜ ਕੇ ਮੰਗਵਾਇਆ ਸੀ। ਮਾਮਾ ਦਿਲ ਦਾ ਰਲਾਉਟਾ, ਲਹਿਰੀ ਬੰਦਾ ਸੀ। ਪਰ ਮਾਮੀਂ ਮੋਢਿਆਂ ਉਤੋਂ ਦੀ ਥੁੱਕਣ ਵਾਲੀ ਪੂਰੀ ਚਤਰ ਔਰਤ! ਉਹ ਅੱਖਾਂ ਨਾਲ ਮਿਰਚਾਂ ਭੋਰਨ ਵਾਲੀ ਅਤੇ ਅੰਬਰ ਨੂੰ ਟਾਕੀ ਲਾਉਣ ਵਾਲੀ ਤੀਵੀਂ ਸੀ। ਪੜ੍ਹੀ ਲਿਖੀ ਤਾਂ ਉਹ ਐਸੀ ਵੈਸੀ ਹੀ ਸੀ। ਪਰ
ਯੂਰਪ ਦਾ ਪਾਣੀ ਉਸ ਨੂੰ ਘਿਉ ਵਾਂਗੂੰ ਲੱਗਿਆ ਸੀ। ਆਸਟਰੀਆ ਦੇ 'ਪਾਹ' ਨੇ ਉਸ ਨੂੰ ਅਨੋਖੇ ਤੱਲਖ-ਤਰੀਕਿਆਂ ਨਾਲ ਦਸਤ-ਪੰਜਾ ਲੈਣਾ ਸਿਖਾ ਦਿੱਤਾ ਸੀ।
 ਉਹ ਮਾੜੀ-ਮਾੜੀ ਗੱਲ ਤੋਂ ਪੱਟਾਂ 'ਤੇ ਥਾਪੀਆਂ ਮਾਰਨ ਲੱਗ ਜਾਂਦੀ, ਖੁਰਗੋ ਪੱਟਦੀ! ਪਰ ਮਾਮਾ ਪੜ੍ਹਿਆ ਲਿਖਿਆ ਅਤੇ ਸਮਝਦਾਰ ਹੋਣ ਕਰਕੇ ਸਾਰਾ ਕੁਝ ਅੱਖੋਂ-ਪਰੋਖੇ ਕਰ ਛੱਡਦਾ।
 ਜਦ ਮਾਮਾ ਡਿਊਟੀ 'ਤੇ ਚਲਿਆ ਜਾਂਦਾ ਤਾਂ ਮਾਮੀਂ, ਪ੍ਰੀਤ ਨੂੰ ਆਪਣੀ ਭੈਣ ਲਾਡੀ ਦੀਆਂ ਫ਼ੋਟੋਆਂ ਕੱਢ ਕੇ ਦਿਖਾਉਂਦੀ। ਪ੍ਰੀਤ ਫ਼ੋਟੋ ਦੇਖਦਾ ਤਾਂ ਉਹ ਪ੍ਰੀਤ ਦੇ ਚਿਹਰੇ ਦਾ ਪ੍ਰਤੀਕਰਮ ਘੋਖਦੀ। ਉਸ ਦਾ ਦਿਲ ਪੜ੍ਹਨ ਦਾ ਯਤਨ ਕਰਦੀ। ਪਰ ਪ੍ਰੀਤ ਦਾ ਦਿਲ ਤਾਂ ਕਿਸੇ 'ਹੋਰ ਰੂਹ' ਵਿਚ ਜੜਿਆ ਹੋਇਆ ਸੀ! ਉਹ ਓਪਰੀ ਜਿਹੀ ਨਜ਼ਰ ਨਾਲ ਮਾਮੀਂ ਦੀ ਭੈਣ ਲਾਡੀ ਦੀ ਫ਼ੋਟੋ ਦੇਖਦਾ ਤਾਂ ਮਾਮੀਂ ਬੜੇ ਰੋਹਬ ਨਾਲ ਆਖਦੀ:
 -''ਬੀ.ਏ. 'ਚ ਪੜ੍ਹਦੀ ਐ---!''
 ਪ੍ਰੀਤ ਮੁਸਕਰਾ ਪੈਂਦਾ।
 -''ਨੱਕ 'ਤੇ ਮੱਖੀ ਨਹੀਂ ਬੈਠਣ ਦਿੰਦੀ - ਬਾਹਲੀ ਨਖਰੇ ਆਲੀ ਐ-ਕਾਲਜ 'ਚ ਕਿਸੇ ਮੁੰਡੇ ਨੂੰ ਖੰਘਣ ਨਹੀਂ ਦਿੰਦੀ!''  ਉਹ ਹੋਰ ਸਿਫ਼ਤ ਕਰਦੀ।
 -''ਪਿੰਡੇ ਤੋਂ ਮੱਖੀ ਤਿਲ੍ਹਕਦੀ ਐ ਕੁੜੀ ਦੇ-ਬੇਬੇ ਨੇ ਦੁੱਧ ਮੱਖਣਾਂ ਨਾਲ ਪਾਲੀ ਐ-।''
 -''-----।'' ਪ੍ਰੀਤ ਚੁੱਪ ਚਾਪ ਸੁਣੀਂ ਜਾਂਦਾ। ਮਾਮੀਂ ਸਿਫ਼ਤਾਂ ਕਰਦੀ, ਜਿਵੇਂ ਮੰਡੀ 'ਤੇ ਦਲਾਲ ਖਰੀਦਦਾਰਾਂ ਕੋਲ ਸਿੰਗ ਚੋਪੜਿਆਂ ਵਾਲੀ ਬੁੱਢੀ ਮੱਝ ਦੀਆਂ ਕਰਦੈ। ਰੰਗਲੇ ਧਲ੍ਹਿਆਰੇ ਪਾ ਕੇ!
 -''ਪੜ੍ਹਨ ਨੂੰ ਵੀ ਬਹੁਤ ਸ਼ਿਆਰ੍ਹ ਐ--!'' ਉਹ ਹੋਰ ਪੜੁੱਲ ਸੁੱਟਦੀ।
 -''ਵਾਹ---!'' ਆਖ ਕੇ ਪ੍ਰੀਤ ਫ਼ੋਟੋ ਵਾਪਿਸ ਕਰ ਦਿੰਦਾ। ਉਸ ਨੂੰ ਲਾਡੀ ਮੁੰਨੀ ਭੇਡ ਵਰਗੀ ਲੱਗਦੀ। ਫ਼ੋਕੀਆਂ ਸਿਫ਼ਤਾਂ ਨੂੰ ਉਹ ਸੁਣ ਨਹੀਂ ਸਕਦਾ ਸੀ। ਲਾਡੀ ਦੀਆਂ ਅੱਖਾਂ ਚੁੱਚੀਆਂ, ਹੜਬਾਂ ਅੰਦਰ ਨੂੰ ਵੜੀਆਂ ਹੋਈਆਂ। ਚਾਰ ਕੁ ਵਿਰਲੇ ਜਿਹੇ ਵਾਲਾਂ ਦੀ ਗੁੱਤ, ਸੁੱਕੀਆਂ ਜਿਹੀਆਂ ਛਾਤੀਆਂ 'ਤੇ ਸੁੱਟੀ ਹੋਈ। ਉਸ ਨੂੰ ਲਾਡੀ ਦੀ ਫ਼ੋਟੋ ਤੋਂ ਕਿਸੇ ਵੇਲਾ ਵਿਹਾ ਚੁੱਕੀ ਵੇਸਵਾ ਜਾਂ ਖੁਸਰੇ ਦਾ ਭੁਲੇਖਾ ਪੈਂਦਾ। ਉਸ ਦੀ ਪਟੜੇ ਵਰਗੀ ਛਾਤੀ ਤੋਂ

 
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media