ਮੁੱਖ ਪੰਨਾ
| ਅੱਗ ਦਾ ਸ਼ਤੀਰ |
|
|
| Sunday, 07 June 2009 | |
|
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਾਲ 1997-98 ਦੇ ਸਰਵੋਤਮ ਪੁਰਸਕਾਰ ਨਾਲ ਸਨਮਾਨਤ ਨਾਵਲ ਲੇਖਕ : ਲੱਖ ਕਰਨਾਲਵੀ ਇਕ ਕੈਪਟਨ ਨਰੇਸ਼ ਕੁਮਾਰ ਦੇ ਹੋਂਠ ਹਮੇਸ਼ਾ ਹਸੂੰ-ਹਸੂੰ ਕਰਦੇ ਰਹਿੰਦੇ। ਇਕ ਦਿਨ ਅਛੋਪਲੇ ਜਿਹੇ ਹੀ ਉਸ ਦੀਆਂ ਅੱਖਾਂ ਵਿਚ ਅੰਤਾਂ ਦੀ ਉਦਾਸੀ ਉਤਰ ਆਈ ਸੀ। ਬੁਲ੍ਹ ਪਥਰਾਏ ਗਏ ਸਨ, ਚਿਹਰੇ 'ਤੇ ਮੁਸਕਰਾਹਟ ਦਾ ਨਾਂ-ਨਿਸ਼ਾਨ ਵੀ ਨਹੀਂ ਸੀ ਰਿਹਾ। ਉਸਦੇ ਚਿਹਰੇ ਤੋਂ ਮੁਸਕਰਾਹਟ ਨੇ ਉਦੋਂ ਹੀ ਮੂੰਹ ਪਰਤਾਇਆ ਜਦ ਉਹ ਮੇਜਰ ਰਹਿਮਾਨ ਅਤੇ ਚਾਰ ਹਥਿਆਰਬੰਦ ਜਵਾਨਾਂ ਦੇ ਪਹਿਰੇ ਅਧੀਨ ਤੇਜਪੁਰ ਦੇ ਫੌਜੀ ਹਸਪਤਾਲ ਵਿਚ ਪਹੁੰਚਿਆ ਸੀ। ਹਸਪਤਾਲ ਦੀ ਆਫੀਸਰਜ਼ ਵਾਰਡ ਦੇ ਕਮਰਿਆਂ ਦੀ ਪਾਲ ਦੇ ਨਾਲ ਲਗਦੇ ਵਰਾਂਡੇ ਦੀ ਛੱਤ ਥੱਲੇ ਨਿੱਕੀਆਂ-ਨਿੱਕੀਆਂ ਪਲਾਂਘਾਂ ਭਰਦਾ ਨਰੇਸ਼ ਸੋਚ ਰਿਹਾ ਸੀ ਕਿ ''ਜ਼ਿੰਦਗੀ...ਇਕ...ਖਾਲੀ...ਸੁਪਨਾ ਹੈ।'' ਉਸ ਦੀ ਪਲਟਨ ਦੇ ਕਮਾਂਡਿੰਗ ਆਫਿਸਰ ਕਰਨਲ ਭੀਮ ਸਿੰਘ ਨੇ ਮੇਜਰ ਰਹਿਮਾਨ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਹ ਕੈਪਟਨ ਨਰੇਸ਼ ਨੂੰ ਇਸ ਹਸਪਤਾਲ ਵਿਚ ਦਾਖਲ ਕਰਵਾ ਕੇ ਵਾਪਸ ਪਲਟਨ ਪਰਤ ਆਵੇ। ਮੇਜਰ ਰਹਿਮਾਨ ਨੂੰ ਦੇਰ ਲੱਗੀ ਤਾਂ ਜ਼ਰੂਰ ਪਰ ਬਹੁਤੀ ਨਹੀਂ। ਉਸਨੇ ਹਸਪਤਾਲ ਦੇ ਮੁੱਖ ਦਫ਼ਤਰ ਵਿਚ ਪਹੁੰਚ ਕੇ ਨਰੇਸ਼ ਨੂੰ ਉਥੇ ਦਾਖਲ ਕਰਵਾਉਣ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ। ਕਰਨਲ ਭੀਮ ਸਿੰਘ ਵੱਲੋਂ ਦਿੱਤੇ ਗਏ ਕਾਗਜ਼ ਪੱਤਰ ਹਸਪਤਾਲ ਦੇ ਮੁਲਾਜ਼ਮਾਂ ਨੁੂੰ ਸੌਂਪ ਦਿੱਤੇ। ਇਨ੍ਹਾਂ ਕਾਗਜ਼ਾਂ ਵਿਚ ਹੀ ਕਰਨਲ ਭੀਮ ਸਿੰਘ ਵੱਲੋਂ ਭਰਿਆ ਫਾਰਮ ਏ. ਐਫ. ਐਮ. ਐਸ.-10 (AFMS-10 : ARMED FORCES MEDICAL SERVICE-10) ਸੀ। ਇਸ ਥੋੜ੍ਹ-ਚਿਰੀ ਮਾਮੂਲੀ ਜਿਹੀ ਕਾਰਵਾਈ ਦੇ ਬਾਅਦ ਕੈਪਟਨ ਨਰੇਸ਼ ਕੁਮਾਰ ਆਫੀਸਰਜ਼ ਵਾਰਡ ਦੇ ਇਕ ਕਮਰੇ ਵਿਚ ਸੀ। ਕਮਰੇ ਵਿਚ ਸਟੀਲ ਫਰੇਮ ਦੀ ਸਟੀਲ ਪੱਤਰੇ ਨਾਲ ਉਣੀ ਹੋਈ ਇਕ ਮੰਜੀ ਸੀ। ਸਾਫ-ਸੁਥਰਾ ਬਿਸਤਰਾ ਸੀ। ਸਿਰਹਾਣੇ ਵੱਲ ਇਕ ਪਾਸੇ ਛੋਟਾ ਜਿਹਾ ਟੇਬਲ ਤੇ ਦੂਜੇ ਪਾਸੇ ਦਰਮਿਆਨੇ ਜਿਹੇ ਕੱਦ ਦੀ ਪਰ ਸਾਫ ਸੁਥਰੀ ਦੁੱਧ ਚਿੱਟੇ ਰੰਗ ਦੀ ਸਟੀਲ ਅਲਮਾਰੀ ਟਿਕੀ ਹੋਈ ਸੀ। ਕਮਰੇ ਦੀ ਇਕ ਨੁੱਕਰੇ ਲੱਕੜ ਦੀ ਵੱਡੀ ਸਾਰੀ ਅਲਮਾਰੀ ਵੀ ਸੀ। ਫਰਸ਼ 'ਤੇ ਵਿਛੇ ਹੋਏ ਕਢਵੇਂ ਗਲੀਚੇ ਉੱਤੇ ਇਕ ਸੋਫਾ ਸੈਟ ਸੀ। ਵਿਚਕਾਰਲੇ ਟੇਬਲ ਉਤੇ ਇਕ ਫੁੱਲਦਾਨ ਨਕਲੀ ਫੁੱਲਾਂ ਦੇ ਗੁਲਦਸਤੇ ਨੂੰ ਸਾਂਭੀ ਬੈਠਾ ਸੀ। ਨਹਾਉਣ ਵਾਲਾ ਕਮਰਾ ਵੀ ਇਸ ਕਮਰੇ ਦੇ ਨਾਲ ਲਗਵਾਂ ਹੀ ਸੀ। ਹੁਣ ਅਰੁਣਾਚਲ ਪ੍ਰਦੇਸ਼ ਦੇ ਚੀਨ ਦੀ ਸਰਹੱਦ ਨਾਲ ਲਗਦੇ ਸ਼ਹਿਰ ਤਵਾਂਗ ਅਤੇ ਸੇਲਾ ਦੇ ਵਿਚਕਾਰ ਜਿਹੇ ਪੈਂਦੇ ਨੂਰਾਂ ਨਾਂਗ ਨਾਂ ਦੇ ਫੌਜੀ ਟਿਕਾਣੇ ਤੋਂ ਮੇਜਰ ਰਹਿਮਾਨ ਅਤੇ ਚਾਰ ਹਥਿਆਰਬੰਦ ਜਵਾਨ ਕੈਪਟਨ ਨਰੇਸ਼ ਦੇ ਨਾਲ ਤੇਜਪੁਰ ਦੇ ਇਸ ਫੌਜੀ ਹਸਪਤਾਲ ਤੱਕ ਆਏ ਸਨ। ਮੇਜਰ ਰਹਿਮਾਨ ਤੇ ਸਫਰ ਦੀ ਥਕਾਵਟ ਭਾਰੂ ਹੋ ਚੁੱਕੀ ਸੀ। ਉਹ ਕੈਪਟਨ ਨਰੇਸ਼ ਦੇ ਹਸਪਤਾਲੀ ਕਮਰੇ ਵਿਚ ਪਏ ਹੋਏ ਸੋਫੇ 'ਤੇ ਹੀ ਲੇਟ ਗਿਆ। ਘੰਟਾ-ਦੋ ਘੰਟੇ ਆਰਾਮ ਕੀਤਾ, ਸ਼ਾਮ ਵੇਲੇ ਦੀ ਚਾਹ ਆਉਣ 'ਤੇ ਨਰੇਸ਼ ਨਾਲ ਹਲਕੀ ਫੁਲਕੀ ਗੱਪ-ਸ਼ੱਪ ਦੇ ਨਾਲ-ਨਾਲ ਇਕ ਪਿਆਲੀ ਚਾਹ ਦੀ ਪੀਤੀ। ਇਸ ਉਪਰੰਤ ਮੇਜਰ ਰਹਿਮਾਨ ਨਰੇਸ਼ ਨੂੰ 'ਬੈਸਟ ਆਫ ਲੱਕ' ਕਹਿਕੇ ਵਾਪਸ ਨੂਰਾਂ ਨਾਂਗ ਲਈ ਰਵਾਨਾ ਹੋ ਗਿਆ! ਮੇਜਰ ਰਹਿਮਾਨ ਤਾਂ ਵਾਪਸ ਨੂਰਾਂਨਾਂਗ ਚਲਿਆ ਗਿਆ ਸੀ। ਚਾਰੇ ਦੇ ਚਾਰੇ ਹਥਿਆਰਬੰਦ ਜਵਾਨ ਨਰੇਸ਼ ਦੇ ਕੋਲ ਹੀ ਸਨ। ਨਰੇਸ਼ ਤੇ ਪਹਿਰਾ ਦੇ ਰਹੇ ਸਨ। ਉਂਝ ਇਨ੍ਹਾਂ ਜਵਾਨਾਂ ਦਾ ਜਿਥੋਂ ਤੱਕ ਵੱਸ ਚਲਦਾ, ਉਹ ਪਰਦੇ ਵਿਚ ਹੀ ਰਹਿਣ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਕਦੇ ਨਹੀਂ ਸੀ ਚਾਹਿਆ ਕਿ ਕੈਪਟਨ ਨਰੇਸ਼ ਨੂੰ ਉਨ੍ਹਾਂ ਦੀ ਹਾਜ਼ਰੀ ਦਾ ਅਹਿਸਾਸ ਹੋਵੇ। ਹਾਂ, ਉਹ ਫੌਜੀ ਅਨੁਸ਼ਾਸਨ ਤੇ ਹੁਕਮਾਂ ਦੇ ਬਝੇ ਹੋਏ ਸਨ। ਇਹੀ ਵਜ੍ਹਾ ਸੀ ਕਿ ਉਨ੍ਹਾਂ ਨੂੰ ਨਰੇਸ਼ ਦੇ ਕਮਰੇ ਬਾਹਰ ਪਹਿਰਾ ਦੇਣਾ ਹੀ ਪੈਂਦਾ ਸੀ। ਇਹ ਜਵਾਨ ਜਦ ਕਦੇ ਵੀ ਨਰੇਸ਼ ਦੇ ਰੂ-ਬ-ਰੂ ਹੁੰਦੇ ਤਾਂ ਉਸਨੂੰ ਪੂਰਾ ਸਤਿਕਾਰ ਦਿੰਦੇ। ਆਖ਼ਰ ਉਹ ਵੀ ਤਾਂ ਹੈਰਾਨ ਸਨ ਕਿ ਸਾਹਿਬ ਦੀ ਖ਼ਤਾ ਕੀ ਹੈ। ਬਿਸਤਰੇ 'ਤੇ ਲੇਟਿਆ ਹੋਇਆ ਨਰੇਸ਼ ਨਿਰਾ ਸੁਸਤਾ ਹੀ ਨਹੀਂ ਸੀ ਰਿਹਾ। ਬਹੁਤ ਹੀ ਡੂੰਘੀਆਂ ਅਤੇ ਉਲਝੀਆਂ ਹੋਈਆਂ ਸੋਚਾਂ ਦੇ ਘੁੰਮਣ ਘੇਰ ਵਿਚ ਘਿਰਿਆ ਹੋਇਆ ਸੀ ਉਹ! ਉਸਦੀ ਨਜ਼ਰ ਕਮਰੇ ਦੀ ਛੱਤ ਦੇ ਲੈਂਟਰ ਵਿਚਲੀ ਮੂੰਹ ਪਾੜ-ਪਾੜ ਵੇਖਦੀ ਹੋਈ ਤ੍ਰੇੜ ਤੇ ਟਿਕੀ ਹੋਈ ਸੀ। ਸਿਰ ਵਿਚੋਂ ਇਕ ਸੁਰ ਸੁਰ ਦੀ ਆਵਾਜ਼ ਉਸ ਦੇ ਕੰਨਾਂ ਦੀ ਹੱਦ ਨੂੰ ਟੱਪ ਕੇ ਸਮੁੱਚੇ ਵਜੂਦ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸ ਦੀ ਸੋਚ ਨੂਰਾਂਨਾਂਗ ਤੋਂ ਇਸ ਹਸਪਤਾਲ ਤੱਕ ਦੇ ਤਾਜ਼ੇ ਸਫਰ ਵਿਚ ਵਿਚਰ ਰਹੀ ਸੀ। ਸਫਰ ਤਾਂ ਉਸਨੇ ਪਹਿਲਾਂ ਵੀ ਬੜੇ ਕੀਤੇ ਸਨ। ਕੁਝ ਚਿਰ ਪਹਿਲਾਂ ਬੀਮਾਰ ਹੋਣ 'ਤੇ ਤੇਜਪੁਰ ਦੇ ਇਸੇ ਹਸਪਤਾਲ ਵਿਚ ਦਾਖਲ ਵੀ ਰਿਹਾ ਸੀ। ਪਰ ਇਹ ਹੁਣ ਵਾਲਾ ਸਫਰ ਕੁਝ ਵੱਖਰਾ ਹੀ ਸੀ। ਬਿਲਕੁਲ ਵੱਖਰਾ। 'ਇਹ ਹੁਣ ਵਾਲਾ ਸਫਰ ਤਾਂ ਉਸਦੀ ਆਉਂਦੀ ਜ਼ਿੰਦਗੀ ਲਈ ਇਕ ਲਾ-ਇਲਾਜ ਨਾਸੂਰ ਵੀ ਬਣ ਸਕਦਾ ਹੈ।'' ਇਹ ਸੋਚਦਿਆਂ ਸਾਰ ਕੈਪਟਨ ਨਰੇਸ਼ ਦੇ ਮਨ ਵਿਚ ਇਕ ਚੀਸ ਜਿਹੀ ਉਠੀ ਸੀ। ਚੀਸ...ਜਿਸ ਦੀ ਪੀੜ ਨਰੇਸ਼...ਸਿਰਫ਼ ਨਰੇਸ਼ ਨੇ ਹੀ ਹੰਢਾਈ ਸੀ। ਹੋਰ ਕਿਸੇ ਨੂੰ ਵੀ ਉਸਦੀ ਪੀੜਾ ਨਾਲ ਕੋਈ ਸਰੋਕਾਰ ਨਹੀਂ ਸੀ। ਤਵਾਂਗ ਤੋਂ ਤੇਜਪੁਰ ਤੀਕ ਇਕੋ ਇਕ ਸੌੜੀ ਜਿਹੀ ਸੜਕ ਸੀ। ਇਸਦੇ ਬਹੁਤੇ ਹਿੱਸਿਆਂ 'ਤੇ ਇਕੋ ਇਕ ਸ਼ੈਅ ਹੀ ਲੰਘ ਸਕਦੀ ਸੀ। ਜੀਪ ਹੋਵੇ ਜਾਂ ਟਰੱਕ! ਇਸੇ ਸੜਕ 'ਤੇ ਨੂਰਾਂਨਾਂਗ, ਸੇਲਾ, ਜ਼ੀਰੋ ਹਿੱਲ, ਚੁਰਾਸੀ ਕਿਲੋਮੀਟਰ ਅਤੇ ਬੌਬਡੀ ਲਾ ਆਦਿ ਪੈਂਦੇ ਹਨ। ਇਹ ਵਿੰਟਾ ਵਲੇਵੇ ਖਾਂਦੀ ਸੜਕ ਤੇਜਪੁਰ ਵਿਚੋਂ ਲੰਘਦੀ ਹੋਈ ਅੰਤ ਆਸਾਮ ਦੀ ਰਾਜਧਾਨੀ ਗੁਹਾਟੀ ਜਾਂ ਪਹੁੰਚਦੀ ਹੈ। ਤਵਾਂਗ ਤੋਂ ਜ਼ੀਰੋ ਹਿੱਲ ਤੱਕ ਤਾਂ ਇਹ ਬਰਫਾਂ ਦੇ ਤੌਂਦਿਆਂ ਵਿਚਕਾਰ ਹੀ ਘਿਰੀ ਰਹਿੰਦੀ ਹੈ। ਪਰ, ਜ਼ੀਰੋ ਹਿੱਲ ਤੋਂ ਤੇਜਪੁਰ ਤੇ ਉਥੋਂ ਗੁਹਾਟੀ ਤਕ ਇਹੀ ਸੜਕ ਭਾਂਤ-ਭਾਂਤ ਦੇ ਹਰੇ ਕਚੂਰ ਰੁੱਖਾਂ ਅਤੇ ਝਾੜਾਂ ਦੇ ਐਨ ਵਿਚਕਾਰ ਘਿਰੀ ਹੋਈ ਸੀ। ਭਾਂਤ-ਭਾਂਤ ਦੇ ਰੁੱਖਾਂ ਤੇ ਭਾਂਤ-ਭਾਂਤ ਦੇ ਜਨੌਰ ਸਨ। ਉਨ੍ਹਾਂ ਦੇ ਕਲੋਲ ਸਨ। ਰੈਣ ਬਸੇਰੇ ਸਨ। ਸੁਰੀਲੇ ਬੋਲ ਸਨ। ਨੂਰਾਂਨਾਂਗ ਤੋਂ ਚੁਰਾਸੀ ਕਿਲੋਮੀਟਰ ਦੇ ਮੀਲ ਪੱਥਰ ਵਾਲੀ ਫੌਜੀ ਸ਼ਰਨਗਾਹ ਤੀਕ ਸਾਰੀ ਦੀ ਸਾਰੀ ਸੜਕ ਬਰਫ਼ ਦੀਆਂ ਬਾਰੀਕ-ਬਾਰੀਕ ਤੇ ਕਿਤੇ ਕਿਤੇ ਮੋਟੀਆਂ ਪਰਤਾਂ ਨਾਲ ਢੱਕੀ ਹੋਈ ਸੀ। ਇਸ ਬਰਫ ਤੋਂ ਵਾਹਨਾਂ ਦੇ ਤਿਲਕਣ ਤੇ ਡੂੰਘੀਆਂ ਖਾਈਆਂ ਵਿਚ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਹੜੀ ਐਂਬੂਲੈਂਸ ਮੇਜਰ ਰਹਿਮਾਨ, ਕੈਪਟਨ ਨਰੇਸ਼ ਅਤੇ ਚਾਰ ਜਵਾਨਾਂ ਨੂੰ ਲੈ ਕੇ ਆਈ ਸੀ, ਉਹ ਵੀ ਇਨ੍ਹਾਂ ਖਤਰਿਆਂ ਤੋਂ ਬਾਹਰੀ ਤਾਂ ਨਹੀਂ ਸੀ ਹੋ ਸਕਦੀ। ਕਰਨਲ ਭੀਮ ਸਿੰਘ ਦੇ ਹੁਕਮਾਂ ਮੁਤਾਬਕ ਨਰੇਸ਼ ਨੂੰ ਹਰ ਹਾਲਤ ਵਿਚ ਤੇਜਪੁਰ ਦੇ ਹਸਪਤਾਲ ਜਲਦੀ ਤੋਂ ਜਲਦੀ ਪਹੁੰਚਾਉਣਾ ਜ਼ਰੂਰੀ ਸੀ। ਇਸੇ ਲਈ ਕਿਸੇ ਅਣਕਿਆਸੇ ਹਾਦਸੇ ਤੋਂ ਬਚਾਅ ਖਾਤਰ ਐਂਬੂਲੈਂਸ ਦੇ ਟਾਇਰਾਂ 'ਤੇ ਐਂਟੀ ਸਕਿਡ ਚੈਨਾ ਚੜ੍ਹਾਉਣੀਆਂ ਪਈਆਂ ਸਨ। ਤਵਾਂਗ ਤੋਂ ਤੇਜਪੁਰ ਵਾਲੀ ਤੰਗ ਜਿਹੀ ਸੜਕ ਧੁਰ ਤੱਕ ਸੱਪ ਵਲੇਵੇਂ ਖਾਂਦੀ ਮੈਦਾਨੀ ਇਲਾਕੇ ਵਿਚ ਜਾ ਰਲਦੀ ਹੈ। ਪਹਾੜੀਆਂ ਦੇ ਪੈਰਾਂ ਕੋਲ ਪਹੁੰਚਣ ਤੋਂ ਬਹੁਤ ਪਹਿਲਾਂ ਤੇਜਪੁਰ ਦੇ ਇਕ ਪਾਸੇ ਵਗਦਾ ਬ੍ਰਹਮ ਪੁੱਤਰ ਦਰਿਆ ਆਪਣੀ ਖਾਮੋਸ਼ੀ ਸਮੇਤ ਆਪ ਮੁਹਾਰੇ ਹੀ ਰਾਹੀਆਂ ਦੀਆਂ ਨਜ਼ਰਾਂ ਦੀ ਪ੍ਰਵਾਜ਼ ਨੂੰ ਚੁੰਮ ਲੈਂਦਾ ਹੈ। ਇਸ ਦਰਿਆ ਦੇ ਕੰਢੇ ਖਲੋਤੇ ਹੋਈਏ ਤਾਂ ਇਸਦੀ ਮਿੱਠੀ ਆਵਾਜ਼ ਇਨਸਾਨੀ ਦਿਲਾਂ ਨੂੰ ਤਾਂ ਕੀ, ਕੁਦਰਤ ਨੂੰ ਵੀ ਕੀਲ ਲੈਂਦੀ ਹੈ। ਇਹ ਦਰਿਆ ਕਦੀ ਕਦੀ ਸ਼ਾਂਤ ਹਾਲਤ ਵਿਚ ਤੇ ਕਦੀ ਕਦੀ ਗੁੱਸੇ ਅਤੇ ਤੇਜ਼ੀ ਨਾਲ ਵੱਗਦਾ ਰਹਿੰਦਾ ਹੈ। ਬੌਬਡੀਲਾ ਅਤੇ ਤੇਜਪੁਰ ਦੇ ਵਿਚਕਾਰ ਜਿਹੇ ਫਿਲਮ ਜਗਤ ਦੀ ਮਸ਼ਹੂਰ ਨਚਾਰ ਹੈਲਨ ਦੇ ਨਾਂ 'ਤੇ ਇਕ ਪਹਾੜੀ ਆਉਂਦੀ ਹੈ। 'ਹੈਲਨ ਹਿਲ' ਸੜਕ ਦੇ ਐਨ ਨਾਲ ਜੁੜੀ ਹੋਈ ਹੈ। ਇਸ ਪਹਾੜੀ ਨੂੰ ਉਤਾਂਹ ਅਸਮਾਨ ਵੱਲ ਨਜ਼ਰ ਚੁੱਕ ਕੇ ਵੇਖੀਏ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕਿ ਸੱਚ-ਮੁੱਚ ਹੀ ਹੈਲਨ ਦਾ ਲੱਕ ਵੇਖ ਲਿਆ ਹੋਵੇ। ਤਕਨੀਕ ਮਾਹਿਰ ਇਹੋ ਜਿਹੀ ਪਹਾੜੀ ਨੂੰ ਕੋਨਕੇਵ ਕਹਿ ਦਿੰਦੇ ਹਨ। ਇਥੇ ਕੋਈ ਦੋ ਫਰਲਾਂਗ ਦੇ ਟੁਕੜੇ ਉਤੇ ਹਮੇਸ਼ਾ ਹੀ ਇਕ ਰੋਡ ਰੋਲਰ ਚੱਲਦਾ ਰਹਿੰਦਾ ਸੀ। ਹੈਲਨ ਹਿੱਲ ਦੀ ਢਾਕ ਤੋਂ ਡਿੱਗੇ ਰੋੜਾਂ ਤੇ ਪੱਥਰਾਂ ਨੂੰ ਹੂੰਝਦਾ ਰਹਿੰਦਾ ਸੀ ਤਾਂ ਕਿ ਆਵਾਜਾਈ ਨਿਰਵਿਘਨ ਚੱਲਦੀ ਰਹੇ। ਜਿਸ ਦਿਨ ਮੇਜਰ ਰਹਿਮਾਨ ਅਤੇ ਕੈਪਟਨ ਨਰੇਸ਼ ਵਗੈਰਾ ਤੇਜਪੁਰ ਨੂੰ ਆ ਰਹੇ ਸਨ, ਉਸ ਦਿਨ ਹੈਲਨ ਹਿੱਲ ਏਰੀਏ ਵਿਚ ਆਮ ਨਾਲੋਂ ਜ਼ਿਆਦਾ ਪੱਥਰ ਵਰਖਾ ਹੋਈ ਸੀ। ਆਵਾਜਾਈ ਲਗਾਤਾਰ ਦੋ ਦਿਨ ਰੁਕੀ ਰਹੀ ਸੀ। ਪਿਛਾਂਹ ਵੀ ਨਹੀਂ ਸੀ ਮੁੜਿਆ ਜਾ ਸਕਦਾ। ਇਨ੍ਹਾਂ ਸਾਰਿਆਂ ਨੂੰ ਦੋਵੇਂ ਦੇ ਦੋਵੇਂ ਦਿਨ ਐਂਬੂਲੈਂਸ ਵਿਚ ਹੀ ਕਟਣੇ ਪਏ ਸਨ। ਸਭਨਾਂ ਨੂੰ ਢਿੱਡ ਕਰਨ ਲਈ ਸ਼ੱਕਰ ਪਾੜਿਆਂ ਦੀ ਮੁਥਾਜੀ ਕਰਨੀ ਪਈ ਸੀ। ਪਾਣੀ ਦੀ ਸ਼ਾਗਲ ਕਿਸੇ ਨਾ ਕਿਸੇ ਚਸ਼ਮੇ ਤੋਂ ਭਰ ਲਿਆਉਂਦੇ ਸਨ। ਨੂਰਾਂਨਾਂਗ ਤੋਂ ਤੇਜਪੁਰ ਹੈ ਤਾਂ ਸਿਰਫ ਤਿੰਨ ਸੌ ਕਿਲੋਮੀਟਰ ਪਰ ਇਨ੍ਹਾਂ ਤਿੰਨ ਸੌ ਕਿਲੋਮੀਟਰਾਂ ਨੇ ਪੂਰੇ ਤਿੰਨ ਦਿਨ ਖਾ ਲਏ ਸਨ। ਕੈਪਟਨ ਨਰੇਸ਼ ਨੂੰ ਇਹ ਤਿੰਨ ਦਿਨ ਤਿੰਨ ਸਾਲਾਂ ਤੋਂ ਵੀ ਵੱਧ...ਨਹੀਂ, ਤਿੰਨ ਉਮਰਾਂ ਤੋਂ ਵੀ ਵੱਧ ਲੱਗ ਰਹੇ ਸਨ। ਜਿਵੇਂ ਉਸ ਨੇ ਕਈ ਜ਼ਿੰਦਗੀਆਂ ਗੁਜ਼ਾਰ ਦਿੱਤੀਆਂ ਹੋਣ। ਇਨ੍ਹਾਂ ਤਿੰਨਾਂ ਦਿਨਾ ਨੇ ਉਸਦੇ ਸਾਹ-ਸੱਤ ਹੀ ਤਾਂ ਨਿਚੋੜ ਲਏ ਸਨ। ਇਸੇ ਨੁਚੜਨ ਦੇ ਖਦਸ਼ੇ ਨੇ ਕੈਪਟਨ ਨਰੇਸ਼ ਨੂੰ ਹੈਲਨ ਹਿੱਲ ਨੇੜੇ ਗੁਜ਼ਾਰੀਆਂ ਦੋ ਰਾਤਾਂ ਦੇ ਸੰਖੇਪ ਜਿਹੇ ਸਮੇਂ ਵਿਚ ਹੀ ਇਕ ਨਜ਼ਮ ਦੀ ਦਹਿਲੀਜ਼ 'ਤੇ ਖੜ੍ਹਾ ਕਰ ਦਿੱਤਾ ਸੀ। ਉਦੋਂ ਐਂਬੂਲੈਂਸ ਵਿਚ ਹੀ ਨਰੇਸ਼ ਨੇ ਇਕ ਨਜ਼ਮ ਲਿਖੀ। ਨਜ਼ਮ ਦਾ ਸਿਰਲੇਖ ਸੀ ''ਜ਼ਿੰਦਗੀ''। ਨੂਰਾਂਨਾਂਗ ਦਾ ਤਾਪਮਾਨ 12 ਦੇ 12 ਮਹੀਨੇ ਹੀ ਮਨਫੀ ਵਿਚ ਰਹਿੰਦਾ ਹੈ। ਇਥੇ ਰਹਿ ਰਹੇ ਫੌਜੀ ਮਹੀਨੇ ਮੱਸਿਆ ਹੀ ਨਹਾਉਂਦੇ ਸਨ। 'ਬੰਕਰ' ਨਾਮੀ ਮਿੱਟੀ ਜਾਂ ਪੱਥਰਾਂ ਵਿਚ ਪੁੱਟੀ ਹੋਈ ਬੰਦ ਗੁਫਾ ਜਿਹੀ ਰਿਹਾਇਸ਼ ਦੇ ਬਾਹਰ ਰੂੰ ਦੇ ਫੰਬਿਆਂ ਵਾਂਗ ਡਿਗਦੀ ਬਰਫ ਦੇ ਨਾਲ-ਨਾਲ ਠੰਡੀ ਸੀਤ ਹਵਾ ਵੀ ਵਗਦੀ ਹੈ। ਬੰਕਰਾਂ ਅੰਦਰ ਮਿੱਟੀ ਦਾ ਤੇਲ ਫੂਕਦੀਆਂ ਬੁਖਾਰੀਆਂ ਫੌਜੀਆਂ ਲਈ ਨਿੱਘ ਦਾ ਸਾਧਨ ਹੁੰਦੀਆਂ ਹਨ। ਬੰਕਰਾਂ ਨੂੰ ਗਰਮ ਰੱਖਦੀਆਂ ਹਨ। ਅਜਿਹੀ ਠੰਡ ਵਿਚ ਨਹਾਉਣਾ ਧੋਣਾ ਤਾਂ ਦੂਰ ਦੀ ਗੱਲ ਹੈ, ਬੁਖਾਰੀਆਂ ਬੰਦ ਕਰਨ ਦੀ ਹਿੰਮਤ ਵੀ ਨਹੀਂ ਪੈਂਦੀ। ਕਈ ਦਿਨਾਂ ਤੋਂ ਨਰੇਸ਼ ਨਹਾਤਾ ਵੀ ਨਹੀਂ ਸੀ। ਏਥੇ ਤੇਜਪੁਰ ਦਾ ਮੌਸਮ ਠੀਕ ਸੀ। ਉਸ ਨੇ ਆਪਣੇ ਸਮਾਨ ਵਿਚੋਂ ਨਹਾਉਣ ਲਈ ਜ਼ਰੂਰੀ ਵਸਤਾਂ ਕੱਢ ਲਈਆਂ। ਗੁਸਲਖਾਨੇ ਵਿਚ ਜਾ ਕੇ ਨਹਾਤਾ ਅਤੇ ਲੀੜੇ ਬਦਲ ਲਏ। ਨਹਾਉਣ ਉਪਰੰਤ ਉਸਨੇ ਆਪਣੇ ਛੋਟੇ ਅਟੈਚੀ ਵਿਚੋਂ ਇਕ ਡਾਇਰੀ ਕੱਢੀ, ਸੋਫੇ 'ਤੇ ਬੈਠ ਗਿਆ। ਡਾਇਰੀ ਦੇ ਵਰਕੇ ਫਰੋਲੇ, ਹੈਲਨ ਹਿਲ ਨੇੜੇ ਲਿਖੀ ਕਵਿਤਾ 'ਜ਼ਿੰਦਗੀ' ਦੇ ਸਨਮੁੱਖ ਹੋ ਗਿਆ। ਨਜ਼ਮ ਪੜ੍ਹ ਕੇ ਉਸ ਨੂੰ ਸੰਤੁਸ਼ਟੀ ਤਾਂ ਕੀ ਮਿਲਣੀ ਸੀ, ਇਸਦੇ ਉਲਟ ਉਸ ਦਾ ਅੰਦਰਲਾ ਸਖਣਾਪਣ ਭਿਆਨਕਤਾ ਦੀ ਹੱਦ ਤੱਕ ਵੱਧ ਗਿਆ। ਇਸ ਸਖਣੇਪਣ ਵੱਲ ਨਰੇਸ਼ ਦੋਸਤੀ ਦਾ ਹੱਥ ਕਿਵੇਂ ਵਧਾਉਂਦਾ। ਕਿਉਂ ਵਧਾਉਂਦਾ। ਇਸ ਨਾਲ ਦੋਸਤੀ ਪਾ ਕੇ ਉਸ ਸੰਤੁਸ਼ਟ ਤਾਂ ਨਹੀਂ ਸੀ ਹੋ ਸਕਣਾ। ਜੋ ਵੀ ਹੈ, ਇਹ ਸਖਣਾਪਣ ਇਕ ਕੌੜਾ ਸੱਚ ਸੀ। ਉਸ ਨੂੰ ਚਾਹੇ ਅਣਚਾਹੇ ਜਰਨਾ ਹੀ ਪੈਣਾ ਸੀ। ਇਸ ਸਖਣੇਪਣ ਨਾਲ ਜਿਉਣ ਦੀ ਜਾਂਚ ਸਿਖਣੀ ਹੀ ਪੈਣੀ ਸੀ। ਅੰਦਰਖਾਤੇ ਇਹ ਅਹੁਰ ਹੁੰਦਿਆਂ ਹੀ ਉਸਦੇ ਚਿਹਰੇ ਤੇ ਕਿਸੇ ਮਰਸੀਏ ਦੇ ਨਕਸ਼ ਉਕਰੇ ਗਏ ਸਨ। ਉਸਦੇ ਚਿਹਰੇ ਤੇ ਉਦਾਸੀ ਦੇ ਪਰਛਾਵੇਂ ਗੂੜ੍ਹੇ ਤੇ ਹੋਰ ਗੂੜ੍ਹੇ ਹੁੰਦੇ ਗਏ। ਚਿਹਰੇ 'ਤੇ ਉਕਰੇ ਮਰਸੀਏ ਦੇ ਨਕਸ਼ਾਂ ਦੀ ਇਬਾਰਤ ਨੂੰ ਕੌਣ ਪੜ੍ਹਦਾ? ਇਨ੍ਹਾਂ ਨੂੰ ਪੜ੍ਹਨ ਦੇ ਸਮਰੱਥ ਕੋਈ ਵੀ ਤਾਂ ਨਹੀਂ ਸੀ ਉਥੇ। ਉਸ ਅੱਗੇ ਤਾਂ ਆਉਣ ਵਾਲੀ ਜ਼ਿੰਦਗੀ ਬੇ-ਜ਼ਮਾਨਤੀ ਖਿਲਰੀ ਪਈ ਸੀ। ਉਸ ਦੀਆਂ ਅੱਖਾਂ ਅੱਗੇ ਅਕਸਰ ਇਕ ਸਵਾਲੀਆ ਨਿਸ਼ਾਨ ਲਮਕਿਆ ਰਹਿਣ ਲੱਗ ਪਿਆ ਸੀ। ਦੋ ਨਰੇਸ਼ ਮਾਂ ਪਿਉ ਦੀ ਕੱਲੀ-ਕਾਰੀ ਔਲਾਦ ਸੀ। ਉਸਨੇ ਸਾਰੇ ਦੇ ਸਾਰੇ ਬਚਪਨ ਨੂੰ ਬਚਪਨ ਦੇ ਸਹੀ ਅਰਥਾਂ ਤੱਕ ਉਤਰ ਕੇ ਮਾਣਿਆ ਸੀ। ਬਚਪਨ ਦਾ ਯਥਾਰਥ ਬਹੁਤ ਨੇੜਿਉਂ ਤੇ ਰੱਜ ਕੇ ਹੰਢਾਇਆ ਸੀ ਨਰੇਸ਼ ਨੇ! ਬਚਪਨ ਨੂੰ ਚਾਹੀਦਾ ਵੀ ਕੀ ਏ? ਪਿਆਰ! ਨਿਰਾ ਪਿਆਰ! ਪਿਆਰ ਮਾਪਿਆਂ ਦਾ! ...ਪਿਆਰ ਵਡੇਰਿਆਂ ਦਾ ਤੇ ਇਸਦੇ ਨਾਲ-ਨਾਲ ਪਿਆਰੇ ਪਿਆਰੇ ਹਾਣੀਆਂ ਦੀ ਜੁੰਡਲੀ ਦਾ ਸਾਥ। ਮਾਂ ਸਵਿੱਤਰੀ ਦਾ ਲਾਡ ਦੁਲਾਰ ਉਸ ਨੂੰ ਵੱਡਿਆਂ ਹੁੰਦਾ ਵੇਖਦਾ ਰਿਹਾ। ਬਚਪਨ ਵਿਚ ਕਿਸੇ ਦਾ ਵੀ ਪਰੀਆਂ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਹੁੰਦਾ। ਨਰੇਸ਼ ਦਾ ਵੀ ਉਦਾਂ ਤਾਂ ਪਰੀਆਂ ਨਾਲ ਕੋਈ ਵਾਸਤਾ ਨਹੀਂ ਸੀ। ਪਰ, ਫਿਰ ਵੀ ਉਸ ਦੀ ਨੀਂਦਰ ਪਰੀ-ਕਥਾਵਾਂ ਦੀ ਮੁਥਾਜ ਹੋ ਗਈ ਸੀ। ਰਾਤ ਦੀ ਰੋਟੀ-ਭਾਜੀ ਤੋਂ ਵਿਹਲੀ ਹੋ ਕੇ ਸਵਿੱਤਰੀ ਹੀ ਨਰੇਸ਼ ਨੂੰ ਪਰੀ-ਕਥਾਵਾਂ ਸੁਣਾਇਆ ਕਰਦੀ ਸੀ। ਸਵਿੱਤਰੀ ਦੇ ਲਾਡ-ਦੁਲਾਰ ਨੇ ਹੀ ਨਰੇਸ਼ ਦੀ ਨੀਂਦਰ ਨੂੰ ਪਰੀ-ਕਥਾਵਾਂ ਦੀ ਮੁਥਾਜੀ ਸਿਖਾਈ ਸੀ। ਸਵਿੱਤਰੀ ਆਪ ਵੀ ਕਿਸੇ ਪਰੀ ਤੋਂ ਘੱਟ ਨਹੀਂ ਸੀ। ਲੰਮੀ ਸੀ, ਪਤਲੀ ਸੀ। ਗੋਰੀ ਵੀ ਰੱਜ ਕੇ ਸੀ। ਗੁਲਾਬੀ ਭਾਹ ਮਾਰਦਾ ਚਿਹਰਾ ਸੀ। ਪਿਤਾ ਦੀਨ ਦਿਆਲ ਤਾਂ ਨਰੇਸ਼ ਨਾਲ ਮਿੱਤਰਾਂ ਵਾਂਗ ਵਿਚਰਦਾ ਸੀ। ਉਹ ਕਦੇ ਤਾਂ ਨਰੇਸ਼ ਲਈ ਘੋੜਾ ਬਣ ਜਾਂਦਾ ਅਤੇ ਕਦੇ ਉਸ ਨੂੰ ਆਪਣੀਆਂ ਬਾਹਾਂ ਵਿਚ ਵਲਾ ਕੇ ਆਪਣੀ ਪਿੱਠ ਨਾਲ ਜੋੜ ਲੈਂਦਾ। ਸਵਿੱਤਰੀ ਕੋਲ ਲੈ ਜਾਂਦਾ। ਆਪ ਹੀ ਇਕ ਬਾਲ ਬਣ ਜਾਂਦਾ ਤੇ ਕਹਿੰਦਾ...'ਮਸ਼ਕ ਪਾਣੀ ਪੀ ਲਓ। ਮਸ਼ਕ ਪਾਣੀ ਪੀ ਲਓ...'' ਨਰੇਸ਼ ਨੂੰ ਏਦਾਂ ਹੀ ਮਸ਼ਕ ਬਣਾਈ ਦੀਨ ਦਿਆਲ ਘਰ ਦੇ ਵਿਹੜੇ ਵਿਚ ਤੁਰੀ ਫਿਰਦਾ। ਕਈ ਵਾਰ ਦੀਨ ਦਿਆਲ ਨਰੇਸ਼ ਨੂੰ ਪਿਛਲੇ ਅੰਦਰ ਪਏ ਨਵਾਰੀ ਪਲੰਘ ਤੇ ਲੈ ਜਾਂਦਾ। ਉਸ ਨਾਲ ਲਾਡ ਕਰਦਾ। ਨਰੇਸ਼ ਦੀਨ ਦਿਆਲ ਦੇ ਢਿੱਡ ਉੱਤੇ ਚੜ੍ਹ ਕੇ ਭੁੜਕਦਾ। ਦੀਨ ਦਿਆਲ ਨਰੇਸ਼ ਨੂੰ ਚੁੰਮਦਾ ਅਤੇ ਅਚਾਨਕ ਹੀ ਉਸ ਨਾਲ ਪਲੰਘ ਉੱਤੇ ਹੀ ਘੁਲਣ ਲੱਗ ਪਿਆ। ਦੀਨ ਦਿਆਲ ਜਾਣ ਬੁੱਝ ਕੇ ਹੀ ਢਹਿ ਜਾਂਦਾ। ਜਿੱਤ ਦੀ ਖੁਸ਼ੀ ਵਿਚ ਨਰੇਸ਼ ਉਹ ਹਾਸਾ ਹੱਸਦਾ ਜੋ ਕਿ ਚੁਟਕੁਲਿਆਂ ਦਾ ਮੁਥਾਜ ਨਹੀਂ ਸੀ। ਦੀਨ ਦਿਆਲ ਬਹੁਤੇ ਪੈਸੇ ਵਾਲਾ ਤਾਂ ਨਹੀਂ ਸੀ। ਚੰਗੇ ਗੁਜਾਰੇ ਵਾਲਾ ਜ਼ਰੂਰ ਸੀ। ਉਸ ਕੋਲ ਜਿੰਨਾ ਵੀ ਆਸਰਾ ਸੀ, ਉਸ ਨੇ ਦਿਲ ਖੋਲ੍ਹ ਕੇ ਨਰੇਸ਼ 'ਤੇ ਖਰਚਿਆ। ਨਰੇਸ਼ ਦੇ ਖਾਣ-ਪੀਣ, ਕਪੜੇ ਲੀੜੇ, ਸੈਰ-ਸਪਾਟੇ ਅਤੇ ਪੜ੍ਹਾਈ ਲਿਖਾਈ ਦਾ ਪੂਰਾ-ਪੂਰਾ ਖਿਆਲ ਰੱਖਿਆ ਸੀ। ਸੰਨ 1952 ਜੇਠ ਹਾੜ੍ਹ ਦੇ ਤਪਦੇ ਦਿਹਾੜੇ। ਕਣਕਾਂ ਵੱਢੀਆਂ ਜਾ ਚੁੱਕੀਆਂ ਸਨ। ਮੁਲਕ ਦੇ ਅੰਨ ਦਾਤੇ ਝੋਨਿਆਂ ਲਈ ਖੇਤਾਂ ਨੂੰ ਤਿਆਰ ਕਰ ਰਹੇ ਸਨ। ਵਿਰਲਿਆਂ ਵਿਰਲਿਆਂ ਨੇ ਝੋਨਿਆਂ ਦੀ ਪਨੀਰੀ ਵੀ ਬੀਜ ਲਈ ਸੀ ਪਰ ਬਹੁਤੇ ਬੀਜਣ ਦੇ ਆਹਰ ਵਿਚ ਸਨ। ਦੀਨ ਦਿਆਲ ਨੇ ਨਰੇਸ਼ ਨੂੰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਸੀ। ਆਪਣੇ ਹੀ ਪਿੰਡ ਬਘਾਣੇ ਦੇ ਪ੍ਰਾਇਮਰੀ ਸਕੂਲ ਵਿਚ ਹੀ ਦਾਖਲ ਕਰਵਾਇਆ ਸੀ ਉਸਨੂੰ। ਇਸ ਸਕੂਲ ਵਿਚ ਮੁੰਡੇ ਕੁੜੀਆਂ ਇਕੱਠ ਹੀ ਪੜ੍ਹਦੇ ਸਨ। ਸਕੂਲ ਵਿਚ ਵਿਦਿਆਰਥੀ ਬਰਾਮਦੇ ਦੇ ਫਰਸ਼ ਉਤੇ ਤੱਪੜ ਵਿਛਾ ਕੇ ਬੈਠਦੇ ਸਨ। ਸਿਆਲ ਦੇ ਦਿਨਾਂ ਵਿਚ ਇਹੀ ਤੱਪੜ ਸਕੂਲ ਦੇ ਵਿਹੜੇ ਵਿਚ ਧੁੱਪੇ ਵਿਛ ਜਾਂਦੇ ਸਨ। ਸਕੂਲਾਂ ਵਿਚ ਪੜ੍ਹਾਉਂਦੇ ਮਾਸਟਰਾਂ ਦੀਆਂ ਤਨਖਾਹਾਂ ਤਾਂ ਬਹੁਤੀਆਂ ਨਹੀਂ ਸਨ ਪਰ ਪੜ੍ਹਾਉਣ ਦਾ ਇਸ਼ਕ ਹੁੰਦਾ ਸੀ ਉਨ੍ਹਾਂ ਨੂੰ! ਨਿਆਣਿਆਂ ਦੀਆਂ ਕਲਮਾਂ ਤੱਕ ਆਪ ਘੜ ਕੇ ਦਿੰਦੇ ਸਨ ਉਹ! ਮਾਸਟਰ ਬੱਚਿਆਂ ਨੂੰ ਹੱਥੀਂ ਪੂਰਨੇ ਪਾ ਕੇ ਦਿੰਦੇ ਸਨ। ਨਰੇਸ਼ ਦੇ ਸਕੂਲ ਜਾਣ ਦਾ ਪਹਿਲਾ ਦਿਨ ਸੀ। ਹਰ ਰੋਜ਼ ਵਾਂਗ ਸਵਿੱਤਰੀ ਨੇ ਨਰੇਸ਼ ਨੂੰ ਆਪਣੇ ਹੱਥੀਂ ਨਵਾਹਿਆ ਅਤੇ ਤਿਆਰ ਕੀਤਾ। ਛੰਨਾ ਭਰ ਕੇ ਦਹੀਂ ਦਾ ਖਵਾਇਆ। ਸਕੂਲ ਲਈ ਤੁਰਨ ਤੋਂ ਪਹਿਲਾਂ ਉਸਨੂੰ ਇਕ ਨਿੱਕੀ ਜਿਹੀ ਗੁੜ ਦੀ ਡਲੀ ਵੀ ਖਵਾਈ ਸੀ। ਇਹੀ ਨਹੀਂ ਨਰੇਸ਼ ਦੀ ਇਕ ਗੱਲ 'ਤੇ ਸਵਿੱਤਰੀ ਨੇ ਤਵੇ ਹੇਠਲੀ ਕਾਲਸ ਦਾ ਇਕ ਨਿੱਕਾ ਜਿਹਾ ਨਜ਼ਰ ਪੱਟੂ ਵੀ ਲਾ ਦਿੱਤਾ ਸੀ। ਇਸੇ ਦਿਨ, ਸਵਿੱਤਰੀ ਨੇ ਪਿੰਡ ਦੇ ਸਾਰੇ ਘਰਾਂ ਅਤੇ ਨਰੇਸ਼ ਦੇ ਸਕੂਲ ਵਿਚ ਲਾਗਣ ਰਾਹੀਂ ਗੁੜ ਅਤੇ ਪਤਾਸੇ ਵੰਡਵਾਏ ਸਨ। ਲਾਗਣ ਇਨ੍ਹਾਂ ਦੇ ਰਾਜੇ ਹਵਾਲੇ ਰਾਮ ਦੀ ਨੂੰਹ ਬੀਰ ਕੌਰ ਸੀ। ਨਰੇਸ਼ ਖੁਸ਼ੀ ਨਾਲ ਹੱਸਦਾ ਖੇਡਦਾ ਰੋਜ਼ ਸਕੂਲ ਪੜ੍ਹਨ ਜਾਂਦਾ ਅਤੇ ਛੁੱਟੀ ਹੋਣ ਤੇ ਘਰ ਪਰਤਦਾ। ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਪੰਜੇ ਦੀਆਂ ਪੰਜੇ ਜਮਾਤਾਂ ਵਿਚ ਹੀ ਨਰੇਸ਼ ਅਵੱਲ ਰਿਹਾ ਸੀ। ਨਰੇਸ਼ ਨਿਰਾ-ਪੁਰਾ ਕਿਤਾਬੀ ਕੀੜਾ ਵੀ ਨਹੀਂ ਸੀ। ਆਪਣੇ ਹਾਣੀਆਂ ਨਾਲ ਖੇਡਾਂ ਵਿਚ ਵੀ ਪੂਰਾ ਮਸਤ ਰਹਿੰਦਾ ਸੀ ਉਹ। ਲੁੱਕਣ-ਮੀਟ, ਗਰਮ ਪਿੱਠੂ, ਚੂਈ ਚਲਾਂਗਾ, ਪੀਚੋ ਬਕਰੀ, ਧੁਪੜ ਛਾਓਂ, ਗੁਲੀ ਡੰਡਾ, ਖਿਦੋਖੂੰਡੀ ਅਤੇ ਹੋਰ ਕਈ ਬਾਲ ਖੇਡਾਂ ਵਿਚ ਮਾਹਰ ਸੀ ਨਰੇਸ਼! ਦਿਨ ਦੀਆਂ ਖੇਡਾਂ ਵਿਚੋਂ ਚੂਈ ਚਲਾਂਗਾ ਹੀ ਨਰੇਸ਼ ਨੂੰ ਸਭ ਤੋਂ ਵਧੀਆ ਖੇਡ ਲੱਗਦੀ ਸੀ। ਰਾਤ ਦੀਆਂ ਖੇਡਾਂ ਵਿਚੋਂ ਧੁਪੜ ਛਾਓਂ ਉਸ ਦੀ ਮਨ ਭਾਉਂਦੀ ਖੇਡ ਸੀ! ਧੁਪੜ ਛਾਓਂ ਚੰਨ ਚਾਨਣੀ ਰਾਤੇ ਖੇਡੀ ਜਾਂਦੀ ਹੈ। ਦੋ ਟੀਮਾਂ ਬਣ ਜਾਂਦੀਆਂ ਹਨ। ਟੌਸ ਹੁੰਦਾ ਹੈ। ਇਕ ਟੀਮ ਧੁੱਪ ਮਲ ਲੈਂਦੀ ਹੈ ਅਤੇ ਦੂਜੀ ਟੀਮ ਛਾਂ। ਛਾਂ ਵਾਲੀ ਟੀਮ ਦਾ ਕੋਈ ਖਿਡਾਰੀ ਚਾਨਣੀ ਥਾਂ ਵਿਚ ਫਸ ਜਾਵੇ ਤਾਂ ਖੇਡੋਂ ਬਾਹਰ ਹੋ ਜਾਂਦਾ ਹੈ। ਚੰਨ ਚਾਨਣੀ ਰਾਤੇ ਧੁੱਪੜ ਛਾਂ ਖੇਡਦੇ ਸਾਰੇ ਦੇ ਸਾਰੇ ਬਾਲ ਖਿਡਾਰੀ ਆਊਟ ਵੀ ਨਾ ਹੋਏ ਹੁੰਦੇ ਕਿ ਉਨ੍ਹਾਂ ਦੇ ਮਾਪੇ ਗਲੀਆਂ ਵਿਚ ਉਨ੍ਹਾਂ ਨੂੰ ਘਰੋ-ਘਰੀ ਪਰਤਣ ਲਈ ਵਾਜਾਂ ਮਾਰਦੇ ਫਿਰਦੇ। ਨਰੇਸ਼ ਜੀਵਨ ਦੀਆਂ ਯਾਰਾਂ ਬਹਾਰਾਂ ਹੰਢਾ ਚੁੱਕਿਆ ਸੀ। ਹੁਣ ਦੀਨ ਦਿਆਲ ਉਸਦੀ ਮਸ਼ਕ ਨਹੀਂ ਸੀ ਬਣਾਉਂਦਾ। ਸਵਿੱਤਰੀ ਦਾ ਲਾਡ-ਮਲ੍ਹਾਰ ਉਵੇਂ ਦਾ ਉਵੇਂ ਹੀ ਸੀ। ਦੀਨ ਦਿਆਲ ਨਰੇਸ਼ ਦੀ ਕਿਸੇ ਵੀ ਭੁੱਲ ਨੂੰ ਅਣਗੌਲੀ ਨਹੀਂ ਸੀ ਕਰਦਾ। ਕਦੇ ਕਦਾਈਂ ਨਰੇਸ਼ ਦੀ ਕਿਸੇ ਗਲਤੀ ਤੇ ਉਸ ਦਾ ਚਾਂਡਾ ਠੱਪਾ ਵੀ ਕਰ ਦਿੰਦਾ ਸੀ। ਨਰੇਸ਼ ਕੋਈ ਚੰਗਾ ਕੰਮ ਕਰਦਾ ਤਾਂ ਉਸ ਦੀ ਕੰਢ ਵੀ ਦੀਨ ਦਿਆਲ ਦੇ ਹੱਥ ਹੀ ਥਾਪੜਦੇ ਸਨ। ਤਿੰਨ ਰਾਜਪੂਤਾਂ ਦੇ ਚੌਧਰੀ ਮਨਫੂਲ ਅਤੇ ਪੰਡਤ ਦੀਨ ਦਿਆਲ ਦਾ ਇਕ ਦੂਜੇ ਨਾਲ ਅੰਤਾਂ ਦਾ ਪੀਚ ਸੀ। ਭਰਾਵਾਂ ਤੋਂ ਵੀ ਵੱਧ ਕੇ ਪਿਆਰ ਸੀ ਦੋਹਾਂ ਦਾ। ਇਨ੍ਹਾਂ ਦੋਹਾਂ ਦੇ ਨਿੱਘੇ ਮੋਹ ਪਿਆਰ ਦੀ ਚੁੰਝ-ਚਰਚਾ ਬਘਾਣੇ ਵਿਚ ਹੀ ਨਹੀਂ, ਆਲੇ-ਦੁਆਲੇ ਭੁੰਗਰਨੀ, ਪਾਸ਼ਟਾਂ, ਭਾਮ, ਰਿਹਾਣਾ ਜੱਟਾਂ ਤੇ ਕਈ ਹੋਰ ਪਿੰਡਾਂ ਵਿਚ ਵੀ ਚਲਦੀ ਰਹਿੰਦੀ ਸੀ। ਮਨਫੂਲ ਦੀ ਇਕੋ-ਇਕ ਧੀ ਸੀ ਨਿਸ਼ਾ। ਨਿਸ਼ਾ ਜਨਮ ਤਂ ਦੋ ਤਿੰਨ ਮਹੀਨਿਆਂ ਦੀ ਵਿੱਥ 'ਤੇ ਹੀ ਮਾਂ-ਮਹਿਟਰ ਹੋ ਗਈ ਸੀ। ਧਰਮ ਪਤਨੀ ਦੀ ਮੌਤ ਪਿਛੋਂ ਮਨਫੂਲ ਨੇ ਮੁੜ ਕੇ ਘਰ ਨਹੀਂ ਸੀ ਵਸਾਇਆ। ਮਨਫੂਲ ਦੀ ਵੱਡੀ ਭਰਜਾਈ ਰੇਸ਼ਮੀ ਨੇ ਹੀ ਨਿਸ਼ਾ ਨੂੰ ਮਾਂ ਵਾਲਾ ਨਿੱਘ ਅਤੇ ਹੇਰਵਾ ਦਿੱਤਾ ਸੀ। ਮਨਫੂਲ ਨੂੰ ਪੁੱਤਰ ਦੀ ਘਾਟ ਕਦੀ ਨਹੀਂ ਸੀ ਰੜਕੀ। ਉਹ ਤਾਂ ਨਿਸ਼ਾ ਨੂੰ ਹੀ ਸੱਤ ਪੁੱਤਰਾਂ ਵਰਗੀ ਧੀ ਸਮਝਦਾ ਸੀ। ਬਘਾਣੇ ਦੇ ਪ੍ਰਾਇਮਰੀ ਸਕੂਲ ਵਿਚੋਂ ਹੀ ਨਿਸ਼ਾ ਨੇ ਚੌਥੀ ਜਮਾਤ ਪਾਸ ਕਰ ਲਈ ਸੀ। ਮੁੜ ਕੇ ਸਕੂਲ ਜਾਣ ਤੋਂ ਪਹਿਲਾਂ ਅਜੇ ਕੁੱਝ ਛੁੱਟੀਆਂ ਬਚਦੀਆਂ ਸਨ। ਨਿਸ਼ਾ ਅਕਸਰ ਮੁੰਡਿਆਂ ਨਾਲ ਹੀ ਖੇਡਦੀ ਰਹਿੰਦੀ। ਉਸਦਾ ਜਦ ਕਦੀ ਵੀ ਖੇਡਣ ਨੂੰ ਜੀਅ ਕਰਦਾ ਤਾਂ ਉਹ ਨਰੇਸ਼ ਨੂੰ ਉਸਦੇ ਘਰੋਂ ਬੁਲਾ ਕੇ ਲੈ ਜਾਂਦੀ। ਜੇ ਕਦੀ ਨਰੇਸ਼ ਖੇਡਣ ਖਾਤਰ ਨਿਸ਼ਾ ਦਾ ਸਾਥ ਦੇਣ ਤੋਂ ਨਾਂਹ ਕਰਦਾ ਤਾਂ ਉਹ ਮੂੰਹ ਬੁਲ੍ਹ ਵੱਟਦੀ ਆਪਣੇ ਘਰ ਨੂੰ ਹੀ ਪਰਤ ਜਾਂਦੀ ਪਰ ਖੇਡਣ ਨਹੀਂ ਸੀ ਜਾਂਦੀ। ਲੁੱਕਣ-ਮੀਟੀ ਜਾਂ ਹੋਰ ਕਿਸੇ ਵੀ ਖੇਡ ਵਿਚ ਹਾਣੀ-ਹਹਾਣੀ ਬਣਨ ਵੇਲੇ ਨਿਸ਼ਾ ਤੇ ਨਰੇਸ਼ ਦਾ ਇਹੀ ਯਤਨ ਰਹਿੰਦਾ ਕਿ ਉਹ ਦੋਵੇਂ ਹੀ ਹਾਣੀ-ਹਾਣੀ ਬਣਨ। ਕਈ ਨਿਆਣੇ ਇਨ੍ਹਾਂ ਦੋਹਾਂ ਦੀ ਦੋਸਤੀ ਤੋਂ ਸੜਦੇ ਵੀ ਸਨ। ਮੁੰਡਿਆਂ ਨਾਲ ਖੇਡਣ ਤੋਂ ਰੇਸ਼ਮੀ ਤਾਂ ਨਿਸ਼ਾ ਨੂੰ ਕਈ ਵਾਰ ਝਿੜਕ ਦਿੰਦੀ ਸੀ। ਚੌਧਰੀ ਮਨਫੂਲ ਨੇ ਆਪ ਨਿਸ਼ਾ ਨੂੰ ਮੁੰਡਿਆਂ ਨਾਲ ਖੇਡਣ ਤੋਂ ਕਦੀ ਨਹੀਂ ਸੀ ਵਰਜਿਆ। ਨਿਸ਼ਾ ਹੈ ਵੀ ਤਾਂ ਨਿਆਣੀ ਹੀ ਸੀ। ਨਾਲੇ ਉਹ ਕਿਹੜਾ ਓਪਰਿਆਂ ਨਾਲ ਖੇਡਦੀ ਸੀ। ਮਨਫੂਲ ਨੂੰ ਸਭ ਤੋਂ ਵੱਧ ਬੇਫਿਕਰੀ ਇਸੇ ਗੱਲ ਦੀ ਹੀ ਸੀ ਕਿ ਨਿਸ਼ਾ ਦੇ ਖੇਡਣ ਮੱਲ੍ਹਣ ਦੇ ਵਕਤ ਦੀਨ-ਦਿਆਲ ਦਾ ਪੁੱਤਰ ਨਰੇਸ਼ ਹਰ ਵੇਲੇ ਨਿਸ਼ਾ ਦੇ ਨਾਲ ਹੀ ਤਾਂ ਹੁੰਦਾ ਸੀ। ਬਘਾਣੇ ਪਿੰਡ ਦੀ ਵਸੋਂ ਵਾਲਾ ਇਲਾਕਾ ਖਤਮ ਹੁੰਦਿਆਂ ਹੀ ਬਾਹਰ-ਵਾਰ ਫਿਰਨੀ ਨਾਲ ਲੱਗਦਾ ਇਕ ਡੂੰਘਾ ਜਿਹਾ ਛੱਪੜ ਸੀ। ਅੱਜ ਵੀ ਹੈ। ਕਲ ਰਹੇ ਨਾ ਰਹੇ। ਵੱਧਦੀ ਵਸੋਂ ਦੇ ਨਾਲ-ਨਾਲ ਵੱਧ ਰਹੇ ਵਿਹੜਿਆਂ ਖਾਤਰ ਛੱਪੜ ਟੋਭੇ ਤਾਂ ਕਦੀ ਵੀ ਪੂਰੇ ਜਾ ਸਕਦੇ ਨੇ। ਇਸ ਛੱਪੜ ਦਾ ਅੱਧਾ ਕੰਢਾ ਤਾਂ ਵਸੋਂ ਦੇ ਨਾਲ-ਨਾਲ ਲੱਗਦਾ ਸੀ ਅਤੇ ਦੂਜਾ ਅੱਧ ਇਕ ਲੰਮੇ ਚੌੜੇ ਮੈਦਾਨ ਨਾਲ ਜੁੜਿਆ ਹੋਇਆ ਸੀ। ਬਿਲਕੁੱਲ ਉਵੇਂ, ਜਿਵੇਂ ਕਿਸੇ ਮੁਟਿਆਰ ਦੇ ਪੈਰਾਂ ਨਾਲ ਝਾਂਜਰਾਂ। ਵਸੋਂ ਦੇ ਨੇੜਲੇ ਕੰਢੇ ਦੇ ਨਾਲ-ਨਾਲ ਅੱਕ ਦੇ ਹਰੇ ਕਚੂਰ ਬੂਟਿਆਂ ਦੀ ਇਕ ਗੋਲ ਜਿਹੀ ਪਾਲ ਸੀ। ਨੀਮ ਬੈਂਗਣੀ ਭਾਅ ਮਾਰਦੇ ਫੁੱਲਾਂ ਵਿਚੋਂ ਇਕ ਸਰੂਰ ਜਿਹਾ ਛਲਕਦਾ ਸੀ। ਇਹ ਫੁੱਲ...ਫੁੱਲ ਨਾ ਹੋ ਕੇ ਕਿਸੇ ਜੋਬਨ ਮੱਤੀ ਮੁਟਿਆਰ ਦੀਆਂ ਅੱਖਾਂ ਹੀ ਤਾਂ ਲੱਗਦੇ ਸਨ। ਬਸੰਤ ਰੁੱਤ ਦੀ ਖੁਮਾਰੀ ਸਮੇਟੀ ਮਸਤੀ 'ਚ ਝੂਮਦੇ ਸਨ ਇਹ ਫੁੱਲ। ਇਹ ਛੱਪੜ ਪਿੰਡ ਦੀਆਂ ਨੂੰਹਾਂ-ਧੀਆਂ, ਹਾਲੀਆਂ-ਪਾਲੀਆਂ ਅਤੇ ਮਾਲ-ਡੰਗਰ ਦੀ ਜ਼ਿੰਦਗੀ ਦਾ ਇਕ ਹਿੱਸਾ ਹੀ ਬਣ ਚੁੱਕਿਆ ਸੀ। ਪਿੰਡ ਦੀਆਂ ਨੂੰਹਾਂ ਧੀਆਂ ਜਿਹੜੀਆਂ ਗੱਲਾਂ ਬਾਤਾਂ ਆਪਣੇ ਘਰਾਂ ਦੇ ਚੌਕੇ ਵਿਹੜੇ ਵਿਚ ਨਹੀਂ ਸਨ ਕਰ ਸਕਦੀਆਂ। ਇਥੇ ਕੱਪੜੇ ਲੀੜੇ ਧੋਂਦੀਆਂ ਲੂਣ ਮਿਰਚ ਲਾ ਕੇ ਵੀ ਕਰ ਲੈਂਦੀਆਂ। ਇਕ ਦੂਜੀ ਦੇ ਖਿਲਾਫ ਤੋਹਮਤਾਂ ਧਰਦੀਆਂ ਤੇ ਚੁਗਲੀਆਂ ਕਰਦੀਆਂ। ਅੱਖ-ਮਟੱਕੇ ਦੇ ਸ਼ੌਕੀਨ ਮੁੱਛ-ਫੁੱਟ ਗੱਭਰੂ ਅੱਜੀਂ ਪੱਜੀਂ ਇਨ੍ਹਾਂ ਨੂੰ ਆਪਣੇ ਗੇੜਿਆਂ ਦਾ ਅਹਿਸਾਸ ਵੀ ਕਰਵਾ ਜਾਂਦੇ ਸਨ। ਛੱਪੜ ਦੇ ਨੇੜੇ ਹੀ 40-50 ਕਰੂਆਂ ਦੀ ਵਿੱਥ 'ਤੇ ਇਕ ਬੋਹੜਾ ਸੀ...ਹੈ...ਬਹੁਤ ਹੀ ਪੁਰਾਣਾ! ਇਸ ਬੋਹੜ ਦੀ ਦਾੜ੍ਹੀ ਕਈ ਟਾਹਣਾਂ ਵਿਚੋਂ ਲਮਕਦੀ-ਲਮਕਦੀ ਮੁੜ ਧਰਤੀ ਵਿਚ ਇਸ ਦੀ ਜੜ੍ਹ ਵਾਂਗ ਜੜ੍ਹ ਹੀ ਤਾਂ ਬਣ ਗਈ ਸੀ। ਸਿੰਧੂ ਅਮਲੀ ਘਰ ਦੀ ਕੱਢੀ ਹੋਈ ਦਾਰੂ ਫੁੱਟਬਾਲ ਦੇ ਬਲੈਡਰ ਵਿਚ ਪਾ ਕੇ ਇਸੇ ਬੋਹੜ ਦੇ ਕਿਸੇ ਟਾਹਣ ਤੇ ਚੌੜੇ-ਚੌੜੇ ਪੱਤਿਆਂ ਦੀ ਓਟ ਵਿਚ ਹੀ ਬੰਨ੍ਹ ਛੱਡਦਾ ਸੀ। ਕਈ ਵਾਰ ਪੁਲਿਸ ਵੀ ਪਈ। ਕਈ ਪਿਆਕੜਾਂ ਸ਼ਰਤਾਂ ਲਾ-ਲਾ ਕੇ ਅਮਲੀ ਦੀ ਦਾਰੂ ਦਾ ਖੁਰਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਦੀ ਵੀ ਕਿਸੇ ਨੂੰ ਕੋਈ ਥਹੁ-ਪਤਾ ਨਾ ਲੱਗਿਆ। ਪਿੰਡ ਦੇ ਮੋਹਤਬਰਾਂ ਨੇ ਸਲਾਹ-ਮਸ਼ਵਰਾ ਕੀਤਾ। ਬੋਹੜ ਦੇ ਮੁੱਢ-ਚੁਫੇਰੇ ਇਕ ਪੱਕਾ ਥੜਾ ਬਣਵਾ ਦਿੱਤਾ। ਪੋਹ ਮਾਘ ਦੇ ਕੱਕਰ ਨਾਲ ਠਰਦੇ ਦਿਨਾਂ ਵਿਚ ਵੀ ਇਸ ਬੋਹੜ ਦੇ ਥੜੇ 'ਤੇ ਰੌਣਕ ਲੱਗੀ ਹੀ ਰਹਿੰਦੀ। ਸਵੇਰ ਦੀਆਂ ਸਜਰੀਆਂ ਕਿਰਨਾਂ ਦੀ ਆਮਦ ਦੇ ਨਾਲ ਹੀ ਪਿੰਡ ਦੇ ਛੜੇ ਕਿਤੋਂ ਨਾ ਕਿਤੋਂ ਪਰਾਲੀ ਦੇ ਦੋ-ਚਾਰ ਥੱਬੇ ਚੁੱਕ ਲਿਆਉਂਦੇ। ਖੇਸਾਂ ਕੰਬਲਾਂ ਦੀਆਂ ਬੁੱਕਲਾਂ ਮਾਰੀ ਠੁਰ-ਠੁਰ ਛੜੇ ਧੂਣੀ ਧੁਖਾ ਕੇ ਮਹਿਫਲ ਜਮ੍ਹਾਂ ਲੈਂਦੇ। ਉਨ੍ਹਾਂ ਦੇ ਅੰਦਰੋਂ ਪਰਾਲੀ ਦੇ ਧੂੰਏ ਵਰਗੀਆਂ ਗਲਾਂ ਹੀ ਨਿਕਲਦੀਆਂ। ''ਤਾਰਿਆ'' ''ਹੂੰ'' ''ਉਹ ਭੈਂਗੀ ਜਹੀ ਆ ਨਾ ਸੀਬੋ!'' ''ਆਹੋ ਦਸ ਗੱਲ ਕੀ ਆ?'' ''ਸਾਲੀ ਮੱਚੀ ਫਿਰਦੀ ਆ ਅਜ ਕਲ!'' ''ਛੇੜ ਕੇ ਈ ਦੇਖ ਲੈ ਕਿਤੇ'' ''ਕਿਉਂ?'' ''ਛਿੱਤਰ ਨੀ ਖਾਣੇ?'' ''ਆਪਾਂ ਤਾਂ ਨੀ ਖਾਂਦੇ ਛਿੱਤਰ, ਪਰ ਐਂ ਸੁਣ ਲੈ ਪਈ ਇਹ ਨਿਕਲੂ ਜ਼ਰੂਰ!'' ''ਨਾ ਤੂੰ ਰਾਲਾਂ ਕਾਹਤੋਂ ਸੁੱਟਦਾ ਰਹਿਨੈਂ?'' ''ਉਂਏ ਯਾਰ ਤਾਂ ਊਂ ਹੀ ਬਦਨਾਮ ਆ! ਰੰਨਾਂ ਆਲੇ ਕਿਹੜੇ ਘੱਟ ਆ! ਮਾਸਟਰ ਆ ਨਾ ਮਾਸਟਰ, ਸਾਲਾ ਖੁੰਭ ਅਰਗੀ ਪੱਟੀ ਫਿਰਦੈ।'' ''ਸੱਚੀਂ ਕਹਿ!'' ''ਸੌਂਹ ਰੱਬ ਦੀ ਨਾਲੇ ਮੈਂ ਝੂਠ ਬੋਲ ਕੇ ਕੀ ਲੈਣਾ।'' ਇਸੇ ਤਰ੍ਹਾਂ ਹੀ ਕਈ ਹੋਰ ਏਧਰ-ਓਧਰ ਦੀਆਂ ਗੱਲਾਂ ਅਤੇ ਇਨ੍ਹਾਂ ਗੱਲਾਂ ਦੇ ਨਾਲ ਜਿੰਨਾ ਵੀ ਮਿਰਚ-ਮਸਾਲਾ ਲੱਗ ਸਕਦਾ, ਛੜੇ ਰੱਜ ਕੇ ਲਾਂਦੇ। ਰੱਤਾ ਵੀ ਗੁਰੇਜ਼ ਨਾ ਕਰਦੇ। ਪਾਲੇ ਦਾ ਜ਼ੋਰ ਘੱਟਣ ਦੇ ਨਾਲ ਹੀ ਕੋਈ-ਕੋਈ ਸਿਆਣਾ ਵੀ ਬੋਹੜ ਦੇ ਥੜੇ 'ਤੇ ਆਉਣਾ ਸ਼ੁਰੂ ਹੋ ਜਾਂਦਾ। ਕਿਸੇ ਸਿਆਣੇ ਦੇ ਆਉਣ ਸਾਰ ਹੀ ਇਹ ਮੁੰਡੇ ਆਪਣੀਆਂ ਗੱਲਾਂ ਦਾ ਪੈਂਤਰਾ ਬਦਲ ਲੈਂਦੇ। ਪਹਿਲਾਂ ਚੱਲਦੀ ਗੱਲ ਨੂੰ ਤਾਂ ਜਿਵੇਂ ਕੋਈ ਸੱਪ ਹੀ ਸੁੰਘ ਜਾਂਦਾ। ਦੋ-ਚਾਰ ਸਿਆਣਿਆਂ ਦੇ ਇਕੱਠੇ ਹੁੰਦਿਆਂ ਹੀ ਇਹ ਮੁੰਡੇ ਕਿਰਮੋ-ਕਿਰਮੀ ਸਰਕ ਜਾਂਦੇ। ਇਨ੍ਹਾਂ ਛੜਿਆਂ ਨੂੰ ਅੰਦਰਖਾਤੇ ਇਹ ਅਹੁਰ ਹੁੰਦੀ ਹੀ ਸੀ ਕਿ ਬਜ਼ੁਰਗਾਂ ਨੇ ਕਿਸੇ ਨਾ ਕਿਸੇ ਦੀ ਗਲੀਂ-ਬਾਤੀ ਲਾਹ-ਪਾਹ ਜ਼ਰੂਰ ਕਰ ਦੇਣੀ ਸੀ। ਹਾਂ, ਇਨ੍ਹਾਂ ਮੁੰਡਿਆਂ ਦੇ ਜਾਣ ਮਗਰੋਂ ਇਨ੍ਹਾਂ ਦੇ ਹੱਥਾਂ ਦੀ ਮਘਾਈ ਹੋਈ ਧੂਣੀ ਦਾ ਲਾਹਾ ਬਜ਼ੁਰਗ ਹੀ ਲੈਂਦੇ। ਇਹ ਬਜ਼ੁਰਗ ਵੀ ਇਸ ਬੋਹੜ ਥੱਲੇ ਥੜੇ 'ਤੇ ਬੈਠ ਕੇ ਧੂਣੀ ਸੇਕਦੇ। ਆਪੋ ਆਪਣੀਆਂ ਮੱਲਾਂ ਅਤੇ ਟੁੱਟ-ਭੱਜ ਦੀਆਂ ਗੱਲਾਂ ਸੁਣਦੇ ਤੇ ਸੁਣਾਉਂਦੇ। ਬਜ਼ੁਰਗ ਗੱਲਾਂ ਵਿਚ ਏਨੇ ਖੁੱਭ ਜਾਂਦੇ ਕਿ ਘਰ ਪਰਤਣ ਦੀ ਕਾਹਲ ਜਨਮ ਹੀ ਨਹੀਂ ਸੀ ਲੈਂਦੇ। ਚਾਰ ਜੇ ਮਹੀਨੇ ਦੀ ਕਿਸੇ ਸਿਖਰ ਦੁਪਹਿਰ ਦਾ ਵੇਲਾ ਸੀ। ਚੌਧਰੀ ਮਨਫਲ, ਸਿੰਧੀਆਂ ਦਾ ਤਾਇਆ ਕਰਤਾਰਾ, ਦੀਨ ਦਿਆਲ ਅਤੇ ਲੁਹਾਰਾਂ ਦਾ ਅਸਲਮ ਬੋਹੜ ਥੱਲੇ ਥੜੇ 'ਤੇ ਬੈਠੇ ਚੌਸਰ ਖੇਡ ਰਹੇ ਸਨ। ਅਸਲਮ ਉਸ ਮੁਸਲਮਾਨੀ ਟੱਬਰ ਵਿਚੋਂ ਸੀ ਜਿਸ ਨੂੰ 1947 ਦੇ ਰੌਲਿਆਂ ਵੇਲੇ ਪਿੰਡ ਦੇ ਜ਼ਿਮੀਂਦਾਰਾਂ ਨੇ ਆਪਣੀਆਂ ਕਿਸਾਨੀ ਲੋੜਾਂ ਪੂਰੀਆਂ ਕਰਨ ਖਾਤਰ ਜ਼ੋਰ ਦੇ ਕੇ ਏਧਰ ਹੀ ਰੱਖ ਲਿਆ ਸੀ। ਇਸ ਟੱਬਰ ਦੇ ਹੋਰ ਸਾਰੇ ਦੇ ਸਾਰੇ ਜੀਅ ਪਿੰਡ ਵਾਲਿਆਂ ਦੇ ਡੱਕਣ ਦੇ ਬਾਵਜੂਦ ਅਗਲੇ ਕਿਸੇ ਡਰ ਤੋਂ ਤ੍ਰਹਿੰਦੇ ਆਪਣੇ ਬਾਲ ਬੱਚਿਆਂ ਸਣੇ ਪਾਕਿਸਤਾਨ ਤੁਰ ਗਏ ਸਨ। ਅਸਲਮ ਦੇ ਇਕ ਚਾਚੇ ਦਾ ਪੁੱਤਰ ਸ਼ੇਰ ਖਾਨ ਅਕਸਰ ਭਾਰਤ ਆਉਂਦਾ ਰਹਿੰਦਾ। ਬਘਾਣੇ ਪਿੰਡ ਦੇ ਜੀ ਜੀ ਨੂੰ ਮਿਲਦਾ। ਪਿੰਡ ਦੀ ਮਿੱਟੀ ਨਾਲ ਆਪਣਾ ਮੋਹ ਪਾਲਦਾ ਤੇ ਸਿੱਜਲ ਅੱਖਾਂ ਨਾਲ ਮੁੜ ਪਾਕਿਸਤਾਨ ਪਰਤ ਜਾਂਦਾ। ਹਾਂ, ਗੱਲ ਚੌਸਰ ਦੀ ਚੱਲ ਰਹੀ ਸੀ। ਚੌਧਰੀ ਮਨਫੂਲ ਚੌਸਰ ਦੀ ਕਿਸੇ ਚਾਲ ਬਾਰੇ ਸੋਚ ਰਿਹਾ ਸੀ। ਉਥੇ ਨਿਆਣਿਆਂ ਦੀ ਇਕ ਢਾਣੀ ਆ ਪਹੁੰਚੀ। ਨਰੇਸ਼, ਜੀਤੂ, ਪ੍ਰੀਤੂ, ਨਿਸ਼ਾ ਅਤੇ ਦੋ-ਚਾਰ ਹੋਰ ਨਿਆਣੇ ਸਨ। ਚੌਧਰੀ ਮਨਫੂਲ ਦੀ ਖੁਲ੍ਹ ਦਿਲੀ ਸੀ ਕਿ ਨਿਸ਼ਾ ਹੁਣ ਮੁੰਡਿਆਂ ਦੀ ਸੰਗਤ ਵਿਚ ਖੇਡਣੋਂ ਕਤਰਾਂਦੀ ਨਹੀਂ ਸੀ। ਉਸਦੇ ਬੋਲਾਂ ਵਿਚੋਂ ਨਿਡਰਤਾ ਅਤੇ ਨਿੱਝਕਤਾ ਦੋਵੇਂ ਸਾਫ ਝਲਕਾਂ ਮਾਰਦੀਆਂ ਸਨ। 'ਡੰਡਾ ਤੂੰ ਬਣਾ ਕੇ ਲਿਆ' ਨਰੇਸ਼ ਨੇ ਨਿਸ਼ਾ ਨੂੰ ਕਿਹਾ ਸੀ। ''ਕੱਲ ਵੀ ਤੇ ਮੈਂ ਈ ਬਣਾਇਆ ਸੀ।'' ਨਿਸ਼ਾ ਦੀ ਜਵਾਬੀ ਸੁਰ ਚਿੱਥਵੇਂ ਲਹਿਜ਼ੇ ਵਾਲੀ ਸੀੇ। ''ਨਾ ਬਣਾਇਆ ਤਾਂ ਰੋਵੇਂਗੀ ਵੀ ਅੱਜ'' ਨਰੇਸ਼ ਨੇ ਨਿਸ਼ਾ ਨੂੰ ਦਾਬਾ ਜਿਹਾ ਮਾਰਿਆ ਸੀ। ਨਿਆਣਿਆਂ ਦਾ ਰੌਲਾ ਰੱਪਾ ਵੱਧੀ ਜਾ ਰਿਹਾ ਸੀ। 'ਇਨ੍ਹਾਂ ਬਾਂਦਰਾਂ ਸਾਨੂੰ ਖੇਡਣ ਥੋੜ੍ਹਾ ਦੇਣੈਂ', ਮਨਫੂਲ ਦੇ ਇਨ੍ਹਾਂ ਸ਼ਬਦਾਂ ਦਾ ਦੀਨ ਦਿਆਲ ਨੇ ਵੀ ਪੱਖ ਪੂਰ ਦਿੱਤਾ। ਏਦਾਂ ਜਿੱਤ ਹਾਰ ਦੇ ਫੈਸਲੇ ਤੋਂ ਬਿਨਾਂ ਹੀ ਚੌਸਰ ਦੀ ਖੇਡ ਖਤਮ ਹੋ ਗਈ। ਮਨਫੂਲ, ਦੀਨ ਦਿਆਲ ਤਾਇਆ ਕਰਤਾਰਾ ਅਤੇ ਅਸਲਮ ਆਪੋ ਆਪਣੇ ਘਰਾਂ ਨੂੰ ਪਰਤ ਗਏ। ''ਪੁੱਤ ਘਰੇ ਵੇਲੇ ਨਾਲ ਪਰਤ ਆਵੀਂ'' ਘਰ ਨੂੰ ਪਰਤਦਾ ਮਨਫੂਲ ਨਿਸ਼ਾ ਨੂੰ ਕਹਿ ਗਿਆ ਸੀ। ਹੁਣ ਨਰੇਸ਼ ਅਤੇ ਉਸਦੀ ਜੁੰਡਲੀ ਲਈ ਚੂਈ ਚਲਾਂਗਾ ਖੇਡਣ ਵਾਸਤੇ ਮੈਦਾਨ ਸਾਫ ਸੀ। ਮੂੰਹ ਨੂੰ ਵਿੰਗਾ ਚਿੱਬਾ ਕਰਕੇ ਗੁੱਸੇ ਦਾ ਇਜ਼ਹਾਰ ਕਰਦਿਆਂ ''ਕੱਲ ਨੂੰ ਆਪੇ ਬਣਾਵੀਂ'' ਕਹਿ ਕੇ ਨਿਸ਼ਾ ਨੇ ਡੰਡਾ ਨਰੇਸ਼ ਦੇ ਹੱਥ ਵਿਚ ਫੜਾ ਦਿੱਤਾ ਸੀ। ਡੰਡਾ ਫੜਨ ਸਾਰ ਨਰੇਸ਼ ਨੇ ਆਪਣੀ ਸੱਜੀ ਲੱਤ ਥੋੜ੍ਹੀ ਜਿਹੀ ਉਤਾਂਹ ਚੁੱਕੀ ਅਤੇ ਉਸ ਦੇ ਥੱਲਿਉਂ ਡੰਡੇ ਨੂੰ ਭੂਆ ਕੇ ਦੂਰ ਮਾਰਿਆ ਤੇ ਨਾਲ ਦੀ ਨਾਲ ਟੁਣਕਵੀਂ ਆਵਾਜ਼ ਵਿਚ ਕਿਹਾ, ''ਨਿਸ਼ਾ! ਡੰਡਾ ਕਲ ਨੂੰ ਵੀ ਤੁਹੀਉਂ ਬਣਾਏਂਗੀ।'' ਖੇਡਦਿਆਂ ਖੇਡਦਿਆਂ ਕਿਸੇ ਨਾ ਕਿਸੇ ਪੰਜ ਨਿਆਣਿਆਂ ਦਾ ਆਪੋ ਵਿਚ ਰੌਲਾ ਪੈ ਜਾਂਦਾ। ਗੱਲ ਧੱਪੇ ਮੁੱਕੀ ਦੇ ਨਾਲ-ਨਾਲ ਚੱਕ-ਚੂੰਡੀਆਂ ਤੱਕ ਪਹੁੰਚ ਜਾਂਦੀ ੀ। ਅਜਿਹੇ ਰੌਲੇ ਵਿਚ ਹੀ ਅਕਸਰ ਇਨ੍ਹਾਂ ਸਭਨਾਂ ਦੀ ਖੇਡ ਖਤਮ ਹੋ ਜਾਂਦੀ ਸੀ। ਛੁੱਟੀਆਂ ਖਤਮ ਹੋ ਗਈਆਂ ਸਨ। ਸਕੂਲ ਮੁੜ ਕੇ ਲੱਗ ਗਏ। ਬਹੁਤੇ ਮੁੰਡੇ ਕੁੜੀਆਂ ਹੁਣ ਨਵੀਂਆਂ ਜਮਾਤਾਂ ਵਿਚ ਸਨ। ਤੀਜੀ ਵਾਲੇ ਚੌਥੀ ਵਿਚ ਅਤੇ ਚੌਥੀ ਵਾਲੇ ਪੰਜਵੀਂ। ਪੰਜਵੀਂ ਵਾਲੇ ਮੁੰਡੇ ਕੁੜੀਆਂ ਲਈ ਸਕੂਲ ਵੀ ਬਦਲ ਗਿਆ ਸੀ। ਮੁੰਡਿਆਂ ਲਈ ਬਘਾਣੇ ਤੋਂ ਕੋਈ ਦੋ ਮੀਲ ਦੀ ਵਿੱਥ 'ਤੇ ਪਾਸ਼ਟਾਂ ਨਰੂੜ ਪਬਲਿਕ ਹਾਈ ਸਕੂਲ ਸੀ। ਹੁਣ ਨਰੇਸ਼ ਨਵੇਂ ਸਕੂਲ ਵਿਚ ਜਾਂਦਾ ਸੀ। ਸਾਈਕਲ ਉਤੇ ਰੋਜ਼ ਦੋ ਮੀਲ ਜਾਣ ਤੇ ਦੋ ਮੀਲ ਆਉਣ। ਨਿਸ਼ਾ ਪੰਜਵੀਂ ਜਮਾਤ ਵਿਚ ਹੋ ਗਈ ਸੀ। ਉਸਦੀ ਜਮਾਤ ਹੀ ਬਦਲੀ ਸੀ, ਸਕੂਲ ਨਹੀਂ ਸੀ ਬਦਲਿਆ। ਚੌਥੀ ਤੀਕਰ ਸਕੂਲ ਜਾਂਦਿਆਂ ਅਤੇ ਸਕੂਲ ਤੋਂ ਘਰ ਪਰਤਦਿਆਂ ਉਸਦਾ ਸਾਥ ਨਰੇਸ਼ ਹੀ ਹੁੰਦਾ ਸੀ। ਪੰਜਵੀਂ ਜਮਾਤ ਦੇ ਪਹਿਲੇ ਕੁਝ ਦਿਨ ਤਾਂ ਨਿਸ਼ਾ ਇਕੱਲੀ ਹੀ ਸਕੂਲ ਜਾਂਦੀ ਰਹੀ ਅਤੇ ਇਕੱਲੀ ਹੀ ਘਰ ਪਰਤਦੀ ਰਹੀ। ਉਹ ਰਾਹ ਵਿਚ ਕਈ ਵਾਰ ਉਦਾਸ ਵੀ ਹੋ ਜਾਂਦੀ ਸੀ। ਇਕੱਲਿਆਂ ਜਾਣਾ ਆਉਣਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਜਦੋਂ ਨਰੇਸ਼ ਦੇ ਨਾਲ ਸਕੂਲ ਜਾਂਦੀ ਸੀ ਤਾਂ ਉਸ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਘਰੋਂ ਸਕੂਲ ਤੱਕ ਅਤੇ ਸਕੂਲ ਤੋਂ ਘਰ ਤੱਕ ਦੀ ਵਾਟ ਕਦੋਂ ਖਤਮ ਹੋ ਜਾਂਦੀ ਸੀ। ਹੁਣ...ਹੁਣ ਤਾਂ ਨਿਸ਼ਾ ਨੂੰ ਇਹ ਪੰਧ ਬਹੁਤ ਹੀ ਲੰਮਾ ਲੱਗਦਾ। ਮੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ। ਇਨ੍ਹੀਂ ਦਿਨੀਂ ਹੀ ਨਿਸ਼ਾ ਨੇ ਇਕ ਸਹੇਲੀ ਬਣਾ ਲਈ ਸੀ...ਮੀਤਾਂ। ਨਿਆਈਂ ਵਾਲੇ ਗਿੱਲਾਂ ਦੇ ਸੁਲੱਖਣ ਸਿੰਘ ਦੀ ਧੀ ਸੀ ਗੁਰਮੀਤ। ਉਸ ਦੀਆਂ ਸਹੇਲੀਆਂ ਅਤੇ ਘਰ ਦੇ ਸਾਰੇ ਜੀਅ ਉਸ ਨੂੰ ਮੀਤਾਂ ਕਹਿ ਕੇ ਹੀ ਬੁਲਾਉਂਦੇ ਸਨ। ਮੀਤਾਂ ਇਕ ਪੁੱਲ ਬਣ ਗਈ ਸੀ। ਪੁਲ ਦੋਸਤੀਆਂ ਦਾ। ਰਵੀ, ਦੀਪ ਅਤੇ ਜਿੰਦਰੀ ਵੀ ਨਿਸ਼ਾ ਦੀਆਂ ਸਹੇਲੀਆਂ ਬਣ ਗਈਆਂ ਸਨ। ਜਿੰਦਰੀ ਤਾਂ ਚੌਥੀ ਵਿਚ ਸੀ। ਪਰ ਰਵੀ, ਦੀਪ ਅਤੇ ਨਿਸ਼ਾ ਇਕੋ ਹੀ ਜਮਾਤ ਵਿਚ ਪੜ੍ਹਦੀਆਂਸਨ। ਇਹ ਚਾਰੇ ਇਕੱਠੀਆਂ ਹੀ ਸਕੂਲ ਜਾਂਦੀਆਂ। ਛੁੱਟੀ ਪਿਛੋਂ ਇਕੱਠੀਆਂ ਹੀ ਘਰਾਂ ਨੂੰ ਪਰਤਦੀਆਂ। ਹੁਣ ਨਿਸ਼ਾ ਮੁੰਡਿਆਂ ਨਾਲ ਨਹੀਂ ਸੀ ਖੇਡਦੀ। ਮੁੰਡਿਆਂ ਵਾਲੀਆਂ ਖੇਡਾਂ ਵੀ ਛੱਡ ਦਿੱਤੀਆਂ ਸਨ ਉਸਨੇ। ਹੁਣ ਉਹ ਖੇਡਦੀ ਤਾਂ ਸਿਰਫ ਆਪਣੀਆਂ ਸਹੇਲੀਆਂ ਦੇ ਨਾਲ ਹੀ। ਨਾਲੇ ਖੇਡਾਂ ਵੀ ਕੁੜੀਆਂ ਵਾਲੀਆਂ। ਕਦੀ ਅੱਡੀ-ਟੱਪਾ, ਕਦੀ ਸਟਾਪੂ ਅਤੇ ਕਦੇ ਕਦੇ ਕਿਸੇ ਸਹੇਲੀ ਦੀ ਲੱਤ ਨਾਲ ਲੱਤ ਵਲਾ ਦੇਣੀ...ਉਸਦੇ ਹੱਥਾਂ ਨਾਲ ਆਪਣੇ ਹੱਥਾਂ ਦੀ ਕਰਿੰਗੜੀ ਪਾ ਲੈਣੀ ਤੇ ਫਿਰ 'ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।'' ਕਿਕਲੀ ਪਾਉਂਦੀ ਇਕ ਵਾਰੀ ਤਾਂ ਵਾ ਵਾ-ਵਰੋਲਾ ਬਣ ਜਾਂਦੀ ਸੀ ਨਿਸ਼ਾ। ਕਿਕਲੀ ਪਾਉਂਦੀਆਂ ਕੁੜੀਆਂ ਦੀਆਂ ਅੱਡੀਆਂ ਲਿੱਪੇ-ਪੋਚੇ ਵਿਹੜੇ ਵਿਚ ਵੀ ਧੂੜ ਉਡਾ ਦਿੰਦੀਆਂ ਸਨ। ਉੱਡਦੀਆਂ ਚੁੰਨੀਆਂ ਵਾਂਗ ਉਡੂੰ-ਉਡੂੰ ਕਰਦੀਆਂ ਸਨ ਇਹ ਕੁੜੀਆਂ। ਕਿਕਲੀ ਪਾਉਂਦੀਆਂ ਕੁੜੀਆਂ ਦੇ ਵਿਚ ਤਿਤਲੀਆਂ ਦੀ ਸ਼ੋਖ ਪਰ ਸਹਿਜ ਉਡਾਰੀ ਝਲਕਦੀ ਸੀ। ਇਕ ਦਿਨ ਕਿਕਲੀ ਪਾਉਂਦੀ ਨਿਸ਼ਾ ਦੀ ਚੁੰਨੀ ਭੋਇੰ ਉਤੇ ਡਿੱਗੀ ਹੀ ਸੀ ਕਿ ਕਾਣਿਆਂ ਮਾਣਿਆਂ ਦੀ ਪੂਰੋ ਆ ਕੜਕੀ 'ਮਰ ਜਾਣੀਓਂ ਹੁਣ ਤੁਸੀਂ ਉਡਾਰ ਹੋ ਗਈਆਂ ਓ। ਚੁੰਨੀਆਂ ਸਾਂਭ ਕੇ ਰੱਖਿਆ ਕਰੋ। ਖਪ ਜਾਣੀਓਂ ਹੁਣ ਅਯਾਣੀਆਂ ਤਾਂ ਨਹੀਂ ਰਹੀਆਂ।'' ਅਕਸਰ ਇਨ੍ਹਾਂ ਕੁੜੀਆਂ ਦਾ ਖੇਡ ਮੈਦਾਨ ਕਿਸੇ ਨਾ ਕਿਸੇ ਕੁੜੀ ਦੇ ਘਰ ਦਾ ਵਿਹੜਾ ਹੀ ਹੁੰਦਾ। ਕਦੇ ਨਿਸ਼ਾ ਦਾ ਤੇ ਕਦੇ ਜਿੰਦਰੀ, ਰਵੀ ਜਾਂ ਦੀਪ ਦੇ ਘਰ ਵਿਹੜਾ। ਪਿੰਡ ਦੀ ਕਿਸੇ ਧੀ ਧਿਆਣੀ ਦੇ ਵਿਆਹ ਵੇਲੇ ਨਿਸ਼ਾ ਅਤੇ ਉਹਦੀਆਂ ਸਹੇਲੀਆਂ ਨੇ ਮਾਹੀਏ ਦੇ ਟੱਪੇ ਗਾਉਣ ਦੀ ਜਾਚ ਵੀ ਸਿੱਖ ਲਈ ਸੀ। ਅਜੇ ਇਨ੍ਹਾਂ ਨੇ ਟੱਪਿਆਂ ਦੇ ਬੋਲ ਜਾਂ ਤਰਜ਼ ਹੀ ਸਿੱਖੀ ਸੀ, ਅਰਥ ਨਹੀਂ..ਇਨ੍ਹਾਂ ਦੀ ਉਮਰ ਨੂੰ ਹਾਲੀ ਹਰਥਾਂ ਦੀ ਲੋੜ ਵੀ ਕੋਈ ਨਹੀਂ ਸੀ। ਹਾਲੀ ਨਿਆਣੀਆਂ ਹੀ ਤਾਂ ਸਨ ਇਹ ਕੁੜੀਆਂ! ਇਨ੍ਹਾਂ ਦੀ ਪ੍ਰਤਿਭਾ ਨੂੰ ਸਿਖਰ 'ਤੇ ਪਹੁੰਚਣ ਲਈ ਅਜੇ ਉਮਰ ਦੀਆਂ ਪੌੜੀਆਂ ਚੜ੍ਹਨ ਦੀ ਲੋੜ ਸੀ। ਨਰੇਸ਼ ਦੇ ਸਾਥ ਦੀ ਘਾ ਨਿਸ਼ਾ ਦੀਆਂ ਸਹੇਲੀਆਂ ਨੇ ਪੂਰੀ ਕਰ ਦਿੱਤੀ ਸੀ। ਘਰ ਤੋਂ ਸਕੂਲ ਤੱਕ ਅਤੇ ਸਕੂਲ ਤੋਂ ਘਰ ਤੱਕ ਦਾ ਪੱਧ ਲੰਮਾ ਹੋ ਕੇ ਫੇਰ ਸੁੰਗੜ ਗਿਆ ਸੀ। ਪੰਜ ਬਸੰਤ ਰੁੱਤ ਭਰ ਜੋਬਨ 'ਤੇ ਸੀ। ਨਿਸਰ ਰਹੀ ਕਣਕ ਦੀਆਂ ਪੈਲੀਆਂ ਦੇ ਚੁਫੇਰੇ ਬੀਜੀ ਹੋਈ ਸਰ੍ਹੋਂ ਵੀ ਸਾਰੀ ਦੀ ਸਾਰੀ ਨਿਸਰ ਚੁੱਕੀ ਸੀ। ਸਰੋਂ ਦੇ ਪੀਲੇ-ਪੀਲੇ ਲਹਿਲਹਾਉਂਦੇ ਫੁੱਲਾਂ ਦੀਆਂ ਜੀਭਾਂ 'ਤੇ ਪਛੋਂ ਦੀਆਂ ਸੀਤ ਹਵਾਵਾਂ ਦੇ ਨਾਲ-ਨਾਲ ਕੁਦਰਤ ਦਾ ਕੋਈ ਗੀਤ ਲਰਜ਼ਦਾ 'ਤੇ ਮਾਨਵ ਮਨਾਂ ਨੂੰ ਨਸ਼ਿਆ ਜਾਂਦਾ। ਝੂਮਦੀ ਬਨਸਪਤੀ ਦੀ ਸੁਰ ਨਾਲ ਸੁਰ ਰਲਾਈ ਹੋਈ ਸੀ ਰੰਗ ਬਰੰਗੀਆਂ ਪਤੰਗਾਂ ਨੇ। ਸਕੂਲਾਂ ਦੀ ਅੱਧੀ ਛੁੱਟੀ ਵੇਲੇ ਅਤੇ ਪੂਰੀ ਛੁੱਟੀ ਤੋਂ ਬਾਅਦ ਨਿਆਣਿਆਂ ਦੀਆ ਰੰਗ-ਬਰੰਗੀਆਂ ਪਤੰਗਾਂ-ਬਰੀਕ ਕਾਗਜ਼ ਦੀਆਂ ਰੰਗੀਨ ਗੁੱਡੀਆਂ ਸਾਰੇ ਦਾ ਸਾਰਾ ਅੰਬਰ ਮੱਲ ਲੈਂਦੀਆਂ ਹਨ। ਆਕਾਸ਼ ਦੇ ਖੁੱਲ੍ਹੇਪਨ 'ਤੇ ਕਾਬਜ਼ ਹੋਈਆਂ ਪਤੰਗਾਂ ਵਿਚੋਂ ਕੁਝ ਇਕ ਪਤੰਗਾਂ ਸਿਆਣਿਆਂ ਦੀਆਂ ਵੀ ਜ਼ਰੂਰ ਹੁੰਦੀਆਂ। ਨਿਆਣੇ। ਸਿਆਣੇ। ਪਤੰਗਾਂ ਚੜ੍ਹਾਂਦੇ। ਇਕ ਦੂਜੇ ਦੀਆਂ ਪਤੰਗਾਂ ਨਾਲ ਪੇਚੇ ਲੜਾਂਦੇ ਤੇ ਗੁੱਡੀ ਲੁੱਟ ਪਤੰਗਾਂ ਲੁੱਟਣ ਵਿਚ ਮਸਤ ਰਹਿੰਦੇ। ਇਕ ਦਿਨ ਦੁਪਹਿਰ ਢਲੇ ਨਰੇਸ਼ ਵੀ ਦੋ ਪਤੰਗਾਂ ਖਰੀਦ ਕੇ ਲੈ ਆਇਆ ਸੀ। ਦੁਹਾਂ ਪਤੰਗਾਂ ਲਈ ਅੱਡੋ-ਅੱਡਰੀ ਡੋਰ ਚਰੱਖੜੀ ਵੀ ਲੈ ਕੇ ਆਇਆ ਸੀ ਉਹ। ਇਕ ਪਤੰਗ ਦਾ ਪਿੰਡਾਂ ਸੂਹੇ ਰੰਗ ਦਾ ਸੀ ਤੇ ਪੂਛਲ ਖੱਟੇ ਰੰਗ ਦੀ। ਦੂਜੀ ਪਤੰਗ ਖੱਟੇ ਰੰਗ ਦੀ ਸੀ ਅਤੇ ਪੂਛਲ ਸੂਹੇ ਰੰਗ ਦੀ। ਨਰੇਸ਼ ਨੇ ਇਕ ਪਤੰਗ ਤਾਂ ਆਪਣੇ ਲਈ ਲਿਆਂਦੀ ਸੀ ਅਤੇ ਦੂਜੀ ਨਿਸ਼ਾ ਲਈ। ਨਿਸ਼ਾ ਦੇ ਸਾਥ ਲਈ। ਕਈ ਦਿਨਾਂ ਤੋਂ ਨਿਸ਼ਾ ਉਹਦੇ ਨਾਲ ਖੇਡੀ ਵੀ ਤਾਂ ਨਹੀਂ ਸੀ। ਉਸਨੂੰ ਤਾਂ ਨਿਸ਼ਾ ਦੇ ਸਾਥ ਦੀ ਲੋੜ ਸੀ। ਇਕ ਪਤੰਗ ਅਤੇ ਡੋਰ ਚਰਖੜੀ ਲੈ ਕੇ ਨਰੇਸ਼ ਨਿਸ਼ਾ ਦੇ ਘਰ ਦੀ ਦਸਤਕ ਬਣ ਗਿਆ ਸੀ। ਬੂਹੇ ਦੇ ਪਲੜ ਖੁਲ੍ਹੇ ਹੋਏ ਹੀ ਸਨ। ਰੇਸ਼ਮੀ ਚੌਕੇ ਵਿਚ ਸੀ। ਰਿੰਨ੍ਹਣ ਪਕਾਉਣ ਵਿਚ ਰੁੱਝੀ ਹੋਈ ਸੀ। ਪਰਾਂ ਨੇੜੇ ਹੀ ਨਿਸ਼ਾ ਮੰਜੀ 'ਤੇ ਬੈਠੀ ਸਕੂਲ ਤੋਂ ਮਿਲਿਆ ਹੋਇਆ ਕੰਮ ਕਰਨ ਵਿਚ ਮਸਤ ਸੀ। ਨਰੇਸ਼ ਦੀ ਆਮਦ ਤੇ ਰੇਸ਼ਮੀ ਕੁਝ ਬੋਲਣ ਹੀ ਲੱਗੀ ਸੀ ਕਿ ਨਰੇਸ਼ ਨੇ ਆਪਣੇ ਬੁੱਲ੍ਹਾਂ ਉਤੇ ਉਂਗਲੀ ਰੱਖ ਕੇ ਤਾਈ ਨੂੰ ਸ਼ਾਂਤ ਰਹਿਣ ਦਾ ਇਸ਼ਾਰਾ ਕਰ ਦਿੱਤਾ ਸੀ। ਇਸ ਵੇਲੇ ਚੌਕੇ ਦੇ ਨੇੜੇ ਹੀ ਦੋ ਬਲੂੰਗੜੇ ਇਕ ਦੂਜੇ ਨਾਲ ਕਲੋਲ ਕਰ ਰਹੇ ਸਨ। ਨਰੇਸ਼ ਹੌਲੀ-ਹੌਲੀ ਦਬੇ ਪੈਰੀਂ ਨਿਸ਼ਾ ਦੀ ਮੰਜੀ ਵੱਲ ਤੁਰੀ ਗਿਆ। ਉਸਨੇ ਆਪਣੀ ਪੈਰ ਚਾਪ ਨਿਸ਼ਾ ਦੇ ਕੰਨੀ ਨਹੀਂ ਸੀ ਪੈਣ ਦਿੱਤੀ। ਨਿਸ਼ਾ ਦੀ ਮੰਜੀ ਕੋਲ ਪਹੁੰਚ ਕੇ ਉਸ ਨੇ ਆਪਣੇ ਸੱਜਣ ਹੱਥ ਦੀ ਤਲੀ ਨਾਲ ਨਿਸ਼ਾ ਦੀਆਂ ਦੋਵੇਂ ਅੱਖਾਂ ਕੱਜ ਦਿੱਤੀਆਂ। ''ਲੈ ਲੈ ਮੈਨੂੰ ਪਤਾ ਨਹੀਂ ਭਲਾ, ਨਰੇਸ਼ ਆ ਤੂੰ।'' ਨਿਸ਼ਾ ਦੇ ਬੋਲਣ ਤੇ ਨਰੇਸ਼ ਦੇ ਨਾਲ-ਨਾਲ ਰੇਸ਼ਮੀ ਵੀ ਮੁਸਕਰਾ ਰਹੀ ਸੀ। ''ਹੁਣ ਛੱਡ ਵੀ ਦੇ ਮੇਰੀਆਂ ਅੱਖਾਂ।'' ਨਿਸ਼ਾ ਨੇ ਤਰਲਾ ਜਿਹਾ ਪਾਇਆ ਸੀ। ''ਪਹਿਲਾਂ ਬੁੱਝ ਮੈਂ ਕੀ ਲਿਆਇਆਂ?'' ਨਰੇਸ਼ ਦੇ ਇਸ ਸਵਾਲ ਦਾ ਨਿਸ਼ਾ ਨੇ ਇਹੀ ਜਵਾਬ ਦਿੱਤਾ ਕਿ ਮੈਂ ਕੋਈ ਜੋਤਸ਼ੀ ਆਂ! ਇਸ ਦੇ ਨਾਲ ਹੀ ਨਿਸ਼ਾ ਨੇ ਆਪਣੀ ਧੌਣ ਝਟਕੀ ਅਤੇ ਇਕ ਹੱਥ ਨਾਲ ਨਰੇਸ਼ ਦੀ ਵੀਣੀ ਵੀ ਫੜੀ ਤੇ ਪਰਾਂ ਝਟਕ ਦਿੱਤੀ। ਨਿਸ਼ਾ ਨੇ ਪਿਛਾਂਹ ਪਰਤ ਕੇ ਵੇਖਿਆ। ਨਰੇਸ਼ ਦੇ ਹੱਥ ਵਿਚ ਪਤੰਗ ਅਤੇ ਡੋਰ ਚਰਖੜੀ ਵੇਖ ਕੇ ਉਹ ਹੈਰਾਨ ਵੀ ਹੋਈ ਅਤੇ ਖੁਸ਼ ਵੀ। ਨਰੇਸ਼...ਨਿਸ਼ਾ...ਦੋਹਾਂ ਦੀਆਂ ਅੱਖਾਂ ਵਿਚ ਇਕ ਚਮਕ ਸੀ। ਚਿਹਰਿਆਂ ਤੇ ਮੁਸਕਰਾਹਟ ਸੀ। ਮਾਂ ਦੀ ਕੁੱਛੜ ਚੁੱਕੇ ਬਾਲਾਂ ਵਾਂਗ ਮੁਸਕਰਾਹਟ! 'ਆ ਚਲ ਚੁਬਾਰੇ 'ਤੇ ਚੱਲੀਏ'' ਨਰੇਸ਼ ਨੇ ਕਿਹਾ। ''ਚੁਬਾਰੇ 'ਤੇ!'' ਨਿਸ਼ਾ ਕੁਝ ਹੈਰਾਨ ਵੀ ਸੀ। ''ਆਹੋ, ਆ ਤੇ ਸਹੀ'' ਨਰੇਸ਼ ਨੇ ਕਿਹਾ ਤੇ ਨਿਸ਼ਾ ਜ਼ਰਾ ਸੋਚ ਕੇ ਉਠ ਹੀ ਪਈ। ਛੜਪੇ ਮਾਰਦੀ ਨਰੇਸ਼ ਦੇ ਪਿੱਛੇ ਪੌੜੀਆਂ ਚੜ੍ਹਦੀ ਗਈ। ਚੁਬਾਰੇ 'ਤੇ ਪਹੁੰਚ ਗਈ। ਰੇਸ਼ਮੀ ਚੌਕੇ ਵਿਚ ਹੀ ਰੁੱਝੀ ਹੋਈ ਸੀ। ਹੁਣ ਆਕਾਸ਼ ਵਿਚ ਉਡ ਰਹੀਆਂ ਬੇ-ਸ਼ੁਮਾਰ ਰੰਗ-ਬਿਰੰਗੀਆਂ ਪਤੰਗਾਂ ਦੀ ਭੀੜ ਵਿਚ ਰਲਣ ਲਈ ਦੋ ਹੋਰ ਪਤੰਗਾਂ ਕਾਹਲੀਆਂ ਪੈ ਚੁੱਕੀਆਂ ਸਨ। ''ਆ ਫੜੀ'' ਕਹਿ ਕੇ ਨਰੇਸ਼ ਨੇ ਨਿਸ਼ਾ ਦੇ ਹੱਥਾਂ ਵਿਚ ਪਤੰਗ ਦੀਆਂ ਦੋ ਨੁੱਕਰਾਂ ਫੜਾ ਦਿੱਤੀਆਂ। ''ਏਥੇ ਹੀ ਖੜ੍ਹੀ'' ਕਿਹਾ ਤੇ ਆਪਣੇ ਹੱਥ ਵਿਚ ਡੋਰ ਚਰਖੜੀ ਫੜੀ ਨਰੇਸ਼ ਵੀਹ ਕੁ ਕਦਮ ਪਿਛਾਂਹ ਹੋ ਗਿਆ। ਨਰੇਸ਼ ਦੇ ਕਹਿਣ 'ਤੇ ਨਿਸ਼ਾ ਨੇ ਪਤੰਗ ਨੂੰ ਕੰਨੀ ਦੇ ਦਿੱਤੀ। ਨਰੇਸ਼ ਨੇ ਤੁਣਕਾ ਮਾਰਿਆ। ਪਤੰਗ ਪਲਾਂ ਵਿਚ ਹੀ ਉਚਾਈਆਂ ਮਾਪਣ ਲੱਗ ਪਈ ਸੀ। ਨਿਸ਼ਾ ਦੀਆਂ ਨਜ਼ਰਾਂ ਪਤੰਗ ਵੱਲ ਸਨ। ਉਸ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਸੀ। ਉਸ ਦੇ ਕਦਮ ਨਰੇਸ਼ ਵੱਲ ਵੱਧ ਰਹੇ ਸਨ। ਨਰੇਸ਼ ਕੋਲ ਪਹੁੰਚ ਕੇ ਨਿਸ਼ਾ ਆਪਣੀ ਮੁਸਕਰਾਹਟ ਸਮੇਤ ਥਾਏਂ ਹੀ ਖਲੋ ਗਈ ਸੀ। ''ਆ ਲੈ ਫੜ'' ਕਹਿੰਦਿਆਂ ਨਰੇਸ਼ ਨੇ ਨਿਸ਼ਾ ਦੇ ਹੱਕ ਵਿਚ ਡੋਰ ਫੜਾ ਦਿੱਤੀ। ਡੋਰ ਫੜਦਿਆਂ ਨਿਸ਼ਾ ਦੀਆਂ ਅੱਖਾਂ ਵਿਚ ਇਕ ਮੁਸਕਰਾਹਟ ਨੱਚਣ ਲੱਗ ਪਈ। ''ਧਿਆਨ ਨਾਲ ਉਡਾਵੀਂ. ਮਤੇ ਲੁਟਾ ਲਵੇਂ। ਮੈਂ ਆਪਣੇ ਚੁਬਾਰੇ ਤੋਂ ਪਤੰਗ ਉਡਾਊਂ। ਮੇਰੇ ਆਲੀ ਪਤੰਗ ਖੱਟੇ ਰੰਗ ਦੀ ਆ'' ਕਹਿ ਕੇ ਨਰੇਸ਼ ਭੱਜਦਾ-ਭੱਜਦਾ ਆਪਣੇ ਘਰ ਅਪੜ ਗਿਆ ਸੀ। ਨਿਸ਼ਾ ਦੇ ਵਿਹੰਦਿਆਂ ਵਿਹੰਦਿਆਂ ਨਰੇਸ਼ ਦੂਜੀ ਪਤੰਗ ਲੈ ਕੇ ਆਪਣੇ ਚੁਬਾਰੇ 'ਤੇ ਪਹੁੰਚ ਗਿਆ ਸੀ। ਗੁਆਂਢੀਆਂ ਦੇ ਪ੍ਰੀਤੂ ਨੇ ਨਰੇਸ਼ ਦੀ ਪਤੰਗ ਨੂੰ ਕੰਨੀ ਦਿੱਤੀ ਸੀ। ਨਿਸ਼ਾ ਡੋਰ ਨੂੰ ਤੁਣਕੇ ਮਾਰ ਰਹੀ ਸੀ। ਪਤੰਗ ਉਚੀ, ਹੋਰ ਉੱਚੀ ਹੋਈ ਜਾ ਰਹੀ ਸੀ। ਪਤੰਗ ਦੀ ਉਚਾਈ ਦੇ ਨਾਲ-ਨਾਲ ਨਿਸ਼ਾ ਦੀ ਖੁਸ਼ੀ ਵੀ ਵੱਧ ਰਹੀ ਸੀ। ਉਸ ਦਾ ਮਨ ਵੀ ਪਤੰਗ ਦੇ ਨਾਲ-ਨਾਲ ਉੱਡ ਰਿਹਾ ਸੀ। ਪਤੰਗ ਜਿੱਡੀਆਂ ਉਚਾਈਆਂ ਹੀ ਮਾਪ ਰਿਹਾ ਸੀ। ਪਲਾਂ ਵਿਚ ਹੀ ਨਰੇਸ਼ ਦੀ ਪਤੰਗ ਵੀ ਨਿਸ਼ਾ ਦੀ ਪਤੰਗ ਦੇ ਨਾਲ ਜਾ ਰਲੀ ਸੀ। ਪਤੰਗ ਨਿਸ਼ਾ ਦੀ...ਨਰੇਸ਼ ਦੀ। ਦੋਵੇਂ ਪਤੰਗਾਂ ਅਡੋਲ ਉਡਦੀਆਂ ਸਨ ਪਈਆਂ। ਇਕ ਦੂਜੀ ਦੇ ਨੇੜੇ-ਨੇੜੇ। ਸੂਰਜ ਦਾ ਅੱਧ ਦੁਮੇਲ ਦੇ ਉਚਲੇ ਲੁੱਕ ਚੁੱਕਿਆ ਸੀ। ਅਚਾਨਕ ਹੀ ਨਰੇਸ਼ ਦੀ ਪਤੰਗ ਨਿਸ਼ਾ ਦੀ ਪਤੰਗ ਨਾਲ ਖਹਿ ਗਈ। ਕਿਸੇ ਹਾਦਸੇ ਦੇ ਵਾਂਗ। ਨਰੇਸ਼ ਨੇ ਬੜੀ ਵਾਹ ਲਾਈ ਪਈ ਪਤੰਗਾਂ ਨਾ ਉੋਲਝਣ ਪਰ ਉਸਦੀ ਇਕ ਨਾ ਚਲੀ। ਪਤੰਗਾਂ ਉਲਝ ਗਈਆਂ। ਨਿਸ਼ਾ ਦੀ ਪਤੰਗ ਹਾਰ ਗਈ ਸੀ। ਡੋਰ ਨੇ ਪਤੰਗ ਦਾ ਮੋਹ ਤਿਆਗ ਦਿੱਤਾ ਸੀ। ਨਰੇਸ਼ ਵੱਲੋਂ ਉਡਾ ਕੇ ਦਿੱਤੀ ਨਿਸ਼ਾ ਦੀ ਪਤੰਗ ਹੁਣ ਹਵਾਵਾਂ ਦੇ ਰਹਿਮ 'ਤੇ ਹੀ ਸੀ। ਨਿਸ਼ਾ ਦਾ ਮਨ ਸੋਚਵਾਨ ਸੀ। ''ਇਸ ਪਤੰਗ ਨੂੰ ਹੁਣ ਹਵਾਵਾਂ ਨੇ ਵੀ ਬਹੁਤਾ ਚਿਰ ਆਕਾਸ਼ ਵਿਚ ਨਹੀਂ ਸੀ ਰੱਖ ਸਕਣਾ...ਆਖਰ ਇਸ ਨੇ ਡਿੱਗਣਾ ਹੀ ਡਿੱਗਣਾ ਹੈ।'' ਡਿਕੋ-ਡੋਲੇ ਖਾਂਦੀ ਇਹ ਪਤੰਗ ਹੁਣ ਲਗਾਤਾਰ ਧਰਤੀ ਵੱਲ ਹੀ ਆ ਰਹੀ ਸੀ। ਗੁੱਡੀ-ਲੁੱਟਾਂ ਦੀ ਭੀੜ ਦੀਆਂ ਨਜ਼ਰਾਂ ਅਤੇ ਉਨ੍ਹਾਂ ਦੇ ਵੱਧਦੇ ਹੋਏ ਕਦਮਾਂ ਦੀ ਦਿਸ਼ਾ ਇਸੇ ਪਤੰਗ ਵੱਲ ਹੀ ਸਨ। ਨਿਸ਼ਾ ਦੀ ਸੋਚ ਹੋਰ ਵਧੇਰੇ ਤੀਖਣ ਹੋ ਗਈ ਸੀ। ''ਹੋਰ ਘੜੀ ਪਲ ਨੂੰ ਹਨ੍ਹੇਰਾ ਹੋਣ ਤੋਂ ਪਹਿਲਾਂ-ਪਹਿਲਾਂ ਇਸ ਪਤੰਗ ਨੇ ਲੁੱਟੀ-ਫੁੱਟੀ ਜਾਣਾ ਹੈ। ਲੀਰੋ-ੰਲੀਰ ਹੋ ਜਾਣਾ ਹੈ। ਬਚ ਵੀ ਗਈ ਤਾਂ ਕਿਹੜਾ ਮੇਰੀ ਹੀ ਰਹੇਗੀ। ਇਹ ਤਾਂ ਕਿਸੇ ਹੋਰ ਦੀ ਹੀ ਮਲਕੀਅਤ ਹੋ ਜਾਵੇਗੀ ਫੇਰ!'' ਇਸਦੇ ਨਾਲ ਹੀ ਨਿਸ਼ਾ ਨੇ ਡੋਰ ਚਰਖੜੀ ਭੁਆ ਕੇ ਪਰਾਂ ਮਾਰੀ। ਚੁਬਾਰਿਓਂ ਥਲੇ ਉਤਰ ਆਈ। ''ਇਹ ਵੀ ਕੀ ਹੋਇਆ ਕਿ ਆਪੇ ਈ ਪਤੰਗ ਚੜ੍ਹਾ ਕੇ ਦਿੱਤੀ ਤੇ ਫਿਰ ਆਪੇ ਈ ਕੱਟ ਵੀ ਦਿੱਤੀ। ਜੇ ਇਹ ਮਖੌਲ ਹੀ ਕਰਨਾ ਸੀ ਤਾਂ ਚੜ੍ਹਾ ਕੇ ਕਿਉਂ ਦਿੱਤੀ ਸਾ ਸੂ!'' ਸੋਚਦੀ-ਸੋਚਦੀ ਨਿਸ਼ਾ ਘਰ ਦੀਆਂ ਬਰੂਹਾਂ ਨਾਲ ਲੱਗ ਕੇ ਰੌਣ ਲੱਗ ਪਈ ਸੀ। ਉਸਦੀਆਂ ਅੱਖਾਂ ਵਿਚ ਅੱਥਰੂ ਵੱਗ ਰਹੇ ਸਨ। ਬਿਲਕੁੱਲ ਉਵੇਂ ਜਿਵੇਂ ਪੋਹ ਦੀ ਸੰਘਣੀ ਧੁੰਦ ਵਿਚ ਰੁੱਖਾਂ ਦੇ ਪੱਤਿਆਂ ਤੋਂ ਤ੍ਰਿਪ ਤ੍ਰਿਪ ਕਰਕੇ ਪਾਣੀ ਕਿਰਦਾ ਹੈ। ਇਸ ਵੇਲੇ ਰੇਸ਼ਮੀ ਵੀ ਘਰ ਨਹੀਂ ਸੀ ਜੋ ਉਸ ਨੂੰ ਵਰਾ ਦਿੰਦੀ। ਚੌਕਾ ਭਾਂਡਾ ਸਾਂਭ ਕੇ ਕਿਸੇ ਗੁਆਂਢੀ ਦੇ ਘਰ ਗਈ ਹੋਈ ਸੀ ਉਹ। ਚੌਧਰੀ ਮਨਫੂਲ ਤਾਂ ਸਵੇਰ ਦਾ ਫਗਵਾੜੇ ਗਿਆ ਹੋਇਆ ਸੀ। ਉਹ ਘਰ ਦੇ ਮੁੱਕਣ ਵਾਲੇ ਸੌਦੇ ਪੱਤਿਆਂ ਦੀ ਪੂਰਤੀ ਖਾਤਰ ਹੀ ਸ਼ਹਿਰ ਗਿਆ ਹੋਇਆ ਸੀ। ਉਦਾਸ ਨਰੇਸ਼ ਵੀ ਹੋ ਗਿਆ ਸੀ। ਉਸਨੇ ਵੀ ਕਦੋਂ ਚਾਹਿਆ ਸੀ ਨਿਸ਼ਾ ਵਾਲੀ ਪਤੰਗ ਦੀ ਡੋਰ ਨੂੰ ਕੱਟਣਾ। ਉਸਨੂੰ ਆਪਣੇ ਆਪ ਉਤੇ ਅੰਤਾਂ ਦਾ ਰੋਹ ਆਇਆ ਸੀ ਉਦੋਂ। ਉਹ ਵੀ ਇਸ ਹੱਦ ਤੱਕ ਕਿ ਉਸਨੂੰ ਆਪਣੀ ਪਤੰਗ ਦਾ ਉਡਣਾ ਵੀ ਭੈੜਾ ਭੈੜਾ ਲੱਗਣ ਲੱਗ ਪਿਆ ਸੀ। ਉਹ ਜਾਣਦਾ ਸੀ ਕਿ ਨਿਸ਼ਾ ਰੌਂਦੀ ਹੋਵੇਗੀ। ਉਸ ਨੇ ਅ ਾਪਣੀ ਡੋਰ ਚਰਖੜੀ ਥਾਏਂ ਹੀ ਸੁੱਟ ਦਿੱਤੀ ਅਤੇ ਭੱਜ ਵਗਿਆ ਨਿਸ਼ਾ ਦੇ ਘਰ ਵੱਲ। ਹੁਣ ਖੱਟੇ ਰੰਗ ਦੇ ਪਿੰਡੇ ਅਤੇ ਲਾਲ ਪੂਛਲ ਵਾਲੀ ਪਤੰਗ ਵੀ ਹਵਾਵਾਂ ਦੇ ਰਹਿਮ 'ਤੇ ਹੀ ਸੀ। ਇਸ ਪਤੰਗ ਦਾ ਹਸ਼ਰ ਵੀ ਨਿਸ਼ਾ ਦੀ ਪਤੰਗ ਵਾਲਾ ਹੀ ਹੋਣਾ ਸੀ। ਨਿਸ਼ਾ ਦੇ ਚਿਹਰੇ ਉਤੇ ਦੁੱਖ ਦੇ ਪਰਛਾਵਿਆਂ ਦੇ ਗੂਹੜੇ ਹੋਣ ਤੋਂ ਪਹਿਲਾਂ ਹੀ ਨਰੇਸ਼ ਨਿਸ਼ਾ ਦੇ ਘਰ ਪਹੁੰਚ ਗਿਆ। ਨਿਸ਼ਾ ਬੂਹੇ ਨਾਲ ਲੱਗੀ ਡੁਸੂੰ-ਡੁਸੂੰ ਰੋ ਰਹੀ ਸੀ। ''ਨਿਸ਼ਾ'' ''ਮੇਰੇ ਨਾਲ ਨਾ ਬੋਲ'' ਨਾਗਣੀ ਵਾਂਗ ਫੁੰਕਾਰੀ ਸੀ ਨਿਸ਼ਾ! ''ਨਿਸ਼ਾ ਸੱਚ ਮੰਨੀ ਮੈਂ ਜਾਣ ਬੁੱਝ ਕੇ ਡੋਰ ਨਹੀਂ ਸੀ ਕੱਟੀ।'' ਨਰੇਸ਼ ਦੀ ਮਾਸੂਮੀਅਤ ਦੇ ਬੋਲ ਸਨ ਇਹ। ''ਜਾਣ ਕੇ ਕੱਟੀ ਸੀ ਤੂੰ, ਪਹਿਲਾਂ ਘਰ-ਘਰ ਖੇਡਦਿਆਂ ਵੀ ਤਾਂ ਜਾਣ ਕੇ ਹੀ ਘਰ ਢਾਹੁੰਦਾ ਸੈਂ...ਕਹਿਦੇ...ਕਹਿਦੇ ਕਿ ਨਹੀਂ ਸੀ ਢਾਹੁੰਦਾ।'' ਨਿਸ਼ਾ ਦੀ ਗੱਲ ਸੱਚੀ ਸੀ। ਤਰਕਹੀਣ ਵੀ ਨਹੀਂ ਸੀ। ਇਕ ਕੰਬਣੀ ਨਰੇਸ਼ ਦੇ ਮੱਥੇ ਤੋਂ ਪੈਰਾਂ ਤੱਕ ਹੀ ਨਹੀਂ, ਉਸ ਦੇ ਰੋਮ-ਰੋਮ ਵਿਚ ਫਿਰ ਗਈ ਸੀ। ਉਹ ਤਾਂ ਜਿਵੇਂ ਪੱਥਰ ਦਾ ਬੁੱਛ ਹੀ ਹੋ ਗਿਆ ਸੀ। ਕੀ ਜਵਾਬ ਦਿੰਦਾ ਉਹ ਨਿਸ਼ਾ ਨੂੰ। ਕੁਝ ਚਿਰ ਦੋਵੇਂ ਹੀ ਚੁੱਪ ਰਹੇ। ਫਿਰ ਨਿਸ਼ਾ ਹੀ ਬੋਲੀ ਸੀ। ''ਨਰੇਸ਼'' ''ਹੁੂੰ'' ''ਗੁੱਸੇ ਤਾਂ ਨਹੀਂ ਹੋ ਗਿਆ?'' ''ਨਹੀਂ ਪਰ ਸੱਚ ਮੰਨੀ ਤੇਰੀ ਡੋਰ ਮੈਂ ਜਾਣ ਕੇ ਨਹੀਂ ਸੀ ਕੱਟੀ।'' ''ਮੰਨ ਗਈ। ਪਰ ਹੁਣ ਮੈਂ ਪਤੰਗ ਕਦੀ ਨਹੀਂ ਉਡਾਉਣੀ।'' ''ਕਿਉਂ, ਕੀ ਗੱਲ?'' ''ਆ ਵੇਖ, ਤੇਰੀ ਉਡਾ ਕੇ ਦਿੱਤੀ ਪਤੰਗ ਦੀ ਡੋਰ ਨੇ ਮੇਰੀ ਉਂਗਲੀ ਦਾ ਕੀ ਹਾਲ ਕਰ ਦਿੱਤੈ।'' ਨਿਸ਼ਾ ਦੀ ਕੂਲੀ ਉਂਗਲੀ ਵਿਚੋਂ ਅਜੇ ਵੀ ਲਹੂ ਸਿੰਮ ਰਿਹਾ ਸੀ। ਨਰੇਸ਼ ਨੇ ਨਿਸ਼ਾ ਦੇ ਹੱਥਾਂ ਨੁੂੰ ਆਪਣੇ ਹੱਥਾਂ ਵਿਚ ਬੋਚ ਲਿਆ। ਆਪਣੀ ਕਮੀਜ਼ ਦੇ ਪਲੇ ਨਾਲ ਨਿਸ਼ਾ ਦੀ ਉਂਗਲ ਵਿਚੋਂ ਸਿੰਮ ਰਹੇ ਲਹੂ ਨੂੰ ਪੂੰਝ ਦਿੱਤਾ। ਨੇੜੇ ਹੀ ਮੰਜੀ ਉਤੇ ਪਈ ਇਕ ਟਾਕੀ ਚੁੱਕੀ, ਉਸ ਦੀ ਇਕ ਕਿਨਾਰੀ ਪਾੜੀ ਤੇ ਨਿਸ਼ਾ ਦੀ ਉਂਗਲੀ 'ਤੇ ਬੰਨ੍ਹ ਦਿੱਤੀ। ਨਿਸ਼ਾ ਦੀਆਂ ਅੱਖਾਂ ਵਿਚ ਉਭਰੀ ਹੋਈ ਉਦਾਸੀ ਦੇ ਸਾਹਮਣਿਉਂ ਨਰੇਸ਼ ਵੀ ਮਨ ਹੀ ਮਨ ਵਿਚ ਸੋਚ ਰਿਹਾ ਸੀ'' ਅੱਗੋਂ ਤੋਂ ਮੈਂ ਵੀ ਪਤੰਗ ਨਹੀਂ ਉਡਾਵਾਂਗਾ।'' ਅਚਨਚੇਤ ਹੀ ਨਰੇਸ਼ ਦੀ ਨਿਗਾਹ ਨਿਸ਼ਾ ਦੀ ਸੱਜੀ ਗੱਲ੍ਹ ਉੱਤੇ ਪਏ ਲਹੂ ਦੇ ਲਾਲ ਪੂੰਝਿਆਂ 'ਤੇ ਪੈ ਗਈ। ਇਹ ਪੂੰਝੇ ਨਿਸ਼ਾ ਦੀ ਸੱਜੀ ਅੱਖ ਦੇ ਹੇਠਲੇ ਪਾਸੇ ਸਨ। ''ਨਿਸ਼ਾ ਤੂੰ ਏਨਾ ਕਿਉਂ ਰੋਈ?'' ਨਰੇਸ਼ ਨੇ ਪੁੱਛਣਾ ਚਾਹਿਆ ਸੀ। ਉਸ ਦੀ ਜੀਭ ਸਿਰਫ 'ਨਿਸ਼ਾ' ਹੀ ਕਹਿ ਸਕੀ ਸੀ ਕਿ ਉਸਦਾ ਗੱਚ ਭਰ ਗਿਆ ਸੀ। ਘੜੀ ਪਲ ਵਿਚ ਨਰੇਸ਼ ਨੇ ਆਪਣੇ ਆਪ ਨੂੰ ਬੋਲਣ ਦੇ ਕਾਬਲ ਕਰ ਲਿਆ ਤੇ ਕਿਹਾ, ''ਅੱਜ ਤੋਂ ਮੈਂ ਵੀ ਪਤੰਗ ਨਹੀਂ ਉਡਾਉਣੀ। ''ਨਾ ਉਡਾਵੀਂ, ਪਰ ਇੰਝ ਦਸ ਕਿ ਤੂੰ ਮੇਰੇ ਨਾਲ ਨਾਰਾਜ਼ ਤਾਂ ਨਹੀਂ ਹੋ ਗਿਆ?'' ''ਨਾ ਬਿਲਕੁੱਲ ਨਹੀਂ, ਬੱਸ ਇਕ ਵਾਰੀ ਹੱਸ ਕੇ ਵਿਖਾਦੇ।'' ਨਿਸ਼ਾ ਹੱਸ ਪਈ। ਉਸ ਦੀਆਂ ਗੋਰੀਆਂ ਗੱਲਾਂ ਤੇ ਗੁਲਾਲ ਦੀ ਇਕ ਪਰਤ ਆਈ ਤੇ ਨਾਲ ਦੀ ਨਾਲ ਅਲੋਪ ਹੋ ਗਈ। ਕੁਝ-ਕੁਝ ਸੰਜੀਦਗੀ ਭਰੀ ਇਹ ਲਾਲੀ ਜਿਸ ਤੇਜ਼ੀ ਨਾਲ ਆਈ ਸੀ, ਉਸ ਤੋਂ ਵੀ ਕਈ ਗੁਣਾਂ ਵੱਧ ਤੇਜ਼ੀ ਨਾਲ ਪਰਤ ਗਈ ਸੀ। ਇਸ ਲਾਲੀ ਪਿੱਛੇ ਲੁੱਕੀ ਹੋਈ ਇਕ ਸੂਹੀ ਜਿਹੀ ਸੰਗ ਵੀ ਸੀ। ਸੰਗ ਦਾ ਆਪਣਾ ਹੀ ਸੁਹੱਪਣ ਸੀ। ਨਰੇਸ਼ ਨੇ ਇਹ ਸੁਹੱਪਣ ਥੋੜ੍ਹਾ-ਥੋੜ੍ਹਾ ਮਹਿਸੂਸ ਵੀ ਕਰ ਲਿਆ ਸੀ। ਨਰੇਸ਼ ਨੇ ਮੰਜੀ ਉਤੇ ਪਈ ਟਾਕੀ ਨੂੰ ਦੁਬਾਰਾ ਚੁੱਕਿਆ ਪਾਣੀ ਵਿਚ ਭਿਉਂਇਆ...ਨਿਚੋੜਿਆ ਅਤੇ ਨਿਸ਼ਾ ਦੇ ਚਿਹਰੇ 'ਤੇ ਅਣ-ਸੁਖਾਵੇਂ ਪਲਾਂ ਦੀ ਚੁਗਲੀ ਕਰ ਰਹੇ ਨਿਸ਼ਾਨਾਂ ਨੂੰ ਸਾਫ ਕਰ ਦਿੱਤਾ। 'ਉਹ ਦੇਖ ਤਾਇਆ ਜੀ ਵੀ ਆ ਗਏ' ਘਰ ਦਾ ਸੌਦਾ-ਪੱਤਾ ਚੁੱਕੀਂ ਆਉਂਦੇ ਮਨਫੂਲ ਦੇ ਪਿੱਛੇ-ਪਿੱਛੇ ਰੇਸ਼ਮੀ ਵੀ ਤੁਰੀ ਆ ਰਹੀ ਸੀ। ਇਸ ਦੇ ਲਾਲ ਹੀ ਅਯਾਣ ਮਨਾਂ ਦੇ ਸ਼ੰਕੇ ਵੀ ਸਾਫ ਹੋ ਗਏ। ਛੇ ਨਿਆਣਿਆਂ ਦੇ ਵਾਅਦੇ ਅਕਸਰ ਕੱਚੇ-ਪੱਕੇ ਹੀ ਹੁੰਦੇ ਹਨ। ਬਚਪਨ ਦੀ ਦੋਸਤੀ ਵਾਲੀ ਕਚਹਿਰੀ ਵਿਚ ਨਿਸ਼ਾ ਅਤੇ ਨਰੇਸ਼ ਦਾ ਅੱਗੋਂ ਤੋਂ ਪਤੰਗ ਨਾ ਉਡਾਉਣ ਦਾ ਵਾਅਦਾ ਤਾਂ ਜਾਣੋ ਕਿ ਪੱਥਰ 'ਤੇ ਲੀਕ ਸੀ। ਉਸ ਵਾਅਦੇ ਤੋਂ ਬਾਅਦ ਇਕ ਨਹੀਂ...ਦੋ ਨਹੀਂ...ਪੂਰੀਆਂ ਪੰਜ ਰੁਤਾਂ ਕੰਨੀਂ ਕਤਰਾ ਗਈਆਂ ਸਨ। ਇਸ ਲੰਮੇਂ ਅਰਸੇ ਵਿਚ ਨਰੇਸ਼ ਨੇ...ਨਿਸ਼ਾ ਨੇ..ਕਿਸੇ ਨੇ ਵੀ ਪਤੰਗ ਨਹੀਂ ਸੀ ਉਡਾਈ। ਇਨ੍ਹਾਂ ਪੰਜਾਂ ਵਰ੍ਹਿਆਂ ਵਿਚ ਬਹੁਤ ਕੁਝ ਬਦਲ ਗਿਆ ਸੀ। ਨਹੀਂ ਸੀ ਬਦਲਿਆ ਤਾਂ ਦੋਸਤੀ ਦਾ ਫੁੱਲ! ਨਰੇਸ਼ ਹੁਣ ਹਾਈ ਸਕੂਲ ਦੀਆਂ ਕੱਧਾਂ ਤੋਂ ਅਗਾਂਹ ਟੱਪ ਚੁੱਕਿਆ ਸੀ। ਹੁਣ ਉਹ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਚ ਪੜ੍ਹਦਾ ਸੀ। ਹੋਸਟਲ ਵਿਚ ਕਮਰਾ ਨਾ ਮਿਲਣ ਦੀ ਵਜ੍ਹਾ ਕਰਕੇ ਉਹ ਆਪਣੇ ਕਈ ਹੋਰ ਸਾਥੀਆਂ ਵਾਂਗ ਕਿਰਾਏ ਦੇ ਕਮੇ ਵਿਚ ਹੀ ਰਹਿੰਦਾ ਸੀ। ਲਗਭਗ ਹਰ ਸਨਿੱਚਰਵਾਰ ਪਿੰਡ ਚਲੇ ਜਾਂਦਾ ਤੇ ਸੋਮਵਾਰ ਸਵੇਰੇ ਜਲੰਧਰ ਪਰਤ ਆਉਂਦਾ ਸੀ। ਹੁਣ ਉਹ ਨਿਆਣਾ ਨਹੀਂ ਸੀ। ਸਿਆਣਾ ਸੀ ਬਹੁਤ ਸਿਆਣਾ। ਸੂਖਮ ਅਹਿਸਾਸਾਂ ਵਾਲਾ ਤੇ ਬਹੁਤ ਹੀ ਜਜ਼ਬਾਤੀ। ਪੜ੍ਹਾਈ ਵਿਚ ਪਹਿਲਾਂ ਵਾਂਗ ਹੀ ਹੁਸ਼ਿਆਰ ਸੀ। ਬਚਪਨ ਦੀਆਂ ਬਾਲ ਖੇਡਾਂ ਦੀ ਥਾਂ ਹੁਣ ਹਾਕੀ ਅਤੇ ਬਾਕਸਿੰਗ ਨੇ ਲੈ ਲਈ ਸੀ। ਹਾਕੀ ਦਾ ਤਾਂ ਮਦਾਰੀ ਸੀ ਨਰੇਸ਼! ਨਰੇਸ਼ ਹੁਣ ਐਨ.ਸੀ.ਸੀ. ਦੀ ਪਰੇਡ ਵਿਚ ਵੀ ਸ਼ਾਮਲ ਹੁੰਦਾ ਸੀ। ਵਰਦੀ ਵਿਚ ਉਸ ਦੀ ਦਿੱਖ ਕਮਾਲ ਦੀ ਸੀ। ਪਰੇਡ ਵਿਚ ਅਨੁਸ਼ਾਸਨ ਅਤੇ ਵਿਲੱਖਣਤਾ ਨੇ ਅਫਸਰਾਂ ਨੂੰ ਇਸ ਹੱਦ ਤੱਕ ਕੀਲ ਲਿਆ ਕਿ ਉਹ ਐਨ.ਸੀ.ਸੀ. ਦੇ ਪਹਿਲੇ ਵਰ੍ਹੇ ਵਿਚ ਹੀ ਪਲਾਟੂਨ ਅੰਡਰ ਆਫੀਸਰ ਬਣ ਗਿਆ ਸੀ। ਨਿਸ਼ਾ ਵੀ ਹੁਣ ਦਸਵੀਂ ਵਿਚ ਸੀ। ਪਾਂਸ਼ਟੇ ਦੇ ਕੁੜੀਆਂ ਵਾਲੇ ਹਾਈ ਸਕੂਲ ਵਿਚ ਪੜ੍ਹਦੀ ਸੀ। ਨਿਸ਼ਾ ਉਤੇ ਅਜੇ ਜਵਾਨੀ ਦਾ ਪੂਰਾ ਪ੍ਰਕਾਸ਼ ਤਾਂ ਨਹੀਂ ਸੀ ਹੋਇਆ ਪਰ ਹੁਣ ਉਹ ਨਿਆਣੀ ਵੀ ਨਹੀਂ ਸੀ। ਕਾਣਿਆਂ-ਮਾਣਿਆਂ ਦੀ ਪੂਰੇ ਦੇ ਕਹੇ ਹੋਏ ਸ਼ਬਦ ਹੁਣ ਉਸ ਲਈ ਅਰਥ ਬਣ ਚੁੱਕੇ ਸਨ। ਉਸਨੂੰ ਚੁੰਨੀ ਲੈਣ ਦਾ ਚੱਜ ਅਤੇ ਅਰਥ ਦੋਵੇਂ ਗੱਲਾਂ ਪਤਾ ਲੱਗ ਚੁੱਕੀਆਂ ਸਨ। ਹੁਣ ਉਹ ਪਹਿਲਾਂ ਵਾਂਗ ਚੰਚਲ ਨਹੀਂ, ਗੰਭੀਰ ਚਿੱਤ ਤੇ ਸੰਵੇਦਨਸ਼ੀਲ ਸੀ। ਨਿਸ਼ਾ ਨੂੰ ਪੜ੍ਹਾਈ ਵਿਚ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਉਹ ਆਉਂਦੇ ਸਨਿੱਚਰਵਾਰ ਨੂੰ ਹੀ ਉਡੀਕਦੀ। ਨਰੇਸ਼ ਦੇ ਪਿੰਡ ਆਉਣ ਦੀ ਕਨਸੋਅ ਨਾਲ ਹੀ ਉਹ ਆਪਣੀਆਂ ਸਮੱਸਿਆਵਾਂ, ਪੁਸਤਕਾਂ ਅਤੇ ਕਾਪੀਆਂ ਸਮੇਤ ਨਰੇਸ਼ ਦੇ ਘਰ ਪਹੁੰਚ ਜਾਂਦੀ ਸੀ। ਹਾਂ, ਨਰੇਸ਼ ਦੇ ਘਰ ਲਈ ਤੁਰਨ ਤੋਂ ਪਹਿਲਾਂ ਉਹ ਰੇਸ਼ਮੀ ਜਾਂ ਮਨਫੂਲ ਤੋਂ ਜ਼ਰੂਰ ਪੁੱਤਦੀ। ਨਰੇਸ਼ ਦੇ ਘਰ ਪਹੁੰਚ ਕੇ ਨਿਸ਼ਾ ਦੀਨ ਦਿਆਲ ਤੇ ਸਵਿੱਤਰੀ ਨੂੰ ਸਤਿਕਾਰ ਦੇਣਾ ਕਦੀ ਵੀ ਨਹੀਂ ਸੀ ਭੁੱਲਦੀ। ਨਰੇਸ਼ ਨਿਸ਼ਾ ਨੂੰ ਜੋ ਕੁਝ ਵੀ ਸਮਝਾਉਂਦਾ, ਦਿਲ ਨਾਲ ਸਮਝਾਉਂਦਾ। ਨਰੇਸ਼ ਦੀ ਸ਼ੈਲੀ ਹੀ ਕੁਝ ਅਜਿਹੀ ਹੁੰਦੀ ਕਿ ਉਸ ਦੀ ਸਮਝਾਈ ਹੋਈ ਗੱਲ ਨਿਸ਼ਾ ਨੂੰ ਝੱਟ ਸਮਝ ਆ ਜਾਂਦੀ ਤੇ ਉਹ ਉਸਨੂੰ ਮੁੜ ਕਦੇ ਵੀ ਨਾ ਨਾ ਭੁੱਲਦੀ। ਸਕੂਲ ਦੀਆਂ ਮਾਸਟਰਨੀਆਂ ਨੂੰ ਤਾਂ ਸਵੈਟਰ ਦਸਤਾਨੇ ਆਦਿ ਬੁਣਨ ਤੋਂ ਹੀ ਵਿਹਲ ਨਹੀਂ ਸੀ ਮਿਲਦੀ। ਨਿਸ਼ਾ ਦਸਵੀਂ ਦੇ ਪਰਚਿਆਂ ਦੀਆਂ ਬੋਝਲ ਪੰਡਾਂ ਇਕ-ਇਕ ਕਰਕੇ ਸਿਰ ਤੋਂ ਲਾਹ ਰਹੀ ਸੀ। ਇਨ੍ਹਾਂ ਦਿਨਾਂ ਵਿਚ ਹੀ ਨਰੇਸ਼ ਐਨ.ਸੀ.ਸੀ. ਦੇ ਕੈਂਪ ਵਿਚ ਹਥਿਆਰਾਂ ਦੀ ਸਿਖਲਾਈ ਲੈ ਰਿਹਾ ਸੀ। ਫੌਜੀ ਜੰਗ ਦੇ ਹੁਨਰ ਸਿੱਖ ਰਿਹਾ ਸੀ। ਇਹੀ ਦਿਨ ਸਨ ਜਦੋਂ ਹਿੰਦੀ-ਚੀਨੀ ਭਾਈ-ਭਾਈ ਦੇ ਨਾਅਰੇ ਨੂੰ ਤਰੇੜ ਆ ਗਈ ਸੀ। ਤਰੇੜ ਕੀਹ ਅਸਲ 'ਚ ਚੀਨੀਆਂ ਨੇ ਸੱਜਣਾਂ ਵਾਲਾ ਸਵਾਂਗ ਰਚਕੇ ਵੈਰ ਕਮਾਇਆ ਸੀ। ਹਿੰਦ ਚੀਨ ਦੋਸਤੀ ਦਾ ਫੁੱਲ ਸੜ ਸੁੱਕ ਕੇ ਸੁਆਹ ਹੋ ਗਿਆ ਸੀ। ਦੋਸਤੀ ਦੇ ਨਾਜ਼ਕ ਪਿੰਡੇ ਦੀ ਪਿੱਠ ਵਿਚ ਖੰਜਰ ਖੁੱਭਿਆ ਪਿਆ ਸੀ। ਅੱਖਾਂ ਲਹੂ ਦੇ ਅਥਰੂ ਕੇਰ ਰਹੀਆਂ ਸਨ। ਵਰ੍ਹਿਆਂ ਦੀ ਦੋਸਤੀ ਦਾ ਪੁੱਲ ਪਲਾਂ-ਛਿਣਾਂ ਵਿਚ ਹੀ ਢਹਿ ਢੇਰੀ ਹੋ ਗਿਆ ਸੀ। ਪੰਚਸ਼ੀਲ ਦੀ ਸੰਧੀ ਲਹੂ-ਲੁਹਾਨ ਸੀ। ਤੜਫ ਰਹੀ ਸੀ। ਨੇਫਾ ਦੀਆਂ ਗਗਨ ਚੁੰਮਦੀਆਂ ਪਹਾੜੀਆਂ ਦਾ ਸ਼ਾਂਤ ਵਾਤਾਵਰਣ ਬੰਬਾਂ ਤੇ ਗੋਲਿਆਂ ਦੀ ਵਾਛੜ ਨਾਲ ਗੂੰਜ ਉਠਿਆ ਸੀ। ਇਨ੍ਹਾਂ ਰੁੱਖ ਵਿਹੂਣੀਆਂ ਉਚਾਈਆਂ ਦੇ ਪਿੰਡੇ ਬਰਫ਼ ਦੀਆਂ ਪਰਤਾਂ ਨੇ ਢੱਕੇ ਹੋਏ ਸਨ। ਦੁੱਧੋਂ ਚਿੱਟੀ ਬਫਰ ਮਨੁੱਖੀ ਲਹੂ ਨਾਲ ਰੰਗੀ ਗਈ ਸੀ। ਵਿਚਾਰੀ ਬਰਫ਼ ਪਹਾੜਾਂ ਦੇ ਪਿੰਡੇ ਤਾਂ ਢੱਕ ਸਕਦੀ ਸੀ ਪਰ ਵਹਿਸ਼ੀਆਨਾ ਜੰਗ ਦੀ ਖੇਡ ਵਿਚ ਡੁੱਲ੍ਹੇ ਮਨੁੱਖੀ ਲਹੂ ਦੇ ਦਾਗਾਂ ਨੂੰ ਕਿਵੇਂ ਢੱਕਦੀ। ਮਾਵਾਂ ਦੇ ਪੁੱਤਰ, ਭੈਣਾਂ ਦੇ ਵੀਰ ਅਤੇ ਸੁਹਾਗਣਾਂ ਦੇ ਸੁਹਾਗ ਕੋਹੇ ਜਾ ਰਹੇ ਸਨ, ਦੁਵੱਲੀ! ਤਵਾਂਗ ਤੋਂ ਤੇਜਪੁਰ ਵੱਲ ਵੱਗਦੀ, ਪਹਾੜੀ ਨਦੀ ਨੁਗਮ ਚੂ ਦਾ ਵੇਗ ਮੱਤਾ ਪਾਣੀ ਵੱਗ ਤਾਂ ਆਮ ਵਾਂਗ ਹੀ ਰਿਹਾ ਸੀ ਪਰ ਉਸਦੀ ਕਲ-ਕਲ ਦਾ ਸੰਗੀਤ ਕਤਲ ਹੋ ਚੁੱਕਿਆ ਸੀ। ਹੁਣ ਉਹ ਸੰਗੀਤ ਨਹੀਂ ਸੀ ਰਿਹਾ। ਰਾਤੋ-ਰਾਤ ਰੇਡੀਓ ਦੀਆਂ ਸੰਚਾਰ ਸੁਰਾਂ ਬਦਲ ਗਈਆਂ ਸਨ। ਇਸ ਜੰਗ ਬਾਰੇ ਗੱਲ ਕਰਦਿਆਂ ਸ਼ਾਹ ਮੁਹੰਮਦ ਦੀਆਂ ਸਤਰਾਂ ਯਾਦ ਆਉਂਦੀਆਂ ਨੇ: ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਜੰਗ ਦਾ ਹਸ਼ਰ ਭਾਰਤ ਅਤੇ ਭਾਰਤੀਆਂ ਲਈ ਮਾੜਾ ਹੀ ਰਿਹਾ। ਵੱਡੀ ਸ਼ਾਨੋ-ਸ਼ੌਕਤ ਵਾਲੇ ਹਿੰਦੁਸਤਾਨ ਦੀਆਂ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਹਨ। ਭਾਰਤ ਖੇਤਰੀ ਤਾਕਤ ਬਣਨ ਦੇ ਸੁਪਨੇ ਉਣ ਰਿਹਾ ਸੀ। ਇਹ ਸੁਪਨੇ ਦਿਨਾਂ ਵਿਚ ਹੀ ਕਿਰਚਾਂ-ਕਿਰਚਾਂ ਹੋ ਗਏ। ਉਚੀਆਂ ਪਹਾੜੀਆਂ ਤੇ ਮੈਕਮੋਹਨ ਰੇਖਾ ਦੇ ਨਾਲ-ਨਾਲ ਚੀਨੀਆਂ ਨੇ ਹਰ ਥਾਂ 'ਤੇ ਹਮਲਾ ਕਰ ਦਿੱਤਾ ਸੀ। ਉੱਤਰ ਪੱਛਮ ਵਿਚ ਲੱਦਾਖ ਤੋਂ ਲੈ ਕੇ ਉਤਰ-ਪੂਰਬ ਵਿਚ ਵਲੌਗ ਤੱਕ। ਭਾਰਤੀ ਫੌਜਾਂ ਅੜੀਆਂ ਤਾਂ ਬਸ ਦੋ ਥਾਵਾਂ 'ਤੇ ਚਸ਼ੂਲ ਅਤੇ ਵਲੋਂਗ। ਇਹ ਦੇਸ਼ ਮੌਕੇ ਦੀ ਸਰਕਾਰ 'ਤੇ ਹੀ ਜਾਂਦਾ ਹੈ ਕਿ ਇਸ ਜੰਗ ਲਈ ਅਸੀਂ ਨਾ ਤਾਂ ਜੰਗੀ ਤੌਰ 'ਤੇ ਤਿਆਰ ਸੀ ਅਤੇ ਨਾ ਹੀ ਮਾਨਸਿਕ ਤੌਰ 'ਤੇ। ਭਾਰਤ ਵਾਸੀਆਂ ਦੇ ਨਾਲ-ਨਾਲ ਭਾਰਤ ਦਾ ਆਪਣਾ ਚਿਹਰਾ ਬੁਰੀ ਤਰ੍ਹਾਂ ਵਲੂੰਧਰਿਆ ਗਿਆ ਸੀ। ਦੁਨੀਆਂ ਭਰ ਵਿਚ ਜਾਣਿਆ-ਪਛਾਣਿਆ ਅਮਨ ਦਾ ਮਸੀਹਾ ਉਦੋਂ ਦਾ ਭਾਰਤੀ ਪ੍ਰਧਾਨ ਮੰਤਰੀ ਚਾਚਾ ਨਹਿਰੂ ਵੀ ਅੰਦਰੋਂ ਬਾਹਰੋਂ ਹਿੱਲ ਗਿਆ ਸੀ। ਇਸ ਹਮਲੇ ਤੋਂ ਬਾਅਦ ਨਹਿਰੂ ਆਪਣੀ ਗਵਾਚੀ ਹੋਈ ਸ਼ਾਨੋ-ਸ਼ੌਕਤ ਮੁੜ ਹਾਸਲ ਨਹੀਂ ਸੀ ਕਰ ਸਕਿਆ। ਭਾਰਤੀ ਇਤਿਹਾਸ ਦੇ ਇਸ ਕਾਲੇ ਕਾਂਡ ਤੋਂ ਪਹਿਲਾਂ ਚੀਨ ਦੇ ਬੁਰੇ ਇਰਾਦਿਆਂ ਦੇ ਸੰਕੇਤ ਤਾਂ ਮਿਲਦੇ ਰਹੇ। ਪਰ ਨਹਿਰੂ ਚੁੱਪ ਰਿਹਾ। ਚੀਨ ਨੂੰ ਪਰਚਾਉਂਦਾ ਰਿਹਾ। ਚੀਨ ਦੇ ਖਿਲਾਫ ਬੋਲਿਆ ਤਾਂ ਉਦੋਂ ਜਦੋਂ ਪਾਣੀ ਸਿਰ ਤੋਂ ਲੰਘ ਗਿਆ। ਜਦੋਂ ਚੀਨੀਆਂ ਨੇ ਸਾਡੀ ਸਰਜ਼ਮੀਂ 'ਤੇ ਹਮਲਾ ਬੋਲ ਦਿੱਤਾ ਸੀ। ਫੌਜ ਅਤੇ ਫੌਜੀ ਜਰਨੈਲ ਤਾਂ ਹੀ ਦੋਸ਼ੀ ਠਹਿਰਾਏ ਜਾ ਸਕਦੇ ਨੇ ਜੇ ਕਿਸੇ ਵੀ ਪੜਾਅ 'ਤੇ ਮੁਲਕ ਦੇ ਰਹਿਨੁਮਾਵਾਂ ਨੇ ਚੀਨੀਆਂ ਦੀ ਬਦਨੀਅਤੀ ਬਾਰੇ ਕੋਈ ਮਾੜੀ ਜਿਹੀ ਸੰਭਾਵਨਾ ਵੀ ਉਨ੍ਹਾਂ ਤੱਕ ਪਹੁੰਚਾਈ ਹੁੰਦੀ। ਚੀਨੀ ਹਮਲੇ ਜਾਂ ਘੁਸਪੈਠ ਲਈ ਤਿਆਰ ਰਹਿਣ ਨੂੰ ਕਿਹਾ ਹੁੰਦਾ। ਜੰਗ ਨਾਲ ਜੁੜੇ ਰੇਡੀਓ ਪ੍ਰਸਾਰਣਾਂ ਨੂੰ ਨਰੇਸ਼ ਬੜੇ ਗਹੁ ਨਾਲ ਸੁਣਦਾ। ਜਜ਼ਬਿਓ ਊਣਾ ਬਚਪਨ ਬਹੁਤ ਪਿੱਛੇ ਰਹਿ ਕੇ ਅਤੀਤ ਦਾ ਇਤਿਹਾਸ ਬਣ ਚੁੱਕਿਆ ਸੀ। ਸਰਹੱਦ ਤੇ ਜੂਝਦੇ ਕਿਸੇ ਜਵਾਨ ਦੀ ਬਹਾਦਰੀ ਭਰੀ ਗਾਣਾ ਸੁਣਦਿਆਂ ਨਰੇਸ਼ ਦੇ ਧੁਰ ਅੰਦਰ ਇਕ ਖਾਹਿਸ਼ ਅੰਗੜਾਈ ਲੈਂਦੀ ਕਿ ਉਸਦੀ ਖਾਕੀ ਵਰਦੀ ਹਰੀ ਵਿਚ ਬਦਲ ਜਾਵੇ। ਉਮਰ ਦੇ ਵਰ੍ਹਿਆਂ ਅੱਗੇ ਨਰੇਸ਼ ਦੀ ਕਿਵੇਂ ਚਲਦੀ। ਇੰਝ ਉਸਦੇ ਸੁਪਨੇ ਦਾ ਲੰਮਾ ਵਜੂਦ ਪਲਾਂ ਵਿਚ ਹੀ ਬੋਣਾ ਹੋ ਜਾਂਦਾ। ਸੁਪਨੇ ਦਾ ਕੱਦ ਛੋਟਾ ਹੁੰਦਾ ਵੇਖ ਕੇ ਨਰੇਸ਼ ਇਹ ਵੀ ਸੋਚਦਾ ਕਿ ਸੁਪਨਿਆਂ ਨੂੰ ਸੱਚ ਵਿਚ ਬਦਲਣਾ ਇਨਸਾਨ ਦੇ ਆਪਣੇ ਹੱਥਾਂ ਵਿਚ ਹੀ ਤਾਂ ਹੁੰਦਾ ਹੈ। ਉਸਨੇ ਮਨ ਅੰਦਰ ਇਕ ਦਾਈਆ ਧਾਰ ਲਿਆ। ਨਿਸਚਾ ਕਰ ਲਿਆ ਕਿ ਇਕ ਨਾ ਇਕ ਦਿਨ ਉਹ ਹਰੀ ਵਰਦੀ ਪਾ ਕੇ ਹੀ ਰਹੇਗਾ। ਖਾਕੀ ਵਰਦੀ ਹੁਣ ਉਸਨੂੰ ਤੰਗ ਤੰਗ ਲੱਗਦੀ ਸੀ। ਨਰੇਸ਼ ਵਿਚ ਅੰਤਾਂ ਦੀ ਫੁਰਤੀ ਸੀ। ਇਸੇ ਫੁਰਤੀ ਮਿਹਨਤ ਅਤੇ ਲਗਨ ਸਦਕਾ ਉਸਨੂੰ ਕੈਂਪ ਵਿਚ ਸਰਵੋਤਮ ਕੈਡਿਟ ਦੀ ਸ਼ੀਲਡ ਮਿਲੀ। ਨਿਰੀ ਸ਼ੀਲਡ ਹੀ ਨਹੀਂ, ਪਲਾਟੂਨ ਅੰਡਰ ਆਫੀਸਰ ਤੋਂ ਕੰਪਨੀ ਅੰਡਰ ਆਫੀਸਰ ਬਣ ਗਿਆ ਸੀ ਉਹ! ਕੈਂਪ ਖਤਮ ਹੋਣ ਤੋਂ ਬਾਅਦ ਨਰੇਸ਼ ਨੂੰ ਪਿੰਡ ਪਹੁੰਚਣ ਦੀ ਕਾਹਲ ਸੀ। ਪਿੰਡ ਪਹੁੰਚਣ ਤੱਕ ਲੱਗਣ ਵਾਲੇ ਸਮੇਂ ਨੂੰ ਉਹ ਐਮੁਨੀਸ਼ਨ ਬੂਟਾਂ ਦੇ ਕੋਕਿਆਂ ਨਾਲ ਮਸਲ ਦੇਣਾ ਚਾਹੁੰਦਾ ਸੀ। ਦਸਵੀਂ ਦੇ ਨਤੀਜੇ ਨਿਕਲ ਚੁੱਕੇ ਸਨ। ਨਿਸ਼ਾ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸੀ। ਮਨਫੂਲ ਨੇ ਨਿਸ਼ਾ ਦੇ ਕਾਲਜ ਦਾਖਲੇ ਲਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਰੇਸ਼ ਦੀ ਹੀ ਲਾਈ ਸੀ। ਨਰੇਸ਼ ਵਾਲੇ ਕਾਲਜ ਵਿਚ ਹੀ ਦਾਖਲ ਹੋਣਾ ਸੀ ਨਿਸ਼ਾ ਨੇ! ਨਿਸ਼ਾ ਦੇ ਦਾਖਲੇ ਤੋਂ ਇਲਾਵਾ ਉਸਨੂੰ ਹੋਸਟਲ ਵਿਚ ਕਮਰਾ ਦਿਵਾਉਣ ਦਾ ਆਹਰ ਪਾਹਰ ਵੀ ਨਰੇਸ਼ ਨੇ ਹੀ ਕੀਤਾ ਸੀ। ਸਭ ਕੁਝ ਸਹਿਜ ਸੀ। ਸਰਲ ਸੀ। ਹੁਣ ਆਏ ਸਨਿੱਚਰਵਾਰ ਨਰੇਸ਼ ਅਤੇ ਨਿਸ਼ਾ ਇਕੱਠੇ ਹੀ ਸ਼ਾਮ ਵੇਲੇ ਪਿੰਡ ਆਉਂਦੇ। ਸੋਮਵਾਰ ਸਵੇਰ-ਸਾਰ ਪਰਤ ਜਾਂਦੇ। ਪਿੰਡ ਵਾਲੇ ਅੱਡੇ ਤੋਂ ਘਰ ਆਉਂਦਿਆਂ ਤੇ ਘਰੋਂ ਅੱਡੇ ਵੱਲ ਜਾਂਦਿਆਂ ਪਿੰਡ ਨਾਲ ਲਗਦੇ ਛੱਪੜ ਕੋਲੋਂ ਹੀ ਲੰਘਣਾ ਪੈਂਦਾ ਸੀ। ਆਉਂਦਿਆਂ ਜਾਂਦਿਆਂ ਦੁਮੇਲ ਵੱਲ ਡੁੱਬਦੇ ਚੜ੍ਹਦੇ ਸੂਰਜ ਦੀਆਂ ਸੰਧੂਰੀ ਕਿਰਨਾਂ ਇਨ੍ਹਾਂ ਦੋਹਾਂ ਨੂੰ ਬੋਹੜ ਦੇ ਚੌੜੇ ਚੌੜੇ ਪੱਤਿਆਂ ਦੀਆਂ ਵਿਰਲਾਂ ਵਿਚ ਦੀ ਵੇਖਦੀਆਂ ਰਹਿੰਦੀਆਂ। ਆਪਣੀ ਸੰਧੂਰੀ ਭਾਅ ਇਨ੍ਹਾਂ ਦੀਆਂ ਅੱਖਾਂ ਵਿਚ ਭਰਦੀਆਂ ਰਹਿੰਦੀਆਂ। ਸ਼ਾਇਦ ਇਹੀ ਦਿਨ ਸਨ ਕਿ ਬਚਪਨ ਦੀ ਦੋਸਤੀ ਜੋ ਜਵਾਨੀ ਦੀ ਦਹਿਲੀਜ਼ ਤੱਕ ਇਨ੍ਹਾਂ ਦੀ ਉਂਗਲੀ ਫੜੀ ਹੋਈ ਸੀ, ਮਲਕੜੇ ਜਿਹੇ ਨਿਸ਼ਾ ਅਤੇ ਨਰੇਸ਼ ਦੇ ਅਚੇਤ ਪੁਣੇ ਵਿਚ ਹੀ ਇਨ੍ਹਾਂ ਦੀ ਉਂਗਲੀ ਪਿਆਰ ਦੇ ਹੱਥ ਵਿਚ ਫੜਾ ਕੇ...ਆਪ ਅਤੀਤ ਦਾ ਇਤਿਹਾਸ ਬਣ ਗਈ ਸੀ। ਸੱਤ ਵਕਤ ਤਿਲ ਤਿਲ ਕਰਕੇ ਤਿਲਕਦਾ ਰਿਹਾ। ਵਰ੍ਹੇ ਬਣ-ਬਣ ਬੀਤਦਾ ਰਿਹਾ। ਨਰੇਸ਼ ਦੇ ਕਮਰੇ ਵਿਚ, ਨਿਸ਼ਾ ਦੇ ਹੋਸਟਲ ਵਿਚ ਨਿਸ਼ਾ ਅਤੇ ਨਰੇਸ਼ ਇਕ ਦੂਜੇ ਨੂੰ ਮਿਲਦੇ ਰਹੇ। ਕੋਈ ਰੋਕ-ਟੋਕ ਨਹੀਂ ਸੀ ਉਨ੍ਹਾਂ ਨੂੰ! ਇਕ ਦੂਜੇ ਦੀਆਂ ਅੱਖਾਂ ਦੇ ਸਰੋਵਰਾਂ ਵਿਚ ਹਸਰਤਾਂ ਦੀਆਂ ਬੇੜੀਆਂ ਦੋਹਾਂ ਨੇ ਵੇਖੀਆਂ ਸਨ। ਜਦ ਕਦੀ ਵੀ ਨਿਸ਼ਾ ਅਤੇ ਨਰੇਸ਼ ਮਿਲ ਬੈਠਦੇ, ਉਹ ਰੱਜ ਕੇ ਗੱਲਾਂ ਕਰਦੇ, ਫਿਰ ਵੀ ਅੱਖਾਂ ਵਿਚ ਤਰਦੀਆਂ ਹਸਰਤਾਂ ਕਿਸੇ ਦੀ ਵੀ ਜੀਭ ਦਾ ਬੋਲ ਨਾ ਬਣ ਸਕੀਆਂ। ਜਿਸਮਾਨੀ ਤੌਰ 'ਤੇ ਨਿਸ਼ਾ...ਨਰੇਸ਼ ਇਕ-ਦੂਜੇ ਦੇ ਨੇੜੇ ਤਾਂ ਜ਼ਰੂਰ ਰਹੇ ਪਰ ਜਿਸਮਾਂ ਦਾ ਨਿੱਘ ਕਦੀ ਨਹੀਂ ਸੀ ਮਾਣਿਆ। ਇਨ੍ਹਾਂ ਦਾ ਪਿਆਰ ਅਜੇ ਤੀਕ ਖਾਮੋਸ਼ ਸੀ। ਚੰਨ ਤਾਰਿਆਂ ਦੀ ਚਾਨਣੀ ਵਾਂਗ ਸੱਚਾ ਤੇ ਸੁੱਚਾ...ਪਾਕਿ ਪਵਿੱਤਰ। ਇਨ੍ਹਾਂ ਤਿਲਕੇ ਹੋਏ ਵਰ੍ਹਿਆਂ ਦੇ ਸੰਖੇਪ ਜਿਹੇ ਵਕਤ ਨੇ ਇਕ ਹੋਰ ਜੰਗ ਹੰਢਾ ਲਈ ਸੀ 1965 ਵਿਚ। ਇਸ ਜੰਗ ਵਿਚਲੀਆਂ ਧਿਰਾਂ ਭਾਰਤ ਅਤੇ ਪਾਕਿਸਤਾਨ ਸਨ। ਜੰਗ ਦਾ ਮੈਦਾਨ ਜੰਮੂ ਕਸ਼ਮੀਰ ਦੀਆਂ ਪਹਾੜੀਆਂ, ਇਨ੍ਹਾਂ ਦੇ ਪੈਰਾਂ ਨਾਲ ਲੱਗਦਾ ਨੀਮ ਪਹਾੜੀ ਇਲਾਕਾ ਪੰਜਾਬ ਦੇ ਮੈਦਾਨ ਅਤੇ ਰਾਜਸਥਾਨ ਦੀ ਕੋਹਾਂ ਦੇ ਕੋਹ ਵਿਛੀ ਹੋਈ ਰੇਤ ਸੀ। ਪਹਿਲਾਂ ਬਹੁਤ ਪਹਿਲਾਂ...1947 ਵਿਚ ਭਾਰਤ ਨਾਲੋਂ ਉਸਦੇ ਦਿਲ ਦਾ ਟੋਟਾ ਅੱਡ ਹੋਣ ਵੇਲੇ ਵੀ ਇਹ ਧਰਤੀ ਮਨੁੱਖੀ ਲਹੂ ਨਾਲ ਨਹਾਤੀ ਸੀ। ਪੰਜਾਬ ਇਕ ਤੋਂ ਦੋ ਹੋ ਗਏ ਸਨ। ਦੋਹਾਂ ਪੰਜਾਬਾਂ ਵਿਚਕਾਰ ਇਕ ਪਹਾੜ ਜਿਹੀ ਹੱਦ ਖੜ੍ਹੀ ਹੋ ਗਈ ਸੀ। ਬਹੁਤੇ ਲੋਕ ਆਪੋ ਆਪਣੀ ਜਨਮ ਭੋਂ ਤੋਂ ਬਿਗਾਨੇ ਹੋ ਗਏ ਸਨ। ਉਨ੍ਹਾਂ ਦੇ ਹੱਸਦੇ ਚਿਹਰਿਆਂ ਉਤੇ ਆਤੰਕ ਅਤੇ ਡਰ ਕਾਬਜ਼ ਹੋ ਗਿਆ ਸੀ। ਗੱਭਰੂਆਂ ਦੀਆਂ ਤਣੀਆਂ ਹੋਈਆਂ ਚੌੜੀਆਂ ਛਾਤੀਆਂ ਸੁੰਗੜ ਗਈਆਂ ਸਨ। ਉਨ੍ਹਾਂ ਦੀਆਂ ਸਰੂ ਵਰਗੀਆਂ ਉਚੀਆਂ ਧੌਣਾਂ ਵੀ ਨੀਵੀਆਂ ਪੈ ਗਈਆਂ ਸਨ। ਹਜ਼ਾਰਾਂ, ਲੱਖਾਂ ਅੱਖੀਆਂ ਵਿਚਲੀ ਵਿਚਾਰਗੀ ਨੂੰ ਰੱਬ ਵੀ ਅੱਖੀ ਵਿਹੰਦਾ ਤਾਂ ਜ਼ਰੂਰ ਡੋਲ ਜਾਂਦਾ। ਅਲਫ ਨੰਗੀ ਜ਼ਿੰਦਗੀ ਥਾਂ-ਥਾਂ 'ਤੇ ਧਾਹਾਂ ਮਾਰ ਰਹੀ ਸੀ। ਮਾਵਾਂ ਦੀਆਂ ਛਾਤੀਆਂ 'ਚੋਂ ਦੁੱਧ ਨਹੀਂ ਰੱਤ ਦੇ ਟੇਪੇ ਸਿੰਮਦੇ ਸਨ। ਇਹ ਸਭ ਕਿਉਂ, ਕਿਵੇਂ ਤੇ ਕਿਸ ਲਈ ਹੋਇਆ? ਇਹ ਗੋਂਦਾ ਗੁੰਦਣ ਵਿਚ ਕਿਸ ਕਿਸ ਦਾ ਹੱਥ ਸੀ? ਇਹ ਸਭ ਕੁਝ ਸੋਚਣ ਦੀ ਕਿਸੇ ਨੂੰ ਵੀ ਵਿਹਲ ਨਹੀਂ ਸੀ। ਇਹ ਵਿਚਾਰੇ ਤਾਂ ਜਾਨਾਂ ਬਚਾ ਕੇ ਭੱਜਣ ਦੇ ਆਹਰ ਵਿਚ ਸਨ। ਵੰਡ ਦੇ ਖੁਰਦਰੇ ਪੈਰਾਂ ਥਲੇ ਬਹੁਤ ਕੁਝ ਖਾਮੋਸ਼ੀ ਦਾ ਰੂਪ ਧਾਰ ਗਿਆ ਸੀ। ਦੇਸ਼ ਦੇ ਨਾਲ-ਨਾਲ ਅਦੀਬ ਵੀ ਵੰਡੇ ਗਏ ਸਨ। ਕਈ ਜਵਾਨ ਦਿਲਾਂ ਦੀ ਮੁਹੱਬਤ ਦੋਹਾਂ ਪੰਜਾਬਾਂ ਵਿਚਕਾਰਲੀ ਖੂਨੀ ਲਕੀਰ ਦੀ ਬਲੀ ਚੜ੍ਹ ਗਈ ਸੀ। ਮੁਹੱਬਤ ਜੋ ਜਾਤ-ਪਾਤ ਦੀਆਂ ਵਾੜਾਂ ਟੱਪ ਚੁੱਕੀ ਸੀ। ਬੰਦਸ਼ਹੀਨ ਹੋ ਚੁੱਕੀ ਸੀ। ਮੁਹੱਬਤ ਜਿਸ ਨੇ ਕੋਈ ਹੱਦ ਨਹੀਂ ਸੀ ਮੰਨੀ। ਲੀਰੋ ਲੀਰ ਕਰ ਦਿੱਤੀ ਸੀ ਇਸ ਲਕੀਰ ਨੇ! ਨਫਰਤ ਦੀ ਖੂਨੀ ਲਕੀਰ ਖਿੱਚਣ ਵਾਲਿਆਂ ਨੂੰ ਰੱਤੀ ਭਰ ਵੀ ਸ਼ਰਮ ਨਾ ਆਈ। ਉਨ੍ਹਾਂ ਦੇ ਆਪਣੇ ਮਸਲੇ ਜੁ ਹੱਲ ਹੋ ਗਏ ਸਨ। ਉਨ੍ਹਾਂ ਨੂੰ ਪਿਆਰ ਮੁਹੱਬਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਮੁਹੱਬਤ ਦੇ ਸਿਰਨਾਵਿਆਂ ਦਾ ਹਸ਼ਰ ਪਾਣੀ 'ਤੇ ਖਿੱਚੀ ਲਕੀਰ ਵਾਲਾ ਹੋ ਗਿਆ ਸੀ। ਰੇਤ ਉਤੇ ਛੱਡੀ ਪੈੜ ਵਾਂਗ ਮਰ ਖੱਪ ਗਏ ਸਨ ਮੁਹੱਬਤ ਦੇ ਸਿਰਨਾਵੇਂ। ਪਿਆਰ ਕਰਨ ਵਾਲਿਆਂ ਇਕ ਵਾਰੀ ਹਾਰ ਮੰਨ ਕੇ ਦੂਜੇ ਥਾਂ ਦਿਲ ਨਾ ਲਾਇਆ। ਸਮਾਜ ਦੇ ਆਲਮ ਬਰਦਾਰਾਂ ਨੇ ਉਨ੍ਹਾਂ ਨੂੰ ਆਪਣੀ ਮਨਮਰਜ਼ੀ ਦੀ ਪੌੜੀਏ ਚਾੜ੍ਹ ਦਿੱਤਾ। ਪਿਆਰ ਕਰਨ ਵਾਲਿਆਂ ਜਿਸਮਾਂ ਦੇ ਨਿੱਘ ਤਾਂ ਹੋਰ ਥਾਂ ਸੌਂਪ ਦਿੱਤੇ ਪਰ ਰੂਹਾਂ ਦਾ ਬਦਲ ਨਹੀਂ ਸੀ ਕੀਤਾ। ਹੁਣ ਇਸ 65 ਦੀ ਜੰਗ ਵਿਚ ਇਨ੍ਹਾਂ ਦੇ ਜੰਮੇ ਹੋਏ ਹੀ ਇਕ ਦੂਜੇ ਦੇ ਲਹੂ ਨਾਲ ਆਪੋ ਆਪਣੀ ਤਰੋਹ ਬੁਝਾ ਰਹੇ ਸਨ। ਜੰਮਣ ਵਾਲਿਆਂ ਦੀਆਂ ਰੂਹਾਂ ਵਿਲਕ ਰਹੀਆਂ ਸਨ। ਇਸ ਲੜਾਈ ਵੇਲੇ ਹਰੀ ਵਰਦੀ ਪਾਉਣ ਲਈ ਨਰੇਸ਼ ਦੀ ਵਿੱਦਿਅਕ ਯੋਗਤਾ ਤਾਂ ਪੂਰੀ ਸੀ...ਉਮਰ ਅਜੇ ਵੀ ਅੜਿੱਕਾ ਬਣੀ ਬੈਠੀ ਸੀ। ਉਮਰ ਦਾ ਫਰਕ ਵੀ ਬਹੁਤਾ ਨਹੀਂ ਸੀ। ਥੋੜ੍ਹਾ ਹੀ ਸੀ...ਬਹੁਤ ਥੋੜ੍ਹਾ! ਅੱਠ ਕਾਲਜਾਂ ਦੇ ਸਾਲਾਨਾ ਇਮਤਿਹਾਨ ਨੇੜੇ ਸਨ। ਸਾਰੇ ਵਿਦਿਆਰਥੀ ਪੂਰੇ ਵਰ੍ਹੇ ਦੀ ਖੱਟੀ ਖੱਟਣ ਦੇ ਆਹਰ ਵਿਚ ਰੁੱਝੇ ਹੋਏ ਸਨ। ਨਰੇਸ਼ ਨੇ ਸੈਨਾ ਵਿਚ ਕਮਿਸ਼ਨ ਲੈਣ ਲਈ ਬਿਨੈ ਪੱਤਰ ਭੇਜਿਆ ਹੋਇਆ ਸੀ। ਇਨ੍ਹੀਂ ਦਿਨੀਂ ਹੀ ਇਲਾਹਾਬਾਦ ਦੇ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੋਰਡ) ਵੱਲੋਂ ਨਰੇਸ਼ ਨੂੰ ਇੰਟਰਵਿਊ ਲਈ ਬੁਲਾਵਾ ਆ ਗਿਆ। ਉਸ ਨੇ ਸਾਲਾਨਾ ਪਰਚਿਆਂ ਦੀ ਤਿਆਰੀ ਵਿਚੇ ਹੀ ਛੱਡ ਦਿੱਤੀ। ਚਿਰੋਕੇ ਸੁਪਨੇ ਨੂੰ ਸੱਚ ਵਿਚ ਬਦਲਣ ਲਈ ਇਲਾਹਾਬਾਦ ਪਹੁੰਚ ਗਿਆ। ਇਲਾਹਾਬਾਦ, ਜਿਥੇ ਤ੍ਰਿਵੇਣੀ ਦੇ ਸੰਗਮ ਅਸਥਾਨ 'ਤੇ ਗੰਗਾ, ਜਮਨਾ ਅਤੇ ਸਰਸਵਤੀ ਮਿਲਦੀਆਂ ਹਨ। ਗੰਗਾ, ਜਮਨਾ ਵਾਂਗ ਸਰਸਵਤੀ ਵੀ ਬੜਾ ਲੰਮਾ ਪੈਂਡਾ ਕੱਛ ਕੇ ਇਥੇ ਪਹੁੰਚਦੀ ਹੈ। ਬਦਰੀ ਨਾਥ ਦੇ ਉਤਰ ਵੱਲ ਭਾਰਤ-ਤਿੱਬਤ ਸਰਹੱਦ 'ਤੇ ਨਿੱਕਾ ਜਿਹਾ ਪਿੰਡ 'ਮਾਨਾ' ਵੱਸਦਾ ਹੈ। ਏਥੋਂ ਦੇ ਬਸ਼ਿੰਦੇ 'ਮੇਰੀ ਛਿਪੇ ਰਹਿਣ ਦੀ ਚਾਹ' ਵਾਲੇ ਗੜ੍ਹਵਾਲੀ ਹੀ ਹਨ। ਪਿੰਡ ਮਾਨਾ ਤੋਂ ਹੁੰਦੀ ਹੋਈ ਸਰਸਵਤੀ ਨਦੀ ਸਰਹੱਦ ਦੇ ਨਾਲ-ਨਾਲ ਵਗਦੀ ਅਖੀਰ ਗੰਗਾ ਜਮਨਾ ਦੀ ਢਾਕੇ ਚੜ੍ਹਦੀ ਹੈ। ਤ੍ਰਿਵੈਣੀ ਦੇ ਸੰਗਮ ਦਾ ਅਟੁੱਟ ਹਿੱਸਾ ਬਣ ਜਾਂਦੀ ਹੈ। ਐਸ. ਐਸ. ਬੀ. ਦੇ ਪਾਰਖੂਆਂ ਦੀ ਕਸਵੱਟੀ 'ਤੇ ਨਰੇਸ਼ ਪੂਰਾ ਉਤਰਿਆ ਸੀ। ਇਸ ਸਫਲਤਾ ਬਾਰੇ ਇਲਾਹਾਬਾਦ ਤੋਂ ਹੀ ਨਰੇਸ਼ ਨੇ ਆਪਣੇ ਪਿਤਾ ਦੀਨ ਦਿਆਲ ਨੂੰ ਤਾਰ ਰਾਹੀਂ ਖਬਰ ਭੇਜ ਦਿੱਤੀ ਸੀ। ਇੰਟਰਵਿਊ ਤੋਂ ਵਿਹਲਿਆਂ ਹੋ ਕੇ ਨਰੇਸ਼ ਤ੍ਰਿਵੈਣੀ ਦੇ ਸੰਗਮ ਉਤੇ ਇਸ਼ਨਾਨ ਕਰਨ ਵੀ ਗਿਆ। ਰੱਬੋਂ ਹੀ ਇਹ 'ਜੋਗ ਇਸ਼ਨਾਨ' ਦਾ ਦਿਨ ਸੀ। ਸ਼ਾਸਤਰਾਂ ਮੁਤਾਬਕ ਇਸ ਦਿਨ ਇਥੇ ਇਸ਼ਨਾਨ ਕਰਨ ਵਾਲੇ ਇਨਸਾਨ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ, ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਉਮਰ ਸੌ ਵਰ੍ਹੇ ਦੀ ਹੋ ਜਾਂਦੀ ਹੈ। ਇਹ ਦਿਨ ਬਾਰ੍ਹਾਂ ਵਰ੍ਹਿਆਂ ਦੀ ਵਿੱਥ ਬਾਅਦ ਆਉਂਦਾ ਹੈ। ਜਦੋਂ ਸੂਰਜ ਦੁਆਲੇ ਘੁੰਮਦਿਆਂ ਨੌ ਦੇ ਨੌ ਗ੍ਰਹਿ ਇਕ ਹੀ ਸੇਧ ਵਿਚ ਆ ਜਾਂਦੇ ਹਨ ਤਾਂ ਇਸ ਦਿਨ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਤ੍ਰਿਵੈਣੀ ਦੇ ਸੰਗਮ ਉਤੇ ਹੀ ਹੁੰਦੀ ਹੈ। ਜੋਗ ਇਸ਼ਨਾਨ ਵਾਲੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਮੇਲਾ ਭਰਨਾ ਸ਼ੁਰੂ ਹੋ ਜਾਂਦਾ ਹੈ। ਇਸ ਮੇਲੇ ਨੂੰ ''ਪੂਰਣ ਕੁੰਭ'' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਲਾਹਾਬਾਦ ਤੋਂ ਵਾਪਸ ਜਲੰਧਰ ਆਉਂਦਿਆਂ ਅਗਲੀ ਸਵੇਰ ਦੀ ਉਡੀਕ ਵਿਚ ਨਰੇਸ਼ ਰਾਤ ਭਰ ਗੱਡੀ ਵਿਚ ਜਾਗਦਾ ਹੀ ਰਿਹਾ। ਪੂਰੀ ਰਾਤ ਉਸਦੇ ਖਿਆਲਾਂ ਦੀ ਨਦੀ ਵਿਚ ਸਵਿੱਤਰੀ ਅਤੇ ਦੀਨ ਦਿਆਲ ਦੀ ਖੁਸ਼ੀ ਦੇ ਨਾਲ-ਨਾਲ ਨਿਸ਼ਾ ਦਾ ਚਿਹਰਾ ਵੀ ਤਾਰੀਆਂ ਲਾਉਂਦਾ ਰਿਹਾ। ਸੂਰਜ ਦੀਆਂ ਸਜਰੀਆਂ ਕਿਰਨਾਂ ਦੀ ਆਮਦ ਦੇ ਨਾਲ ਹੀ ਗੱਡੀ ਜਲੰਧਰ ਪਹੁੰਚ ਗਈ ਸੀ। ਨਵੀਂ ਉਮਰ ਸੀ। ਨਵੀਆਂ ਹਸਰਤਾਂ ਸਨ ਤੇ ਇਸ ਦੇ ਨਾਲ-ਨਾਲ ਨਵੀਂ ਅਤੇ ਠੋਸ ਸਫਲਤਾ ਵੀ ਸੀ। ਨਰੇਸ਼ ਸਿੱਧਾ ਪਿੰਡ ਨਹੀਂ ਸੀ ਗਿਆ। ਆਪਣੇ ਜਾਗਦੇ ਤੇ ਸੱਚ ਵਰਗੇ ਸੁਪਨੇ...ਨਿਸ਼ਾ ਨੂੰ ਮਿਲਣ ਲਈ ਉਸਦੇ ਹੋਸਟਲ ਪਹੁੰਚ ਗਿਆ ਸੀ। ਅਜੇ, ਕਾਲਜ ਲੱਗਣ ਵਿਚ ਸਮਾਂ ਸੀ। ਹੋਸਟਲ ਦੀ ਮਾਈ ਰਾਹੀਂ ਨਰੇ ਨੇ ਨਿਸ਼ਾ ਨੂੰ ਸੁਨੇਹਾ ਘਲਿਆ। ਆਪ ਅਲਸਾਏ ਜਿਹੇ ਕਾਮਨ ਰੂਮ ਵਿਚ ਬੈਠ ਗਿਆ। ਮਸੀਂ ਪੰਜ ਮਿੰਟ ਹੀ ਇੰਤਜ਼ਾਰ ਕੀਤੀ ਹੋਵੇਗੀ ਕਿ 'ਹਾਏ ਨਰੇਸ਼' ਬੰਸਰੀ ਦੇ ਸੁਰ ਵਰਗੇ ਬੋਲਾਂ ਦੇ ਨਾਲ ਹੀ ਨਿਸ਼ਾ ਵੀ ਕਾਮਨ ਰੂਮ ਦਾ ਹਾਸਲ ਬਣ ਗਈ। ''ਕਦੋਂ ਆਏ ਸੀ''? ਨਾਲ ਦੀ ਨਾਲ ਹੀ ਨਿਸ਼ਾ ਨੇ ਸਵਾਲ ਕਰ ਦਿੱਤਾ। 'ਹੁਣੇ ਈ...ਤੇ ਸਿੱਧਾ ਤੇਰੇ ਕੋਲ।'' ਨਿਸ਼ਾ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਪਲ ਕੁ ਦੀ ਚੁੱਪ ਪਿੱਛੋਂ ''ਹਜ਼ੂਰ ਆਹ ਹਾਲਤ ਕੀ ਬਣਾਈ ਹੋਈ ਏ?'' ਕੁਝ ਖੁਲ੍ਹ ਕੇ ਹਸਦੇ ਹੋਏ ਨਰੇਸ਼ ਦਾ ਇਸ਼ਾਰਾ, ਨਿਸ਼ਾ ਦੇ ਨੰਗੇ ਸਿਰ ਅਤੇ ਉਲਝੇ ਹੋਏ ਵਾਲਾਂ ਵੱਲ ਸੀ। ਤੁਹਾਡਾ ਸੁਨੇਹਾ ਮਿਲਣ 'ਤੇ ਭੱਜੀ ਆਈ ਹਾਂ। ਸੁਣਾਉ ਇੰਟਰਵਿਊ ਕਿਵੇਂ ਰਹੀ? ਇਸ ਵੇਲੇ ਨਿਸ਼ਾ ਆਪਣੇ ਹੱਥਾਂ ਨੂੰ ਇਕ ਖਾਸ ਅੰਦਾਜ਼ ਵਿਚ ਹਿਲਾ ਰਹੀ ਸੀ। ''ਸੀ..ਲੈਕ..ਟਿਡ'' ਜ਼ਰਾ ਚਿੱਥ ਕੇ ਕਿਹਾ ਸੀ ਨਰੇਸ਼ ਨੇ। ''ਹੈਅ...ਕੌਗ...ਰੈਚ'' ਪੂਰੀ ਖੁਸ਼ ਹੋ ਕੇ ਧੁਰ ਅੰਦਰੋਂ ਕਿਹਾ ਸੀ ਨਿਸ਼ਾ ਨੇ! ਨਿਸ਼ਾ ਦੇ ਅੱਗੇ ਵੱਧੇ ਹੋਏ ਕੂਲੇ ਹੱਥ ਨੁੰ ਨਰੇਸ਼ ਦੀਆਂ ਪੀਡੀਆਂ ਉਂਗਲਾਂ ਨੇ ਘੁੱਟਿਆ ਅਤੇ ਜੀਭ ਨੇ 'ਥੈਂਕਸ' ਕਿਹਾ ਸੀ। ''ਅੱਠ ਅਪ੍ਰੈਲ ਨੂੰ ਆਫੀਸਰਜ਼ ਟ੍ਰੇਨਿੰਗ ਸਕੂਲ ਮਦਰਾਸ ਪਹੁੰਚਣਾ ਹੈ'', ਨਰੇਸ਼ ਨੇ ਨਿਸ਼ਾ ਨੂੰ ਦੱਸਿਆ ਸੀ। ''ਅੱਛਾ! ਤੇ ਫਿਰ ਫਾਈਨਲ ਪੇਪਰ?'' ਨਿਸ਼ਾ ਨੇ ਅਚੰਭੇ ਜਿਹੇ ਨਾਲ ਸਵਾਲ ਕੀਤਾ ਤੇ ਨਰੇਸ਼ ਨੇ ਹੱਸਦਿਆਂ ਹਸਦਿਆਂ ਕਿਹਾ, ''ਛੱਡ ਪਰਾਂ ਪੇਪਰਾਂ ਨੂੰ ਅੰਡਰ ਗ੍ਰੈਜੂਏਟ ਹੀ ਸਹੀ।'' ਫੌਜੀ ਕਾਨੂੰਨ ਅਤੇ ਅਨੁਸ਼ਾਸਨ ਨਰੇਸ਼ ਉਤੇ ਲਾਗੂ ਹੋ ਚੁੱਕਿਆ ਸੀ। ਅੱਠ ਅਪ੍ਰੈਲ ਨੂੰ ਮਦਰਾਸ ਪਹੁੰਚਣ ਦੀ ਮਜਬੂਰੀ ਨੇ ਨਰੇਸ਼ ਨੂੰ ਸਾਲਾਨਾ ਪੇਪਰਾਂ ਤੋਂ ਲਾਂਭੇ ਕਰ ਲਿਆ ਸੀ। ਚਾਰ ਅਪ੍ਰੈਲ ਨੂੰ ਨਰੇਸ਼ ਨੇ ਮਦਰਾਸ ਲਈ ਰਵਾਨਾ ਹੋਣਾ ਸੀ। ਸਿਰਫ ਵੀਹ ਦਿਨ ਬਾਕੀ ਸਨ। ਵੀਹ ਦਿਨਾਂ ਨੇ ਤਾਂ ਝੱਟ ਹੀ ਪਿਘਲ ਜਾਣਾ ਸੀ। ਇਹੀ ਸੋਚਿਆ ਸੀ ਨਿਸ਼ਾ ਨੇ ਕਿ ਉਸਦੇ ਗੋਰੇ ਚਿਹਰੇ ਤੇ ਉਦਾਸੀ ਦੇ ਪਰਛਾਵੇਂ ਉਤਰ ਆਏ ਸਨ। ਚਿਹਰੇ 'ਤੇ ਉਤਰੀ ਉਦਾਸੀ ਦਾ ਅੱਖਰ-ਅੱਖਰ ਨਰੇਸ਼ ਦੀਆਂ ਅੱਖਾਂ ਨੇ ਪੜ੍ਹ ਲਿਆ ਸੀ। ਇਸ ਤੋਂ ਪਹਿਲਾਂ ਕਿ ਨਰੇਸ਼ ਵੀ ਭਾਵੁਕ ਹੋ ਜਾਂਦਾ, ਉਸ ਨੇ ਕਿਹਾ, ''ਨਿਸ਼ਾ ਮੈਂ ਪਿੰਡ ਵੀ ਜਾਣੈ, ਪਹਿਲਾਂ ਕਮਰੇ 'ਤੇ ਜਾ ਕੇ ਨਹਾ ਧੋ ਲਵਾਂ। ਤੂੰ ਵੀ ਤਿਆਰ ਹੋ ਕੇ ਉਧਰ ਹੀ ਆ ਜਾ।'' ''ਠੀਕ ਹੈ।'' ''ਕਦੋਂ ਤੱਕ ਆਏਂਗੀ?'' ''ਤੁਸੀਂ ਚਲੋ ਮੈਂ ਆਈ।'' ''ਓ ਕੇ ਸੀ ਯੂ'' ਕਹਿ ਕੇ ਨਰੇਸ਼ ਆਪਣੇ ਕਮਰੇ 'ਤੇ ਪਹੁੰਚ ਗਿਆ। ਕਮਰਾ ਜੋ ਉਸ ਦਾ ਸਭ ਕੁਝ ਸੀ ਤੇ ਜਿਸ ਉਸਦਾ ਕੁਝ ਵੀ ਨਹੀਂ ਰਹਿਣਾ, ਪਰ ਇਸ ਕਮਰੇ ਨੇ ਉਸ ਦੇ ਚੇਤਿਆਂ 'ਚੋਂ ਕਦੀ ਵੀ ਮਨਫੀ ਨਹੀਂ ਸੀ ਹੋਣਾ। ਨਰੇਸ਼ ਨਹਾ ਧੋ ਕੇ ਤਿਆਰ ਹੋ ਚੁੱਕਿਆ ਸੀ। ਉਸ ਨੇ ਆਪਣਾ ਸਾਰਾ ਸਮਾਨ ਵੀ ਬੰਨ੍ਹ ਲਿਆ ਸੀ। ਨਰੇਸ਼ ਅਤੇ ਉਸਦਾ ਸਾਰਾ ਸਮਾਨ ਕਮਰੇ ਤੋਂ ਵਿਦਾ ਹੋਣ ਲਈ ਤਿਆਰ ਸਨ। ਦੇਰ ਸੀ ਤਾਂ ਬਸ ਨਿਸ਼ਾ ਦੇ ਆਉਣ ਦੀ। ਨਰੇਸ਼ ਦੀਆਂ ਕਿਤਾਬਾਂ ਅਤੇ ਨੋਟਸ ਵਗੈਰਾ ਇਕ ਸੇਬੇ ਵਿਚ ਬੱਝੇ ਟਰੰਕ ਉਤੇ ਪਏ ਹੋਏ ਸਨ। ਨਰੇਸ਼ ਅਲਾਣੀ ਮੰਜੀ 'ਤੇ ਬੱਝੇ ਹੋਏ ਬਿਸਤਰੇ ਦੀ ਢੋਅ ਲਾਈ ਸੁਸਤਾ ਰਿਹਾ ਸੀ। ਦਰਵਾਜ਼ੇ 'ਤੇ ਖੱਟ...ਖੱਟ ਦੀ ਆਵਾਜ਼ ਹੋਈ। ਚ.ਰ.ਰ.ਰ. ਕਰਕੇ ਬੂਹਾ ਖੁੱਲ੍ਹਿਆ ਅਤੇ ਢੁੱਕ ਗਿਆ। ਮਹਿਕ ਨੇ ਅੰਦਰ ਆ ਕੇ ਅੰਗੜਾਈ ਲਈ। ਸਾਰੇ ਦਾ ਸਾਰਾ ਕਮਰਾ ਮਹਿਕਾ ਦਿੱਤਾ। ਨਰੇਸ਼ ਬੈਠਾ ਹੋ ਗਿਆ। ਉਸ ਦੀ ਮੁਸਕਰਾਹਟ ਨੇ ਨਿਸ਼ਾ ਨੂੰ ਜੀ ਆਇਆਂ ਕਿਹਾ। ਨਿਸ਼ਾ ਦੇ ਚਿਹਰੇ 'ਤੇ ਖੁਸ਼ੀ ਸੀ। ਉਦਾਸੀ ਸੀ। ਦੋਵੇਂ ਚੀਜ਼ਾਂ ਸਨ। 'ਸੁਣਾ ਫਿਰ ਨਿਸ਼ਾ ਪੇਪਰਾਂ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ?'' ''ਬਹੁਤ ਵਧੀਆ'' ਕਹਿ ਕੇ ਨਿਸ਼ਾ ਕਮਰੇ ਵਿਚਲੀ ਨਰੇਸ਼ ਵਾਲੀ ਇਕੋ-ਇਕ ਮੰਜੀ ਦੀ ਹੀਅ 'ਤੇ ਬੈਠ ਗਈ। 'ਮਦਰਾਸ, ਤੇਰੇ ਤੋਂ ਦੂਰ ਵਕਤ ਬੜਾ ਲੰਘਿਆ ਕਰੂ।'' ਇਸ ਦੇ ਨਾਲ ਹੀ ਇਕ ਡੂੰਘਾ ਜਿਹਾ ਸਾਹ ਖਿੱਚਿਆ ਸੀ ਨਰੇਸ਼ ਨੇ। ''ਵਕਤ ਏਧਰ ਕਿਹੜਾ ਸੌਖਾ ਲੰਘਣੈ ਪਰ ਤੁਸੀਂ ਆਪਣੀ ਟ੍ਰੇਨਿੰਗ ਧਿਆਨ ਨਾਲ ਕਰਿਓ।'' ''ਲੈ ਇਦੇ ਵਿਚ ਤੈਨੂੰ ਕੋਈ ਸ਼ੱਕ ਆ!'' ''ਨਾ ਸ਼ੱਕ ਤਾਂ ਕੋਈ ਨਹੀਂ, ਹਾਂ ਸੱਚ, ਮਦਰਾਸ ਵੱਡਾ ਸ਼ਹਿਰ ਆ। ਉਥੋਂ ਦੀਆਂ ਹੂਰਾਂ ਤੋਂ ਬਚ ਕੇ ਰਹੀਂ।'' ਨਰੇਸ਼ ਦੀ ਕਲਾਈ ਫੜ ਕੇ ਕਿਹਾ ਸੀ ਨਿਸ਼ਾ ਨੇ। ਬੇਪਰਵਾਹੀ ਨਾਲ ਮੁਸਕਰਾਉਂਦੀ ਨਿਸ਼ਾ ਦੀਆਂ ਅੱਖਾਂ ਵਿਚ ਉਸਦਾ ਦਿਲ ਵੀ ਦਿਸ ਰਿਹਾ ਸੀ। ਭੋਲਾ ਜਿਹਾ ਦਿਲ। ''ਨਿਸ਼ਾ! ਮੇਰੀ ਤਾਂ ਇਕੋ ਈ ਹੂਰ ਏ।'' ਕਹਿ ਕੇ ਨਰੇਸ਼ ਨੇ ਨਿਸ਼ਾ ਦੀ ਗੱਲ੍ਹ ਥਾਪੜ ਦਿੱਤੀ ਤੇ ਗੱਲ ਤੁਰਦੀ ਰਖਦਿਆਂ ਕਿਹਾ, ''ਜਾਣ ਤੋਂ ਪਹਿਲਾਂ ਇਕ ਦੋ ਵਾਰ ਹੀ ਮਿਲ ਹੋਣੈ ਆਪਣੀ ਹੂਰ ਨੂੰ।'' ਇਸ ਵੇਲੇ ਨਿਸ਼ਾ ਦੀਆਂ ਖੂਬਸੂਰਤ ਅੱਖਾਂ ਵਿਚ ਪਾਣੀ ਸਿੰਮ ਰਿਹਾ ਸੀ। ਨਿਸ਼ਾ ਨੇ ਆਪਣੀਆਂ ਭਿੱਜੀਆਂ ਪੁਤਲੀਆਂ ਉਤਾਂਹ ਚੁੱਕੀਆਂ ਤੇ ਨਜ਼ਰ ਇਕ ਟੱਕ ਨਰੇਸ਼ ਦੇ ਚਿਹਰੇ 'ਤੇ ਜਮ੍ਹਾਂ ਲਈ। ਉਸਦਾ ਦਿਲ ਕੀਤਾ ਕਿ ਉਹ ਸਾਰੀ ਦੀ ਸਾਰੀ ਪਿਘਲ ਕੇ ਨਰੇਸ਼ ਦੇ ਚਿਹਰੇ ਵਿਚ ਹੀ ਲੁੱਕ ਜਾਵੇ। ਇਸ ਦੇ ਨਾਲ ਹੀ ਅਚੇਤਨਾ ਦੀ ਹਾਲਤ ਵਿਚ ਨਿਸ਼ਾ ਨੇ ਨਰੇਸ਼ ਦੇ ਸੱਜੇ ਹੱਥ ਆਪਣੇ ਗੋਰੇ ਅਤੇ ਕੁਲ੍ਹੇ ਹੱਥਾਂ ਵਿਚ ਘੁੱਟ ਲਿਆ। ਅੱਜ ਤੋਂ ਪਹਿਲਾਂ ਵੀ ਇਨ੍ਹਾਂ ਹੱਥਾਂ ਨੇ ਇਕ ਦੂਜੇ ਦੀ ਛੋਹ ਨੂੰ ਮਹਿਸੂਸ ਕੀਤਾ ਸੀ ਪਰ ਉਦੋਂ ਇਹ ਅਨਜਾਣ ਹੱਥ ਸਨ। ਵਰ੍ਹਿਆਂ ਦੀ ਪੁਲਾਂਘ ਨਾਲ ਪੁਲਾਂਘ ਧਰਤੀ ਉਮਰ ਨੇ ਨਿਸ਼ਾ ਅਤੇ ਨਰੇਸ਼ ਦੇ ਜੀਵਨ ਪੁਸਤਕ ਤੇ ਬਚਪਨ ਅੱਖਰ ਨੂੰ ਮਿਟਾ ਕੇ ਜਵਾਨੀ ਲਿਖ ਦਿੱਤਾ ਸੀ। ਬੇਲਗਾਮ ਜਵਾਨੀ ਦੇ ਜਵਾਨ ਹੱਥਾਂ ਦੀ ਪਿਆਰ ਛੋਹ ਨਾਲ ਹੱਥ ਇਕ ਵਿਸ਼ਾਲ ਸਮੁੰਦਰ ਬਣ ਗਏ। ਸਮੁੰਦਰ ਦੀ ਵਿਸ਼ਾਲਤਾ ਵਿਚੋਂ ਇਕ ਲਹਿਰ ਉਠੀ ਤੇ ਜਿਸਮਾਂ ਵਿਚ ਦੀ ਛਣਨ ਛਣਨ ਕਰਕੇ ਗੁਜ਼ਰ ਗਈ। ਨਿਸ਼ਾ ਅਤੇ ਨਰੇਸ਼ ਦਾ, ਦੋਹਾਂ ਦਾ ਨਵਾਂ ਅਨੁਭਵ ਸੀ ਇਹ। ਨਿਸ਼ਾ ਦੇ ਹੱਥ ਕਿੰਨਾ ਚਿਰ ਨਰੇਸ਼ ਦੇ ਹੱਥ ਦਾ ਦਸਤਾਨਾ ਬਣੇ ਰਹੇ। ਦੋਹਾਂ ਦੀਆਂ ਅੱਖਾਂ ਵਿਚ ਜੋਬਨ ਦਾ ਸਰੂਰ ਵੱਧਦਾ ਗਿਆ। ਬਾਹਰ ਸੜਕਾਂ ਉਤੇ, ਸ਼ਹਿਰ ਵਿਚ ਅਤੇ ਦੁਨੀਆਂ ਵਿਚ ਸਭ ਕੁਝ ਆਮ ਵਾਂਗ ਆਪੋ ਆਪਣੀ ਚਾਲੇ ਤੁਰ ਰਿਹਾ ਸੀ। ਕਮਰੇ ਅੰਦਰ ਤਾਂ ਵਕਤ ਖਲ੍ਹੋ ਗਿਆ ਸੀ। ਸੁਮੇਰ ਪਰਬਤ ਦੇ ਵਾਂਗ! ਪੱਛਮ ਵੱਲ ਝੁੱਕ ਰਹੇ ਸੂਰਜ ਦੀਆਂ ਦਿਨ ਭਰ ਦੀਆਂ ਥੱਕੀਆਂ ਟੁੱਟੀਆਂ ਕਿਰਨਾਂ ਦੇ ਝੁੰਡ ਨੇ ਬੂਹੇ ਦੀ ਵਿਰਲ ਵਿਚੋਂ ਨਰੇਸ਼ ਨੂੰ ਨਿਸ਼ਾ ਦੇ ਗੋਰੇ ਹੱਥ ਆਪਣੇ ਬੁੱਲਾਂ ਨਾਲ ਚੁੰਮਦਿਆਂ ਵੇਖ ਲਿਆ ਸੀ। ਸਵਰਗ ਦੀ ਉਸਾਰੀ ਵਿਚ ਰੁੱਝੇ ਦਿਲਾਂ ਨੂੰ ਵੇਖ ਕੇ ਕਿਰਨਾਂ ਵੀ ਮੁਸਕਰਾ ਰਹੀਆਂ ਸਨ। ਸਾਰੇ ਦਿਨ ਦੀ ਥਕਾਵਟ ਭੁੱਲ ਗਈ ਸੀ ਸਾਰੀਆਂ ਦੀਆਂ ਸਾਰੀਆਂ ਕਿਰਨਾਂ ਨੂੰ। ਸਥਿਤੀ ਕੋਈ ਵੀ ਹੋਵੇ ਚਿਰ ਸਥਾਈ ਨਹੀਂ ਹੁੰਦੀ। ਸਦੀਵੀਂ ਨਹੀਂ ਹੁੰਦੀ। ਉਸ ਵਿਚ ਕਦੀ ਨਾ ਕਦੀ ਚੜ੍ਹਾਅ-ਉਤਰਾਅ ਜ਼ਰੂਰ ਆਉਂਦਾ ਹੈ। ਮਲਕੜੇ ਜਿਹੇ ਨਿਸ਼ਾ ਨੇ ਨਰੇਸ਼ ਦੇ ਹੱਥ ਦਵਾਲਿਉਂ ਆਪਣੇ ਹੱਥ ਪਿਛਾਂਹ ਖਿੱਚ ਲਏ ਅਤੇ ਕਿਹਾ, ''ਤੁਸੀਂ ਪਿੰਡ ਵੀ ਤਾਂ ਪਹੁੰਚਣਾ ਹੈ।'' ਇਸ ਦੇ ਨਾਲ ਹੀ ਰੰਗੀਨ ਪਲ ਇਕ ਵਿਸਰਿਆ ਹੋਇਆ ਸੁਪਨਾ ਬਣ ਗਏ। ''ਹਾਂ ਹੁਣ ਤੂੰ ਵੀ ਵੇਲੇ ਸਿਰ ਹੋਸਟਲ ਪਰਤ ਜਾ ਮੈਂ ਪਰਸੋਂ ਜਾਂ ਚੌਥ ਫੇਰ ਆਵਾਂਗਾ।'' ਤੇ ਇਸ ਦੇ ਨਾਲ ਹੀ ਨਰੇਸ਼ ਨਿਸ਼ਾ ਨੂੰ ਵਿਦਾ ਕਰਨ ਲਈ ਮੰਜੀ ਤੋਂ ਉੱਠ ਖਲੋਤਾ। ''ਹਾਂ ਸੱਚ ਨਿਸ਼ਾ, ਆਹ ਬੰਡਲ ਸਾਂਭ ਲੈ।'' 'ਬੰਡਲ!' 'ਕਿਤਾਬਾਂ ਤੇ ਨੋਟਸ ਫਾਈਨਲ ਈਅਰ ਦੇ। ਮੇਰੇ ਲਈ ਤਾਂ ਬੰਡਲ ਹੀ ਹਨ। ਤੇਰੇ ਬਹੁਤ ਕੰਮ ਆਉਣਗੇ ਅਗਲੇ ਸਾਲ। ਤੇਰੇ ਲਈ ਬੜੇ ਕੰਮ ਦੀ ਚੀਜ਼ ਨੇ। ਪਸੰਦ ਵੀ ਆਉਣਗੇ। ਇਸ ਵੇਲੇ ਦੋਵੇਂ ਇਕ ਦੂਜੇ ਦੀਆਂ ਅੱਖਾਂ ਵਿਚੋਂ ਆਪੋ ਆਪਣਾ ਭਵਿੱਖ ਵੇਖ ਰਹੇ ਸਨ। ਨਿਸ਼ਾ ਦੀਆਂ ਅੱਖਾਂ ਵਿਚ ਉਦਾਸੀ ਸੀ। ਨਰੇਸ਼ ਨੇ ਕਿਤਾਬਾਂ ਅਤੇ ਨੋਟਸ ਟਰੰਕ ਉਤੋਂ ਚੁੱਕੇ ਅਤੇ ਨਿਸ਼ਾ ਦੇ ਹੱਥਾਂ ਨੇ ਬੋਚ ਲਏ। ਇਕ ਪਿਆਰੀ ਜਿਹੀ ਮੁਸਕਾਨ ਨੇ ਨਰੇਸ਼ ਦਾ ਧੰਨਵਾਦ ਵੀ ਕੀਤਾ। ਅਣਚਾਹੇ ਜਿਹੇ ਮਨ ਨਾਲ ਨਰੇਸ਼ ਨੇ ਨਿਸ਼ਾ ਨੂੰ ਹੋਸਟਲ ਲਈ ਵਿਦਾ ਕਰ ਦਿੱਤਾ। ਨਿਸ਼ਾ ਦੇ ਜਾਣ ਤੋਂ ਬਾਅਦ ਨਰੇਸ਼ ਇਕ ਵਾਰੀ ਫਿਰ ਮੰਜੀ 'ਤੇ ਲੇਟ ਗਿਆ। ਕੁਝ ਸੋਚਣ ਲੱਗ ਪਿਆ...ਆਪਣੇ ਬਾਰੇ..ਨਿਸ਼ਾ ਬਾਰੇ। ਸ਼ਾਇਦ ਇਹੀ ਕਿ ਇਕ ਦੂਜੇ ਦੀਆਂ ਅੱਖਾਂ ਵਿਚ ਵੇਖੀਆਂ ਹਸਰਤਾਂ ਜੀਭ ਦੇ ਬੋਲ ਬਣੀਆਂ ਵੀ ਤਾਂ ਉਦੋਂ ਜਦੋਂ ਕਿ ਵਿਛੜਨ ਦੀ ਘੜੀ ਨੇੜੇ ਹੀ...ਐਨ ਨੇੜੇ ਖੜੀ ਸੀ। ਕਮਰੇ ਤੋਂ ਵਿਦਾ ਹੋਣ ਤੋਂ ਪਹਿਲਾਂ ਨਰੇਸ਼ ਦੀਆਂ ਨਜ਼ਰਾਂ ਨੇ ਕਮਰੇ ਦਾ ਕੋਨਾ-ਕੋਨਾ ਬੜੇ ਪਿਆਰ ਨਾਲ ਵੇਖਿਆ। ਵੇਖਦਾ ਵੀ ਕਿਉਂ ਨਾ! ਭਾਵੇਂ ਇਸ ਕਮਰੇ ਨੇ ਕਦੀ ਵੀ ਨਰੇਸ਼ ਦੀ ਮਲਕੀਅਤ ਨਹੀਂ ਸੀ ਬਣਨਾ। ਪਰ, ਇਸ ਵਿਚ ਸਿਰਜਿਆ ਸਵਰਗ ਤਾਂ ਉਸ ਦੀ ਮਲਕੀਅਤ ਸੀ। ਸਵਰਗ, ਜੋ ਅਜੇ ਇਕ ਸੁਪਨਾ ਸੀ। ਕਿਸੇ ਦੂਰ-ਦੁਰਾਡੀ ਅਦਿੱਖ ਨਦੀ ਵਿਚ ਤਰਦਾ ਹੋਇਆ ਸੁਪਨਾ। ਸੁਪਨਾ ਨਰੇਸ਼ ਦਾ...ਨਿਸ਼ਾ ਦਾ...ਦੋਹਾਂ ਦੇ ਸਾਂਝੇ ਸਵਰਗ ਦਾ ਸੁਪਨਾ! ਨੌ ਨਰੇਸ਼ ਦੇ ਫੌਜ ਵਿਚ ਕਮੀਸ਼ਨ ਲਈ ਚੁਣੇ ਜਾਣ ਦੀ ਖਬਰ ਦੇ ਨਾਲ ਹੀ ਦੀਨ ਦਿਆਲ ਦੇ ਚਿਹਰੇ 'ਤੇ ਪੱਕੇ ਹੋਏ ਕਾਠੇ ਬੇਰਾਂ ਦੀ ਲਾਲੀ ਉਤਰ ਆਈ ਸੀ। ਛਾਤੀ ਵੀ ਗਿੱਠ ਚੌੜੀ ਹੋ ਗਈ ਸੀ। ਇਹ ਖਬਰ ਆਪੇ ਹੀ ਪਿੰਡ ਦੇ ਘਰ-ਘਰ ਵਿਚ ਫਿਰ ਗਈ ਸੀ। ਸਾਰਾ ਦਿਨ ਵਧਾਈਆਂ ਤੇ ਵਧਾਈਆਂ ਆਉਂਦੀਆਂ ਰਹੀਆਂ ਸਨ। ਪਿੰਡ ਦੀ ਬਰਾਦਰੀ ਨੂੰ ਜਲਸੇ ਦੇ ਨਾਲ-ਨਾਲ ਦੀਨ ਦਿਆਲ ਨੇ ਪੂਜਾ-ਪਾਠ ਅਤੇ ਦਾਨ ਦੱਖਣਾ ਦੀ ਵੀ ਕੋਈ ਕਸਰ ਨਹੀਂ ਸੀ ਛੱਡੀ। ਮੰਦਰ ਵਿਚ ਭੰਡਾਰਾ ਕਰਵਾਇਆ ਸੀ। ਮੰਦਰ, ਗੁਰਦੁਆਰੇ, ਸਕੂਲ ਅਤੇ ਪੰਚਾਇਤ ਲਈ ਵਿੱਤ ਮੁਤਾਬਿਕ ਦਾਨ ਦਿੱਤਾ ਸੀ। ਦੋ ਤਿੰਨ ਦਿਨਾਂ ਤੋਂ ਚੜ੍ਹਦੇ ਲਹਿੰਦੇ ਸੂਰਜ ਦੀਆਂ ਕਿਰਨਾਂ ਨੇ ਸਵਿੱਤਰੀ ਅਤੇ ਦੀਨ ਦਿਆਲ ਲਈ ਉਡੀਕ ਦੇ ਨਕਸ਼ ਧਾਰ ਲਏ ਸਨ। ਸੂਰਤ ਅਸਤ ਹੋ ਰਿਹਾ ਸੀ। ਉਡੀਕ ਅਤੇ ਉਤਸੁਕਤਾ ਨਾਲ ਧੜਕ ਰਹੇ ਘਰ ਵਿਚ ਇਕ ਦਸਤਕ ਨੇ ਹਰਕਤ ਲੈ ਆਂਦੀ ਸੀ। ਦਸਤਕ ਦੇ ਨਾਲ ਹੀ ਨਰੇਸ਼ ਦੇ ਕਦਮ ਵਿਹੜੇ ਦਾ ਹਾਸਲ ਬਣ ਗਏ ਸਨ। ਨਰੇਸ਼ ਖੁਸ਼ ਸੀ...ਬਹੁਤ ਹੀ ਖੁਸ਼। ਉਸਨੇ ਮਾਤਾ ਪਿਤਾ ਦੇ ਪੈਰੀਂ ਸਿਰ ਝੁਕਾ ਕੇ ਸਤਿਕਾਰ ਦਿੱਤਾ। ਉਨ੍ਹਾਂ ਦੀ ਅਸੀਸ ਪ੍ਰਾਪਤ ਕੀਤੀ। ਦੀਨ ਦਿਆਲ ਨੇ ਨਰੇਸ਼ ਨੂੰ ਜੱਫੀ ਪਾ ਲਈ। ਹਿੱਕ ਨਾਲ ਲਾਇਆ ਅਤੇ ਉਸ ਦੀ ਕੰਢ ਨੂੰ ਬੜੇ ਮੋਹ ਨਾਲ ਥਾਪੜਿਆ। ਨਰੇਸ਼ ਨੇ ਤ੍ਰਵੈਣੀ ਦੇ ਸੰਗਮ ਅਸਥਾਨ ਤੇ ਜੋਗ ਇਸ਼ਨਾਨ ਕਰਨ ਬਾਰੇ ਦੱਸਿਆ ਤਾਂ ਸਵਿੱਤਰੀ ਅਤੇ ਦੀਨ ਦਿਆਲ ਬਹੁਤ ਹੀ ਖੁਸ਼ ਹੋਏ ਸਨ। ਦੋ ਤਿੰਨ ਦਿਨ ਪਿੰਡ ਰਹਿ ਕੇ ਨਰੇਸ਼ ਫਿਰ ਜਲੰਧਰ ਗਿਆ। ਨਿਸ਼ਾ ਨੂੰ ਨਾਲ ਲੈ ਕੇ ਫਿਲਮ ਦੇਖੀ। ਫਿਲਮ ਸੀ ਬਸੰਤ। ਇਸ ਫਿਲਮ ਵਿਚ ਮਧੂ ਬਾਲਾ ਚਾਰ ਪੰਜ ਸਾਲਾਂ ਦੀ ਬਾਲ ਕਲਾਕਾਰ ਸੀ। ਸ਼ਾਇਦ ਇਹ ਫਿਲਮ ਮਧੂ ਬਾਲਾ ਦੀ ਪਹਿਲੀ ਹੀ ਫਿਲਮ ਸੀ। 'ਮੇਰੇ ਛੋਟੇ ਸੇ ਮਨ ਮੇਂ ਛੋਟੀ ਸੀ ਦੁਨੀਆਂ ਰੇ' ਗੀਤ ਤੇ ਮਧੂ ਬਾਲਾ ਦੀ ਅਦਾਕਾਰੀ ਬੜੀ ਪਿਆਰ ਲੱਗ ਰਹੀ ਸੀ। ਨਰੇਸ਼ ਦੇ ਚੇਤਿਆਂ ਦੀ ਕੈਨਵਸ ਤੇ ਅਚਨਚੇਤ ਹੀ ਨਿਸ਼ਾ ਦੇ ਬਚਪਨ ਦੇ ਨਕਸ਼ ਉਭਰ ਆਏ ਸਨ। ਧੁਪੜ-ਛਾਉਂ ਖੇਡਦੀ ਨਿਸ਼ਾ ਦੇ ਨਕਸ਼। ਬੋਹੜੇ ਦੇ ਟਾਹਣ ਨਾਲ ਲਮਕਦੀ ਨਿਸ਼ਾ ਦੇ ਨਕਸ਼। ਸਕੂਲੇ ਪੜ੍ਹਨ ਜਾ ਰਹੀ ਤੇ ਪੜ੍ਹ ਕੇ ਘਰ ਪਰਤਦੀ ਨਿਸ਼ਾ ਦੇ ਨਕਸ਼। ਇਸਦੇ ਨਾਲ ਹੀ ਨਰੇਸ਼ ਨੇ ਨਿਸ਼ਾ ਦੇ ਮੋਢਿਆਂ ਉਤੋਂ ਦੀ ਬਾਂਹ ਵਲਾ ਲਈ। ਆਪਣੇ ਨਾਲ ਜਿਹੇ ਲਾ ਲਿਆ ਅਤੇ ਕਿਹਾ, ''ਨਿੱਕੀ ਹੁੰਦੀ ਤੂੰ ਵੀ ਤਾਂ ਇਹੋ ਜਿਹੀ ਲੱਗਦੀ ਸੈਂ।'' ''ਤੂੰ ਹੁਣ?'' ਨਿਸ਼ਾ ਦਾ ਸਵਾਲ ਸੀ। ''ਹੁਣ...ਹੁਣ ਕਿਹੜੇ ਪਾਸਿਉਂ ਘੱਟ ਏ ਤੂੰ?'' ਕਹਿ ਕੇ ਨਰੇਸ਼ ਨੇ ਨਿਸ਼ਾ ਦੇ ਮੋਢਿਆਂ ਤੇ ਵਲੀ ਹੋਈ ਬਾਂਹ ਦਾ ਦਬਾ ਰਤਾ ਕੁ ਵਧਾ ਦਿੱਤਾ। ਇਸਦੇ ਨਾਲ ਹੀ ਨਿਸ਼ਾ ਕੁਝ ਝਿਜਕੀ, ਸਿਮਟੀ ਅਤੇ ਸ਼ਰਮਾ ਵੀ ਗਈ ਸੀ। ਫਿਲਮ ਖਤਮ ਹੋਣ ਤੱਕ ਸੂਰਜ ਪੱਛਮ ਦੀ ਦੁਮੇਲ ਟੱਪ ਚੁੱਕਿਆ ਸੀ। ਨਿਸ਼ਾ ਦੇ ਹੋਸਟਲ ਪਰਤਣ ਦਾ ਵਕਤ ਵੀ ਨੇੜੇ ਲੱਗ ਚੁੱਕਿਆ ਸੀ। ਫਿਲਮ ਖਤਮ ਹੋਣ ਬਾਅਦ ਨਰੇਸ਼ ਤੇ ਨਿਸ਼ਾ ਥੋੜ੍ਹਾ ਜਿਹਾ ਪੱਕੀ ਸੜਕ 'ਤੇ ਤੁਰੇ। ਇਕ ਪੁਲੀ ਆ ਗਈ। ਪੁਲੀ 'ਤੇ ਪਹੁੰਚਦਿਆਂ ਹੀ ਨਰੇਸ਼ ਨੇ ਨਿਸ਼ਾ ਨੂੰ ਕਿਹਾ, ''ਐਥੋਂ ਸੂਏ ਸੂਏ ਚਲਦੇ ਹਾਂ। ਸੈਰ ਦੀ ਸੈਰ ਨਾਲੇ ਪੈਂਡਾ ਵੀ ਘੱਟ।'' ''ਠੀਕ ਆ'' ਕਹਿੰਦਿਆਂ ਨਿਸ਼ਾ ਨਰੇਸ਼ ਦੇ ਨਾਲ ਹੀ ਸੂਏ ਦੀ ਪੱਟੜੀਏ ਪੈ ਗਈ। ਵਗਦੇ ਸੂਬਏ ਦੇ ਪਾਣੀ ਦਾ ਸੰਗੀਤ, ਦੁਵੱਲੀ ਬੋਗਨ ਵਿਲੀਏ ਦੀਆਂ ਵੇਲਾਂ, ਸਫੈਦੇ ਅਤੇ ਟਾਹਲੀਆਂ ਦੇ ਰੁੱਖ ਉਨ੍ਹਾਂ ਦੇ ਦਿਲਾਂ ਵਿਚ ਝਰਨਾਹਟ ਪੈਦਾ ਕਰ ਰਹੇ ਸਨ। ਦਿਲਾਂ ਦੀ ਧੜਕਨ ਵਧਾ ਰਹੇ ਸਨ। ਨਰੇਸ਼ ਦੇ ਹੱਥ ਨੂੰ ਨਿਸ਼ਾ ਦੀਆਂ ਕੋਮਲ ਉਂਗਲਾਂ ਨੇ ਮੁੱਠੀ ਜੰਦਰਾ ਮਾਰ ਰੱਖਿਆ ਸੀ। ਟਿਮ-ਟਿਮਾਂਦੇ ਸਿਤਾਰਿਆਂ ਦੀ ਰੋਸ਼ਨੀ ਨੇ ਇਨ੍ਹਾਂ ਦੋਹਾਂ ਦੀਆਂ ਅੱਖਾਂ ਵਿਚ ਆਲ੍ਹਣਾ ਪਾ ਲਿਆ ਸੀ। ਪਰ ਚਾਨਣ ਦੀ ਥਾਂ ਹਨੇਰੇ ਨੇ ਮੱਲ ਲਈ ਸੀ। ਹਨ੍ਹੇਰੇ ਨੂੰ ਇਨ੍ਹਾਂ ਦੇ ਪਰਛਾਵੇਂ ਹੋਰ ਗੂੜ੍ਹਾ ਕਰ ਰਹੇ ਸਨ। ਹਨ੍ਹੇਰਾ ਅੱਡੋ-ਅੱਡਰੇ ਪਰਛਾਵਿਆਂ ਦੇ ਅਸਤਿਤਵ ਨੂੰ ਖ਼ਤਮ ਕਰ ਰਿਹਾ ਸੀ। ਨਿਸ਼ਾ ਨੂੰ ਹਨ੍ਹੇਰੇ ਵਿਚ ਨਰੇਸ਼ ਦੇ ਨਾਲ ਤੁਰਨਾ ਚੰਗਾ-ਚੰਗਾ ਲੱਗ ਰਿਹਾ ਸੀ। ਹਨ੍ਹੇਰੇ ਵਿਚ ਗਵਾਚ ਜਾਣਾ ਚਾਹੁੰਦੀ ਸੀ ਉਹ। ਉਸਨੇ ਕੁਝ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਜਿਵੇਂ ਇਕ ਹੋਰ ਸੂਆ ਉਸਦੀ ਅੰਦਰਲੀ ਕਿਸੇ ਰਗ ਵਿਚ ਵਗਣ ਲੱਗ ਪਿਆ ਹੈ। ਉਸਦੀ ਸਾਰੀ ਦੀ ਸਾਰੀ ਕਾਇਆ ਵਿਚ ਇਕ ਅਜੀਬ ਜਿਹੀ ਕੰਬਣੀ ਛਿੜ ਪਈ ਸੀ। ਅਚਨਚੇਤ ਹੀ ਉਸਨੂੰ ਅਹਿਸਾਸ ਹੋਇਆ ਕਿ ਉਸਦੇ ਹੱਥ ਵਿਚਲਾ ਹੱਥ ਤਾਂ ਗੈਰ ਹਾਜ਼ਰ ਸੀ। ਨਿਸ਼ਾ ਡਰ ਗਈ ਸੀ। ਉਨ੍ਹਾਂ ਛਿਣਾਂ ਵਿਚ ਹੀ ਤੀਜ ਦੇ ਚੰਨ ਦੀ ਮੱਧਮ ਜਿਹੀ ਰੋਸ਼ਨੀ ਦਬੇ ਪੈਰੀਂ ਆਈ। ਇਸਦੇ ਨਾਲ ਹੀ ਪਟੜੀ ਦੇ ਪੂਜੇ ਪਾਸੇ ਨਰੇਸ਼ ਨੂੰ ਨਿਸ਼ਾ ਨੇ ਵੇਖ ਲਿਆ। ਸੁੱਖ ਦਾ ਸਾਹ ਲੈਂਦਿਆਂ ਨਿਸ਼ਾ ਨੇ ਪੁੱਛਿਆ, ''ਮੈਨੂੰ ਕਦੋਂ ਛੱਡ ਗਏ ਸੀ? ਇਸ ਦੇ ਨਾਲ ਹੀ ਦੋ ਕੁ ਕਾਹਲੇ ਕਾਹਲੇ ਕਦਮ ਪੁੱਟ ਕੇ ਨਿਸ਼ਾ ਨਰੇਸ਼ ਕੋਲ ਅਪੜ ਗਈ। ''ਜਦੋਂ ਤੂੰ ਛੱਡ ਗਈ ਸੀ'' ਕਹਿ ਕੇ ਹੁਣ ਨਰੇਸ਼ ਨੇ ਨਿਸ਼ਾ ਦਾ ਹੱਥ ਫੜ੍ਹ ਲਿਆ ਸੀ। ਇਕ ਦੂਜੇ ਦਾ ਹੱਥ ਫੜੀ ਅਜੇ ਕਾਲਜ-ਹੋਸਟਲ ਦੇ ਅੱਧ ਵਿਚ ਵੀ ਨਹੀਂ ਸਨ ਪਹੁੰਚੇ ਕਿ 'ਨਰੇਸ਼ ਤੇਰੇ ਨਾਲ ਤੁਰਦੀ ਤੁਰਦੀ ਮੈਂ ਆਪਣੇ ਆਪ ਨੂੰ ਭੁੱਲ ਗਈ ਸਾਂ। ਮੈਂ ਕਿਸੇ ਨਾਲ ਕਦੀ ਤੁਰੀ ਵੀ ਤਾਂ ਨਹੀਂ। ਬਸ ਹੁਣ ਮੇਰਾ ਹੱਥ ਨਾ ਛੱਡੀਂ'' ਨਸ਼ਾ ਦੇ ਇਹ ਲਫ਼ਜ਼ ਕਹਿਣ ਸਾਰ ਹੀ ਨਰੇਸ਼ ਨੇ ਨਿਸ਼ਾ ਨੂੰ ਆਪਣੀਆਂ ਬਾਹਵਾਂ ਦੇ ਵਲੇਵੇਂ ਵਿਚ ਲੈ ਲਿਆ। ਪਿਆਰ ਦੇ ਸੁਚੇਤ ਜਜ਼ਬਿਆਂ ਦੀ ਤੀਖਣਤਾ ਵਿਚ ਹੀ ਨਰੇਸ਼ ਦੇ ਮੂੰਹੋਂ ਬੋਲ ਕਿਰੇ ਸਨ, ''ਨਿਸ਼ਾ...ਅੱਜ ਤੋਂ ਆਪਾਂ ਇਕ ਦੂਜੇ ਦੇ ਮਨਾਂ ਦੇ ਹੱਥ ਫੜ ਲਈਏ।'' ਨਰੇਸ਼ ਦੀਆਂ ਬਾਹਵਾਂ ਵਿਚ ਸਿਮਟੀ ਨਿਸ਼ਾ ਦਾ ਸਰੀਰ ਇਕ ਵਾਰ ਤਾਂ ਕੰਬ ਉੱਠਿਆ ਸੀ। ਨਿਸ਼ਾ ਕਿਸੇ ਸੋਚ ਵਿਚ ਡੁੱਬ ਗਈ ਸੀ। ਕੁਝ ਪਲਾਂ ਦੀ ਚੁੱਪ ਨੂੰ ਤੋੜਿਆ ਵੀ ਨਿਸ਼ਾ ਨੇ ਹੀ ਸੀ। ''ਨਰੇਸ਼'' ''ਹੂੰ'' ''ਇਕ ਗੱਲ ਦਸੇਂਗਾ?'' ''ਕੀਹ'' ''ਜਿਹੜੀ ਮੰਜ਼ਿਲ ਪਹੁੰਚ ਤੋਂ ਬਹਾਰ ਹੋਵੇ...ਉਸਦੇ ਸੁਪਨੇ ਪਾਲਣੇ ਕੀ ਇਹ ਭਰਮ ਪਾਲਣ ਵਾਲੀ ਗੱਲ ਨਹੀਂ? ਕੀ ਇਹ ਪਾਗਲਪਣ ਨਹੀਂ?'' ਇਕ ਬੁਝਾਰਤ ਜਿਹੀ ਪਾ ਦਿੱਤੀ ਸੀ ਨਿਸ਼ਾ ਨੇ! ਨਰੇਸ਼ ਦੀ ਸੋਚ ਦੇ ਅੰਬਰਾਂ ਤੇ ਪਿੰਡ ਦਾ ਮਾਹੌਲ ਭੰਬੂ ਤਾਰੇ ਬਣ ਕੇ ਨਚਣ ਲੱਗ ਪਿਆ ਸੀ। ਉਸਦੇ ਮੱਥੇ ਵਿਚ ਇਕ ਰੌਲਾ ਜਿਹਾ ਪੈਣ ਲੱਗ ਪਿਆ ਸੀ। ਮੱਥਾ ਤੀਰ ਵਾਂਗ ਤਣ ਗਿਆ ਸੀ। ਅਸਲੀਅਤ ਦੇ ਲੀੜੇ ਪਾ ਕੇ ਇਕ ਸੋਚ ਸੌਣ ਦੀ ਬੱਦਲੀ ਵਾਂਞ ਉਠੀ। ਨਰੇਸ਼ ਦੇ ਦਿਲ ਅਤੇ ਦਿਮਾਗ ਦੇ ਰੇਸ਼ੇ-ਰੇਸ਼ੇ ਵਿਚ ਫੈਲ ਗਈ। ਸੋਚ ਚੌਧਰੀ ਮਨਫੂਲ ਅਤੇ ਦੀਨ ਦਿਆਲ ਦੀ ਦੋਸਤੀ ਦੀ ਸੀ। ਕੱਚੇ ਦੁੱਧ ਦੀ ਮਹਿਕ ਵਰਗੀ ਸੱਚੀ ਤੇ ਸੁੱਚੀ ਦੋਸਤੀ ਦੇ ਇਤਿਹਾਸ ਦੀ। ਦੋਸਤੀ ਦਾ ਇਤਿਹਾਸ ਜੋ ਨਰੇਸ਼ ਦੀ ਉਮਰ ਤੋਂ ਵੀ ਕਈ ਵਰ੍ਹੇ ਲੰਮਾ ਸੀ। ਇਹੀ ਇਤਿਹਾਸ ਤਾਂ ਥੰਮ੍ਹ ਸੀ ਮਨਫੂਲ ਦੇ ਵਿਸ਼ਵਾਸ ਦਾ। ਇਸੇ ਵਿਸ਼ਵਾਸ ਸਿਰ ਉਸ ਭਾਬੀ ਰੇਸ਼ਮੀ ਦੀ ਟੋਕਾ-ਟਾਕੀ ਦੇ ਬਾਵਜੂਦ ਨਿਸ਼ਾ ਨੂੰ ਬਚਪਨ ਵਿਚ ਮੁੰਡਿਆਂ ਨਾਲ ਖੇਡਣੋਂ ਵੀ ਕਦੀ ਨਹੀਂ ਸੀ ਵਰਜਿਆ। ਵਿਸ਼ਵਾਸ ਦਾ ਇਹ ਥੰਮ ਤਾਂ ਅੱਜ ਵੀ ਅਡੋਲ ਸੀ। ਸੋਚਾਂ ਦੇ ਵਾ-ਵਰੋਲੇ ਵਿਚਲੀ ਅੱਖ ਨੇ ਪਿਆਰ ਦੀ ਨਿਸਰੀ ਹੋਈ ਫਸਲ ਤੇ ਗੜ੍ਹੇਮਾਰ ਹੁੰਦੀ ਤਾਂ ਵੇਖ ਲਈ ਸੀ ਪਰ ਦਿਨ ਦੇ ਚੜ੍ਹਾਅ ਵਰਗੇ ਸੱਚ ਨੂੰ ਮਨ ਕਿਵੇਂ ਝੁਠਲਾ ਦੇਂਦਾ। ਨਰੇਸ਼ ਦੇ ਚਿਹਰੇ 'ਤੇ ਪ੍ਰਤੱਖ ਰੂਪ ਵਿ ਆਈ ਗੰਭੀਰਤਾ ਨਿਸ਼ਾ ਦੇ ਸਵਾਲ ਦਾ ਜਵਾਬ ਬਣ ਗਈ। ''ਨਿਸ਼ਾ! ਇਰਾਦਾ ਮਜ਼ਬੂਤ ਹੋਵੇ ਤਾਂ ਅਸੰਭਵ ਤੋਂ ਅਸੰਭਵ ਸੁਪਨੇ ਵੀ ਸੱਚ ਬਣ ਜਾਂਦੇ ਨੇ।'' ਇਹ ਕਹਿਕੇ ਨਰੇਸ਼ ਨੇ ਨਿਸ਼ਾ ਦਾ ਮੱਥਾ ਚੁੰਮ ਲਿਆ। ਘੜੀ ਪਲ ਬਾਅਦ ਨਿਸ਼ਾ ਦੁਆਲਿਓਂ ਬਾਹਵਾਂ ਦਾ ਵਲੇਵਾ ਹਟਾ ਕੇ ਉਸ ਦਾ ਇਕ ਹੱਥ ਆਪਣੀਆਂ ਪੀਢੀਆਂ ਉਂਗਲਾਂ ਵਿਚ ਲੈ ਲਿਆ। ਹੁਣ ਹਨ੍ਹੇੇਰੇ ਨੂੰ ਹੋਰ ਗੂੜਾ ਕਰਦੇ ਦੋਹਾਂ ਦੇ ਕਦਮ ਅਤੇ ਪਰਛਾਵੇਂ ਹੋਸਟਲ ਵੱਲ ਵੱਧਣ ਲੱਗ ਪਏ। ਹੋਸਟਲ ਪਹੁੰਚਣ ਤੋਂ ਬਾਅਦ ਵੀ...ਇਕ ਦੂਜੇ ਦੇ ਮਨਾਂ ਦੇ ਹੱਥ ਫੜ ਲਈਏ'' ਨਰੇਸ਼ ਦੇ ਇਹ ਬੋਲ ਨਿਸ਼ਾ ਦੇ ਕੰਨਾਂ ਵਿਚ ਮਿਸ਼ਰੀ ਘੋਲਦੇ ਰਹੇ। ਜਨਮ ਜਨਮ ਦੇ ਸਾਥ ਦਾ ਵਾਅਦਾ ਦੋਹਾਂ ਦੇ ਰੋਮ-ਰੋਮ ਵਿਚ ਰਚ ਚੁੱਕਿਆ ਸੀ। ਦੋਹਾਂ ਦੇ ਮਨਾਂ ਤੇ ਉਕਰਿਆ ਗਿਆ ਸੀ ਇਹ ਵਾਅਦਾ। ਨਰੇਸ਼ ਦੇ ਵਾਪਸ ਪਿੰਡ ਪਹੁੰਚਣ ਤੋਂ ਪਹਿਲਾਂ ਤੀਜ ਦਾ ਚੰਨ ਆਪਣੀ ਮਸਤ ਜਿਹੀ ਰੋਸ਼ਨੀ ਨੂੰ ਸਮੇਟ ਕੇ ਕਦੋਂ ਦਾ ਸੌਚ ਚੁੱਕਿਆ ਸੀ। ਦਸ ਨਰੇਸ਼ ਦੇ ਇਹ ਬੋਲ ਕਿ ਇਰਾਦਾ ਮਜ਼ਬੂਤ ਹੋਵੇ ਤਾਂ ਅਸੰਭਵ ਤੋਂ ਅਸੰਭਵ ਸੁਪਨੇ ਵੀ ਸੱਚ ਬਣ ਜਾਂਦੇ ਨੇ। ਹੌਲੀ-ਹੌਲੀ, ਨਿਸ਼ਾ ਦਾ ਵਿਸ਼ਵਾਸ ਵੀ ਬਣ ਗਏ। ਨਰੇਸ਼ ਦੇ ਵਿਸ਼ਵਾਸ ਦੀ ਸਥਿਰਤਾ ਤੋਂ ਉਲਟ ਨਿਸ਼ਾ ਦਾ ਵਿਸ਼ਵਾਸ ਕਦੀ ਖੁੱਲ੍ਹੇ ਆਕਾਸ਼ ਵਾਂਗ ਫੈਲ ਜਾਂਦਾ ਤੇ ਕਦੀ ਸੁੰਗੜ ਜਾਂਦਾ ਸੀ। ਗਈ ਰਾਤ ਨਿਸ਼ਾ ਨੂੰ ਚੱਜ ਨਾਲ ਨੀਂਦਰ ਨਹੀਂ ਸੀ ਆਈ। ਰਾਤ ਦੀ ਚੁੱਪ ਵਿਚ ਹਰ ਆਉਂਦੀ ਜਾਂਦੀ ਰੇਲ ਗੱਡੀ ਦੀ ਚੀਕ ਨਾਲ ਨਿਸ਼ਾ ਦਾ ਤਰਾਹ ਨਿਕਲਦਾ ਰਿਹਾ। ਸਾਰੀ ਰਾਤ ਜਾਗੋ ਮੀਟੀ ਵਿਚ ਹੀ ਲੰਘ ਗਈ ਸੀ। ਪੂਰੀ ਰਾਤ ਉਸਲਵੱਟੇ ਭੰਨਦਿਆਂ ਹੀ ਕੱਟੀ ਸੀ ਉਸਨੇ। ਦਿਨੇ ਉਠਣ ਬਾਅਦ ਵੀ ਨਿਸ਼ਾ ਦਾ ਮਨ ਉਪਰਾਮ ਹੀ ਰਿਹਾ। ਹਰ ਪਲ ਨਰੇਸ਼ ਦਾ ਅਕਸ ਉਸਦੀ ਬਿਰਤੀ ਨੂੰ ਕਰਿੰਗੜੀ ਪਾ ਲੈਂਦਾ। ਮਨ ਦਾ ਰੌਂਅ ਬਦਲਣ ਲਈ ਉਹ ਕੋਈ ਕਾਪੀ ਜਾਂ ਕਿਤਾਬ ਫੋਲਦੀ ਤਾਂ ਉਸ ਉਤੇ ਲਿਖੇ ਹੋਏ ਅੱਖਰ ਵੀ ਨਰੇਸ਼ ਦੇ ਹੀ ਨਕਸ਼ ਬਣ ਜਾਂਦੇ। ਸੂਰਜ ਪੱਛਮ ਦੀ ਗੋਦ ਵਿਚ ਪਨਾਹ ਲੈ ਰਿਹਾ ਸੀ। ਰਾਤ ਦਾ ਨੀਮ ਜਿਹਾ ਹਨ੍ਹੇਰਾ ਦਿਨ ਦੀ ਲੋਅ ਨੂੰ ਨਿਗਲ ਚੁੱਕਿਆ ਸੀ। ਰਾਤ ਦੀ ਸਿਆਹੀ ਮਨ ਚਾਹੇ ਢੰਗ ਨਾਲ ਫੈਲ ਚੁੱਕੀ ਸੀ। ਖਿਲਰੀ ਪਈ ਚਾਨਣੀ ਨੂੰ ਰਾਤ ਦੀ ਸਿਆਹੀ ਨੇ ਹੌਲੀ-ਹੌਲੀ ਲਪੇਟ ਲਿਆ ਸੀ। ਨਿਸ਼ਾ ਦੇ ਦਿਲ ਅੰਦਰਲੀ ਟਿਕ-ਟਿਕ ਦੀ ਲੈਅ ਕਦੀ ਟੁੱਟਦੀ ਸੀ...ਕਦੀ ਜੁੜ ਜਾਂਦੀ ਸੀ। ਉਸ ਦੇ ਆਉਂਦੇ ਜਾਂਦੇ ਸਾਹਵਾਂ ਦੀ ਗਤੀ ਵੀ ਇਕ ਸੁਰ ਨਹੀਂ ਸੀ। ਦਿਲ ਦੀ ਪੁਸਤਕ ਵਿਚ ਨਰੇਸ਼ ਦੇ ਨਕਸ਼ ਸੰਭਾਲੀ ਉਹ ਆਪਣੇ ਕਮਰੇ ਦੇ ਬੂਹੇ ਦੀ ਕੁੰਡੀ ਮਾਰ ਕੇ ਹੋਸਟਲ ਦੇ ਕਾਮਨ ਰੂਮ ਵਿਚ ਜਾ ਕੇ ਬੈਠ ਗਈ। ਚੁਫੇਰੇ ਚੁੱਪ ਸੀ। ਕਾਮਨ ਰੂਮ ਵਿਚ ਨਿਸ਼ਾ ਦੇ ਸਿਵਾਏ ਕਮਰੇ ਦੀ ਚੁੱਪ ਹੀ ਸੀ। ਅਚਾਨਕ ਬਾਹਰ ਬਰਾਂਡੇ ਵਿਚੋਂ ਇਕ ਪੈਰ ਚਾਪ ਨਿਸ਼ਾ ਦੇ ਕੰਨੀ ਪਈ। ਪੈਰ-ਚਾਪ ਮਰਦਾਵੀਂ ਸੀ। ਨਿਸ਼ਾ ਦੀ ਜਾਣੀ-ਪਛਾਦੀ ਪੈਰ ਚਾਪ! ਬੀਤ ਚੁੱਕੇ ਪਲਾਂ ਦੀ ਤੀਖਣਤਾ ਨੂੰ ਭੁੱਲ ਕੇ ਨਿਸ਼ਾ ਉਠੀ ਅਤੇ ਬਰਾਂਡੇ ਵਿਚ ਪਹੁੰਚ ਗਈ। ਉਡੀਕ ਦੀਆਂ ਥਕਾਵੀਆਂ ਘੜੀਆਂ ਇਕ ਪਲ ਵਿਚ ਹੀ ਭੁਲ-ਭੁਲਾ ਗਈਆਂ ਸਨ। ''ਨਰੇਸ਼'' ਲਗਭਗ ਚੀਕੀ ਸੀ ਉਹ। ''ਹਾਏ ਨਿਸ਼ਾ'' ਨਰੇਸ਼ ਨੇ ਨਿਸ਼ਾ ਨੂੰ ਬਾਹਵਾਂ ਵਿਚ ਪਰੋ ਲੈਣਾ ਚਾਹਿਆ। ਉਸ ਦੀਆਂ ਅੱਧ ਖੁੱਲ੍ਹੀਆਂ ਬਾਹਵਾਂ ਆਪ ਮੁਹਾਰੇ ਹੀ ਵਾਪਸ ਸਿਮਟ ਗਈਆਂ। ਹਾਂ ਇਸ ਪਿੱਛੋਂ ਨਰੇਸ਼ ਦੇ ਅੱਗੇ ਵੱਲ ਵਧੇ ਹੋਏ ਹੱਥ ਨੂੰ ਨਿਸ਼ਾ ਦੇ ਸੱਜੇ ਹੱਥ ਦੀ ਕੋਮਲਤਾ ਨੇ ਫੁੱਲਾਂ ਜਿਹਾ ਹੁੰਗਾਰਾ ਭਰਿਆ ਸੀ। ''ਆਓ ਕਾਮਨ ਰੂਮ ਵਿਚ ਬੈਠਦੇ ਹਾਂ।'' ''ਚਲ, ਬਸ ਦਸ ਪੰਦਰਾਂ ਮਿੰਟ ਹੀ ਹਨ।'' ''ਕੌਣ ਕੌਣ ਆਇਆ ਨਾਲ?'' ''ਪਿਤਾ ਜੀ, ਬੀਜੀ, ਚਾਚਾ (ਮਨਫੂਲ) ਤੇ ਪ੍ਰੀਤਮ'' ''ਸਾਰੇ ਕਿਥੇ ਨੇ ਹੁਣ?'' ''ਉਹ ਤਾਂ ਸਟੇਸ਼ਨ ਤੇ ਪਹੁੰਚ ਗਏ ਹੋਣੇ ਨੇ। ਮੈਂ ਤਾਂ ਬਹਾਨਾ ਮਾਰ ਕੇ ਤੈਨੂੰ ਮਿਲਣ ਆ ਗਿਆ।'' ਹੁਣ ਲੰਮੇਂ ਵਿਛੋੜੇ ਲਈ ਤਿਆਰ ਦੋ ਪਿਆਰ ਭਿੱਜੀਆਂ ਰੂਹਾਂ ਕਾਮਨ ਰੂਮ ਵਿਚ ਬੈਠੀਆਂ ਸਨ। ਬੈਠਣ ਵੇਲੇ ਨਿਸ਼ਾ ਦੀ ਚੁੰਨੀ ਸਿਰ ਤੋਂ ਢਿਲਕ ਕੇ ਉਹਦੇ ਮੋਢਿਆਂ 'ਤੇ ਟਿਕ ਗਈ ਸੀ। ਉਸਦੇ ਵਾਲਾਂ ਦਾ ਜਾਦੂ ਨਰੇਸ਼ ਨੂੰ ਕੀਲ ਰਿਹਾ ਸੀ। ਕਾਮਨ ਰੂਮ ਦੇ ਬਰੀਕ ਪਾਰਦਰਸ਼ੀ ਪਰਦਿਆਂ ਵਿਚ ਹੀ ਬਾਹਰਲੀਆਂ ਟਿਊਬ ਲਾਈਟਾਂ ਦੇ ਚਾਨਣ ਸਦਕਾ ਹੋਸਟਲ ਦੇ ਬਗੀਚੇ ਦਾ ਘਾਹ ਨਜ਼ਰ ਆ ਰਿਹਾ ਸੀ। ਮਸਤ ਹਵਾ ਵਿਚ ਝੂਮਦੇ ਅਸ਼ੋਕ ਰੁੱਖ, ਗੁਲਾਬ ਅਤੇ ਹੋਰ ਫੁੱਲ ਬੂਟੇ ਵੀ ਆਪੋ ਆਪਣਾ ਹੁਸਨ ਲੁਟਾ ਰਹੇ ਸਨ। ਨਿਸ਼ਾ ਅਤੇ ਨਰੇਸ਼ ਦੇ ਦਿਲਾਂ ਅੰਦਰਲਾ ਪਿਆਰ ਦਾ ਹੜ੍ਹ ਇਨ੍ਹਾਂ ਸਾਰੇ ਫੁੱਲ ਬੂਟਿਆਂ ਦੇ ਸੁਹੱਪਣ ਨਾਲ ਖਹਿ ਰਿਹਾ ਸੀ। ਕਾਮਨ ਰੂਮ ਵਿਚ ਇਨਸਾਨੀ ਜਿਸਮ ਤਾਂ ਸਿਰਫ ਦੋ ਹੀ ਸਨ। ਇਨ੍ਹਾਂ ਤੋਂ ਇਲਾਵਾ ਇਕ ਭੀੜ ਜਿਹੀ ਸੀ ਯਾਦਾਂ ਦੀ। ਅੱਗੜ ਪਿੱਛੜ ਆਈਆਂ ਬੇਤਰਤੀਬ ਜਿਹੀਆਂ ਯਾਦਾਂ ਦੀ ਭੀੜ ਨੇ ਘੜਮਸ ਜਿਹਾ ਪਾ ਦਿੱਤਾ ਸੀ। ਯਾਦਾਂ ਦੀ ਇਸ ਭੀੜ ਨੇ...ਭੀੜ ਦੇ ਘੜਮਸ ਨੇ...ਗੱਲਾਂ ਵੀ ਉਲਝਾ ਦਿੱਤੀਆਂ ਸਨ। ਕੁਝ ਵੀ ਹੋਵੇ ਤਿਲਕ ਚੁਕੇ ਵਰ੍ਹਿਆਂ ਦੀਆਂ ਯਾਦਾਂ ਨੇ ਜਿਉਂਦੇ ਅੱਜ ਨਾਲ ਇਕ ਸੁਰ ਹੋ ਕੇ ਗੱਲਾਂ ਕੀਤੀਆਂ ਸਨ। ਗੱਲਾਂ ਵਰਤਮਾਨ ਦੀਆਂ। ਗੱਲਾਂ ਭਵਿੱਖ ਦੀਆਂ। ਜਨਮ ਜਨਮ ਦੇ ਸਾਥ ਵਾਲੇ ਵਾਅਦੇ ਨੂੰ ਹੋਰ ਪੀਢਿਆਂ ਕਰ ਲਿਆ ਸੀ...ਨਿਸ਼ਾ ਨੇ...ਨਰੇਸ਼ ਨੇ...ਦੋਹਾਂ ਨੇ। ਵਿਦਾ ਦੀ ਘੜੀ ਵੇਲੇ ਨਿਸ਼ਾ ਦੀਆਂ ਅੱਖਾਂ ਭਰ ਆਈਆਂ ਸਨ। ਪਰ, ਅੱਖਾਂ ਦੇ ਕੋਇਆਂ ਵਿਚ ਸਿੰਮੇ ਪਾਣੀ ਨੂੰ ਅੰਦਰੇ ਅੰਦਰ ਹੀ ਪੀ ਗਈ ਸੀ। ਸਰਲਤਾ ਦੀ ਤਸਵੀਰ ਨਿਸ਼ਾ ਨੇ ਪੂਰੇ ਦੇ ਪੂਰੇ ਨਰੇਸ਼ ਨੂੰ ਆਪਣੀਆਂ ਹਰਨੋਟੀਆਂ ਅੱਖਾਂ ਦੇ ਅੰਦਰ ਹੀ ਵਲੇਟ ਲਿਆ ਸੀ। ਨਰੇਸ਼ ਨਿਸ਼ਾ ਦੀਆਂ ਅੱਖਾਂ ਵਿਚੋਂ ਲਿਸ਼ਕਾਂ ਮਾਰਦੇ ਲਫਜ਼ਾਂ ਨੂੰ ਪੜ ਰਿਹਾ ਸੀ। ''ਮੈਂ...ਤੇਰੀ ਹਾਂ...ਸਿਰਫ ਤੇਰੀ।'' ''ਨਿਸ਼ਾ ਵਕਤ ਹੋ ਗਿਐ'' ਸੁਣ ਕੇ ''ਓ. ਕੇ. ਗੁੱਡ ਲੱਕ'' ਕਹਿੰਦਿਆਂ ਨਿਸ਼ਾ ਨੇ ਆਪਣੇ ਗੋਰੇ ਹੱਥ ਨਾਲ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਇਸ਼ਾਰੇ ਨਾਲ ਹੀ ਨਰੇਸ਼ ਲੂ ਅੱਗੇ ਲੱਗਣ ਲਈ ਕਿਹਾ। ਆਪ ਨਰੇਸ਼ ਦੇ ਪਿੱਛੇ ਪਿੱਛੇ ਤੁਰਨ ਲੱਗ ਪਈ। ਹਰੇ ਕਚੂਰ ਬਗੀਚਿਆਂ ਦੇ ਵਿਚ ਵਿਚਾਲਿਉਂ ਧੁਰ ਗੇਟ ਤੱਕ ਨਰੇਸ਼ ਨੂੰ ਵਿਦਾ ਕਰਨ ਗਈ ਸੀ ਨਿਸ਼ਾ! ਹੋਸਟਲ ਵਿਚਲੇ ਆਪਣੇ ਕਮਰੇ ਤੱਕ ਦੀ ਵਾਪਸੀ ਦਾ ਪੰਧ ਪਿੰਡ ਵਾਲੇ ਸਕੂਲ ਤੋਂ ਵੀ ਕਿਤੇ ਵੱਧ ਲਗਿਆ ਸੀ ਉਸਨੂੰ! ਇਕ ਦੂਜੇ ਤੋਂ ਵਿਦਾ ਹੋਣ ਤੋਂ ਪਹਿਲਾਂ ਨਰੇਸ਼ ਨੇ ਨਿਸ਼ਾ ਦੇ..ਨਿਸ਼ਾ ਨੇ ਨਰੇਸ਼ ਦੇ ਮਨ ਵਾਲੇ ਹੱਥਾਂ ਨੂੰ ਕਰਿੰਗੜੀ ਪਾ ਲਈ ਸੀ। ਰੇਲਵੇ ਸਟੇਸ਼ਨ 'ਤੇ ਦੀਨ ਦਿਆਲ, ਸਵਿੱਤਰੀ, ਮਨਫੂਲ ਅਤੇ ਪ੍ਰੀਤਮ ਤੋਂ ਇਲਾਵਾ ਨਰੇਸ਼ ਦੇ ਕੁਝ ਕਾਲਜੀਏਟ ਦੋਸਤ ਵੀ ਹਾਜ਼ਰ ਸਨ। ਗੱਡੀ ਦੇ ਪਹੁੰਚਣ 'ਤੇ ਨਰੇਸ਼ ਨੇ ਸਾਰੇ ਮਿੱਤਰਾਂ ਨਾਲ ਦੁਆ-ਸਲਾਮ ਕੀਤੀ। ਸਵਿੱਤਰੀ, ਦੀਨ ਦਿਆਲ ਅਤੇ ਮਨਫੂਲ ਸਾਰਿਆਂ ਨੂੰ ਸਤਿਕਾਰ ਦਿੱਤਾ। ਨਰੇਸ਼ ਨੇ ਪਹਿਲੀ ਵਾਰ ਘਰੋਂ ਬਹੁਤ ਦੂਰ ਜਾਣਾ ਸੀ। ਔਲਾਦ ਤੋਂ ਵਿਛੜਨ ਲੱਗਿਆਂ ਮਾਪਿਆਂ ਦੀਆਂ ਆਂਦਰਾਂ ਨੂੰ ਖਿੱਚ ਪੈਂਦੀ ਹੀ ਪੈਂਦੀ ਹੈ। ਸਵਿੱਤਰੀ ਅਤੇ ਦੀਨ ਦਿਆਲ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ ਸਨ। ਪਰ ਇਨ੍ਹਾਂ ਅੱਥਰੂਆਂ ਵਿਚ ਇਕ ਸੁੱਖ ਸੀ। ਰੂਹਾਨੀ ਸੁੱਖ! 'ਜਾਂਦਿਆਂ ਸਾਰ ਖਤ ਪਾਵੀਂ' ਸਵਿੱਤਰੀ ਨੇ ਹੁਕਮੀਆ ਲਹਿਜ਼ੇ ਵਿਚ ਆਖਿਆ ਸੀ। 'ਚੰਗਾ ਬੀਜੀ' ਕਹਿਕੇ ਨਰੇਸ਼ ਦੀਨ ਦਿਆਲ ਦੇ ਪੈਰੀਂ ਝੁੱਕਣ ਉਪਰੰਤ ਸਵਿੱਤਰੀ ਦੇ ਗਲੇ ਲੱਗ ਪਿਆ। ਸਵਿੱਤਰੀ ਦੇ ਗੁਲਾਬੀ ਮੁੱਖ ਨੂੰ ਆਪਣੇ ਦੋਹਾਂ ਹੱਥਾਂ ਵਿਚ ਫੜ ਲਿਆ। ਅੱਗੋਂ ਸਵਿੱਤਰੀ ਨੇ ਉਸ ਦਾ ਮੁੱਥਾ ਚੁੰਮਿਆ। ਸਵਿੱਤਰੀ ਅਤੇ ਦੀਨ ਦਿਆਲ ਦੀ ਅਸੀਸ ਲੈਂਦਿਆਂ ਹੀ ਨਰੇਸ਼ ਤੁਰ ਰਹੀ ਗੱਡੀ ਵਿਚ ਦਾਖਲ ਹੋ ਗਿਆ। ਗੱਡੀ ਆਪਣੀ ਰਫਤਾਰ 'ਤੇ ਚੱਲ ਪਈ ਸੀ। ਨਰੇਸ਼ ਕੁਝ ਚਿਰ ਦਰਵਾਜ਼ੇ ਵਿਚ ਖੜਾ ਰਿਹਾ। ਪਿੱਛੇ ਵੱਲ ਵੇਖਦਾ ਰਿਹਾ। ਵਿਦਾ ਕਹਿ ਰਹੇ ਹੱਥਾਂ ਦੀਆਂ ਤਲੀਆਂ ਲਈ ਉਸਦਾ ਹੱਥ ਨਜ਼ਰ ਦੀ ਪਰਵਾਜ਼ ਤੀਕਰ ਹੁੰਗਾਰਾ ਬਣਿਆ ਰਿਹਾ। ਵਿਦਾਇਗੀ ਲਈ ਹਿਲਦੇ ਹੱਥਾਂ ਵਿਚਲੀ ਦੂਰੀ ਵੱਧਦੀ ਵੱਧਦੀ ਆਪ ਹੀ ਹਨ੍ਹੇੇਰੇ ਦੇ ਖਲਾਅ ਵਿਚ ਗਵਾਚ ਗਈ ਸੀ। ਜਲੰਧਰ ਦੀ ਜੂਹ ਪਿੱਛੇ ਰਹਿ ਗਈ। ਯਾਦਾਂ ਦੀ ਪੰਡ ਤਾਂ ਨਰੇਸ਼ ਦੇ ਨਾਲ ਹੀ ਸੀ। ਠੱਲ ਪਾ-ਪਾ ਕੇ ਚਿਰੋਕਣੇ ਡੱਕੇ ਹੋਏ ਨਰੇਸ਼ ਦੇ ਅੱਥਰੂ ਵੀ ਵਹਿ ਚੁੱਕੇ ਸਨ। ਨਰੇਸ਼ ਦੀ ਨੀਂਦਰ ਵਿਚ ਜਲੰਧਰ ਵਾਲਾ ਕਿਰਾਏ ਦਾ ਕਮਰਾ ਇਕ ਸਮੁੰਦਰ ਬਣ ਗਿਆ। ਚੰਨ ਚਾਨਣੀ ਰਾਤ...ਟਿਮਟਿਮਾਂਦੇ ਤਾਰੇ। ਸਮੁੰਦਰ ਵਿਚ ਇਕ ਨਹੀਂ, ਦੋ ਨਹੀਂ..ਕਈ ਬੇੜੀਆਂ ਤਰਨ ਲੱਗ ਪਈਆਂ। ਬੇੜੀਆਂ ਦੀ ਭੀੜ ਵਿਚ ਇਕ ਬੇੜੀ ਦੇ ਮਲਾਹ ਨਿਸ਼ਾ ਅਤੇ ਨਰੇਸ਼ ਸਨ। ਦੋਹਾਂ ਦੇ ਹੱਥਾਂ ਵਿਚ ਅੱਡੋ-ਅੰਡਰੇ ਚੱਪੂ ਸਨ। ਬੇੜੀ ਵਿਚ ਹਵਾਵਾਂ ਨਾਲ ਡੋਲਦੀ ਅਤੀਤ ਦੇ ਦੀਵਿਆਂ ਦੀ ਲੋਅ ਸੀ। ਛਲਾਂ ਦੇ ਨਾਲ-ਨਾਲ ਉਠਦੀ ਬੈਠਦੀ ਬੇੜੀ ਪੱਤਣ ਵੱਲ ਤਾਂ ਵੱਧ ਰਹੀ ਸੀ। ਪਰ ਪੱਤਣ ਬਹੁਤ ਦੂਰ ਸੀ ਅਜੇ! ਏਨੀ ਦੂਰ ਕਿ ਹੁੰਗਾਰਾ ਵੀ ਨਹੀਂ ਸੀ ਬਣ ਸਕਦਾ। ਨਰੇਸ਼ ਦੀ ਅੱਖ ਖੁੱਲ੍ਹੀ ਤਾਂ ਗੱਡੀ ਕਾਜ਼ੀ ਪੈਟ ਦੇ ਨੇੜੇ-ਤੇੜੇ ਸੀ। ਬਾਹਰ ਭਾਰੀ ਮਸ਼ੀਨਰੀ ਬਣਾਉਣ ਦੇ ਕਾਰਖਾਨੇ ਕੋਹਾਂ ਤੀਕਰ ਫੈਲੇ ਹੋਏ ਸਨ। ਵਿਚ ਵਿਚਾਲੇ ਖੇਤ ਵੀ ਦਿਸਦੇ। ਪੂਰਬ ਵੱਲੋਂ ਸੂਰਜ ਸੁਨਹਿਰੀ ਕਿਰਨਾਂ ਦੇ ਪੂਰਾਂ ਦੇ ਪੁਰ ਬਿਖੇਰ ਰਿਹਾ ਸੀ। ਨਿੱਕੇ ਨਿੱਕੇ ਛੰਭਾਂ ਦੇ ਪਾਣੀ ਲਿਸ਼ਕੋਰਾਂ ਮਾਰ ਰਹੇ ਸਨ। ਇਨ੍ਹਾਂ ਛੰਭਾਂ ਦੇ ਪਾਣੀਆਂ ਵਿਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਇਸ਼ਨਾਨ ਕਰ ਰਹੀਆਂ ਸਨ। ਮਦਰਾਸ ਪਹੁੰਚਣ ਲਈ ਅਜੇ ਇਕ ਦਿਨ ਦਾ ਸਫਰ ਬਾਕੀ ਸੀ। ਪੂਰੇ ਸੱਤ ਦਿਨ ਹੋ ਗਏ ਸਨ ਨਰੇਸ਼ ਨੂੰ ਗਿਆਂ। ਨਿਸ਼ਾ ਦੇ ਸਾਲਾਨਾ ਪੇਪਰ ਸ਼ੁਰੂ ਹੋ ਚੁੱਕੇ ਸਨ। ਕਈ ਵਾਰ ਉਸਦੇ ਮਨ ਅੰਦਰ ਇਕ ਤਰਾਟ ਉੱਠਦੀ। ਇਸ ਦਾ ਇਲਾਜ ਵੀ ਉਹ ਆਪ ਹੀ ਲੱਭ ਲੈਂਦੀ। ਆਪਣੇ ਅੰਦਰ ਨਾਲ ਗੱਲਾਂ ਕਰਕੇ। ਨਰੇਸ਼ ਤਾਂ ਉਸਦੇ ਅੰਦਰ ਵੱਸਦਾ ਸੀ। ਅੰਦਰ ਦੀ ਚੁੱਪ ਇਕ ਹੁੰਗਾਰਾ ਬਣ ਜਾਂਦੀ। ਨਿਸ਼ਾ ਦੀਆਂ ਕੀਤੀਆਂ ਗੱਲਾਂ ਦਾ ਹੁੰਗਾਰਾ! ਅੱਜ ਨਿਸ਼ਾ ਦੇ ਨਾਮ ਇਕ ਖਤ ਸੀ। ਮਦਰਾਸ 8-4-1966 ਬਹੁਤ ਹੀ ਪਿਆਰੀ ਨਿਸ਼ਾ! ਯਾਦ ਮੈਂ ਇਥੇ ਠੀਕ-ਠਾਕ ਪਹੁੰਚ ਗਿਆ ਹਾਂ। ਤੇਰੇ ਨਾਂ ਇਹ ਮੇਰਾ ਪਹਿਲਾ ਖਤ ਹੈ। ਅੱਜ ਹੀ ਪਿੰਡ ਵੀ ਚਿੱਠੀ ਪਾਈ ਹੈ। ਅੱਜ ਸ਼ਾਮ ਨੂੰ ਸਭ ਤੋਂ ਪਹਿਲਾਂ ਚੜ੍ਹਨ ਵਾਲੇ ਤਾਰੇ 'ਵੀਨਸ' ਨੂੰ ਵੇਖਿਆ ਸੀ। ਚੇਤੇ ਈ ਕਾਲਜ ਪਾਰਟੀ ਵਾਲੇ ਦਿਨ ਤੂੰ ਇਕ ਗੀਤ ਗਾਇਆ ਸੀ : 'ਅੰਬਰਾਂ 'ਤੇ ਚੜ੍ਹੇਗਾ। ਕੋਈ ਯਾਦ ਤੈਨੂੰ ਕਰੇਗਾ, ਪਰਦੇਸ ਵਸਣ ਵਾਲਿਆ।' 'ਵੀਨਸ' ਨੂੰ ਵੇਖਣ ਸਾਰ ਤੇਰੇ ਬੋਲ ਮੇਰੇ ਕੰਨਾਂ ਵਿਚ ਗੂੰਜਣ ਲੱਗ ਪਏ ਸਨ। ਸ਼ਿਵ ਨੇ ਆਥਣ ਦਾ ਤਾਰਾ 'ਵੀਨਸ' ਨੂੰ ਹੀ ਕਿਹਾ ਸੀ। ਕਈ ਗੋਰੇ ਤਾਂ ਪਿਆਰ ਨਾਲ ਆਪਣੀਆਂ ਧੀਆਂ ਦਾ ਨਾਂ ਵੀਨਰ ਰੱਖ ਦਿੰਦੇ ਹਨ। ਵੀਨਸ ਸ਼ਾਮ ਨੂੰ ਚੜ੍ਹਦੇ ਵੱਲ ਸਭ ਤੋਂ ਪਹਿਲਾਂ ਦਿਸਦਾ ਹੈ। ਸਵੇਰੇ-ਸਵੇਰੇ ਲਹਿੰਦੇ ਵੱਲ ਦੂਜੇ ਸਾਰੇ ਤਾਰਿਆਂ ਦੇ ਅਸਤ ਹੋਣ ਬਾਅਦ ਵੀ ਕੁਝ ਚਿਰ ਲਈ ਟਿਮਟਿਮਾਉਂਦਾ ਰਹਿੰਦਾ ਹੈ। ਦੋ ਵੇਲੇ ਅਜਿਹੇ ਹੁੰਦੇ ਹਨ ਜਦੋਂ ਆਸਮਾਨ 'ਤੇ ਵੀਨਸ ਤੋਂ ਇਲਾਵਾ ਹੋਰ ਕੋਈ ਵੀ ਤਾਰਾ ਨਹੀਂ ਦਿਸਦਾ। ਰੋਜ਼ ਸਵੇਰੇ ਸ਼ਾਮ ਵੀਨਸ ਨੂੰ ਜ਼ਰੂਰ ਵੇਖਿਆ ਕਰੀਂ। ਉਦੋਂ, ਮੈਂ ਵੀ ਵੀਨਸ ਨੂੰ ਹੀ ਵੇਖਦਾ ਰਹਾਂਗਾ। ਠੀਕ ਏ ਨਾ। ਏਦਾਂ ਅਸੀਂ ਰੋਜ਼ ਇਕ ਦੂਜੇ ਨੂੰ ਮਿਲ ਲਿਆ ਕਰਾਂਗੇ। ਤੇਰੇ ਪੇਪਰ ਚਲ ਰਹੇ ਹੋਣਗੇ। ਪਰਚੇ ਧਿਆਨ ਨਾਲ ਦੇਵੀਂ ਤੇ ਲਿਖੀ ਕਿ ਕਿਵੇਂ ਦੇ ਹੋਏ ਹਨ। ਹੋਰ ਕੋਈ ਪਿੰਡ ਦੀ ਨਵੀਂ ਤਾਜ਼ੀ ਖ਼ਬਰ ਸਾਰ ਹੋਵੇ ਤਾਂ ਲਿਖੀ। ਜਵਾਬ ਛੇਤੀ ਦੇਵੀਂ। ਤੇਰਾ ਸਿਰਫ਼ ਤੇਰਾ ਨਰੇਸ਼ ਮੇਰਾ ਪਤਾ ਨੰਬਰ 5791 ਜੀ. ਸੀ. ਨਰੇਸ਼ ਕੁਮਾਰ ਜਸਾਮੀ ਕੰਪਨੀ ਆਫੀਸਰਜ਼ ਟਰੇਨਿੰਗ ਸਕੂਲ ਮਦਰਾਸ ਨਿਸ਼ਾ ਦਾ ਜਵਾਬ ਆਉਣ ਤੱਕ ਨਰੇਸ਼ ਦੀ ਸਿਖਲਾਈ ਸਹੀ ਢੰਗ ਨਾਲ ਸ਼ੁਰੂ ਹੋ ਚੁੱਕੀ ਸੀ। ਬਹੁਤ ਸਖ਼ਤ ਸੀ ਸਿਖਲਾਈ। ਕਦੀ-ਕਦੀ ਸਿਖਰ ਦੁਪਹਿਰ ਦੀ ਵਰ੍ਹਦੀ ਅੱਗ ਵਿਚ ਐਕਸਟਰਾ ਡਰਿਲ ਵੇਲੇ ਡਰਿਲ ਇੰਸਟ੍ਰਕਟਰ ਹਵਾਲਦਾਰ ਚੈਨ ਸਿੰਘ ਚੀਕਦਾ ''ਜੀ...ਸੀ...ਈਸ ਮੈਂ ਜ਼ਿਆਦਾ ਬੋਲੂੰਗਾ ਨਹੀਂ। ਮੇਰੀ ਉਂਗਲੀ ਕੇ ਇਸ਼ਾਰੇ ਪਰ ਆਪ ਊਪਰ ਕੋ ਜੰਗ ਲਗਾਏਂਗੇ ਔਰ ਏੜੀ ਕੇ ਬਲ ਨੀਚੇ ਆਏਂਗੇ...ਐਸੇ'' ਕਹਿ ਕੇ ਚੈਨ ਸਿੰਘ ਉਨ੍ਹਾਂ ਨੂੰ ਆਪ ਨਮੂਨੇ ਵਜੋਂ ਇਕ ਜੰਪ-ਮਾਰ ਕੇ ਵਿਖਾ ਦਿੰਦਾ। ਕਈ ਵਾਰ ਉਤੋਂ ਸਕੂਲ ਐਡਜੂਟੈਂਟ (ਅਨੁਸ਼ਾਸਨ ਲਈ ਜ਼ਿੰਮੇਵਾਰ ਅਧਿਕਾਰੀ) ਮੇਜਰ ਵਿਜੈ ਸਿੰਘ ਘੋੜੀ 'ਤੇ ਸਵਾਰ ਹੋ ਕੇ ਆ ਜਾਂਦਾ। ਕੈਡਿਟਸ ਲਈ ਨਿਰੀ ਦਹਿਸ਼ਤ ਸੀ ਉਹ। ''ਚੈਨ ਸਿੰਘ ਇਨ ਜੈਂਟਲ ਮੈਨ ਕੈਡਿਟਸ ਕੋ ਮਿੱਟੀ ਮੇ ਮਿਲਾ ਦੋ ਨਹੀਂ ਤੋ ਮੈਂ ਤੁਮਹੇਂ ਬੇਚੈਨ ਕਰ ਦੂੰਗਾ।'' ਕਹਿ ਕੇ ਮੇਜਰ ਵਿਜੈ ਸਿੰਘ ਤਾਂ ਘੋੜੀ ਦੀ ਮੁਹਾਰ ਆਪਣੀ ਕੋਠੀ ਵੱਲ ਮੋੜ ਲੈਂਦਾ। ਪਰ, ਚੈਨ ਸਿੰਘ ਕੈਡਿਟਸ ਲਈ ਹੋਰ ਕਰੜਾ ਹੋ ਜਾਂਦਾ। ਐਕਸਟਰਾ ਡਰਿਲ ਤੋਂ ਮੁੜਨ ਵੇਲੇ ਸੀਨੀਅਰਜ਼ ਆਰਾਮ ਕਰਕੇ ਤਰੋ ਤਾਜ਼ਾ ਹੋ ਚੁੱਕੇ ਹੁੰਦੇ। ਹੁਣ ਇਹ ਸੀਨੀਅਰਜ਼ ਇਨ੍ਹਾਂ ਦੀ ਰੈਗਿੰਗ ਸ਼ੁਰੂ ਕਰ ਦਿੰਦੇ। ਕੋਈ ਸੀਨੀਅਰ ਕਿਸੇ ਜੂਨੀਅਰ ਕੋਲੋਂ ਉਸਦਾ ਨਾਂ ਪੁੱਛਦਾ ਤਾਂ ਉਹ 'ਸਰ...ਸਰ' ਕਰਦਾ ਕੁਝ ਚਿਰ ਆਪਣਾ ਨਾਂ ਚੇਤੇ ਕਰਨ 'ਤੇ ਹੀ ਲਾ ਦੇਂਦਾ। ਸਿਖਲਾਈ ਦੌਰਾਨ ਫੌਜੀ ਜੰਗ ਦੇ ਅਭਿਆਸ ਤਾਂ ਹੋਣੇ ਹੀ ਹੋਣੇ ਸਨ। ਇਨ੍ਹਾਂ ਅਭਿਆਸਾਂ ਦੌਰਾਨ ਗਸ਼ਤਾਂ ਕਰਦਿਆਂ ਨਰੇਸ਼ ਨੇ ਤਾਮਿਲਨਾਡੂ ਦੀ ਦੇਹਾਤੀ ਜ਼ਿੰਦਗੀ ਵੀ ਰੱਜ ਕੇ ਵੇਖੀ ਅਤੇ ਮਾਣੀ ਸੀ। ਉਸਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਪੰਜਾਬ ਵਾਂਗ ਇਥੇ ਵੀ ਪੇਂਡੂ ਸੱਭਿਅਤਾ ਦਾ ਬੋਲਬਾਲਾ ਹੈ। ਪਿੰਡਾਂ ਦੇ ਲੋਕ ਇਕ-ਦੂਜੇ ਨਾਲ ਜੁੜੇ ਹੋਏ ਸਨ। ਇਸ ਜੋੜ ਦਾ ਸਬੰਧ ਉਨ੍ਹਾਂ ਦੀ ਸਾਂਝੀ ਰਹਿਤਲ ਸੀ। ਉਨ੍ਹਾਂ ਦਾ ਆਪਸੀ ਭਾਈਚਾਰਾ ਸੀ। ਤਰਕਾਲਾਂ ਦੀ ਚੁੱਪ ਵਾਂਗ ਪੇਂਡੂ ਮਰਦਾਂ ਅਤੇ ਔਰਤਾਂ ਦੇ ਸੁਭਾਅ ਵਿਚੋਂ ਸਾਦਗੀ ਝਲਕਾਂ ਮਾਰਦੀ ਸੀ। ਸਪੱਸ਼ਟਤਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਅੰਗ ਸੀ। ਹਾਂ, ਤਾਮਿਲਨਾਡੂ ਅਤੇ ਪੰਜਾਬ ਦੇ ਪੌਣ ਪਾਣੀ ਦਾ ਬਹੁਤ ਫਰਕ ਹੈ। ਇਸੇ ਫਰਕ ਸਦਕਾ ਧਰਤੀ ਦੀ ਸੱਤ੍ਹਾ ਦੇ ਨਾਲ-ਨਾਲ ਰੁੱਖਾਂ, ਝਾੜਾਂ ਦੀਆਂ ਕਿਸਮਾਂ ਵਿਚ ਵੀ ਰਕ ਸੀ। ਫਸਲਾਂ ਦਾ ਫਰਕ ਸੀ। ਘਰਾਂ ਦੀ ਬਨਾਵਟ ਸ਼ੈਲੀ ਵਿਚ ਫਰਕ ਸੀ। ਖਾਣ ਪੀਣ ਦੀਆਂ ਵਸਤਾਂ ਵਿਚ ਫਰਕ ਸੀ। ਜੁੱਸਿਆਂ ਦੇ ਰੰਗਾਂ ਵਿਚ ਫਰਕ ਸੀ। ਇਸ ਕੋਰਸ ਵਿਚ ਕੋਈ ਤਿੰਨ ਸੌ ਦੇ ਲਗਭਗ ਜੈਂਟਲਮੈਨ ਕੈਡਿਟਸ ਸਨ। ਪਹਿਲੇ ਦਿਨ ਇਹ ਸਾਰੇ ਦੇ ਸਾਰੇ ਇਕ-ਦੂਜੇ ਲਈ ਅਜਨਬੀ ਸਨ। ਵੱਖੋ-ਵੱਖਰੇ ਸੂਬਿਆਂ ਦੇ। ਵੱਖੋ-ਵੱਖਰੀਆਂ ਬੋਲੀਆਂ ਵਾਲੇ। ਪਹਿਲੇ ਦਿਨ ਹੀ ਇਨ੍ਹਾਂ ਸਭਨਾਂ ਨੂੰ ਸਕੂਲ ਦੇ ਅਧਿਕਾਰੀਆਂ ਵੱਲੋਂ ਵੱਖੋ-ਵੱਖਰੀਆਂ ਬਟਾਲੀਅਨਾਂ, ਕੰਪਨੀਆਂ, ਪਲਟੂਨਾਂ ਅਤੇ ਸੈਕਸ਼ਨਾਂ ਵਿਚ ਵੰਡ ਦਿੱਤਾ ਗਿਆ ਸੀ। ਕੁਝ ਦਿਨਾਂ ਵਿਚ ਹੀ ਇਹ ਚਿਹਰੇ ਇਕ ਦੂਜੇ ਲਈ ਅਜਨਬੀ ਨਹੀਂ ਸਨ ਰਹੇ। ਨਵੀਂਆਂ ਦੋਸਤੀਆਂ ਦੇ ਪੀਚ ਪੈ ਚੁੱਕੇ ਸਨ। ਇਕ ਦੂਜੇ ਦੇ ਦੁੱਖ ਸੁੱਖ ਵਿਚ ਸ਼ਰੀਕ ਸਨ ਇਹ ਸਾਰੇ ਦਾ ਸਾਰੇ ਜੈਂਟਲਮੈਨ ਕੈਡਿਟਸ ਕੰਪਨੀ ਬੈਰਕ ਦੀ ਕੰਧ 'ਤੇ ਜੜੇ ਹੋਏ ਡਾਕ-ਤਖਤੇ ਦੇ 'ਨ' ਵਾਲੇ ਖਾਨੇ ਵਿਚ ਨਰੇਸ਼ ਦੇ ਨਾਮ ਲਗਭਗ ਰੋਜ਼ ਹੀ ਇਕ-ਦੋ ਚਿੱਠੀਆਂ ਜ਼ਰੂਰ ਹੁੰਦੀਆਂ। ਕਦੀ ਦੀਨ ਦਿਆਲ ਅਤੇ ਸਵਿੱਤਰੀ ਦੀ। ਕਦੀ ਨਿਸ਼ਾ ਦੀ ਤੇ ਕਦੀ ਕਿਸੇ ਦੋਸਤ ਦੀ। ਚਿੱਠੀਆਂ ਦੀ ਸਾਰੇ ਕੈਡਿਟਸ ਨੂੰ ਹੀ ਬੜੀ ਉਡੀਕ ਹੁੰਦੀ ਸੀ। ਦੀਨ ਦਿਆਲ ਅਤੇ ਸਵਿੱਤਰੀ ਦੇ ਖਖਤ ਨਰੇਸ਼ ਲਈ ਹੌਸਲੇ ਦਾ ਥੰਮ ਬਣ ਜਾਂਦੇ। ਮਾਖਿਓਂ ਮਿੱਠਾ ਪਿਆਰ ਉਸਦੀ ਰਗ-ਰਗ ਵਿਚ ਭਰ ਦਿੰਦੇ। ਨਿਸ਼ਾ ਦਾ ਖਤ ਆਉਂਦਾ ਤਾਂ ਨਰੇਸ਼ ਦਾ ਦਿਲ ਇਕ ਸਤਾਰ ਬਣ ਜਾਂਦਾ। ਖਤ ਦੇ ਅੱਖਰ ਸਤਾਰ ਦੀਆਂ ਰਗਾਂ ਨੂੰ ਛੇੜਦੇ। ਮਸਤੀ ਵਿਚ ਸੁੱਤੀਆਂ ਤਾਰਾਂ ਨੂੰ ਜਗਾ ਦਿੰਦੇ। ਨਰੇਸ਼ ਨੂੰ ਲਿਖੇ ਪਹਿਲੇ ਹੀ ਖਤ ਵਿਚ ਨਿਸ਼ਾ ਨੇ ਸਵੇਰ ਸ਼ਾਮ ਵੀਨਸ ਨੂੰ ਵੇਖਣਾ ਕਬੂਲ ਕਰ ਲਿਆ ਸੀ। ਨਾਲ-ਨਾਲ ਇਹ ਲਿਖਕੇ ਆਪਣਾ ਹੱਕ ਵੀ ਜਿਤਲਾਇਆ ਸੀ ''ਆਪਣੀ ਟਰੇਨਿੰਗ ਧਿਆਨ ਨਾਲ ਕਰੀਂ, ਨਾਲੇ ਮੇਰੀ ਗਲ ਚੇਤੇ ਈ ਨਾ। ਜੇ ਕੋਈ ਪੁੱਠਾ ਕੰਮ ਕੀਤਾ ਤਾਂ ਮਿਲਣ 'ਤੇ ਬਹੁਤ ਕੁਟਾਂਗੀ।'' ਇਹ ਪੜ੍ਹ ਕੇ ਨਰੇਸ਼ ਹੱਸ ਪਿਆ ਸੀ। ਮੁਹੱਬਤ ਨਾਲ ਭਿੱਜੀਆਂ ਚਿੱਠੀਆਂ ਆਉਂਦੀਆਂ ਰਹੀਆਂ...ਜਾਂਦੀਆਂ ਰਹੀਆਂ। ਚਿੱਠੀਆਂ ਨੇ ਬਾਜ਼ਾਰੂ ਢੰਗ ਦੇ ਪਿਆਰ ਮੁਹੱਬਤ ਵਾਲੇ ਕੀਰਨੇ ਕਦੇ ਨਾ ਪਾਏ। ਸਸਤੀ ਕਿਸਮ ਦਾ ਊਟ-ਪਟਾਂਗ ਵੀ ਕਦੀ ਨਾ ਬੋਲਿਆ। ਉਨ੍ਹਾਂ ਦੇ ਖਤਾਂ ਵਿਚਲੀ ਨਿੱਕੀ-ਨਿੱਕੀ ਗੱਲਬਾਤ ਬੜੀ ਸੌਖੀ ਅਤੇ ਆਪ ਮੁਹਾਰੀ ਹੁੰਦੀ ਸੀ। ਹਾਂ ਕਦੀ-ਕਦੀ ਨਿਸ਼ਾ ਕੋਈ ਨਾ ਕੋਈ ਟੱਪਾ ਲਿਖ ਭੇਜਦੀ ਸੀ। ਟੱਪੇ ਜਿਨ੍ਹਾਂ ਦੇ ਅਰਥਾਂ ਨੂੰ ਹੁਣ ਉਹ ਸਮਝਦੀ ਸੀ। ਨਰੇਸ਼ ਵੀ ਸਮਝਦਾ ਸੀ। ਨਿਸ਼ਾ ਤੇ ਨਰੇਸ਼ ਹਰ ਰੋਜ਼ ਸਵੇਰੇ ਸ਼ਾਮੀਂ 'ਵੀਨਸ' ਵੇਖਣਾ ਨਾ ਭੁੱਲਦੇ। ਇਨ੍ਹਾਂ ਦੇ ਮਨ ਇਕ ਅੰਬਰ ਸਿਰਜ ਲੈਂਦੇ। ਉਸ ਅੰਬਰ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਇਕ ਖੂਬਸੂਰਤ ਸਤਰੰਗੀ ਪੀਂਘ ਛਾ ਜਾਂਦੀ। ਇਕ ਸਵੇਰ ਵੀਨਸ ਵੇਖਣ ਤੋਂ ਬਾਅਦ ਨਰੇਸ਼ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਕਲੋਲ ਕਰਦਿਆਂ ਵੇਖ ਲਿਆ। ਉਨ੍ਹਾਂ ਦੀਆਂ ਹਰਕਤਾਂ ਵਿਚੋਂ ਨਰੇਸ਼ ਨਿਸ਼ਾ ਦੀ ਕਿਸੇ ਅਦਾ ਨੂੰ ਲੱਭਦਾ ਰਿਹਾ। ਉਸ ਦਿਨ ਆਸਮਾਨ ਵਿਚ ਗਵਾਚ ਚੁੱਕਾ ਵੀਨਸ ਨਰੇਸ਼ ਦੀਆਂ ਅੱਖਾਂ ਵਿਚ ਹੀ ਤਾਂ ਉਤਰ ਆਇਆ ਸੀ। ਕਿੰਨਾ ਚਿਰ ਬੈਠਾ ਰਿਹਾ ਸੀ ਉਸ ਦੀਆਂ ਅੱਖਾਂ ਵਿਚ ੲਹ ਸੋਹਣਾ ਸੁਨੱਖਾ ਵੀਨਸ। ਆਫੀਸਰਜ਼ ਟਰੇਨਿੰਗ ਸਕੂਲ ਦੀਆਂ ਸੜਕਾਂ ਦੁਵੱਲੀਂ ਲੱਗੇ ਅੰਬਾਂ ਦੇ ਰੁੱਖ ਬੂਰ 'ਤੇ ਆ ਗਏ ਸਨ। ਨਰੇਸ਼ ਦੀ ਮੁਰਾਦ ਵੀ ਉਸਦੇ ਪੈਰਾਂ ਕੋਲ ਆ ਖੜ੍ਹੀ ਸੀ। ਹੋਰ ਕੁਝ ਦਿਨਾਂ ਨੂੰ ਨਰੇਸ਼ ਅਤੇ ਉਸਦੇ ਬਹੁਤੇ ਸਾਥੀਆਂ ਨੇ ਜੈਂਟਲਮੈਨ ਕੈਡੇਟਸ ਤੋਂ ਸੈਕਿੰਡ ਲੈਫਟੀਨੈਂਟ ਬਣ ਜਾਣਾ ਸੀ। ਬੂਰ 'ਤੇ ਆਏ ਅੰਬਾਂ ਦੇ ਰੁੱਖਾਂ ਕੋਲੋਂ ਲੰਘਦਿਆਂ ਨਰੇਸ਼ ਨੂੰ ਪਿੰਡ ਵਾਲਾ ਬੋਹੜ ਯਾਦ ਆ ਜਾਂਦਾ ਤੇ ਉਹ ਸੋਚਦਾ ''ਬੋਹੜ ਤੇ ਵੀ ਗੋਹਲਾਂ ਆ ਗਈਆਂ ਹੋਣਗੀਆਂ।'' ਗਿਆਰਾਂ ਪਾਸਿੰਗ ਆਊਟ ਪਰੇਡ ਦਾ ਦਿਨ। ਜੈਂਟਲਮੈਨ ਕੈਡਿਟਸ ਦੇ ਸਿਦਕ ਦਾ ਲੰਮਾ ਇਮਤਿਹਾਨ ਖਤਮ ਹੋ ਗਿਆ ਸੀ। ਸਿਖਲਾਈ ਦੇ ਅਖੀਰਲੇ ਦਿਨ ਨੇ ਅੱਜ ਦਮ ਤੋੜ ਦੇਣਾ ਸੀ। ਸਾਰੇ ਦੇ ਸਾਰੇ ਜੈਂਟਲਮੈਨ ਕੈਡਿਟਸ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣੀ ਸੀ। ਆਫੀਸਰਜ਼ ਟਰੇਨਿੰਗ ਸਕੂਲ ਦਾ ਡਰਿੱਲ ਸੁਕਏਅਰ ਹਮੇਸ਼ਾ ਕੈਡਿਟਸ ਦੀਆਂ ਅੱਖਾਂ ਵਿਚ ਰੜਕਦਾ ਰਹਿੰਦਾ ਸੀ। ਇਹੀ ਡਰਿੱਲ ਸੁਕਏਅਰ ਅੱਜ ਫੇਰਿਆਂ 'ਤੇ ਬਹਿਣ ਵਾਲੇ ਜੋੜਿਆਂ ਵਾਂਗ ਸ਼ਿੰਗਾਰਿਆ ਹੋਇਆ ਸੀ। ਇਕ ਸ਼ਮਿਆਨੇ ਥਲੇ ਆਏ ਮਹਿਮਾਨਾਂ ਦੇ ਬੈਠਣ ਲਈ ਕੁਰਸੀਆਂ ਡਠੀਆਂ ਹੋਈਆਂ ਸਨ। ਥਲ ਸੈਨਾ ਦੇ ਮੁਖੀ ਨੇ ਸਲਾਮੀ ਲੈਣੀ ਸੀ। ਡਰਿੱਲ ਸੁਕਏਅਰ ਵਿਚ ਲਾਮਬੰਦ ਹੋਏ ਕੈਡਿਟਸ ਦੇ ਉਤੋਂ ਦੀ ਇਕ ਹੈਲੀਕਾਪਟਰ ਫੁੱਲ ਪੱਤੀਆਂ ਦਾ ਮੀਂਹ ਵਰਸਾ ਗਿਆ। ਫੁੱਲ-ਪੱਤੀਆਂ ਦੀ ਬਰਖਾ ਦੇ ਨਾਲ-ਨਾਲ ਇਕ ਮਹਿਕ ਦੀ ਵਈਂ ਜਿਹੀ ਵੱਗਣ ਲੱਗ ਪਈ ਸੀ। ਬਰਾਸ ਬੈਂਡ ਦੀ ਧੁੰਨ ਨਾਲ ਪਾਸਿੰਗ ਆਊਟ ਪਰੇਡ ਸ਼ੁਰੂ ਹੋ ਗਈ। ਨਰੇਸ਼ ਜਸਾਮੀ ਕੰਪਨੀ ਦਾ ਕੰਪਨੀ ਅੰਡਰ ਆਫੀਸਰ ਸੀ। ''ਕੈਂਪ...ਨੀ...ਦਾਇਨੇ ਦੇਖ'' ਚਿੱਥੀ ਹੋਈ ਅਤੇ ਕੜਕਵੀਂ ਆਵਾਜ਼ ਵਿਚ ਹੁਕਮ ਦੇ ਕੇ ਨਰੇਸ਼ ਨੇ ਮੰਚ ਉਤੇ ਖਲੋਤੇ ਹੋਏ ਥਲ ਸੈਨਾ ਮੁਖੀ ਨੂੰ ਮਿਆਨੋਂ ਕੱਢੀ ਹੋਈ ਤਲਵਾਰ ਦੀ ਸਲਾਮੀ ਦਿੱਤੀ। ਸਾਵਧਾਨ ਖਲੋਤੇ ਥਲਾ ਸੈਨਾ ਮੁਖੀ ਦਾ ਹੱਥ ਵੀ ਨਰੇਸ਼ ਦੀ ਸਲੂਟ ਦਾ ਜਵਾਬ ਬਣ ਗਿਆ ਸੀ। ਮਹਿਮਾਨਾਂ ਵਾਲੇ ਸ਼ਾਮਿਆਨੇ ਥਲੇ ਦੀਨ ਦਿਆਲ ਅਤੇ ਸਵਿੱਤਰੀ ਵੀ ਬੈਠੇ ਹੋਏ ਸਨ। ਨਰੇਸ ਨੂੰ ਸਲਾਮੀ ਦਿੰਦਿਆਂ ਵੇਖ ਕੇ ਦੀਨ ਦਿਆਲ ਮੁੜ ਕੇ ਜਵਾਨ ਹੀ ਤਾਂ ਹੋ ਗਿਆ ਸੀ, ''ਪਰਮਾਤਮਾ ਮੇਰੇ ਪੁੱਤਰ ਨੂੰ ਕਿਸੇ ਭੈੜੀ ਨਜ਼ਰ ਤੋਂ ਬਚਾਈਂ'' ਸਵਿੱਤਰੀ ਨੇ ਮਨ ਹੀ ਮਨ ਵਿਚ ਕਿਹਾ ਸੀ। ਪਾਸਿੰਗ ਆਊਟ ਪਰੇਡ ਵਿਚ ਹਿੱਸਾ ਲੈ ਰਹੇ ਸਾਰੇ ਦੇ ਸਾਰੇ ਜੈਂਟਲਮੈਨ ਕੈਡਿਟਸ ਦਿਆਂ ਮੋਢਿਆਂ 'ਤੇ ਸੈਕਿੰਡ ਲੈਫਟੀਨੈਂਟ ਦੇ ਫੁੱਲ ਤਾਂ ਲੱਗੇ ਹੋਏ ਸਨ ਪਰ ਐਪਲਿਟਸ ਨਾਲ ਢੱਕੇ ਹੋਏ ਸਨ। ਸਾਰੇ ਦੇ ਸਾਰੇ ਕੈਡਿਟਸ ਉਨ੍ਹਾਂ ਦੇ ਰਿਸ਼ਤੇਦਾਰ, ਅੱਧੀ ਰਾਤ ਲਈ ਉਤਾਵਲੇ ਸਨ। ਅੱਧੀ ਰਾਤ...ਜ਼ੀਰੋ....ਜ਼ੀਰੋ...ਜ਼ੀਰੋ...ਜ਼ੀਰੋ ਆਫੀਸਰਜ਼ ਲਹੀ। ਜਦੋਂ, ਇਨ੍ਹਾਂ ਸਾਰਿਆਂ ਨੇ ਸੈਕਿੰਡ ਲੈਫਟੀਨੈਂਟ ਬਣ ਜਾਣਾ ਸੀ। ਹਨ੍ਹੇਰਾ ਹੋਣ ਦੇ ਨਾਲ ਹੀ ਨੀਲੇ ਅੰਬਰ ਨੂੰ ਟਿਮ ਟਿਮ ਕਰਦੇ ਤਾਰਿਆਂ ਨੇ ਮੱਲ ਲਿਆ ਸੀ। ਕੈਡਿਟਸ ਮੈਸ ਦਿਲਾਂ ਵਿਚ ਮੌਲਦੀਆਂ ਹਸਰਤਾਂ ਦੀ ਸ਼ਰਨਗਾਹ ਬਣ ਗਿਆ ਸੀ। ਮੈਸ ਬਾਹਰਲੇ ਲਾਨ ਦੀਆਂ ਗੁੱਠਾਂ 'ਤੇ ਲੱਗੀਆਂ ਬੱਤੀਆਂ ਦੇ ਆ ਰਹੇ ਚਾਨਣ ਦੇ ਹੜ੍ਹ ਵਿਚ ਹਰੇ ਕਚੂਰ ਘਾਹ ਦੀ ਦੀ ਪੱਤੀ-ਪੱਤੀ ਦਿਸ ਰਹੀ ਸੀ। ਘਾਹ ਉਤੇ ਪੀਲੀਆਂ, ਚਿੱਟੀਆਂ, ਲਾਲ, ਹਰੀਆਂ, ਰੰਗ-ਬਰੰਗੀਆਂ ਕੁਰਸੀਆਂ...ਥਾਂ-ਥਾਂ 'ਤੇ ਗੱਡੀਆਂ ਹੋਈਆਂ ਵੱਡੀਆਂ-ਵੱਡੀਆਂ ਚਿੱਟੇ ਰੰਗ ਦੀਆਂ ਛੱਤਰੀਆਂ ਦੁੱਧ ਚਿੱਟੀਆਂ ਖੁੰਭਾਂ ਲੱਗ ਰਹੀਆਂ ਸਨ। ਨਰੇਸ਼ ਦੇ ਨਾਲ-ਨਾਲ ਦੀਨ ਦਿਆਲ ਅਤੇ ਸਵਿੱਤਰੀ ਵੀ ਮੈਸ ਵਿਚਲੀ ਭੀੜ ਦਾ ਹਿੱਸਾ ਬਣ ਚੁੱਕੇ ਸਨ। ਸਾਰੇ ਦੇ ਸਾਰੇ ਜੈਂਟਲਮੈਨ ਕੈਡਿਟਸ ਐਲਾਈਵ ਗਰੀਨ (ਮਿਲਟਰੀ ਦੀ ਹਰੇ ਰੰਗ ਦੀ ਵਰਦੀ) ਵਿਚ ਸਨ। ਸਕੂਲ ਦੇ ਸਾਰੇ ਅਫਸਰ, ਉਨ੍ਹਾਂ ਦੀਆਂ ਬੀਵੀਆਂ ਅਤੇ ਉਨ੍ਹਾਂ ਦੇ ਬੱਚੇ ਮਨ ਮਰਜ਼ੀ ਦੀਆਂ ਪੌਸ਼ਾਕਾਂ ਵਿਚ ਸੱਜ-ਧੱਜ ਕੇ ਆਏ ਸਨ। ਨਰੇਸ਼ ਹੁਰਾਂ ਦੇ ਟੇਬਲ ਨੇੜੇ ਹੀ ਇਕ ਹੋਰ ਟੇਬਲ 'ਤੇ ਦੋ ਔਰਤਾਂ ਇਕ ਦੂਜੀ ਦੇ ਆਹਮੋ-ਸਾਹਮਣੇ ਕੁਰਸੀਆਂ 'ਤੇ ਬੈਠੀਆਂ ਸਨ। ਇਕ ਨੇ ਪਿਆਜ਼ੀ ਰੰਗ ਦੀ ਸਾੜੀ ਬੰਨ੍ਹੀ ਹੋਈ ਸੀ। ਉਸਦੇ ਚੁਕਵੇਂ ਜੂੜੇ ਵਿਚ ਫੁੱਲ ਟੁੰਗੇ ਹੋਏ ਸਨ। ਦੂਜੀ ਨੇ ਸਕਰਟ ਬਲਾਊਜ਼ ਪਾਇਆ ਹੋਇਆ ਸੀ। ਸਕਰਟ ਵੀ ਬਹੁਤ ਉੱਚਾ। ਮਿੰਨੀ ਸਕਰਟ। ਇਸ ਔਰਤ ਦੇ ਵਾਲ ਵੀ ਕੱਟੇ ਹੋਏ ਸਨ। ਮਰਦਾਂ ਵਾਂਗ ਨਿੱਕੇ ਨਿੱਕੇ ਵਾਲ। ਇਹ ਦੂਜੀ ਔਰਤ ਮਿਸਿਜ਼ ਭਾਸਕਰ ਸੀ। ਨਰੇਸ਼ ਦੇ ਉਸਤਾਦ ਕੈਪਟਨ ਭਾਸਕਰ ਦੀ ਵਹੁਟੀ। ਦੋਵੇਂ ਵਿਸਕੀ ਦੇ ਘੁੱਟ ਭਰ ਰਹੀਆਂ ਸਨ। ਮਿਸਿਜ਼ ਭਾਸਕਰ ਨੇ ਸਿਗਰਟ ਵੀ ਲਾ ਲਈ ਸੀ। ਉਸਨੇ ਕਸ਼ ਖਿੱਚਿਆ। ਧੂੰਆਂ ਆਸਮਾਨ ਵੱਲ ਛੱਡਿਆ। ਧੂੰਏ ਦਾ ਗੋਲ ਛੱਲਾ ਬਣ ਗਿਆ। ਏਧਰ ਨਰੇਸ਼ ਸਵਿੱਤਰੀ ਅਤੇ ਦੀਨ ਦਿਆਲ ਇਕ ਸੁੱਕ ਦੇ ਨਾਲ ਨਿੰਬੂ ਪਾਣੀ ਦੀਆਂ ਚੁਸਕੀਆਂ ਭਰ ਰਹੇ ਸਨ। ਇਸ ਵੇਲੇ ਮਿਸਿਜ਼ ਭਾਸਕਰ ਦੀਆਂ ਨਜ਼ਰਾਂ ਆਸਮਾਨ ਵੱਲ ਸਨ। ਨਜ਼ਰਾਂ ਅੰਬਰ ਦੇ ੰਨ ਜਾਂ ਤਾਰਿਆਂ ਨਾਲ ਨਹੀਂ ਸਗੋਂ ਧੂੰਏਂ ਦੇ ਛੱਲੇ ਨਾਲ ਚਿੱਪਕੀਆਂ ਹੋਈਆਂ ਸਨ। ਇਕੋ ਸਾਹੇ ਵਿਸਕੀ ਦਾ ਗਲਾਸ ਨਬੇੜ ਕੇ ੳਸਨੇ ਇਕ ਹੋਰ ਕਸ਼ ਖਿੱਚਿਆ। ਪਹਿਲਾਂ ਨਾਲੋਂ ਵੀ ਜ਼ੋਰ ਦੀ ਧੂੰਆਂ ਛੱਡਿਆ। ਪਹਿਲੇ ਛੱਲੇ ਦਾ ਦਾਇਰਾ ਕਾਫੀ ਵੱਡਾ ਹੋ ਗਿਆ ਸੀ। ਇਕ ਨਵਾਂ ਛੱਲਾ ਪਹਿਲੇ ਵਿਚ ਦੀ ਲੰਘ ਗਿਆ। ਧੂੰਏਂ ਦੇ ਛੱਲੇ ਬਣਦੇ ਰਹੇ ਉਤਾਂਹ ਉਡਦੇ ਰਹੇ...ਚਾਨਣ ਉਤਲੇ ਹਨ੍ਹੇਰੇ ਵਿਚ ਗਵਾਚਦੇ ਰਹੇ। ''ਨਰੇਸ਼ ਤੂੰ ਇਨ੍ਹਾਂ ਨਸ਼ਿਆਂ ਤੋਂ ਬਚਕੇ ਰਵੀਂ'' ਸਵਿੱਤਰੀ ਦੇ ਦਿਲ ਵਿਚਲੀ ਗੱਲ ਦੀਨ ਦਿਆਲ ਨੇ ਹੀ ਕਹਿ ਦਿੱਤੀ ਸੀ। ''ਪਿਤਾ ਜੀ ਕਦੀ ਮਨ ਵਿਚ ਵੀ ਨਾ ਲਿਆਇਓ। ਤੁਹਾਡਾ ਨਰੇਸ਼ ਕੋਈ ਵੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਤੁਹਾਨੂੰ ਨੀਵਾਂ ਵੇਖਣਾ ਪਵੇ।'' ਨਰੇਸ਼ ਦੇ ਜਵਾਬ ਵਿਚ ਦ੍ਰਿੜ੍ਹਤਾ ਸੀ। ਲਹਿਜ਼ੇ ਵਚਲੀ ਮਜ਼ਬੂਤੀ ਦੀਨ ਦਿਆਲ ਦੀ ਤਸੱਲੀ ਬਣ ਗਈ ਸੀ। ਚਾਰ...ਤਿੰਨ...ਦੋ...ਇਕ। ਜ਼ੀਰੋ...ਜ਼ੀਰੋ...ਜ਼ੀਰੋ....ਜ਼ੀਰੋ...ਆਵਰਸ। ਪਿਪਿੰਗ ਸੈਰੀਮਨੀ ਦਾ ਵਕਤ। ਮੈਸ ਦੀਆਂ ਸਾਰੀਆਂ ਬੱਤੀਆਂ ਬੁਝ ਗਈਆਂ। ਘੁੱਪ ਹਨੇਰਾ। ਕੈਡਿਟਸ ਮੈਸ ਅੱਧਾ ਮਿੰਟ ਹਨੇਰੇ ਵਿਚ ਗੋਤੇ ਖਾਂਦਾ ਰਿਹਾ ਸੀ। ਇਸ ਹਨੇਰੇ ਵਿਚ ਸਾਰੇ ਦੇ ਸਾਰੇ ਜੈਂਟਲਮੈਨ ਕੈਡਿਟਸ ਦਿਆਂ ਮੋਢਿਆਂ ਤੋਂ ਐਪਲੇਟਸ ਗੈਰ ਹਾਜ਼ਰ ਹੋ ਗਏ ਸਨ। ਮੋਢਿਆਂ ਤੋਂ ਐਪਲੇਟਸ ਲਾਹੁਣ ਵਾਲੀਆਂ ਉਂਗਲਾਂ ਆਸ਼ੀਰਵਾਦ ਵਰਗੇ ਹੱਥਾਂ ਦੀਆਂ ਸਨ। ਦੋਸਤ ਕੁੜੀਆਂ ਦੇ ਹੱਥਾਂ ਦੀਆਂ ਸਨ ਤੇ ਜਾਂ ਕਿਸੇ ਬੱਡੀ (ਸਾਥੀ) ਦੇ ਹੱਥਾਂ ਦੀਆਂ ਸਨ। ਨਰੇਸ਼ ਦੇ ਮੋਢਿਆਂ ਲਈ ਆਸ਼ੀਰਵਾਦ ਵਰਗੇ ਹੱਥ ਹਾਜ਼ਰ ਸਨ। ਇਕ ਮੋਢੇ 'ਤੇ ਦੀਨ ਦਿਆਲ ਅਤੇ ਦੂਜੇ ਤੇ ਸਵਿੱਤਰੀ ਦੇ। ਬੱਤੀਆਂ ਫਿਰ ਜੱਗ ਗਈਆਂ ਸਨ। ਚੁਫੇਰਾ ਜਗ ਮਗਾ ਰਿਹਾ ਸੀ। ਸਾਰੇ ਦੇ ਸਾਰੇ ਜੈਂਟਲਮੈਨ ਕੈਡਿਟਸ ਹੁਣ ਸੈਕਿੰਡ ਲੈਫਟੀਨੈਂਟ ਬਣ ਗਏ ਸਨ। ਐਪਲੇਟਸ ਦੀ ਭੀੜ ਪੈਰਾਂ ਥਲੇ ਲਿਤੜ ਰਹੀ ਸੀ। ਅੱਜ ਨਰੇਸ਼ ਵੀਸ ਨੂੰ ਵੇਖਣਾ ਹੀ ਭੁੱਲ ਗਿਆ ਸੀ। ਇਕ ਬੇੜੀ ਦੇ ਚੱਪੂ ਸੰਭਾਲੀ ਨਿਸ਼ਾ ਉਸਦੇ ਚੇਤਿਆਂ ਦੇ ਦਰਿਆ ਵਿਚ ਉਤਰ ਆਈ ਸੀ। ਇਸ ਤੋਂ ਪਹਿਲਾਂ ਕਿ ਨਰੇਸ਼ ਵੀ ਉਸ ਬੇੜੀ ਦਾ ਸਵਾਰ ਹੋ ਜਾਂਦਾ, ਆਫੀਸਰਜ਼ ਟਰੇਨਿੰਗ ਸਕੂਲ ਦੇ ਬਰਾਸ ਬੈਂਡ ਨੇ ਇਕ ਅੰਗਰੇਜ਼ੀ ਗੀਤ 'ਨੰਬਰ ਫਿਫਟੀ ਫੋਰ ਹਾਊਸ ਆਫ ਦਾ ਬੈਂਬੂ ਡੋਰ'' ਦੀ ਧੁੰਨ ਛੇੜ ਦਿੱਤੀ। ਮੈਸ ਵਿਚਲੇ ਬਹੁਤੇ ਮਰਦ ਅਤੇ ਔਰਤਾਂ ਹਰਕਤ ਵਿਚ ਆ ਗਏ। ਨੱਚਣ ਲੱਗ ਪਏ ਸਨ ਸਾਰੇ ਦੇ ਸਾਰੇ। ਬਾਹਵਾਂ ਵਿਚ ਬਾਹਵਾਂ ਪਾ ਕੇ। ਮਰਦ ਔਰਤਾਂ ਨਾਲ। ਔਰਤਾਂ ਮਰਦਾਂ ਨਾਲ ਇਨ੍ਹਾਂ ਦੇ ਸਰੀਰ ਪਾਰੇ ਵਾਂਗ ਥਰਕਣ ਲੱਗ ਪਏ ਸਨ। ਨੱਚ ਰਹੇ ਜੋੜੇ ਇਕ ਦੂਜੇ ਦੀ ਮਲਕੀਅਤ ਵੀ ਨਹੀਂ ਸਨ। ਕੈਪਟਨ ਭਾਸਕਰ ਦੀ ਵਹੁਟੀ ਮੇਜਰ ਸੰਧੂ ਨਾਲ ਨੱਚ ਰਹੀ ਸੀ। ਸੰਧੂ ਦੀ ਕੈਪਟਨ ਭਾਸਕਰ ਨਾਲ। ਕੁਝ ਇਕ ਨਵੇਂ-ਨਵੇਂ ਬਣੇ ਅਫਸਰ ਵੀ ਨੱਚ ਰਹੇ ਸਨ। ਦੋਸਤ ਕੁੜੀਆਂ ਦੇ ਨਾਲ। ਬਹੁਤੇ ਮਰਦ ਔਰਤਾਂ ਭਾਂਤ-ਭਾਂਤ ਦੀਆਂ ਰੰਗ ਬਿਰੰਗੀਆਂ ਮਸਤੀਆਂ ਵਿਚ ਰੁੱਝੇ ਹੋਏ ਸਨ। ਇਕੜ-ਦੁੱਕੜ ਜੋੜੇ ਵੱਲਾ ਰਿੱਤੇ ਜਿਹੇ ਕਿਸੇ ਨੁੱਕਰ 'ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ। ਪਿਆਰ ਪਿਆਰ ਵਿਚ ਹੀ ਇਕ ਦੂਜੇ ਦੀ ਜੂਠੀ ਸ਼ਰਾਬ ਪੀ ਰਹੇ ਸਨ। ਲੰਮੇ-ਲੰਮੇ ਬੁੱਲ੍ਹਾਂ ਵਾਲਾ ਵਿਨਸੈਂਟ ਡੀ ਕੋਸਟਾ ਸੇਂਟ ਥੋਮਸ ਮਊਂਟ ਨੇੜਲੀ ਬਦਨਾਮ ਬਸਤੀ ਦੀ ਡੇਜ਼ੀ ਨਾਲ ਨੱਚ ਰਿਹਾ ਸੀ। ਡੀ ਕੋਸਟਾ ਦੀ ਪਿਪਿੰਗ ਸੈਰੇਮਨੀ ਵੀ ਡੇਜ਼ੀ ਨੇ ਹੀ ਕੀਤੀ ਸੀ। ਮੈਸ ਵਿਚਲੀ ਰੰਗੀਨੀ ਅਤੇ ਰੌਣਕ ਮਾਨਣ ਤੋਂ ਨਰੇਸ਼ ਦੇ ਮਨ ਨੇ ਤਾਂ ਇਨਕਾਰੀ ਨਹੀਂ ਸੀ ਹੋਣਾ। ਦੀਨ ਦਿਆਲ ਅਤੇ ਸਵਿੱਤਰੀ ਦੀ ਹਾਜ਼ਰੀ ਹੀ ਨਰੇਸ਼ ਨੂੰ ਇਸ ਨਾਚਬੇ ਦੇ ਸ਼ੁਰੂ ਹੋਣ ਵੇਲੇ ਹੀ ਹੋਟਲਾ ਚੋਲਾ ਵਲ ਲੈ ਤੁਰੀ ਸੀ। ਬਾਰਾਂ ਨਵੇਂ ਨਵੇਂ ਬਣੇ ਸਾਰੇ ਅਫਸਰਾਂ ਨੂੰ ਆਪੋ ਆਪਣੀਆਂ ਪਲਟਨਾਂ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਪੰਦਰਾਂ-ਪੰਦਰਾਂ ਦਿਨਾਂ ਦੀ ਛੁੱਟੀ ਦਿੱਤੀ ਗਈ ਸੀ। ਨਰੇਸ਼ ਦੀ ਪਲਟਨ ਪੁਣਛ ਵਿਚ ਸੀ। ਨਰੇਸ਼, ਦੀਨ ਦਿਆਲ ਅਤੇ ਸਵਿੰਤਰੀ ਗਰੈਂਡ ਟਰੰਕ ਐਕਸਪ੍ਰੈਸ ਰਾਹੀਂ ਮਦਰਾਸ ਤੋਂ ਦਿੱਲੀ ਜਾ ਰਹੇ ਸਨ। ਰੇਲ ਦੇ ਮਥੁਰਾ ਪਹੁੰਚਣ ਤੋਂ ਪਹਿਲਾਂ ਇਹ ਤਰੈਵੇ ਗੂੜੀ ਨੀਂਦਰੇ ਸੁੱਤੇ ਪਏ ਸਨ। ਨਰੇਸ਼ ਨੇ ਤਾਂ ਹਰੀ ਵਰਦੀ ਪਾਈ ਹੋਈ ਸੀ। ਉਹ ਇਕ ਬਾਗ ਵਿਚ ਪਹੁੰਚਿਆ। ਨਿਸ਼ਾ ਪਹਿਲਾਂ ਹੀ ਉਸ ਬਾਗ ਵਿਚ ਸੀ। ਉਸੇ ਦਾ ਰਾਹ ਵੇਖ ਰਹੀ ਸੀ, ਸਿਰ ਉਤੇ ਕਾਲੀ ਚੁੰਨੀ ਤੇ ਨੀਮ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਨਿਸ਼ਾ ਕਿਸੇ ਅਪਸਰਾ ਜਿਹੀ ਲੱਗ ਰਹੀ ਸੀ। ਨਰੇਸ਼ ਨੂੰ ਆਉਂਦਿਆਂ ਵੇਖ ਉਸਦਾ ਚਿਹਰਾ ਇਕ ਮੁਸਕਾਨ ਬਣ ਗਿਆ ਸੀ। ਉਸਦੇ ਕਦਮ ਵੀ ਨਰੇਸ਼ ਵੱਲ ਪੁਲਾਂਘਾਂ ਭਰ ਕੇ ਆਪੋ ਵਿਚਲੀ ਵਿੱਥ ਘਟਾਉਣ ਲੱਗ ਪਏ ਸਨ। ਚਿਰ ਬਾਅਦ ਮਿਲੀਆਂ ਦੋ ਰੂਹਾਂ ਮਿਲਣਸਾਰ ਇਕ ਦੂਜੇ ਨਾਲ ਜੁੜੀਆਂ। ਜੁੜ ਕੇ ਫਿੱਸ ਪਈਆਂ। ਨਿਸ਼ਾ ਦੀਆਂ ਅੱਖਾਂ ਵਿਚੋਂ ਪਿਆਰ ਦੇ ਮੋਤੀ ਤ੍ਰਿਪ ਤ੍ਰਿਪ ਕਿਰ ਰਹੇ ਸਨ। ਕਮ ਔਨ ਚੀਅਰ ਅਪ ਨਾਉ ਕਹਿ ਕੇ ਨਰੇਸ਼ ਨੇ ਨਿਸ਼ਾ ਦੀ ਗੱਲ੍ਹ ਥਾਪੜ ਦਿੱਤੀ। ਨਰੇਸ਼ ਮੁਸਕਰਾ ਰਿਹਾ ਸੀ। ਨਿਸ਼ਾ ਵੀ ਮੁਸਕਰਾ ਪਈ। ਦੋਹਾਂ ਦੀਆਂ ਨਿਗਾਹਾਂ ਇਕ ਦੂਜੇ ਦੀਆਂ ਅੱਖਾਂ ਵਿਚ ਤਿਲਕ ਆਈਆਂ...ਬੇੜੀਆਂ ਬਣ ਕੇ...ਅੱਖੀਆਂ ਦੀਆਂ ਝੀਲਾਂ ਵਿਚ। ਕੌਂਗਰੈਚੂਲੇਸ਼ਨ, ਲੈਫਟੀਨੈਂਟ ਨਰੇਸ਼। ਥੈਂਕ ਯੂ ਵੈਰੀ ਵੈਰੀ ਮਚ, ਨਿਸ਼ਾ। ਚਲੋ ਉਧਰ, ਕਿਸੇ ਬੈਂਚ ਉਤੇ ਬੈਠਦੇ ਹਾਂ। ਚਲੋ ਪਾਤਸ਼ਾਹੋ, ਕਹਿ ਕੇ ਨਰੇਸ਼ ਨੇ ਨਿਸ਼ਾ ਦਾ ਇਕ ਹੱਥ ਸੰਭਾਲ ਲਿਆ, ਦੋਵੇਂ ਬੈਂਚ ਵੱਲ ਤੁਰ ਪਏ। ਉਦੋਂ ਹੀ ਹਵਾ ਦਾ ਇਕ ਬੁਲ੍ਹਾ ਆਇਆ। ਨਿਸ਼ਾ ਦੇ ਵਾਲਾਂ ਵਿਚੋਂ ਇਕ ਲਿਟ ਆਵਾਰਾ ਹੋ ਗਈ। ਉਸਦੇ ਚੌੜੇ ਮੱਥੇ ਨੂੰ ਛੇੜਦੀ ਛੇੜਦੀ ਖੱਬੀ ਗੱਲ੍ਹ ਉਤੇ ਸਰਕ ਆਈ। ਨਿਸ਼ਾ ਨੇ ਸਿਰ ਝਟਕਿਆ। ਇਸ ਦੇ ਨਾਲ ਹੀ ਗੱਲ੍ਹ ਤੇ ਆਈ ਲਿਟ ਵਾਪਸ ਵਾਲਾਂ ਵਿਚ ਜਾ ਰਲੀ ਸੀ। ਬਹੁਤ ਹੀ ਪਿਆਰੀ ਅਦਾ ਸੀ ਨਿਸ਼ਾ ਦੀ। ਅੱਜ ਵੀਨਸ ਇਕੱਠੇ ਹੀ ਵੇਖਾਂਗੇ। ਨਿਸ਼ਾ ਨੇ ਏਨੀ ਗੱਲ ਕਹੀ ਹੀ ਸੀ ਕਿ ਪੇੜੇ ਪੇੜੇ ਏ...ਪੇਠਾ...ਪੇਠਾ ਆ। ਮਥੁਰਾ ਕਾ ਮਸ਼ਹੂਰ ਪੇਠਾ ਇਸ ਚੀਕ ਚਿਹਾੜੇ ਨਾਲ ਨਰੇਸ਼ ਜਾਗ ਪਿਆ। ਸੁਪਨਾ ਛਾਈਂ ਮਾਈਂਹੋ ਗਿਆ, ਅੱਖਾਂ ਮਲਦਾ ਨਰੇਸ਼ ਅੱਧ ਵਿਚਕਾਰੋਂ ਟੁੱਟੇ ਤੇ ਬੀਤ ਚੁੱਕੇ ਸੁਪਨੇ ਨੂੰ ਚੇਤਿਆਂ ਦੀ ਕੈਨਵਸ ਤੋਂ ਵੇਖਣ ਮਾਨਣ ਵਿਚ ਰੁੱਝ ਗਿਆ। ਇਨ੍ਹੀਂ ਦਿਨੀਂ ਨਿਸ਼ਾ ਬੀ. ਏ. ਅਖੀਰਲੇ ਵਰ੍ਹੇ ਦੇ ਸਾਲਾਨਾ ਪਰਚਿਆਂ ਦੀ ਤਿਆਰੀ ਕਰ ਰਹੀ ਸੀ। ਨਰੇਸ਼ ਦਾ ਬਹੁਤਾ ਸਮਾਂ ਜਲੰਧਰ ਹੀ ਬੀਤਦਾ ਸੀ...ਨਿਸ਼ਾ ਨਾਲ। ਮਸੀਂ ਹਫ਼ਤਾ ਤੂੰ ਘਰ ਰਹਿਣੈ, ਤੇਰੇ ਪੈਰ ਨੇ ਕਿ ਘਰ ਟਿਕਦੇ ਹੀ ਨਹੀਂ, ਕਹਿੰਦਿਆਂ ਇਕ ਦਿਨ ਸਵਿੱਤਰੀ ਨੇ ਨਰੇਸ਼ ਨੂੰ ਲਗਭਗ ਝਿੜਕ ਹੀ ਦਿੱਤਾ ਸੀ। ਝੂਠ ਮੂਠ ਦੀ ਝਿੜਕ ਦਾ ਨਰਸ਼ ਨੇ ਵੀ ਝੂਠਾ ਮੂਠਾ ਜਵਾਬ ਦ ਦਿੱਤਾ ਸੀ। ਬੀਜੀ ਕਾਲਜ ਦੇ ਪੁਰਾਣੇ ਮਿੱਤਰਾਂ ਬੇਲੀਆਂ ਨੂੰ ਵੀ ਤਾਂ ਮਿਲਣੈ। ਜਵਾਬ ਵਿਚ ਰਾਈ ਭਰ ਹੀ ਸਹੀ, ਸੱਚ ਦੀ ਚਾਸ਼ਨੀ ਤਾਂ ਜ਼ਰੂਰ ਸੀ। ਜਲੰਧਰ ਦੀ ਲਾਲ ਰਤਨ ਟਾਕੀ ਵਿਚ ਹਕੀਕਤ ਫਿਲਮ ਲੱਗੀ ਹੋਈ ਸੀ। ਪੁਣਛ ਰਵਾਨਗੀ ਤੋਂ ਇਕ ਦਿਨ ਪਹਿਲਾਂ ਨਰੇਸ਼ ਤ ਨਿਸ਼ਾ ਇਹੀ ਫਿਲਮ ਵੇਖਣ ਗਏ ਸਨ। ਉਹ ਬਾਕਸ ਵਿਚ ਬੈਠੇ ਸਨ। ਨਿੰਮਾ ਨਿੰਮਾ ਚਾਨਣ ਸੀ। ਫਿਲਮ ਸ਼ੁਰੂ ਹੋਈ ਨੂੰ ਮਸੀਂ 10 ਮਿੰਟ ਹੀ ਹੋਏ ਸਨ ਕਿ ਕੁਰਸੀ ਦੀ ਬਾਹੀ ਉਤ ਪਏ ਨਿਸ਼ਾ ਦੇ ਹੱਥ ਉਤੇ ਨਰੇਸ਼ ਦਾ ਹੱਥ ਟਿੱਕ ਗਿਆ, ਨਰੇਸ਼ ਨੇ ਨਿਸ਼ਾ ਦੇ ਹੱਥ ਨੂੰ ਪੋਲਾ ਜਿਹਾ ਘੁੱਟਿਆ। ਨਿਸ਼ਾ ਨਰੇਸ਼ ਵੱਲ ਉਲਰ ਗਈ। ਪੂਰੇ ਦਾ ਪੂਰਾ ਬਾਕਸ ਨਸ਼ਿਆ ਗਿਆ ਸੀ। ਫਿਲਮ ਚੱਲਦੀ ਰਹੀ। ਪਰਦੇ ਤੇ ਫੌਜੀਆਂ ਦੀ ਲੜਾਈ ਦਾ ਸੀਨ ਚੱਲ ਰਿਹਾ ਸੀ। ਸ਼ੀਹਾਂ ਵਰਗੇ ਜਵਾਨ ਗੋਲੀਆਂ ਨਾਲ ਛਲਣੀ ਹੋ ਕੇ ਢਹਿ ਢੇਰੀ ਹੋ ਰਹੇ ਸਨ। ਆਪੋ ਆਪਣੇ ਮੁਲਖ ਵੱਲੋਂ ਪਵਾਈਆਂ ਵਰਦੀਆਂ ਦਾ ਕਰਜ਼ਾ ਉਤਾਰ ਰਹੇ ਸਨ। ਇਹੀ ਪਲ ਸਨ ਕਿ ਅਸਲ ਫਿਲਮ ਨਿਸ਼ਾ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈ ਸੀ। ਉਸਦੀ ਨਜ਼ਰ ਅੱਗੇ ਤਾਂ ਇਕ ਪਤੰਗ ਸੀ। ਸੂਹੇ ਪਿੰਡੇ ਤੇ ਖੱਟੀ ਪੂਛਲ ਵਾਲੀ ਪਤੰਗ। ਪਤੰਗ ਜਿਸ ਦੀ ਡੋਰ ਨੇ ਉਸਦਾ ਮੋਹ ਤਿਆਗ ਦਿੱਤਾ ਸੀ। ਬਚਪਨ ਵਿਚ ਇਸੇ ਪਤੰਗ ਨੂੰ ਚੜ੍ਹਾਉਂਦਿਆਂ ਨਿਸ਼ਾ ਦੀ ਆਪਣੀ ਹੀ ਉਂਗਲੀ ਵਿਚੋਂ ਸਿੰਮਿਆ ਲਹੂ ਹੁਣ ਉਸਦੀਆਂ ਅੱਖਾਂ ਵਿਚੋਂ ਤੁਪਕਾ ਤੁਪਕਾ ਟਪਕ ਰਿਹਾ ਸੀ। ਨਰੇਸ਼ ਦਾ ਹੱਥ ਤਾਂ ਨਿਸ਼ਾ ਦੀਆਂ ਮੀਢੀਆਂ ਨਾਲ ਖੇਡ ਰਿਹਾ ਸੀ। ਉਹ ਨਿਸ਼ਾ ਦੀ ਹਾਲਤ ਤੋਂ ਉਕਾ ਹੀ ਬੇਖਬਰ ਸੀ। ਉਸਨੂੰ ਨਹੀਂ ਸੀ ਪਤਾ ਕਿ ਅੱਜ ਵੀ ਨਿਸ਼ਾ ਦੀਆਂ ਗੱਲਾਂ ਤੋਂ ਲਹੂ ਦੇ ਟੇਪੇ ਉਸ ਨੂੰ ਹੀ ਪੂੰਝਣੇ ਪੈਣਗੇ। ਲਹੂ ਦੇ ਟੋਪੇ ਜੋ ਘਿਰਣਾ ਜਾਂ ਨਫਰਤ ਦੀ ਨਹੀਂ, ਸਗੋਂ ਪਿਆਰ ਦੀ ਤਸਵੀਰ ਸਨ। ਨਰੇਸ਼ ਦਾ ਹੱਥ ਨਿਸ਼ਾ ਦੀਆਂ ਮੀਢੀਆਂ ਉਤੋਂ ਦੀ ਸਰਕਦਾ ਸਰਕਦਾ ਉਸਦੀ ਇਕ ਗੱਲ੍ਹ ਉਤੇ ਤਿਲਕ ਆਇਆ। ਉੇਥੇ ਹੀ ਟਿਕ ਗਿਆ। ਨਰੇਸ਼ ਦੇ ਹੱਥ ਉਤ ਟੱਪ ਕਰਕੇ ਇਕ ਕੋਸਾ ਜਿਹਾ ਅੱਥਰੂ ਕਿਰਿਆ। ਨਿਸ਼ਾ! ਇਹ ਕੀ? ਸ਼ੂਦੈਣ ਤਾਂ ਨਹੀਂ ਹੋ ਗਈ? ਨਰੇਸ਼ ਦ ਇਹ ਕਹਿਣ ਸਾਰ ਨਿਸ਼ਾ ਤ੍ਰਭਕ ਗਈ। ਹੈਰਾਨ ਹੋਏ ਨਰੇਸ਼ ਨੇ ਆਪਣੀ ਪੈਂਟ ਦੇ ਬੋਝੇ ਵਿਚੋਂ ਰੁਮਾਲ ਕੱਢਿਆ। ਨਰੇਸ਼ ਦੇ ਹੱਥ ਵਿਚਲਾ ਰੁਮਾਲ ਨਿਸ਼ਾ ਦੀਆਂ ਦੋਹਾਂ ਗੱਲ੍ਹਾਂ ਉਤੇ ਫਿਰ ਗਿਆ। ਦੋ ਨਿੱਕੀਆਂ ਨਿੱਕੀਆਂ ਨਦੀਆਂ ਦਾ ਸਾਰੇ ਦਾ ਸਾਰਾ ਪਾਣੀ ਡੀਕ ਲਾ ਕੇ ਪੀ ਗਿਆ। ਨਿਸ਼ਾ ਨੇ ਵੀ ਕਿਸੇ ਭੈੜੇ ਸੁਪਨੇ ਜਿਹੀ ਸੋਚ ਨੂੰ ਮਨ ਵਿਚੋਂ ਬਾਹਰ ਵਗਾਹ ਮਾਰਿਆ। ਦਿਲ ਦੀ ਧੱਕ ਧੱਕ ਤਾਂ ਅਜੇ ਵੀ ਨਿਰੰਤਰ ਜਾਰੀ ਸੀ। ਫਿਲਮ ਖਤਮ ਹੋ ਗਈ। ਨਰੇਸ਼ ਨੇ ਨਿਸ਼ਾ ਨੂੰ ਹੋਸਟਲ ਗੇਟ ਉਤੇ ਛੱਡਿਆ। ਛੇਤੀ ਛੁੱਟੀ ਆਉਣ ਦਾ ਵਾਅਦਾ ਕਰਕੇ ਨਿਸ਼ਾ ਤੋਂ ਵਿਦਾ ਲਈ ਅਤੇ ਆਪ ਪਿੰਡ ਪਹੁੰਚ ਗਿਆ। ਸੂਰਜ ਦੀਆਂ ਸੱਜਰੀਆਂ ਕਿਰਨਾਂ ਦੇ ਨਾਲ ਹੀ ਛਡਿਆਂ ਦੀ ਮਹਿਫ਼ਲ ਨੇ ਬੋਹੜ ਦੇ ਥੜ੍ਹੇ ਤੇ ਉਤਾਰਾ ਕਰ ਲਿਆ ਸੀ। ਨਰਸ਼, ਉਸਦਾ ਦੋਸਤ ਪ੍ਰੀਤਮ, ਚੌਧਰੀ ਮਨਫੂਲ, ਦੀਨ ਦਿਆਲ ਅਤੇ ਸਵਿੱਤਰੀ ਅੱਡੇ ਵੱਲ ਜਾ ਰਹੇ ਸਨ। ਨਰੇਸ਼ ਦਾ ਕੁਝ ਸਮਾਨ ਬੰਤੂ ਮਜ਼ਬੀ ਨੇ ਚੁੱਕਿਆ ਹੋਇਆ ਸੀ ਅਤੇ ਕੁਝ ਪ੍ਰੀਤਮ ਦੇ ਸਾਇਕਲ ਤੇ ਬੰਨ੍ਹਿਆ ਹੋਇਆ ਸੀ। ਛੜਿਆਂ ਨੇ ਇਨ੍ਹਾਂ ਨੂੰ ਵੇਖ ਲਿਆ। ਓ ਬਿੰਦਰਾ ਪਤਾ ਈ ਪੰਡਤਾਂ ਦਾ ਨਰੇਸ਼ ਅਫਸਰ ਲੱਗ ਗਿਆ। ਕਿਥੇ? ਫੌਜ ਵਿਚ। ਲਗਿਆ ਵੀ ਵੱਡਾ ਅਫਸਰ ਆ। ਲਫਟੈਣ ਲੱਗ ਗਿਆ। ਸਿੱਧਾ ਈ। ਬਈ ਪੜ੍ਹਦਾ ਵੀ ਬੜਾ ਸੀਗਾ। ਤੇਰੇ ਆਂਗ ਜ਼ਰਦਾ ਤਾਂ ਨੀ ਸੀ ਫਕਦਾ ਰਿਹਾ। ਆਹੋ ਯਾਰ ਵੀ ਚਾਰ ਜਮਾਤਾਂ ਪੜ੍ਹ ਲੈਂਦੇ ਤਾਂ ਡੰਗਰਾਂ ਮਗਰ ਕਾਸ ਨੂੰ ਫਿਰਦ। ਮਾਲ ਤਾਂ ਵਧੀਆ ਪੱਟੀ ਫਿਰਦਾ ਪਤੰਦਰ। ਕਿਹੜਾ। ਓਏ, ਉਹ ਚੌਧਰੀਆਂ ਦੀ ਕੁੜੀ, ਨਿਰੀ ਬਿਜਲੀ ਆ ਸਾ...। ਢਕਿਆ ਰਹਿ ਓਏ, ਕਿਸੇ ਹੋਰ ਨੇ ਸੁਣ ਲਿਆ ਤਾਂ ਸਿਰ ਤੇ ਵਾਲ ਨੀ ਦਿਖਣਾ ਇਕ ਵੀ। ਲਿਤਰਾਂ ਨਾਲ ਗੰਜਾ ਹੋ ਜੂ। ਚੁੱਪ ਵੀ ਕਰ ਜਾ ਕੰਜਰਾ, ਉਹਦਾ ਬੁੜਾ ਵੀ ਨਾਲੇ ਈ ਆ। ਚਲੋ ਉਠੋ ਓਏ, ਜਾਂਦੇ ਜਾਂਦੇ ਬਾਹਮਣ ਨੂੰ ਮਿਲ ਤਾਂ ਲਈਏ। ਇਸ ਦੇ ਨਾਲ ਹੀ ਸਾਰੇ ਦੇ ਸਾਰ ਛੜੇ ਥੜੇ ਤੋਂ ਹੇਠਾਂ ਉਤਰ ਆਏ। ਅਗਲ ਵਾਂਡੀ ਹੋ ਕੇ ਨਰੇਸ਼ ਨੂੰ ਮਿਲ। ਵਧਾਈ ਦਿੰਦਿਆਂ ਦੁਆ ਸਲਾਮ ਵੀ ਕਰ ਲਈ। ਨਰੇਸ਼ ਨੂੰ ਵੀ ਬੋਹੜ ਥਲੇ ਖਲੋਣਾ ਚੰਗਾ ਚੰਗਾ ਲੱਗ ਰਿਹਾ ਸੀ। ਸੂਰਜ ਦੀਆਂ ਕਿਰਨਾਂ ਦੇ ਪੂਰ ਬੋਹੜ ਦੇ ਚੌੜੇ ਚੌੜੇ ਪੱਤਿਆਂ ਦੀਆਂ ਵਿਰਲਾਂ ਵਿਚੋਂ ਲੰਘਕੇ ਨਰੇਸ਼ ਦਾ ਸੀਸ ਚੁੰਮ ਰਹੇ ਸਨ। ਇਹ ਅੱਡੇ ਤੇ ਪਹੁੰਚੇ ਹੀ ਸਨ ਕਿ ਪਾਂਸ਼ਟੇ ਤੋਂ ਜਲੰਧਰ ਵਾਲੀ ਬੱਸ ਘਰਰ ਘਰਰ ਕਰਦੀ ਆ ਖਲੋਤੀ। ਬੱਸ ਉਤੇ ਚੜ੍ਹਨ ਤੋਂ ਪਹਿਲਾਂ ਪਿੰਡ ਦੇ ਕਈ ਮੁਅਜ਼ਿਜ਼ ਸਿਆਣਿਆਂ ਨੇ ਨਰੇਸ਼ ਦਾ ਸਿਰ ਪਲੋਸਿਆ। ਉਸਦੇ ਅੰਗ ਸੰਗ ਤੁਰਦੀ ਅਸੀਸ ਦਿੱਤੀ। ਇਨ੍ਹਾਂ ਅਸੀਸਾਂ ਵਿਚ ਪਿਆਰ, ਸਤਿਕਾਰ, ਸ਼ਰਧਾ ਅਤੇ ਖੁਸ਼ੀ ਸਾਰਾ ਕੁਝ ਹਾਜ਼ਰ ਸੀ। ਦੀਨ ਦਿਆਲ, ਸਵਿੱਤਰੀ, ਮਨਫੂਲ ਅਤੇ ਪ੍ਰੀਤਮ ਜਲੰਧਰ ਤੱਕ ਨਰੇਸ ਦੇ ਨਾਲ ਗਏ ਸਨ। ਇਨ੍ਹਾਂ ਸਭਨਾਂ ਨੇ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਨਰੇਸ਼ ਨੂੰ ਵਿਦਿਆ ਕੀਤਾ ਸੀ। ਪਠਾਨਕੋਟ ਦੀ ਫੌਜੀ ਸ਼ਰਨਗਾਹ (ਟਰਾਂਜ਼ਿਟ ਕੈਂਪ) ਤੇ ਹਾਜ਼ਰ ਹੋਣ ਤੋਂ ਬਾਅਦ ਨਰੇਸ਼ ਮਿਲਟਰੀ ਦੀ ਜੀਪ ਉਤੇ ਪੁਣਛ ਲਈ ਰਵਾਨਾ ਹੋ ਗਿਆ। ਨੌਸ਼ਹਿਰਾ, ਸੁੰਦਰਬਨੀ ਕਸਬਿਆਂ ਨੂੰ ਪਾਰ ਕੀਤਾ ਹੀ ਸੀ ਕਿ ਨਰੇਸ਼ ਨੂੰ ਕੁਦਰਤ ਦੇ ਬੇਮਿਸਾਲ ਜਾਦੂ ਨੇ ਕੀਲ ਲਿਆ। ਪਹਾੜੀਆਂ ਦੇ ਪਿੰਡੇ ਦੀਆਂ ਢਲਾਣਾਂ ਤੇ ਉਗੀਆਂ ਪਤਲੀਆਂ ਪਤਲੀਆਂ ਝਾੜੀਆਂ, ਲੰਮ ਸੁਲੰਮੇ ਦਰੱਖਤ ਸਾਰੇ ਹੀ ਕਿਕਲੀ ਜਿਹੀ ਪਾ ਰਹੇ ਸਨ। ਹਰ ਪਲ ਨਜ਼ਾਰੇ ਬਦਲ ਰਹੇ ਸਨ। ਪੌਣ ਜੰਗਲ ਦੀ ਨਸ਼ਿਆਈ ਮਹਿਕ ਨੂੰ ਚੁਫੇਰੇ ਲੁਟਾ ਰਹੀ ਸੀ। ਨਰੇਸ਼ ਦੀ ਸੋਚ ਅਤੀਤ ਅਤੇ ਭਵਿੱਖ ਦੀਆਂ ਵਾਦੀਆਂ ਵਿਚ ਵਿਚਰਦੀ ਰਹੀ। ਵਰਤਮਾਨ ਤਾਂ ਉਹ ਜੀ ਰਿਹਾ ਸੀ। ਰੱਜ ਕੇ। ਜੀਪ ਇਕ ਬਹੁਤ ਹੀ ਉਚੇ ਭਿੰਬਰ ਗਲੀ ਨਾ ਦੇ ਦਰੇ ਤੇ ਪਹੁੰਚ ਗਈ। ਉਥੇ ਇਕ ਢਾਬਾ ਸੀ। ਨਰੇਸ਼ ਨੇ ਜੀਪ ਰੁਕਵਾਈ। ਡਰਾਈਵਰ ਤਰਸੇਮ ਲਾਲ ਨੂੰ ਦੋ ਕੱਪ ਚਾਹ ਬਣਵਾਉਣ ਲਈ ਕਿਹਾ। ਇਸ ਵੇਲੇ ਯਖ ਠੰਢੀ ਤੇਜ਼ ਤਰਾਰ ਹਵਾ ਸੰਘਣੇ ਰੁੱਖਾਂ ਦੇ ਪੱਤਿਆਂ ਦੀ ਕੰਘੀ ਪੱਟੀ ਦਾ ਕੰਮ ਕਰ ਰਹੀ ਸੀ। ਨਰੇਸ਼ ਢਾਬ ਦੇ ਅੰਦਰ ਜਾ ਕ ਬੈਠ ਗਿਆ। ਢਾਬ ਦੀਆਂ ਕੰਧਾਂ ਤੇ ਤਸਵੀਰਾਂ ਟੰਗੀਆਂ ਹੋਈਆਂ ਸਨ। ਤਸਵੀਰਾਂ ਪਹਾੜਾਂ ਦੀਆਂ। ਫਿਲਮੀ ਹੀਰੋਇਨਾਂ ਦੀਆਂ। ਅੱਧ ਨੰਗੀਆਂ ਕੁੜੀਆਂ ਦੀਆਂ। ਨਾਲ ਨਾਲ ਗੁਰੂਆਂ ਅਵਤਾਰਾਂ ਦੀਆਂ ਵੀ। ਚਾਹ ਪੀਣ ਉਪਰੰਤ ਤਰਸਮ ਲਾਲ ਜੀਪ ਤੇ ਆਪਣੀ ਸੀਟ ਨਾਲ ਢੋਅ ਲਾ ਕੇ ਕਿਸੇ ਘਰੇਲੂ ਸੋਚ ਵਿਚ ਡੁੱਬ ਗਿਆ ਸੀ। ਚਾਹ ਪੀ ਕ ਨਰਸ਼ ਨੇ ਤਰਸੇਮ ਲਾਲ ਨੂ ੰਚਲਣ ਲਈ ਕਿਹਾ। ਕੋਈ ਦੋ ਘੰਟਿਆਂ ਬਾਅਦ ਜੀਪ ਨਾਰੀਆਂ ਦੇ ਟਰਾਂਜ਼ਿਟ ਕੈਂਪ ਵਿਚ ਪਹੁੰਚ ਗਈ ਸੀ। ਰਾਤ ਪੈ ਚੁੱਕੀ ਸੀ। ਤਾਰੇ ਟਿਮਟਿਮ ਕਰ ਰਹੇ ਸਨ। ਚੰਦਰਮਾ ਨਰੇਸ਼ ਦੇ ਸੁਪਨਿਆਂ ਵਾਂਗ ਵੱਧ ਘੱਟ ਰਿਹਾ ਸੀ। ਅਗਲੀ ਸਵੇਰ ਦੀਆਂ ਕਿਰਨਾਂ ਦੇ ਪ੍ਰਕਾਸ਼ ਨਾਲ ਹੀ ਨਰੇਸ਼ ਪੁਣਛ ਲਈ ਰਵਾਨਾ ਹੋ ਗਿਆ। ਆਪਣੀ ਪਲਟਨ ਵਿਚ ਜਾ ਹਾਜ਼ਰ ਹੋਇਆ। ਉਸ ਰਾਤ ਪਲਟਨ ਨੇ ਆਫੀਸਰਜ਼ ਮੈਸ ਵਿਚ ਸੈਕਿੰਡ ਲੇੈਫਟੀਨੈਂਟ ਨਰੇਸ਼ ਕੁਮਾਰ ਦਾ ਸਵਾਗਤੀ ਭੋਜਨ ਸੀ। ਭੋਜਨ ਤੋਂ ਪਹਿਲਾਂ ਜਾਮ ਛਲਕੇ। ਨਰੇਸ਼ ਨੇ ਤਾਂ ਸਿਰਫ ਨਿੰਬੂ ਪਾਣੀ ਜਾਂ ਕਿਸੇ ਫਲ ਦਾ ਜੂਸ ਹੀ ਪੀਣਾ ਚਾਹਿਆ। ਉਸਦੀ ਮਰਜ਼ੀ ਕਿਵੇਂ ਚੱਲਦੀ? ਹਰੀ ਵਰਦੀ ਦੇ ਅਨੁਸ਼ਾਸਨ ਨੇ ਹੀ ਉਸਦੇ ਹੱਥਾਂ ਵਿਚ ਜਾਮ ਫੜ੍ਹਾ ਦਿੱਤਾ ਸੀ। ਨਰੇਸ਼ ਇਸ ਖੁਸ਼ੀ ਦੇ ਮੌਕੇ 'ਤੇ ਵੀ ਅੰਦਰੇ-ਅੰਦਰ ਆਪਣੇ ਆਪ ਨੂੰ ਇਕ ਗੁਨਾਹਗਾਰ ਸਮਝ ਰਿਹਾ ਸੀ। ਪਿਤਾ ਦੀਨ ਦਿਆਲ ਦੀ ਕਚਹਿਰੀ ਦਾ ਗੁਨਾਹਗਾਰ। ਪੁਣਛ ਸ਼ਹਿਰ ਪਾਕਿਸਤਾਨ ਦੀ ਸਰਹੱਣ ਤੇ ਜਾਂ ਇੰਝ ਕਹਿ ਲਉ ਪਾਕਿਸਤਾਨ ਦੀ ਧੌਣ 'ਤੇ ਵਸਿਆ ਹੋਇਆ ਹੈ। ਪਾਕਿਸਤਾਨ ਵੱਲੋਂ ਆਉਂਦਾ ਬੇਤਾਰ ਨਾਲਾ ਉਥੋਂ ਦੇ ਸ਼ਹਿਰ ਕਹੂਟਾ ਵੱਲੋਂ ਆਉਂਦੀ ਸੜਕ ਦੇ ਨਾਲ-ਨਾਲ ਵੱਗਦਾ ਹੈ। ਬੇਤਾਰ ਏਦਾਂ ਲੱਗਦਾ ਹੈ ਜਿਵੇਂ ਕੁਦਰਤ ਨੇ ਪੁਣਛ ਸ਼ਹਿਰ ਦੇ ਪੈਰਾਂ ਵਿਚ ਪਾਣੀ ਦੀ ਝਾਂਜਰ ਪਾ ਦਿੱਤੀ ਹੋਵੇ। ਇਸ ਵੇਗ ਮੱਤੇ ਦੀ ਕਲ-ਕਲ ਅੱਠੇ ਪਹਿਰ ਸੰਗੀਤ ਅਲਾਪਦੀ ਰਹਿੰਦੀ ਹੈ। ਇਸ ਸੰਗੀਤ ਸਦਕਾ ਕੁਦਰਤ ਦੇ ਗੁਣ-ਗਾਣ ਨੂੰ ਮੱਲੋਮੱਲੀ ਜੀ ਕਰ ਆਉਂਦਾ ਹੈ। ਬੇਤਾਰ ਦੇ ਇਕ ਪਾਸੇ ਵੱਸਦਾ ਹੈ ਪਿੰਡ ਚਿੜੀਕੋਟ ਅਤੇ ਦੂਜੇ ਪਾਸੇ ਦਿਗਵਾੜ। ਇਥੋਂ ਦੀ ਆਬਾਦੀ ਮੈਦਾਨੀ ਤੇ ਨੀਮ ਪਹਾੜੀ ਇਲਾਕਿਆਂ ਨਾਲੋਂ ਕਈ ਢੰਗਾਂ ਨਾਲ ਵੱਖਰੀ ਹੈ। ਇਥੋਂ ਦੀਆਂ ਆਬਾਦੀਆਂ ਵਿਚ ਨਰੇਸ਼ ਨੇ ਪਿਆਰ ਅਤੇ ਭਰੋਸੇ ਦੇ ਨਕਸ਼ ਤਲਾਸ਼ ਕਰ ਲਏ ਸਨ। ਇਥੋਂ ਦੇ ਜੰਗਲ ਸ਼ਹਿਰੀ ਬਸਤੀਆਂ ਨਾਲੋਂ ਕਿਤੇ ਵੱਧ ਪਿਆਰੇ ਲੱਗਦੇ ਸਨ। ਭੇਡਾਂ ਬੱਕਰੀਆਂ ਚਾਰਦੇ ਪਹਾੜੀ ਚਰਵਾਹੇ ਪੰਜਾਬ ਦੇ ਛੇੜੂਆਂ ਵਾਂਗ ਹੀ ਗੀਤ ਗਾਉਂਦੇ। ਉਨ੍ਹਾਂ ਦੇ ਗੀਤਾਂ ਦੀ ਗੂੰਜ ਪਹਾੜਾਂ ਦੀਆਂ ਢਲਾਣਾਂ ਉਤਲੇ ਸੰਘਣੇ ਰੁੱਖਾਂ ਅਤੇ ਝਾੜੀਆਂ ਵਿਚ ਦੀ ਦੂਰ-ਦੁਰਾਡੇ ਪਹੁੰਚ ਜਾਂਦੀ। ਨਰੇਸ਼ ਨੂੰ ਇਨ੍ਹਾਂ ਗੀਤਾਂ ਦੇ ਬੋਲ ਤਾਂ ਕੁਝ ਕੁਝ ਹੀ ਸਮਝ ਆਉਂਦੇ ਸਨ। ਫਿਰ ਵੀ ਇਨ੍ਹਾਂ ਦੀ ਲੈਅ ਉਸਦੇ ਕੰਨਾਂ ਰਾਹੀਂ ਰੋਮ-ਰੋਮ ਵਿਚ ਮਿਸ਼ਰੀ ਜਿਹੀ ਮਿਠਾਸ ਘੋਲ ਜਾਂਦੀ ਸੀ। ਨਰੇਸ਼ ਦੀ ਚੌਕੀ ਨੇੜੇ ਝਾੜਾਂ ਅਤੇ ਰੁੱਖਾਂ ਨਾਲ ਕੱਜੇ ਹੋਏ ਵਿਰਲੇ-ਵਿਰਲੇ ਕੱਚੇ ਕੋਠੇ ਸਨ। ਇਨ੍ਹਾਂ ਵਿਚੋਂ ਕੁਝ ਕੋਠੇ ਗੱਦੀਆਂ ਦੀ ਮਲਕੀਅਤ ਸਨ। ਇਹ ਗੱਦੀ ਵਸਦੇ ਘੱਟ ਨੇ ਜੂਨ ਜ਼ਿਆਦਾ ਭੋਗਦੇ ਨੇ। ਫਿਰ ਵੀ ਆਪਣੇ ਹਾਲ 'ਤੇ ਹੀ ਖੁਸ਼ ਰਹਿੰਦੇ ਹਨ। ਕਾਲੀਆਂ ਤੇ ਚੁੱਪ ਚਾਂ ਰਾਤਾਂ ਵਿਚ ਗੱਦੀਆਂ ਤੇ ਗੱਦਣਾਂ ਦੇ ਜਾਗਦੇ ਹੋਣ ਦੀ ਚੁਗਲੀ ਸਿਰਫ ਦੋ ਗੰਲਾਂ ਹੀ ਕਰਦੀਆਂ ਸਨ। ਪਹਿਲੀ ਸਰ੍ਹੋਂ ਦੇ ਤੇਲ ਨਾਲ ਬਲਦੇ ਲਟ-ਲਟ ਦੀਵਿਆਂ ਦੀ ਲੋਅ। ਇਸ ਲੋਅ ਦੀ ਅਲਸਾਈ ਜਿਹੀ ਚਾਨਣੀ ਕੋਠਿਆਂ ਦੀਆਂ ਅੱਧ ਖੁੱਲ੍ਹੀਆਂ ਭਿੱਤਾਂ ਵਿਚੋਂ ਬਾਹਰ ਝਾਕਦੀ ਰਹਿੰਦੀ। ਦੂਜੀ ਘੜਾ ਪਰਾਤ ਥਾਲ ਤੇ ਕਦੀ-ਕਦੀ ਬੰਸਰੀ ਦੀ ਹੂਕ ਵਿਚ ਪਰੁੱਚੇ ਸੰਗੀਤ ਦੇ ਨਾਲ-ਨਾਲ ਕੋਈ ਗੱਦੀ ਗੀਤ। ਹੋ ਮਾੜੇ ਗੱਦੀਆ...ਅੱਜੇ ਦੀ ਰਾਤੀਂ ਰੋਹ ਵੇ ਗੱਦੀਆ ਛਿਲੜੂ ਬੀ ਦਿਨੀਆਂ...ਬਕਰੂ ਬੀ ਦਿਨੀਆਂ ਖਾਣੇ ਗੀ ਦਿਨੀਆਂ ਘਿਉ...ਅੱਜੇ ਦੀ ਰਾਤੀਂ ਰੋਹ ਵੇ ਗੱਦੀਆ। ਹੋ ਮਾੜੇ ਗੱਦੀਆਂ! ਹੋ ਮਾੜੇ ਗੱਦੀਆਂ!! ਅਕਸਰ ਇਹੋ ਜਿਹੇ ਕਿਸੇ ਗੀਤ ਦੇ ਨਾਲ ਹੀ ਨਿਸ਼ਾ ਦੀ ਯਾਦ ਵੀ ਮਹਿਕ ਬਣ ਕੇ ਘੁਲ ਜਾਂਦੀ ਸੀ। ਨਿਰੇ ਨਰੇਸ਼ ਨੂੰ ਹੀ ਨਹੀਂ ਬਰਫ ਨਾਲ ਢੱਕੀਆਂ ਧੁੰਦ ਨਾਲ ਕੱਜੀਆਂ ਪਹਾੜੀ ਵਾਦੀਆਂ ਦੀ ਠੰਢੀ ਸੀਤ ਹਵਾ ਨੂੰ ਵੀ ਨਸ਼ਿਆ ਜਾਂਦੀ ਸੀ। ਨਰੇਸ਼ ਦੀ ਪਲਟਨ ਨੂੰ ਪੁਣਛ ਵਿਚ ਦੋ ਵਰ੍ਹੇ ਹੋ ਗਏ ਸਨ। ਉਹ ਆਪ ਸੈਕਿੰਡ ਲੈਫਟੀਨੈਂਟ ਤੋਂ ਤਰੱਕੀ ਕਰਕੇ ਲੈਫਟੀਨੈਂਟ ਬਣ ਗਿਆ ਸੀ। ਇਨ੍ਹਾਂ ਦੋ ਵਰ੍ਹਿਆਂ ਵਿਚ ਨਰੇਸ਼ ਚਾਰ ਵਾਰੀ ਪਿੰਡ ਆਇਆ ਸੀ। ਵਫ਼ਾ ਦੇ ਹਰਫ਼ ਦੀ ਮਹਿਕ ਤਾਂ ਉਹ ਮਾਣਦਾ ਹੀ ਸੀ। ਆਈ ਵਾਰ ਮੁਹੱਬਤ ਦੇ ਦਾਈਏ ਨੂੰ ਵੀ ਹੋਰ ਪੀਢਾ ਕਰ ਆਉਂਦਾ ਸੀ। ਮੁਹੱਬਤ...ਜਿਸਨੇ ਅਜੇ ਤੀਕ ਜਿਸਮਾਂ ਦੀ ਨੇੜਤਾ ਹੀ ਮਾਣੀ ਸੀ। ਸਿਰਫ਼ ਨੇੜਤਾ। ਬੀ. ਏ. ਕਰਨ ਬਾਅਦ ਨਿਸ਼ਾ ਹੁਣ ਘਰ ਹੀ ਹੁੰਦੀ ਸੀ। ਨਰੇਸ਼ ਦੇ ਮੁਹੱਬਤ ਨਾਮੇ ਪਹਿਲਾਂ ਪ੍ਰੀਤਮ ਦੇ ਘਰ ਪਹੁੰਚਦੇ ਤੇ ਫਿਰ ਨਿਸ਼ਾ ਦੇ ਕੋਲ। ਪਿਆਰ ਅੱਖਾਂ ਦੀਆਂ ਪਲਕਾਂ ਵਿਚ ਕਦੋਂ ਤੱਕ ਲੁੱਕਿਆ ਰਹਿੰਦਾ। ਛੜਿਆਂ ਦੀ ਢਾਣੀ ਵਿਚ ਤਾਂ ਇਨ੍ਹਾਂ ਦੇ ਪਿਆਰ ਦੀ ਚੁੰਝ-ਚਰਚ ਚਰੋਕਣੀ ਹੋ ਚੁੱਕੀ ਸੀ। ਨਿਸ਼ਾ ਨੇ ਨਰੇਸ਼ ਦੇ ਕਿਸੇ ਵੀ ਖਤ ਨੂੰ ਕਦੀ ਨਹੀਂ ਸੀ ਪਾੜਿਆ। ਸੱਚੀ ਮੁਹੱਬਤ ਹੋਵੇ ਤਾਂ ਖੇਤਾਂ ਨੂੰ ਪਾੜਨ ਦੀ ਹਿੰਮਤ ਵੀ ਨਹੀਂ ਪੈਂਦੀ। ਘਰ ਦੀ ਹੀ ਕਿਸੇ ਉਹਲ ਵਿਚ ਸਾਂਭ-ਸਾਂਭ ਰੱਖੇ ਮੁਹੱਬਤ ਨਾਮੇ ਇਕ ਦਿਨ ਮਨਫੂਲ ਦੇ ਹੱਥ ਚੜ੍ਹ ਗਏ ਸਨ। ਉਸ ਦੀਆਂ ਅੱਖਾਂ ਵਿਚ ਰਾਜਪੂਤੀ ਖੂਨ ਉਤਰ ਆਇਆ ਸੀ। ਉਸਦਾ ਜੀ ਕੀਤਾ ਕਿ ਪਹਿਲਾਂ ਨਿਸ਼ਾ ਦੀ ਸੰਘੀ ਘੁੱਟੇ ਤੇ ਫਿਰ....। ਗੁੱਸੇ ਦੀ ਇਸ ਲਹਿਰ ਨੂੰ ਮਨਫੂਲ ਅਤੇ ਦੀਨ ਦਿਆਲ ਦੀ ਵਰ੍ਹਿਆਂ ਪੁਰਾਣੀ ਦੋਸਤੀ ਦੇ ਮੌਨ ਇਤਿਹਾਸ ਨੇ ਠੱਲ੍ਹ ਪਾ ਦਿੱਤੀ ਸੀ। ਮਨਫੂਲ ਨੂੰ ਕੋਈ ਅਨਰਥ ਕਰਨੋਂ ਵਰਜ ਦਿੱਤਾ ਸੀ। ਹਾਂ, ਮਨਫੂਲ ਕਿੰਨਾ ਚਿਰ ਅੰਦਰੋਂ-ਅੰਦਰ ਵਿੱਸ ਘੋਲਦਾ ਰਿਹਾ ਸੀ। ਮਨਫੂਲ ਨੇ ਇਕੱਲ ਵਿਚ ਸਾਰੀ ਗਲ ਰੇਸ਼ਮੀ ਨਾਲ ਕੀਤੀ। ਖ਼ਤਾਂ ਦੀ ਇਬਾਰਤ ਤੋਂ ਰੇਸ਼ਮੀ ਅਤੇ ਮਨਫੂਲ ਦੋਵੇਂ ਸਮਝ ਚੁੱਕੇ ਸਨ ਕਿ ਹੁਣ ਨਿਸ਼ਾ ਨੂੰ ਜਾਂ ਨਰੇਸ਼ ਨੂੰ ਕਿਸੇ ਨੂੰ ਵੀ ਵਰਜਿਆ ਨਹੀਂ ਸੀ ਜਾ ਸਕਦਾ। ਰੇਸ਼ਮੀ ਨੇ ਬੜਾ ਸੋਚ ਵਿਚਾਰ ਕੇ ਮਨਫੂਲ ਨੂੰ ਇਹ ਹੀ ਕਿਹਾ ਸੀ, ''ਕਿਹੜੀ ਪਰਲੋ ਆ ਗਈ ਏ? ਕਿਸੇ ਲੰਡੇ ਬੁੱਚੇ ਨਾਲ ਭੱਜ ਤਾਂ ਨਹੀਂ ਗਈ।'' ਅੰਦਰੋਂ-ਅੰਦਰ ਰੇਸ਼ਮੀ ਨੇ ਇਹ ਵੀ ਸੋਚ ਲਿਆ ਸੀ ਕਿ ਨਰੇਸ਼ ਅਫ਼ਸਰ ਏ। ਜਾਣਿਆ ਪਛਾਣਿਆ ਏ। ਵੇਖਿਆ ਭਾਲਿਆ ਏ। ਰਿਸ਼ਤੇ ਵੀ ਕਿਹੜੇ ਸੌਖੇ ਲਭਦੇ ਨੇ। ਤੇ ਨਿਸ਼ਾ ਸੌਖੀ ਰਹੇਗੀ। ਸੌਦਾ ਲਾਹੇਵੰਦਾ ਸੀ। ਰੇਸ਼ਮੀ ਦੀ ਸੋਚ ਕਿਸੇ ਹੱਟੀ ਦੀ ਗੱਦੀ 'ਤੇ ਬੈਠੇ ਬਾਣੀਏ ਵਾਲੀ ਹੀ ਹੋ ਗਈ ਸੀ। ਤੇਰਾਂ ਨਰਸ਼ ਦੀ ਪਲਟਨ ਲਈ ਪੁਣਛ ਤੋਂ ਰਵਾਨਗੀ ਦੇ ਆਦੇਸ਼ ਆ ਚੁੱਕੇ ਸਨ। ਉਸਦੀ ਪਲਟਨ ਨੇ ਹੁਣ ਚੀਨ ਦੀ ਸਰਹੱਦ ਤੇ ਨੇਫਾ ਵਿਚ ਸੇਲਾ ਅਤੇ ਜਸਵੰਤਗੜ੍ਹ ਦੇ ਨੇੜੇ ਨੂਰਾਂਨਾਂਗ ਜਾਣਾ ਸੀ। ਮੁਲਖ ਦੀ ਅੱਖ ਅਤੇ ਢਾਲ ਬਣਨ ਲਈ। ਜਸਵੰਤਗੜ੍ਹ ਨੂੰ ਜਸਵੰਤ ਫੋਰਟ (ਕਿਲ੍ਹਾ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਂਝ ਏਥੇ ਨਾ ਕੋਈ ਕਿਲ੍ਹਾ ਸੀ ਤੇ ਨਾ ਹੀ ਹੈ। ਜਸਵੰਤਗੜ੍ਹ ਤਾਂ 1962 ਦੀ ਭਾਰਤ-ਚੀਨ ਜੰਗ ਸਮੇਂ ਦੀ ਇਕ ਨਿਵੇਕਲੀ ਬਹਾਦਰੀ ਦੀ ਮੋਹਰ ਹੈ। ਮੋਹਰ ਲਾਈ ਸੀ ਦੂਜੀ ਗੜਵਾਲ ਰਾਈਫਲਜ਼ ਦੇ ਸਿਪਾਹੀ ਜਸਵੰਤ ਸਿੰਘ ਨੇ। ਜੱਟ ਕਮਾਦ ਨੂੰ ਪੀੜੇ ਜਾਣ ਲਈ ਹੀ ਬੀਜਦਾ ਹੈ। ਕਮਾਦ ਮੁੜ-ਮੁੜ ਉਗਦਾ ਹੈ। ਫੁੱਟਦਾ ਹੈ। ਆਈ ਵਾਰ ਹੀ ਵੇਲਣੇ ਵਿਚ ਪੀੜਿਆ ਜਾਂਦਾ ਹੈ। ਗੱਲ ਕੀ, ਕਮਾਦ ਪੀੜੇ ਜਾਣ ਲਈ ਹੀ ਉਗਾਇਆ ਜਾਂਦਾ ਹੈ। ਇਸੇ ਤਰ੍ਹਾਂ ਫੌਜੀਆਂ ਦੀਆਂ ਛਾਤੀਆਂ ਵੀ ਗੋਲੀਆਂ ਲਈ ਹੀ ਹੁੰਦੀਆਂ ਹਨ। ਪਰ, ਸਾਰੀਆਂ ਦੀਆਂ ਸਾਰੀਆਂ ਛਾਤੀਆਂ ਇਤਿਹਾਸ ਤਾਂ ਨਹੀਂ ਸਿਰਜਦੀਆਂ। ਜਸਵੰਤ ਸਿੰਘ ਇਤਿਹਾਸ ਸਿਰਜ ਗਿਆ ਸੀ। ਤੇ ਗਵਾਹ ਹੈ ਜਸਵੰਤ ਫੋਰਟ। ਇਕੋ ਇਕ ਯੋਧੇ ਦਾ ਕਿਲ੍ਹਾ। ਕਿਲ੍ਹਾ ਜਿਸ ਨੂੰ ਚੀਨੀ ਫੌਜੀਆਂ ਦਾ ਸਾਲਮ ਬ੍ਰਿਗੇਡ 72 ਘੰਟਿਆਂ ਤੱਕ ਵੀ ਨਹੀਂ ਸੀ ਤੋੜ ਸਕਿਆ। ਅਸਲ ਵਿਚ ਸਿਪਾਹੀ ਜਸਵੰਤ ਸਿੰਘ ਆਪਣੀ ਪਲਟਨ ਵਿਚ ਸਿਰਫ ਅਯਾਸੀ ਲਈ ਹੀ ਮਸ਼ਹੂਰ ਸੀ ਤੇ ਬਦਨਾਮ ਵੀ। ਜਸਵੰਤਗੜ੍ਹ ਸੇਲਾ ਅਤੇ ਨੂਰਾਂਨਾਂਗ ਦੇ ਇਲਾਕੇ ਵਿਚ ਲਾਮਾ ਜਾਤੀ ਦੇ ਲੋਕ ਰਹਿੰਦੇ ਹਨ। ਸੜਕਾਂ ਤੇ ਮਜ਼ਦੂਰੀ ਕਰਦੇ ਹਨ। ਥੋੜ੍ਹੀ ਬਹੁਤ ਵਾਹੀ ਕਰਦੇ ਹਨ। ਚੌਲਾਂ ਤੇ ਮੱਕੀ ਦੀ ਸ਼ਰਾਬ ਕੱਢਦੇ ਹਨ। ਇਸ ਸ਼ਰਾਬ ਨੂੰ ਰਖਸ਼ੀ, ਲੋਪਾਣੀ, ਫੁੱਲੀ ਆਦਿ ਕਿਹਾ ਜਾਂਦਾ ਹੈ। ਝੌਪੜੀਆਂ ਵਿਚ ਰਹਿੰਦੀਆਂ ਇਨ੍ਹਾਂ ਲਾਮਿਆਂ ਦੀਆਂ ਔਰਤਾਂ ਤੇ ਕੁੜੀਆਂ ਹਰ ਆਉਂਦੇ-ਜਾਂਦੇ ਨੂੰ ਸ਼ਰਾਬ ਪੇਸ਼ ਕਰਦੀਆਂ ਹਨ। ਬਿਨਾਂ ਕਿਸੇ ਡਰ-ਭਉ ਦੇ। ਗਾਹਕ ਇਨ੍ਹਾਂ ਨਾਲ ਮਾੜੀ ਮੋਟੀ ਛੇੜਖਾਨੀ ਵੀ ਕਰ ਦਿੰਦੇ ਹਨ। ਇਹ ਉਸਦਾ ਬੁਰਾ ਵੀ ਨਹੀਂ ਮਨਾਉਂਦੀਆਂ। ਇਥੇ ਬਹੁਤ ਪਹਿਲਾਂ ਇਹੋ ਜਿਹੀਆਂ ਝੌਪੜੀਆਂ ਵਿਚ ਹੀ ਇਕ ਬੁੱਢਾ ਲਾਮਾ ਆਪਣੀਆਂ ਦੋ ਜਵਾਨ ਧੀਆਂ ਨੂਰਾਂ ਅਤੇ ਸੇਲਾ ਸਮੇਤ ਰਹਿੰਦਾ ਸੀ। ਨੂਰਾਂ ਅਤੇ ਸੇਲਾ ਵੀ ਸ਼ਰਾਬ ਵੇਚਣ ਦਾ ਕੰਮ ਹੀ ਕਰਦੀਆਂ ਸਨ। ਜਸਵੰਤ ਸਿੰਘ ਦਾ ਨੂਰਾਂ ਤੇ ਸੇਲਾ ਦੀ ਝੌਪੜੀ ਵਿਚ ਆਉਣ ਜਾਣ ਸੀ। ਜਾਂਦਾ ਤਾਂ ਉਹ ਸ਼ਰਾਬ ਦਾ ਗਾਹਕ ਬਣ ਕੇ ਸੀ। ਪਰ, ਅੰਦਰੋਂ ਉਹ ਸੇਲਾ ਤੇ ਨੂਰਾਂ ਤੇ ਅੱਖ ਰੱਖੀ ਬੈਠਾ ਸੀ। ਨੂਰਾਂ ਤੇ ਸੇਲਾ ਦਾ ਪਿਓ ਉਂਝ ਤਾਂ ਭਾਰਤੀ ਫੌਜ ਦੇ ਸਮਾਨ ਦੀ ਢੋਆ-ਢੁਆਈ ਦਾ ਕੰਮ ਕਰਦਾ ਸੀ ਪਰ, ਅਸਲ ਵਿਚ ਉਹ ਚੀਨੀਆਂ ਦਾ ਬੰਦਾ ਸੀ। ਚੀਨ ਲਈ ਜਾਸੂਸੀ ਕਰਦਾ ਸੀ। ਉਹ ਬਹੁਤ ਚਿਰਾਂ ਤੋਂ ਏਧਰ ਰਹਿ ਰਿਹਾ ਸੀ। ਨੂਰਾਂ ਤੇ ਸੇਲਾ ਏਧਰ ਹੀ ਜੰਮੀਆਂ ਪਲੀਆਂ ਸਨ। ਬੁੱਢੇ ਲਾਮੇ ਨੇ ਆਪਣੀਆਂ ਧੀਆਂ ਨੂੰ ਵੀ ਇਹ ਖਬਰ ਸਾਰ ਨਹੀਂ ਸੀ ਹੋਣ ਦਿੱਤੀ ਕਿ ਉਹ ਚੀਨ ਲਈ ਜਾਸੂਸੀ ਦਾ ਕੰਮ ਕਰਦਾ ਹੈ। ਜਿਸ ਫੌਜੀ ਟੁਕੜੀ ਨਾਲ ਜਸਵੰਤ ਦਾ ਸਬੰਧ ਸੀ, ਉਸ ਨੂੰ ਜਸਵੰਤਗੜ੍ਹ ਤੋਂ ਉਤਰ ਵਾਲੇ ਪਾਸੇ ਇਕ ਬਹੁਤ ਉਚੇ ਪਹਾੜ ਦੇ ਸਿਖਰ 'ਤੇ ਪੈਂਦੀ ਚੌਕੀ ਦੀ ਜ਼ਿੰਮੇਵਾਰੀ ਮਿਲੀ ਹੋਈ ਸੀ। ਜਸਵੰਤ ਸਿੰਘ ਦੀ ਪਾਰਟੀ ਰੋਜ਼ ਸ਼ਾਮ ਵੇਲੇ ਉਸ ਚੌਕੀ ਤੇ ਤੁਰ ਕੇ ਜਾਂਦੀ। ਬੰਕਰਾਂ ਦੇ ਇਰਦ-ਗਿਰਦ ਥੋੜ੍ਹਾ ਚਿਰ ਫਿਰਦੀ ਤੇ ਫਿਰ ਕੁਝ ਲਾਲਟੈਨਾਂ ਜਗਾ ਕੇ ਬੰਕਰਾਂ ਵਿਚ ਰੱਖ ਦਿੰਦੀ ਤੇ ਵਾਪਸ ਹੇਠਾਂ ਪਰਤ ਆਉਂਦੀ। ਬੰਕਰਾਂ ਵਿਚ ਜਗਦੀਆਂ ਲਾਲਟੈਨਾਂ ਉਥੇ ਫੌਜੀਆਂ ਦੇ ਹਾਜ਼ਰ ਹੋਣ ਦਾ ਭਰਮ ਬਣਾਈ ਰੱਖਦੀਆਂ। ਨੂਰਾਂ ਤੇ ਸੇਲਾ ਦੇ ਪਿਓ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਰੋਜ਼ ਦੇ ਮੇਲ ਗੇਲ ਨੇ ਨੂਰਾਂ ਅਤੇ ਸੇਲਾ ਦੋਹਾਂ ਭੈਣਾਂ ਨੂੰ ਸਿਪਾਹੀ ਜਸਵੰਤ ਸਿੰਘ ਦੇ ਵਾਹਵਾ ਨੇੜੇ ਲੈ ਆਂਦਾ ਸੀ। ਨੂਰਾਂ ਅਤੇ ਸੇਲਾ ਕੋਲ ਰੋਜ਼ ਦੇ ਆਉਣ ਜਾਣ ਤੋਂ ਜਸਵੰਤ ਸਿੰਘ ਨੂੰ ਉਸਦੇ ਸਾਥੀਆਂ ਨੇ ਤਾਂ ਬਥੇਰਾ ਵਰਜਿਆ। ਜਸਵੰਤ ਹੀ ਨਾ ਮੰਨਿਆ। ਜਨਾਨੀ ਤੇ ਸ਼ਰਾਬ ਹਰ ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ। ਸ਼ਰਾਬ ਤਾਂ ਬੰਦੇ ਦੇ ਅੰਦਰ ਜਾਂਦਿਆਂ ਹੀ ਢਿੱਡ ਅੰਦਰਲੀਆਂ ਗੱਲਾਂ ਬਾਹਰ ਵਗਾਹ ਮਾਰਦੀ ਹੈ। ਨੂਰਾਂ ਤੇ ਸੇਲਾ ਵੀ ਰੋਜ਼ ਹੀ ਜਸਵੰਤ ਨੂੰ ਉਡੀਕਦੀਆਂ ਹੁੰਦੀਆਂ ਸਨ। ਜਸਵੰਤ ਹੁਣ ਉਨ੍ਹਾਂ ਲਈ ਕੋਈ ਤੁਰਦਾ ਫਿਰਦਾ ਗਾਹਕ ਨਹੀਂ ਸੀ। ਉਸ ਨਾਲ ਤਾਂ ਉਨ੍ਹਾਂ ਦਾ ਮੋਹ ਹੋ ਗਿਆ ਸੀ। ਮੋਹ, ਜੋ ਜਸਵੰਤ ਨੂੰ ਰੋਜ਼ ਹੀ ਉਨ੍ਹਾਂ ਦੀ ਝੌਪੜੀ ਵਲ ਧੂਹ ਲਿਆਉਂਦਾ ਸੀ। ਇਕ ਦਿਨ ਜਸਵੰਤ ਪਹਾੜ ਸਿਖਰਲੀ ਚੌਕੀ ਦੀ ਪੈਟਰੋਲਿੰਗ ਤੇ ਜਾਣ ਤੋਂ ਪਹਿਲਾਂ ਨੂਰਾਂ ਤੇ ਸੇਲਾਂ ਦੀ ਝੌਪੜੀ ਵਿਚ ਗਿਆ ਹੋਇਆ ਸੀ। ਰਖਸ਼ੀ ਦਾ ਪਹਿਲਾ ਗਲਾਸ ਪੀਂਦਿਆਂ ਹੀ ਉਸਨੂੰ ਸੇਲਾ ਪਹਿਲਾਂ ਨਾਲੋਂ ਵੀ ਪਿਆਰੀ ਪਿਆਰੀ ਲੱਗਣ ਲੱਗ ਪਈ ਸੀ। ਸੇਲਾ ਨੇ ਜਸਵੰਤ ਨੂੰ ਦੂਜਾ ਗਲਾਸ ਰਖਸ਼ੀ ਨਾਲ ਭਰ ਕੇ ਫੜਾਇਆ ਤੇ ਪੁੱਛਿਆ- 'ਤੁਹਾਨੂੰ ਸਾਰੀ ਰਾਤ ਚੌਕੀ ਤੇ ਠੰਡ ਨਹੀਂ ਲੱਗਦੀ?'' ਖੌਰੇ ਸੇਲਾ ਨੂੰ ਜਸਵੰਤ ਦਾ ਜਲਦੀ-ਜਲਦੀ ਪਰਤ ਜਾਣਾ ਚੰਗਾ ਨਹੀਂ ਸੀ ਲੱਗਦਾ। ਜਸਵੰਤ ਨੇ ਇਕੋ ਸਾਹੇ ਰਖਸ਼ੀ ਦਾ ਦੂਜਾ ਗਲਾਸ ਵੀ ਪੀ ਲਿਆ। 'ਕਿਹੜਾ ਕੰਜਰ ਰਹਿੰਦਾ ਏ ਉਥੇ ਰਾਤੀਂ?' ਕਹਿ ਕੇ ਸੇਲਾ ਨੂੰ ਆਪਣੇ ਨੇੜੇ ਜਿਹੇ ਕਰਕੇ ਬਿਠਾ ਲਿਆ। 'ਜਾਂਦੇ ਤਾਂ ਤੁਸੀਂ ਰੋਜ਼ ਓ ਸ਼ਾਮੀ' ਨੇੜੇ ਹੀ ਬੈਠੀ ਹੈਰਾਨ ਹੋਈ ਨੂਰਾਂ ਦੇ ਬੋਲ ਸਨ ਇਹ। ''ਨੂਰਾਂ ਦਸੀਂ ਵਲਾ ਪਈ ਸਾਡੇ ਬਾਲ ਬੱਚੇ ਨਹੀਂ ਪਈ ਠੰਢ 'ਚ ਮਰਦੇ ਰਹੀਏ...ਅਸੀਂ ਤਾਂ ਜਾ ਕੇ ਲਾਲਟੈਨਾਂ ਜਗਾਈਦੀਆਂ ਨੇ ਤੇ ਨਾਲ ਦੀ ਨਾਲ ਥਲੇ ਵਾਪਸ ਪਰਤ ਆਉਂਦੇ ਹਾਂ'' ਸ਼ਰਾਬ ਨੇ ਜਸਵੰਤ ਦੇ ਮੂੰਹੋਂ ਬੜਾ ਵੱਡਾ ਭੇਦ ਕਢਵਾ ਲਿਆ ਸੀ। ਉਸ ਰਾਤ ਸੇਲਾ ਚਾਹੁੰਦੀ ਸੀ ਕਿ ਜਸਵੰਤ ਉਥੇ ਹੀ ਰਹਵੇ ਪਰ ਉਹ ਨਹੀਂ ਸੀ ਰੁਕਿਆ। ਉਹਨੇ ਸੇਲਾ ਨੂੰ ਕਿਹਾ ਕਿ ਦਿਵਾਲੀ ਵਾਲੇ ਦਿਨ ਪਲਟਨ ਵਿਚ ਸਾਰੇ ਦਿਵਾਲੀ ਮਨਾਉਣਗੇ ਤੇ ਉਹ ਦਿਵਾਲੀ ਦੀ ਪੂਰੀ ਰਾਤ ਉਸ ਕੋਲ ਹੀ ਰਹੇਗਾ। ਸੇਲਾ ਤੇ ਨੂਰਾਂ ਤੋਂ ਬੇਖਬਰ ਇਹ ਸਾਰੀ ਗੱਲਬਾਤ ਝੌਪੜੀ ਬਾਹਰ ਖਲੌਤੇ ਉਨ੍ਹਾਂ ਦੇ ਪਿਓ ਨੇ ਸੁਣ ਲਈ ਸੀ। ਚੌਕੀ ਤੇ ਭਾਰਤੀ ਜਵਾਨਾਂ ਦੇ ਨਾ ਰਹਿਣ ਦਾ ਭੇਤ ਰਾਤੋ-ਰਾਤ ਚੀਨੀਆਂ ਤੱਕ ਪਹੁੰਚ ਗਿਆ। 20 ਅਕਤੂਬਰ, 1962 ਦੀ ਰਾਤ ਨੂੰ ਜਸਵੰਤ ਆਪਣੇ ਇਕਰਾਰ ਨੂੰ ਨਿਭਾਉਂਦਾ ਸੇਲਾ ਦੀ ਝੌਪੜੀ ਦਾ ਨਿੱਘ ਮਾਣ ਰਿਹਾ ਸੀ। ਨੂਰਾਂ ਬਾਹਰੋਂ ਭੱਜੀ-ਭੱਜੀ ਆਈ ਤੇ ਕਿਹਾ, ''ਜਸਵੰਤ ਤੇਰੇ ਵਾਲੀ ਚੌਕੀ 'ਤੇ ਚੀਨੀਆਂ ਨੇ ਹਮਲਾ ਕਰ ਦਿੱਤਾ ਹੈ। ਹੁਣ ਨੂਰਾਂ ਤੇ ਸੇਲਾ ਆਪਣੇ ਬਾਪ ਦੀ ਗੱਦਾਰੀ ਤੋਂ ਜਾਣੂ ਹੋ ਗਈਆਂ ਸਨ। ਉਧਰ ਜਸਵੰਤ ਦੀ ਪਲਟਨ ਨੂੰ ਪਿੱਛੇ ਹੱਟਣ ਦੇ ਹੁਕਮ ਮਿਲ ਚੁੱਕੇ ਸਨ ਜਿਸ ਤੋਂ ਜਸਵੰਤ ਅਨਜਾਣ ਸੀ। ਨੁੂਰਾਂ ਤੇ ਸੇਲਾ ਆਪਣੇ ਬਾਪ ਦੀ ਗੱਦਾਰੀ ਕਾਰਨ ਜਸਵੰਤ ਨਾਲ ਅੱਖ ਮਿਲਾਣੋਂ ਵੀ ਸ਼ਰਮਾ ਰਹੀਆਂ ਸਨ। ਜਸਵੰਤ ਪਲਟਨ ਤੋਂ ਗ਼ੈਰ ਹਾਜ਼ਰ ਸੀ। ਦੋਸ਼ੀ ਸੀ। ਉਸ ਦਾ ਕੋਰਟ ਮਾਰਸ਼ਲ ਹੋ ਸਕਦਾ ਸੀ। ਉਸਨੇ ਆਪਣੇ ਆਪ ਨੂੰ ਮਰਿਆ ਹੋਇਆ ਸਮਝਿਆ। ਠੀਕ ਇਸੇ ਵੇਲੇ ਉਸਦੀ ਅਣਖ ਨੂੰ ਹਲੂਣਾ ਵਜਿਆ। ਨੂਰਾਂ ਤੇ ਸੇਲਾ ਵੀ ਆਪਣੇ ਆਪ ਨੂੰ ਮਰਿਆ ਹੋਇਆ ਸਮਝਿਆ। ਠੀਕ ਇਸੇ ਵੇਲੇ ਉਸਦੀ ਅਣਖ ਨੂੰ ਹਲੂਣਾ ਵਜਿਆ। ਨੂਰਾਂ ਤੇ ਸੇਲਾ ਵੀ ਆਪਣੇ ਆਪ ਨੂੰ ਦੋਸ਼ੀ ਸਮਝ ਰਹੀਆਂ ਸਨ। ਜਸਵੰਤ ਨੇ ਨੂਰਾਂ ਤੇ ਸੇਲਾਂ ਤੋਂ ਉਨ੍ਹਾਂ ਦੀ ਸਲਾਹ ਪੁੱਛੀ। ਉਨ੍ਹਾਂ ਧੁੱਪ ਦੀਆਂ ਕਾਤਰਾਂ ਨੇ ਅਖੀਰਲੇ ਸਾਹ ਤੱਕ ਜਸਵੰਤ ਦਾ ਸਾਥ ਦੇਣ ਦੀ ਹਾਮੀ ਭਰੀ। ਤੇ, ਹਿੱਕ ਠੋਕ ਕੇ ਆਪਣੇ ਬਾਪ ਦੀ ਗੱਦਾਰੀ ਦਾ ਕਰਜ਼ ਉਤਾਰਨ ਦਾ ਵਾਅਦਾ ਕੀਤਾ। ਬਿਨਾਂ ਕੋਈ ਦੇਰ ਕੀਤਿਆਂ ਉਹ ਤਰੈਵੇ ਦੀ ਪਲਟਨ ਦੇ ਖਾਲੀ ਛੱਡੇ ਮੋਰਚਿਆਂ ਵਿਚ ਪਹੁੰਚ ਗਏ। ਮੋਰਚਿਆਂ ਵਿਚ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਕਮੀ ਨਹੀਂ ਸੀ। ਜਸਵੰਤ ਦੇ ਸਾਥੀ ਪਿੱਛੇ ਹੱਟਣ ਵੇਲੇ ਬਹੁਤ ਸਾਰੇ ਹਥਿਆਰ ਅਤੇ ਗੋਲੀ ਸਿੱਕਾ ਨਾਲ ਨਹੀਂ ਸਨ ਲਿਜਾ ਸਕੇ। ਜਸਵੰਤ ਨੇ ਤਿੰਨ ਮਸ਼ੀਨਗੰਨਾ ਦੁਸ਼ਮਣ ਦੇ ਅੱਗੇ ਵੱਧਣ ਵਾਲੀਆਂ ਤਿੰਨ ਵੱਖਰੀਆਂ-ਵੱਖਰੀਆਂ ਦਿਸ਼ਾਵਾਂ ਵਿਚ ਬੀੜ ਦਿੱਤੀਆਂ। ਨੂਰਾਂ ਤੇ ਸੇਲਾ ਨੂੰ ਮੈਗਜ਼ੀਨ ਭਰਾ ਸਿਖਾ...ਗੰਨ ਚਲਾਉਣ ਦੀ ਪਲਾਂ ਵਿਚ ਹੀ ਜਾਚ ਸਿਖਾ ਦਿੱਤੀ। ਦੁਸ਼ਮਣ ਨੂੰ ਵੇਖਦਿਆਂ ਸਾਰ ਤਿੰਨਾਂ ਨੇ ਮਸ਼ੀਨਗੰਨਾਂ ਦਾ ਫਾਇਰ ਸ਼ੁਰੂ ਕਰ ਦਿੱਤਾ। ਦੁਸ਼ਮਣ ਲਈ ਅੱਗੇ ਵਧਣਾ ਨਾ-ਮੁਮਕਿਨ ਹੋ ਗਿਆ। ਤਿੰਨ ਪਾਸਿਆਂ ਤੋਂ ਫਾਇਰ ਆਉਂਦਾ ਵੇਖ ਕੇ ਚੀਨੀ ਫੌਜ ਵਾਲਿਆਂ ਬਜ਼ੁਰਗ ਲਾਮੇ ਦੀ ਸੂਹ ਗਲਤ ਸਮਝੀ। ਯੋਧੇ ਜਸਵੰਤ ਸਿੰਘ ਨੇ ਚੀਨੀ ਫੌਜ ਦੇ ਪੂਰੇ ਬ੍ਰਿਗੇਡ ਨੂੰ 72 ਘੰਟੇ ਰੋਕ ਕੇ ਰੱਖਿਆ। ਅਖੀਰ ਵਿਚ ਨੂਰਾਂ ਤੇ ਸੇਲਾ ਦੇ ਬਾਪ ਦੁਬਾਰਾ ਚੀਨੀਆਂ ਨੂੰ ਸੂਹ ਦਿੱਤੀ। ''ਜਿਥੇ ਤੁਸੀਂ ਅੜੇ ਖਲੋਤੇ ਹੋ, ਉਥੇ ਇਕ ਹੀ ਫੌਜੀ ਹੈ ਤੇ ਉਸਦਾ ਸਾਥ ਦੇ ਰਹੀਆਂ ਹਨ ਮੇਰੀਆਂ ਬਾਗੀ ਹੋ ਚੁੱਕੀਆਂ ਦੋ ਧੀਆਂ।'' ਹੁਣ ਚੀਨੀ ਫੌਜ ਥੋੜ੍ਹਾ ਬਹੁਤ ਨੁਕਸਾਨ ਝੱਲ ਕੇ ਅੱਗੇ ਵੱਧ ਆਈ। ਜਸਵੰਤ ਸਿੰਘ ਨੇ ਭੱਜਣ ਦੀ ਜਲਾਲਤ ਜਰਨ ਨਾਲੋਂ ਬਹਾਦਰ ਦੀ ਮੌਤ ਮਰਨਾ ਬਿਹਤਰ ਸਮਝਿਆ। ਜਸਵੰਤ ਤੇ ਨੂਰਾਂ ਨੂੰ ਚੀਨੀਆਂ ਦੀਆਂ ਗੋਲੀਆਂ ਨੇ ਵਿੰਨ ਦਿੱਤਾ ਸੀ। ਸੇਲਾ ਦੀਆਂ ਹੰਝੂ ਕੇਰਦੀਆਂ ਅੱਖਾਂ ਜਸਵੰਤ ਦੀਆਂ ਅੱਖਾਂ ਵਿਚ ਤਿਲਕ ਆਈਆਂ। ਜਸਵੰਤ ਨੇ ਨੂਰਾਂ ਤੇ ਸੇਲਾ ਨੂੰ ਕਿਹਾ ਕਿ ਵਕਤ ਨਾ ਗਵਾਓ, ਭੱਜ ਕੇ ਆਪਣੀ ਜਾਨ ਤੇ ਇੱਜ਼ਤ ਨੂੰ ਬਚਾ ਲਵੋ। ਨੂਰਾਂ ਤਾਂ ਮੌਜੂਦਾ ਨੂਰਾਂ ਨਾਂਗ ਤੱਕ ਹੀ ਪਹੁੰਚ ਸਕੀ ਕਿ ਦਮ ਤੋੜ ਗਈ। ਸੇਲਾ ਉਸ ਤੋਂ ਬਾਰਾਂ ਕਿਲੋਮੀਟਰ ਅੱਗੇ ਤੀਕ ਭੱਜੀ ਗਈ। ਇਕ ਡੂੰਘੀ ਖਾਈ ਆਈ। ਸੇਲਾ ਨੇ ਛਾਲ ਮਾਰੀ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਆਪਣਾ ਨਾਂ ਉਸ ਚੋਟੀ ਤੇ ਸਦਾ-ਸਦਾ ਲਈ ਲਿਖ ਗਈ। ਆਖਰੀ ਸਾਹ ਤੱਕ ਲੜ ਕੇ ਜਸਵੰਤ ਨੇ ਵੀ ਹਰੀ ਵਰਦੀ ਦਾ ਕਰਜ਼ ਉਤਾਰ ਦਿੱਤਾ ਸੀ। ਏਧਰ ਦੂਜੀ ਗੜਵਾਲ ਰਾਇਫਲਜ਼ ਵਾਲਿਆਂ ਤਾਂ ਜਸਵੰਤ ਨੂੰ ਗ਼ੈਰ ਹਾਜਰ ਅਤੇ ਭਗੌੜਾ ਕਰਾਰ ਦੇ ਦਿੱਤਾ। ਉਸਦਾ ਕੋਰਟ ਮਾਰਸ਼ਲ ਕਰ ਦਿੱਤਾ। ਫੌਜ ਵਿਚੋਂ ਨਾਂ ਕੱਟ ਦਿੱਤਾ। ਜਸਵੰਤ ਸਿੰਘ ਦੀ ਬਹਾਦਰੀ ਦਾ ਇਤਿਹਾਸ ਤਾਂ ਸ਼ਾਇਦ ਬਰਫ ਦੀਆਂ ਲਹੂ ਲੁਹਾਣ ਪਰਤਾਂ ਥਲੇ ਹੀ ਦਬਿਆ ਰਹਿੰਦਾ ਜੇ ਕਿਤੇ ਯੁੱਧ ਖ਼ਤਮ ਹੋਣ ਬਾਅਦ ਭਾਰਤ ਸਰਕਾਰ ਨੂੰ ਚੀਨ ਦੀ ਸਰਕਾਰ ਵੱਲੋਂ ਇਕ ਖ਼ਤ ਨਾ ਆਉਂਦਾ। ਉਸ ਖਤ ਰਾਹੀਂ ਚੀਨ ਦੀ ਸਰਕਾਰ ਨੇ ਸਿਪਾਹੀ ਜਸਵੰਤ ਸਿੰਘ ਦੀ ਬਹਾਦਰੀ ਦੀ ਸਿਫਤ ਕਰਦਿਆਂ ਉਸਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਸੀ। ਚੀਨ ਸਰਕਾਰ ਦੀ ਚਿੱਠੀ ਮਿਲਣ ਤੇ ਸ਼ਹੀਦੀ ਜਾਮ ਪੀ ਚੁੱਕੇ ਜਸਵੰਤ ਨੂੰ ਦੁਬਾਰਾ ਸਰਵਿਸ 'ਤੇ ਲਿਆ ਗਿਆ। ਉਸ ਦੀ ਸੀਨੀਆਰਤਾ ਕਾਇਮ ਰੱਖੀ ਗਈ। ਉਸ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਅਤੇ ਆਨਰੇਰੀ ਕੈਪਟਨ ਦੇ ਰੁਤਬੇ ਨਾਲ ਸਨਮਾਨਿਤ ਕੀਤਾ ਗਿਆ। ਚੀਨ ਦੇ ਫੌਜੀ ਜਸਵੰਤ ਦਾ ਸਿਰ ਧੜ ਨਾਲੋਂ ਅਡਰਾ ਕਰਕੇ ਤਾਂ ਆਪਣੇ ਨਾਲ ਲੈ ਗਏ ਸਨ ਪਰ ਅੱਜ ਵੀ ਜਸਵੰਤਗੜ੍ਹ ਵਿਖੇ ਆਨਰੇਰੀ ਕੈਪਟਨ ਜਸਵੰਤ ਸਿੰਘ ਦਾ ਬੰਕਰ ਵੱਸਦਾ ਹੈ। ਬੰਕਰ ਵਿਚ ਉਸਦਾ ਬਿਸਤਰ ਵਿਛਿਆ ਰਹਿੰਦਾ ਹੈ। ਬਕਸੇ ਸਣੇ ਉਸਦਾ ਸਾਰਾ ਸਮਾਨ ਉਥੇ ਹੀ ਹੈ। ਸਾਫ ਸੁਥਰੀ ਪ੍ਰੈਸ ਕੀਤੀ ਗਈ ਜਸਵੰਤ ਸਿੰਘ ਦੀ ਵਰਦੀ ਹਰ ਵੇਲੇ ਹੈਂਗਰ ਵਿਚ ਲਮਕਦੀ ਰਹਿੰਦੀ ਹੈ। ਕੋਈ ਵੀ ਆਉਂਦਾ ਜਾਂਦਾ ਬੰਕਰ ਵਿਚ ਜਾ ਕੇ ਉਸ ਅੰਦਰ ਉਕਰਿਆ ਇਤਿਹਾਸ ਪੜ੍ਹਦਾ ਹੈ ਤਾਂ ਲੂੰ ਕੰਢੇ ਖੜੇ ਹੋ ਜਾਂਦੇ ਹਨ। ਉਥੇ ਇਹ ਵੀ ਲਿਖਿਆ ਹੋਇਆ ਹੈ ''ਪੈਸਾ ਚੜ੍ਹਾ ਕੇ ਸ਼ਹੀਦ ਦਾ ਅਪਮਾਨ ਨਾ ਕਰੋ।'' ਚੌਦਾਂ ਨਰੇਸ਼ ਅਤੇ ਉਸਦੀ ਸਾਰੀ ਪਲਟਨ ਪੁਣਛ ਤੋਂ ਰਵਾਨਗੀ ਦੀ ਤਿਆਰੀ ਕਰ ਰਹੀ ਸੀ। ਇਨ੍ਹਾਂ ਦਿਨਾਂ ਵਿਚ ਹੀ ਦੀਨ ਦਿਆਲ ਨੇ ਨਰੇਸ਼ ਨੂੰ ਇਕ ਖ਼ਤ ਲਿਖਿਆ। ਉਸ ਖ਼ਤ ਰਾਹੀਂ ਦੀਨ ਦਿਆਲ ਨੇ ਨਰੇਸ਼ ਨੂੰ ਦੋ ਮਹੀਨਿਆਂ ਦੀ ਛੁੱਟੀ ਆਉਣ ਲਈ ਲਿਖਿਆ ਸੀ। ਨਰੇਸ਼ ਨੇ ਛੁੱਟੀ ਲੈ ਲਈ। ਫਗਵਾੜੇ ਤੱਕ ਨੂਰਾਂਨਾਂਗ ਜਾ ਰਹੀ ਪਲਟਨ ਦੇ ਨਾਲ ਹੀ ਆਇਆ। ਫਗਵਾੜੇ ਤੋਂ ਆਪਦੇ ਹਲਕੇ ਜਿਹੇ ਸਮਾਨ ਨਾਲ ਬਘਾਣੇ ਦੀ ਬੱਸ ਫੜ ਲਈ। ਨਰੇਸ਼ ਨੇ ਇਨ੍ਹਾਂ ਛੁੱਟੀਆਂ ਵਿਚ ਆਪਣੇ ਸੁਪਨਿਆਂ ਦੀ ਮਿੱਟੀ ਨੂੰ ਵਤਰਾਣ ਦੀ ਨੀਅਤ ਧਾਰ ਲਈ ਸੀ। ਇਕ ਵਾਰ ਸਕੂਲੀ ਪੜ੍ਹਾਈ ਵੇਲੇ ਨਰੇਸ਼ ਨੇ ਕਿਸੇ ਟੂਰ 'ਤੇ ਜਾਣਾ ਚਾਹਿਆ ਸੀ। ਦੀਨ ਦਿਆਲ ਨੇ ਨਾਂਹ-ਨੁੱਕਰ ਕੀਤੀ ਸੀ। ਦੀਨ ਦਿਆਲ ਦੇ ਵਿਰੋਧ ਕਰਨ ਤੇ ਵੀ ਨਰੇਸ਼ ਨੇ ਜਿਵੇਂ-ਕਿਵੇਂ ਆਪਣੀ ਜ਼ਿੱਦ ਪੁਗਾ ਲਈ ਸੀ। ਇਹ ਗੱਲ ਯਾਦ ਆਉਂਦਿਆਂ ਹੀ ਨਰੇਸ਼ ਨੇ ਸੋਚਿਆ ਕਿ ਜੇ ਉਹ ਬਚਪਨ ਵਿਚ ਇਕ ਮਾਮੂਲੀ ਟੂਰ ਲਈ ਜ਼ਿੱਦ ਕਰ ਸਕਦਾ ਸੀ ਤਾਂ ਕੀ ਹੁਣ ਉਮਰ ਦੇ ਇਸ ਪੜਾਅ 'ਤੇ ਆਪਣੀ ਨਿਸ਼ਾ ਲਈ ਜ਼ਿੱਦ ਨਹੀਂ ਸੀ ਕਰ ਸਕਦਾ। ਨਿਸ਼ਾ ਤਾਂ ਉਸਨੂੰ ਸਾਹਵਾਂ ਤੋਂ ਵੀ ਵੱਧ ਪਿਆਰੀ ਸੀ। ਉਹ ਕਦੀ ਵੀ ਨਿਸ਼ਾ ਦਾ ਅਪਰਾਧੀ ਨਹੀਂ ਸੀ ਬਣ ਸਕਦਾ। ਨਾਲੇ, ਸੁਪਅਿਾਂ ਵਿਚ ਸਿਰਜੇ ਭਵਿੱਖ ਦੇ ਆਲੀਸ਼ਾਨ ਬੁਰਜ ਨੂੰ ਢਹਿ ਢੇਰੀ ਹੋਇਆ ਦੇਖਣ ਦਾ ਜਿਗਰਾ ਕਿਸ ਕੋਲ ਹੋ ਸਕਦਾ ਹੈ ਭਲਾ! ਘਟੋ-ਘੱਟ ਇਨਸਾਨਾਂ ਵਿਚ ਤਾਂ ਨਹੀਂ ਹੋ ਸਕਦਾ। ਨਿਸ਼ਾ ਕੋਲੋਂ ਤਾਂ ਬਗਾਵਤ ਕਰਨ ਦੀ ਹਿੰਮਤ ਨਹੀਂ ਸੀ ਕਰ ਹੋਣੀ। ਨਰੇਸ਼ ਨੇ ਮਨ ਹੀ ਮਨ ਵਿਚ ਦਾਈਆ ਕਰ ਲਿਆ ਕਿ ਐਤਕੀਂ ਦੀਨ ਦਿਆਲ ਅਤੇ ਸਵਿੱਤਰੀ ਦੇ ਸਾਹਮਣੇ ਚਿਰਾਂ ਤੋਂ ਅਣਕਹੀ ਗੱਲ ਨੂੰ ਜ਼ੁਬਾਨ ਦੇ ਕੇ ਹੀ ਰਹੇਗਾ। ਉਸ ਸੋਚਿਆ ਕਿ ਜੇ ਉਹ ਇਹਸ ਵਾਰ ਵੀ ਗੱਲ ਕਰਨੋਂ ਖੁੰਝ ਗਿਆ ਤਾਂ ਸੁਪਨਿਆਂ ਵਿਚ ਸਿਰਜੇ ਸਵਰਗ ਜਿਹੇ ਘਰ ਨੂੰ ਕਦੀ ਵੀ ਸੰਨ੍ਹ ਲੱਗਣ ਦਾ ਖ਼ਤਰਾ ਹੋ ਸਕਦਾ ਸੀ। ਉਸ ਹਾਲਤ ਵਿਚ ਅਪਰਾਧ ਉਹ ਆਪ ਹੀ ਬਣੇਗਾ...ਪਿਆਰ ਦੀ ਕਚਹਿਰੀ ਵਿਚ ਸਾਰੀ ਦੀ ਸਾਰੀ ਜਵਾਬ ਤਲਬੀ ਉਸੇ ਦੀ ਹੀ ਹੋਵੇਗੀ। ਕਿਸੇ ਵੀ ਹਾਲ ਨਰੇਸ਼ ਪਿਆਰ ਦਾ ਮੁਜ਼ਰਿਮ ਨਹੀਂ ਸੀ ਬਣਨਾ ਚਾਹੁੰਦਾ। ਨਰੇਸ਼ ਨੂੰ...ਨਿਸ਼ਾ ਨੂੰ...ਕਸੇ ਨੂੰ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਪਿਆਰ ਕਹਾਣੀ ਹੁਣ ਤੱਕ ਗੁੱਝੀ ਨਹੀਂ ਸੀ ਰਹੀ। ਉਨ੍ਹਾਂ ਦੇ ਸਿਰਜੇ ਹੋਏ ਸੁਪਨੇ ਤਾਂ ਆਪ ਹੁਦਰੇ ਹੋ ਚੁੱਕੇ ਸਨ। ਆਪੇ ਹੀ ਸੱਚ ਬਣਨ ਲਈ ਉਤਾਵਲੇ ਸਨ ਉਹ ਸੁਪਨੇ। ਮਨਫੂਲ ਦੀਨ ਦਿਆਲ, ਰੇਸ਼ਮੀ ਅਤੇ ਸਵਿੱਤਰੀ ਨੇ ਆਪਸ ਵਿਚ ਸਾਰਾ ਸਲਾਹ ਮਸ਼ਵਰਾ ਕਰ ਲਿਆ ਸੀ। ਸ਼ਗਨਾਂ ਦੀ ਰੁੱਤ ਦੋਹਾਂ ਘਰਾਂ ਦੇ ਵਿਹੜਿਆਂ ਵਿਚ ਪੈਰ ਧਰਨ ਲਈ ਪਰ ਤੋਲ ਰਹੀ ਸੀ ਤਾਂ ਨਰੇਸ਼ ਦੇ ਛੁੱਟੀ ਆਉਣ ਦੀ। ਨਰੇਸ਼ ਬਘਾਣੇ ਦੇ ਅੱਡੇ ਤੇ ਬੱਸ ਵਿਚੋਂ ਥੱਲੇ ਉਤਰਿਆ। ਉਸਦੇ ਉਤਰਨ ਸਾਰ ਕਈ ਹੱਥ ਉਸਦਾ ਸਮਾਨ ਫੜਨ ਲਈ ਕਾਹਲੇ ਹੋ ਗਏ। ਬੰਤੂ ਹਰੀਜਨ ਨੇ ਉਸਦਾ ਅਟੈਚੀ ਸਾਂਭ ਲਿਆ ਸੀ। ਛੱਪੜ ਕੰਢਲੇ ਬੋਹੜ ਕੋਲ ਅਪੜ ਕੇ ਨਰੇਸ਼ ਦੇ ਪੈਰ ਆਪ ਮੁਹਾਰੇ ਹੀ ਖਲੋ ਗਏ। ਛਿਪ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਬੋਹੜ ਦੇ ਪੱਤਿਆਂ 'ਚੋਂ ਤਿਲਕ ਕੇ ਨਰੇਸ਼ ਦੇ ਸਿਰ ਨੂੰ ਚੁੰਮ ਰਹੀਆਂ ਸਨ। ਪੰਡਤ ਦੀਨ ਦਿਆਲ ਦੇ ਘਰ ਦਾ ਬੂਹਾ ਖੜਕਿਆ। ਖੁੱਲ੍ਹਿਆ। ਖੋਲ੍ਹਿਆ ਵੀ ਦੀਨ ਦਿਆਲ ਨੇ ਹੀ ਸੀ। ''ਓ ਸ਼ਾਬਾਸ਼!'' ਖੁਸ਼ ਹੋਏ ਦੀਨ ਦਿਆਲ ਨੇ ਨਰੇਸ਼ ਦੀ ਕੰਢ ਥਾਪੜੀ। ਚੌਕੇ ਵੱਲੋਂ ਕਾਹਲੀ-ਕਾਹਲੀ ਤੁਰੀ ਆਈ ਸਵਿੱਤਰੀ ਦੇ ਦੋਵੇਂ ਹੱਥ ਨਰੇਸ਼ ਲਈ ਅਸੀਸ ਬਣ ਗਏ। ਬੰਤੂ ਅਟੈਚੀ ਰੱਖ ਕੇ ਪਰਤਣ ਹੀ ਲੱਗਿਆ ਸੀ ਕਿ ਸਵਿੱਤਰੀ ਨੇ ਉਸਨੂੰ ਟੋਕ ਦਿੱਤਾ, ''ਖਲੋ ਵੀ ਬੰਤਿਆ, ਕਾਹਲੀ-ਕਾਹਦੀ ਆ, ਚਾਹ ਪਾਣੀ ਪੀ ਕੇ ਜਾਵੀਂ।'' ''ਚੰਗਾ ਚਾਚੀ'' ਰੱਬ ਲੰਮੀ ਉਮਰ ਦੇਵੇ ਨਰੇਸ਼ ਨੂੰ, ਜੁਗ-ਜੁਗ ਜੀਵੇ। ਚਾਚੀ ਸਾਡੇ ਗਰੀਬਾਂ ਕੋਲੋਂ ਤਾਂ ਅਸੀਸ ਈ ਸਰਦੀ ਆ। ਮੈਂ ਤਾਂ ਬੜੇ ਈ ਚਿਰਾਂ ਪਿਛੋਂ ਦੇਖਿਐ ਇਹਨੂੰ।'' ਕਹਿੰਦਾ ਬੰਤੂ ਵਿਹੜੇ ਵਿਚਲੀ ਧਰੇਕ ਦੀ ਜੜੇ ਭੁੰਜੇ ਹੀ ਬੈਠ ਗਿਆ ਸੀ। ''ਆ ਲੈ ਬੰਤਿਆ'' ਕਹਿ ਕੇ ਨਰੇਸ਼ ਨੇ ਬੰਤੂ ਵੱਲ ਦਸ ਰੁਪਏ ਵਧਾਏ। 'ਹਾਦੀ ਕੀ ਲੋੜ ਤੀ' ਕਿਹਾ ਤਾਂ ਸੀ ਬੰਤੂ ਨੇ ਪਰ ਉਸਦੀ ਗਰੀਬੀ ਨੇ 10 ਰੁਪਏ ਫੜ ਹੀ ਲਏ। ਸਵਿੱਤਰੀ ਨੇ ਸਾਰਿਆਂ ਨੂੰ ਚਾਹ ਪਾਣੀ ਪਿਆਇਆ। ਅਸੀਸਾਂ ਦੇਂਦਾ ਹੋਇਆ ਬੰਤੂ ਵੀ ਵਿਦਿਆ ਹੋ ਗਿਆ। ''ਪੁੱਤ ਕਿੰਨੀ ਛੁੱਟੀ ਆਇਐਂ'' ਦੀਨ ਦਿਆਲ ਨੇ ਪੁੱਛਿਆ ਸੀ। ''ਜਿੰਨੀ ਤੁਸੀਂ ਲਿਖਿਆ ਸੀ, ਦੋ ਮਹੀਨਿਆਂ ਦੀ।'' ''ਬਹੁਤ ਵਧੀਆ ਕੀਤਾ ਈ'' ਇਹ ਬੋਲ ਸਵਿੱਤਰੀ ਦੇ ਸਨ। ''ਹੁਣ ਪਲਟਨ ਬਹੁਤ ਦੂਰ ਚਲੀ ਗਈ ਆ। ਇਨ੍ਹਾਂ ਛੁੱਟੀਆਂ ਦੇ ਮੁਕਦਿਆਂ ਹੀ ਮੈਂ ਸਿੱਧਾ ਨੂਰਾਂਨਾਂਗ ਜਾਣਾ ਹੈ। ਚੀਨ ਦੇ ਬਾਡਰ 'ਤੇ।'' ਨਰੇਸ਼ ਨੇ ਦੀਨ ਦਿਆਲ ਤੇ ਸਵਿੱਤਰੀ ਨੂੰ ਦੱਸਿਆ ਸੀ। ''ਕਿੰਨੀ ਕੁ ਦੂਰ ਏ ਏਥੋਂ?'' ਦੀਨ ਦਿਆਲ ਨੇ ਪੁੱਛਿਆ। ਜਵਾਬ ਸੁਣਨ ਲਈ ਸਵਿੱਤਰੀ ਦੇ ਕੰਨ ਵੀ ਕਾਹਲੇ ਸਨ। ''ਏਥੋਂ ਤਿੰਨ ਰਾਤਾਂ ਤਾਂ ਗੁਹਾਟੀ ਤੱਕ ਲੱਗਦੀਆਂ ਹਨ ਰੇਲ ਗੱਡੀ 'ਤੇ। ਫਿਰ ਉਥੋਂ ਟਰਾਂਜ਼ਿਟ ਕੈਂਪ ਤੋਂ ਮਿਲਟਰੀ ਦੀ ਕਾਨਵਾਈ 'ਤੇ ਹੀ ਜਾਣਾ ਪੈਂਦਾ ਹੈ।'' ਨਰੇਸ਼ ਨੇ ਦੱਸਿਆ। ਇਸੇ ਤਰ੍ਹਾਂ ਹਨ੍ਹੇਰਾ ਹੋਣ ਤੱਕ ਤੇ ਉਸ ਤੋਂ ਬਾਅਦ ਵੀ ਏਧਰ ਉਧਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹੀਆਂ। ਗੱਲਾਂ ਬਾਤਾਂ ਦੇ ਦੌਰ ਵਿਚ ਹੀ ਨਰੇਸ਼ ਨੇ ਕੁਝ ਤਸਵੀਰਾਂ ਵੀ ਵਿਖਾਈਆਂ ਸਨ। ਤਸਵੀਰਾਂ ਪੁਣਛ ਇਲਾਕੇ ਦੀਆਂ ਸਨ। ਉਸਨੇ ਆਪ ਹੀ ਖਿੱਚੀਆਂ ਸਨ। ਇਨ੍ਹਾਂ ਵਿਚ ਉਸਦਾ ਫੌਜੀ ਜੀਵਨ ਅਤੇ ਕੁਦਰਤ ਪ੍ਰਤੀ ਮੋਹ ਪਲਸੇਟੇ ਮਾਰ ਰਿਹਾ ਸੀ। ਅੱਧੀ ਰਾਤ ਤੱਕ ਸਾਰੇ ਹੀ ਹੇਠਲੀਆਂ ਉਤਲੀਆਂ ਮਾਰਦੇ ਰਹੇ। ਗੱਲਾਂ-ਗੱਲਾਂ ਵਿਚ ਉਹ ਪਲ ਵੀ ਆ ਗਏ ਜਦੋਂ ਗੱਲਾਂ ਨੂੰ ਮਿਲਦੇ ਹੁੰਗਾਰੇ ਨੀਂਦਰ ਵਿਚ ਗਵਾਚਣ ਲੱਗ ਪਏ ਸਨ...ਅੰਤ, ਪੂਰੀ ਤਰ੍ਹਾਂ ਗਵਾਚ ਗਏ ਸਨ। ਰਾਤ ਬੀ ਗਈ। ਚਿੜੀਆਂ ਦੀ ਚੀਂ-ਚੀਂ ਤੇ ਚਾਟੀਆਂ ਦੀ ਘਮ-ਘਮ ਦੇ ਨਾਲ ਹੀ ਸੱਜਰੀ ਸਵੇਰ ਦੀਆਂ ਕਿਰਨਾਂ ਨੇ ਪਿੰਡ ਦੇ ਨਕਸ਼ਾਂ ਵਿਚ ਤਾਜ਼ਗੀ ਭਰ ਦਿੱਤੀ ਸੀੇ। ਪਿੰਡ ਦੀਆਂ ਗਲੀਆਂ ਵਿਚ ਪੰਜਾਲੀਏ ਜੁੜੇ ਬਲਦਾਂ ਦੀਆਂ ਟੱਲੀਆਂ ਆਪਣੀ ਛਣਕਾਰ ਦੀ ਗੁੂੰਜ ਨਾਲ ਸਵੇਰ ਸਾਰ ਦੀ ਰੁਮਕਦੀ ਪੌਣ ਵਿਚ ਆਪਣਾ ਸੰਗੀਤ ਘੋਲ ਰਹੀਆਂ ਸਨ। ਆਬੋ ਹਵਾ ਨੂੰ ਹੋਰ ਨਿਖਾਰ ਰਹੀਆਂ ਸਨ। ਨਰੇਸ਼ ਉਠਿਆ, ਨਹਾਇਆ ਤੇ ਚਾਹ ਪਾਣੀ ਪੀ ਕੇ ਉਸਨੇ ਨਾਸ਼ਤਾ ਕਰ ਲਿਆ। 'ਬੀ ਜੀ ਮੈਂ ਜ਼ਰਾ ਪ੍ਰੀਤਮ ਦੇ ਹੋ ਆਵਾਂ' ਨਰੇਸ਼ ਨੇ ਕਿਹਾ। ''ਉਥੇ ਹੀ ਨਾ ਬੈਠਾ ਰਹਵੀਂ, ਘਰ ਛੇਤੀ ਪਰਤੀਂ'' ਸਵਿੱਤਰੀ ਨੇ ਤਾਕੀਦ ਕੀਤੀ। ''ਚੰਗਾ ਬੀ ਜੀ'' ਕਹਿ ਕੇ ਨਰੇਸ਼ ਤੁਰਦਾ ਬਣਿਆ। ਉਹ ਨਿਸ਼ਾ ਦੇ ਘਰ ਵੱਲ ਹੋ ਤੁਰਿਆ। ਕਿਸੇ ਸਕੂਨ ਦੀ ਭਾਲ ਵਿਚ ਸਕੂਨ ਜੋ ਉਸਨੂੰ ਨਿਸ਼ਾ ਦਾ ਚਿਹਰਾ ਵੇਖ ਕੇ ਹੀ ਮਿਲਣਾ ਸੀ। ਮਨਫੂਲ ਦੇ ਘਰ ਦਾ ਬੂਹਾ ਅੱਧ ਖੁੱਲ੍ਹਿਆ ਸੀ। ਬੂਹੇ ਦੀ ਵਿਰਲ ਵਿਚੋਂ ਨਰੇਸ਼ ਦੀ ਨਿਗਾਹ ਅੰਦਰ ਵਿਗਹੜੇ ਦਾ ਜਾਇਜ਼ਾ ਲੈਣ ਲੱਗ ਪਈ। ਦੀਨ ਦਿਆਲ ਵੀ ਉਥੇ ਹੀ ਸੀ। ਉਹ ਤੇ ਮਨਫੂਲ ਇਕੋ ਮੰਜੀ 'ਤੇ ਬੈਠੇ ਹੋਏ ਗੱਲਾਂ ਬਾਤਾਂ ਮਾਰ ਰਹੇ ਸਨ। ਕੋਲ ਹੀ ਰੇਸ਼ਮੀ ਵੀ ਮੂੜ੍ਹੇ 'ਤੇ ਬੈਠੀ ਹੋਈ ਸੀ। ਬੂਹੇ ਦੀ ਵਿਰਲ ਵਿਚੋਂ ਹੀ ਨਿਸ਼ਾ ਦੀ ਨਜ਼ਰ ਨਰੇਸ਼ ਦੀ ਨਜ਼ਰ ਨਾਲ ਖਹਿ ਗਈ ਸੀ। ਨਜ਼ਰਾਂ ਇਕ ਹੋ ਗਈਆਂ ਸਨ। ਦੋਹਾਂ ਦੀਆਂ ਓਦਰੀਆਂ ਹੋਈਆਂ ਅੱਖਾਂ ਵਿਚ ਚਾਨਣ ਉਤਰ ਆਇਆ ਸੀ। ਨਿਰੀਆਂ ਅੱਖਾਂ ਵਿਚ ਹੀ ਨਹੀਂ, ਚਾਨਣ ਤਾਂ ਉਨ੍ਹਾਂ ਦੇ ਰੋਮ-ਰੋਮ ਵਿਚ ਤਿਲਕ ਆਇਆ ਸੀ। ਇਸ ਵਕਤ ਆਉਂਦੇ ਦਿਨਾਂ ਵਿਚ ਜੋ ਕੁਝ ਹੋਣ ਵਾਲਾ ਸੀ, ਉਸਦੀ ਕੁਝ-ਕੁਝ ਭਿਣਕ ਨਿਸ਼ਾ ਨੂੰ ਤਾਂ ਸੀ। ਨਰੇਸ਼ ਨੂੰ ਅਜੇ ਕੁਝ ਵੀ ਨਹੀਂ ਸੀ ਪਤਾ। ਨਰੇਸ਼ ਨੇ ਬੂਹਾ ਖੜਕਾਇਆ ਅਤੇ ਅੰਦਰ ਲੰਘ ਗਿਆ। ਚੌਧਰੀ ਮਨਫੂਲ ਅਤੇ ਰੇਸ਼ਮੀ ਨੂੰ ਸਤਿਕਾਰ ਦਿੱਤਾ। ਚੋਰ ਅੱਖਾਂ ਨਾਲ ਚੁਫੇਰੇ ਝਾਕਦਿਆਂ ਨਰੇਸ਼ ਨੇ ਨਿਸ਼ਾ ਨੂੰ ਘਰ ਦੇ ਇਕ ਕਮਰੇ ਵਿਚ ਅਲੋਪ ਹੁੰਦਿਆਂ ਵੇਖ ਲਿਆ ਸੀ। 'ਪਰ ਕਿਉਂ?' ਇਹ ਨਰੇਸ਼ ਦੀ ਸਮਝ ਤੋਂ ਬਾਹਰ ਸੀ। ਨਰੇਸ਼ ਨੇ ਚੌਕੇ ਨੇੜੇ ਪਈ ਇਕ ਕੁਰਸੀ ਚੁੱਕੀ। ਦੀਨ ਦਿਆਲ ਅਤੇ ਮਨਫੂਲ ਹੁਣਾ ਦੀ ਮੰਜੀ ਨੇੜੇ ਡਾਹ ਕੇ ਬਹਿ ਗਿਆ। 'ਹੋਰ ਪੁੱਤ ਕਿਵੇਂ ਆ ਫਿਰ?'' ਮਨਫੂਲ ਨੇ ਪੁੱਛਿਆ। ''ਸਭ ਠੀਕ ਆ ਤਾਇਆ ਜੀ, ਤੁਸੀਂ ਆਪਣੀ ਸੁੱਖ ਸਾਂਦ ਦੀ ਦੱਸੋ।'' ਨਰੇਸ਼ ਦਾ ਜਵਾਬ ਸੀ। ''ਦਸਣਾ ਕੀ ਆ ਲਫਟੈਣ ਸਾਹਬ। ਸਾਨੂੰ ਤੇਰੀ ਸਾਰੀ ਸ਼ਰਾਰਤ ਦਾ ਪਤਾ ਲੱਗ ਗਿਆ।'' ਮਨਫੂਲ ਨਰੇਸ਼ ਦੇ ਚਿਹਰੇ 'ਤੇ ਨਜ਼ਰ ਜਮਾਈਂ ਕਹਿ ਰਿਹਾ ਸੀ। ਕਲ ਬੈਠੇ ਦੀਨ ਦਿਆਲ ਦੇ ਚਿਹਰੇ 'ਤੇ ਮੁਸਕਰਾਹਟ ਸੀ। ''ਲੈ ਹੁਣ ਗੱਲ ਸੁਣ ਲੈ ਪਈ ਅੱਗੇ ਤੋਂ ਤੁਸੀਂ ਚੋਰੀ ਛਿਪੇ ਫਿਲਮਾਂ ਦੇਖਣ ਨਹੀਂ ਜਾਓਗੇ। ਜਾਓਗੇ ਤਾਂ ਦੱਸ ਕੇ। ਸਮਝ ਗਿਆਂ ਕਿ ਨਹੀਂ? ਸਭ ਕੁਝ ਸਮਝ ਕੇ ਵੀ ਨਰੇਸ਼ ਕੋਲੋਂ ਕੋਈ ਜਵਾਬ ਨਹੀਂ ਸੀ ਬਣਿਆ। ਪਰ, ਨਿਸ਼ਾ ਦੇ ਅਲੋਪ ਹੋਣ ਦਾ ਕਾਰਨ ਉਸਦੀ ਸਮਝ ਵਿਚ ਆ ਚੁੱਕਿਆ ਸੀ। ਅੰਦਰੋਂ ਅੰਦਰੀਂ ਨਰੇਸ਼ ਬਹੁਤ ਖੁਸ਼ ਹੋਇਆ ਸੀ। ਰੀਝਾਂ ਦੇ ਹਸੀਨ ਦੀਵੇ ਜੁ ਲਟ-ਲਟ ਬਲਣ ਲੱਗ ਪਏ ਸਨ। ਵੱਡਿਆਂ ਸਾਹਮਣੇ ਉਸ ਦੀਆਂ ਅੱਖਾਂ ਨੀਵੀਆਂ ਹੀ ਰਹੀਆਂ ਸਨ। ਕਿੰਨ ਚਿਰ ਨੀਵੀਆਂ ਹੀ ਰਹੀਆਂ। ਸੰਗ ਦੀ ਇਕ ਸੂਹੀ ਜਿਹੀ ਭਾਅ ਨਰੇਸ਼ ਦੀਆਂ ਗੱਲਾਂ ਉਤੇ ਆਈ ਅਤੇ ਪਰਤ ਗਈ। ਬਿਲਕੁੱਲ ਉਸੇ ਤੇਜ਼ੀ ਨਾਲ ਜਿਵੇਂ ਕਦੀ ਪਤੰਗ ਕਟੀ ਜਾਣ ਦੇ ਹਾਦਸੇ ਬਾਅਦ ਨਿਸ਼ਾ ਦੀਆਂ ਗੱਲ੍ਹਾਂ ਉਤੇ ਗੁਲਾਲ ਦੀ ਪਰਤ ਆਈ ਤੇ ਮੁੜੀ ਸੀ। ਪੰਦਰਾਂ |





