Thursday, 17 May 2012 06:11
Print PDF

ਉਤਰ ਪ੍ਰਦੇਸ਼ ਦੇ ਲਾਗੇ ਸਾਰਨਾਥ ਵਿਖੇ ਈਸਾ ਤੋਂ 250 ਸਾਲ ਪਹਿਲਾਂ ਸਮਰਾਟ ਅਸ਼ੋਕ ਦੁਆਰਾ ਬਣਾਏ ਰਾਸ਼ਟਰੀ ਆਭਾ ਦੇ ਪ੍ਰਤੀਕ ਸਤੰਭ ਦੇ ਸ਼ੇਰਾਂ ਦੇ ਪੈਰਾਂ ਵਿਚ ਲਿਖੇ ਸਤਯਮੇਵ ਜਯਤੇ ਤੋਂ ਨਾਂ ਲੈ ਕੇ ਅਮੀਰ ਖਾਨ ਨੇ ਸਟਾਰ ਪਲੱਸ ਤੇ ਸ਼ੁਰੂ ਕੀਤੇ ਆਪਣੇ ਪ੍ਰੋਗਰਾਮ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦੱਸਿਆ ਹੈ। ਸਤਯਮੇਵ ਜਯਤੇ ਦਾ ਅਰਥ ਹੈ ਅੰਤ ਵਿਚ ਸੱਚ ਦੀ ਜਿੱਤ ਹੁੰਦੀ ਹੈ। ਅਮੀਰ ਖਾਨ ਦਾ ਕਹਿਣਾ ਹੈ, 'ਮੈਂ ਫਿਲਮੋਂ ਮੇਂ ਕਾਮ ਕਰਤਾ ਹੂੰ, ਅਲੱਗ  ਅਲੱਗ ਕਿਰਦਾਰ ਨਿਭਾਤਾ ਹੂੰ, ਲੇਕਿਨ ਇਯ ਸਭਕੇ ਬੀਚ ਖੁਦ ਕੀ ਭੀ ਏਕ ਜ਼ਿੰਦਗੀ ਹੈ। ਬਤੌਰ ਐਕਟਰ ਨਹੀਂ ਬਤੌਰ ਇਨਸਾਨ। ਜ਼ਿੰਦਗੀ ਜੀਤੇ ਹੁਏ ਬਹੁਤ ਸਾਰੀ ਬਾਤੇਂ ਜ਼ਹਿਨ ਮੇਂ ਆਕਰ ਟਕਰਾਤੀ ਹੈਂ। ਅਲੱਗ ਅਲੱਗ ਲੋਗੋਂ ਸੇ ਬਾਤੇਂ ਕਰਤਾ ਹੂੰ। ਏਕ ਤਰਫ ਦੇਸ਼ ਤਰੱਕੀ ਕਰ ਰਹਾ ਹੈ, ਉਚਾਈਉਂ ਕੋ ਛੂਹ ਰਹਾ ਹੈ, ਦੂਸਰੀ ਤਰਫ ਸਮਾਜ ਕੇ ਕੜਵੇ ਸੱਚ ਭੀ ਹੈਂ, ਜਿਨ੍ਹੇ ਹਮ ਦੇਖਨਾ ਨਹੀਂ ਚਾਹਤੇ। ਉਨਸੇ ਆਖੇਂ ਮਿਲਾਤਾ ਹੂੰ ਤੋ ਪ੍ਰੇਸ਼ਾਨ ਹੋ ਜਾਤਾ ਹੂੰ, ਉਦਾਸ ਹੋ ਜਾਦਾ ਹੂੰ'। ਮਾਦਾ ਭਰੂਣ ਹੱਤਿਆ ਉਪਰ ਆਪਣੇ ਪਹਿਲੇ ਪ੍ਰੋਗਰਾਮ  ਤੋਂ ਬਾਅਦ ਦੂਜਾ ਬਹੁਤ ਅਹਿਮ ਤੇ ਗੰਭੀਰ ਵਿਸ਼ਾ ਬਾਲ ਯੌਨ ਸ਼ੋਸ਼ਣ

ਛੂਹਿਆ ਹੈ। ਅਮੀਰ ਖਾਨ ਅਜਿਹੇ ਅਣਛੁਹੇ ਮੁੱਦਿਆਂ ਬਾਰੇ ਕਹਿੰਦਾ ਹੈ, ''ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ, ਮੇਰੀ ਕੋਸ਼ਿਸ਼ ਹੈ ਯੇ ਸੂਰਤ ਬਦਲਣੀ ਚਾਹੀਏ। ਮੇਰੇ ਸੀਨੇ ਮੇਂ ਨਹੀਂ, ਤੇਰੇ ਸੀਨੇ ਮੇਂ ਹੀ ਸਹੀ, ਕਹੀਂ ਤੋ ਆਗ ਲਗਨੀ ਚਾਹੀਏ। ਉਸਨੈ ਆਪਣਾ ਪ੍ਰੋਗਰਾਮ ਮਹਿਲਾ ਅਤੇ ਬਾਲ ਮੰਤਰਾਲੇ ਵੱਲੋਂ 2007 ਵਿਚ ਬਾਲ ਯੌਨ ਸ਼ੋਸ਼ਣ ਸਬੰਧੀ ਖੋਜ ਦੇ ਨਤੀਜਿਆਂ ਤੇ ਆਧਾਰਿਤ ਤੱਥਾਂ ਨੂੰ ਮੁੱਖ ਰੱਖ ਕੇ ਕੀਤਾ। ਖੋਜ ਅਨੁਸਾਰ ਹਿੰਦੁਸਤਾਨ ਵਿਚ 53 ਫੀਸਦੀ ਬੱਚੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਿਹਨਾਂ ਵਿਚੋਂ 21 ਪ੍ਰਤੀਸ਼ਤ ਬਲਾਤਕਾਰ ਤੇ ਹੋਰ ਗੰਭੀਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ ਅਤੇ 32 ਪ੍ਰਤੀਸ਼ਤ ਜ਼ਬਰਦਸਤੀ ਚੁੰਮਣ ਅਤੇ ਗੁਪਤ ਅੰਗਾਂ ਦੀ ਛੇੜਛਾੜ ਦਾ ਸ਼ਿਕਾਰ ਹੁੰਦੇ ਹਨ। ਅਮੀਰ ਖਾਨ ਨੇ ਆਪਣੇ ਇਸ ਪ੍ਰੋਗਰਾਮ ਦੇ ਵਿਚ ਇਸ ਸ਼ੋਸ਼ਣ ਦਾ ਸ਼ਿਕਾਰ ਲੋਕਾਂ ਨੂੰ ਪੇਸ਼ ਕਰਕੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਟੂਡੀਓ ਵਿਚ ਹੀ ਨਹੀਂ ਬਲਕਿ ਟੀ. ਵੀ.ਅੱਗੇ ਬੈਠੀਆਂ ਕਰੋੜਾਂ ਅੱਖਾਂ ਦੀ ਨਮੀ ਇਸ ਗੱਲ ਦੀ ਗਵਾਹੀ ਭਰਦੀ ਹੈ। ਉਤਰ ਪ੍ਰਦੇਸ਼ ਦੀ ਛੇ ਵਰ੍ਹਿਆਂ ਦੀ ਮਾਸੂਮ ਅਨਾਮਿਕਾ ਆਪਣੇ ਟਿਊਟਰ ਦੀ ਬਦਨੀਤੀ ਦਾ ਸ਼ਿਕਾਰ ਹੋਈ। ਛੇ ਵਰ੍ਹਿਆਂ ਦੀ ਮਾਸੂਮ ਨੂੰ ਪੜ੍ਹਾਉਣ ਦੇ ਬਹਾਨੇ ਅਲੱਗ ਕਮਰੇ ਵਿਚ ਬਿਠਾ ਕੇ ਟਿਊਟਰ ਨੇ ਸ਼ੁਰੂ ਵਿਚ ਗਲਤ ਥਾਵਾਂ ਤੇ ਛੂਹਣਾ ਸ਼ੁਰੂ ਕੀਤਾ ਅਤੇ ਫਿਰ ਉਸਦੀ ਜ਼ਿਆਦਤੀ ਵਧਦੀ ਵਧਦੀ ਬਲਾਤਕਾਰ ਤੱਕ ਪਹੰਚ ਗਈ। ਮਾਸੂਮ ਅਨਾਮਿਕਾ ਨੇ ਸੱਤ ਵਰ੍ਹੇ ਇਹ ਸੰਤਾਪ ਭੋਗਿਆ।
ਇਸੇ ਤਰ੍ਹਾਂ ਦੀ ਕਹਾਣੀ ਬੰਬਈ ਦੀ ਸੰਦਰੈਲਾ ਦੀ ਹੈ। ਗੁਰਦੇ ਦੀ ਬਿਮਾਰੀ ਤੋਂ ਪੀੜਤ ਸੰਦਰੈਲਾ ਦੀ ਮਾਂ ਨੂੰ ਉਸਦੇ ਪਾਪਾ ਅਕਸਰ ਹਸਪਤਾਲ ਲੈ ਕੇ ਜਾਂਦੇ ਸਨ। ਇਕ ਦਿਨ ਛੇ ਸਾਲ ਦੀ ਸੰਦਰੈਲਾ ਘਰ ਵਿਚ ਇਕੱਲੀ ਸੀ। ਫਲੌਪੀ ਦੇਣਦੇ ਬਹਾਨੇ 55 ਕੁ ਵਰ੍ਹਿਆਂ ਦਾ ਉਸਦਾ ਅੰਕਲ ਆਇਆ ਅਤੇ ਮਾਸੂਮ ਸੰਦਰੈਲਾ ਦੇ ਸਰੀਰ ਅਤੇ ਦਿਮਾਗ ਤੇ ਵਰ੍ਹਿਆਂ ਤੱਕ ਦਰਦ ਕਰਨ ਵਾਲੇ ਨਿਸ਼ਾਨ ਪਾ ਗਿਆ। ਇਹ ਉਹਨਾਂ ਦੇ ਭਰੋਸੇ ਦਾ ਆਦਮੀ ਸੀ, ਜਿਸਨੂੰ ਸੰਦਰੈਲਾ ਦੀ ਮਾਂ 'ਪਾਪਾ' ਸੱਦਦੀ ਸੀ। ਨਾਨੇ ਦੀ ਉਮਰ ਦੇ ਉਸ ਵਿਅਕਤੀ ਨੇ ਵਰ੍ਹਿਆਂ ਤੱਕ ਸੰਦਰੈਲਾ 'ਤੇ ਅਜਿਹਾ ਜ਼ੁਲਮ ਕੀਤਾ ਕਿ ਮਾਸੂਮ ਸੰਦਰੈਲਾ ਦੀ ਜ਼ੁਬਾਨ ਵਰ੍ਹਿਆਂ ਤੱਕ ਚੁੱਪ ਰਹੀ।
ਬਾਲ ਯੌਨ ਸ਼ੋਸ਼ਣ ਦਾ ਸ਼ਿਕਾਰ ਸਿਰਫ ਲੜਕੀਆਂ ਹੀ ਨਹੀਂ ਹੁੰਦੀਆਂ, ਪੰਜਾਹ ਪ੍ਰਤੀਸ਼ਤ ਤੋਂ ਵੱਧ ਲੜਕੇ ਵੀ ਹੁੰਦੇ ਹਨ। ਅਮੀਰ ਖਾਨ ਦੇ ਇਸ ਪ੍ਰੋਗਰਾਮ ਦੇ ਵਿਚ ਹਰੀਸ਼ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਘਰ ਵਿਚ ਹੀ ਰਹਿੰਦਾ ਉਸਦਾ ਰਿਸ਼ਤੇਦਾਰੀ ਵਿਚ ਲੱਗਦਾ ਮਾਮਾ ਲਗਾਤਾਰ ਅੱਠ ਸਾਲ ਉਸ ਨਾਲ ਬਲਾਤਕਾਰ ਕਰਦਾ ਰਿਹਾ। ਹਰੀਸ਼ ਨੇ ਦੱਸਿਆ ਕਿ ਸਿਰਫ ਉਹ ਹੀ ਨਹੀਂ, ਉਸਦੇ ਕੁਝ ਸਾਥੀ ਵੀ ਉਸ ਨਾਲ ਜ਼ਬਰਦਸਤੀ ਕਰਦੇ ਰਹੇ। ਉਹ ਪਰਿਵਾਰ ਦਾ ਐਨਾ ਭਰੋਸੇਯੋਗ ਪਾਤਰ ਸੀ ਕਿ ਹਰੀਸ਼ ਚਾਹੁੰਦਾ ਹੋਇਆ ਵੀ ਉਸਦੇ ਖਿਲਾਫ ਆਵਾਜ਼ ਨਹੀਂ ਕੱਢ ਸਕਿਆ।
ਅਮੀਰ ਖਾਨ ਕਹਿੰਦਾ ਹੈ ਕਿ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਉਤੇ ਖੋਜ ਕਰਦੇ ਸਮੇਂ ਮੈਨੂੰ ਇਕ ਵੱਡੀ ਸਿੱਖਿਆ ਉਦੋਂ ਮਿਲੀ ਜਦੋਂ ਮੈਂ ਆਪਣੀ ਮਾਹਿਰ ਡਾ. ਅਨੂਜਾ ਗੁਪਤਾ ਨੂੰ ਪੁੱਛਿਆ ਕਿ ਯੌਨ ਸ਼ੋਸ਼ਣ ਹੋਣ ਤੋਂ ਬਾਅਦ ਬੱਚੇ ਆਪਣੇ ਮਾਂ-ਬਾਪ ਨੂੰ ਇਸ ਬਾਰੇ ਦੱਸਣ ਵਿਚ ਕਿਉਂ ਕਠਿਨਾਈ ਮਹਿਸੂਸ ਕਰਦੇ ਹਨ ਤਾਂ ਉਸਦਾ ਜਵਾਬ ਸੀ ''ਕੀ ਅਸੀਂ ਬੱਚਿਆਂ ਦੀ ਸੁਣਦੇ ਹਾਂ? ਕੀ ਅਸੀਂ ਬੱਚਿਆਂ ਦੀ ਗੱਲ ਸੁਣਨ ਦੇ ਲਾਇਕ ਵੀ ਹਾਂ? ਅਸਲ ਵਿਚ ਸਵਾਲ ਇਹ ਹੈ ਕਿ ਸਾਡਾ ਬੱਚਿਆਂ ਨਾਲ ਸਬੰਧ ਕਿਹੋ ਜਿਹਾ ਹੈ? ਕੀ ਅਸੀਂ ਬੱਚਿਆਂ ਦੀਆਂ ਪ੍ਰੇਸ਼ਾਨੀਆਂ ਪੁੱਛਦੇ ਹਾਂ? ਕੀ ਮੈਂ ਜਾਣਦਾ ਹਾਂ ਕਿ ਮੇਰੇ ਬੱਚੇ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ? ਕੀ ਮੈਂ ਆਪਣੇ ਬੱਚੇ ਦਾ ਦੋਸਤ ਹਾਂ?''
ਇਕ ਹੋਰ ਵੱਡੀ ਸਿੱਖਿਆ ਹਰੀਸ਼ ਦੀ ਮਾਂ ਪਦਮਾ ਆਇਅਰ ਤੋਂ ਮਿਲੀ। ਅਗਰ ਕੋਈ ਬੱਚਾ ਯੌਨ ਸ਼ੋਸ਼ਣ ਬਾਰੇ ਦੱਸਣਾ ਚਾਹੁੰਦਾ ਹੈ ਤਾਂ ਸਾਡੇ ਦਿਮਾਗ ਵਿਚ ਅਕਸਰ ਖਿਆਲ ਆਉਂਦਾ ਹੈ ਕਿ ਅਸੀਂ ਆਪਣੇ ਹੀ ਪਰਿਵਾਰ ਦੇ ਮੈਂਬਰ ਦੇ ਖਿਲਾਫ ਕਿਵੇਂ ਕਾਰਵਾਈ ਕਰਾਂਗੇ। ਪਰਿਵਾਰ ਦੀ ਇੱਜ਼ਤ ਹੀ ਸਾਡੀ ਇੱਜ਼ਤ ਹੈ। ਲੋਕ ਕੀ ਕਹਿਣਗੇ। ਜਦੋਂ ਮੇਰੇ ਬੱਚੇ ਦੇ ਨਾਲ ਅਜਿਹਾ ਹੋਇਆ ਤਾਂ ਮੈਂ ਇਸ ਗੱਲ ਨੂੰ ਲੁਕੋਣ ਵਿਚ ਹੀ ਭਲਾਈ ਸਮਝੀ। ਪਦਮਾ ਦੀ ਤਰ੍ਹਾਂ ਪਹਿਲਾਂ ਤਾਂ ਅਸੀਂ ਇਸ ਪ੍ਰਕਾਰ ਦੀ ਘਟਨਾ ਨੂੰ ਸਵੀਕਾਰ ਹੀ ਨਹੀਂ ਕਰਦੇ ਅਤੇ ਫਿਰ ਉਸਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਮਾਜ ਦੇ ਬਾਰੇ ਤਾਂ ਸੋਚਦੇ ਹਾਂ ਪਰ ਆਪਣੇ ਖੁਦ ਦੇ ਬੱਚੇ ਬਾਰੇ ਭੁੱਲ ਜਾਂਦੇ ਹਾਂ। ਚਾਰ, ਪੰਜ ਜਾਂ ਛੇ ਸਾਲ ਦਾ ਮਾਸੂਮ ਬੱਚਾ ਅਜਿਹੇ ਸੰਤਾਪ ਵਿਚੋਂ ਇਕੱਲਾ ਹੀ ਗੁਜ਼ਰਦਾ ਹੈ। ਅਮੀਰ ਖਾਨ ਨੇ ਆਪਣੇ ਇਸ ਪ੍ਰੋਗਰਾਮ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਬੱਚਾ ਹੀ ਸਾਡੀ ਪ੍ਰਮੁੱਖ ਚਿੰਤਾ ਹੋਣੀ ਚਾਹੀਦੀ ਹੈ, ਜਿੱਥੇ ਸਾਨੂੰ ਆਪਣੇ ਬੱਚਿਆਂ ਨੁੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਉਥੇ ਪਰਿਵਾਰ ਦੇ ਮਿੱਤਰਾਂ, ਦੂਰ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਤੋਂ ਖਾਸ ਸੁਚੇਤ ਹੋਣ ਦੀ ਲੋੜ ਹੈ।
ਬੱਚਿਆਂ ਨੂੰ ਦੋਸਤੀ ਦੇ ਰਿਸ਼ਤੇ ਰਾਹੀਂ ਉਹਨਾਂ ਦੀ ਉਮਰ ਮੁਤਾਬਕ ਯੌਨ ਸਬੰਧਾਂ ਅਤੇ ਯੌਨ ਸ਼ੋਸ਼ਣ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
'ਸਤਯਮੇਵ ਜਯਤੇ' ਪ੍ਰੋਗਰਾਮ ਨੇ ਹਿੰਦੁਸਤਾਨ ਦੇ ਕਰੋੜਾਂ ਪਰਿਵਰਾਂ ਨੂੰ ਸਵੈ ਪੜਚੋਲ ਲਈ ਪ੍ਰੇਰਿਤ ਕੀਤਾ ਹੈ। ਇਹ ਪ੍ਰੋਗਰਾਮ ਦੇਖਕੇ ਯੂਨੀਵਰਸਿਟੀ ਵਿਚ ਪੜ੍ਹ ਰਹੀ ਇਕ ਪ੍ਰਾਅਧਿਆਪਕਾ ਨੇ ਅਮੀਰ ਖਾਨ ਦੀ ਪ੍ਰਸੰਸਾ ਕਰਦੇ ਹੋਏ ਬਚਪਨ ਵਿਚ ਉਸ ਨਾਲ ਬੀਤੀ ਅਜਿਹੀ ਘਟਨਾ ਦਾ ਜ਼ਿਕਰ ਕੀਤਾ। ਉਸ ਅਨੁਸਾਰ 'ਜਦੋਂ ਮੈਂ ਨੌਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਮੇਰੀ ਮਾਸੀ ਦੀ ਲੜਕੀ ਦੇ ਪਤੀ ਨੇ ਮੇਰੇ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਸੀ। ਪਰ ਆਪਣੀ ਅਤੇ ਪਰਿਵਾਰ ਦੀ ਇੱਜ਼ਤ ਕਾਰਨ ਸਾਨੂੰ ਮੂੰਹ ਬੰਦ ਰੱਖਣਾ ਪਿਆ।'' ਇਸੇ ਤਰ੍ਹਾਂ ਇਕ ਹੋਰ ਸਾਥੀ ਨੇ 9 ਸਾਲ ਦੀ ਬੱਚੀ ਦਾ ਉਸਦੇ ਪੰਜਾਹ ਕੁ ਵਰ੍ਹਿਆਂ ਦੇ ਗੁਆਂਢੀ ਅੰਕਲ ਵੱਲੋਂ ਕੀਤੇ ਗਏ ਸ਼ੋਸ਼ਣ ਦਾ ਜ਼ਿਕਰ ਕੀਤਾ। ਉਕਤ ਦੋਵੇਂ ਉਦਾਹਰਣਾਂ ਇਹ ਸਿੱਧ ਕਰਨ ਲਈ ਕਾਫੀ ਨੇ ਕਿ ਅਮੀਰ ਖਾਨ ਦਾ ਇਹ ਪ੍ਰੋਗਰਾਮ ਸਮਾਜ ਦੇ ਇਯ ਅਣਛੋਹੇ ਅਤੇ ਅਹਿਮ ਮੁੱਦੇ ਨੂੰ ਆਮ ਲੋਕਾਂ ਦੇ ਸੰਵਾਦ ਦਾ ਵਿਸ਼ਾ ਬਣਾਉਣ ਵਿਚ ਕਾਮਯਾਬ ਹੋਇਆ ਹੈ। ਇਸ ਪ੍ਰੋਗਰਾਮ ਨੇ ਨਿਸਚਿਤ ਤੌਰ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਹੈ ਕਿ ਉਹ ਮਾਸੂਮ ਬੱਚਿਆਂ ਦੇ ਯੌਨ ਸ਼ੋਸ਼ਣ ਨੂੰ ਰੋਕਣ ਲਈ ਯਥਾਯੋਗ ਉਪਰਾਲੇਕਰਨ। ਅਮੀਰ ਖਾਨ ਨੇ ਪ੍ਰੋਗਰਾਮ ਵਿਚ ਇਹ ਵੀ ਜ਼ਿਕਰ ਕੀਤਾ ਹੈ ਕਿ ਬਾਲ ਯੌਨ ਸ਼ੋਸ਼ਣ ਸਬੰਧੀ ਬਿਲ ਉਪਰ ਪਾਰਲੀਮੈਂਟ ਵਿਚਾਰ ਕਰ ਰਹੀ ਹੈ। ਉਸਨੂੰ ਆਸ ਹੈ ਕਿ ਯੌਨ ਸ਼ੋਸ਼ਣ ਤੋਂ ਬਚਾਉਣ ਲਈ ਬੱਚਿਆਂ ਦੀ ਸੁਰੱਖਿਆ ਲਈ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਕਾਨੂੰਨ ਜ਼ਰੂਰ ਬਣੇਗਾ। ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਜਿੱਥੇ ਆਮਿਰ ਖਾਨ ਸ਼ਾਬਾਸ਼ ਦੇ ਪਾਤਰ ਹਨ, ਉਥੇ ਭਾਰਤੀ ਮੀਡੀਆ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਪ੍ਰਸ਼ੰਸਾ ਦਾ ਪਾਤਰ ਹੈ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਬਾਲ ਯੌਨ ਸ਼ੋਸ਼ਣ ਅਤੇ ਸਤਯਮੇਵ ਜਯਤੇ

Currency Converter

Amount:
From:
To:


Gurbani Radio


Gurbani - Sri Harmandir Sahib