ਗੁਰਬਚਨ ਸਿੰਘ ਭੁੱਲਰ

ਲੇਖਕਾਂ ਨੂੰ ਮੁਲਾਕਾਤੀ ਅਕਸਰ ਹੀ ਪੁਛਦੇ ਹਨ, ਤੁਸੀਂ ਸਾਹਿਤ ਨਾਲ ਕਦੋਂ ਜੁੜੇ, ਕਿਵੇਂ ਜੁੜੇ। ਲ਼ੇਖਕ ਆਪ ਵੀ ਆਪਣੇ ਸਾਹਿਤਕ ਪੰਧ ਉੱਤੇ ਝਾਤ ਪਾਉਂਦਾ ਹੈ ਤਾਂ ਉਸ ਸੋਮੇ ਨੂੰ ਪਛਾਨਣਾ ਚਾਹੁੰਦਾ ਹੈ ਜਿਸ ਵਿਚੋਂ ਫੁੱਟਿਆ ਪਾਣੀ ਹੋਰ ਸੋਮਿਆਂ ਦੇ ਪਾਣੀ ਨਾਲ ਰਲ ਰਲ ਕੇ ਉਹਦੇ ਅਜੋਕੇ ਸਾਹਿਤਕ ਵਹਿਣ ਦਾ ਮੁੱਢ ਬਣਿਆ। ਮੈਂ ਵੀ ਅਜਿਹੀ ਪਰਤਵੀਂ ਝਾਤ ਮਾਰਦਾ ਹਾਂ ਤਾਂ ਬਹੁਤ ਕੁਛ ਚੇਤੇ ਦੀ ਪੱਟੀ ਉੱਤੇ ਸਾਕਾਰ ਹੋ ਜਾਂਦਾ ਹੈ। ਸਾਹਿਤ ਨਾਲ ਜੁੜਨ, ਸ਼ਬਦ 'ਸਾਹਿਤ' ਦਾ ਭਾਵ ਸਮਝਣ, ਸਾਹਿਤ ਦਾ ਪਾਠਕ ਬਣਨ ਤੇ ਆਖ਼ਰ ਰਚਨਾ-ਕਾਰਜ ਨੂੰ ਸਮਰਪਿਤ ਹੋਣ ਦੀ ਸਮਝ ਦੇ ਉਦੈ ਦੇ ਸਮੇਂ ਤੇ ਸਬੱਬ ਕਿਹੜੇ ਕਿਹੜੇ ਸਨ?
ਸਾਹਿਤ ਨਾਲ ਵਾਹ-ਵਾਸਤੇ ਦੀ ਗੱਲ ਤਾਂ ਅੱਗੇ ਚੱਲ ਕੇ ਆਉਂਦੀ ਹੈ, ਪਹਿਲਾਂ ਸਾਲ ਦੋ ਸਾਲ ਦੀ ਉਮਰ ਵਿਚ ਬਾਲ ਦਾ ਨਾਤਾ ਭਾਸ਼ਾ ਨਾਲ, ਭਾਵ ਸਾਹਿਤ ਦੇ ਮਾਧਿਅਮ ਨਾਲ ਜੁੜਨ ਲਗਦਾ ਹੈ। ਉਹ ਮਾ ਮਾ ਮਾ ਬਾ ਬਾ ਬਾ ਤਾ ਤਾ ਤਾ ਵਰਗੀਆਂ ਧੁਨੀਆਂ ਤੋਂ ਸ਼ਬਦਾਂ ਵਿਚੋਂ ਦੀ ਹੁੰਦਾ ਹੋਇਆ ਵਾਕਾਂ ਤੱਕ ਪੁੱਜ ਕੇ ਭਾਸ਼ਾ ਦੇ ਮਹਾਂ-ਮਾਰਗ ਉੱਤੇ ਤੁਰ ਪੈਂਦਾ ਹੈ। ਭਾਸ਼ਾ ਹੀ ਬੱਚੇ ਦੀ ਬੁੱਧੀ ਦਾ ਤੇ ਭਵਿੱਖੀ ਪ੍ਰਤਿਭਾ ਦਾ ਅਗੇਤਾ ਸੰਕੇਤ ਬਣਦੀ ਹੈ। ਜੇ ਉਹ ਠੀਕ ਬੋਲਣ ਨਾ ਲੱਗੇ, ਮਾਪਿਆਂ ਤੇ ਡਾਕਟਰਾਂ ਨੂੰ ਉਹਦੇ ਘੱਟ-ਵੱਧ ਸਿੱਧਰਾ ਹੋਣ ਦਾ ਡਰ ਖਾਣ ਲਗਦਾ ਹੈ। ਧਾਰਨਾ ਹੈ ਕਿ ਬਾਲ ਦਾ ਭਾਸ਼ਾ ਨਾਲ ਪਹਿਲਾ ਵਾਹ ਮਾਂ ਦੀਆਂ ਲੋਰੀਆਂ ਅਤੇ ਪਿਆਰ ਨਾਲ ਬੋਲੀਆਂ ਗਈਆਂ ਤੋਤਲੀਆਂ-ਮੋਤਲੀਆਂ ਗੱਲਾਂ ਦੇ ਰੂਪ ਵਿਚ ਪੈਂਦਾ ਹੈ। ਪਰ ਹੁਣ ਤਾਂ ਸੱਜਰੀ ਖੋਜ ਇਹ ਦਸਦੀ ਹੈ ਕਿ ਬੱਚਾ ਇਸਤੋਂ ਬਹੁਤ ਪਹਿਲਾਂ, ਮਾਂ ਦੇ ਪੇਟ ਵਿਚਲੇ ਆਖ਼ਰੀ ਤਿੰਨ
ਮਹੀਨਿਆਂ ਵਿਚ ਹੀ ਬਾਹਰਲੀ ਦੁਨੀਆ ਦੇ ਬੋਲ ਸੁਣਨ ਤੇ ਉਹਨਾਂ ਦੇ ਭਾਸ਼ਾਈ ਪ੍ਰਭਾਵ ਕਬੂਲਣ ਲੱਗ ਪੈਂਦਾ ਹੈ। ਜਰਮਨ ਖੋਜਕਾਰਾਂ ਦਾ ਕਹਿਣਾ ਹੈ ਕਿ ਇਸੇ ਕਰਕੇ ਜਨਮ ਤੋਂ ਮਗਰੋਂ ਬਾਲ ਦਾ ਰੋਣਾ ਉਹਦੀ ਮਾਤਭਾਸ਼ਾ ਦੇ ਧੁਨੀ-ਪ੍ਰਬੰਧ ਦੇ ਅਨੁਸਾਰ ਹੁੰਦਾ ਹੈ। ਉਹਨਾਂ ਨੇ ਇਹ ਸਿੱਟਾ ਤਿੰਨ ਤੋਂ ਪੰਜ ਦਿਨਾਂ ਦੀ ਉਮਰ ਦੇ ਸੱਠ ਅਜਿਹੇ ਬੱਚਿਆਂ ਦਾ ਰੋਣਾ ਰਿਕਾਰਡ ਕਰ ਕੇ ਤੇ ਉਹਦੀ ਧੁਨੀਮੁਖੀ ਨਿਰਖ-ਪਰਖ ਕਰ ਕੇ ਕੱਢਿਆ ਹੈ ਜਿਨਾ੍ਹਂ ਵਿਚੋਂ ਤੀਹ ਫ਼ਰਾਂਸੀਸੀ-ਭਾਸ਼ੀ ਪਰਿਵਾਰਾਂ ਦੇ ਸਨ ਤੇ ਤੀਹ ਜਰਮਨ-ਭਾਸ਼ੀ ਪਰਿਵਾਰਾਂ ਦੇ। ਘੋਖ ਨੇ ਦਰਸਾਇਆ ਕਿ ਫ਼ਰਾਂਸੀਸੀ ਬਾਲਾਂ ਦੇ ਰੋਣ ਦੀ ਸੁਰ ਉਹਨਾਂ ਦੀ ਭਾਸ਼ਾ ਦੇ ਉਚਾਰ ਦੀ ਲਚਕ ਦੇ ਬਿਲਕੁਲ ਅਨੁਸਾਰ ਨੀਵੀਂ ਤੋਂ ਉੱਚੀ ਹੁੰਦੀ ਜਾਂਦੀ ਸੀ ਅਤੇ ਇਹਦੇ ਉਲਟ ਜਰਮਨ ਬਾਲਾਂ ਦੇ ਰੋਣ ਦੀ ਸੁਰ ਉਹਨਾਂ ਦੀ ਭਾਸ਼ਾ ਦੇ ਉਚਾਰ ਦੀ ਲਚਕ ਦੇ ਐਨ ਅਨੁਸਾਰ ਉੱਚੀ ਤੋਂ ਨੀਵੀਂ ਵੱਲ ਢਲਦੀ ਜਾਂਦੀ ਸੀ।
ਭਾਸ਼ਾ ਦੇ ਮਹਾਂਮਾਰਗ ਉੱਤੇ ਤੁਰ ਰਹੀ ਅਨਗਿਣਤ ਖ਼ਲਕਤ ਵਿਚੋਂ ਕੁਛ ਪਾਂਧੀ ਅਜਿਹੇ ਭਾਗਾਂ ਵਾਲੇ ਹੁੰਦੇ ਹਨ, ਸਾਹਿਤ ਅਛੋਪਲੇ ਜਿਹੇ ਆ ਕੇ ਜਿਨਾ੍ਹਂ ਦਾ ਹੱਥ ਫੜ ਲੈਂਦਾ ਹੈ ਅਤੇ ਸੰਗੀ ਬਣਾ ਕੇ ਨਾਲ ਨਾਲ ਤੋਰਨ ਲਗਦਾ ਹੈ। ਇਹ ਸਾਥ ਕਦੋਂ ਮਿਲਦਾ ਹੈ, ਇਹਦਾ ਕੋਈ ਪੱਕਾ ਨੇਮ ਨਹੀਂ। ਮੇਰੇ ਮਿੱਤਰ ਦਰਸ਼ਨ ਸਿੰਘ ਨੇ ਸੱਠਾਂ ਤੋਂ ਟੱਪ ਕੇ ਪਹਿਲਾ ਨਾਵਲ ਲਿਖਿਆ ਅਤੇ ਉਹ ਹਰ ਰਚਨਾ ਵਿਚ ਦੁਹਰਾਉ-ਰਹਿਤ ਨਵਾਂ-ਨਕੋਰ ਵਿਸ਼ਾ ਲੈ ਕੇ ਬੜੀ ਹੀ ਖ਼ੂਬਸੂਰਤ ਭਾਸ਼ਾ ਵਿਚ ਇਕ ਤੋਂ ਮਗਰੋਂ ਇਕ ਨਾਵਲ ਲਿਖਦਿਆਂ ਕੁਛ ਹੀ ਸਾਲਾ ਅੰਦਰ ਪੰਜਾਬੀ ਸਾਹਿਤ ਦਾ ਇਕ ਮਹੱਤਵਪੂਰਨ ਨਾਂ ਬਣ ਗਿਆ ਹੈ। ਇਹਦੇ ਉਲਟ ਸੰਤ ਸਿੰਘ ਸੇਖੋਂ ਆਖਿਆ ਕਰਦੇ ਸਨ ਕਿ ਸਾਹਿਤ ਦੇ ਪੱਖੋਂ ਉਹ ਪੰਜਵੀਂ ਜਮਾਤ ਵਿਚ ਹੀ ਬਹੁਤ ਸਿਆਣੇ ਹੋ ਗਏ ਸਨ। ਇਕ ਵਾਰ ਪੰਜਾਬੀ ਯੂਨੀਵਰਸਿਟੀ ਦੀ ਇਕ ਵਿਸ਼ਵ ਕਾਨਫ਼ਰੰਸ ਦੇ ਮੰਚ ਤੋਂ ਮੈਂ ਆਪਣੀ ਗੱਲ ਕਹਿ ਕੇ ਉੱਤਰ ਰਿਹਾ ਸੀ ਤਾਂ ਸਾਹਮਣੇ ਪਹਿਲੀ ਕਤਾਰ ਵਿਚ ਬੈਠੇ ਸੇਖੋਂ ਜੀ ਆਪਣੇ ਟਿੱਪਣੀਬਾਜ਼ ਸੁਭਾਅ ਅਨੁਸਾਰ ਮੁਸਕਰਾ ਕੇ ਬੋਲੇ,''ਭੁੱਲਰ, ਤੂੰ ਤਾਂ ਖਾਸਾ ਸਿਆਣਾ ਹੈਂ ਬਈ!" ਮੈਂ ਹੱਸ ਕੇ ਕਿਹਾ,''ਮੈਂ ਵੀ ਤੁਹਾਡੇ ਵਾਂਗ ਪੰਜਵੀਂ ਵਿਚ ਹੀ ਸਿਆਣਾ ਹੋ ਗਿਆ ਸੀ।" ਹੋਰ ਲੋਕ ਵੀ ਹੱਸ ਪਏ। ਹਾਸੇ ਵਿਚ ਕਹੀ ਇਹ ਗੱਲ ਇਕ ਪਾਸੇ, ਮੈਂ ਸਾਹਿਤਕ ਪੱਖੋਂ ਪੰਜਵੀਂ ਵਿਚ ਸਿਆਣਾ ਨਹੀਂ ਸੀ ਹੋਇਆ। ਸੱਚ ਦੱਸਾਂ, ਜਿਹੜੇ ਲੋਕ ਪ੍ਰਾਇਮਰੀ ਜਾਂ ਮਿਡਲ ਜਮਾਤਾਂ ਵਿਚ ਨਾਮੀ ਸਾਹਿਤਕਾਰਾਂ ਨੂੰ ਪੜ੍ਹ ਕੇ ਕੰਮ ਮੁਕਾ ਲਿਆ ਹੋਣ ਬਾਰੇ ਦਸਦੇ ਹਨ, ਉਹਨਾਂ ਉੱਤੇ ਹੋਣਾ ਤਾਂ ਰਸ਼ਕ ਚਾਹੀਦਾ ਹੈ ਪਰ ਹੁੰਦੀ ਹੈਰਾਨੀ ਹੈ। ਖ਼ੈਰ ਇਹ ਨੁਕਤਾ ਬੜਾ ਦਿਲਚਸਪ ਵੀ ਹੈ ਤੇ ਕੁਝ ਵਿਸਤਾਰ ਵੀ ਮੰਗਦਾ ਹੈ, ਇਹਨੂੰ ਕਿਸੇ ਅਗਲੇ-ਅਗਲੇਰੇ ਪ੍ਰਸੰਗ ਲਈ ਛੱਡ ਦਿੰਦੇ ਹਾਂ।
ਸਾਹਿਤ ਨਾਲ ਜੁੜਨ ਦੇ ਵੱਖ ਵੱਖ ਸਮਿਆਂ ਵਾਂਗ ਸਾਧਨ ਅਤੇ ਸਬੱਬ ਵੀ ਵੱਖ ਵੱਖ ਹੁੰਦੇ ਹਨ। ਬਹੁਤੇ ਲੇਖਕ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੀ ਭਾਸ਼ਾ ਦੀ ਸਦੀਆਂ ਲੰਮੀ ਸਾਹਿਤਕ ਪ੍ਰਾਪਤੀ ਦੀ ਉਪਜ ਮੰਨਦੇ ਹਨ। ਪਰ ਕੁਛ ਲੇਖਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਆਪ ਨੂੰ ਇਸ ਪ੍ਰਭਾਵ ਤੋਂ ਨਿਰਲੇਪ ਦਸਦੇ ਹਨ। ਉਹ ਸਾਡੇ ਮਿਥਿਹਾਸ ਦੀਆਂ ਉਹਨਾਂ ਮਹਾਨ ਹਸਤੀਆਂ ਵਰਗੇ ਹੁੰਦੇ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਡੇ ਵਾਂਗ ਨਹੀਂ ਸਨ ਜਨਮੇ ਸਗੋਂ ਸਿੱਧੇ ਉੱਤੋਂ ਉੱਤਰੇ ਸਨ। ਇਕ ਆਦਮੀ ਨੇ ਬੁਝਾਰਤ ਪਾਈ, ਚੁਰਚੁਰ ਕਰਦੀ, ਮੁਰਮੁਰ ਕਰਦੀ, ਪੂਛ ਹਿਲਾ ਕੇ ਪਿੱਪਲ ਚੜ੍ਹਦੀ! ਦੂਜੇ ਨੇ ਬੁੱਝੀ, ਮ੍ਹੈਂਸ। ਪਹਿਲੇ ਨੇ ਉਹਦੀ ਅਕਲ ਦਾ ਸਿੱਕਾ ਮੰਨ ਕੇ ਪੁੱਛਿਆ, ਭਾਈ ਸਾਹਿਬ, ਤੁਹਾਡਾ ਉਸਤਾਦ ਕੌਣ ਹੈ? ਉਹ ਮਾਣ ਨਾਲ ਬੋਲਿਆ, ਉਸਤਾਦ ਦੀ ਐਸੀ-ਤੈਸੀ, ਅੰਦਰੋਂ ਹੀ ਔੜਦੀਆਂ ਨੇ!
ਮੈਨੂੰ ਇਹ ਮੰਨਣ ਵਿਚ ਬਿਲਕੁਲ ਕੋਈ ਝਿਜਕ ਨਹੀਂ ਕਿ ਮੈਂ ਪਹਿਲਾਂ ਤੋਂ ਹੀ ਅਜਿਹੇ ਬੁਝਾਰਤ-ਬੁੱਝਾਂ ਵਰਗਾ 'ਪ੍ਰਤਿਭਾਸ਼ਾਲੀ' ਨਹੀਂ ਰਿਹਾ। ਮੈਂ ਮੋਹਨ ਸਿੰਘ, ਅੰਮ੍ਰਿਤਾ, ਆਦਿ ਕਵੀਆਂ ਨੂੰ ਅਤੇ ਨਾਨਕ ਸਿੰਘ, ਸੁਜਾਨ ਸਿੰਘ, ਦੁੱਗਲ, ਸੇਖੋਂ, ਸਤਿਆਰਥੀ, ਵਿਰਕ ਆਦਿ ਗਲਪਕਾਰਾਂ ਨੂੰ ਅਣਹੋਏ ਜਾਣ-ਮੰਨ ਕੇ ਉਹਨਾਂ ਦੇ ਬਿਨਾਂ ਜਾਂ ਉਹਨਾਂ ਦੇ ਬਾਵਜੂਦ ਲੇਖਕ ਨਹੀਂ ਬਣਿਆ। ਜੇ ਉਹ ਨਾ ਹੁੰਦੇ, ਮੈਂ ਨਾ ਹੁੰਦਾ! ਮੈਂ ਤਾਂ ਸਾਹਿਤਕ ਮਟਕੇ ਵਿਚ ਬੂੰਦ ਬੂੰਦ ਜੋੜੀ ਹੈ। ਮਟਕਾ ਛੋਟਾ ਹੈ ਕਿ ਵੱਡਾ, ਕਿੰਨਾ ਕੁ ਭਰਿਆ ਹੈ ਜਾਂ ਕਿੰਨਾ ਕੁ ਉਣਾ, ਇਹ ਨਿਰਣਾ ਕਰਨਾ ਮੇਰਾ ਅਧਿਕਾਰ ਨਹੀਂ, ਸਿਰਫ਼ ਤੇ ਸਿਰਫ਼ ਮੇਰੇ ਸਾਥੀ ਲੇਖਕਾਂ ਅਤੇ ਰਸੀਏ ਪਾਠਕਾਂ ਦਾ ਹੈ। ਮੇਰਾ ਤਾਂ ਸੁਭਾਗ ਇਹ ਰਿਹਾ ਕਿ ਛੋਟੇ ਹੁੰਦਿਆਂ ਜਿਨ੍ਹਾਂ ਲੇਖਕਾਂ ਦੇ ਦਰਸ਼ਨਾਂ ਦੀ ਲੋਚਾ ਰਹਿੰਦੀ ਸੀ ਜਾਂ ਉਸ ਸਮੇਂ ਕਦੀ ਅੱਗੇ ਚੱਲ ਕੇ ਜਿਨ੍ਹਾਂ ਦੇ ਪਿੱਛੇ ਪਿੱਛੇ ਤੁਰਨ ਦਾ ਸੁਫ਼ਨਾ ਲਿਆ ਸੀ, ਉਹਨਾਂ ਨੇ ਉਂਗਲ ਫੜਾ ਕੇ ਆਪਣੇ ਨਾਲ ਤੋਰਿਆ। ਸ਼ਬਦ ਦੇ ਉਹਨਾਂ ਉੱਚ-ਦੁਮਾਲੜੇ ਧਨੀਆਂ ਤੋਂ ਮਿਲੇ ਮੋਹ-ਪਿਆਰ ਦਾ ਮੈਂ ਸਦੀਵੀ ਰਿਣੀ ਹਾਂ। ਹਾਣੀਆਂ ਦੇ ਆਪਸੀ ਆਦਰ ਦਾ ਵੀ ਕੋਈ ਅੰਤ ਨਹੀਂ ਰਿਹਾ ਤੇ ਆਪਣੇ ਨਾਲੋਂ ਨਿੱਕਿਆਂ ਤੋਂ ਮਿਲਦੇ ਸਤਿਕਾਰ ਦਾ ਵੀ ਕੋਈ ਪਾਰਾਵਾਰ ਨਹੀਂ।
ਹਾਂ, ਇਸ ਵਾਰ ਮੈਂ ਜਿਨ੍ਹਾਂ ਸ਼ਖ਼ਸੀਅਤਾਂ, ਗੱਲਾਂ ਤੇ ਘਟਨਾਵਾਂ ਨੂੰ ਸਿਮਰਨਾ ਹੈ, ਉਹ ਉਪਰੋਕਤ ਖਾਨੇ ਵਿਚ ਨਹੀਂ ਆਉਂਦੀਆਂ। ਇਹ ਤਾਂ ਉਹ ਹਨ ਜੋ ਆਮ ਕਰਕੇ ਭੁੱਲ ਜਾਂਦੀਆਂ ਹਨ ਜਾਂ ਫੇਰ ਮਹੱਤਵਹੀਣ ਦਿਸਦੀਆਂ ਹਨ। ਮੇਰਾ ਉਦੇਸ਼ ਉਹਨਾਂ ਦੇ ਚੇਤੇ ਸਾਂਝੇ ਕਰਨਾ ਹੈ। ਉਹ ਕੱਚੀ ਤੇ ਅਸਾਹਿਤਕ ਉਮਰੇ ਮਨ ਦੀ ਮਿੱਟੀ ਵਿਚ ਸਾਹਿਤ ਦੇ ਬੀ ਬਣ ਕੇ ਪਈਆਂ ਅਤੇ ਅੱਗੇ ਚੱਲ ਕੇ ਵਾਹਵਾ ਮੌਲੀਆਂ-ਵਿਗਸੀਆਂ। ਹਰ ਮਹੀਨੇ ਦੇ ਦੂਜੇ ਤੇ ਚੌਥੇ ਐਤਵਾਰ ਇਹਨਾਂ ਬੀਆਂ ਦੀ ਹੀ ਗੱਲ ਕਰਿਆ ਕਰਾਂਗੇ।