Thursday, 14 June 2012 06:31
Print PDF

'ਪ੍ਰੇਮੀ ਖਾਤਰ ਪੁੱਤਰ ਨੂੰ ਕੀਤਾ ਕਤਲ'

''ਇਕ 35 ਵਰ੍ਹਿਆਂ ਦੀ ਵਿਧਵਾ ਔਰਤ ਵੱਲੋਂ ਆਪਣੇ 12 ਵਰ੍ਹਿਆਂ ਦੇ ਮੁੰਡੇ ਨੂੰ ਜਾਨੋਂ ਮਾਰਨ ਦੀ ਖ਼ਬਰ ਮਿਲੀ ਹੈ। ਪੁਲਿਸ ਮੁਤਾਬਕ ਇਸ ਔਰਤ ਦੇ ਆਪਣੇ ਹੀ ਗੁਆਂਢ ਵਿਚ ਰਹਿੰਦੇ 25 ਸਾਲਾ ਨੌਜਵਾਨ ਨਾਲ ਨਜਾਇਜ਼ ਸਬੰਧ ਸਨ। ਆਪਣੇ 12 ਵਰ੍ਹਿਆਂ ਦੇ ਪੁੱਤ ਨੂੰ ਅੜਿੱਕਾ ਸਮਝਦੇ ਹੋਏ ਔਰਤ ਨੇ ਪ੍ਰੇਮੀ ਦੀ ਮਦਦ ਨਾਂਲ ਆਪਣੇ ਸੁੱਤੇ ਪਏ ਪੁੱਤ ਦਾ ਗਲਾ ਘੁੱਟ ਦਿੱਤਾ।
'ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ'
''ਇਸ਼ਕ ਵਿਚ ਅੰਨ੍ਹੀ ਔਰਤ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਆਪਣੇ ਅਣਵਿਆਹੇ ਪ੍ਰੇਮੀ ਨਾਲ ਦੌੜ ਗਈ।'
'ਪ੍ਰੇਮੀ ਨਾ ਮਿਲ ਕੇ ਪਤੀ ਦਾ ਕਤਲ'
'ਆਪਣੇ ਪ੍ਰੇਮ ਸਬੰਧਾਂ ਵਿਚ ਰੋੜਾ ਅਟਕਾਉਣ ਵਾਲੇ ਪਤੀ ਨੂੰ ਪਤਨੀ ਅਤੇ ਉਸਦੇ ਪ੍ਰੇਮੀ ਨੇ ਖਤਮ ਕਰ ਦਿੱਤਾ''
ਅਜਿਹੀਆਂ ਸੁਰਖੀਆਂ ਨਿੱਤ ਦਿਨ ਸਾਡੇ ਅਖ਼ਬਾਰਾਂ ਵਿਚ ਪ੍ਰਮੁੱਖ ਥਾਂ ਘੇਰਦੀਆਂ ਹਨ। ਕਮਾਲ ਇਸ ਗੱਲ ਵਿਚ ਵੀ ਹੈ ਕਿ ਪਾਠਕ ਅਜਿਹੀਆਂ ਖ਼ਬਰਾਂ ਨੂੰ ਬੜੀਆਂ ਚੁਸਕੀਆਂ ਲੈ ਕੇ ਪੜ੍ਹਦੇ ਹਨ। ਦਿਲਚਸਪੀ ਨਾਲ ਪੜ੍ਹੀਆਂ ਜਾਣ ਵਾਲੀਆਂ ਅਜਿਹੀਆਂ ਖ਼ਬਰਾਂ ਸਾਡੇ ਸਮਾਜ ਵਿਚ

 ਰਿਸ਼ਤਿਆਂ ਦੇ ਵਿਸ਼ਵਾਸ ਦੇ ਹੋ ਰਹੇ ਘਾਣ ਦਾ ਦਰਪਣ ਹੁੰਦੀਆਂ ਹਨ ਪਰ ਅਸੀਂ ਆਪਣੇ ਸਮਾਜ ਦੇ ਇਸ ਚਿਹਰੇ ਨੂੰ ਸੰਜੀਦਗੀ ਨਾਲ ਪਰਖਣ ਤੋਂ ਅਵੇਸਲੇ ਹਾਂ। ਸਾਡਾ ਅਵੇਸਲਾਪਣ ਉਦੋਂ ਹੋਰ ਵੀ ਗਹਿਰਾ ਹੋ ਜਾਂਦਾ ਹੈ ਜਦੋਂ ਅਸੀਂ ਇਨ੍ਹਾਂ ਖ਼ਬਰਾਂ ਵਿਚਲੀ ਸਚਾਈ ਦੀ ਪੜਚੋਲ ਕਰਨ ਦੀ ਬਜਾਏ ਸਵਾਦ ਲੈਣਾ ਸ਼ੁਰੂ ਕਰ ਦਿੰਦੇ ਹਾਂ। ਸਾਡੇ ਸਮਾਜ ਵਿਚਲੀ ਸੈਕਸ ਭੁੱਖ ਨੂੰ ਉਜਾਗਰ ਕਰਦੀਆਂ ਇਹ ਖ਼ਬਰਾਂ ਇਸ ਗੱਲ ਵੱਲ ਵੀ ਸੰਕੇਤ ਕਰਦੀਆਂ ਹਨ ਕਿ ਅੱਜ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਕਾਮ ਦੀ ਕਾਮਨਾ ਨੇ ਵਿਸ਼ਵਾਸਘਾਤੀ ਬਣਾ ਦਿੱਤਾ ਹੈ। ਅਜਿਹੀਆਂ ਖ਼ਬਰਾਂ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ ਸਮਾਜ ਸਾਹਮਣੇ। ਜਿਵੇਂ- ਕੀ ਮਾਂ ਅਤੇ ਪੁੱਤ ਦਾ ਮੋਹ ਦੇ ਪਵਿੱਤਰ ਰਿਸ਼ਤੇ ਨਾਲੋਂ ਨਜਾਇਜ਼ ਤੌਰ ਤੇ ਪਣਪਿਆ ਕਾਮ ਦਾ ਰਿਸ਼ਤਾ ਵੱਡਾ ਹੈ?
ਕੀ ਸੀਤਾ ਸਵਿੱਤਰੀ ਦੇ ਇਸ ਦੇਸ਼ ਵਿਚ ਸੈਕਸ ਦੀ ਭੁੱਖ ਮਿਟਾਉਣ ਤੋਂ ਰੋਕਣ ਵਾਲੇ ਪਤੀ ਨੂੰ ਮਰਵਾ ਦੇਣਾ ਕਾਮ ਦੇ ਰਿਸ਼ਤੇ ਦਾ ਭਾਰੂ ਹੋਣ ਦਾ ਸੰਕੇਤ ਨਹੀਂ।
ਕੀ ਸਮਾਜ ਵਿਚ ਵੱਡੀ ਪੱਧਰ ਤੇ ਫੈਲ ਰਿਹਾ ਦੇਹ ਵਪਾਰ ਦਾ ਧੰਦਾ ਸੈਕਸ ਦੀ ਭੁੱਖ ਅਤੇ ਕਾਮ ਅਤ੍ਰਿਪਤੀ ਵੱਲ ਇਸ਼ਾਰਾ ਨਹੀੀ ਕਰਦਾ। ਕੀ ਸਾਡੇ ਸਮਾਜ ਵਿਚ ਰਿਸ਼ਤਿਆਂ ਵਿਚ ਵੱਧ ਰਿਹਾ ਵਿਸ਼ਵਾਸਘਾਤ ਦਾ ਵੱਡਾ ਕਾਰਨ ਨਜਾਇਜ਼ ਸੈਕਸ ਸਬੰਧ ਨਹੀਂ।
ਇਨ੍ਹਾਂ ਨਜਾਇਜ਼ ਸਬੰਧਾਂ ਦੇ ਪਿੱਛੇ ਕਿਹੜੇ ਕਿਹੜੇ ਕਾਰਨ ਲੁਕੇ ਪਏ ਹਨ। ਕੀ ਪੈਸਾ ਹੈ? ਸੈਕਸ ਅਤ੍ਰਿਪਤੀ ਹੈ ਜਾਂ ਬਦਲਵੇਂ ਸੈਕਸ ਸਵਾਦਾਂ ਦਾ ਚਸਕਾ ਹੈ। ਉਕਤ ਕੁਝ ਅਜਿਹੇ ਸਵਾਲ ਹਨ, ਜਿਹਨਾਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਪਰ ਅਸਾਨ ਨਹੀਂ। ਅਸੀਂ ਸਾਰੇ ਵੀ ਸਮਾਜ ਦਾ ਹਿੱਸਾ ਹਾਂ। ਅਸੀਂ ਇਨ੍ਹਾਂ ਬਾਰੇ ਕੀ ਸੋਚਦੇ ਹਾਂ ਅਤੇ ਇਸ ਸਮੱਸਿਆ ਤੇ ਕਿਵੇਂ ਠੱਲ੍ਹ ਪਾਈ ਜਾ ਸਕਦੀ ਹੈ, ਮੇਨੂੰ ਆਸ ਹੈ ਕਿ ਪਾਠਕ ਆਪਣੀ ਰਾਏ ਜ਼ਰੂਰ ਭੇਜਣਗੇ।


ਜਿੱਥੇ ਬੱਚੇ ਖੁਦਕੁਸ਼ੀ ਦੇ ਨੋਟ ਨਾ ਲਿਖਣ
ਡਾ. ਹਰਜਿੰਦਰ ਵਾਲੀਆ
'ਮੈਂ ਭਰੇ ਮਨ ਨਾਲ ਦੁਨੀਆਂ ਤੋਂ ਜਾ ਰਿਹਾ ਹਾਂ। 18 ਵਰ੍ਹਿਆਂ ਦੀ ਉਮਰ ਵਿਚੋਂ ਚਾਰ ਪੰਜ ਸਾਲ ਹੀ ਮੇਰੇ ਆਪਣੇ ਸਨ। ਉਸ ਤੋਂ ਬਾਅਦ ਤਾਂ ਸਕੂਲ ਸੀ, ਹੋਮ ਵਰਕ ਸੀ, ਨੰਬਰ ਸਨ ਜਾਂ ਫਿਰ ਮੇਰੇ ਮੰਮੀ ਪਾਪਾ ਦਾ ਸੁਪਨਾ ਸੀ। ਡਾ. ਪਾਪਾ ਮੈਨੂੰ ਡਾਕਟਰ ਵੇਖਣਾ ਚਾਹੁੰਦੇ ਸਨ, ਹਰ ਹੀਲੇ ਅਤੇ ਬਚਪਨ ਤੋਂ ਇਸ ਦੌੜ ਵਿਚ ਮੈਨੂੰ ਪਾ ਦਿੱਤਾ ਗਿਆ। ਮੈਂ ਨੱਚਣਾ ਚਾਹੁੰਦਾ ਸਾਂ, ਗਾਉਣਾ ਚਾਹੁੰਦਾ ਸਾਂ। ਮੇਰਾ ਸੁਪਨਾ ਗਾਇਕ ਬਣਨ ਦਾ ਸੀ ਪਰ ਉਸਦੀ ਕਿਸੇ ਨੂੰ ਪਰਵਾਹ ਨਹੀਂ ਸੀ। ਪਾਪਾ ਦੇ ਇੱਡੇ ਵੱਡੇ ਹਸਪਤਾਲ ਲਈ ਕੋਈ ਮਾਲਕ ਚਾਹੀਦਾ ਸੀ। ਡਾਕਟਰ ਮਾਲਕ। ਮੇਰੀ ਮਰਜੀ ਦੇ ਵਿਰੁੱਧ ਮੈਨੂੰ ਮੈਡੀਕਲ ਦਿਵਾਇਆ ਗਿਆ। ਮੈਨੂੰ ਫਿਜੀਕਸ਼ ਤੋਂ ਚਿੜ ਸੀ, ਕੈਮਿਸਟਰੀ ਮੈਨੂੰ ਕਦੇ ਵੀ ਚੰਗੀ ਨਹੀਂ ਲੱਗੀ ਸੀ। ਬਾਇਓਲਾਜੀ ਨੇ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਜਿੰਨੀ ਹੋ ਸਕੀ ਮੈਂ ਮਿਹਨਤ ਕੀਤੀ ਪਰ ਮੈਂ ਪਲੱਸ ਟੂ ਵਿਚੋਂ ਪਾਸ ਨਹੀਂ ਹੋ ਸਕਿਆ। ਪਾਪਾ ਦੀਆਂ ਗਾਲ਼ਾਂ ਤੋਂ ਡਰ ਲੱਗਦੈ ਅਤੇ ਮੰਮਾ ਦੀਆਂ ਉਦਾਸੀ ਅਤੇ ਮਜਬੂਰ ਅੱਖਾਂ ਮੈਨੂੰ ਬੇਚੈਨ ਕਰ ਰਹੀਆਂ ਹਨ। ਨਤੀਜੇ ਵਜੋਂ ਕੁਝ ਦੇਰ ਬਾਅਦ ਘਰ ਵਿਚਲੇ ਤਣਾਅਪੂਰਨ ਮਾਹੌਲ ਵਿਚ ਮੇਰਾ ਸਾਹ ਘੁੱਟ ਰਿਹੈ। ਉਂਝ ਵੀ ਮੈਂ ਜ਼ਿੰਦਗੀ ਤੋਂ ਅੱਕ ਗਿਆ ਹਾਂ। ਜੋ ਕਰਨਾ ਚਾਹੁੰਦਾ ਹਾਂ ਕਰ ਨਹੀਂ ਸਕਦਾ, ਜੋ ਮਜਬੂਰਨ ਮੈਥੋਂ ਕਰਵਾਇਆ ਜਾ ਰਿਹਾ ਹੈ, ਉਹ ਮੈਂ ਕਰਨਾ ਨਹੀਂ ਚਾਹੁੰਦਾ। ਸੋ, ਮੇਂ ਜਾ ਰਿਹਾ ਹਾਂ। ਮੇਰੀ ਮਾਏ ਮੈਨੂੰ ਮੁਆਫ ਕਰੀਂ, ਇਸ ਜ਼ਿੰਦਗੀ ਵਿਚ ਤਾਂ ਤੇਰਾ ਸੁਪਨਾ ਪੂਰਾ ਨਹੀਂ ਕਰ ਸਕਿਆ। ਮੈਂ ਮੇਰੀ ਮੌਤ ਲਈ- ਮੈਂ ਹੀ ਜ਼ਿੰਮੇਵਾਰ ਹਾਂ, ਕੋਈ ਹੋਰ ਨਹੀਂ।'
ਬੱਚੇ ਦੀ ਲਾਸ਼ ਦੇ ਲਾਗਿਉਂ ਇਸ ਕਿਸਮ ਦਾ ਪੱਤਰ ਮਿਲਦਾ ਹੈ, ਜਿਸਨੂੰ ਪੜ੍ਹ ਕੇ ਡਾਕਟਰ ਜੋੜਾ ਧਾਹਾਂ ਮਾਰ ਕੇ ਵਿਰਲਾਪ ਕਰ ਰਿਹਾ ਹੈ। ਪਰ ਲੰਘਿਆ ਵੇਲਾ ਹੱਥ ਨਹੀਂ ਆਉਂਦਾ। ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਤੋਂ ਬਾਅਦ ਫੇਲ੍ਹ ਹੋਏ ਬੱਚਿਆਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਉਕਤ ਬੱਚੇ ਵੱਲੋਂ ਕੀਤੀ ਖੁਦਕੁਸ਼ੀ ਨੇ ਕੁਝ ਸਵਾਲ ਖੜ੍ਹੇ ਕੀਤੇ ਹਨ, ਸਾਡੇ ਸਮਾਜ ਦੇ ਸਾਹਮਣੇ। ਅਜਿਹੇ ਸਵਾਲ ਜਿਸਦਾ ਜਵਾਬ ਤਲਾਸ਼ਣ ਲਈ ਮਾਪਿਆਂ ਨੂੰ ਆਪਣੇ ਅੰਤਹਕਰਨ ਵਿਚ ਜਾ ਕੇ ਸਵੈ ਪੜਚੋਲ ਕਰਨ ਦੀ ਲੋੜ ਹੈ।
ਬਿਨਾਂ ਸ਼ੱਕ ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਪਰ ਕੀ ਇਸ ਮੁਕਾਬਲੇ ਦੇ ਯੁੱਗ ਵਿਚ ਬੱਚਿਆਂ ਨੂੰ ਬਲੀ ਦੇ ਬੱਕਰੇ ਬਣਾਉਣਾ ਜਾਇਜ਼ ਹੈ? ਬਹੁਤੀ ਵਾਰ ਅਸੀਂ ਬੱਚਿਆਂ ਦੀ ਭਲਾਈ ਦੇ ਨਾਮ ਉਪਰ ਉਹਨਾਂ ਦੀ ਮਾਸੂਮੀਅਤ ਨੂੰ ਕਤਲ ਕਰ ਦਿੰਦੇ ਹਾਂ। ਆਪਣੇ ਅਧੂਰੇ ਸੁਪਨੇ ਪੂਰੇ ਕਰਨ ਲਈ ਅਣਜਾਣੇ ਵਿਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਬੈਠਦੇ ਹਾਂ। ਭਾਵੇਂ ਇਹ ਵਰਤਾਰਾ ਨਵਾਂ ਨਹੀਂ। ਪਿਤਾ ਕਾਲੂ ਜੀ ਬਾਬਾ ਨਾਨਕ ਤੋਂ ਵੀ ਵਪਾਰ ਦੀ ਆਸ ਰੱਖਦੇ ਸਨ। ਪਰ ਬਾਬਾ ਨਾਨਕ ਤਾਂ ਇਸ ਦੁਨੀਆਂ ਨੂੰ ਸੱਚੇ ਸੌਦੇ ਦਾ ਸਬਕ ਪੜ੍ਹਾਉਣ ਲਈ ਸਨ ਪਰ ਇਹ ਪਿਤਾ ਦੀ ਸਮਝ ਤੋਂ ਪਰ੍ਹੇ ਦੀ ਗੱਲ ਸੀ। ਪਿਤਾ ਦੇ ਗੁੱਸੇ ਤੋਂ ਡਰਦੇ ਜਿੱਥੇ ਬਾਲ ਨਾਨਕ ਲੁਕਿਆ ਸੀ, ਉਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਖੈਰ ਬਾਬਾ ਨਾਨਕ ਦੀ ਸਾਖੀ ਤਾਂ ਇਸ ਪ੍ਰਸੰਗ ਵਿਚ ਉਂਝ ਹੀ ਯਾਦ ਆ ਗੲਂ। ਗੱਲ ਤਾਂ ਅਸਲ ਵਿਚ ਇਹ ਚੱਲ ਰਹੀ ਸੀ ਕਿ ਬੱਚਿਆਂ ਦੇ ਭਵਿੱਖ ਦਾ ਫੈਸਲਾ ਉਹਨਾਂ ਦੀ ਰੁਚੀ ਮੁਤਾਬਕ ਕੀਤਾ ਜਾਵੇ ਜਾਂ ਫਿਰ ਆਪਣੀਆਂ ਅਧੂਰੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਅਨੁਸਾਰ। ਅੱਜ ਮਾਪੇ ਅਤੇ ਬੱਚੇ ਦੋਵੇਂ ਦੁਬਿਧਾ ਦਾ ਸ਼ਿਕਾਰ ਹਨ।
ਬੱਚਿਆਂ ਦੀ ਪੜ੍ਹਾਈ ਦੇ ਵਿਸ਼ਿਆਂ ਦੀ ਚੋਣ ਬੱਚਿਆਂ ਦੀ ਰੁਚੀ ਅਤੇ ਦਿਲਚਸਪੀ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਜਾਂ ਮੁਕਾਬਲੇ ਦੇ ਯੁੱਗ ਨੂੰ ਜ਼ਿਹਨ ਵਿਚ ਰੱਖ ਕੇ ਕੀਤੀ ਜਾਵੇ? ਕੀ ਬੱਚਿਆਂ ਦੇ ਭਵਿੱਖ ਨੂੰ ਆਪਣੇ ਅਧੂਰੇ ਸੁਪਨਿਆਂ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਨਾ। ਕੀ ਗੁਆਂਢੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਸਫਲਤਾ ਨੂੰ ਵੇਖ ਕੇ ਆਪਣੇ ਬੱਚੇ ਨੂੰ ਵੀ ਉਸ ਤਰ੍ਹਾਂ ਦੀ ਉਪਲਬਧੀ ਲਈ ਮਜਬੂਰ ਕਰਨਾ ਜਾਇਜ਼ ਹੈ? ਤੇਰੇ ਚਾਚੇਦੀ ਕੁੜੀ ਡਾਕਟਰ ਬਣ ਗਈ ਤੂੰ ਕਿਉਂ ਨਹੀਂ ਬਣ ਸਕਦਾ?'' ਜੇ ਮੇਰਾ ਬਾਪ ਮੈਨੂੰ ਅਜਿਹੀਆਂ ਸੁਵਿਧਾਵਾਂ ਦਿੰਦਾ ਜਿਹੜੀਆਂ ਮੈਂ ਤੈਨੂੰ ਦੇ ਰਿਹਾ ਹਾਂ ਤਾਂ ਮੈਂ ਕਿਤੇ ਦਾ ਕਿਤੇ ਪਹੁੰਚਿਆ ਹੁੰਦਾ। ਹੁਣ ਤੂੰ ਹੀ ਮੇਰਾ ਸੁਪਨਾ ਪੂਰਾ ਕਰਨਾ ਹੈ।' ਕੀ ਆਪਣੀ ਅਧੂਰੀ ਇੱਛਾ ਨੂੰ ਪੂਰਾ ਕਰਨ ਲਈ ਬੱਚੇ ਦੀ ਦਿਲਚਸਪੀ ਨੂੰ ਨਜ਼ਰਅੰਦਾਜ਼ ਕਰਨਾ ਸਹੀ ਹੈ? ਅਜਿਹੇ ਕਿੰਨੇ ਹੀ ਸਵਾਲ ਹਨ ਜੋ ਮਾਪਿਆਂ ਨੇ ਆਪਣੇ ਆਪ ਨੂੰ ਕਰਨੇ ਹਨ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ ਕੇ ਬੱਚਿਆਂ ਦੇ ਭਵਿੱਖ ਨਾਲ ਭਾਵੇਂ ਅਣਜਾਣੇ ਵਿਚ ਹੀ ਸਹੀ ਪਰ ਹੋ ਰਹੇ ਖਿਲਵਾੜ ਨੂੰ ਰੋਕਣਾ ਹੈ। ਮੈਨੂੰ ਇਸ ਸਬੰਧੀ ਤੁਹਾਡੇ ਸੁਝਾਵਾਂ ਦੀ ਵੀ ਉਡੀਕ ਹੈ। ਇਸ ਤਰ੍ਹਾਂ ਦਾ ਮਾਹੌਲ ਸਿਰਜੀਏ ਜਿਸ ਵਿਚ ਬੱਚੇ ਨੂੰ ਗੀਤ ਲਿਖਣ ਦੀ ਬਜਾਏ ਖੁਦਕੁਸ਼ੀ ਨੋਟ ਨਾ ਲਿਖਣਾ ਪਵੇ।

 

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਿਸ਼ਤਿਆਂ ਤੇ ਭਾਰੂ ਹੋ ਰਿਹਾ ਕਾਮ

Currency Converter

Amount:
From:
To:


Gurbani Radio


Gurbani - Sri Harmandir Sahib