Thursday, 14 June 2012 07:41
Print PDF

ਜਸਵੰਤ ਸਿੰਘ 'ਅਜੀਤ'

ਸ਼ਾਇਦ ਉਪ੍ਰੋਕਤ ਹੈਡਿੰਗ ਕਈਆਂ ਦੇ ਗਲੇ ਨਹੀਂ ਉਤਰੇਗਾ ਅਤੇ ਉਨ੍ਹਾਂ ਦੇ ਦਿਲ ਨੂੰ ਕਟੋਚਦਾ ਵੀ ਰਹੇਗਾ, ਪ੍ਰੰਤੂ ਇਸ ਸੱਚਾਈ ਨੂੰ ਝੁਠਲਾਇਆ ਵੀ ਤਾਂ ਨਹੀਂ ਜਾ ਸਕਦਾ, ਕਿ ਅੱਜ ਸਿੱਖ ਪੂਰੀ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡੇ ਗਏ ਹੋਏ ਹਨ। ਇਸ ਦਾ ਪ੍ਰੱਤਖ ਪ੍ਰਮਾਣ ਇਹ ਹੈ ਕਿ ਇਨ੍ਹਾਂ ਹੀ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਿੱਖਾਂ ਦੀ ਇੱਕ ਧਿਰ ਵਲੋਂ 25 ਮਈ ਨੂੰ ਮਨਾਇਆ ਗਿਆ, ਜੱਦ ਕਿ ਦੂਸਰੀ ਧਿਰ ਇਸ ਪੁਰਬ ਨੂੰ 16 ਜੂਨ ਨੂੰ ਮੰਨਾਉਣ ਜਾ ਰਹੀ ਹੈ। ਦੋਹਾਂ ਧਿਰਾਂ ਦਾ ਦਾਅਵਾ ਹੈ ਕਿ ਉਹ ਅਜਿਹਾ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਅਨੁਸਾਰ ਹੀ ਕਰ ਰਹੀਆਂ ਹਨ। ਆਪੋ-ਆਪਣੇ ਇਸ ਦਾਅਵੇ ਦੇ ਹੱਕ ਵਿੱਚ ਇੱਕ ਧਿਰ ਵਲੋਂ ਸੰਨ-2010 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਲਾਗੂ ਕੀਤੇ ਗਏ ਸੌਧੇ ਨਾਨਕਸ਼ਾਹੀ ਕੈਲੰਡਰ ਦਾ ਹਵਾਲਾ ਦਿੱਤਾ ਜਾਂਦਾ ਹੈ, ਜੱਦ ਕਿ ਦੂਸਰੀ ਧਿਰ ਸੰਨ-2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਵਾਲਾ ਦਿੰਦਿਆਂ ਆਪਣੀ ਗਲ ਦੀ ਪੁਸ਼ਟੀ ਕਰਦੀ ਹੈ। ਜੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਦੋ ਵੱਖ-ਵੱਖ ਨਾਨਕਸ਼ਾਹੀ ਕੈਲੰਡਰਾਂ ਦੀ ਸਥਿਤੀ ਨੂੰ ਵੇਖਿਆ-ਪਰਖਿਆ ਜਾਏ ਤਾਂ ਦੋਵੇਂ ਹੀ ਧਿਰਾਂ ਕਿਸੇ ਸੀਮਾ ਤਕ ਆਪੋ-ਆਪਣੇ ਦਾਅਵੇ ਪ੍ਰਤੀ ਸੱਚੀਆਂ ਨਜ਼ਰ ਆਉਂਦੀਆਂ ਹਨ। ਪ੍ਰੰਤੂ ਦੂਸਰੇ ਪਾਸੇ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ, ਇਸ ਗੱਲ ਨੂੰ ਵੀ ਤਾਂ ਸਵੀਕਾਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਦੇ ਨਾਂ 'ਤੇ ਸ੍ਰੀ ਅਕਾਲ ਤਖ਼ਤ ਦਾ ਸਹਾਰਾ ਲੈ, ਸਿੱਖਾਂ ਨੂੰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਵੰਡ ਦਿੱਤਾ ਗਿਆ ਹੈ, ਕਿਉਂਕਿ ਦੋ ਕੈਲੰਡਰਾਂ ਦੇ ਲਾਗੂ ਹੋ ਜਾਣ ਕਾਰਣ ਸਾਲ ਵਿੱਚ ਹਰ ਪੁਰਬ ਦੋ-ਦੋ ਵਾਰ ਮਨਾਇਆ ਜਾਣ ਲਗਾ ਹੈ। ਇੱਕ ਧਿਰ ਸੰਨ-2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੁਰਬ ਮੰਨਾਉਂਦੀ ਹੈ ਤੇ ਦੂਸਰੀ ਸੰਨ-2010 ਵਿੱਚ ਜਾਰੀ ਸੋਧੇ ਨਾਨਕਸ਼ਾਹੀ ਕੈਲੰਡਰ ਦੀ ਮਾਨਤਾ ਨੂੰ ਸਵੀਕਾਰ

ਕਰ ਪੁਰਬ ਮਨਾ ਰਹੀ ਹੈ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਨੇ ਹੀ ਸਿੱਖਾਂ ਨੂੰ ਦੋ ਹਿਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ।
ਇਸ ਸਮੇਂ ਜੱਦ ਕਿ ਨਾਨਕਸ਼ਾਹੀ ਕੈਲੰਡਰ ਦੇ ਦੋ ਰੂਪਾਂ ਨੂੰ ਲੈ ਕੇ ਸਿੱਖ ਪੂਰੀ ਤਰ੍ਹਾਂ ਦੋ ਕੈਂਪਾਂ ਵਿੱਚ ਵੰਡੇ ਗਏ ਹੋਏ ਹਨ, ਇਸ ਪ੍ਰਸ਼ਨ ਦਾ ਉੱਤਰ ਜ਼ਰੂਰ ਤਲਾਸ਼ਿਆ ਜਾਣਾ ਚਾਹੀਦਾ ਹੈ ਕਿ ਜਦੋਂ ਕਿ ਲੰਮੇਂ ਵਿਚਾਰ-ਵਟਾਂਦਰੇ ਤੋਂ ਬਾਅਦ ਸੰਨ-2003 ਵਿੱਚ ਸ੍ਰੀ ਅਕਾਲ ਤਖ਼ਤ ਤੋਂ ਇਹ ਦਾਅਵਾ ਕਰਦਿਆਂ ਨਾਨਕਸ਼ਾਹੀ ਕੈਲੰਡਰ ਅਪਨਾਣ ਦਾ ਆਦੇਸ਼ (ਹੁਕਮਨਾਮਾ) ਜਾਰੀ ਕੀਤਾ ਗਿਆ ਸੀ, ਕਿ ਇਸ ਦੇ ਲਾਗੂ ਹੋ ਜਾਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ, ਫ਼ਿਰ ਇਸ ਦੇ ਲਾਗੂ ਹੋਣ ਤੋਂ ਸੱਤ ਵਰ੍ਹਿਆਂ ਬਾਅਦ ਅਜਿਹਾ ਕੀ ਵਾਪਰ ਗਿਆ ਜਾਂ ਫ਼ਿਰ ਸੰਨ-2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਦਾ ਕਿਹੜਾ ਉੱਦੇਸ਼ ਪੂਰਾ ਹੋ ਗਿਆ, ਕਿ ਅਚਾਨਕ ਹੀ ਸੱਤ ਵਰ੍ਹੇ ਪਹਿਲਾਂ ਵੱਡੇ-ਵੱਡੇ ਦਾਅਵਿਆਂ ਨਾਲ ਉਠਾਏ ਗਏ ਕਦਮਾਂ ਨੂੰ ਬਿਨਾਂ ਵਿਚਾਰੇ ਵਾਪਸ ਲੈ ਸੰਨ-2010 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰ, ਉਸ ਨੂੰ ਸੰਨ-2003 ਤੋਂ ਪਹਿਲਾਂ ਦਾ ਰੂਪ ਦੇ, ਸ੍ਰੀ ਅਕਾਲ ਤਖ਼ਤ ਤੋਂ ਹੀ ਲਾਗੂ ਕਰਨ ਦਾ ਆਦੇਸ਼ (ਹੁਕਮਨਾਮਾ) ਜਾਰੀ ਕਰਵਾਣ ਦੀ ਲੋੜ ਪੈ ਗਈ?
ਇਹ ਗੱਲ ਸੋਚਣ-ਸਮਝਣ ਦੀ ਲੋੜ ਤਕ ਨਹੀਂ ਸਮਝੀ ਗਈ ਕਿ ਸੱਤ ਵਰ੍ਹਿਆਂ ਬਾਅਦ ਲਏ ਜਾ ਰਹੇ ਯੂ-ਟਰਨ ਨਾਲ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਸਿੱਖਾਂ - ਜਿਨ੍ਹਾਂ ਨੇ ਬੀਤੇ ਸੱਤ ਵਰ੍ਹਿਆਂ ਵਿੱਚ ਸੰਨ-2003 ਵਿੱਚ ਬੜੇ ਦਾਅਵਿਆਂ ਨਾਲ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਲਿਆ ਹੈ ਅਤੇ ਉਸ ਸਮੇਂ ਜੋ ਵਿਰੋਧ ਵਿੱਚ ਖੜੇ ਹੋ ਗਏ ਹੋਏ ਸਨ, ਉਹ ਸਿੱਖ ਵੀ ਇਸ ਨੂੰ ਮਾਨਤਾ ਦੇਣ ਲਈ ਅਹਿਸਤਾ-ਆਹਿਸਤਾ ਅੱਗੇ ਆ ਰਹੇ ਹਨ - ਦੇ ਸਾਹਮਣੇ ਆਤਮ-ਸਨਮਾਨ ਨਾਲ ਜੁੜੀਆਂ ਕਈ ਮੁਸ਼ਕਿਲਾਂ ਅਤੇ ਸਮਸਿਆਵਾਂ ਆ ਸਕਦੀਆਂ ਹਨ। ਬੀਤੇ ਸੱਤ ਵਰ੍ਹਿਆਂ ਵਿੱਚ ਉਨ੍ਹਾਂ ਸਥਾਨਕ ਪ੍ਰਸ਼ਾਸਨ ਤੋਂ ਸੰਨ-2003 ਦੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੁਆਈ, ਹੁਣ ਉਹ ਕਿਵੇਂ ਸੱਤ ਵਰ੍ਹਿਆਂ ਬਾਅਦ ਮੁੜ ਪੁਰਾਣੀ ਥਾਂ ਉੱਪਰ ਆ ਜਾਣ ਦੀ ਗਲ ਕਰ, ਪ੍ਰਸ਼ਾਸਨ ਦੀਆਂ ਨਜਥਰਾਂ ਵਿੱਚ ਆਪਣੀ ਸਥਿਤੀ ਹਾਸੋਹੀਣੀ ਬਣਾਉਣ ਲਈ ਤਿਆਰ ਹੋ ਪਾਣਗੇ?
ਇਸ ਪ੍ਰਸ਼ਨ ਦਾ ਜਵਾਬ ਸ਼ਾਇਦ ਕੋਈ ਵੀ ਤਲਾਸ਼ਣਾ ਨਹੀਂ ਚਾਹੇਗਾ ਕਿਉਂਕਿ ਅਜਿਹਾ ਕਰਨ ਨਾਲ ਆਪਣੀਆਂ ਹੀ ਗ਼ਲਤੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ ਨੂੰ ਸਵੀਕਾਰਨ ਦੀ ਦਲੇਰੀ ਕੋਈ ਨਹੀਂ ਕਰ ਪਾਇਗਾ। ਅੱਜ ਜੱਦ ਕਿ ਸਿੱਖ ਦੋ ਹਿਸਿਆਂ ਵਿੱਚ ਵੰਡਿਆ ਦਿਖਾਈ ਦੇਣ ਲਗਾ ਹੈ, ਤਾਂ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਇਸ ਸਮੇਂ ਜੱਦ ਕਿ ਸਭ ਕੁੱਝ ਸਾਹਮਣੇ ਹੈ, ਫ਼ਿਰ ਭੀ ਹਊਮੈ ਦੇ ਸ਼ਿਕਾਰ ਕੇਵਲ ਰਾਜਸੀ ਵਿਅਕਤੀ ਹੀ ਨਹੀਂ, ਸਗੋਂ ਬੁਧੀਜੀਵੀ, ਇਤਿਹਾਸਕਾਰ, ਧਾਰਮਕ ਮੁੱਖੀ ਆਦਿ ਸਾਰੇ ਹੀ, ਇਸ ਵੰਡ ਦੇ ਪਾੜੇ ਨੂੰ ਭਰਨ ਦੇ ਜਤਨ ਕਰਨ ਦੀ ਥਾਂ, ਇਸ ਨੂੰ ਹੋਰ ਚੌੜਾ ਕਰਨ ਵਿੱਚ ਪੂਰੀ ਸ਼ਕਤੀ ਝੌਂਕ, ਜੀ-ਜਾਨ ਨਾਲ ਜੁਟੇ ਵਿਖਾਈ ਦੇ ਰਹੇ ਹਨ।
ਅਕਾਲੀ-ਭਾਜਪਾ ਗਠਜੋੜ ਵਿੱਚ ਤਰੇੜਾਂ: ਦਸਿਆ ਗਿਆ ਹੈ ਕਿ ਇਸ ਵਾਰ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਟਿਕਟ ਅਤੇ ਚੋਣ-ਚਿੰਨ੍ਹ ਉੱਪਰ ਜਿਤੇ ਅਕਾਲੀ ਪਾਰਸ਼ਦਾਂ ਨੂੰ ਭਾਜਪਾ ਵਲੋਂ ਕੋਈ ਵੀ ਪਦ ਜਾਂ ਕਮੇਟੀ ਨਾ ਦੇ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤੇ ਜਾਣ ਦੇ ਫੱਲਸਰੂਪ ਕੇਵਲ ਅਕਾਲੀ ਪਾਰਸ਼ਦ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਵੀ ਭਾਜਪਾ ਦੇ ਦਿੱਲੀ ਪ੍ਰਦੇਸ਼ ਦੇ ਆਗੂਆਂ ਤੋਂ ਨਾਰਾਜ਼ ਹੈ। ਜਿਸ ਕਾਰਣ ਉਸ ਨੇ ਆਪਣੇ ਪਾਰਸ਼ਦਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਇਸ ਵਾਰ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਵਲੋਂ ਦਿੱਤੇ ਗਏ ਕਿਸੇ ਵੀ ਅਹੁਦੇ ਜਾਂ ਕਮੇਟੀ ਨੂੰ ਸਵੀਕਾਰ ਨਾ ਕਰਨ। ਇਹ ਵੀ ਦੱਸਿਆ ਗਿਆ ਹੈ ਕਿ ਦਲ ਦੀ ਕੌਮੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਹ ਆਦੇਸ਼ ਵੀ ਦਿੱਤਾ ਹੈ ਕਿ ਭਵਿਖ ਵਿੱਚ ਉਹ ਸਾਰੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੋਣ-ਚਿੰਨ੍ਹ 'ਤੇ ਹੀ ਲੜਨ ਲਈ ਹੁਣ ਤੋਂ ਹੀ ਕਮਰ-ਕੱਸੇ ਕਰ ਲੈਣ। ਭਾਜਪਾ ਹਲਕਿਆਂ ਵੱਲੋਂ ਇਸ ਨਾਰਾਜ਼ਗੀ ਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਅਕਾਲੀ ਪਾਰਸ਼ਦਾਂ ਨੇ ਪੂਰਬੀ ਦਿੱਲੀ ਵਿੱਚ ਆਪਣੇ ਲਈ ਮੇਅਰ ਦੇ ਪਦ ਦੀ ਮੰਗ ਕੀਤੀ ਸੀ, ਜਦ ਕਿ ਉਹ (ਭਾਜਪਾ) ਉਨ੍ਹਾਂ ਨੂੰ ਡਿਪਟੀ ਮੇਅਰ ਦਾ ਪਦ ਦੇਣ ਨੂੰ ਤਿਆਰ ਸੀ, ਜਿਸ 'ਤੇ ਦੋਹਾਂ ਧਿਰਾਂ ਵਿੱਚ ਅਣਬਣ ਹੋ ਗਈ ਅਤੇ ਗੱਲ ਦੂਰੀਆਂ ਵਧਣ ਤਕ ਜਾ ਪੁੱਜੀ। ਰਾਜਨੀਤਕ ਹਲਕਿਆਂ ਵਲੋਂ ਪ੍ਰਸ਼ਨ ਉਠਾਇਆ ਜਾ ਰਿਹਾ ਹੈ ਕਿ ਕੀ ਇਹ ਦੂਰੀਆਂ, ਨਗਰ ਨਿਗਮ ਦੇ ਪੂਰੇ ਚਾਰ ਵਰ੍ਹਿਆਂ ਦੇ ਕਾਰਜ-ਕਾਲ ਤਕ ਬਣੀਆਂ ਰਹਿਣਗੀਆਂ ਜਾਂ ਫ਼ਿਰ ਅਗਲੇ ਹੀ ਵਰ੍ਹੇ ਪੁਨਰਗਠਿਤ ਹੋਣ ਵਾਲੀਆਂ ਨਿਗਮ ਕਮੇਟੀਆਂ ਦੇ ਸਮੇਂ, ਅਕਾਲੀ ਪਾਰਸ਼ਦ ਪੁਰਾਣੀ ਤਨਖ਼ਾਹ ਉੱਪਰ ਹੀ ਕੰਮ ਕਰਨ ਨੂੰ ਰਾਜ਼ੀ ਹੋ ਜਾਣਗੇ?
ਇੱਥੇ ਇਸ ਗੱਲ ਦਾ ਵਰਣਨ ਕੁਥਾਊਂ ਨਹੀਂ ਹੋਵੇਗਾ ਕਿ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਚੁੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਨੇ ਭਾਜਪਾ ਪਾਸੋਂ 15 ਸੀਟਾਂ ਦੀ ਮੰਗ ਕਰਦਿਆਂ, ਦਾਅਵਾ ਕੀਤਾ ਸੀ ਕਿ ਦਲ ਇਨ੍ਹਾਂ ਸੀਟਾਂ ਉੱਪਰ ਆਪਣੇ ਚੋਣ-ਚਿੰਨ੍ਹ 'ਤੇ ਉੱਮੀਦਵਾਰ ਖੜ੍ਹੇ ਕਰੇਗਾ। ਇਸ ਦੇ ਨਾਲ ਹੀ ਦਲ ਦੇ ਆਗੂਆਂ ਵਲੋਂ ਭਾਜਪਾ ਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਜੇ ਉਸ ਨੇ ਦਲ ਲਈ 15 ਸੀਟਾਂ ਨਾ ਛੱਡੀਆਂ ਤਾਂ ਉਹ ਇਨ੍ਹਾਂ ਚੋਣਾਂ ਵਿੱਚ ਉਸ ਦਾ ਵਿਰੋਧ ਕਰਨਗੇ। ਪ੍ਰੰਤੂ ਹੋਇਆ ਕੀ? ਅੰਤਮ ਸਮੇਂ ਬਾਦਲ ਅਕਾਲੀ ਦਲ ਨੇ ਕੇਵਲ ਪੰਜ ਸੀਟਾਂ ਲੈ ਸਮਰਪਣ ਕਰ ਦਿੱਤਾ। ਉਨ੍ਹਾਂ ਵਿੱਚੋਂ ਵੀ ਦਲ ਦੇ ਚੋਣ-ਚਿੰਨ੍ਹ 'ਤੇ ਲੜਨ ਦੀ ਦਲੇਰੀ ਕੇਵਲ ਜ. ਅਵਤਾਰ ਸਿੰਘ ਹਿਤ ਹੀ ਕਰ ਸਕੇ, ਬਾਕੀ ਚਹੁੰਆਂ, ਜਿਨ੍ਹਾਂ ਲਈ ਭਜਾਪਾ ਨੇ ਸੀਟਾਂ ਛੱਡੀਆਂ ਸਨ, ਨੇ ਦਲ ਦੇ ਪ੍ਰਧਾਨ ਦੇ ਆਦੇਸ਼ਾਂ ਨੂੰ ਨਜ਼ਰ-ਅੰਦਾਜ਼ ਕਰ, ਪਿਛਲੇ ਦਰਵਾਜ਼ਿਉਂ ਜਾ ਭਾਜਪਾ ਦਾ ਚੋਣ-ਚਿੰਨ੍ਹ ਲੈ ਲਿਆ। ਪ੍ਰੰਤੂ ਦਲ ਦੀ ਕੌਮੀ ਲੀਡਰਸ਼ਿਪ ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਕਰਨ ਦੀ ਦਲੇਰੀ ਨਾ ਵਿਖਾ ਸਕੀ। ਫ਼ਿਰ ਦਿਲਚਸਪ ਗੱਲ ਇਹ ਵੀ ਰਹੀ ਕਿ ਜਿਥੇ ਦਲ ਦੇ ਚੋਣ-ਚਿੰਨ੍ਹ ਉੱਪਰ ਲੜਨ ਵਾਲੇ ਜ. ਅਵਤਾਰ ਸਿੰਘ ਹਿਤ ਦੀ ਹਾਰ ਕੇਵਲ 38 ਵੋਟਾਂ ਨਾਲ ਹੋਈ ਉਥੇ ਹੀ ਭਾਜਪਾ ਦੇ ਚੋਣ-ਚਿਨ੍ਹ 'ਤੇ ਲੜਨ ਵਾਲੇ ਚਹੁੰ ਅਕਾਲੀ ਉਮੀਦਾਵਰਾਂ ਨੂੰ ਕਈ-ਕਈ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ।
...  ਅਤੇ ਅੰਤ ਵਿੱਚ: ਅਜਕਲ ਪੰਜਾਬ ਤੋਂ ਸੁਰਖ਼ੀਆਂ ਵਿੱਚ ਆ ਰਹੀਆਂ ਖਬਰਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੱਤਾ-ਵਿਰੋਧੀ ਖ਼ੇਮੇ ਵਿੱਚੋਂ ਲੋਕੀ ਬਿਨਾ ਅੱਗਾ-ਪਿਛਾ ਵੇਖੇ ਧੜਾ-ਧੜ ਸੱਤਾ ਖ਼ੇਮੇ ਵੱਲ ਭਜਦੇ ਚਲੇ ਆ ਰਹੇ ਹਨ। ਇਸ ਕਾਰਣ ਜਿਥੇ ਇੱਕ ਪਾਸੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੇ ਚੇਹਰੇ ਦਿਨ-ਬ-ਦਿਨ ਖਿੜਦੇ ਜਾ ਰਹੇ ਹਨ, ਉਥੇ ਹੀ ਦੁਜੇ ਪਾਸੇ ਬਾਦਲ ਦਲ ਵਿੱਚ ਆਉਣ ਵਾਲੇ ਆਪਣੇ ਗੱਲ ਵਿੱਚ ਹਾਰ ਪੁਆ ਫੁਲੇ ਨਹੀਂ ਸਮਾ ਰਹੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਦੀ ਰਣਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਦਲ-ਬਦਲੂਆਂ ਦੀ ਖ਼ੁਸ਼ੀ ਬਹੁਤੇ ਸਮੇਂ ਤਕ ਬਣੀ ਰਹਿਣ ਵਾਲੀ ਨਹੀਂ। ਇਸ ਦਾ ਕਾਰਣ ਉਹ ਇਹ ਦਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੀਤੀ ਸਦਾ ਹੀ ਇਹ ਰਹੀ ਹੈ ਕਿ ਵਿਰੋਧੀ ਨੂੰ ਆਪਣੇ ਵਿਰੁਧ ਬੋਲਣ ਦੀ ਪਹਿਲਾਂ ਪੂਰੀ ਖੁਲ੍ਹ ਦੇਈ ਰਖੋ, ਜਦੋਂ ਜਾਪੇ ਕਿ ਉਹ ਥੱਕ ਗਿਆ ਹੈ ਤਾਂ ਪੁਚਕਾਰ ਕੇ ਨਾਲ ਲੇ ਆਉ, ਫ਼ਿਰ ਉਸ ਨੂੰ ਅਜਿਹੀ ਨੁੱਕੜ ਵਿੱਚ ਧੱਕ ਦਿਉ, ਜਿਥੇ ਪਿਆਂ-ਪਿਆਂ ਉਹ ਆਪਣੇ ਨੂੰ ਭੁਲ, ਕੇਵਲ ਭੰਡ ਬਣ ਬਾਦਲ-ਪਰਿਵਾਰ ਦਾ ਗੁਣਗਾਨ ਕਰਦਿਆਂ ਰਹਿਣ ਤਕ ਹੀ ਸੀਮਤ ਹੋ ਕੇ ਰਹਿ ਜਾਏ। ਇਸ ਸਬੰਧ ਵਿੱਚ ਉਹ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਦਾ ਉਦਾਹਰਣ ਦਿੰਦਿਆਂ ਹੋਇਆਂ ਦੱਸਦੇ ਹਨ ਕਿ ਅੱਜ ਬਾਦਲ ਅਕਾਲੀ ਦਲ ਵਿੱਚ ਜ. ਗੁਰਚਰਨ ਸਿੰਘ ਟੋਹੜਾ ਦਾ ਧੜਾ ਤਾਂ ਕੀ ਕੋਈ ਉਨ੍ਹਾਂ ਦਾ ਨਾਮਲੇਵਾ ਤਕ ਨਜਥਰ ਨਹੀਂ ਆ ਰਿਹਾ। ਇਸ ਦੇ ਨਾਲ ਹੀ ਇਹ ਜਾਣਕਾਰ ਇਹ ਵੀ ਆਖਦੇ ਹਨ ਕਿ ਜੋ ਲੋਕੀ ਆਪਣੀਆਂ ਮੂਲ ਪਾਰਟੀਆਂ ਛੱਡ ਸੱਤਾਧਾਰੀਆਂ ਵੱਲ ਖਿਚੇ ਆ ਰਹੇ ਹਨ, ਉਨ੍ਹਾਂ ਦੀ ਭਰੋਸੇਯੋਗਤਾ ਸਦਾ ਹੀ ਸ਼ਕੀ ਬਣੀ ਰਹੇਗੀ। ਰਾਜਨੀਤੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੋ ਆਪਣਿਆਂ ਪ੍ਰਤੀ ਈਮਾਨਦਾਰ ਨਹੀਂ, ਉਹ ਦੂਜਿਆਂ, ਵਿਸ਼ੇਸ਼ ਰੂਪ ਵਿੱਚ ਸੱਤਾਧਾਰੀਆਂ ਪ੍ਰਤੀ ਈਮਾਨਦਾਰ ਕਿਵੇਂ ਰਹਿ ਸਕਦਾ ਹੈ। ਇਨ੍ਹਾਂ ਨੂੰ ਰਾਜਨੀਤੀ ਵਿੱਚ 'ਬੇ-ਪੈਂਦੇ ਦੇ ਲੋਟੇ' ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਹਿੰਦਾ ਹੈ।
Mobile : +91 98 68 91 77 31                                                                    E-mail: This e-mail address is being protected from spambots. You need JavaScript enabled to view it
Address : Jaswant Singh Ajit, 64-C, U & V / B, Shalimar Bagh-110088

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੰਨੋ ਜਾਂ ਨ ਮੰਨੋ: ਸਿੱਖਾਂ ਵਿੱਚ ਵੰਡੀਆਂ ਪੈ ਹੀ ਗਈਆਂ ਹਨ?

Currency Converter

Amount:
From:
To:


Gurbani Radio


Gurbani - Sri Harmandir Sahib