
ਜਿਸ ਉਮਰ 'ਚ ਕੁੜੀਆਂ ਕਾਲਜ ਜਾਣਾ ਸ਼ੁਰੂ ਕਰਦੀਆਂ ਹਨ ਉਸ ਉਮਰ 'ਚ ਪ੍ਰਿਯੰਕਾ ਨੇ ਮਿਸ ਇੰਡੀਆ ਅਤੇ ਮਿਸ ਵਰਲਡ ਦਾ ਖਿਤਾਬ ਹਾਸਲ ਕਰ ਲਿਆ ਸੀ। ਉਸ ਦਾ ਖੁਸ਼ਮਿਜਾਜ਼ ਰਵੱਈਆ ਸਾਹਮਣੇ ਵਾਲੇ 'ਤੇ ਚੰਗਾ ਪ੍ਰਭਾਵ ਛੱਡਦਾ ਸੀ। ਸੈਨਿਕ ਪਰਿਵਾਰ 'ਚ ਜਨਮੀ ਪ੍ਰਿਯੰਕਾ ਬਚਪਨ ਤੋਂ ਹੀ ਕਾਇਦੇ-ਕਾਨੂੰਨਾਂ ਦੀ ਪੱਕੀ ਰਹੀ ਹੈ। ਆਪਣੇ ਮਾਤਾ-ਪਿਤਾ ਅਤੇ ਪਰਿਵਾਰ 'ਤੇ ਪੂਰਾ ਵਿਸਵਾਸ਼ ਰੱਖਣ ਵਾਲੀ ਪ੍ਰਿਯੰਕਾ ਪਰਿਵਾਰ ਦੀ ਬਹੁਤ ਚਹੇਤੀ ਹੈ। 'ਮਿਸ ਇੰਡੀਆ' ਮੁਕਾਬਲੇ ਵਿਚ ਹਿੱਸਾ ਲੈਣ ਦਾ ਫੈਸਲਾ ਜਦੋਂ ਉਸ ਨੇ ਲਿਆ ਤਾਂ ਉਦੋਂ ਸਭ ਤੋਂ ਪਹਿਲਾਂ ਸਹਿਮਤੀ ਉਸ ਦੇ ਫੌਜੀ ਡਾਕਟਰ, ਗਾਇਕ ਪਿਤਾ ਨੇ ਹੀ ਦਿੱਤੀ। ਪੇਸ਼ ਹਨ ਪ੍ਰਿਯੰਕਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
× ਜਦੋਂ ਤੁਸੀਂ ਕਰੀਅਰ ਸ਼ੁਰੂ ਕੀਤਾ, ਉਦੋਂ ਤੋਂ ਹੁਣ ਤੱਕ ਕੀ ਗੁਆਇਆ?
-ਕਾਲਜ ਦੀ ਜ਼ਿੰਦਗੀ ਮੈਂ ਮਿਸ ਕੀਤੀ , ਉਸ ਲਈ ਥੋੜ੍ਹਾ ਅਫਸੋਸ ਹੈ। ਮੇਰੀ ਮੰਮੀ ਕਹਿੰਦੀ ਹੈ ਤੂੰ ਕਾਲਜ ਨਹੀਂ ਜਾ ਸਕਦੀ। ਕਾਲਜ ਦੀ ਜ਼ਿੰਦਗੀ ਹੁੰਦੀ ਹੈ ਜਵਾਨ ਮੁੰਡੇ-ਕੁੜੀਆਂ ਦਾ ਕੈਫੇ ਵਿਚ ਬੈਠ ਕੇ ਟਾਈਮ ਪਾਸ ਕਰਨਾ, ਮਸਤੀ ਕਰਨੀ ਤੇ ਫਿਲਮਾਂ ਦੇਖਣਾ । 17 ਸਾਲ ਦੀ ਉਮਰ ਵਿਚ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਛੇਤੀ ਜ਼ਿੰਮੇਵਾਰੀ ਸਿੱਖ ਲਈ ਸੀ। ਮੈਨੂੰ ਲਗਦੈ ਕਿ ਮੈਂ ਬਚਪਨ ਨੂੰ ਨਹੀਂ ਮਾਣਿਆ।
× ਤੁਹਾਡੇ ਸੈਲੀਬ੍ਰਿਟੀ ਸਟੇਟਸ ਨੂੰ ਬਣਾਈ ਰੱਖਣ ਵਿਚ ਮੀਡੀਆ ਦਾ ਵੱਡਾ ਰੋਲ ਰਿਹੈ?
-ਤੁਸੀਂ ਕਿਸ ਤਰ੍ਹਾਂ ਨਾਲ ਸੈਲੀਬ੍ਰਿਟੀ ਬਣ ਰਹੇ ਹੋ ਉਹ ਵੀ ਤਾਂ ਜਾਣੋ। ਜੇਕਰ ਲੋਕ ਤੁਹਾਡੇ ਬਾਰੇ ਗਾਸਿਪ ਕਰ ਰਹੇ ਹਨ ਅਤੇ
ਤੁਹਾਡੇ ਬਾਰੇ 'ਚ ਬੋਲ ਰਹੇ ਹਨ ਕਿ ਉਨ੍ਹਾਂ ਕੱਪੜਿਆਂ 'ਚ ਤੁਸੀਂ ਸੁੰਦਰ ਲੱਗੇ ਜਾਂ ਬੁਆਏਫ੍ਰੈਂਡ ਨਾਲ ਤੁਸੀਂ ਓਥੇ ਗਏ ਜਾਂ ਕਿਸੇ ਨਾਲ ਝਗੜਾ ਹੋਇਆ। ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਸੈਲੀਬ੍ਰਿਟੀ ਸਟੇਟਸ ਕਹਿੰਦੇ ਹਨ। ਜੇਕਰ ਲੋਕ ਮੈਨੂੰ ਮੇਰੇ ਕੰਮ ਤੋਂ ਜਾਣਨ ਫਿਰ ਮੈਂ ਆਪਣੇ ਆਪ ਨੂੰ ਇੱਜ਼ਤਦਾਰ ਮੰਨਾਂਗੀ। ਮੈਂ ਇਕ ਆਰਮੀ ਅਫਸਰ ਦੀ ਬੇਟੀ ਹਾਂ। ਮੈਂ ਸਿੰਪਲ ਜਿਹੀ ਜ਼ਿੰਦਗੀ ਜ਼ਿਉਦੀ ਹਾਂ।
× ਕੀ ਤੁਹਾਨੂੰ ਖੁਦ ਨੂੰ ਇੰਨਾ ਸੀਮਤ ਕਰ ਲੈਣਾ ਚੰਗਾ ਲੱਗਦਾ ਹੈ?
-ਨਹੀਂ, ਮੈਂ ਆਪਣੀ ਜ਼ਿੰਦਗੀ ਅਜਿਹੀ ਹੀ ਪਸੰਦ ਕਰਦੀ ਹਾਂ। ਮੈਂ ਵੀ ਕਿਸੇ ਦੀ ਬੇਟੀ ਹਾਂ ਅਤੇ ਕਿਸੇ ਦੀ ਭੈਣ ਹਾਂ। ਮੇਰੀ ਵੀ ਫੈਮਿਲੀ ਹੈ। ਆਪਣੀ ਪ੍ਰਾਈਵੇਸੀ ਨੂੰ ਮੈਂ ਬਹੁਤ ਮੇਂਟੇਨ ਰੱਖਦੀ ਹਾਂ। ਮੈਨੂੰ ਲੱਗਦਾ ਹੈ ਕਿ ਲੋਕ ਤਾਂ ਹੀ ਰਿਸਪੈਕਟ ਕਰਦੇ ਹਨ ਜਦੋਂ ਤੁਸੀਂ ਖੁਦ ਦੀ ਰਿਸਪੈਕਟ ਕਰਦੇ ਹੋ। ਇਸ ਲਈ ਮੈਨੂੰ ਚੰਗਾ ਲੱਗਦਾ ਹੈ ਕਿ ਅਜਿਹਾ ਹੀ ਰਹੇ। ਲੋਕ ਮੇਰੇ ਕੰਮ ਦੀ ਗੱਲ ਕਰਨ।
× ਲੋਕ ਜਾਣਨਾ ਚਾਹੁੰਦੇ ਹਨ ਕਿ ਨਿਜੀ ਜ਼ਿੰਦਗੀ ਵਿਚ ਤੁਸੀਂ ਕੀ ਕਰਦੇ ਹੋ?
-ਤੁਸੀਂ ਮੇਰੇ ਤੋਂ ਪੁੱਛੋ ਮੈਂ ਤੁਹਾਨੂੰ ਦੱਸਾਂਗੀ। ਮੇਰੇ ਬਾਰੇ ਤੁਸੀਂ ਕੁਝ ਵੀ ਪੁੱਛੋ। ਠੀਕ ਹੈ ਮੇਰੇ ਪਾਪਾ 2 ਸਾਲ ਤੋਂ ਬੀਮਾਰ ਸਨ। ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕਿ ਮੈਂ ਮੀਡੀਆ ਨੂੰ ਇੰਟਰਵਿਊ ਦਿੱਤਾ ਕਿ ਮੇਰੇ ਪਾਪਾ ਬੀਮਾਰ ਹਨ ਅਤੇ ਮੈਂ ਆਈ. ਸੀ. ਯੂ. ਵਿਚ ਬੈਠੀ ਹਾਂ। ਉਹ ਮੇਰੇ ਲਈ ਸਭ ਤੋਂ ਮੁਸ਼ਕਲ ਦੌਰ ਸੀ ਪਰ ਮੈਂ ਕਿਸੇ ਕੋਲ ਜਾ ਕੇ ਕਹਿਣ ਦੀ ਲੋੜ ਨਹੀਂ ਸਮਝੀ ਅਤੇ ਨਾ ਹੀ ਤਮਾਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ।
× ਆਪਣੇ ਬਾਰੇ ਸਭ ਤੋਂ ਚੰਗੀ ਖਬਰ ਤੁਸੀਂ ਕਦੋਂ ਅਤੇ ਕਿਥੇ ਪੜ੍ਹੀ ਹੈ?
-ਮੈਨੂੰ ਨਾਂ ਤਾਂ ਯਾਦ ਨਹੀਂ, ਉਸ ਪੱਤਰਕਾਰ ਨੇ ਮੇਰੇ ਸਾਰੇ ਨਿਰਦੇਸ਼ਕਾਂ ਅਤੇ ਨਾਇਕਾਂ ਨਾਲ ਗੱਲ ਕੀਤੀ। ਸਾਰਿਆਂ ਦਾ ਇਹੀ ਕਹਿਣਾ ਸੀ 'ਸ਼ੀ ਇਜ਼ ਵੈਰੀ ਪ੍ਰੋਫੈਸ਼ਨਲ' ਸਾਰੇ ਮੇਰੇ ਨਾਲ ਫਿਰ ਤੋਂ ਕੰਮ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਸ ਨੇ ਲਿਖਿਆ ਸੀ ਕਿ ਉਹ ਨਾ ਸਿਰਫ ਵਧੀਆ ਅਭਿਨੇਤਰੀ ਹੈ ਸਗੋਂ ਇਕ ਚੰਗੀ ਬੇਟੀ ਵੀ ਹੈ। ਉਹ ਮੇਰੇ ਲਈ ਸਭ ਤੋਂ ਵੱਡਾ ਕੰਪਲੀਮੈਂਟ ਸੀ। ਆਪਣੇ ਬਾਰੇ ਅਜਿਹੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ।
× ਪ੍ਰਿਯੰਕਾ ਦੇ ਸੁਪਨੇ ਅਤੇ ਉਸ ਦੇ ਫਿਲਮੀ ਕਿਰਦਾਰ ਦੇ ਸੁਪਨਿਆਂ ਵਿਚ ਕੋਈ ਸਮਾਨਤਾ?
-ਮੇਰਾ ਕਿਰਦਾਰ ਆਪਣੀ ਸਫਲਤਾ ਸੰਭਾਲ ਨਹੀਂ ਸਕਿਆ ਹੈ। ਦੋ ਤਰੀਕੇ ਹੁੰਦੇ ਹਨ ਜ਼ਿੰਦਗੀ ਜਿਉਣ ਦੇ। ਜਾਂ ਤਾਂ ਤੁਸੀਂ ਆਪਣੀ ਸਫਲਤਾ ਸੰਭਾਲੋ ਜਾਂ ਆਪਣਾ ਦਿਮਾਗ ਖਰਾਬ ਹੋਣ ਦਿਓ। ਜੇਕਰ ਆਪਣੀਆਂ ਜੜ੍ਹਾਂ ਨੂੰ ਫੜ ਕੇ ਰੱਖੋ ਅਤੇ ਪੈਰਾਂ ਨੂੰ ਜ਼ਮੀਨ 'ਤੇ ਰੱਖੋ ਤਾਂ ਕੁਝ ਗਲਤ ਨਹੀਂ ਹੋਵੇਗਾ। ਇਹੀ ਅਸੀਂ ਆਪਣੀਆਂ ਫਿਲਮਾਂ ਵਿਚ ਦਿਖਾਇਆ ਹੈ। ਮੈਂ ਸਮਝਦੀ ਹਾਂ ਕਿ ਕੋਈ ਵੀ ਅਜਿਹਾ ਕੰਮ ਜ਼ਿੰਦਗੀ 'ਚ ਨਹੀਂ ਹੁੰਦਾ ਜਿਸ ਵਿਚ 'ਕਰੋ ਜਾਂ ਮਰੋ ' ਨਹੀਂ ਹੁੰਦਾ। ਕਰੋ ਨਹੀਂ ਤਾਂ ਜ਼ਿੰਦਗੀ ਖਤਮ ਹੋ ਜਾਵੇਗੀ।
× ਛੋਟੇ ਸ਼ਹਿਰਾਂ ਤੋਂ ਜਿਹੜੀਆਂ ਕੁੜੀਆਂ ਇਥੇ ਆ ਰਹੀਆਂ ਹਨ। ਉਨ੍ਹਾਂ ਬਾਰੇ ਕੀ ਕਹੋਗੇ?
-ਅੱਜਕਲ ਬਹੁਤ ਮੌਕੇ ਹਨ। ਕਹਿੰਦੇ ਹਨ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਵੱਧ ਕਦੇ ਕਿਸੇ ਨੂੰ ਕੁਝ ਨਹੀਂ ਮਿਲਦਾ ਹੈ। ਅੱਜਕਲ ਐਜੂਕੇਸ਼ਨ ਦੀ ਲੋੜ ਹੈ ਜੇਕਰ ਤੁਸੀਂ ਆਰਥਕ ਤੌਰ 'ਤੇ ਆਤਮਨਿਰਭਰ ਹੋ ਤਾਂ ਤੁਹਾਡੇ 'ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਪਾ ਸਕਦਾ।
× ਕਈ ਵਾਰ ਹੁੰਦਾ ਹੈ ਕਿ ਇਨਸਾਨ ਮਿਹਨਤ ਨਹੀਂ ਕਰਦਾ ਜਾਂ ਕਿਸਮਤ ਨੂੰ ਦੋਸ਼ ਦਿੰਦਾ ਹੈ?
-ਕਹਿੰਦੇ ਹਨ ਕਿ ਭਗਵਾਨ ਉਸ ਦੀ ਮਦਦ ਕਰਦੇ ਹਨ ਜੋ ਆਪਣੀ ਮਦਦ ਆਪ ਕਰਦੇ ਹਨ। ਜੇਕਰ ਤੁਸੀਂ ਘਰ ਹੀ ਬੈਠੇ ਰਹੋ ਤੇ ਕਹੋ ਕਿ ਭਗਵਾਨ ਨੇ ਤਾਂ ਮੇਰੀ ਕਿਸਮਤ ਖਰਾਬ ਕਰ ਦਿੱਤੀ। ਫਿਰ ਕੁਝ ਨਹੀਂ ਹੋਵੇਗਾ। ਪ੍ਰਮਾਤਮਾ ਦੇਖੇਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਅੱਖਾਂ ਨਾਲ ਦੇਖ ਸਕਦੇ ਹੋ, ਦਿਮਾਗ ਨਾਲ ਸੋਚ ਸਕਦੇ ਹੋ, ਹੱਥ ਨਾਲ ਲਿਖ ਸਕਦੇ ਹੋ, ਫਿਰ ਵੀ ਤੁਸੀਂ ਰੋ ਰਹੇ ਹੋ ਤਾਂ ਪ੍ਰਮਾਤਮਾ ਤੁਹਾਡੀ ਮਦਦ ਨਹੀਂ ਕਰੇਗਾ। ।