
ਮੈਂ ਕਦੇ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਮੈਂ ਕਿਸਮਤ ਨਾਲ ਅਦਾਕਾਰਾ ਬਣ ਗਈ ਹਾਂ ਪਰ ਹਾਂ, ਮੈਂ ਇਥੇ ਕਈ ਲੋਕਾਂ ਵੱਲ ਦੇਖਦੀ ਹਾਂ, ਜਿਨ੍ਹਾਂ 'ਚੋਂ ਕੋਈ ਸੁਪਰਸਟਾਰ ਹੈ, ਤਾਂ ਕੋਈ ਮੈਗਾਸਟਾਰ, ਭਾਵ ਹਰ ਕੋਈ ਆਪਣੇ-ਆਪ 'ਚ ਬਹੁਤ ਵੱਡਾ ਹੈ, ਇਸ ਲਈ ਮੈਂ ਹਰ ਕਿਸੇ ਤੋਂ ਕੁਝ ਨਾ ਕੁਝ ਸਿੱਖਦੀ ਹਾਂ।
ਆਪਣੀ ਪਹਿਲੀ ਫਿਲਮ 'ਵੀਰ' 'ਚ ਅਦਾਕਾਰੀ ਤੋਂ ਵਧੇਰੇ ਕੈਟਰੀਨਾ ਕੈਫ ਵਰਗੀ ਦਿੱਖ ਨੂੰ ਲੈ ਕੇ ਚਰਚਾ 'ਚ ਆਈ ਅਦਾਕਾਰਾ ਜ਼ਰੀਨ ਖਾਨ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹੈ ਕਿ ਆਖਿਰ ਲੋਕ ਉਸ ਨੂੰ ਉਸ ਦੇ ਨਾਂ ਨਾਲ ਜਾਣਨ ਲੱਗੇ ਹਨ। ਫਿਲਮ 'ਰੈਡੀ' ਦੇ ਆਈਟਮ ਗੀਤ 'ਕੈਰੈਕਟਰ ਢੀਲਾ..' ਰਾਹੀਂ ਭਰਪੂਰ ਸਿਫਤਾਂ ਬਟੋਰ ਚੁੱਕੀ ਜ਼ਰੀਨ ਹੁਣ ਆਪਣੀ ਨਵੀਂ ਫਿਲਮ 'ਹਾਊਸਫੁਲ-2' ਨੂੰ ਲੈ ਕੇ ਚਰਚਾ 'ਚ ਹੈ, ਜੋ ਹਿੱਟ ਹੋ ਚੁੱਕੀ ਹੈ। ਪੇਸ਼ ਹਨ, ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼
* ਤੁਸੀਂ ਸੀਕਵੇਲ ਫਿਲਮਾਂ ਦੇ ਘੇਰੇ 'ਚ ਹੀ ਕੈਦ ਹੋ ਰਹੇ ਹੋ। ਇਸ ਦਾ ਕੀ ਕਾਰਨ ਹੈ?
ਇਸ ਦਾ ਕਾਰਨ ਸ਼ਾਇਦ 'ਹਾਊਸਫੁਲ-2' ਤੋਂ ਬਾਅਦ 'ਪਾਰਟਨਰ-2' 'ਚ ਮੇਰਾ ਕੰਮ ਕਰਨਾ ਹੈ, ਜਿਸ 'ਚ ਸਲਮਾਨ ਖਾਨ ਮੇਰੇ ਹੀਰੋ ਹਨ। ਇਸ ਫਿਲਮ ਨੂੰ ਡੇਵਿਡ ਧਵਨ ਨਿਰਦੇਸ਼ਿਤ ਕਰ ਰਹੇ ਹਨ। ਜਿਥੋਂ ਤਕ ਘੇਰੇ 'ਚ ਬੱਝਣ ਦਾ ਸੁਆਲ ਹੈ ਤਾਂ ਇਸ ਬਾਰੇ ਮੇਰਾ ਮੰਨਣੈ ਕਿ
ਸੀਕਵੇਲ ਫਿਲਮਾਂ ਅੱਜਕਲ ਵਧੇਰੇ ਹਿੱਟ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਪ੍ਰਤੀ ਲੋਕਾਂ 'ਚ ਖਾਸ ਉਤਸੁਕਤਾ ਹੁੰਦੀ ਹੈ।
* ਕੀ ਤੁਸੀਂ ਕਿਸੇ ਤਾਮਿਲ ਫਿਲਮ 'ਚ ਵੀ ਕੰਮ ਕਰ ਰਹੇ ਹੋ?
ਹਾਂ, ਤਾਮਿਲ ਭਾਸ਼ਾ ਦੀ ਇਸ ਫਿਲਮ ਦਾ ਨਾਂ ਹੈ 'ਕਾਰੀਕਾਲਨ'। ਵੱਡੇ ਬਜਟ ਦੀ ਇਹ ਫਿਲਮ ਮੇਰੇ ਲਈ ਬੇਹੱਦ ਮਹੱਤਵਪੂਰਨ ਸਿੱਧ ਹੋਵੇਗੀ। ਇਸ ਫਿਲਮ ਬਾਰੇ ਕਿਹਾ ਜਾ ਸਕਦੈ ਕਿ ਇਹ ਹਾਲੀਵੁੱਡ ਫਿਲਮ 'ਗਲੈਡੀਏਟਰ' ਵਰਗੀ ਹੋਵੇਗੀ। ਇਸ ਫਿਲਮ 'ਚ ਮੇਰਾ ਐਕਸ਼ਨ ਪੈਕਡ ਰੋਲ ਹੈ, ਜਿਸ 'ਚ ਮੈਨੂੰ ਕਈ ਸਟੰਟਸ ਕਰਨੇ ਪੈਣਗੇ। ਨਾਲ ਹੀ ਤਲਵਾਰਬਾਜ਼ੀ ਕਰਦੀ ਵੀ ਨਜ਼ਰ ਆਵਾਂਗੀ। ਇਸ ਦਾ ਲਾਭ ਮੈਨੂੰ ਬਾਲੀਵੁੱਡ 'ਚ ਵੀ ਮਿਲੇਗਾ।
* ਅੱਜ ਐਕਸਪੋਜ਼ਰ ਅਤੇ ਸਮੂਚਿੰਗ ਦ੍ਰਿਸ਼ ਜ਼ਰੂਰੀ ਮੰਨੇ ਜਾਂਦੇ ਹਨ ਪਰ ਤੁਸੀਂ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਹੋ। ਪਿਛੜਨ ਦਾ ਡਰ ਨਹੀਂ ਹੁੰਦਾ?
ਬਿਲਕੁਲ ਨਹੀਂ। ਮੈਨੂੰ ਪਤਾ ਹੈ ਕਿ ਮੈਂ ਗਲੈਮਰ ਦੀ ਦੁਨੀਆ 'ਚ ਹਾਂ ਪਰ ਉਸ ਤੋਂ ਵੀ ਵੱਡਾ ਸੱਚ ਇਹ ਹੈ ਕਿ ਇਸ ਦੇ ਬਾਵਜੂਦ ਮੈਂ ਆਪਣੀਆਂ ਹੱਦਾਂ ਤੈਅ ਕੀਤੀਆਂ ਹੋਈਆਂ ਹਨ ਅਤੇ ਆਪਣੀਆਂ ਤੈਅ ਹੱਦਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨ ਵਾਲੀ। ਮੈਂ ਨਾ ਤਾਂ ਬਿਕਨੀ ਪਹਿਨ ਸਕਦੀ ਹਾਂ, ਨਾ ਕਿਸਿੰਗ ਸੀਨ 'ਚ ਮੇਰਾ ਯਕੀਨ ਹੈ। ਸਕ੍ਰਿਪਟ ਦੇ ਬਹਾਨੇ ਕੋਈ ਮੈਨੂੰ ਅਸ਼ਲੀਲ ਦ੍ਰਿਸ਼ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਇਸ ਕਾਰਨ ਮੈਨੂੰ ਸਫਲਤਾ ਮਿਲੇ ਜਾਂ ਨਾ ਮਿਲੇ, ਮੈਨੂੰ ਪ੍ਰਵਾਹ ਨਹੀਂ। ਮੈਂ ਨਹੀਂ ਮੰਨਦੀ ਕਿ ਸਫਲ ਹੋਣ ਲਈ ਅੰਗ ਪ੍ਰਦਰਸ਼ਨ ਜ਼ਰੂਰੀ ਹੈ।
* ਫਿਲਮ ਨਗਰੀ ਵਿਚ ਤੁਸੀਂ ਆਪਣਾ ਆਦਰਸ਼ ਕਿਸ ਨੂੰ ਮੰਨਦੇ ਹੋ?
ਕਿਸੇ ਨੂੰ ਨਹੀਂ, ਈਮਾਨਦਾਰੀ ਨਾਲ ਕਹਾਂ, ਤਾਂ ਸੱਚਮੁਚ ਇਥੇ ਕੋਈ ਮੇਰਾ ਆਦਰਸ਼ ਨਹੀਂ ਹੈ ਕਿਉਂਕਿ ਮੈਂ ਕਦੇ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਮੈਂ ਕਿਸਮਤ ਨਾਲ ਅਦਾਕਾਰਾ ਬਣ ਗਈ ਹਾਂ ਪਰ ਹਾਂ, ਮੈਂ ਇਥੇ ਕਈ ਲੋਕਾਂ ਵੱਲ ਦੇਖਦੀ ਹਾਂ, ਜਿਨ੍ਹਾਂ 'ਚੋਂ ਕੋਈ ਸੁਪਰਸਟਾਰ ਹੈ, ਤਾਂ ਕੋਈ ਮੈਗਾਸਟਾਰ, ਭਾਵ ਹਰ ਕੋਈ ਆਪਣੇ-ਆਪ 'ਚ ਬਹੁਤ ਵੱਡਾ ਹੈ ਇਸ ਲਈ ਮੈਂ ਹਰ ਕਿਸੇ ਤੋਂ ਕੁਝ ਨਾ ਕੁਝ ਸਿੱਖਦੀ ਹਾਂ।
* ਕੀ ਤੁਹਾਨੂੰ ਲੱਗਦੈ ਕਿ ਹੁਣ ਫਿਲਮ ਨਗਰੀ 'ਚ ਤੁਹਾਡੀ ਪਛਾਣ ਬਣ ਰਹੀ ਹੈ?
ਬਿਲਕੁਲ, ਕਿਉਂਕਿ ਹੁਣ ਤਕ ਮੇਰੀ ਤੁਲਨਾ ਕਿਸੇ ਹੋਰ ਨਾਲ ਕੀਤੀ ਜਾ ਰਹੀ ਸੀ, ਜਦਕਿ ਮੈਂ ਆਪਣੀ ਥਾਂ ਬਣਾਉਣ ਲਈ ਬਹੁਤ ਸੰਘਰਸ਼ ਕਰ ਰਹੀ ਸੀ। ਸ਼ਾਇਦ ਆਪਣੀ ਖੁਦ ਦੀ ਪਛਾਣ ਬਣਾਉਣ ਲਈ ਮੈਂ ਬਿਲਕੁਲ ਸਹੀ ਰਸਤੇ 'ਤੇ ਹਾਂ ਅਤੇ ਇਸ ਨਾਲ ਮੈਨੂੰ ਬਹੁਤ ਖੁਸ਼ੀ ਵੀ ਮਿਲਦੀ ਹੈ। ਅੱਜ ਲੋਕ ਮੈਨੂੰ ਕੈਟਰੀਨਾ ਦੀ ਕਾਰਬਨ ਕਾਪੀ ਨਹੀਂ, ਸਗੋਂ ਜ਼ਰੀਨ ਖਾਨ ਦੇ ਰੂਪ 'ਚ ਪਛਾਣਦੇ ਹਨ। ਭਾਵੇਂਕਿ ਮੈਂ ਬਾਲੀਵੁੱਡ ਦੇ ਸਦਾਬਹਾਰ ਅਤੇ ਮੋਸਟ-ਪਾਪੂਲਰ ਐਕਟਰ ਸਲਮਾਨ ਖਾਨ ਦੇ ਆਪੋਜ਼ਿਟ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਇਸ ਦੇ ਬਾਵਜੂਦ ਮੈਂ ਆਪਣਾ ਕਰੀਅਰ ਖੁਦ ਸੰਵਾਰ ਰਹੀ ਹਾਂ। ਹਾਂ, ਕੁਝ ਲੋਕ ਮੇਰਾ ਮਾਰਗਦਰਸ਼ਨ ਜ਼ਰੂਰ ਕਰ ਰਹੇ ਹਾਂ, ਜਿਨ੍ਹਾਂ 'ਚੋਂ ਸਲਮਾਨ ਖਾਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।
* ਅੱਜ ਫਿਲਮ ਨਗਰੀ ਚ ਕਈ ਖੇਮੇ ਸਰਗਰਮ ਹਨ। ਤੁਸੀਂ ਕਿਸ ਖੇਮੇ ਦਾ ਹਿੱਸਾ ਹੋ?
ਕਿਸੇ ਵੀ ਖੇਮੇ ਦਾ ਨਹੀਂ, ਕਿਉਂਕਿ ਇਹ ਮੈਨੂੰ ਪਸੰਦ ਨਹੀਂ। ਮੇਰੇ ਜਿੰਨਾ ਨੇੜੇ ਸਲਮਾਨ ਖਾਨ ਹੈ, ਓਨਾ ਹੀ ਸ਼ਾਹਰੁਖ ਜਾਂ ਆਮਿਰ ਖਾਨ ਵੀ ਹੈ। ਮੈਂ ਹਰ ਕਪੂਰ, ਖਾਨ ਅਤੇ ਸਿੰਘ ਨਾਲ ਕੰਮ ਕਰਨਾ ਪਸੰਦ ਕਰਾਂਗੀ।
* ਇਕ ਵਾਰ ਫਿਰ ਸੋਨਾਕਸ਼ੀ ਨਾਲ ਤੁਹਾਡੀ ਅਣਬਣ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ?
ਪਤਾ ਨਹੀਂ, ਇਹੋ ਜਿਹੀਆਂ ਅਫਵਾਹਾਂ ਕੌਣ ਉਡਾਉਂਦਾ ਹੈ। ਮੈਨੂੰ ਲੱਗਦੈ ਕਿ ਫਿਲਮ ਨਗਰੀ 'ਚ ਦੋ ਅਭਿਨੇਤਰੀਆਂ ਵਿਚਾਲੇ ਦੋਸਤੀ ਨੂੰ ਪਚਾ ਸਕਣਾ ਲੋਕਾਂ ਲਈ ਸੌਖਾ ਕੰਮ ਨਹੀਂ ਹੈ। ਸੱਚ ਤਾਂ ਇਹ ਹੈ ਕਿ ਮੈਂ ਅਤੇ ਸੋਨਾਕਸ਼ੀ ਜਦੋਂ ਵੀ ਮਿਲਦੀਆਂ ਹਾਂ ਤਾਂ ਬੇਹੱਦ ਗਰਮਜੋਸ਼ੀ ਨਾਲ ਮਿਲਦੀਆਂ ਹਾਂ। ਭਾਵੇਂ ਅਸੀਂ ਬਹੁਤਾ ਸਮਾਂ ਇਕੱਠੀਆਂ ਨਹੀਂ ਹੁੰਦੀਆਂ, ਫਿਰ ਵੀ ਸਾਡੇ ਵਿਚਾਲੇ ਕੋਈ ਦੁਸ਼ਮਣੀ ਨਹੀਂ ਹੈ। ਅਸਲ 'ਚ ਜਿਸ ਦਿਨ ਇਹੋ ਜਿਹੀਆਂ ਖਬਰਾਂ ਆਉਂਦੀਆਂ ਹਨ, ਅਸੀਂ ਖੂਬ ਹੱਸਦੀਆਂ ਹਾਂ।