
ਹੁਣ ਤੱਕ ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਟਕਰਾਓ ਹੀ ਦੇਖਿਆ ਜਾਂਦਾ ਰਿਹਾ ਹੈ ਪਰ ਜਦੋਂ ਤੋਂ ਅਕਾਲੀ-ਭਾਜਪਾ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ ਅਤੇ ਕਾਂਗਰਸ ਵਿਚ ਨਵੀਂ ਨਵੀਂ ਲੀਡਰਸ਼ਿਪ ਦਾ ਉਭਾਰ ਹੋਇਆ ਹੈ, ਉਦੋਂ ਤੋਂ ਪੰਜਾਬ ਦੇ ਹਿੱਤਾਂ ਲਈ ਦੋਹਾਂ ਪਾਰਟੀਆਂ ਵਿਚ ਸਹਿਯੋਗ ਦੇਖਣ ਨੂੰ ਮਿਲਿਆ ਹੈ।
ਪਿਛਲੇ ਦਿਨੀਂ ਜਦੋਂ ਪੰਜਾਬ ਵਿਚ ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਆਏ ਤਾਂ ਇਕ ਸਮਾਗਮ ਦੌਰਾਨ ਅਕਾਲੀ ਅਤੇ ਕਾਂਗਰਸੀ ਆਪਸ 'ਚ ਸਹਿਯੋਗ ਕਰਦੇ ਨਜ਼ਰ ਆਏ। ਇਸ ਸਮਾਗਮ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਜੋ ਕਿ ਕਾਂਗਰਸੀ ਬਜ਼ੁਰਗ ਆਗੂ ਬਲਰਾਮ ਜਾਖੜ ਦੇ ਬੇਟੇ ਹਨ, ਵਿਸ਼ੇਸ਼ ਤੌਰ 'ਤੇ ਪੁੱਜੇ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਸ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਨਹੀਂ ਪੁੱਜੇ। ਇਸ ਸਮਾਗਮ ਵਿਚ ਸ੍ਰੀ ਜੈਰਾਮ ਨੇ
ਇਹ ਗੱਲ ਮਹਿਸੂਸ ਕੀਤੀ ਕਿ ਅਤਿਵਾਦ ਦੇ ਦਿਨਾਂ ਵਿਚ ਪੰਜਾਬ ਦਾ ਬਹੁਤ ਆਰਥਿਕ ਨੁਕਸਾਨ ਹੋਇਆ। ਇਸ ਕਾਰਨ ਪੰਜਾਬ ਸਿਰ ਬਹੁਤ ਵੱਡਾ ਕਰਜ਼ਾ ਚੜ੍ਹਿਆ। ਉਹ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ। ਪੰਜਾਬ ਲੰਮੇ ਸਮੇਂ ਤੋਂ ਇਸ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਕਰਦਾ ਆਇਆ ਹੈ ਕਿਉਂਕਿ ਇਸ ਦਰਜ਼ੇ ਦਾ ਵਿਆਜ ਹੀ ਬਹੁਤ ਜ਼ਿਆਦਾ ਹੈ ਅਤੇ ਪੰਜਾਬ ਨੂੰ ਇਹ ਵਿਆਜ ਉਤਾਰਨ ਲੱ૪ਗਿਆਂ ਬਹੁਤ ਸਾਰੇ ਵਿਕਾਸ ਕੰਮਾਂ ਨੂੰ ਰੋਕਣਾ ਪੈਂਦਾ ਹੈ। ਸ੍ਰੀ ਜੈਰਾਮ ਨੇ ਕਿਹਾ ਕਿ ਉਹ ਮੁੱਦਾ ਉਨ੍ਹਾਂ ਦੇ ਵਿਭਾਗ ਨਾਲ ਸਬੰਧਿਤ ਨਹੀਂ ਹੈ। ਪਰ ਉਹ ਸਬੰਧਿਤ ਮੰਤਰਾਲੇ ਨੂੰ ਇਹ ਜ਼ਰੂਰ ਕਹਿਣਗੇ ਕਿ ਪੰਜਾਬ ਸਿਰੋਂ ਇਹ ਕਰਜ਼ਾ ਮੁਆਫ਼ ਕੀਤਾ ਜਾਵੇ। ਭਾਵੇਂ ਕਿ ਇਸ ਕਰਜ਼ੇ ਦੇ ਮੁਆਫ਼ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਕਰਜ਼ਾ ਮੁਆਫ਼ ਹੋਣ ਚਾਹੀਦਾ ਹੈ। ਹੁਣ ਕੇਂਦਰ ਦੁਆਰਾ ਇਸ ਗੱਲ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਇਨ੍ਹਾਂ ਦਾਅਵਿਆਂ ਨੂੰ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਦੁਆਰਾ ਅਣਗੌਲਿਆ ਹੀ ਕੀਤਾ ਜਾਂਦਾ ਰਿਹਾ ਹੈ। ਇਹੀ ਕਾਰਨ ਹੈ ਕਿ ਕੇਂਦਰੀ ਮੰਤਰੀ ਨੇ ਅੰਨ ਦੀ ਪੈਦਾਵਾਰ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੀ ਵਕਾਲਤ ਕੀਤੀ ਗਈ। ਟਕਰਾਓ ਦੀ ਨੀਤੀ ਖਤਮ ਕਰਨ ਦਾ ਸੱਦਾ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਪਹਿਲਾਂ ਹੀ ਦੇ ਚੁੱਕੇ ਹਨ। ਕਾਂਗਰਸ ਦੁਆਰਾ ਵੀ ਇਸ ਸੱਦੇ ਦਾ ਹਾਂ ਪੱਖੀ ਹੁੰਗਾਰਾ ਵੀ ਦਿੱਤਾ ਹੈ। ਜਦੋਂ ਵਿਧਾਨ ਸਭਾ ਦਾ ਸ਼ੈਸਨ ਆਰੰਭ ਹੋਇਆ ਤਾਂ ਰਾਜਪਾਲ ਦੇ ਭਾਸ਼ਨ ਨੂੰ ਵਿਰੋਧੀ ਧਿਰ ਨੇ ਪੂਰੀ ਸੰਜੀਦਗੀ ਨਾਲ ਸੁਣਿਆ। ਇਸ ਤੋਂ ਪਹਿਲਾਂ ਹੁੰਦਾ ਇਹ ਸੀ ਕਿ ਸ਼ੈਸਨ ਹਾਲੇ ਆਰੰਭ ਹੁੰਦਾ ਸੀ ਕਿ ਕਾਂਗਰਸੀ ਨਾਅਰੇਬਾਜ਼ੀ ਕਰਦੇ ਹੋਏ ਸੈਸ਼ਨ ਦਾ ਬਾਈਕਾਟ ਕਰ ਦਿੰਦੇ ਸਨ। ਇਸ ਵਾਰ ਜਦੋਂ ਵਿਰੋਧੀ ਧਿਰ ਨੇ ਚੁੱਪ ਦਾ ਦਾਨ ਬਖਸ਼ਿਆ ਤਾਂ ਮੁੱਖ ਮੰਤਰੀ ਨੇ ਵੀ ਇਸ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਦੋ ਦਹਾਕਿਆਂ ਤੋਂ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਟਕਰਾਓ ਹੀ ਚਲਦਾ ਆ ਰਿਹਾ ਸੀ। ਰਾਸ਼ਟਰਪਤੀ ਰਾਜ ਤੋਂ ਬਾਅਦ ਜਦੋਂ ਬੇਅੰਤ ਸਿੰਘ ਸਰਕਾਰ ਕਾਇਮ ਹੋਈ ਤਾਂ ਅਕਾਲੀ ਦਲ ਨੇ ਤਾਂ ਚੋਣਾਂ ਵਿਚ ਹਿੱਸਾ ਹੀ ਨਹੀਂ ਲਿਆ ਸੀ ਪਰ ਟਕਰਾਓ ਬਰਕਰਾਰ ਸੀ। ਸ੍ਰ. ਬੇਅੰਤ ਸਿੰਘ ਨੇ ਅਕਾਲੀ ਲੀਡਰਾਂ ਨੂੰ ਜੇਲ੍ਹਾਂ ਵਿਚ ਵੀ ਡੱਕ ਦਿੱਤਾ ਸੀ ਪਰ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਸ੍ਰ. ਬੇਅੰਤ ਸਿੰਘ ਨੂੰ ਗਿੱਦੜਬਾਹਾ ਜ਼ਿਮਨੀ ਚੋਣਾਂ ਮੌਕੇ ਕਰਾਰਾ ਜਵਾਬ ਦਿੱਤਾ, ਜਦੋਂ ਉਥੋਂ ਆਪਣੇ ਭਤੀਜੇ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ। ਸ੍ਰ. ਬੇਅੰਤ ਸਿੰਘ ਦੀ ਮੌਤ ਮਗਰੋਂ ਸ੍ਰ. ਹਰਚਰਨ ਸਿੰਘ ਬਰਾੜ ਤੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਭਾਵੇਂ ਲੰਮਾ ਸਮਾਂ ਸ਼ਾਸਨ ਚਲਾਉਣ ਦਾ ਮੌਕਾ ਨਹੀਂ ਮਿਲਿਆ ਪਰ ਟਕਰਾਓ ਦੀ ਨੀਤੀ ਬਰਕਰਾਰ ਰਹੀ।ਫਿਰ ਜਦੋਂ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਤਾਂ ਦੋਹਾਂ ਪਾਰਟੀਆਂ ਦਾ ਟਕਰਾਓ ਦੋ ਸ਼ਖ਼ਸੀਅਤਾਂ ਦੇ ਟਕਰਾਓ ਵਿਚ ਬਦਲ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਸ੍ਰ. ਬਾਦਲ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰ. ਬਾਦਲ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਉਛਾਲਿਆ ਅਤੇ ਸ਼ਰ੍ਹੇਆਮ ਕਿਹਾ ਕਿ ਉਹ ਬਾਪ-ਪੁੱਤ ਨੂੰ ਜੇਲ੍ਹ ਦਾ ਰਾਹ ਦਿਖਾਉਣਗੇ। ਹੋਇਆ ਵੀ ਇੰਝ ਹੀ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਵਾਏ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ। ਇਸ ਮਗਰੋਂ ਜਦੋਂ ਪਰਕਾਸ਼ ਸਿੰਘ ਬਾਦਲ ਮੁੜ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਾਇਰ ਕਰਵਾਏ ਜਿਨ੍ਹਾਂ ਦੀਆਂ ਪੇਸ਼ੀਆਂ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਭੁਗਤ ਰਹੇ ਹਨ।ਹਾਲ ਹੀ ਵਿਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ, ਉਨਾਂ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਟਕਰਾਓ ਵਾਲੀ ਬਿਆਨਬਾਜ਼ੀ ਕਰਦੇ ਰਹੇ। ਕਦੇ ਉਹ ਖੁੰਡੇ ਦੀ ਗੱਲ ਕਰਦੇ ਸਨ ਅਤੇ ਕਦੇ ਬਾਪ-ਪੁੱਤਰ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ। ਸ੍ਰ. ਬਾਦਲ ਨੇ ਜਿੱਤ ਹਾਸਲ ਕਰਨ ਮਗਰੋਂ ਕਿਹਾ ਕਿ ਕੈਪਟਨ ਸਾਹਿਬ ਖੁੰਡੇ ਦਿਖਾਉਂਦੇ ਰਹੇ ਅਸੀਂ ਲੋਕਾਂ ਅੱਗੇ ਹੱਥ ਜੋੜਦੇ ਰਹੇ। ਲੋਕਾਂ ਨੂੰ ਟਕਰਾਓ ਦੀ ਨੀਤੀ ਠੀਕ ਨਹੀਂ ਲੱਗਦੀ। ਉਹ ਪੰਜਾਬ ਅੰਦਰ ਸ਼ਾਂਤਮਈ ਮਾਹੌਲ ਚਾਹੁੰਦੇ ਹਨ। ਹਾਂ, ਟਕਰਾਓ ਖਤਮ ਕਰਨ ਦਾ ਮਤਲਬ ਇਹ ਵੀ ਨਹੀਂ ਹੈ ਕਿ ਲੋਕ ਹਿੱਤਾਂ ਦੀ ਗੱਲ ਹੀ ਨਾ ਕੀਤੀ ਜਾਵੇ। ਪੰਜਾਬ ਨੂੰ ਬਹੁਤ ਸਮੱਸਿਆਵਾਂ ਦਰਪੇਸ਼ ਹਨ। ਵਿਰੋਧੀ ਧਿਰ ਨੂੰ ਉਨ੍ਹਾਂ ਸਮੱਸਿਆਵਾਂ ਨੂੰ ਉਠਾਉਣਾ ਚਾਹੀਦਾ ਹੈ। ਹਰ ਮੁੱਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਜੇਕਰ ਸਰਕਾਰ ਪੰਜਾਬ ਦੇ ਹਿੱਤਾਂ ਲਈ ਕੋਈ ਕੰਮ ਕਰ ਰਹੀ ਹੈ ਤਾਂ ਵਿਰੋਧੀ ਧਿਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਗੱਲ ਟਕਰਾਓ ਮਗਰੋਂ ਸਹਿਯੋਗ ਦੀ ਚੱਲੀ ਹੈ। ਦੋਹਾਂ ਧਿਰਾਂ ਲਈ ਕਰਨ ਵਾਲਾ ਕੰਮ ਇਹ ਹੈ ਕਿ ਪੰਜਾਬ ਅੰਦਰ ਵਾਤਾਵਰਣ ਬਹੁਤ ਦੂਸ਼ਿਤ ਹੋ ਚੁੱਕਾ ਹੈ। ਪਿੰਡਾਂ 'ਚ ਕੈਂਸਰ ਅਤੇ ਕਾਲੇ ਪੀਲੀਏ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਕਿਸੇ ਵੀ ਪਿੰਡ ਵਿਚ ਲੋਕਾਂ ਦੇ ਟੈਸਟ ਕਰਵਾ ਕੇ ਦੇਖੋ ਤਾਂ ਬਹੁਤ ਸਾਰੇ ਲੋਕ ਕਾਲੇ ਪੀਲੀਏ ਤੋਂ ਪੀੜਤ ਨਜ਼ਰ ਆਉਂਦੇ ਹਨ। ਕੈਂਸਰ ਕਾਰਨ ਮਾਲਵਾ ਬੈਲਟ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਿਆਸਤ ਤੋਂ ਉਪਰ ਉਠ ਕੇ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਲੋਕਾਂ ਨੂ ਬਚਾਉਣ ਲਈ ਸੰਜੀਦਾ ਯਤਨ ਹੋਣੇ ਚਾਹੀਦੇ ਹਨ।