ਡੁੱਬ ਗਿਆ ਪੰਜਾਬੀ ਸਾਹਿਤ ਤੇ ਪੱਤਰਕਾਰੀ ਦਾ ਮੱਘਦਾ ਸੂਰਜ

ਜਦੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦਾ ਦੇਹਾਂਤ ਹੋਇਆ ਤਾਂ ਉਸ ਮੌਕੇ ਮੈਂ ਜੋ 'ਪੰਜਾਬੀ ਡਾਇਰੀ' ਵਿਚ ਲਿਖਿਆ ਸੀ ਉਸ ਨੂੰ ਪੜ੍ਹ ਕੇ ਪ੍ਰੋ. ਦਰਸ਼ਨ ਸਿੰਘ ਬੈਂਸ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਬਹੁਤ ਹੀ ਖਲੂਸ ਤੇ ਪਿਆਰ ਨਾਲ ਕਿਹਾ ''ਦਰਸ਼ਨ ਬਹੁਤ ਵਧੀਆ ਲਿਖਿਆ ਹੈ।'' ਉਨ੍ਹਾਂ ਨੇ ਉਸ ਸਮੇਂ ਆਸ਼ੀਰਵਾਦ ਲਹਿਜੇ ਵਿਚ ਮੇਰੀ ਜਿਹੜੀ ਪ੍ਰਸ਼ੰਸਾ ਕੀਤੀ ਉਹ ਮੈਨੂੰ ਅੱਜ ਯਾਦ ਆਉਂਦੀ ਹੈ ਅਤੇ ਮੈਂ ਇਹ ਸੋਚ ਕੇ ਨਾਲ-ਨਾਲ ਦੁਖੀ ਵੀ ਹੋ ਰਿਹਾ ਹਾਂ ਕਿ ਪ੍ਰੋਫੈਸਰ ਸਾਹਿਬ ਤੁਹਾਨੂੰ ਤੇ ਮੈਨੂੰ ਕੀ ਪਤਾ ਸੀ ਕਿ ਇਹ ਚੰਦਰੀ ਬਿਮਾਰੀ ਤੁਹਾਡੇ ਅੰਦਰ ਬੈਠੀ ਵੀ ਕਲੋਲਾਂ ਕਰ ਰਹੀ ਹੈ। ਇਨ੍ਹਾਂ ਕਲੋਲਾਂ ਨੇ ਤੁਹਾਡੇ ਬੋਲਾਂ ਨੂੰ ਸਾਡੇ ਤੋਂ ਬਹੁਤ ਦੂਰ ਕਰ ਦਿੱਤਾ ਹੈ। ਦੂਰੀ ਵੀ ਇੰਨੀ ਕਿ ਹੁਣ ਫੋਨ 'ਤੇ ਗੱਲ ਵੀ ਨਹੀਂ ਹੋ ਸਕਦੀ।
ਮੈਂ, ਪ੍ਰੋਫੈਸਰ ਸਾਹਿਬ ਦੀ ਆਵਾਜ਼ ਦੀ ਗੱਲ ਇਸ ਲਈ ਕਰ ਰਿਹਾ ਹਾਂ ਕਿਉਂਕਿ ਪਿਤਾ ਸਮਾਨ ਇਸ ਸ਼ਖਸੀਅਤ ਨੂੰ ਮੈਂ ਸਿਰਫ ਤੇ
ਸਿਰਫ ਆਵਾਜ਼ ਦੇ ਸਹਾਰੇ ਹੀ ਮਿਲ ਸਕਿਆ ਸੀ। ਪ੍ਰੋ. ਬੈਂਸ ਬਹੁਤ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਕੋਲ ਕੈਨੇਡਾ ਜਾਵਾਂ ਤੇ ਮਿਲਾਂ। ਇਸ ਲਈ ਉਨ੍ਹਾਂ ਦੋ ਵਾਰ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਆਉਣ ਦੀ ਸਪਾਂਸਰਸ਼ਿਪ ਵੀ ਭੇਜੀ ਪਰ ਮੇਰੀ ਕਿਸਮਤ ਵਿਚ ਜਾਂ ਇੰਝ ਕਹਿ ਲਵੋ ਕਿ ਦਰਸ਼ਨ ਦੀ ਕਿਸਮਤ ਵਿਚ ਦਰਸ਼ਨ ਦੇ ਦਰਸ਼ਨ ਕਰਨੇ ਲਿਖੇ ਹੀ ਨਹੀਂ ਸਨ।
ਮੈਂ ਪਹਿਲੀ ਵਾਰ ਜਦੋਂ ਅਜੀਤ ਵੀਕਲੀ ਦੇ ਸੰਪਾਦਕ ਪ੍ਰੋ. ਦਰਸ਼ਨ ਸਿੰਘ ਬੈਂਸ ਨੂੰ ਕੈਨੇਡਾ ਵਿਖੇ ਫੋਨ 'ਤੇ ਗੱਲ ਕੀਤੀ ਤਾਂ ਮੈਂ ਕਿਹਾ, ''ਮੈਂ ਦਰਸ਼ਨ ਸਿੰਘ ਦਰਸ਼ਕ ਪਟਿਆਲੇ ਤੋਂ ਬੋਲ ਰਿਹਾ ਹਾਂ।''
ਅੱਗਿਉਂ ਇਕ ਬੁਲੰਦ ਆਵਾਜ਼ ਮੇਰੇ ਕੰਨਾਂ ਵਿਚ ਗੂੰਜੀ, ''ਜਨਾਬ ਮੈਂ ਵੀ ਦਰਸ਼ਨ ਸਿੰਘ ਹੀ ਗੱਲ ਕਰ ਰਿਹਾ ਹਾਂ।'' ਆਪਣੇ ਹਮਨਾਮ ਵਿਅਕਤੀ ਦੀ ਆਵਾਜ਼ ਸੁਣ ਕੇ ਮੈਨੂੰ ਹੋਰ ਵੀ ਚਾਅ ਚੜ੍ਹ ਗਿਆ। ਉਸ ਫੋਨ ਤੋਂ ਬਾਅਦ ਸਾਡੇ ਵਿਚਾਲੇ ਅਜਿਹੀ ਸਾਂਝ ਪਈ ਜੋ ਹੁਣ ਤੱਕ ਨਿਭਦੀ ਆ ਰਹੀ ਸੀ।
ਮੈਂ ਜਦੋਂ ਵੀ ਪੰਜਾਬ ਡਾਇਰੀ ਉਨ੍ਹਾਂ ਨੂੰ ਭੇਜਦਾ ਤਾਂ ਉਹ ਬਿੰਦੀਆਂ, ਕਾਮੇ ਤੇ ਹੋਰ ਗਲਤੀ ਦਰੁੱਸਤ ਕਰਕੇ ਹੀ ਉਸ ਲੇਖ ਨੂੰ ਆਪਣੇ ਅਖਬਾਰ ਵਿਚ ਛਾਪਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾਂ ਹੀ ਗਿਲਾ ਰਹਿੰਦਾ ਕਿ ਪੰਜਾਬ ਵਿਚ ਬੈਠੇ ਪੰਜਾਬੀ ਦੇ ਲੇਖਕ ਪੰਜਾਬੀ ਦਾ ਸਤਿਆਨਾਸ਼ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਲੇਖਕ ਪੰਜਾਬੀ ਨੂੰ ਸ਼ੁੱਧ ਕਰਕੇ ਨਹੀਂ ਲਿੱਖਦੇ ਉਦੋਂ ਤੱਕ ਉਨ੍ਹਾਂ ਦੀ ਰਚਨਾ ਪ੍ਰਕਾਸ਼ਿਤ ਹੀ ਨਹੀਂ ਹੋਣੀ ਚਾਹੀਦੀ। ਇਸੇ ਕਾਰਨ ਅਜੀਤ ਵੀਕਲੀ ਵਿਚ ਜਿੰਨੇ ਵੀ ਕਾਲਮ ਛੱਪਦੇ ਹਨ, ਉਨ੍ਹਾਂ ਨੂੰ ਛਾਪਣ ਤੋਂ ਪਹਿਲਾਂ ਉਹ ਖੁਦ ਉਨ੍ਹਾਂ ਨੂੰ ਪੜ੍ਹਦੇ ਸਨ।
ਪ੍ਰੋਫੈਸਰ ਸਾਹਿਬ ਹਮੇਸ਼ਾ ਚਾਹੁੰਦੇ ਸਨ ਕਿ ਪਾਠਕਾਂ ਲਈ ਸਰਲ ਭਾਸ਼ਾ ਹੀ ਨਹੀਂ ਹੋਣੀ ਚਾਹੀਦੀ ਬਲਕਿ ਉਨ੍ਹਾਂ ਦੀ ਰੁਚੀ ਅਨੁਸਾਰ ਵਿਸ਼ਾ ਵੀ ਹੋਣਾ ਚਾਹੀਦਾ ਹੈ।
ਪ੍ਰੋਫੈਸਰ ਬੈਂਸ ਨੇ ਸਿਰਫ ਅਕਾਦਮਿਕ ਤੌਰ 'ਤੇ ਹੀ ਬੁਲੰਦੀਆਂ ਨੂੰ ਨਹੀਂ ਛੂਹਿਆ ਸੀ ਬਲਕਿ ਉਸ ਵਿਦਵਤਾ ਨੂੰ ਉਨ੍ਹਾਂ ਨੇ ਹਰ ਪਾਸੇ ਬਿਖੇਰਿਆ ਵੀ ਸੀ। ਉਹ ਪੰਜਾਬੀ ਵਿਚ ਜਿੰਨੇ ਕੁਸ਼ਲ ਪੱਤਰਕਾਰ ਤੇ ਲੇਖਕ ਸਨ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਅੰਗਰੇਜ਼ੀ ਉਤੇ ਵੀ ਉਨ੍ਹਾਂ ਦੀ ਓਨੀ ਹੀ ਪਕੜ ਸੀ। ਇਹੀ ਕਾਰਨ ਹੈ ਕਿ ਭਾਸ਼ਾ ਦੇ ਖੇਤਰ ਵਿਚ ਉਨ੍ਹਾਂ ਨੇ ਆਪਣਾ ਲੋਹਾ ਮਨਵਾ ਰੱਖਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਹ ਅਧਿਆਪਕ ਇਤਿਹਾਸ ਦੇ ਰਹੇ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਉਤੇ ਖੋਜ ਭਰਪੂਰ ਲੇਖ ਵੀ ਲਿਖੇ। ਇਸ ਸਬੰਧ ਵਿਚ ਉਹ ਅਕਸਰ ਹੀ ਮਹਾਰਾਜਾ ਰਣਜੀਤ ਸਿੰਘ ਉਤੇ ਕਿਤਾਬ ਛਾਪਣ ਦੀ ਗੱਲ ਵੀ ਕਰਦੇ ਰਹਿੰਦੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਇਹ ਸੱਧਰ ਵਿਚੇ ਹੀ ਰਹਿ ਗਈ।
ਪ੍ਰੋ. ਬੈਂਸ ਪੱਤਰਕਾਰਾਂ ਤੇ ਲੇਖਕਾਂ ਦੀ ਬਹੁਤ ਕਦਰ ਕਰਦੇ ਸਨ। ਕਦਰ ਸਿਰਫ ਸੁੱਕੀ-ਸੁੱਕੀ ਨਹੀਂ, ਬਲਕਿ ਉਹ ਲੇਖਕਾਂ ਨੂੰ ਸਨਮਾਨ ਵਜੋਂ ਮਿਹਨਤਾਨਾ ਵੀ ਦਿੰਦੇ ਸਨ ਅਤੇ ਸਮਾਂ ਆਉਣ 'ਤੇ ਹੋਰ ਮਾਣ-ਸਨਮਾਨ ਵੀ ਦਿੰਦੇ ਸਨ। ਅਜੀਤ ਵੀਕਲੀ ਦੇ ਜਿੰਨੇ ਵੀ ਕਾਲਮ ਨਵੀਸ ਹਨ, ਉਨ੍ਹਾਂ ਸਭ ਨੂੰ ਉਨ੍ਹਾਂ ਦੁਆਰਾ ਲਿਖੇ ਗਏ ਇਕ-ਇਕ ਅੱਖਰ ਦਾ ਉਹ ਮੁੱਲ ਤਾਰਦੇ ਸਨ। ਉਨ੍ਹਾਂ ਦੀ ਸੋਚ ਸੀ ਕਿ ਜੇਕਰ ਉਹ ਅਖਬਾਰਾਂ ਰਾਹੀਂ ਪੈਸੇ ਕਮਾਉਂਦੇ ਹਨ ਤਾਂ ਇਸ ਪੈਸੇ ਨੂੰ ਵੰਡ ਛੱਕਣਾ ਵੀ ਚਾਹੀਦਾ ਹੈ। ਇਸੇ ਸੋਚ ਦੀ ਬਦੌਲਤ ਅਜੀਤ ਵੀਕਲੀ ਵਿਚ ਜਿਹੜੇ ਕਾਲਮ ਚੱਲ ਰਹੇ ਹਨ ਉਹ ਕਈ-ਕਈ ਵਰ੍ਹਿਆਂ ਤੋਂ ਛਪਦੇ ਆ ਰਹੇ ਹਨ। ਪ੍ਰੋਫੈਸਰ ਸਾਹਿਬ ਦੀ ਇਸੇ ਸੋਚ ਨੇ ਅਜੀਤ ਵੀਕਲੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ।
ਲੇਖਕ ਗੱਲਾਂ ਬਹੁਤ ਕਰਦੇ ਹਨ ਕਿ ਉਹ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ। ਜਦੋਂ ਕਦੇ ਚੁਣੌਤੀ ਸਾਹਮਣੇ ਆਉਂਦੀ ਹੈ ਤਾਂ ਵੱਡੀਆਂ-ਵੱਡੀਆਂ ਵੱਕਾਰੀ ਸ਼ਖਸੀਅਤਾਂ ਵੀ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਕਤਰਾਉਂਦੀਆਂ ਹਨ। ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਗੱਲ ਚੱਲੀ ਤਾਂ ਜਿਵੇਂ ਪ੍ਰੋਫੈਸਰ ਸਾਹਿਬ ਨੂੰ ਤਾਂ ਚਾਅ ਹੀ ਚੜ੍ਹ ਗਿਆ। ਉਨ੍ਹਾਂ ਯਾਰਾਂ, ਮਿੱਤਰਾਂ ਅਤੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਹੌਸਲਾ ਦਿੱਤਾ ਕਿ ਉਹ ਪੈਸੇ ਪੱਖੋਂ ਬਿਲਕੁਲ ਨਾ ਘਬਰਾਉਣ। ਉਨ੍ਹਾਂ ਆਪਣੀ ਹਿੱਕ ਦੇ ਜ਼ੋਰ 'ਤੇ ਦੋ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਸਫਲ ਆਯੋਜਨ ਕੀਤਾ। ਉਨ੍ਹਾਂ ਦਾ ਕੋਈ ਸਾਹਿਤਕ ਮਿੱਤਰ ਅਮਰੀਕਾ ਤੋਂ ਆ ਰਿਹੈ, ਕੋਈ ਪਾਕਿਸਤਾਨ ਤੋਂ, ਕੋਈ ਇੰਡੀਆ ਤੋਂ ਅਤੇ ਕੋਈ ਡੈਨਮਾਰਕ ਤੋਂ, ਗੱਲ ਕੀ ਸੰਸਾਰ ਦੇ ਹਰ ਕੋਨੇ ਤੋਂ ਪੰਜਾਬੀ ਭਾਸ਼ਾ ਦੇ ਹਿਤੈਸ਼ੀ ਉਥੇ ਪੁੱਜੇ । ਉਥੇ ਤਾਂ ਜਿਵੇਂ ਕਲਮਾਂ ਦਾ ਹੜ੍ਹ ਹੀ ਆ ਗਿਆ ਹੋਵੇ ਪਰ ਇਹ ਹੜ੍ਹ ਨੁਕਸਾਨ ਪਹੁੰਚਾਉਣ ਵਾਲਾ ਨਹੀਂ ਸੀ ਬਲਕਿ ਉਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਇਸ ਝੰਡੇ ਦਾ ਡੰਡਾ ਪ੍ਰੋਫੈਸਰ ਬੈਂਸ ਦੇ ਹੱਥ ਵਿਚ ਸੀ।
ਸਤਰੰਗੀ ਪੀਂਘ ਵਰਗੇ ਇਸ ਦੂਰ ਵਸੇਂਦੇ ਯਾਰ ਨਾਲ ਜਦੋਂ ਮੇਰੀ ਆਖਰੀ ਵਾਰ ਫੋਨ 'ਤੇ ਗੱਲ ਹੋਈ ਤਾਂ ਉਸ ਦਿਨ ਮੇਰੇ ਕੋਲ ਮੇਰੇ ਮਿੱਤਰ ਪ੍ਰੋ. ਹਰਜਿੰਦਰ ਵਾਲੀਆ ਵੀ ਬੈਠੇ ਸਨ। ਅਸੀਂ ਦੋਹਾਂ ਨੇ ਪ੍ਰੋਫੈਸਰ ਸਾਹਿਬ ਨੂੰ ਹਾਲ ਚਾਲ ਪੁੱਛਿਆ ਤਾਂ ਦਸ ਸਾਲ ਵਿਚ ਪਹਿਲੀ ਵਾਰ ਉਨ੍ਹਾਂ ਦੀ ਅਵਾਜ਼ ਵਿਚ ਉਦਾਸੀ ਸੀ। ਉਹ ਕਹਿੰਦੇ ਸਨ, ' ਸਭ ਕੁੱਝ ਉਪਰੋਂ ਉਪਰੋਂ ਠੀਕ ਲੱਗਦਾ ਹੈ। ਅੰਦਰੋਂ ਪਤਾ ਨਹੀਂ ਤੁਹਾਡੇ ਅੰਦਰ ਕਿਹੜੇ-ਕਿਹੜੇ ਤੂਫਾਨ ਉਠ ਰਹੇ ਹਨ।''
ਇਸ ਮੁਲਾਕਾਤ ਮਗਰੋਂ ਉਨ੍ਹਾਂ ਦਾ ਆਵਾਜ਼ ਦੀ ਨਿੱਘ ਮੈਂ ਕਦੇ ਨਹੀਂ ਮਾਣਿਆ। ਮੈਂ ਕਦੇ ਮਾਤਾ ਕੰਵਲਜੀਤ ਕੌਰ ਨੂੰ ਪ੍ਰੋਫੈਸਰ ਸਾਹਿਬ ਦਾ ਹਾਲ ਪੁੱਛਾਂ ਤੇ ਕਦੇ ਸੰਨੀ ਅਤੇ ਵਿੰਨੀ ਨੂੰ। ਜਦੋਂ ਮੈਂ ਮੈਡਮ ਜੀ ਨੂੰ ਪੁੱਛਣਾ ਤਾਂ ਉਹ ਜਵਾਬ ਦੇਣ ਦਾ ਹੌਸਲਾ ਕਰਕੇ ਵੀ ਜਵਾਬ ਨਾ ਦੇ ਪਾਉਂਦੇ। ਭਾਰਤ ਵਿਚ 17 ਮਈ ਦੇ ਸਵੇਰ ਅਤੇ ਕੈਨੇਡਾ ਵਿਚ 16 ਮਈ ਦੀ ਸਵੇਰ ਨੂੰ ਸੰਨੀ ਨੇ ਕੁਝ ਹੌਸਲਾ ਦਿਖਾਉਂਦੇ ਹੋਏ ਮੈਨੂੰ ਦੱਸਿਆ ਕਿ ਹੁਣ ਪ੍ਰੋਫੈਸਰ ਸਾਹਿਬ ਦਾ ਕੋਈ ਭਰੋਸਾ ਨਹੀਂ। ਉਹ ਸਾਨੂੰ ਇਕੱਲਿਆਂ ਛੱਡ ਕਦੇ ਵੀ ਆਖਰੀ ਪਰਵਾਜ਼ 'ਤੇ ਜਾ ਸਕਦੇ ਹਨ। ਇਹ ਗੱਲ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ। ਮੈਂ ਹੁਣ ਸੋਚ ਰਿਹਾ ਸੀ ਮੈਂ ਹੁਣ ਹੋਰ ਸਵਾਲ ਕਰਾਂ ਕਿ ਜਵਾਬ ਵਿਚ ਕੋਈ ਦਿਲਾਸਾ ਦੇਵਾਂ।
ਸ਼ਨੀਵਾਰ ਦੀ ਭਾਰਤੀ ਸਵੇਰ ਨੂੰ ਜਦੋਂ ਮੈਨੂੰ ਮੇਰੇ ਜਾਣਕਾਰ ਦਾ ਫੋਨ ਆਇਆ ਤਾਂ ਕਿ ਪ੍ਰੋਫੈਸਰ ਸਾਹਿਬ ਇਸ ਦੁਨੀਆ ਵਿਚ ਨਹੀਂ ਰਹੇ ਤਾਂ ਮੈਂ ਕੁਝ ਬੋਲਣ ਤੋਂ ਅਸਮਰਥ ਹੋ ਗਿਆ। ਇਹ ਸਭ ਕੁਝ ਇੰਨੀ ਛੇਤੀ ਹੋ ਜਾਵੇਗਾ, ਅਜਿਹਾ ਕਦੇ ਸੋਚਿਆ ਵੀ ਨਹੀਂ ਸੀ।
ਮੈਂ ਪ੍ਰੋਫੈਸਰ ਸਾਹਿਬ ਬਾਰੇ ਪੱਤਰਕਾਰੀ ਅਤੇ ਸਾਹਿਤਕਾਰੀ ਨੂੰ ਪਾਏ ਘਾਟੇ ਬਾਰੇ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ। ਸੰਨੀ ਤੇ ਵਿੰਨੀ ਨਾਲ ਦੁੱਖ ਵੰਡਾਇਆ ਪਰ ਮੈਂ ਮੈਡਮ ਕੰਵਲਜੀਤ ਕੌਰ ਨਾਲ ਗੱਲ ਕਰਨ ਦੀ ਕਾਫੀ ਦੇਰ ਤੱਕ ਜੁਅਰਤ ਨਹੀਂ ਕਰ ਸਕਿਆ। ਮੈਂ ਸੋਚਦਾ ਰਿਹਾ ਕਿ ਆਖਰ ਮੈਂ ਉਨ੍ਹਾਂ ਨਾਲ ਕਿੱਥੋਂ ਗੱਲ ਛੇੜਾਂ। ਉਨ੍ਹਾਂ ਦਾ ਦਰਦ ਅਸਹਿ ਅਤੇ ਅਕਹਿ ਹੈ। ਉਨ੍ਹਾਂ ਦੇ ਇੱਕ-ਇੱਕ ਹੰਝੂ ਵਿਚ ਦੁੱਖਾਂ ਦੀ ਸੁਨਾਮੀ ਹੈ। ਇਸ ਨੂੰ ਰੋਕਣਾ ਮੇਰੇ ਜਾਂ ਕਿਸੇ ਦੇ ਵਸ ਵਿਚ ਨਹੀਂ ਹੈ।
ਇਹ ਸਭ ਕੁਝ ਉਸੇ ਦੇ ਵੱਸ ਵਿਚ ਹੈ। ਇਸੇ ਲਈ ਅਸੀਂ ਸਾਰੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਕਦਮਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਪ੍ਰੋਫੈਸਰ ਸਾਹਿਬ ਤੁਸੀਂ ਮੈਨੂੰ ਕਦੇ ਜਿਸਮਾਨੀ ਤੌਰ 'ਤੇ ਪਹਿਲਾਂ ਵੀ ਨਹੀਂ ਮਿਲੇ ਸੀ ਤੇ ਹੁਣ ਬਿਨਾਂ ਦਰਸ਼ਨ ਦਿੱਤਿਆਂ ਸਦਾ ਲਈ ਤੁਰ ਗਏ ਹੋ। ਹਾਂ ਆਪਣਾ ਮੇਲ ਰੂਹਾਨੀ ਹੀ ਸੀ। ਤੁਹਾਡੀ ਸੋਚ ਮੇਰੇ ਕੋਲ ਹੈ। ਤੁਹਾਡੀ ਸਿੱਖਿਆ ਤੇ ਆਸ਼ੀਰਵਾਦ ਮੇਰੇ ਨਾਲ ਹਨ। ਇਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਦੀ ਸੰਪੱਤੀ ਬਣਾ ਕੇ ਸੰਭਾਲ ਕੇ ਰੱਖਾਂਗਾ।