
ਮੈਂ ਮੰਜੇ 'ਤੇ ਪਿਆ ਸੀ ਕਿ ਅਚਾਨਕ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਲੰਮਾ ਸਾਰਾ ਬਜ਼ੁਰਗ ਦਰਵਾਜ਼ੇ 'ਤੇ ਖੜ੍ਹਾ ਸੀ। ਮੈਂ ਬਜ਼ੁਰਗ ਨੂੰ ਫਤਿਹ ਬੁਲਾਈ ਅਤੇ ਪੁੱਛਿਆ, ''ਤੁਸੀਂ ਕੌਣ?'' ''ਮੈਂ ਭਗਤ ਸਿੰਘ'' ਉਸ ਬਜ਼ੁਰਗ ਨੇ ਜਵਾਬ ਦਿੱਤਾ।
''ਭਗਤ ਸਿੰਘ!'' ਮੈਂ ਹੈਰਾਨ ਹੋਇਆ ਕਿਉਂਕਿ ਮੈਂ ਅਜਿਹੇ ਕਿਸੇ ਬਜ਼ੁਰਗ ਭਗਤ ਸਿੰਘ ਨੂੰ ਨਹੀਂ ਜਾਣਦਾ ਸੀ। ''ਮੁਆਫ਼ ਕਰਨਾ ਬਜ਼ੁਰਗੋ, ਮੈਂ ਆਪ ਜੀ ਨੂੰ ਪਛਾਣਿਆ ਨਹੀਂ।'' ਮੈਂ ਉਨ੍ਹਾਂ ਨੂੰ ਕਿਹਾ। ''ਪੱਤਰਕਾਰਾ ਤੇਰੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਸਿਰਫ਼ ਫੋਟੋਆਂ ਨੂੰ ਹੀ ਪਛਾਣਦੇ ਹੋ।'' ਉਸ ਬਜ਼ੁਰਗ ਨੇ ਮੇਰੇ ਸਵਾਲ ਦਾ ਜਵਾਬ ਦਿੱਤਾ।
ਮੈਂ ਕੁੱਝ ਸਮਝ ਨਹੀਂ ਸਕਿਆ। ਇਸ ਤੋਂ ਪਹਿਲਾਂ ਮੈਂ ਹੋਰ ਸਵਾਲ ਕਰਦਾ ਉਨ੍ਹਾਂ ਨੇ ਮੈਨੂੰ ਪੁੱਛਿਆ, ''ਬੈਠਣ ਲਈ ਨਹੀਂ ਕਹੇਂਗਾ?'' ਮੈਂ ਕਾਫ਼ੀ ਦੁਬਿਧਾ ਵਿਚ ਸੀ। ਜਾਣ ਪਛਾਣ ਹੈ ਨਹੀਂ, ਬੁੜ੍ਹਾ ਧੱਕੇ ਨਾਲ ਘਰ ਵਿਚ ਵੜਦਾ ਜਾ ਰਿਹੈ। ਮੈਂ ਫਿਰ ਵੀ ਉਸ ਨੂੰ ਕਿਹਾ, ''ਆਓ ਬੈਠ ਜਾਓ।''
ਬਜ਼ੁਰਗ ਸੋਫ਼ੇ 'ਤੇ ਬੈਠ ਗਿਆ। ਮੈਂ ਉਸ ਨੂੰ ਚਾਹ ਪਾਣੀ ਪੁੱਛਿਆ, ਉਸਨੇ ਨਾਂਹ ਕਰ ਦਿੱਤੀ। ਮੈਂ ਫਿਰ ਪੁੱਛਿਆ 'ਤੁਸੀਂ ਕੌਣ ਹੋ?' ਉਸ ਬਜ਼ੁਰਗ ਨੇ ਕਿਹਾ, ''ਯਕੀਨ ਨਹੀਂ ਆਉਂਦਾ ਮੈਂ ਭਗਤ ਸਿੰਘ ਹਾਂ, ਜਿਸ ਨੂੰ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਸੀ।'' ਮੈਨੂੰ ਯਕੀਨ ਨਹੀਂ
ਸੀ ਹੋ ਰਿਹਾ, ਮੇਰੇ ਮੂੰਹ ਵਿਚੋਂ ਬੋਲ ਨਹੀਂ ਸੀ ਨਿਕਲ ਰਹੇ। ''ਪੱਤਰਕਾਰ ਸਾਹਿਬ ਯਕੀਨ ਮੰਨੋ ਮੈਂ ਭਗਤ ਸਿੰਘ ਹੀ ਹਾਂ। ਮੇਰਾ ਜੀਅ ਕੀਤਾ ਕਿ ਮੈਂ ਤੇਰੇ ਨਾਲ ਕੁੱਝ ਗੱਲਾਂ ਹੀ ਕਰ ਲਵਾਂ।'' ਉਸ ਬਜ਼ੁਰਗ ਨੇ ਅੱਗੋਂ ਕਿਹਾ।
ਮੈਂ ਪੁੱਛਿਆ, ''ਤੁਸੀਂ ਕੀ ਗੱਲਾਂ ਕਰਨਾ ਚਾਹੁੰਦੇ ਹੋ?'' ਉਨ੍ਹਾਂ ਕਿਹਾ ਕਿ , ''ਸੁਪਨਿਆਂ ਦੇ ਭਾਰਤ ਬਾਰੇ।'' ਮੈਂ ਕਿਹਾ, ''ਤੁਸੀਂ ਕੀ ਸੋਚਿਆ ਸੀ ਸੁਪਨਿਆਂ ਦੇ ਭਾਰਤ ਬਾਰੇ।'' ਉਨ੍ਹਾਂ ਕਿਹਾ ਕਿ, ''ਮੈਂ ਸੋਚਿਆ ਸੀ ਕਿ ਜਦੋਂ ਭਾਰਤ ਆਜ਼ਾਦ ਹੋਵੇਗਾ ਤਾਂ ਸਾਡੇ ਦੇਸ਼ ਦੇ ਨੇਤਾ ਇਥੋਂ ਗਰੀਬੀ ਨੂੰ ਖਤਮ ਕਰਨਗੇ, ਹਰ ਕਿਸੇ ਨੂੰ ਰੋਟੀ ਮਿਲੇਗੀ, ਮਕਾਨ ਮਿਲੇਗਾ ਅਤੇ ਕੱਪੜਾ ਮਿਲੇਗਾ।''
ਮੈਂ ਪੁੱਛਿਆ, ''ਹੁਣ ਤੁਹਾਨੂੰ ਕੀ ਲੱਗ ਰਿਹਾ ਹੈ, ਆਜ਼ਾਦੀ ਦੇ 65 ਸਾਲ ਬਾਅਦ?'' ਬਜ਼ੁਰਗ ਦੀਆਂ ਅੱਖਾਂ ਵਿਚ ਹੰਝੂ ਸਨ, ''ਮੇਰੀ ਰੂਹ ਰੋਂਦੀ ਹੈ ਜਦੋਂ ਮੈਂ ਦੇਖਦਾ ਹਾਂ ਗਰੀਬ ਨੂੰ ਹੱਕ ਨਹੀਂ ਮਿਲਦਾ, ਉਸਦਾ ਢਿੱਡ ਨਹੀਂ ਭਰਦਾ, ਉਸਦੇ ਛੋਟੇ-ਛੋਟੇ ਬੱਚੇ ਮਜ਼ਦੂਰੀ ਕਰਦੇ ਹਨ, ਤਨ ਢੱਕਣ ਲਈ ਕੱਪੜਾ ਨਹੀਂ ਹੈ। ਦੂਜੇ ਪਾਸੇ ਦੇਸ਼ ਸੇਵਕ ਕਹਾਉਣ ਵਾਲੇ ਲੀਡਰ ਸਿਰਫ਼ ਤੇ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਦੇ ਹਨ। ਦੇਸ਼ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਸਿਆਸਤ ਵਿਚ ਪਰਿਵਾਰਾਂ ਦਾ ਦਬਦਬਾ ਹੈ। ਆਮ ਬੰਦਾ ਤਾਂ ਹੁਣ ਸਿਆਸਤ ਵਿਚ ਆ ਹੀ ਨਹੀਂ ਸਕਦਾ। ਵੱਡੇ ਘਰਾਣਿਆਂ ਨਾਲ ਟੱਕਰ ਲੈਣ ਲਈ ਉਸ ਕੋਲ ਪੈਸਾ ਹੀ ਨਹੀਂ ਹੈ।''
ਬਜ਼ੁਰਗ ਨੇ ਗੱਲ ਜਾਰੀ ਰਖਦਿਆਂ ਕਿਹਾ, ''ਭ੍ਰਿਸ਼ਟਾਚਾਰ ਐਨਾ ਹੈ ਜਿਸ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀ। ਸਿਆਸਤਦਾਨਾਂ ਦਾ ਜ਼ੋਰ ਚੱਲੇ ਤਾਂ ਉਹ ਦੇਸ਼ ਨੂੰ ਹੀ ਵੇਚ ਦੇਣ। ਹੁਣ ਵੀ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਹਰ ਰੋਜ਼ ਅਰਬਾਂ ਖਰਬਾਂ ਦੇ ਘੁਟਾਲੇ ਹੋ ਰਹੇ ਹਨ। ਅਫ਼ਸੋਸ ਹੈ ਕਿ ਸਿਆਸਤਦਾਨਾਂ ਨੂੰ ਕੋਈ ਸ਼ਰਮ ਹੀ ਨਹੀਂ ਹੇ। ਪੂੰਜੀਪਤੀ ਅਤੇ ਸਿਆਸਤਦਾਨ ਆਪਸ ਵਿਚ ਰਲੇ ਹੋਏ ਹਨ। ਅੱਗੋਂ ਅਫ਼ਸਰਸ਼ਾਹੀ ਉਨ੍ਹਾਂ ਦੀਆਂ ਤਲੀਆਂ ਚੱਟਦੀ ਹੈ। ਇਹ ਸਾਰੇ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ। ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਹੀ ਨਹੀਂ ਹੈ।''
''ਨਹੀਂ ਜੀ, ਅਦਾਲਤ ਤਾਂ ਪੁੱਛਦੀ ਹੈ।'' ਮੈਂ ਉਨ੍ਹਾਂ ਦੀ ਗੱਲ ਟੋਕੀ। ''ਕਿਹੜੀ ਅਦਾਲਤ ਦੀ ਗੱਲ ਕਰਦੇ ਹੋ ਪੱਤਰਕਾਰ ਸਾਹਿਬ। ਕਿੰਨੀਆਂ ਖ਼ਬਰਾਂ ਆ ਚੁੱਕੀਆਂ ਹਨ ਜੱਜਾਂ ਵਲੋਂ ਕੀਤੇ ਭ੍ਰਿਸ਼ਟਾਚਾਰ ਦੀਆਂ। ਜਦੋਂ ਜੱਜਾਂ ਦਾ ਹੀ ਅਕਸ ਧੁੰਦਲਾ ਹੋ ਜਾਵੇ ਤਾਂ ਨਿਆਂ ਦੀ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ।'' ਬਜ਼ੁਰਗ ਦੇ ਮਨ ਵਿਚ ਗੁੱਸਾ ਸੀ। ਉਨ੍ਹਾਂ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ, ''ਅਸਲ ਵਿਚ ਹੁਣ ਸਾਡਾ ਕੋਈ ਕਿਰਦਾਰ ਹੀ ਨਹੀਂ ਰਿਹਾ। ਕਈ ਲੀਡਰ ਹਨ ਜਿਨ੍ਹਾਂ ਨੂੰ ਇਮਾਨਦਾਰ ਕਿਹਾ ਜਾਂਦਾ ਹੈ, ਪਰ ਉਹ ਵੀ ਭ੍ਰਿਸ਼ਟ ਸਿਆਸਤਦਾਨਾਂ ਨਾਲ ਘਿਰੇ ਹੋਏ ਨਜ਼ਰ ਆਉਂਦੇ ਹਨ। ਜੇਕਰ ਕੋਈ ਪੁੱਛਦਾ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਭ੍ਰਿਸ਼ਟ ਲੋਕਾਂ ਨਾਲ ਖੜ੍ਹੇ ਹਨ।''
ਮੈਂ ਬਜ਼ੁਰਗ ਨੂੰ ਪੁੱਛਿਆ, ''ਤੁਹਾਨੂੰ ਕੋਈ ਆਸ ਦੀ ਕਿਰਨ ਨਹੀਂ ਨਜ਼ਰ ਆਉਂਦੀ?'' ਉਨ੍ਹਾਂ ਅੱਗੋਂ ਜਵਾਬ ਦਿੱਤਾ, ''ਆਸ ਤਾਂ ਹਰ ਨਵੀਂ ਪੀੜ੍ਹੀ 'ਤੇ ਕੀਤੀ ਜਾਂਦੀ ਹੈ, ਜਦੋਂ ਕੋਈ ਜਵਾਨ ਹੁੰਦਾ ਹੈ ਤਾਂ ਹਰ ਕੋਈ ਕਹਿੰਦਾ ਹੈ ਕਿ ਉਹ 'ਮੇਰੀ ਸੋਚ' 'ਤੇ ਪਹਿਰਾ ਦੇਵੇਗਾ, ਪਰ ਜਿਉਂ ਜਿਉਂ ਉਮਰ ਢਲਦੀ ਜਾਂਦੀ ਹੈ ਤਾਂ ਉਹ ਪ੍ਰਬੰਧ ਦੇ ਗੰਧਲੇਪਣ ਦਾ ਆਦੀ ਹੁੰਦਾ ਚਲਿਆ ਜਾਂਦਾ ਹੈ। ਹੁਣ ਵੀ ਨੌਜਵਾਨਾਂ ਦੇ ਮੋਟਰਸਾਈਕਲਾਂ, ਗੱਡੀਆਂ, ਬੱਸਾਂ 'ਤੇ ਮੇਰੀਆਂ ਫੋਟੋਆਂ ਲੱਗੀਆਂ ਹੋਈਆਂ ਹਨ, ਪਰ ਜਦੋਂ ਪ੍ਰੀਖਿਆ ਦੀ ਘੜੀ ਆਉਂਦੀ ਹੈ ਤਾਂ ਸਾਰਿਆਂ ਦਾ ਇਮਾਨ ਡੋਲ ਜਾਂਦਾ ਹੈ। ਅੱਜ ਪੰਜਾਬ ਵਿਚ ਵੀ ਮੇਰੇ ਨਾਂ 'ਤੇ ਬਹੁਤ ਵਪਾਰ ਹੋ ਰਿਹਾ ਹੈ। ਕੋਈ ਟੂਰਨਾਮੈਂਟ ਕਰਵਾਉਂਦਾ ਹੈ, ਕੋਈ ਸਟੇਡੀਅਮ ਬਣਾਉਂਦਾ ਹੈ ਅਤੇ ਕੋਈ ਮੇਰੇ ਨਾਂ 'ਤੇ ਸਿਆਸੀ ਪਾਰਟੀ ਬਣਾਉਣਾ ਚਾਹੁੰਦਾ ਹੈ, ਪਰ ਲੱਗਦਾ ਨਹੀਂ ਕਿ ਕੋਈ ਮੇਰੇ ਸੁਪਨੇ ਪੂਰੇ ਕਰੇਗਾ।'' ''ਟਰਨ-ਟਰਨ-ਟਰਨ'' ਅਚਾਨਕ ਮੇਰੇ ਮੋਬਾਇਲ ਦਾ ਅਲਾਰਮ ਵੱਜਿਆ, ਮੇਰੀ ਜਾਗ ਖੁੱਲ੍ਹ ਗਈ। ਮੈਂ ਬੈੱਡ ਸਵਿਚ ਆਨ ਕੀਤੀ ਅਤੇ ਅੱਖਾਂ ਮਲੀਆਂ ਤਾਂ ਮੇਰੇ ਸਾਹਮਣੇ ਕੋਈ ਬਜ਼ੁਰਗ ਨਹੀਂ ਸੀ। ਮੇਰੀ ਧਰਮ ਪਤਨੀ ਨੇ ਮੇਰੇ ਸਰਾਹਣੇ ਅਖ਼ਬਾਰ ਤੇ ਬੈੱਡ-ਟੀ ਰੱਖੀ ਹੋਈ ਸੀ, ਮੈਂ ਚਾਹ ਦੀ ਚੁਸਕੀ ਭਰੀ ਅਤੇ ਅਖ਼ਬਾਰ ਦੀ ਸੁਰਖੀ ਪੜ੍ਹੀ-
'ਸ਼ਹੀਦ ਦੇ ਸੁਪਨਿਆਂ ਦਾ ਮੁਲਕ'
ਸ਼ਹੀਦ-ਏ-ਆਜ਼ਮ ਦੇ ਸ਼ਤਾਬਦੀ ਸਮਾਗਮਾਂ ਦੇ ਨਾਂ 'ਤੇ ਕਰੋੜਾਂ ਦਾ ਘਪਲਾ
ਮੇਰੀ ਜਿਵੇਂ ਸੋਚ ਹੀ ਰੁਕ ਗਈ, ਮੈਂ ਸੁੰਨ ਹੋ ਗਿਆ। ਅਸੀਂ ਇੱਕ ਸ਼ਹੀਦ ਦੀ ਸ਼ਤਾਬਦੀ ਵੀ ਕਲੰਕਤ ਕਰ ਦਿੱਤੀ, ਅੱਜ ਸ਼ਹੀਦ ਦੇ ਨਾਂ 'ਤੇ ਹਰ ਕੋਈ ਸਿਆਸੀ ਵਪਾਰ ਕਰ ਰਿਹਾ ਹੈ। ਆਪਣੀ ਜ਼ਮੀਰ ਨੂੰ ਝੰਜੋੜੋ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਕਿਹੋ ਜਿਹਾ ਸੀ।