Thursday, 14 June 2012 06:05
Print PDF

ਕਾਂਗਰਸ ਦਾ ਵਿਰੋਧ ਰਾਜਨੀਤੀ ਤੋਂ ਪ੍ਰੇਰਿਤ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਨੂੰ ਲੈ ਕੇ ਕਾਂਗਰਸ ਦੁਆਰਾ 'ਪੰਜਾਬ ਦਾ ਮਾਹੌਲ ਖਰਾਬ' ਹੋਣ ਦਾ ਜੋ ਹਾਊਆ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਹਕੀਕਤ ਤੋਂ ਪਰ੍ਹੇ ਹੈ ਪਰ ਰਾਜਨੀਤੀ ਦੇ ਵਧੇਰੇ ਨੇੜੇ ਹੈ। ਇਸ ਯਾਦਗਾਰ ਨੂੰ ਲੈ ਕੇ ਕਾਂਗਰਸ ਵੱਲੋਂ ਚੌਤਰਫ਼ਾ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਭੈ-ਭੀਤ ਹੋ ਜਾਣ ਅਤੇ ਉਹ ਇਕਦਮ ਕਾਂਗਰਸ ਦੀ ਸ਼ਰਨ ਵਿਚ ਆ ਜਾਣ। ਜਦੋਂ ਹਾਲੇ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਤਾਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ 'ਤੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਦਾ ਮਾਹੌਲ ਇਕ ਵਾਰ ਫਿਰ ਖਰਾਬ ਹੋ ਜਾਵੇਗਾ ਅਤੇ ਇਸ ਯਾਦਗਾਰ ਦਾ ਪੰਜਾਬ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਨੇ ਬਲਿਊ ਸਟਾਰ ਆਪਰੇਸ਼ਨ ਕਰਵਾਇਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਦੀ ਫੌਜ ਵੱਲੋਂ ਕੀਤੀ ਗਈ ਬੇਅਦਬੀ ਅਤੇ ਦਰਬਾਰ ਸਾਹਿਬ ਵਿਚ ਗਰਮ ਖਿਆਲੀਆਂ ਦੇ ਨਾਲ-ਨਾਲ ਅਣਗਿਣਤ ਨਿਰਦੋਸ਼ ਲੋਕਾਂ ਦੇ ਹੋਏ ਕਤਲੇਆਮ ਦੇ ਵਿਰੋਧ ਵਿਚ ਨਾ ਸਿਰਫ਼ ਕਾਂਗਰਸ ਨੂੰ ਅਲਵਿਦਾ ਕਿਹਾ ਸੀ ਬਲਕਿ ਲੋਕ ਸਭਾ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦੇ

ਦਿੱਤਾ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਉਦਾਹਰਣ ਪੇਸ਼ ਕੀਤੀ ਸੀ, ਉਸ ਕਾਰਨ ਸੰਸਾਰ ਭਰ ਦੇ ਸਿੱਖਾਂ ਵਿਚ ਉਨ੍ਹਾਂ ਦਾ ਬਹੁਤ ਜ਼ਿਆਦਾ ਮਾਣ-ਸਤਿਕਾਰ ਵਧਿਆ ਸੀ। ਹੁਣ ਤੱਕ ਬਾਦਲ ਟੌਹੜਾ ਸੋਚ ਦੇ ਵਿਰੋਧੀ ਸਿੱਖ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸੱਚਾ ਸਿੱਖ ਮੰਨਦੇ ਆ ਰਹੇ ਹਨ। ਹੁਣ ਉਹੀ ਅਮਰਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਦਾ ਵਿਰੋਧ ਕਰ ਰਹੇ ਹਨ। ਕਾਂਗਰਸ ਵੱਲੋਂ ਜਿਹੜੇ ਚੌਹਤਰਫ਼ਾ ਯਤਨ ਕੀਤੇ ਜਾ ਰਹੇ ਹਨ, ਉਸ ਦੇ ਦਬਾਅ ਹੇਠ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਮੀਡੀਏ ਵਿਚ ਆ ਕੇ ਪੰਜਾਬ ਸਰਕਾਰ ਨੂੰ ਵੰਗਾਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਯਾਦਗਾਰ ਦੇ ਮੁੱਦੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 'ਜ਼ਿੰਦਾ ਸ਼ਹੀਦ' ਦਾ ਖਿਤਾਬ ਦੇਣ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਜੋ ਪੈਂਤੜਾ ਬਦਲਿਆ ਹੈ, ਉਸ ਪਿਛੇ ਉਨ੍ਹਾਂ ਦੀ ਹਾਰ ਦੀ ਨਿਰਾਸ਼ਾ ਵੀ ਨਜ਼ਰ ਆ ਰਹੀ ਹੈ। ਉਹ ਜਿਸ ਰਾਜਨੀਤੀ ਲਈ ਮਕਬੂਲ ਸਨ, ਉਸ ਕਾਰਨ ਉਹ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ। ਉਪਰੋਂ ਹੁਣ ਉਨ੍ਹਾਂ ਦੀ ਪ੍ਰਧਾਨਗੀ ਵੀ ਖੁਸਦੀ ਜਾ ਰਹੀ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦੀ ਅਗਵਾਈ ਵਿਚ ਇਕ ਵਫ਼ਦ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਵੀ ਮਿਲਿਆ ਹੈ ਅਤੇ ਉਸ ਨੇ ਵੀ ਪੰਜਾਬ ਦੇ ਅਮਨ ਅਮਾਨ ਤੇ ਭਾਈ ਰਾਜੋਆਣਾ ਦਾ ਮੁੱਦਾ ਉਨ੍ਹਾਂ ਕੋਲ ਉਠਾਇਆ ਹੈ। ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸੂਬੇ ਅੰਦਰ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਜਵਾਬ ਵਿਚ ਕਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਖਦਸ਼ੇ ਨਿਰਮੂਲ ਹਨ, ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ ਅਤੇ ਸਰਕਾਰ ਉਸ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਾਂਗਰਸ ਦੇ ਯਾਦਗਾਰ ਸਬੰਧੀ ਸਟੈਂਡ ਉੱਤੇ ਆਮ ਸਿੱਖ ਵੀ ਹੈਰਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਸਥਾਪਤ ਕਰਨ ਵਿਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਸਮੇਂ ਦਰਬਾਰ ਸਾਹਿਬ ਵਿਚ ਕੁਝ ਗਰਮ ਖਿਆਲੀ ਸਿੱਖ ਮੌਜੂਦ ਸਨ, ਜਿਹੜੇ ਹਿੰਸਕ ਵਾਰਦਾਤਾਂ ਕਰਦੇ ਸਨ ਪਰ ਉਨ੍ਹਾਂ 'ਤੇ ਕਾਬੂ ਪਾਉਣ ਲਈ ਜਿਸ ਪ੍ਰਕਾਰ ਆਮ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ, ਉਸ ਕਾਰਵਾਈ ਨੂੰ ਕਦੇ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਆਮ ਸਿੱਖਾਂ ਦਾ ਮੰਨਣਾ ਹੈ ਕਿ ਜਿਹੜੇ ਘੱਲੂਘਾਰੇ ਹੁੰਦੇ ਹਨ ਜਾਂ ਕਿਸੇ ਕੌਮ ਦੇ ਕਤਲੇਆਮ ਦੀਆਂ ਵਾਰਦਾਤਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਯਾਦਗਾਰਾਂ ਬੀਤੇ ਸਮੇਂ ਵਿਚ ਵੀ ਉਸਾਰੀਆਂ ਗਈਆਂ ਹਨ ਅਤੇ ਭਵਿੱਖ ਵਿਚ ਵੀ ਉਸਾਰੀਆਂ ਜਾਣਗੀਆਂ। ਵਿਸ਼ਵ ਭਰ ਵਿਚ ਕਿਸੇ ਸਰਕਾਰ ਜਾਂ ਦਮਨਕਾਰੀ ਤਾਕਤਾਂ ਦੁਆਰਾ ਮਾਰੇ ਗਏ ਲੋਕਾਂ ਦੀ ਯਾਦ ਵਿਚ ਸਮਾਰਕ ਬਣਦੇ ਹਨ। ਬਾਦਲ ਸਰਕਾਰ ਨੇ ਆਪਣੇ ਪਿਛਲੇ ਕਾਲ ਦੌਰਾਨ ਛੋਟੇ ਤੇ ਵੱਡੇ ਘੱਲੂਘਾਰੇ ਦੀਆਂ ਯਾਦਗਾਰਾਂ ਬਣਾਈਆਂ ਹਨ। ਹੋਰ ਦੂਰ ਕੀ ਜਾਣਾ, ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਜਲ੍ਹਿਆਂ ਵਾਲਾ ਬਾਗ ਦਾ ਸਾਕਾ ਵਾਪਰਿਆ। ਉਸ ਵਿਚ ਅੰਗਰੇਜ਼ ਸਰਕਾਰ ਨੇ ਅਣਗਿਣਤ ਨਿਰਦੋਸ਼ ਲੋਕਾਂ ਨੂੰ ਮਾਰਿਆ। ਉਸ ਕਤਲੇਆਮ ਦੀ ਯਾਦਗਾਰ ਵੀ ਸਥਾਪਤ ਕੀਤੀ ਗਈ ਹੈ। 1984 ਵਿਚ ਜਿਹੜਾ ਨੀਲਾ ਤਾਰਾ ਆਪ੍ਰੇਸ਼ਨ ਉਦੋਂ ਦੀ ਇੰਦਰਾ ਸਰਕਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਮ 'ਤੇ ਕੀਤਾ ਸੀ, ਮਕਸਦ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਜੇਕਰ ਗਰਮ ਖਿਆਲੀਆਂ ਨੂੰ ਫੜਨਾ ਹੁੰਦਾ ਤਾਂ ਹੋਰ ਵੀ ਬਹੁਤ ਸਾਰੇ ਢੰਗ ਤਰੀਕੇ ਮੌਜੂਦ ਸਨ। ਸਰਕਾਰ ਨੇ ਤਾਂ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ 'ਤੇ ਇਸ ਪ੍ਰਕਾਰ ਟੈਂਕਾਂ ਤੇ ਤੋਪਾਂ ਨਾਲ ਗੋਲੇ ਸੁਟਵਾਏ ਜਿਸ ਪ੍ਰਕਾਰ ਉਹ ਕੋਈ ਪਾਕਿਸਤਾਨ 'ਤੇ ਹਮਲਾ ਕਰ ਰਹੀ ਹੋਵੇ। ਇਹ ਹਮਲਾ ਵੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤੇ ਕਤਲੇਆਮ ਤੋਂ ਘੱਟ ਨਹੀਂ ਸੀ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਜੇਕਰ ਮੁਗ਼ਲਾਂ ਦੇ ਜ਼ੁਲਮਾਂ ਦੀ ਕਹਾਣੀ ਦੱਸਣੀ ਜ਼ਰੂਰੀ ਹੈ ਤਾਂ ਕਾਂਗਰਸ ਜਾਂ ਇਹ ਕਹਿ ਲਵੋ ਕਿ ਇੰਦਰਾ ਗਾਂਧੀ ਦੀਆਂ ਗਲਤ ਨੀਤੀਆਂ ਕਾਰਨ ਸਿੱਖਾਂ ਨੂੰ ਜਿਹੜਾ ਨੁਕਸਾਨ ਸਹਿਣ ਕਰਨਾ ਪਿਆ ਹੈ, ਉਸ ਦੀ ਯਾਦਗਾਰ ਬਣਾਉਣਾ ਵੀ ਕੋਈ ਗਲਤ ਨਹੀਂ ਹੈ। ਇਹ ਠੀਕ ਹੈ ਕਿ ਗਰਮ ਖਿਆਲੀ ਸਿੱਖਾਂ ਜਾਂ ਇਹ ਕਹਿ ਲਵੋ ਕਿ ਖਾੜਕੂਆਂ ਨੇ ਵੀ ਨਿਰਦੋਸ਼ ਹਿੰਦੂ ਸਿੱਖਾਂ ਨੂੰ ਮਾਰਿਆ ਹੈ, ਪਰ ਉਹ ਬਾਗ਼ੀ ਲੋਕ ਸਨ ਜਿਨ੍ਹਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਸੀ। ਇਕ ਸਰਕਾਰ ਸੰਵਿਧਾਨ ਅਨੁਸਾਰ ਚੱਲਦੀ ਫ਼ੌਜ ਕਾਨੂੰਨਾਂ ਨੂੰ ਮੰਨਦੀ ਹੈ, ਇਸ ਲਈ ਨਿਰਦੋਸ਼ ਲੋਕਾਂ ਦੀ ਜਾਨ ਦੀ ਰਾਖੀ ਕਰਨਾ ਉਨ੍ਹਾਂ ਦਾ ਫਰਜ਼ ਹੁੰਦਾ ਹੈ ਪਰ ਜੇਕਰ ਉਹ ਆਮ ਲੋਕਾਂ ਦੇ ਵੈਰ ਪੈ ਜਾਵੇ ਤਾਂ ਇਹ ਕਤਲੇਆਮ ਹੈ ਨਾ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਦੀ ਰਾਖੀ ਕਰਨਾ। ਭਾਈ ਰਾਜੋਆਣਾ ਨੂੰ ਸਨਮਾਨ ਦੇਣ ਦੇ ਮਾਮਲੇ 'ਤੇ ਕਾਂਗਰਸ ਦਾ ਸਿਆਸੀ ਸਟੈਂਡ ਆਪਣੀ ਜਗ੍ਹਾ ਠੀਕ ਹੋ ਸਕਦਾ ਹੈ, ਪਰ ਯਾਦਗਾਰ ਦੇ ਮਾਮਲੇ 'ਤੇ ਪੂਰੀ ਸਿੱਖ ਕੌਮ ਕਾਂਗਰਸ ਨਾਲ ਇਤਫ਼ਾਕ ਨਹੀਂ ਰੱਖਦੀ। ਜਿਥੋਂ ਤੱਕ ਯਦਗਾਰ ਦੇ ਸਬੰਧ ਵਿਚ ਪੰਜਾਬ ਸਰਕਾਰ ਦਾ ਸਟੈਂਡ ਹੈ, ਉਹ ਇਹ ਕਹਿ ਕੇ ਟਾਲਾ ਵੱਟ ਸਕਦੀ ਹੈ ਕਿ ਸਰਕਾਰ ਦਾ ਯਾਦਗਾਰ ਨਾਲ ਕੋਈ ਸਬੰਧ ਨਹੀਂ ਹੈ, ਪਰ ਇਹ ਸਟੈਂਡ ਭਾਜਪਾ ਨੂੰ ਖੁਸ਼ ਕਰਨ ਵਾਲਾ ਹੈ। ਅਕਾਲੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਜਪਾ ਜਦੋਂ ਵੀ ਹਿੰਦੂ ਪੱਤਾ ਖੇਡਦੀ ਹੈ ਤਾਂ ਉਹ ਕਦੇ ਵੀ ਅਕਾਲੀ ਦਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੀ।     

Comments (0)

Write comment

smaller | bigger

busy
You are here:   Homeਮੁੱਖ ਖਬਰਾਂਸ਼ਹੀਦਾਂ ਦੀ ਯਾਦਗਾਰ

Currency Converter

Amount:
From:
To:


Gurbani Radio


Gurbani - Sri Harmandir Sahib