Wednesday, 02 May 2012 13:06
Print PDF

ਅੱਜ ਕੱਲ੍ਹ ਭਾਰਤੀ ਮੀਡੀਏ 'ਤੇ ਨਿਰਮਲ ਬਾਬਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਹਿਲਾਂ ਉਸ ਦੇ ਚੈਨਲ 'ਤੇ ਇਸ਼ਤਿਹਾਰ ਚਲਦੇ ਸਨ, ਹੁਣ ਚੈਨਲਾਂ 'ਤੇ ਉਸ ਦੀਆਂ ਵਿਵਾਦਗ੍ਰਸਤ ਖ਼ਬਰਾਂ ਚੱਲ ਰਹੀਆਂ ਹਨ। ਇਸ਼ਤਿਹਾਰਾਂ ਵਿੱਚ ਬਾਬਾ ਆਪਣੇ ਮਨ ਮਰਜ਼ੀ ਦੇ ਸੀਨ ਪੁਆਉਂਦਾ ਹੈ ਜਿਸ ਵਿੱਚ ਉਹ ਲੋਕਾਂ ਦੇ ਦੁੱਖ ਦਲਿਦਰ ਅਨੋਖੇ ਟੋਟਕਿਆਂ ਨਾਲ ਦੂਰ ਕਰਨ ਦਾ ਦਾਅਵਾ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਦੱਸੇ ਗਏ ਉਪਾਵਾਂ ਨਾਲ 'ਸ਼ਕਤੀਆਂ' ਉਨ੍ਹਾਂ 'ਤੇ ਮਿਹਰਬਾਨ ਹੋਣਗੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਉਹ ਕਿਸੇ ਨੂੰ ਕਹਿੰਦਾ ਹੈ ਕਿ ਸਮੋਸੇ ਖਾਓ, ਕਿਸੇ ਨੂੰ ਕਹਿੰਦਾ ਹੈ ਬਰਫ਼ੀ ਖਾਓ, ਕਿਸੇ ਨੂੰ ਬੰਦੂਕ ਦਾ ਨਿਸ਼ਾਨਾ ਸਹੀ ਲਗਾਉਣ ਲਈ ਕਹਿੰਦਾ ਹੈ, ਕਿਸੇ ਨੂੰ ਕਾਲਾ ਪਰਸ (ਉਹ ਵੀ ਮਹਿੰਗਾ) ਰੱਖਣ ਦੀ ਨਸੀਹਤ ਦਿੰਦਾ ਹੈ। ਉਹ ਇੱਕ ਤਰ੍ਹਾਂ ਨਾਲ ਕਰਾਮਾਤਾਂ ਕਰਨ ਦਾ ਪ੍ਰਭਾਵ ਦਿੰਦਾ ਹੈ। ਉਂਝ ਤਾਂ ਬਾਬੇ ਬਹੁਤ ਆਉਂਦੇ ਜਾਂਦੇ

 ਰਹਿੰਦੇ ਹਨ, ਪਰ ਉਸ ਵਿੱਚ ਪੰਜਾਬੀਆਂ ਦੀ ਦਿਲਚਸਪੀ ਇਸ ਲਈ ਹੈ ਕਿਉਂਕਿ ਉਸ ਦਾ ਸਬੰਧ ਪੰਜਾਬ ਨਾਲ ਹੈ। ਉਸ ਦਾ ਕਹਿਣਾ ਹੈ ਕਿ ਉਹ ਸਮਾਣਾ, ਜੋ ਕਿ ਜ਼ਿਲ੍ਹਾ ਪਟਿਆਲਾ ਦੀ ਇਕ ਤਹਿਸੀਲ ਹੈ, ਦਾ ਜੰਮਪਲ ਹੈ। ਉਂਝ ਇਸ ਬਾਬੇ ਦਾ ਅੱਸਲੀ ਨਾਮ ਨਿਰਮਲਜੀਤ ਸਿੰਘ ਨਰੂਲਾ ਹੈ ਅਤੇ ਉਹ ਛੱਤੀਸਗੜ੍ਹ ਦੇ ਸਿਆਸਤਦਾਨ ਇੰਦਰ ਸਿੰਘ ਨਾਮਧਾਰੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਨਾਮਧਾਰੀ ਨਿਰਮਲ ਬਾਬੇ ਨੂੰ ਕਹਿੰਦਾ ਹੈ ਕਿ ਉਹ ਕਰਾਮਾਤਾਂ ਦੀ ਗੱਲ ਨਾ ਕਰੇ ਕਿਉਂਕਿ ਸਿੱਖੀ ਵਿਚ ਕਰਾਮਾਤਾਂ ਨੂੰ ਕੋਈ ਸਥਾਨ ਨਹੀਂ ਹੈ। ਨਿਰਮਲ ਬਾਬਾ ਦਾ ਕਹਿਣਾ ਹੈ ਕਿ ਉਸ ਦਾ ਹੁਣ ਕਿਸੇ ਵਿਸ਼ੇਸ਼ ਧਰਮ ਵਿੱਚ ਵਿਸ਼ਵਾਸ ਨਹੀਂ ਹੈ। ਨਿਰਮਲ ਬਾਬੇ ਦੀ ਦੁਕਾਨ ਚੱਲ ਰਹੀ ਹੈ ਅਤੇ ਹਰ ਰੋਜ਼ ਉਸ ਦੇ ਖਾਤੇ ਵਿਚ ਕਰੋੜਾਂ ਰੁਪਏ ਜਮ੍ਹਾਂ ਹੋ ਰਹੇ ਹਨ। ਨਿਰਮਲ ਬਾਬਾ ਭਾਵੇਂ ਸਿੱਖ ਧਰਮ ਦਾ ਸਹਾਰਾ ਤਾਂ ਨਹੀਂ ਲੈਂਦਾ ਪਰ ਧਰਮਾਂ ਦੇ ਨਾਮ 'ਤੇ ਇਹ ਲੋਕਾਂ ਨੂੰ ਗੁੰਮਰਾਹ ਜ਼ਰੂਰ ਕਰ ਰਿਹਾ ਹੈ। ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਇਕੱਲੇ ਨਿਰਮਲ ਬਾਬੇ ਨੂੰ ਦੋਸ਼ੀ ਕਿਉਂ ਮੰਨੀਏ? ਪੰਜਾਬ ਵਿੱਚ ਜਾਂ ਇਸ ਦੇ ਆਲੇ ਦੁਆਲੇ ਬਹੁਤ ਸਾਰੇ ਡੇਰੇ ਜਾਂ ਮਿਸ਼ਨ ਚੱਲ ਰਹੇ ਹਨ, ਜੋ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ ਅਤੇ  ਉਨ੍ਹਾਂ ਦੁਆਰਾ ਸਹਾਰਾ ਧਰਮਾਂ ਦਾ ਖ਼ਾਸ ਤੌਰ 'ਤੇ ਸਿੱਖ ਧਰਮ ਦਾ ਲਿਆ ਜਾਂਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਦੁਆਰਾ ਸਿੱਖਾਂ ਨਾਲ ਹੀ ਟਕਰਾਓ ਪੈਦਾ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਗੱਲ ਡੇਰਾ ਸਿਰਸਾ ਦੀ ਕਰਦੇ ਹਾਂ। ਇਸ ਡੇਰੇ ਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਹੈ। ਇਹ ਬੁਨਿਆਦੀ ਤੌਰ 'ਤੇ ਸਿੱਖ ਧਰਮ ਨਾਲ ਸਬੰਧ ਰੱਖਦਾ ਹੈ ਅਤੇ, ਇਸ ਦੇ ਰਿਸ਼ਤੇਦਾਰ ਵੀ ਸਿੱਖ ਧਰਮ ਨਾਲ ਸਬੰਧਤ ਹਨ, ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਬਾਬੇ ਨੇ ਤਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਨੇ ਗੁਰੂ ਸਾਹਿਬ ਵਰਗੀ ਪੋਸ਼ਾਕ ਪਹਿਨ ਕੇ ਆਪਣੇ ਪ੍ਰੇਮੀਆਂ ਨੂੰ ਜਾਮ-ਏ-ਇੰਸਾਂ ਪਿਲਾਇਆ। ਇਸ ਕਾਰਨ ਪੰਜਾਬ ਅੰਦਰ ਬਹੁਤ ਵੱਡਾ ਵਿਵਾਦ ਖੜ੍ਹਾ ਹੋ ਗਿਆ, ਅਤੇ ਕਈ ਥਾਂਵਾਂ 'ਤੇ ਟਕਰਾਓ ਵੀ ਪੈਦਾ ਹੋਇਆ, ਉਹ ਵੀ ਹਿੰਸਕ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਸ ਦੇ ਡੇਰੇ ਦਾ ਨਾਮ ਸੱਚਾ ਸੌਦਾ ਹੈ। ਇਹ ਨਾਮ ਇਸ ਡੇਰੇ ਦੇ ਪਹਿਲੇ ਮੁਖੀਆਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਗਏ 'ਸੱਚੇ ਸੌਦੇ' ਦੀ ਘਟਨਾ ਤੋਂ ਲਿਆ ਹੈ। ਅੱਜ ਵੀ ਇਸ ਡੇਰੇ ਦਾ ਮੁਖੀ ਸਿੱਖ ਧਰਮ ਦੇ ਨਾਮ ਉੱਤੇ ਆਪਣਾ ਵਧੀਆ ਕਾਰੋਬਾਰ ਚਲਾ ਰਿਹਾ ਹੈ। ਇਸ ਖ਼ਿਲਾਫ਼ ਕਤਲਾਂ ਅਤੇ ਬਲਾਤਕਾਰ ਦੇ ਮੁਕੱਦਮੇ ਵੀ ਚੱਲ ਰਹੇ ਹਨ।
 ਇਸੇ ਪ੍ਰਕਾਰ ਨਿਰੰਕਾਰੀ ਮਿਸ਼ਨ ਹੈ। ਇਸ ਮਿਸ਼ਨ ਨੂੰ ਸ਼ੁਰੂ ਵਿਚ ਕਾਂਗਰਸ ਨੇ ਪੂਰੀ ਸਰਪ੍ਰਸਤੀ ਦਿੱਤੀ। ਇਸ ਦਾ ਕਾਰਨ ਇਹ ਸੀ ਕਿ ਕਾਂਗਰਸ ਚਾਹੁੰਦੀ ਸੀ ਅਕਾਲੀ ਲੀਡਰਸ਼ਿਪ ਨੂੰ ਪੰਜਾਬ ਦੀ ਸਿਆਸਤ ਵਿਚੋਂ ਮਨਫ਼ੀ ਕੀਤਾ ਜਾਵੇ। ਇਸ ਮਿਸ਼ਨ ਦੇ ਲੀਡਰਾਂ ਨੇ ਵੀ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਮੁਨਾਫ਼ੇ ਲਈ ਵਰਤਿਆ ਹੈ। ਕਿਸੇ ਸਮੇਂ ਤਾਂ ਇਸ ਦੁਆਰਾ ਪੰਜ ਪਿਆਰਿਆਂ ਦੇ ਬਰਾਬਰ ਸੱਤ ਸਿਤਾਰੇ ਵੀ ਤਿਆਰ ਕੀਤੇ ਗਏ ਸਨ। ਇਸ ਮਿਸ਼ਨ ਦੀਆਂ ਸਿੱਖ ਵਿਰੋਧੀ ਸਰਗਰਮੀਆਂ ਦਾ ਸਿੱਖਾਂ ਨੇ ਵਿਰੋਧ ਕੀਤਾ, ਅਤੇ ਵਿਸਾਖੀ 1978 ਨੂੰ ਜਦੋਂ ਸਿੱਖ ਨਿਰੰਕਾਰੀਆਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ ਤਾਂ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ 13 ਸਿੰਘ ਸ਼ਹੀਦ ਹੋ ਗਏ ਸਨ। ਇਸ ਘਟਨਾ ਨੇ ਸਾਰੇ ਪੰਜਾਬ ਵਿਚ ਖਾੜਕੂਵਾਦ ਨੂੰ ਜਨਮ ਦਿੱਤਾ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਨਿਰੰਕਾਰੀ ਮਿਸ਼ਨ ਨੂੰ ਚਲਾਉਣ ਵਾਲੇ ਬੁਨਿਆਦੀ ਤੌਰ 'ਤੇ ਸਿੱਖ ਹੀ ਰਹੇ ਹਨ, ਅਤੇ ਉਨ੍ਹਾਂ ਨੇ ਆਪਣਾ ਧਾਰਮਿਕ ਕਾਰੋਬਾਰ ਚਲਾਉਣ ਲਈ ਸਹਾਰਾ ਸਿੱਖੀ ਦਾ ਲਿਆ ਹੈ ਅਤੇ ਟਕਰਾਓ ਵੀ ਸਿੱਖਾਂ ਨਾਲ ਹੀ ਰੱਖਿਆ। ਹੁਣ ਜਦੋਂ ਇਸ ਮਿਸ਼ਨ ਨੂੰ ਮਹਿਸੂਸ ਹੋਇਆ ਹੈ ਕਿ ਟਕਰਾਓ ਨਾਲ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਇਸ ਕਾਰਨ ਹੁਣ ਉਹ ਆਪਣੀਆਂ ਸਰਗਰਮੀਆਂ ਸ਼ਾਂਤਮਈ ਢੰਗ ਨਾਲ ਚਲਾ ਰਿਹਾ ਹੈ। ਇਸ ਮਿਸ਼ਨ ਦੇ ਪੈਰੋਕਾਰਾਂ ਵਿਚ ਵੀ ਸਿੱਖਾਂ ਦੀ ਵੱਡੀ ਗਿਣਤੀ ਹੈ, ਅਤੇ ਇਨ੍ਹਾਂ ਸਿੱਖਾਂ ਦਾ ਹੁਣ ਪੂਰੀ ਤਰ੍ਹਾਂ ਬਰੇਨਵਾਸ਼ ਕੀਤਾ ਜਾ ਚੁੱਕਾ ਹੈ, ਅਤੇ ਉਨ੍ਹਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਨਜ਼ਦੀਕੀ ਸਿੱਖ ਨੂੰ ਵੀ ਮਿਸ਼ਨ ਦਾ ਹਿੱਸਾ ਬਣਾਇਆ ਜਾਵੇ।
 ਰਾਧਾ ਸਵਾਮੀ ਡੇਰੇ ਦੇ ਵੀ ਪੰਜਾਬ, ਪੰਜਾਬ ਤੋਂ ਬਾਹਰ ਅਤੇ ਵਿਦੇਸ਼ਾਂ ਵਿਚ ਬਹੁਤ ਪੈਰੋਕਾਰ ਹਨ। ਭਾਵੇਂ ਇਸ ਡੇਰੇ ਨੇ ਸਿੱਖਾਂ ਨਾਲ ਕਦੇ ਟਕਰਾਓ ਪੈਦਾ ਨਹੀਂ ਕੀਤਾ ਪਰ ਇਸ ਡੇਰੇ ਦੀਆਂ ਸਿੱਖਿਆਵਾਂ ਵੀ ਸਿੱਖ ਸਿਧਾਂਤਾਂ ਦੇ ਉਲਟ ਹੀ ਹੁੰਦੀਆਂ ਹਨ। ਉਂਝ ਆਪਣੇ ਪ੍ਰਚਾਰ ਲਈ ਇਸ ਡੇਰੇ ਦੇ ਲੀਡਰਾਂ ਦੁਆਰਾ ਗੁਰਬਾਣੀ ਦਾ ਹੀ ਸਹਾਰਾ ਲਿਆ ਜਾਂਦਾ ਹੈ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸਿੱਖ ਧਰਮ ਵਿਚ ਪ੍ਰਮਾਤਮਾ ਨੂੰ ਧਿਆਉਣ  ਜਾਂ ਆਪਣੇ ਜੀਵਨ ਨੂੰ ਸਫ਼ਲ ਕਰਨ ਲਈ ਗੁਰਬਾਣੀ ਕੁਝ ਵੀ ਗੁਪਤ ਰੱਖਣ ਦੀ ਆਗਿਆ ਨਹੀਂ ਦਿੰਦੀ, ਪਰ ਰਾਧਾ ਸਵਾਮੀਆਂ ਦੁਆਰਾ ਜਿਸ ਨੂੰ ਨਾਮ ਦਿੱਤਾ ਜਾਂਦਾ ਹੈ ਉਸ ਨੂੰ ਗੁਰਬਾਣੀ ਦੀ ਜੋ ਤੁਕ ਦਿੱਤੀ ਜਾਂਦੀ ਹੈ, ਉਸ ਨੂੰ ਗੁਪਤ ਰੱਖਣ ਦੇ ਹੁਕਮ ਦਿੱਤੇ ਜਾਂਦੇ ਹਨ। ਇਹ ਕੀ ਭੇਦ ਹੈ ਇਸ ਨੂੰ ਰਾਧਾ ਸਵਾਮੀ ਹੀ ਜਾਨਣ। ਕਹਿਣ ਤੋਂ ਭਾਵ ਇਹ ਹੈ ਕਿ ਇਹ ਜੋ ਡੇਰੇਦਾਰ ਜਾਂ ਮਿਸ਼ਨਰੀ ਹਨ ਜਾਂ ਫਿਰ ਬਾਬੇ ਹਨ, ਇਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖਾਂ ਨਾਲ ਜੁੜੇ ਹੋਏ ਹਨ, ਪਰ ਇਨ੍ਹਾਂ ਦੀਆਂ ਸਿੱਖਿਆਵਾਂ ਸਿੱਖ ਸਿਧਾਂਤਾਂ ਦੇ ਉਲਟ ਹੁੰਦੀਆਂ ਹਨ। ਇਨ੍ਹਾਂ ਦੁਆਰਾ ਪਾਖੰਡ ਕੀਤੇ ਜਾ ਰਹੇ ਹਨ, ਬਾਬਿਆਂ ਦੁਆਰਾ ਆਪਣੇ ਆਪ ਨੂੰ ਸ਼ਕਤੀਮਾਨ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਪਰ ਲੋਕ ਇਨ੍ਹਾਂ ਗੱਲਾਂ ਨੂੰ ਸਮਝਣ ਵਿਚ ਅਸਮਰਥ ਹਨ।
  ਉਹ ਇਨ੍ਹਾਂ ਬਾਬਿਆਂ ਕੋਲੋਂ ਠੱਗੀਆਂ ਵੀ ਖਾਈ ਜਾਂਦੇ ਹਨ ਅਤੇ ਫਿਰ ਵੀ ਖੁਸ਼ ਰਹਿੰਦੇ ਹਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਯਤਨ ਤਾਂ ਹੋ ਰਹੇ ਹਨ ਪਰ ਉਨ੍ਹਾਂ ਤੋਂ ਹਾਲੇ ਪੂਰੀ ਸੰਤੁਸ਼ਟੀ ਨਹੀਂ ਹੈ। ਪਿੰਡਾਂ ਵਿੱਚ ਉਸ ਦੀਆਂ ਸਰਗਰਮੀਆਂ ਓਨੀਆਂ ਨਹੀਂ ਹਨ ਜਿੰਨੀਆਂ ਕਿ ਹੋਣੀਆਂ ਚਾਹੀਦੀਆਂ ਹਨ। ਜਦੋਂ ਤੱਕ ਸ਼੍ਰੋਮਣੀ ਕਮੇਟੀ ਅਤੇ ਇਹ ਸਿੱਖ ਸੰਸਥਾਵਾਂ ਮਜ਼ਬੂਤ ਨਹੀਂ ਹੋਣਗੀਆਂ ਉਦੋਂ ਤੱਕ ਇਹ ਡੇਰੇਦਾਰ ਤੇ ਬਾਬੇ ਸਿੱਖਾਂ ਨੂੰ ਗੁੰਮਰਾਹ ਕਰਕੇ ਕੁਰਾਹੇ ਪਾਉਂਦੇ ਰਹਿਣਗੇ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਡੇਰਿਆਂ ਤੇ ਬਾਬਿਆਂ ਖ਼ਿਲਾਫ਼ ਸਿੱਖ ਸੰਸਥਾਵਾਂ ਗੰਭੀਰ ਹੋਣ

Currency Converter

Amount:
From:
To:


Gurbani Radio


Gurbani - Sri Harmandir Sahib