Thursday, 03 May 2012 07:21
Print PDF

ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਮੈਂ ਕੋਈ ਕਹਾਣੀਕਾਰ ਤਾਂ ਨਹੀਂ, ਪਰ ਕਈ ਘਟਨਾਵਾਂ ਨੂੰ ਸਮਝਾਉਣ ਲਈ ਕਹਾਣੀਆਂ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ। ਇੱਕ ਪੁਰਾਣੀ ਕਹਾਣੀ ਹੈ ਕਿ ਇੱਕ ਪੁਲੀ 'ਤੇ ਦੋ ਸਿਪਾਹੀਆਂ ਨੇ ਨਾਕਾ ਲਾਇਆ ਹੋਇਆ ਸੀ। ਸ਼ਾਮ ਦਾ ਵੇਲਾ ਸੀ, ਰਾਹਗੀਰ ਉੱਥੋਂ ਗੁਜ਼ਰ ਰਹੇ ਸਨ। ਪੁਲਿਸ ਵਾਲੇ ਉਨ੍ਹਾਂ ਨੂੰ ਰੋਕਦੇ ਤੇ ਉਨ੍ਹਾਂ ਦੀ ਤਲਾਸ਼ੀ ਲੈਂਦੇ। ਰਾਹਗੀਰ ਜ਼ਿਆਦਾਤਰ ਪੇਂਡੂ ਸਨ ਤੇ ਮਜ਼ਦੂਰੀ ਕਰ ਕੇ ਘਰਾਂ ਨੂੰ ਵਾਪਸ ਪਰਤ ਰਹੇ ਸਨ। ਇੱਕ ਮ੍ਹਾਤੜ ਭਾਈ ਦਾਰੂ ਦੀ ਬੋਤਲ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਘੇਰ ਲਿਆ। ਬੱਸ ਫਿਰ ਕੀ ਸੀ, ਬਣਾ ਦਿੱਤੀ ਉਸ ਦੀ ਰੇਲ। ਕਦੇ ਕਹਿਣ ਕਿ ਇਹ ਦਾਰੂ ਨਾਜਾਇਜ਼ ਹੈ ਤੇ ਕਦੇ ਕਹਿਣ ਤੇਰੇ 'ਤੇ ਹੁਣ ਪਰਚਾ ਦਰਜ ਕਰਾਂਗੇ, ਨਾਲੇ ਗਾਲ੍ਹਾਂ ਕੱਢਣ ਤੇ ਨਾਲੇ ਡੰਡੇ ਨਾਲ ਸੇਵਾ ਕਰਨ। ਆਖ਼ਰਕਾਰ ਰਾਹਗੀਰ ਨੂੰ ਆਪਣੀ ਬੋਤਲ ਪੁਲਸੀਆਂ ਨੂੰ ਦੇ ਕੇ ਆਪਣਾ ਖਹਿੜਾ ਛੁਡਾਉਣਾ ਪਿਆ। ਬੱਸ ਫਿਰ ਕੀ ਸੀ ਪੁਲਸੀਏ ਨਾਲੇ ਡਿਊਟੀ ਦਿੰਦੇ ਰਹੇ ਤੇ ਨਾਲੇ ਦਾਰੂ ਪੀਂਦੇ ਰਹੇ। ਚੰਨ ਚਾਨਣੀ ਰਾਤ ਸੀ, ਇਸ ਕਾਰਨ ਦੂਰੋਂ ਹੀ ਚੀਜ਼ਾਂ ਨਜ਼ਰ ਆ ਰਹੀਆਂ ਸਨ। ਇੱਕ ਪੁਲਸੀਆ ਜਦੋਂ ਜ਼ਿਆਦਾ ਹੀ ਟੱਲੀ ਹੋ ਗਿਆ ਤਾਂ ਉਹ ਲੱਗ ਪਿਆ ਵਾਘੀਆਂ ਪਾਉਣ। ਉਹ ਕਦੇ ਪੁਲੀ ਦੇ

 ਇੱਕ ਪਾਸੇ ਤੇ ਕਦੇ ਦੂਜੇ ਪਾਸੇ। ਆਖੇ, 'ਮੈਂ ਥਾਣੇਦਾਰ ਸੁਰਜਣ ਸਿੰਘ, ਮਜਾਲ ਐ ਕੋਈ ਖੰਘ ਜਾਵੇ।' ਜਿਉਂ ਹੀ ਉਸ ਨੇ ਚੰਨ ਦੀ ਰੌਸ਼ਨੀ ਵਿੱਚ ਸੂਏ ਵੱਲ ਝਾਕਿਆ ਤਾਂ ਉਹ ਇੱਕ ਦਮ ਕੰਬ ਉਠਿਆ। ਉਹ ਐਨਾ ਘਬਰਾ ਗਿਆ ਕਿ ਸਾਰੀ ਪੀਤੀ ਹੋਈ ਲੱਥ ਗਈ। ਦੂਜੇ ਸਾਥੀ ਨੇ ਪੁੱਛਿਆ, 'ਕੀ ਹੋ ਹੋਇਆ ਸੁਰਜਣ ਸਿੰਹਾਂ, ਐਨਾ ਘਬਰਾਇਆ ਹੋਇਆ ਕਿਉਂ ਏਂ?'
'ਸੂਏ ਵਿੱਚ ਭੂਤ ਐ' ਸੁਰਜਣ ਨੇ ਜਵਾਬ ਦਿੱਤਾ। ਜਦੋਂ ਸਾਥੀ ਨੇ ਵੀ ਸੂਏ ਵੱਲ ਤੱਕਿਆ ਤਾਂ ਉਸ ਦੀ ਵੀ ਸਾਰੀ ਪੀਤੀ ਹੋਈ ਲੱਥ ਗਈ, ਪਰ ਉਹ ਸੋਚੀਂ ਪੈ ਗਿਆ। ਸੁਰਜਣ ਨੇ ਪੁੱਛਿਆ 'ਬਈ, ਚੁੱਪ ਕਿਉਂ ਹੋ ਗਿਆ?'
'ਚੁੱਪ ਨਹੀਂ, ਅਸਲ ਵਿੱਚ ਆਪਾਂ ਤਾਂ ਇੱਕ ਮੁਸੀਬਤ ਵਿੱਚ ਫਸ ਗਏ ਹਾਂ।'
'ਮੁਸੀਬਤ, ਕਿਹੋ ਜਿਹੀ ਮੁਸੀਬਤ?' ਸੁਰਜਣ ਸਿੰਘ ਨੇ ਪੁੱਛਿਆ।
'ਅਸਲ ਵਿੱਚ ਸੂਏ ਵਿੱਚ ਭੂਤ ਨਹੀਂ ਬਲਕਿ ਕਿਸੇ ਦੀ ਲਾਸ਼ ਐ।'
'ਜੇ ਲਾਸ਼ ਐ ਤਾਂ ਮੁਸੀਬਤ ਕਾਹਦੀ?'
ਪਹਿਲੇ ਨੂੰ ਕੁੱਝ ਗੁੱਸਾ ਆਇਆ, ''ਸਾਲਿਆ ਇਹ ਮੁਸੀਬਤ ਨਹੀਂ ਤਾਂ ਹੋਰ ਕੀ ਐ। ਹੁਣ ਆਪਾਂ ਨੂੰ ਸਾਰੀ ਰਾਤ ਇਸ ਲਾਸ਼ ਦੀ ਰਾਖੀ ਕਰਨੀ ਪਵੇਗੀ। ਸਵੇਰੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣਾ ਪਊ ਨਾਲੇ ਇਹਦੇ ਵਾਰਸਾਂ ਨੂੰ ਲੱਭਣਾ ਪਊ।''
ਇਹ ਗੱਲਾਂ ਸੁਣ ਕੇ ਥਾਣੇਦਾਰ ਬਣੇ ਸਿਪਾਹੀ ਸੁਰਜਣ ਸਿੰਘ ਨੂੰ ਵੀ ਕੁਝ ਹੋਸ਼ ਆਉਣ ਲੱਗ ਪਈ ਤੇ ਉਹ ਸੂਏ ਦੇ ਬੰਨੇ ਤੋਂ ਹੇਠਾਂ ਉਤਰਿਆ। ਉਸ ਨੇ ਲਾਸ਼ ਨੂੰ ਡੰਡੇ ਦੀ ਠੋਕਰ ਨਾਲ ਪੁਲੀ ਦੇ ਹੇਠਾਂ ਧੱਕ ਦਿੱਤਾ। ਲਾਸ਼ ਪਾਣੀ ਦੇ ਵਹਾਅ ਨਾਲ ਪੁੱਲੀ ਦੇ ਹੇਠਾਂ ਦੀ ਲੰਘ ਕੇ ਦੂਜੇ ਪਾਸੇ ਚਲੀ ਗਈ।
ਗਾਰੇ ਨਾਲ ਲਿਬੜੇ ਬੂਟਾਂ ਨੂੰ ਝਾੜਦੇ ਹੋਇਆਂ ਸੁਰਜਣ ਸਿੰਘ ਨੇ ਦੂਜੇ ਸਾਥੀ ਨੂੰ ਕਿਹਾ, 'ਹੁਣ ਬਲਾ ਟੱਲ ਗਈ।'
'ਉਹ ਕਿਵੇਂ?'  ਦੂਜੇ ਸਾਥੀ ਨੇ ਪੁੱਛਿਆ। 'ਉਹ ਇਸ ਤਰ੍ਹਾਂ ਕਿ ਪੁਲੀ ਦਾ ਦੂਜਾ ਪਾਸਾ ਦੂਜੇ ਥਾਣੇ ਨੂੰ ਲੱਗਦੈ, ਇਸ ਲਈ ਹੁਣ ਇਹ ਲਾਸ਼ ਜਲਾਲਪੁਰ ਥਾਣੇ ਦੀ ਮੁਸੀਬਤ ਬਣ ਗਈ ਐ। ਲਿਆ ਜੇ ਬੋਤਲ ਵਿੱਚ ਥੋੜ੍ਹੀ ਬਹੁਤੀ ਹੈ, ਫਿਰ ਤੋਂ ਸਰੂਰ ਬਣਾਈਏ।'
ਇਹ ਤਾਂ ਸਿਰਫ ਇੱਕ ਕਹਾਣੀ ਹੈ। ਅਸਲ ਜ਼ਿੰਦਗੀ ਵਿੱਚ ਸਿਰਫ ਪੰਜਾਬ ਪੁਲਿਸ ਹੀ ਨਹੀਂ ਬਲਕਿ ਪੂਰੇ ਹਿੰਦੋਸਤਾਨ ਦੀ ਪੁਲਿਸ ਇਹੋ ਜਿਹੇ ਕਿਰਦਾਰ ਨਿਭਾਉਂਦੀ ਹੈ। ਜਿਸ ਪ੍ਰਕਾਰ ਦੀ ਕਹਾਣੀ ਮੈਂ ਸੁਣਾਈ ਹੈ, ਉਹ ਮੈਂ ਹਕੀਕਤ ਵਿੱਚ ਦੇਖਿਆ ਵੀ ਹੈ। ਕਈ ਅਖਬਾਰਾਂ ਨੇ ਦੋ ਪੁਲਿਸ ਵਾਲਿਆਂ ਦੀ ਫੋਟੋ ਵੀ ਛਾਪੀ ਸੀ, ਜਿਸ ਵਿੱਚ ਉਹ ਇੱਕ ਔਰਤ ਦੀ ਲਾਸ਼, ਜੋ ਪੁੱਲ ਵਿੱਚ ਫਸੀ ਹੋਈ ਸੀ, ਨੂੰ ਕੱਢਣ ਦੀ ਥਾਂ 'ਤੇ ਅੱਗੇ ਰੋੜ੍ਹਨ ਲੱਗੇ ਹੋਏ ਸਨ ਤਾਂ ਜੋ ਉਸ ਲਾਸ਼ ਨੂੰ ਕੱਢ ਕੇ ਉਹ ਪ੍ਰੇਸ਼ਾਨੀਆਂ ਵਿੱਚ ਨਾ ਫਸਣ। ਇਥੇ ਜ਼ਿੰਮੇਵਾਰੀ ਨਿਭਾਉਣਾ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਹੈ।
ਇੱਕ ਹੋਰ ਪੁਰਾਣੀ ਗੱਲ ਹੈ ਜੋ ਕਿ ਮੈਂ ਟੀ ਵੀ ਦੀਆਂ ਖ਼ਬਰਾਂ ਦੌਰਾਨ ਦੇਖੀ ਸੀ। ਇੱਕ ਨੌਜਵਾਨ ਮੋਟਰ ਸਾਈਕਲ 'ਤੇ ਇੱਕ ਕਾਲ ਸੈਂਟਰ ਵਿੱਚ ਡਿਊਟੀ ਦੇਣ ਜਾ ਰਿਹਾ ਸੀ। ਅਚਾਨਕ ਉਸ ਦਾ ਮੋਟਰ ਸਾਈਕਲ ਫਿਸਲ ਗਿਆ ਅਤੇ ਉਹ ਡਿੱਗ ਗਿਆ। ਨੌਜਵਾਨ ਦਾ ਸਿਰ ਰੇਲਿੰਗ ਦੇ ਸਰੀਏ ਵਿੱਚ ਫਸ ਗਿਆ। ਉਥੋਂ ਇੱਕ ਪੱਤਰਕਾਰ ਲੰਘ ਰਿਹਾ ਸੀ ਤਾਂ ਉਸ ਨੇ ਪੁਲਿਸ ਚੌਕੀ ਵਿੱਚ ਜਾ ਕੇ ਜਾਣਕਾਰੀ ਦਿੱਤੀ। ਅੱਧੇ ਘੰਟੇ ਬਾਅਦ ਪੁਲਿਸ ਪੁੱਜੀ। ਜਦੋਂ ਉਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤਾਂ ਉਹ ਉਸ ਦਾ ਇਲਾਕਾ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਇਹ ਦਿੱਲੀ ਪੁਲਿਸ ਦਾ ਕਾਰਜ ਖੇਤਰ ਹੈ, ਤੇ ਉਹ ਉਤਰ ਪ੍ਰਦੇਸ਼ ਦੀ ਪੁਲਿਸ ਹੈ। ਇੰਨੇ ਨੂੰ ਦਿੱਲੀ ਪੁਲਿਸ ਵੀ ਉੱਥੇ ਪਹੁੰਚ ਗਈ। ਉਹ ਕਹੇ ਸਾਡਾ ਇਲਾਕਾ ਨਹੀਂ ਹੈ। ਨੌਜਵਾਨ ਉਸੇ ਪ੍ਰਕਾਰ ਰੇਲਿੰਗ ਵਿੱਚ ਫੱਸਿਆ ਰਿਹਾ। ਏਨੇ ਨੂੰ ਮੀਡੀਏ ਵਾਲੇ ਵੀ ਪੁੱਜ ਗਏ। ਜਦੋਂ ਮੀਡੀਏ ਨੂੰ ਦੇਖਿਆ ਤਾਂ ਪੁਲਿਸ ਦਾ ਆਪਸੀ ਝਗੜਾ ਖ਼ਤਮ ਹੋਇਆ, ਤੇ ਉਹ ਨੌਜਵਾਨ ਨੂੰ ਰੇਲਿੰਗ 'ਚੋਂ ਕੱਢਣ ਲੱਗੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਨੌਜਵਾਨ ਦਮ ਤੋੜ ਚੁੱਕਾ ਸੀ। ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਸਲ ਵਿੱਚ ਸਾਡੀ ਪੁਲਿਸ ਇਸ ਸੰਦਰਭ ਵਿੱਚ  ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਧਾਰ ਨਹੀਂ ਸਕੀ। ਤੁਸੀਂ ਪੰਜਾਬ ਦੀਆਂ ਅਖ਼ਬਾਰਾਂ ਦੀਆਂ ਅਖ਼ਬਾਰਾਂ ਦੇਖੋਗੇ, ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਅਕਸਰ ਸੜਕਾਂ 'ਤੇ ਲਾਸ਼ ਰੱਖ ਕੇ ਟ੍ਰੈਫ਼ਿਕ ਰੋਕ ਦਿੰਦੇ ਹਨ। ਇਸਦਾ ਕਾਰਨ ਇਹ ਹੈ ਕਿ ਪੰਜਾਬ ਅੰਦਰ ਜਦੋਂ ਵੀ ਕੋਈ ਕਤਲ ਹੁੰਦਾ ਹੈ ਤਾਂ ਪੁਲਿਸ ਅਕਸਰ ਅਵੇਸਲੀ ਹੀ ਨਜ਼ਰ ਆਉਂਦੀ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਕਤਲ ਕੇਸਾਂ ਵਿਚ ਪੈਸਾ ਜ਼ਿਆਦਾ ਬਣਨ ਦੀ ਸੰਭਾਵਨਾ ਰਹਿੰਦੀ ਹੈ। ਜਿਸ ਪਰਿਵਾਰ ਦੇ ਜੀਅ ਦਾ ਕਤਲ ਹੋਇਆ ਹੁੰਦਾ ਹੈ, ਉਸ ਨੂੰ ਚੈਨ ਕਿੱਥੇ? ਇਸ ਲਈ ਅੱਕ ਕੇ ਉਨ੍ਹਾਂ ਨੂੰ ਪੁਲਿਸ ਵਿਰੁੱਧ ਅਜਿਹੇ ਕਦਮ ਉਠਾਉਣੇ ਪੈਂਦੇ ਹਨ। ਪੁਲਿਸ ਹਿਰਾਸਤ ਵਿੱਚ ਮੌਤਾਂ ਦਾ ਸਿਲਸਿਲਾ ਅਜੇ ਤੱਕ ਰੁੱਕਿਆ ਨਹੀਂ ਹੈ। ਝੂਠੇ ਮੁਕੱਦਮਿਆਂ ਵਿੱਚ ਲੋਕਾਂ ਨੂੰ ਉਲਝਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਿਆਸਤਦਾਨਾਂ ਦੇ ਦਬਾਅ ਹੇਠ ਵੱਡਿਆਂ ਘਰਾਂ ਦੇ 'ਕਾਕਿਆਂ' ਦੀਆਂ ਕਰਤੂਤਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਪੁਲਿਸ ਦੀ ਦੇਖਰੇਖ 'ਚ ਤਸਕਰੀ ਚੱਲਦੀ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਦੁਨੀਆਂ ਛੋਟਾ ਜਿਹਾ ਪਿੰਡ ਬਣ ਗਈ ਹੈ। ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਉੱਥੇ ਦੇਖਦੇ ਹਨ ਕਿ ਪੱਛਮੀ ਮੁਲਕਾਂ ਵਿੱਚ ਪੁਲਿਸ ਦੀ ਭੂਮਿਕਾ ਕਿਹੋ ਜਿਹੀ ਹੈ। ਇਹ ਸੱਭ ਕੁੱਝ ਪੁਲਿਸ ਅਧਿਕਾਰੀ ਵੀ ਵੇਖਦੇ ਹਨ, ਪਰ ਸਾਡਾ ਪ੍ਰਬੰਧ ਠੀਕ ਨਹੀਂ ਹੁੰਦਾ। ਸੁਧਾਰ ਦੀ ਫੀਸਦ ਬਹੁਤ ਘੱਟ ਹੈ। ਜਿੰਨਾ ਕੁ ਹੋਇਆ ਹੈ, ਉਸ ਪਿੱਛੇ ਕਾਰਨ ਇਹ ਹੈ ਕਿ ਪੁਲਿਸ ਵਿੱਚ ਹੁਣ ਪੜ੍ਹੇ ਲਿਖੇ ਨੌਜਵਾਨ ਭਰਤੀ ਹੋ ਰਹੇ ਹਨ, ਪਰ ਉਹ ਵੀ ਸਿਸਟਮ ਵਿੱਚ ਰਹਿ ਕੇ ਗ਼ੈਰਜ਼ਿੰਮੇਦਾਰ ਬਣ ਜਾਂਦੇ ਹਨ। ਅੱਜ ਪੁਲਿਸ ਪ੍ਰਬੰਧ ਵਿੱਚ ਤਬਦੀਲੀ ਕਰਨ ਦੀ ਬਹੁਤ ਲੋੜ ਹੈ। ਜਦੋਂ ਤੱਕ ਪੁਲਿਸ ਪ੍ਰਬੰਧ ਠੀਕ ਨਹੀਂ ਹੋਵੇਗਾ, ਉਦੋਂ ਤੱਕ ਲੋਕਾਂ ਨੂੰ ਨਿਆਂ ਵੀ ਨਹੀਂ ਮਿਲੇਗਾ।     

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਪੁਲਿਸ ਤੇ ਆਮ ਮਨੁੱਖ

Currency Converter

Amount:
From:
To:


Gurbani Radio


Gurbani - Sri Harmandir Sahib