Thursday, 24 May 2012 08:43
Print PDF

ਪੂਰੀ ਦੁਨੀਆਂ ਵਿੱਚ ਫੁੱਟਬਾਲ ਨੂੰ ਉੱਚ ਖੇਡ ਦਾ ਰੁਤਬਾ ਹਾਸਲ ਹੈ। ਕੁੱਲ ਆਲਮ ਵੱਲੋਂ ਖੇਡੀ ਜਾਂਦੀ ਫੁੱਟਬਾਲ ਦੀ ਜਦੋਂ ਗੱਲ ਚੱਲਦੀ ਹੈ ਤਾਂ ਬਾਕੀ ਸਾਰੀਆਂ ਖੇਡਾਂ ਕਿਨਾਰੇ ਲੱਗ ਜਾਂਦੀਆਂ ਹਨ। ਅਹਿਮ ਗੱਲ ਇਹ ਹੈ ਕਿ ਕੁਝ ਇੱਕ ਦੇਸ਼ਾਂ ਜਿਨ੍ਹਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਫੀਫਾ ਦੀ ਮੈਂਬਰੀ ਨਹੀਂ ਮਿਲੀ ਹੋਈ, ਬਾਕੀ ਦਾ ਪੂਰਾ ਜਗਤ ਫੁੱਟਬਾਲ ਨੂੰ ਕਿੱਕਾਂ ਮਾਰਦਾ ਮਾਣ ਮਹਿਸੂਸ ਕਰਦਾ ਹੈ। ਇੱਕ ਹਿਸਾਬ ਨਾਲ ਵਿਸ਼ਵ ਕੱਪ ਨੂੰ ਫੁੱਟਬਾਲ ਦਾ ਸਭ ਤੋਂ ਵੱਡਾ ਖੇਡ ਮੇਲਾ ਆਂਕਿਆ ਜਾਂਦਾ ਹੈ। ਚਾਰ ਸਾਲ ਬਾਅਦ ਖੇਡੇ ਜਾਂਦੇ ਆਲਮੀ ਕੱਪ 'ਚ ਫੁੱਟਬਾਲ ਖਿਡਾਰੀਆਂ ਦੇ ਪੈਰਾਂ ਦੇ ਕੌਤਕ ਵੇਖਣ ਲਈ ਖੇਡ ਦਰਸ਼ਕ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਬਾਅਦ ਪੰਜ ਵੱਖ-ਵੱਖ ਖਿੱਤਿਆਂ ਦੇ ਯੂਰੋ ਫੁੱਟਬਾਲ ਕੱਪ, ਕੋਪਾ ਫੁੱਟਬਾਲ ਕੱਪ, ਏਸ਼ੀਆ ਫੁੱਟਬਾਲ ਕੱਪ, ਅਫਰੀਕਨ ਫੁੱਟਬਾਲ ਕੱਪ ਤੇ ਓਸੀਨੀਆ ਫੁੱਟਬਾਲ ਕੱਪ ਤੋਂ ਇਲਾਵਾ ਪੰਜੇ ਖਿੱਤਿਆਂ ਦੀਆਂ ਸੈਮੀਫਾਈਨਲਿਸਟ ਟੀਮਾਂ ਦਰਮਿਆਨ ਖੇਡਿਆ ਜਾਂਦਾ ਕਨਫੈਡਰੇਸ਼ਨ ਫੁੱਟਬਾਲ ਕੱਪ ਜਿਹੇ ਖੇਡ ਮੁਕਾਬਲਾ ਕੁੱਲ ਆਲਮ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਰੂਹ ਦੀ ਖੁਰਾਕ ਬਣੇ ਹੋਏ ਹਨ ਜਿਨ੍ਹਾਂ ਦੀਆਂ ਖੇਡ ਤਾਰੀਖਾਂ ਨੂੰ ਫੁੱਟਬਾਲ ਦੇ ਹਮਦਰਦ ਬੜੀ ਬੇਸਬਰੀ ਨਾਲ ਉਡੀਕਦੇ ਹਨ।
ਫੁੱਟਬਾਲ ਦੇ ਯੂਰੋ ਕੱਪ ਦੇ 14ਵੇਂ ਖੇਡ ਮੁਕਾਬਲੇ ਵਿੱਚ ਯੂਰਪ ਦੇ 16 ਦੇਸ਼ਾਂ ਦੀਆਂ ਟੀਮਾਂ ਦੇ ਖਿਡਾਰੀ 8 ਜੂਨ ਤੋਂ 1 ਜੁਲਾਈ ਤਕ ਪੋਲੈਂਡ ਤੇ ਯੂਕਰੇਨ ਦੀ ਸਹਿ-ਮੇਜ਼ਬਾਨੀ ਵਿੱਚ ਫੁੱਟਬਾਲ ਮੈਦਾਨਾਂ ਨੂੰ ਰੰਗ-ਭਾਗ ਲਾ ਕੇ ਖੇਡ ਪ੍ਰੇਮੀਆਂ ਨੂੰ ਫੁੱਟਬਾਲ ਦੇ ਕੌਤਕੀ ਖੇਡ ਕਾਰਨਾਮਿਆਂ ਨਾਲ ਨਿਹਾਲ ਕਰਨਗੇ। ਯੂਰਪੀਨ ਮੁਲਕਾਂ ਜਿਨ੍ਹਾਂ 'ਚ ਇੱਕੋ ਕਰੰਸੀ ਯੂਰੋ ਚੱਲਦੀ ਹੈ ਦਰਮਿਆਨ ਖੇਡੇ ਗਏ ਪਹਿਲੇ ਯੂਰੋ ਫੁੱਟਬਾਲ ਕੱਪ ਦੀ 1960 'ਚ ਮੇਜ਼ਬਾਨੀ ਫਰਾਂਸ ਵੱਲੋਂ ਕੀਤੀ ਗਈ ਜਿਸ ਵਿੱਚ ਸੋਵੀਅਤ ਯੂਨੀਅਨ ਦੇ ਖਿਡਾਰੀਆਂ ਨੇ ਯੁਗੋਸਲਾਵੀਆ ਨੂੰ ਫਾਈਨਲ 'ਚ ਹਰਾ ਕੇ ਜਿੱਤ ਦਾ ਝੰਡਾ ਲਹਿਰਾਇਆ। ਸੰਨ 1964 ਦੇ ਦੂਜੇ ਯੂਰੋ ਫੁੱਟਬਾਲ ਟੂਰਨਾਮੈਂਟ 'ਚ ਸਪੇਨ ਦੀ ਟੀਮ ਨੇ ਆਪਣੀ ਮੇਜ਼ਬਾਨੀ 'ਚ ਯੂਰੋ ਕੱਪ ਦੇ ਪਲੇਠੇ ਚੈਂਪੀਅਨ ਸੋਵੀਅਤ ਯੂਨੀਅਨ ਦੀ ਟੀਮ ਦਾ ਹੰਕਾਰ ਤੋੜ ਕੇ ਮੁਕਾਬਲਾ ਜਿੱਤਿਆ। ਇਟਲੀ-1968 'ਚ ਖੇਡੀ ਗਈ ਤੀਜੀ ਯੂਰੋ ਫੁੱਟਬਾਲ ਚੈਂਪੀਅਨਸ਼ਿਪ 'ਚ ਮੇਜ਼ਬਾਨ ਖਿਡਾਰੀ ਯੁਗੋਸਲਾਵੀਆ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਬਣਿਆ। ਸਾਲ 1972 ਵਿੱਚ ਬੈਲਜੀਅਮ ਦੇ ਫੁੱਟਬਾਲ ਮੈਦਾਨਾਂ 'ਤੇ ਖੇਡੇ ਗਏ ਚੌਥੇ ਯੂਰੋ ਫੁੱਟਬਾਲ ਮੁਕਾਬਲੇ 'ਚ ਜਰਮਨ ਖਿਡਾਰੀਆਂ ਨੇ ਤੀਜੀ ਵਾਰ ਫਾਈਨਲ ਖੇਡਣ ਦੇ ਦਰ 'ਤੇ ਪਹੁੰਚੀ ਸੋਵੀਅਤ ਯੂਨੀਅਨ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕੀਤਾ। ਇਸ ਤਰ੍ਹਾਂ 1976 ਵਿੱਚ ਯੁਗੋਸਲਾਵੀਆ ਦੇ ਫੁੱਟਬਾਲ ਮੈਦਾਨਾਂ 'ਚ ਖੇਡੇ ਗਏ ਪੰਜਵੇਂ ਯੂਰੋ ਫੁੱਟਬਾਲ ਕੱਪ ਦੌਰਾਨ ਚੈਕਸਲੋਵਾਕੀਆ ਦੀ ਟੀਮ ਨੇ ਜਰਮਨ ਖਿਡਾਰੀਆਂ ਦਾ ਜੇਤੂ ਸੁਪਨਾ ਚਕਨਾਚੂਰ ਕਰਕੇ ਜਿੱਤ ਦਾ ਸਵਾਦ ਚੱਖਿਆ। ਇਟਲੀ ਵਿੱਚ 1980 ਦੌਰਾਨ ਖੇਡੇ ਗਏ ਛੇਵੇਂ ਯੂਰੋ ਫੁੱਟਬਾਲ ਮੁਕਾਬਲੇ 'ਚ ਜਰਮਨ ਖਿਡਾਰੀਆਂ ਨੇ ਲਗਾਤਾਰ ਦੂਜਾ ਫਾਈਨਲ ਖੇਡਦਿਆਂ, ਦੂਜੀ ਵਾਰ ਫਾਈਨਲ 'ਚ ਪਹੁੰਚੀ ਬੈਲਜੀਅਮ ਦੀ ਟੀਮ ਨੂੰ ਚਿੱਤ ਕਰਕੇ ਜੇਤੂ ਸੁਪਨਾ ਸੱਚ ਕੀਤਾ। ਫਰਾਂਸੀਸੀ ਟੀਮ ਨੇ 1984 'ਚ ਸੱਤਵੇਂ ਯੂਰੋ ਫੁਟਬਾਲ ਖੇਡ ਮੇਲੇ ਦੀ ਦੂਜੀ ਵਾਰ ਮੇਜ਼ਬਾਨੀ ਕਰਕੇ ਸਪੇਨ ਦੀ ਟੀਮ ਦੀ ਦੂਜੀ ਜਿੱਤ ਨੂੰ ਬਰੇਕ ਲਾਉਂਦਿਆਂ ਪਹਿਲੀ ਵਾਰ ਯੂਰੋ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਾਲ 1988 ਦੌਰਾਨ ਜਰਮਨੀ ਦੀ ਮੇਜ਼ਬਾਨੀ 'ਚ ਖੇਡੇ ਗਏ ਅੱਠਵੇਂ ਯੂਰੋ ਫੁੱਟਬਾਲ ਟੂਰਨਾਮੈਂਟ 'ਚ ਸੋਵੀਅਤ ਯੂਨੀਅਨ ਦੀ ਪਿੱਠ ਲਾ ਕੇ ਨੀਦਰਲੈਂਡ ਦੇ ਡੱਚ ਫੁੱਟਬਾਲ ਖਿਡਾਰੀ ਪਹਿਲੀ ਵਾਰ ਜਿੱਤ ਦੇ ਮਾਲਕ ਬਣੇ। ਇਸੇ ਤਰ੍ਹਾਂ 1992 ਦੌਰਾਨ ਸਵੀਡਨ ਦਾ ਨੌਵਾਂ ਯੂਰੋ ਫੁੱਟਬਾਲ ਦਾ ਮੇਲਾ ਜਰਮਨ ਟੀਮ ਨੂੰ ਹਰਾ ਕੇ ਡੈਨਮਾਰਕ ਦੇ ਖਿਡਾਰੀਆਂ ਨੇ ਜਿੱਤਿਆ। ਇੰਗਲੈਂਡ ਦੇ ਖੇਡ ਮੈਦਾਨਾਂ 'ਤੇ 1996 ਵਿੱਚ ਖੇਡੇ ਗਏ 10ਵੇਂ ਯੂਰੋ ਫੁੱਟਬਾਲ ਕੱਪ ਵਿੱਚ ਚੈਕ ਰਿਪਬਲਿਕ ਨੂੰ ਹਰਾ ਕੇ ਜਰਮਨ ਦੇ ਖਿਡਾਰੀਆਂ ਨੇ ਯੂਰੋ ਖਿਤਾਬੀ ਜਿੱਤਾਂ ਦੀ ਹੈਟਰਿਕ ਪੂਰੀ ਕੀਤੀ। ਸੰਨ-2000 'ਚ ਬੈਲਜੀਅਮ ਤੇ ਨੀਦਰਲੈਂਡ ਦੀ ਸਹਿ-ਮੇਜ਼ਬਾਨੀ ਨਾਲ ਹੋਏ 11ਵੇਂ ਯੂਰੋ ਫੁੱਟਬਾਲ ਮੁਕਾਬਲੇ ਦੌਰਾਨ ਫਰਾਂਸ, ਇਟਲੀ ਨੂੰ ਹਰਾ ਕੇ ਦੂਜੀ ਵਾਰ ਯੂਰੋ ਫੁੱਟਬਾਲ ਕੱਪ ਦਾ ਜੇਤੂ ਬਣਿਆ। ਸਾਲ 2004 ਦੀ 12ਵੀਂ ਯੂਰੋ ਕੱਪ ਫੁੱਟਬਾਲ ਦੀ ਚੈਂਪੀਅਨਸ਼ਿਪ ਗਰੀਸ ਨੇ ਮੇਜ਼ਬਾਨ ਪੁਰਤਗਾਲ ਨੂੰ ਘਰੇਲੂ ਮੈਦਾਨ 'ਤੇ ਹਰਾ ਕੇ ਜਿੱਤੀ। ਸਾਲ 2008 ਦੀ ਆਸਟਰੀਆ ਤੇ ਸਵਿਟਜ਼ਰਲੈਂਡ ਦੀ ਸਾਂਝੀ ਮੇਜ਼ਬਾਨੀ 'ਚ ਖੇਡੀ ਗਈ 13ਵੀਂ ਯੂਰੋ ਫੁੱਟਬਾਲ ਦੀ ਚੈਂਪੀਅਨਸ਼ਿਪ ਜਿੱਤਣ ਦਾ ਸੁਭਾਗ ਸਪੇਨ ਟੀਮ ਨੇ ਦੂਜੀ ਵਾਰ, ਛੇ ਵਾਰ ਫਾਈਨਲ ਦਾ ਦਰ ਖੜਕਾਉਣ ਵਾਲੀ ਜਰਮਨ ਦੀ ਆਕੜ ਭੰਨ ਕੇ ਹਾਸਲ ਕੀਤਾ।
ਫੀਫਾ ਦੇ ਖੇਡ ਨਿਯਮਾਂ ਅਨੁਸਾਰ 14ਵੀਂ ਯੂਰੋ ਫੁੱਟਬਾਲ ਚੈਂਪੀਅਨਸ਼ਿਪ 'ਚ ਵੀ ਯੂਰਪ ਦੀਆਂ ਕਹਿੰਦੀਆਂ-ਕਹਾਉਂਦੀਆਂ 16 ਫੁੱਟਬਾਲ ਟੀਮਾਂ ਪੋਲੈਂਡ ਤੇ ਯੂਕਰੇਨ ਦੇ ਖੇਡ ਮੈਦਾਨਾਂ 'ਤੇ ਜਿੱਤ ਪ੍ਰਾਪਤ ਕਰਨ ਲਈ ਖ਼ੂਨ-ਪਸੀਨਾ ਇੱਕ ਕਰਨਗੀਆਂ। ਸਾਰੀਆਂ ਟੀਮਾਂ ਨੂੰ ਚਾਰ ਪੂਲਾਂ 'ਚ ਵੰਡਿਆ ਗਿਆ ਹੈ। ਪੂਲ 'ਏ' 'ਚ ਮੇਜ਼ਬਾਨ ਦੇਸ਼ ਪੋਲੈਂਡ, ਚੈਕ ਰਿਪਬਲਿਕ, ਗਰੀਸ ਤੇ ਰੂਸ, ਪੂਲ 'ਬੀ' 'ਚ ਹਾਲੈਂਡ, ਡੈਨਮਾਰਕ, ਉਪ ਜੇਤੂ ਜਰਮਨੀ ਤੇ ਪੁਰਤਗਾਲ, ਪੂਲ 'ਸੀ' 'ਚ ਮੌਜੂਦਾ ਚੈਂਪੀਅਨ ਸਪੇਨ, ਇਟਲੀ, ਆਇਰਲੈਂਡ ਤੇ ਕਰੋਏਸ਼ੀਆ ਅਤੇ ਪੂਲ 'ਡੀ' 'ਚ ਇੰਗਲੈਂਡ, ਸਵੀਡਨ, ਫਰਾਂਸ ਤੇ ਮੇਜ਼ਬਾਨ ਦੇਸ਼ ਯੂਕਰੇਨ ਦੀਆਂ ਫੁੱਟਬਾਲ ਟੀਮਾਂ ਕੁਆਟਰਫਾਈਨਲ ਗੇੜ 'ਚ ਪਹੁੰਚਣ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਫਾਈਨਲ ਮੈਚ ਖੇਡਣ ਦਾ ਨਿਰਣਾ ਕਰਨ ਲਈ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਯੂਕਰੇਨ ਦੇ ਸ਼ਹਿਰ ਡੋਨਬਾਸ ਇਰੇਨਾ ਸਟੇਡੀਅਮ 'ਚ ਤੇ  ਦੂਜਾ ਸੈਮੀਫਾਈਨਲ ਪੋਲੈਂਡ ਦੇ ਸ਼ਹਿਰ ਵਾਰਸਾਵ ਦੇ ਨੈਸ਼ਨਲ ਫੁੱਟਬਾਲ ਸਟੇਡੀਅਮ ਦੇ ਮੈਦਾਨ 'ਤੇ ਖੇਡਿਆ ਜਾਵੇਗਾ। 2012-ਯੂਰੋ ਫੁੱਟਬਾਲ ਕੱਪ ਦੀ ਚੈਂਪੀਅਨ ਟੀਮ ਦਾ ਨਿਤਾਰਾ ਕਰਨ ਲਈ ਪਹਿਲੀ ਜੁਲਾਈ ਨੂੰ ਫਾਈਨਲ ਮੁਕਾਬਲਾ ਯੂਕਰੇਨ ਦੇ ਓਲੰਪਿਕ ਫੁੱਟਬਾਲ ਸਟੇਡੀਅਮ 'ਚ ਹੋਵੇਗਾ। ਤਾਂਬੇ ਦੇ ਮੈਡਲ ਜੇਤੂ ਦਾ ਨਿਤਾਰਾ ਕਰਨ ਲਈ ਤੀਜੇ ਤੇ ਚੌਥੇ ਸਥਾਨ ਲਈ ਮੈਚ ਫਰਾਂਸ-1984 ਦੇ ਯੂਰੋ ਫੁੱਟਬਾਲ ਮੁਕਾਬਲੇ ਤਕ ਖੇਡਿਆ ਜਾਂਦਾ ਰਿਹਾ ਪਰ ਜਰਮਨ-1988 ਦੇ ਯੂਰੋ ਫੁੱਟਬਾਲ ਕੱਪ ਟੂਰਨਾਮੈਂਟ ਦੌਰਾਨ ਫੀਫਾ ਵੱਲੋਂ ਜੇਤੂ ਤੇ ਉਪ ਜੇਤੂ ਤੋਂ ਬਾਅਦ ਟੂਰਨਾਮੈਂਟ ਟੀਮਾਂ ਦੇ ਹੋਰ ਪੁਜ਼ੀਸ਼ਨਾਂ ਲਈ ਮੈਚ ਖਿਡਾਉਣ ਦੀ ਪ੍ਰੈੇਕਟਿਸ ਬੰਦ ਕਰ ਦਿੱਤੀ ਗਈ।
ਸਾਲ 2012-ਯੂਰੋ ਫੁੱਟਬਾਲ ਕੱਪ ਜਿੱਤਣ ਦਾ ਸਵਾਲ ਹਾਲੇ ਭਵਿੱਖ 'ਤੇ ਨਿਰਭਰ ਹੈ ਪਰ ਮੌਜੂਦਾ ਦੋਵੇਂ ਖਿਤਾਬਾਂ ਯੂਰੋ ਕੱਪ ਤੇ ਵਿਸ਼ਵ ਕੱਪ ਚੈਂਪੀਅਨਸ਼ਿਪ ਦੀ ਜੇਤੂ ਸਪੇਨ ਦੀ ਟੀਮ ਯੂਰੋ ਫੁੱਟਬਾਲ ਕੱਪ ਜਿੱਤਣ ਦੀ ਸਭ ਤੋਂ ਤਕੜੀ ਦਾਅਵੇਦਾਰ ਹੈ ਅਤੇ ਟੀਮ ਕੋਲ ਡੇਵਿਡ ਵਿਲਾ, ਜ਼ਾਵੀ ਅਲਾਂਸੋ, ਐਫ. ਟੋਰੇਸ, ਪਿਓਲ, ਐਂਡਰਿਓ ਇਨਐਸਟਾ, ਕੈਸਕ ਫੈਬਰਸਗਸ ਜਿਹੇ ਨਾਮਵਰ ਖਿਡਾਰੀ ਹਨ ਜੋ ਮੈਦਾਨ 'ਚ ਨਾਜ਼ੁਕ ਸਮੇਂ ਵੀ ਖੇਡ ਮੌਕਿਆਂ ਦਾ ਲਾਭ ਲੈ ਕੇ ਟੀਮ ਨੂੰ ਜਿੱਤ ਦੀ ਪੌੜੀ ਚੜ੍ਹਾਉਣ ਦੀ ਸਮਰੱਥਾ ਰੱਖਦੇ ਹਨ। ਜਰਮਨ ਦੀ ਇੱਕੋ-ਇੱਕ ਟੀਮ ਹੈ ਜਿਸ ਨੇ ਯੂਰੋ ਕੱਪ ਦੇ ਸਭ ਤੋਂ ਵੱਧ ਛੇ ਫਾਈਨਲ ਖੇਡ ਕੇ ਤਿੰਨ ਵਾਰ ਜਿੱਤ ਦਾ ਸੁਆਦ ਚੱਖਿਆ ਹੈ। ਸਾਲ 2008 ਦੇ ਯੂਰੋ ਕੱਪ ਦਾ ਫਾਈਨਲ ਸਪੇਨ ਤੋਂ ਹਾਰ ਕੇ ਚਾਂਦੀ ਦਾ ਕੱਪ ਜੇਤੂ ਜਰਮਨ ਦੀ ਟੀਮ ਵੀ ਆਪਣੇ ਸਟਾਰ ਖਿਡਾਰੀਆਂ ਥਾਮਸ ਮੂਲਰ, ਓਜ਼ੇਲ, ਗੋਮਜ਼, ਫਿਲਿਪ ਲਾਹਮ, ਸਟਾਈਨ ਸਟਾਈਗਰ ਦੇ ਖੇਡ ਸਹਾਰੇ ਜਿੱਤ ਦੀ ਬਾਜ਼ੀ ਮਾਰ ਸਕਦੀ ਹੈ। ਹਾਲੈਂਡ ਕੋਲ ਪਰਸੀ, ਸਨਾਈਡਰ, ਕੋਇਟ ਤੇ ਰੋਬੇਨ ਅਜਿਹੇ ਧੂੰਆਂਧਾਰ ਸਟਰਾਈਕਰ ਹਨ ਜਿਨ੍ਹਾਂ ਦੀ ਖੇਡ ਹਨੇਰੀ ਕਿਸੇ ਵੀ ਨਰੋਈ ਟੀਮ ਦੇ ਸੁਰੱਖਿਆ ਕਿਲ੍ਹੇ ਤੋੜ ਜਿੱਤ ਦਾ ਬਿਗਲ ਵਜਾਉਣ 'ਚ ਸਹਾਈ ਹੋ ਸਕਦੀ ਹੈ। ਸਪੇਨ, ਜਰਮਨ ਤੇ ਹਾਲੈਂਡ ਤੋਂ ਇਲਾਵਾ ਸੈਮੀਫਾਈਨਲ 'ਚ ਪਹੁੰਚਣ ਲਈ ਪੁਰਤਗਾਲ, ਇੰਗਲੈਂਡ, ਫਰਾਂਸ ਤੇ ਇਟਲੀ ਦੀਆਂ ਟੀਮਾਂ ਵੀ ਤਕੜੀਆਂ ਦਾਅਵੇਦਾਰ ਹਨ।
#####ਸੁਖਵਿੰਦਰਜੀਤ ਸਿੰਘ ਮਨੌਲੀ

Comments (0)

Write comment

smaller | bigger

busy
You are here:   Homeਮੁੱਖ ਖਬਰਾਂਕੌਣ ਹੋਵੇਗਾ ਯੂਰੋ ਫੁੱਟਬਾਲ ਕੱਪ-2012 ਦਾ ਜੇਤੂ

Currency Converter

Amount:
From:
To:


Gurbani Radio


Gurbani - Sri Harmandir Sahib