
ਡਾ. ਭੁਪਿੰਦਰ ਸਿੰਘ
ਮੁੱਢ ਕਦੀਮ ਤੋਂ ਖੇਡਾਂ ਦੇ ਮਾਅਨੇ ਮਨੁੱਖੀ ਸੋਚ ਅਤੇ ਤਕਾਜ਼ੇ ਮੁਤਾਬਕ ਬਦਲਦੇ ਰਹੇ ਹਨ। ਕਦੇ ਖੇਡਾਂ ਨੂੰ ਫੌਜੀ ਸ਼ਕਤੀ ਵਜੋਂ ਵਰਤਿਆ ਗਿਆ, ਕਦੇ ਹੋਂਦ ਦੇ ਦਰਸਾਵੇ ਲਈ, ਕਦੇ ਦੂਜਿਆਂ 'ਤੇ ਧੌਂਸ ਜਮਾਉਣ ਲਈ, ਕਦੇ ਮਨਪ੍ਰਚਾਵੇ ਲਈ, ਕਦੇ ਕੌਮਾਂ ਦੀ ਮਹਾਨਤਾ ਲਈ, ਕਦੇ ਦੋਸਤੀ ਦੇ ਪ੍ਰਗਟਾਵੇ ਲਈ, ਕਦੇ ਉੱਤਮਤਾ ਦੀਆਂ ਪ੍ਰਤੀਕ, ਕਦੇ ਸਰੀਰਕ ਸੁੰਦਰਤਾ ਦੇ ਵਿਖਾਵੇ ਲਈ। ਆਧੁਨਿਕ ਓਲੰਪਿਕ ਖੇਡਾਂ ਦੇ ਜਨਮਦਾਤਾ ਕਾਬੁਰਤਿਨ ਨੇ 1896 'ਚ ਇਨ੍ਹਾਂ ਖੇਡਾਂ ਦੇ ਸ਼ੁਰੂ ਕਰਨ ਮੌਕੇ ਕਿਹਾ ਸੀ, ''ਖੇਡਾਂ ਇਕ ਸਰੀਰਕ ਕਿਰਿਆ ਹੀ ਨਹੀਂ ਹਨ, ਸਗੋਂ ਇਕ ਸਮਾਜਿਕ ਅੰਦੋਲਨ ਹਨ, ਜਿਨ੍ਹਾਂ ਰਾਹੀਂ ਕੌਮਾਂ ਅਤੇ ਮੁਲਕਾਂ ਵਿਚ ਆਪਸੀ ਸਹਿਯੋਗ, ਸਹਿਹੋਂਦ ਅਤੇ ਸਦਭਾਵਨਾ ਪੈਦਾ ਕਰਨਾ ਹੈ।'' ਉਸ ਨੇ ਜਿੱਤਣ ਨਾਲੋਂ ਖੇਡਣ ਨੂੰ ਜ਼ਿਆਦਾ ਤਰਜੀਹ ਦਿੱਤੀ ਸੀ। ਇਸ ਸੋਚ ਦੇ ਉਲਟ ਅੱਜ ਹਰ ਹਾਲਤ 'ਚ ਜਿੱਤਣ ਵਾਲੇ ਮਨਸੂਬਿਆਂ ਨੇ ਖੇਡਾਂ ਦਾ ਚਿਹਰਾ-ਮੋਹਰਾ ਹੀ ਬਦਲ ਦਿੱਤਾ ਹੈ। ਕਸਰਤ ਨਹੀਂ ਦਵਾਈਆਂ, ਸਹਿਹੋਂਦ ਨਹੀਂ ਲੜਾਈਆਂ, ਨਿਯਮ ਨਹੀਂ ਧੱਕੇਸ਼ਾਹੀਆਂ, ਮੋਹ-ਮੁਹੱਬਤਾਂ ਨਹੀਂ ਮਾਰਕੁਟਾਈਆਂ, ਸਹਿਯੋਗ ਨਹੀਂ ਜ਼ੋਰ-ਅਜ਼ਮਾਈ, ਅੱਜ ਖੇਡਾਂ ਦੀਆਂ ਮੁੱਖ ਬਲਾਵਾਂ ਬਣ ਗਈਆਂ ਹਨ।
ਇਸ ਨੂੰ ਭਾਵੇਂ ਬੌਧਿਕ ਫਰੇਬ ਕਹਿ ਲਈਏ ਜਾਂ ਅਕਾਦਮਿਕ ਢੌਂਗ ਕਿ ਸੱਭਿਆਚਾਰਕ ਅਤੇ ਸਮਾਜਿਕ ਪ੍ਰਸਥਿਤੀਆਂ ਦੇ ਉਲਟ ਅਕਾਦਮਿਕ ਅਦਾਰਿਆਂ ਵੱਲੋਂ ਖੇਡਾਂ ਨੂੰ ਕਦੇ ਵੀ ਬਣਦਾ ਮਾਣ-ਸਨਮਾਨ ਅਤੇ ਸਥਾਨ ਹੀ ਨਹੀਂ ਦਿੱਤਾ ਗਿਆ। ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਖੇਡਾਂ ਦੀ
ਤ੍ਰਾਸਦੀ ਦੀ ਇਸ ਤੋਂ ਢੁੱਕਵੀਂ ਉਦਾਹਰਣ ਕੀ ਹੋ ਸਕਦੀ ਹੈ ਕਿ ਸਿਰਫ 2% ਪੜ੍ਹਾਕੂ ਹੀ ਖੇਡਾਂ 'ਚ ਹਿੱਸਾ ਲੈਂਦੇ ਹਨ। ਜ਼ਿਆਦਾਤਰ ਯੂਨੀਵਰਸਿਟੀਆਂ 'ਚ ਖੇਡਾਂ ਨੂੰ ਇੰਤਜ਼ਾਮਣ ਲਈ ਪ੍ਰਬੰਧਕੀ ਢਾਂਚਾ ਹੀ ਨਹੀਂ। ਕਾਲਜਾਂ 'ਚ ਟੀਮਾਂ ਨਹੀਂ ਬਣਦੀਆਂ, ਮੁਕਾਬਲਿਆਂ ਤੋਂ ਖਿਡਾਰੀ ਕੰਨੀ ਕਤਰਾਉਂਦੇ ਹਨ। ਖੇਡ ਮੈਦਾਨ ਖਾਲੀ ਹਨ। ਟੂਰਨਾਮੈਂਟਾਂ 'ਚ ਕੋਈ ਰੌਚਿਕਤਾ ਨਹੀਂ। ਰਹਿੰਦੀ ਕਸਰ ਅਜਿਹੇ ਖੇਡ ਅਧਿਕਾਰੀਆਂ ਨੇ ਪੂਰੀ ਕਰ ਦਿੱਤੀ ਜਿਹੜੇ ਜਿੱਤਣ ਨੂੰ ਹੀ ਮੰਤਵ ਮੰਨਦਿਆਂ ਸਿਰਫ ਜਿੱਤਣ ਵਾਲੇ ਖਿਡਾਰੀਆਂ (ਡਰਬੀ ਘੋੜੇ) ਉੱਤੇ ਦਾਅ ਲਗਾਉਂਦੇ ਹਨ। ਭਾਰਤ 'ਚ ਲਗਭਗ 400 ਦੇ ਕਰੀਬ ਯੂਨੀਵਰਸਿਟੀਆਂ ਹਨ ਅਤੇ ਇਸ ਤੋਂ ਜ਼ਿਆਦਾ ਖੁਦਮੁਖਤਾਰ ਸੰਸਥਾਵਾਂ ਹਨ। ਖੇਡਾਂ ਬਾਰੇ ਸਿਰਫ ਦੋ ਯੂਨੀਵਰਸਿਟੀਆਂ ਦਾ ਹੋਣਾ, ਅਨੁਪਾਤਕ ਨਜ਼ਰੀਏ ਤੋਂ ਨਾਂਹ ਦੇ ਬਰਾਬਰ ਹੈ। ਪੰਜਾਬ 'ਚ ਇਹ ਤਸਵੀਰ ਹੋਰ ਵੀ ਧੁੰਦਲੀ ਹੈ, ਕਿਉਂਕਿ ਜਿੱਥੇ ਜ਼ਿੰਦਗੀ ਦੇ ਹੋਰਾਂ ਪਹਿਲੂਆਂ ਨਾਲ ਸਬੰਧਤ ਦਰਜਨ ਦੇ ਕਰੀਬ ਯੂਨੀਵਰਸਿਟੀਆਂ ਹਨ, ਉੱਥੇ ਖੇਡਾਂ ਬਾਰੇ ਇਕ ਵੀ ਯੂਨੀਵਰਸਿਟੀ ਦਾ ਨਾ ਹੋਣਾ, ਸਾਡੀ ਅਵੇਸਲੀ ਸੋਚ ਦਾ ਸੂਚਕ ਹੈ। ਫਲਸਰੂਪ ਅਸੀਂ ਦਿਨ-ਬ-ਦਿਨ ਖੇਡਾਂ ਦੀ ਪੌੜੀ ਦੇ ਟੀਸੀ ਦੇ ਡੰਡਿਆਂ ਤੋਂ ਹੇਠ ਵੱਲ ਜਾ ਰਹੇ ਹਾਂ। ਹੁਣੇ ਹੁਣੇ ਫਰਵਰੀ 2011 ਵਿਚ ਝਾਰਖੰਡ 'ਚ ਹੋਈਆਂ ਰਾਸ਼ਟਰੀ ਖੇਡਾਂ 'ਚ ਅਸੀਂ ਨੌਵੇਂ ਸਥਾਨ 'ਤੇ ਤਿਲਕ ਗਏ। ਦਾਤਾ ਖ਼ੈਰ ਕਰੇ। ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਦੀ ਤਰ੍ਹਾਂ ਖੇਡਾਂ ਵੀ ਨਫੇ-ਨੁਕਸਾਨ ਦੇ ਪੈਮਾਨੇ ਦੀ ਗ੍ਰਿਫਤ 'ਚ ਉਲਝ ਕੇ ਰਹਿ ਗਈਆਂ ਹਨ। ਅਕਾਦਮਿਕ ਅਦਾਰਿਆਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਸਿਆਣਪ ਦੀ ਕਸੌਟੀ ਅਨੁਸਾਰ ਵਕਤ ਦੀਆਂ ਲੋੜਾਂ ਮੁਤਾਬਕ ਉਹ ਵਿਦਿਆਰਥੀਆਂ ਦੀ ਸਿਹਤ ਸੰਭਾਲ ਦੇ ਰਾਖੇ ਬਣਨ। ਅੱਜ ਹਰੇਕ ਵਿਅਕਤੀ ਨਸ਼ੇ ਦੀ ਲਪੇਟ 'ਚ ਫਸੀ ਜਵਾਨੀ ਬਾਰੇ ਚਿੰਤਤ ਤਾਂ ਹੈ ਪ੍ਰੰਤੂ ਉਸ ਤੋਂ ਬਚਾਅ ਤੇ ਛੁਟਕਾਰਾ ਪਾਉਣ ਬਾਰੇ ਸੰਜੀਦਾ ਨਹੀਂ। ਪੜ੍ਹਾਕੂਆਂ ਨੂੰ ਸਿਹਤ ਬਾਰੇ ਕੋਈ ਗਿਆਨ ਨਹੀਂ ਦਿੱਤਾ ਜਾ ਰਿਹਾ। ਟ੍ਰੇਨਿੰਗ ਜਾਂ ਕਸਰਤ ਕਿਵੇਂ ਸ਼ੁਰੂ ਕਰਨੀ ਹੈ, ਕਦੋਂ ਕਰਨੀ ਹੈ ਅਤੇ ਕਿੰਨੀ ਕੁ ਕਰਨੀ ਹੈ, ਬਾਰੇ ਕੋਈ ਵਿਗਿਆਨਕ ਪੱਖ ਤੋਂ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਅਜਿਹਾ ਕੋਈ ਪ੍ਰੋਗਰਾਮ ਨਹੀਂ ਹੈ ਜੋ ਉਨ੍ਹਾਂ ਨੂੰ ਕਸਰਤ ਦੇ ਢੰਗਾਂ ਜਾਂ ਸਰੀਰਕ ਬਣਤਰ ਮੁਤਾਬਕ ਲੋੜੀਂਦੀ ਸੇਧ ਦੇ ਸਕੇ। ਇਸੇ ਲਈ ਉਨ੍ਹਾਂ ਦਾ ਖੇਡਾਂ ਤੋਂ ਮਨ ਉਚਾਟ ਹੈ। ਮੈਦਾਨ ਇਸੇ ਲਈ ਖਾਲੀ ਹਨ। ਨਾ ਤਾਂ ਉਨ੍ਹਾਂ ਨੂੰ ਕੋਈ ਖੇਡ ਮੈਦਾਨ 'ਤੇ ਜਾਣ ਬਾਰੇ ਉਤਸ਼ਾਹਿਤ ਕਰਦਾ ਹੈ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਮਿਲਦਾ ਹੈ। ਖੇਡਾਂ 'ਚ ਖੋਜ ਕਾਰਜਾਂ ਦੇ ਮਾਹਿਰ ਡਾ. ਜਗਤਾਰ ਸਿੰਘ ਗਿੱਲ ਨੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ 'ਤੇ ਸਰਵੇਖਣ ਕਰਕੇ ਬੜੇ ਚਿੰਤਾਜਨਕ ਨਤੀਜੇ ਪੇਸ਼ ਕੀਤੇ ਹਨ। ਕਿੰਨੀ ਦੁੱਖਦਾਈ ਗੱਲ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਕਸਰਤ ਢੰਗਾਂ/ਵਿਧੀਆਂ ਦੇ ਨਾਵਾਂ ਨਾਲੋਂ ਦਵਾਈਆਂ ਦੇ ਨਾਵਾਂ ਬਾਰੇ ਜ਼ਿਆਦਾ ਜਾਣਕਾਰੀ ਸੀ। ਸਿਹਤ ਸੰਭਾਲ, ਤੰਦਰੁਸਤੀ ਅਤੇ ਅਰੋਗਤਾ ਜਿੱਤਣ ਵਾਲੀ ਸੋਚ ਦੇ ਦਾਇਰੇ ਤੋਂ ਬਾਹਰ ਹਨ। ਜਿੱਤ ਦੀ ਹੋੜ 'ਚ ਅਸੀਂ ਅੱਜ ਕੁਰਾਹੇ ਪੈ ਗਏ ਹਾਂ। ਪਿਆਰ ਅਤੇ ਜੰਗ 'ਚ ਸਭ ਕੁਝ ਜਾਇਜ਼ ਵਾਲੀ ਸੋਚ ਅੱਜ ਖੇਡਾਂ 'ਚ ਵੀ ਘੁਸਪੈਠ ਕਰ ਗਈ ਹੈ। ਨਹਿਰੂ ਦੇ ਇਸ ਮੁਲਕ 'ਚ, ਜਿਸ ਨੇ 1951 ਦੀਆਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਮੌਕੇ ਸਾਫ-ਸੁਥਰੀ ਖੇਡ ਦੀ ਵਕਾਲਤ ਕਰਦਿਆਂ ਜਿੱਤਣ ਨਾਲੋਂ ਭਾਗ ਲੈਣ ਨੂੰ ਮਹੱਤਵ ਦਿੱਤਾ ਸੀ, ਉੱਥੇ ਹੀ ਅੱਜ ਦੇ ਪੈਰੋਕਾਰਾਂ ਨੇ ਨਾਜਾਇਜ਼ ਢੰਗਾਂ ਨੂੰ ਮਕਸਦ 'ਤੇ ਹਾਵੀ ਬਣਾ ਦਿੱਤਾ ਹੈ। ਅਜਿਹੇ ਬਥੇਰੇ ਅਧਿਕਾਰੀ ਅਤੇ ਅਫਸਰ ਹਨ ਜਿਹੜੇ ਸਵਾਰਥਾਂ ਲਈ ਖੇਡਾਂ ਦਾ ਚੀਰ ਹਰਨ ਕਰਦੇ ਹਨ। ਹਰ ਹਾਲਤ ਵਿਚ ਜਿੱਤਣ ਵਾਲੇ ਮਨਸੂਬਿਆਂ ਨੇ ਨਾਜਾਇਜ਼ ਢੰਗਾਂ ਲਈ ਰਾਹ ਮੋਕਲਾ ਕਰਦਿਆਂ ਅੱਜ ਖੇਡਾਂ ਦਾ ਮਕਸਦ ਹੀ ਵਿਗਾੜ ਦਿੱਤਾ ਹੈ। ਜਿਨ੍ਹਾਂ ਖੇਡਾਂ ਬਾਰੇ ਕਦੇ ਇਹ ਧਾਰਨਾ ਸੀ ਕਿ ਇਥੇ ਧਰਮ ਨਹੀਂ, ਸਗੋਂ ਕਰਮ ਦੀ ਜ਼ਰੂਰਤ ਹੈ, ਰਹਿਮਤ ਨਹੀਂ ਸਗੋਂ ਮਿਹਨਤ ਦੀ ਲੋੜ ਹੈ, ਰੰਗ ਨਹੀਂ, ਸਗੋਂ ਢੰਗ ਦੀ ਅਹਿਮੀਅਤ ਦੀ ਲੋੜ ਹੈ। ਅੱਜ ਇਹੀਓ ਸੋਚ 360 ਡਿਗਰੀ ਦਾ ਗੇੜਾ ਖਾ ਗਈ ਹੈ। ਤਾਕਤ ਵਧਾਊ ਦਵਾਈਆਂ ਦੀ ਵਰਤੋਂ, ਪੱਖਪਾਤ, ਧੋਖਾਧੜੀ, ਨਾਜਾਇਜ਼ ਖਿਡਾਰੀ, ਜਾਅਲੀ ਦਸਤਾਵੇਜ਼ ਅਤੇ ਹੇਰਾਫੇਰੀਆਂ ਅੱਜ ਅਕਾਦਮਿਕ ਅਦਾਰਿਆਂ ਦੀਆਂ ਖੇਡਾਂ ਦੀਆਂ ਖੁਨਾਮੀਆਂ ਬਣ ਗਈਆਂ ਹਨ। ਵਪਾਰੀ ਕਿਸਮ ਦੀ ਸੋਚ ਵਾਲੇ ਅਧਿਕਾਰੀਆਂ ਨੇ ਮੁਕਾਬਲਿਆਂ ਦੇ ਇੰਤਜ਼ਾਮਾਂ ਨੂੰ ਵੀ ਨਫ਼ੇ ਨੁਕਸਾਨ ਵਾਲੀ ਸੋਚ ਨਾਲ ਗ੍ਰਹਿਣ ਲਗਾ ਦਿੱਤਾ ਹੈ। 'ਤੂੰ ਮੈਨੂੰ ਮੁੱਲਾਂ ਕਹਿ ਲਵੀਂ ਮੈਂ ਤੈਨੂੰ ਕਾਜ਼ੀ' ਵਾਲੀ ਸਿਆਣਪ ਨਾਲ ਪ੍ਰਬੰਧਕੀ ਗੱਠਜੋੜ ਕਰ ਲਏ ਹਨ, ਜਿਨ੍ਹਾਂ ਮੁਤਾਬਕ ਸਾਲਾਨਾ ਕੈਲੰਡਰ (ਆਲ ਇੰਡੀਆ ਯੂਨੀਵਰਸਿਟੀ ਸਪੋਰਟਸ ਬੋਰਡ ਵੱਲੋਂ ਮਈ-ਜੂਨ ਦੇ ਮਹੀਨੇ ਮੁਕਾਬਲੇ ਦੇ ਕਰਾਉਣ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਉਸ ਤੋਂ ਪਹਿਲਾਂ ਮੁਕਾਬਲੇ ਕਰਵਾਉਣ ਦੇ ਚਾਹਵਾਨਾਂ ਤੋਂ ਦਿਲਚਸਪੀ ਮੰਗੀ ਜਾਂਦੀ ਹੈ) ਵਿਚ ਇਨ੍ਹਾਂ ਟੂਰਨਾਮੈਂਟਾਂ ਨੂੰ ਕਰਵਾਉਣ ਸਮੇਂ ਮੁਲਾਹਜ਼ੇਦਾਰੀਆਂ ਨਾਲ ਹਿੱਸਾ-ਪੱਤੀ ਵੀ ਮੁਕੱਰਰ ਕਰ ਲਈ ਜਾਂਦੀ ਹੈ। ਇਸ ਨਾਪਾਕ ਗੱਠਜੋੜ ਦੀ 'ਬਦੌਲਤ' ਬਿਹਤਰ ਵਿਰੋਧੀਆਂ ਦੀ ਵੀ ਖੁੰਭ ਠੱਪ ਦਿੱਤੀ ਜਾਂਦੀ ਹੈ। ਚੰਗੀਆਂ ਟੀਮਾਂ/ਖਿਡਾਰੀਆਂ ਜਿਨ੍ਹਾਂ ਤੋਂ ਖਤਰਾ ਜਾਪੇ ਉਨ੍ਹਾਂ ਨੂੰ ਮੁਕਾਬਲਿਆਂ ਦੇ ਡਰਾਅ 'ਚ ਇਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ ਕਿ ਖਤਰੇ ਦੀ ਘੰਟੀ ਖੜਕਣ ਤੋਂ ਪਹਿਲਾਂ ਹੀ ਕੁਨੈਕਸ਼ਨ ਕੱਟ ਦਿੰਦੇ ਹਨ। ਯੂਨੀਵਰਸਿਟੀ ਮੁਕਾਬਲਿਆਂ ਦਾ ਪਿਛਲੇ ਸਾਲਾਂ ਦਾ ਰਿਕਾਰਡ ਇਸ ਸੱਚ ਨੂੰ ਤਸਦੀਕ ਕਰਦਾ ਹੈ ਕਿ ਟੂਰਨਾਮੈਂਟ ਕਰਾਉਣ ਵਾਲੀ ਯੂਨੀਵਰਸਿਟੀ/ਕਾਲਜ ਭੇਲੀ 'ਚੋਂ ਜ਼ਿਆਦਾ ਹਿੱਸਾ ਲੈਂਦੇ ਹਨ। ਖਚਰੀ ਸੋਚ ਨਾਲ ਵਿਰੋਧੀਆਂ ਦਾ ਜੂੜ ਨਿਯਮਾਂ ਨੂੰ ਮਰੋੜਾ ਦੇ ਕੇ ਵੱਡਦਿਆਂ ਸੱਪ ਵੀ ਮਾਰ ਦਿੰਦੇ ਹਨ ਅਤੇ ਸੋਟੀ ਵੀ ਸਲਾਮਤ ਰਹਿ ਜਾਂਦੀ ਹੈ। ਹਰ ਹੀਲੇ ਜਿੱਤਣ ਵਾਲੀ ਇਸ ਹਰ ਸੋਚ ਨੇ ਜਿਸ ਇਕ ਨਾ-ਮੁਰਾਦ ਬਿਮਾਰੀ ਨੂੰ ਜਨਮ ਦਿੱਤਾ ਹੈ (ਜਿਸ ਨੇ ਅਕਾਦਮਿਕ ਅਦਾਰਿਆਂ ਦਾ ਸਾਰਿਆਂ ਤੋਂ ਵੱਧ ਨੁਕਸਾਨ ਕੀਤਾ ਹੈ) ਉਹ ਹੈ ਨਾਜਾਇਜ਼ ਖਿਡਾਰੀਆਂ ਦਾ ਖਿਡਾਉਣਾ। ਅੱਜ ਇਹ ਜੁਗਾੜੂ ਅਜਿਹੇ ਹੱਥ-ਕੰਡੇ ਵਰਤਦੇ ਹਨ, ਜਿਸ ਨਾਲ ਸਿਰਫ ਜਿੱਤਿਆ ਜਾ ਸਕੇ। ਪੰਜਾਬ ਦੀ ਇਕ ਨਾਮਵਰ ਯੂਨੀਵਰਸਿਟੀ ਦੇ ਖੇਡ ਇਨਾਮ ਵੰਡ ਸਮਾਰੋਹ ਮੌਕੇ ਇਕ ਉਚ ਅਧਿਕਾਰੀ ਨੇ ਆਪਣੇ ਭਾਸ਼ਣ 'ਚ ਆਖਿਆ, ''ਭਾਵੇਂ ਕੁਝ ਵੀ ਹੋਵੇ ਅਸੀਂ ਮੌਲਾਨਾ ਆਜ਼ਾਦ ਟਰਾਫੀ (ਖੇਡਾਂ ਚ ਉਤਮਤਾ ਦੀ ਪ੍ਰਤੀਕ) ਜਿੱਤਣੀ ਹੈ। ਹੁਣ ਇਸ 'ਕੁਝ ਵੀ' ਦਾ ਕੀ ਮਤਲਬ ਲਿਆ ਜਾਵੇ। ਕਾਬੁਰਤਿਨ ਦੀ ਕਬਰ 'ਚ ਸ਼ਰਮਸਾਰ ਹੋਈ ਰੂਹ ਅਜਿਹੇ ਮੋਹਤਬਰਾਂ ਦੇ ਹਾੜੇ ਕੱਢਦੀ ਹੋਵੇਗੀ, ਕਿਉਂ ਓਲੰਪਿਕ ਖੇਡ ਆਦਰਸ਼ਾਂ ਨੂੰ ਉਲਟਾ ਗੇੜਾ ਦੇ ਰਹੇ ਹੋ। ਜੇਕਰ ਇਕ ਉੱਚ ਦਰਜੇ ਦਾ ਵਿਅਕਤੀ ਇਹ ਪ੍ਰਚਾਰੇ ਕਿ ਜਿੱਤਣਾ ਹੀ ਸਭ ਕੁਝ ਹੈ, ਫੇਰ ਹੇਠਲਿਆਂ ਦੀਆਂ ਲਗਾਮਾਂ ਕੌਣ ਫੜੂ। ਕਿਤੇ ਦਾਖਲਾ ਨਹੀਂ, ਕੋਈ ਹਾਜ਼ਰੀ ਨਹੀਂ, ਨਾ ਕੋਈ ਕਾਲਜ ਅਤੇ ਨਾ ਕਲਾਸ, ਅਜਿਹੇ ਨਾਜਾਇਜ਼ ਖਿਡਾਰੀ ਯੋਗ ਖਿਡਾਰੀਆਂ ਦਾ ਮੂੰਹ ਚੜ੍ਹਾ ਕੇ ਨਾ ਸਿਰਫ ਜੇਤੂ ਹੀ ਬਣਦੇ ਹਨ, ਸਗੋਂ ਮਾਲ-ਮੱਤਾ ਵੀ ਹੂੰਝ ਲੈਂਦੇ ਹਨ।ਅੱਜ-ਕੱਲ੍ਹ ਖੇਡਾਂ 'ਚ ਇਕ ਨਵੀਂ ਨਸਲ ਪੈਰਾਸ਼ੂਟ ਖਿਡਾਰੀ ਪੈਦਾ ਹੋ ਗਈ ਹੈ। ਇਹ ਉਹ ਖਿਡਾਰੀ ਹਨ ਜੋ ਰਾਤੋ-ਰਾਤ ਮੁਕਾਬਲੇ 'ਚ ਉਤਾਰੇ ਜਾਂਦੇ ਹਨ ਅਤੇ ਜਿੱਤਣ ਤੋਂ ਬਾਅਦ ਫਿਰ ਉਡਾਰੀ ਮਾਰ ਜਾਂਦੇ ਹਨ। ਦੂਰ-ਦੁਰਾਡੇ ਅਖਾੜਿਆਂ, ਅਕਾਦਮੀਆਂ, ਵਿੰਗਾਂ ਅਤੇ ਟਰੇਨਿੰਗ ਸੈਂਟਰਾਂ ਤੋਂ ਭਾੜੇ 'ਤੇ ਲਿਆਂਦੀਆਂ ਧਾੜਾਂ, ਜੋ ਯੋਗ ਖਿਡਾਰੀਆਂ ਦਾ ਮਲੀਆਮੇਟ ਕਰ ਕੇ ਜੰਗਲ ਗਏ ਜੋਗੀ ਦੀ ਤਰ੍ਹਾਂ ਮੁੜ ਨਹੀਂ ਬਹੁੜਦੇ।
ਹਜ਼ਾਰਾਂ ਮੀਲਾਂ ਤੋਂ ਲਿਆਂਦੀ ਇਹ ਮੰਗਵੀਂ ਧਾੜ ਕਿਹੜੇ ਨਿਯਮਾਂ ਅਨੁਸਾਰ ਯੋਗ ਬਣਾਈ ਜਾਂਦੀ ਹੈ। ਸਿਰਫ ਜੁਗਾੜੂ ਹੀ ਦੱਸ ਸਕਦੇ ਹਨ। ਹਨੇਰ-ਗਰਦੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਅਣਭੋਲ ਅਤੇ ਅਨੋਬੜ ਪੜ੍ਹਾਕੂਆਂ ਦੇ ਦਸਤਾਵੇਜ਼ਾਂ/ਸਰਟੀਫਿਕੇਟਾਂ ਦੀ ਦੁਰਵਰਤੋਂ ਕਰਕੇ ਅਜਿਹੇ ਅਹਿਮਦਸ਼ਾਹਾਂ ਦੇ ਖਿਡਾਏ ਜਾਣ ਦਾ ਪਰਦਾਫਾਸ਼ ਹੋਇਆ। ਦਸਤਾਵੇਜ਼ ਬਦਲੇ, ਫੋਟੋਆਂ ਬਦਲੀਆਂ, ਦਾਖਲੇ ਬਦਲੇ, ਕਾਰਡ ਬਦਲੇ, ਰਿਕਾਰਡ ਬਦਲੇ (ਜਦੋਂ 9 'ਚੋਂ 7 ਖਿਡਾਰੀ ਇਕ ਟੀਮ 'ਚ ਜਾਅਲੀ ਹੋਣ ਤਾਂ ਦਾਤਾ ਹੀ ਬਚਾ ਸਕਦਾ ਹੈ) ਜੇਕਰ ਕੋਈ ਨਿਰਪੱਖ ਜਾਂਚ ਏਜੰਸੀ ਖੇਡਾਂ 'ਚ ਹੁੰਦੇ ਇਸ ਘਪਲੇ ਦੀ ਪੜਤਾਲ ਕਰੇ ਤਾਂ ਸ਼ਾਇਦ ਕਈ ਹੋਰ ਕਲਮਾਡੀਆਂ ਦਾ ਪਰਦਾਫਾਸ਼ ਹੋਵੇ। ਕਾਸ਼! ਇਹ ਜੁਗਾੜੂ ਉਸ ਅਣਭੋਲ ਖਿਡਾਰੀ ਦੀ ਵੇਦਨਾ ਨੂੰ ਸਮਝ ਸਕਦੇ, ਜਿਸ ਨੇ ਦਿਨ ਰਾਤ ਇਸ ਮਕਸਦ ਨਾਲ ਮਿਹਨਤ ਕੀਤੀ ਸੀ ਕਿ ਉਹ ਵੀ ਆਪਣੀ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਖੇਡੇਗਾ ਪ੍ਰੰਤੂ ਕੋਈ ਧਾੜਵੀ ਉਸ ਦੀ ਜਗ੍ਹਾ ਮੁਕਾਬਲੇ 'ਚ ਘੁਸ ਕੇ ਉਹਦੇ ਸਾਹਮਣੇ ਉਹਦੇ ਹੱਕਾਂ 'ਤੇ ਡਾਕਾ ਮਾਰਦਾ ਹੈ। ਜਿਹੜੇ ਲੋਕ ਹਰੇਕ ਹਰਬਾ ਵਰਤ ਕੇ ਮੌਲਾਨਾ ਆਜ਼ਾਦ ਟਰਾਫ਼ੀ ਦੀ ਪ੍ਰਾਪਤੀ ਨੂੰ ਹੀ ਆਪਣਾ ਮਕਸਦ ਮੰਨਦੇ ਹਨ, ਉਹ ਖੇਡਾਂ ਅਤੇ ਖਿਡਾਰੀਆਂ ਲਈ ਘਾਤਕ ਹਨ। ਇਤਿਹਾਸ ਗਵਾਹ ਹੈ ਕਿ ਦੁਨੀਆਂ ਨੂੰ ਜਿੱਤਣ ਵਾਲੇ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂਦੇ। ਜਦੋਂ ਕੋਈ ਪੋਰਸ ਕਿਸੇ ਸਿਕੰਦਰ ਨੂੰ ਹਾਰ-ਜਿੱਤ ਦੇ ਮਾਅਨੇ ਸਮਝਾਉਂਦਾ ਹੈ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪੰਜਾਬੀ ਕਹਾਣੀ ਹਾਰ ਜਿੱਤ 'ਚ ਕੇਹਰੂ ਜਿੱਤ ਕੇ ਵੀ ਜ਼ਿੱਲ੍ਹਤ ਹੰਢਾਉਂਦਾ ਹੈ ਅਤੇ ਮਾਧੋ ਹਾਰ ਕੇ ਵੀ ਜਿੱਤਿਆ ਲੱਗਦਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਕਮਲੀ ਸੋਚ ਨੂੰ ਸਿਵਿਆਂ ਦੇ ਰਾਹ ਤੋਂ ਮੋੜਨਾ ਪਵੇਗਾ ਨਹੀਂ ਤਾਂ ਫੇਰ ਬਾਬੇ ਨਾਨਕ ਨੂੰ ਕੀ ਮੂੰਹ ਵਿਖਾਵਾਂਗੇ ਜਿਸ ਨੇ ਕਿਹਾ ਸੀ 'ਓੜਕ ਸੱਚ ਰਹੀ।' ਹਰੇਕ ਵਿਦਿਆਰਥੀ ਲਈ ਖੇਡ ਸਹੂਲਤਾਂ, ਸਾਜ਼ੋ-ਸਾਮਾਨ ਪੜ੍ਹਾਕੂਆਂ ਦਾ ਮੈਦਾਨ 'ਤੇ ਆਉਣਾ, ਮਾਹਿਰਾਂ ਦੀ ਜ਼ਰੂਰੀ ਅਗਵਾਈ, ਖਿਡਾਰੀਆਂ ਨੂੰ ਵਜ਼ੀਫੇ, ਨੌਕਰੀਆਂ 'ਚ ਰਾਖਵਾਂਪਣ, ਸਰਟੀਫਿਕੇਟਾਂ ਦਾ ਮੁਲਅੰਕਣ, ਵਿੱਤੀ ਸਾਧਨਾਂ 'ਚ ਵਾਧਾ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਸਾਂਝਾ ਖੇਡ ਕੈਲੰਡਰ ਤਿਆਰ ਕਰਨਾ, ਹਰੇਕ ਕਾਲਜ 'ਚ ਜਿਮ ਦਾ ਹੋਣਾ ਲਾਜ਼ਮੀ ਕਰਨਾ, ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਆਦਿ ਅਜਿਹੇ ਉਪਰਾਲੇ ਹਨ, ਜਿਸ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਖੇਡਾਂ ਨੂੰ ਤਰਕ ਸੰਗਤ ਬਣਾਇਆ ਜਾ ਸਕਦਾ ਹੈ।