
ਨਵੀਂ ਦਿੱਲੀ-ਲੰਡਨ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਮਹਾਬਲੀ ਸਤਪਾਲ ਦੇ ਚੇਲੇ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਉਹ ਇਕ ਵਾਰ ਫਿਰ ਓਲੰਪਿਕ ਵਿਚ ਕੁਸ਼ਤੀ ਦਾ ਤਮਗਾ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦੇਵੇਗਾ। ਚੀਨ ਵਿਚ ਵਿਸ਼ਵ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਦੇ ਨਾਲ ਹੀ ਲੰਡਨ ਦੀ ਟਿਕਟ ਕਟਾਉਣ ਵਾਲੇ ਸੁਸ਼ੀਲ ਨੇ ਕਿਹਾ, ''ਦੇਸ਼ਵਾਸੀਆਂ ਤੇ ਕੁਸ਼ਤੀ ਪ੍ਰੇਮੀਆਂ ਦੇ ਪਿਆਰ ਦੀ ਬਦੌਲਤ ਮੈਂ ਇਕ ਵਾਰ ਫਿਰ ਤੋਂ ਓਲੰਪਿਕ ਤਮਗਾ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿਆਂਗਾ।'' ਫਾਈਨਲ ਮੁਕਾਬਲੇ ਦੌਰਾਨ ਲੱਗੀ ਅੱਖ ਵਿਚ ਸੱਟ ਬਾਰੇ ਸੁਸ਼ੀਲ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਥੋੜ੍ਹੇ ਆਰਾਮ ਨਾਲ ਇਹ ਠੀਕ ਹੋ ਜਾਏਗੀ।
ਬੀਜਿੰਗ ਓਲੰਪਿਕ ਵਿਚ 56 ਸਾਲ ਬਾਅਦ ਦੇਸ਼ ਲਈ ਕੁਸ਼ਤੀ ਦਾ ਕਾਂਸੀ ਤਮਗਾ ਜਿੱਤਣ ਵਾਲੇ ਸੁਸ਼ੀਲ ਨੇ ਲੰਡਨ
ਓਲੰਪਿਕ ਖੇਡਾਂ ਦੀਆਂ ਆਪਣੀਆਂ ਤਿਆਰੀਆਂ ਬਾਰੇ ਕਿਹਾ, ''ਮੇਰੇ ਕੋਚ ਇਸ 'ਤੇ ਪੂਰਾ ਧਿਆਨ ਦੇ ਰਹੇ ਹਨ। ਓਲੰਪਿਕ ਖੇਡਾਂ ਵਿਚ ਜਿਹੜੇ-ਜਿਹੜੇ ਦੇਸ਼ਾਂ ਦੇ ਪਹਿਲਵਾਨਾਂ ਨਾਲ ਮੇਰਾ ਮੁਕਾਬਲਾ ਹੋ ਸਕਦਾ ਹੈ, ਮੈਂ ਉਨ੍ਹਾਂ ਦੀ ਵੀਡੀਓ ਦੇਖ ਰਿਹਾ ਹਾਂ ਤੇ ਉਸੇ ਹਿਸਾਬ ਨਾਲ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।''
ਭਾਰਤ ਨੂੰ ਲਗਾਤਾਰ ਚੋਟੀ ਦੀਆਂ ਟੀਮਾਂ ਨਾਲ ਖੇਡਣ ਦੀ ਲੋੜ : ਨੋਬਸ
ਨਵੀਂ ਦਿੱਲੀ -ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਮਾਈਕਲ ਨੋਬਸ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੇ ਫਿਰ ਤੋਂ ਵਿਸ਼ਵ ਹਾਕੀ ਵਿਚ ਆਪਣੀ ਜਗ੍ਹਾ ਸਥਾਪਤ ਕਰਨੀ ਹੈ ਤਾਂ ਉਸ ਨੂੰ ਲਗਾਤਾਰ ਚੋਟੀ ਰੈਂਕਿੰਗ ਦੀਆਂ ਟੀਮਾਂ ਵਿਰੁੱਧ ਖੇਡਦੇ ਰਹਿਣਾ ਚਾਹੀਦਾ ਹੈ। ਨੋਬਸ ਨੇ ਕਿਹਾ ਕਿ ਲੰਡਨ ਓਲੰਪਿਕ ਲਈ ਆਗਾਮੀ ਚਾਰ ਦੇਸ਼ਾਂ ਦੇ ਅਭਿਆਸ ਟੂਰਨਾਮੈਂਟ ਤੋਂ ਅੱਠ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ ਆਪਣਾ ਪੱਧਰ ਜਾਣਨ ਦਾ ਮੌਕਾ ਮਿਲੇਗਾ।