Thursday, 26 April 2012 06:42
Print PDF

ਮਿਹਦਾ, ਪਾਚਣ ਪ੍ਰਣਾਲੀ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਇਹ ਅੰਗ ਸਾਰੇ ਜੀ ਜੀਵਾਂ ਵਿਚ ਹੁੰਦਾ ਹੈ। ਅਸੀਂ ਇੱਥੇ ਮਨੁੱਖੀ ਮਿਹਦੇ ਦੀ ਗੱਲ਼ ਕਰਾਂਗੇ। ਪਾਚਣ-ਕਿਰਿਆ ਤਾਂ ਮੂੰਹ ਵਿਚ ਤਰਲ ਗ੍ਰੰਥੀਆਂ ਦੇ ਰਸਾਂ ਤੇ ਭੋਜਨ ਨੂੰ ਚਿੱਥਣ ਜਾਂ ਚਬਾਉਣ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਮੂੰਹ ਤੇ ਗਲੇ ਤੋਂ ਬਾਅਦ ਭੋਜਨ-ਨਾਲੀ (ਇਸੋਫੇਗਸ) 'ਚੋਂ ਹੋ ਕੇ,ਖਾਧਾ-ਪੀਤਾ, ਪੇਟ ਜਾਂ ਮਿਹਦੇ ਵਿੱਚ ਪੁੱਜਦਾ ਹੈ। ਤੇ ਉਸ ਤੋਂ ਬਾਅਦ ਭੋਜਨ, ਛੋਟੀਆਂ ਤੇ ਵੱਡੀ ਅੰਤੜੀਆਂ ਵਿੱਚੋਂ ਦੀ ਗ਼ੁਜ਼ਰਦਾ ਹੈ।  ਮਿਹਦਾ, ਅੰਦਰੋਂ ਖਾਲੀ ਤੇ ਇਕ ਖੁੱਲ੍ਹਾ ਅੰਗ ਹੈ ਜੋ ਪੇਟ ਵਿਚ ਖੱਬੇ ਪਾਸੇ ਪੱਸਲੀਆਂ ਦੇ ਕੋਲ ਹੁੰਦਾ ਹੈ। ਜਦ ਇਹ ਖਾਲੀ ਹੋ ਜਾਂਦਾ ਹੈ ਤਾਂ ਭੁੱਖ ਲੱਗ ਜਾਂਦੀ ਹੈ। ਜੋ ਕੁਝ ਵੀ ਮਿਹਦੇ ਵਿਚ ਪੁੱਜਦਾ ਹੈ, ਰੋਟੀ, ਦਾਲ, ਸਬਜ਼ੀ, ਦੁੱਧ, ਦਹੀਂ, ਪਨੀਰ, ਫਲ, ਹੋਰ ਭੋਜਨ ਤੱਤ, ਸਲਾਦ, ਦੇਸੀ ਘਿਓ, ਮੱਖਣ, ਮਗ਼ਜ਼, ਡਰਾਈ-ਫਰੂਟ, ਮਿਰਚ ਮਸਾਲੇ, ਚਿਕਨ, ਮਟਨ, ਮੱਛੀ, ਦਵਾਈਆਂ, ਸ਼ਰਾਬ, ਨਸ਼ੇ, ਆਦਿ,  ਸਭ ਨਾਲ ਨਜਿੱਠਣਾ ਪੈਂਦਾ ਹੈ ਮਿਹਦੇ ਨੂੰ। ਇਸੇ ਕਰਕੇ ਇਹ ਬੜਾ ਸਖਤ "ਸੁਭਾਅ" ਦਾ ਹੁੰਦਾ ਹੈ। ਜੋ ਕੁਝ ਵੀ ਇਸ ਵਿਚ ਪੁੱਜਦਾ ਹੈ ਉਹਨੂੰ ਪਚਣ-ਯੋਗ ਬਣਾਉਣ ਲਈ  ਕੁਦਰਤ ਵੱਲੋਂ ਇਸ ਨੂੰ ਇਕ

ਹੋਰ ਸੁਵਿਧਾ ਮਿਲੀ ਹੋਈ ਹੈ, ਉਹ ਹੈ ਤੇਜ਼ਾਬ (ਹਾਇਡਰੋਕਲੋਰਿਕ ਏਸਿਡ) ਜੋ ਚੰਗੇ ਮਾੜੇ, ਪੀਤੇ ਖਾਧੇ ਨੂੰ ਮੁਢਲੇ ਪੜਾਅ 'ਤੇ ਹੀ ਪਚਣ-ਯੋਗ ਕਰਕੇ, ਅਗਾਂਹ ਅੰਤੜੀਆਂ ਵਿਚ ਭੇਜ ਦੇਂਦਾ ਹੈ।
ਮਿਹਦੇ ਨੂੰ ਤਿੰਨ ਮੁੱਖ ਹਿੱਸਿਆਂ ਵਿਚ ਵੰਡ ਸਕਦੇ ਹਾਂ:
1- ਉਪਰਲਾ ਪਾਸਾ (ਕਾਰਡੀਆ ਤੇ ਫੰਡਸ),
2- ਵਿਚਕਾਰਲਾ ਯਾਨੀ ਕਿ ਮੁਖ ਭਾਗ (ਬਾਡੀ) ਤੇ
3- ਆਖ਼ਰੀ ਹਿੱਸਾ (ਪਾਇਲੋਰਿਕ ਐਂਟਰਮ)
ਕੈਂਸਰ, ਕਿਸੇ ਵੀ ਹਿੱਸੇ ਤੋਂ ਉਤਪੰਨ  ਹੋ  ਸਕਦਾ ਹੈ।
ਕਿਹੜੇ ਵਿਅਕਤੀਆਂ ਨੂੰ ਇਹ ਕੈਂਸਰ ਹੋਣ ਦਾ ਵਧੇਰੇ ਖ਼ਤਰਾ ਰਹਿੰਦਾ ਹੈ ?
ਜਿਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਐਸਾ ਕੈਂਸਰ ਹੋਇਆ ਹੋਵੇ।
ਜਿਨ੍ਹਾਂ ਦੇ ਮਿਹਦੇ ਵਿਚ "ਹੈਲੀਕੋਬੈਕਟਰ ਪਾਇਲੋਰੀ" ਨਾਮਕ ਬੈਕਟੀਰੀਆ ਦੀ ਇਨਫੈਕਸ਼ਨ ਰਹਿੰਦੀ ਹੋਵੇ।
ਜਿਨ੍ਹਾਂ ਦੇ ਮਿਹਦੇ ਵਿਚ ਦੋ ਸੈਂਟੀ ਮੀਟਰ ਤੋਂ ਵੱਡੀਆਂ ਰਸੌਲੀਆਂ (ਪੌਲਿਪ) ਹੋਣ।
ਜਿਨ੍ਹਾਂ ਦੇ ਮਿਹਦੇ ਵਿਚ ਕਾਫੀ ਲੰਮੇ ਸਮੇਂ ਤੋਂ ਸੋਜ ਹੋਵੇ (ਕਰੋਨਿਕ ਐਟਰੋਫਿਕ ਗੈਸਟਰਾਇਟਿਸ) ਜੋ ਸ਼ਰਾਬ, ਸਿਗਰਿਟ,    ਮਿਰਚ ਮਸਾਲਿਆਂ, ਕਰਾਰੇ ਤੇ 'ਸਮੋਕਡ' ਭੋਜਨਾਂ ਦੇ ਸੇਵਨ ਨਾਲ।
ਪਰਨੀਸ਼ੀਅਸ ਅਨੀਮੀਆ ਦੇ ਮਰੀਜ਼।
ਸਿਗਰਿਟ-ਨੋਸ਼ ਅਤੇ ਮਨੋਰੋਗੀ।
ਵਧੇਰੇ ਮਾਸ ਖਾਣ ਵਾਲੇ ਖ਼ਾਸ ਕਰਕੇ 'ਰੈਡ ਮੀਟ' (ਬੱਕਰਾ, ਭੇਡੂ, ਗਾਂ, ਸੂਰ ਆਦਿ)।
ਫਲ਼-ਫਰੂਟ ਤੇ ਸਲਾਦ ਘਟ ਖਾਣ ਵਾਲੇ।
ਉਲੀਆਂ ਖ਼ਾਸ ਕਰਕੇ ਐਫਲਾਟੌਕਸਿਨ ਵਾਲੇ ਭੋਜਨ ਖਾਣ ਵਾਲੇ।
ਡੱਬਾ-ਬੰਦ ਖਾਣੇ ਤੇ ਆਚਾਰ।
ਰੋਜ਼ ਅਤੇ ਜ਼ਿਆਦਾ ਮਾਤਰਾ ਵਿਚ ਚੌਲਾਂ     ਦਾ ਸੇਵਨ।
ਭਾਰਤ ਵਿਚ ਦੱਖਣੀ ਤੇ ਪੂਰਬੀ ਪ੍ਰਾਂਤਾਂ ਅਤੇ ਕਸ਼ਮੀਰ ਘਾਟੀ ਵਿਚ ਮਿਹਦੇ ਦੇ ਕੈਂਸਰ ਦੇ ਬਹੁਤ ਕੇਸ ਹਨ। ਵਿਸ਼ਵ ਪੱਧਰ 'ਤੇ ਇਸ ਕੈਂਸਰ ਦੇ ਕੇਸ ਜਪਾਨ, ਚਿੱਲੀ ਤੇ ਆਇਰਲੈਂਡ ਵਿੱਚ ਵਧੇਰੇ    ਹੁੰਦੇ ਹਨ।
ਮਿਹਦੇ ਦੇ ਕੈਂਸਰ ਦਾ ਕਿਵੇਂ ਪਤਾ ਲੱਗੇ?
ਸ਼ੁਰੂ ਸ਼ੁਰੂ ਵਿਚ ਇਸ ਕੈਂਸਰ ਦੇ ਕੋਈ ਖ਼ਾਸ ਲੱਛਣ ਨਹੀਂ ਹੁੰਦੇ। ਇਸੇ ਕਰਕੇ ਮਰੀਜ਼, ਡਾਕਟਰ ਕੋਲ ਦੇਰ ਬਾਅਦ ਜਾਂਦਾ ਹੈ। ਕਈ ਕੇਸਾਂ ਵਿਚ ਤਾਂ ਇਸ ਦੀਆਂ ਜੜ੍ਹਾਂ ਵੀ ਫੈਲ ਚੁੱਕੀਆਂ ਹੁੰਦੀਆਂ ਹਨ।
ਇਸ ਕੈਂਸਰ ਦੇ ਲੱਛਣ: ਇਹ ਲੱਛਣ ਭਾਵੇਂ ਬਿਲਕੁਲ ਪੱਕੇ ਨਹੀਂ ਹੁੰਦੇ ਫਿਰ ਵੀ ਬਦ-ਹਜ਼ਮੀ, ਤੇਜ਼ਾਬੀ-ਪਣ, ਜੀਅ-ਕੱਚਾ  ਹੋਣਾ, ਕਦੀ ਕਦੀ ਉਲਟੀ ਆਉਣਾ, ਪੇਟ ਭਰਿਆ ਭਰਿਆ ਜਾਂ ਫੁੱਲਿਆ ਹੋਇਆ ਮਹਿਸੂਸ ਹੋਣਾ, ਖ਼ੂਨ ਦੀ ਉਲਟੀ ਜਾਂ ਉਲਟੀ ਵਿਚ ਭੋਜਨ-ਕਣਾਂ ਨਾਲ ਖ਼ੂਨ ਦੇ ਗਲ਼੍ਹੇਫੇ ਨਿਕਲਣੇ, ਛਾਤੀ ਧੁਖਣੀ ਜਾਂ ਸਾੜ ਪੈਣਾ, ਖਾਣਾ ਲੰਘਾਉਣ ਵਿਚ ਸਮੱਸਿਆ, ਭੁੱਖ ਦਾ ਘਟਣਾ ਖ਼ਾਸ  ਕਰਕੇ ਮੀਟ ਵਾਸਤੇ, ਭਾਰ ਦਾ ਘਟਣਾ, ਕਮਜ਼ੋਰੀ, ਸਾਹ ਚੜ੍ਹਨਾ, ਥਕਾਵਟ, ਇਹੀ ਮਹਿਸੂਸ ਹੁੰਦਾ ਰਹਿਣਾ ਕਿ ਮੈਂ ਬੀਮਾਰ ਹਾਂ ਆਦਿ। ਕਈ ਵਾਰ ਤਾਂ ਇਹ ਲੱਛਣ ਅਲਸਰ, ਇਨਫੈਕਸ਼ਨ, ਤੇਜ਼ਾਬੀ-ਪਣ ਦੇ ਹੁੰਦੇ ਹਨ ਪਰ ਕੈਂਸਰ ਵੀ ਇਸੇ ਤਰ੍ਹਾਂ ਦੀਆਂ ਅਲਾਮਤਾਂ ਪੈਦਾ ਕਰਦੇ ਹਨ।
ਜੇਕਰ ਤੁਹਾਨੂੰ ਸ਼ੱਕ ਪੈਂਦਾ ਹੈ ਕਿ ਮਿਹਦੇ ਦਾ ਕੈਂਸਰ ਹੋ ਸਕਦਾ ਹੈ ਤਾਂ ਜ਼ਰੂਰ ਡਾਕਟਰ ਕੋਲ ਜਾਓ। ਉਹ ਮੁਆਇਨਾ ਕਰਕੇ ਦੱਸੇਗਾ ਕਿ ਤੁਹਾਨੂੰ ਜੋ ਅਲਾਮਤਾਂ ਹਨ ਉਹ ਕੈਂਸਰ ਕਰਕੇ ਹਨ ਜਾਂ ਕੋਈ ਹੋਰ ਗੱਲ ਹੈ। ਉਹ, ਤੁਹਾਡੇ ਪਰਿਵਾਰ ਵਿਚ ਐਸੀ ਸਿਹਤ ਸਮੱਸਿਆ ਬਾਰੇ ਅਤੇ ਕੁਝ ਹੋਰ ਤੁਹਾਡੇ ਨਿੱਜੀ ਸਵਾਲ ਪੁੱਛੇਗਾ, ਜਾਂ ਲੈਬਾਰਟਰੀ ਤੋਂ ਖੂਨ ਜਾਂ ਹੋਰ ਕੁਝ ਟੈਸਟ ਕਰਵਾਉਣ ਬਾਰੇ ਕਹੇਗਾ, ਜਾਂ ਤੁਹਾਨੂੰ ਸਪੈਸ਼ਲਿਸਟ ਡਾਕਟਰ (ਗੈਸਟਰੋ-ਐਂਟਰੋਲੋਜਿਸਟ) ਕੋਲ ਭੇਜ ਦਿੱਤਾ ਜਾਵੇਗਾ। ਇਹ ਡਾਕਟਰ ਪਾਚਣ ਪ੍ਰਣਾਲੀ ਦੀਆਂ  ਬੀਮਾਰੀਆਂ ਦੇ ਮਾਹਿਰ ਹੁੰਦੇ ਹਨ।
ਮੁਆਇਨਾ: ਲਿਟਾ ਕੇ ਪੇਟ ਦਾ ਮੁਆਇਨਾ, ਨੱਪਿਆਂ ਕੋਈ ਦਰਦ, ਕਿਸੇ ਤਰ੍ਹਾਂ ਦੀ ਸੋਜ, ਜਾਂ ਪੇਟ ਵਿਚ ਪਾਣੀ, ਜਾਂ ਧੌਣ ਵਿਚ ਕਿਸੇ  ਤਰ੍ਹਾਂ ਦੀਆਂ ਗਿਲ੍ਹਟੀਆਂ ਆਦਿ ਚੈੱਕ ਕੀਤੇ ਜਾਂਦੇ ਹਨ।
ਐਂਡੋਸਕੋਪੀ:ਇਕ ਪਤਲੀ ਜਿਹੀ ਟਿਊਬ ਜਿਸ ਦੇ ਅਗਲੇ ਪਾਸੇ ਬਲਬ ਲੱਗਾ ਹੁੰਦਾ ਹੈ,ਮੂੰਹ ਰਾਹੀਂ ਅੰਦਰ ਭੇਜ ਕੇ ਮਿਹਦੇ ਦਾ ਅੰਦਰਲਾ ਹਿੱਸਾ ਵੇਖਿਆ ਜਾਂਦਾ ਹੈ (ਫੋਟੋ ਵੇਖੋ)। ਟਿਊਬ ਪਾਉਣ ਤੋਂ ਪਹਿਲਾਂ, ਦਵਾਈ ਦੀ ਇਕ ਸਪਰੇਅ ਨਾਲ ਗਲੇ ਨੂੰ ਸੁੰਨ ਕਰ ਲਿਆ ਜਾਂਦਾ ਹੈ। ਕਈ ਵਾਰ ਰੋਗੀ ਦੀ ਫਿਕਰਮੰਦੀ ਦੂਰ ਕਰਨ ਲਈ ਕੋਈ ਗੋਲੀ ਜਾਂ ਕੈਪਸੂਲ ਵੀ ਖਵਾਇਆ ਜਾਂਦਾ ਹੈ।
ਬਾਇਓਪਸੀ: ਐਂਡੋਸਕੋਪੀ ਵਿਚ ਬਲਬ ਦੇ ਕੋਲ ਹੀ ਦੰਦਾਂ ਵਾਲੀ ਚਿਮਟੀ ਲੱਗੀ ਹੁੰਦੀ ਹੈ ਜਿਸ ਨਾਲ ਸ਼ੱਕੀ ਜਗ੍ਹਾ ਤੋਂ, ਮਾਸ ਦਾ ਛੋਟਾ   ਜਿਹਾ ਟੁਕੜਾ ਲੈ ਲਿਆ ਜਾਂਦਾ ਹੈ ਜਿਸ ਦੀ ਖ਼ੁਰਦਬੀਨੀ ਜਾਂਚ ਪੈਥਾਲੋਜਿਸਟ ਕਰਦੇ ਹਨ। ਕੈਂਸਰ ਹੋਣ     ਜਾਂ ਨਾ ਹੋਣ ਬਾਰੇ ਜਾਂਚ ਦਾ ਇਹੀ ਇਕ             ਪੱਕਾ ਤਰੀਕਾ ਹੈ।
ਮਿਹਦੇ ਦਾ ਕੈਂਸਰ ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਵਧੇਰੇ ਕਿਉਂ ਹੁੰਦਾ ਹੈ ..?
ਮਰਦਾਂ ਵਿਚ ਜਿਗਰ,ਵੱਡੀ ਅੰਤੜੀ ਤੇ ਮਿਹਦੇ ਦੇ ਕੈਂਸਰ ਵਧੇਰੇ ਹੁੰਦੇ ਹਨ। ਮੈਸਾਚਿਊਟਸ ਇੰਸਟੀਚਿਊਟ ਆਫ ਟੈਕਨੌਲੋਜੀ ਦੇ ਖੋਜਕਾਰਾਂ ਨੇ ਚੂਹਿਆਂ 'ਤੇ ਕੀਤੀਆਂ ਆਪਣੀਆਂ ਖੋਜਾਂ  ਦੁਆਰਾ ਸਿੱਧ ਕੀਤਾ  ਹੈ ਕਿ ਔਰਤਾਂ ਦਾ ਹਾਰਮੋਨ (ਈਸਟਰੋਜਨ), ਇਸ  ਕੈਂਸਰ ਤੋਂ ਬਚਾਅ ਕਰਦਾ ਹੈ ਖ਼ਾਸ ਕਰਕੇ 'ਹੈਲੀਕੋਬੈਕਟਰ ਪਾਇਲੋਰਾਈ' ਬੈਕਟੀਰੀਆ ਦੀ ਇਨਫੈਕਸ਼ਨ ਵਾਲੇ ਕੇਸਾਂ ਵਿਚ। ਪਰ ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਵਿਚ ਇਹ ਰੋਗ ਹੁੰਦਾ ਹੀ ਨਹੀਂ। ਮੈਨੋਪਾਜ਼ ਤੋਂ ਬਾਅਦ ਜਦ ਮਾਦਾ ਹਾਰਮੋਨਾਂ (ਈਸਟਰੋਜਨ) ਦੀ ਪੈਦਾਵਾਰ ਘਟ ਜਾਂਦੀ ਹੈ ਤਾਂ ਔਰਤਾਂ ਵਿਚ ਇਹ ਕੈਂਸਰ ਉਤਪੰਨ ਹੋ ਸਕਦਾ ਹੈ। ਜਦ ਮੈਂ ਇਹ ਲੇਖ ਲਿਖ ਰਿਹਾ ਹਾਂ ਇਸ ਦੇ ਦੌਰਾਨ,ਅੱਜ ਹੀ ਮੇਰੇ ਕੋਲ ਇਕ ਕੇਸ ਆਇਆ ਹੈ ਜਿਸ ਦਾ,ਓਪ੍ਰੇਸ਼ਨ ਰਾਹੀਂ ਮਿਹਦਾ ਕੱਢਿਆ ਗਿਆ ਸੀ। 48 ਸਾਲਾ ਇਸ ਬੀਬੀ ਦੇ ਮਿਹਦੇ ਦੀ ਵਿਸਤ੍ਰਿਤ ਖ਼ੁਰਦਬੀਨੀ ਜਾਂਚ ਤੋਂ ਬਾਅਦ ਇਸ ਦੇ ਕੈਂਸਰ ਦੀ ਸਿਮ ਤੇ ਗ੍ਰੇਡ ਬਾਰੇ ਰਿਪੋਰਟ ਦਿੱਤੀ ਗਈ ਹੈ। ਜਿਨ੍ਹਾਂ ਔਰਤਾਂ ਦਾ ਮੈਨੋਪਾਜ਼ ਦੇਰੀ ਨਾਲ ਹੁੰਦਾ ਹੈ, ਉਨ੍ਹਾਂ ਨੂੰ ਵੀ ਇਸ ਕੈਂਸਰ ਦਾ ਰਿਸਕ ਘੱਟ ਹੁੰਦਾ ਹੈ।
ਇਲਾਜ: ਇਸ ਕੈਂਸਰ ਦਾ ਮੁਢਲੀ ਸਟੇਜ 'ਤੇ, ਥੋੜ੍ਹੇ ਕੇਸਾਂ ਵਿਚ ਹੀ ਪਤਾ ਲਗਦਾ ਹੈ ਪਰ ਐਸੇ ਮਰੀਜ਼ਾਂ ਵਿਚ ਕਾਫੀ ਹੱਦ ਤੱਕ ਇਲਾਜ ਸੰਭਵ ਹੁੰਦਾ ਹੈ। ਜਿਵੇਂ ਕਿਸੇ ਵੀ ਹੋਰ ਅੰਗ ਦੇ ਕੈਂਸਰ ਵਿਚ ਕੀਤਾ ਜਾਂਦਾ ਹੈ ਉਵੇਂ ਹੀ ਟਿਊਮਰ ਦੀ ਪੁਜ਼ੀਸ਼ਨ, ਉਹਦਾ ਫੈਲਾਅ,ਸਟੇਜ,ਤੇ ਵਿਅਕਤੀ ਦੀ ਆਮ ਸਿਹਤ ਨੂੰ ਮੱਦੇ-ਨਜ਼ਰ ਰੱਖ ਕੇ ਇਲਾਜ ਵਜੋਂ ਸਰਜਰੀ ਜਾਂ ਹੋਰ ਵਿਧੀਆਂ ਨਾਲ ਇਲਾਜ ਕੀਤਾ ਜਾਂਦਾ ਹੈ। ਟਿਊਮਰ ਦੀ ਪੁਜ਼ੀਸ਼ਨ, ਫੈਲਾਅ ਤੇ ਸਟੇਜ ਦੇ ਅਨੁਸਾਰ ਥੋੜ੍ਹੇ ਹਿੱਸੇ, ਅੱਧੇ ਮਿਹਦੇ ਜਾਂ ਪੂਰੇ ਮਿਹਦੇ ਨੂੰ ਸਰਜਰੀ ਰਾਹੀਂ ਕੱਢ ਦਿੱਤਾ ਜਾਂਦਾ ਹੈ। ਜੇਕਰ ਇਹ ਕੈਂਸਰ, ਆਲੇ ਦੁਆਲੇ ਦੇ ਅੰਗਾਂ ਜਿਵੇਂ ਭੋਜਨ-ਨਾਲੀ (ਇਸੋਫੇਗਸ), ਤਿੱਲੀ, ਛੋਟੀ ਅੰਤੜੀ, ਲਬਲਬਾ ਜਾਂ ਅੰਡ-ਕੋਸ਼ (ਔਰਤਾਂ ਵਿਚ) ਵਿਚ ਫੈਲ ਚੁੱਕਾ ਹੋਵੇ ਤਾਂ ਪੂਰੇ ਮਿਹਦੇ ਦੇ ਨਾਲ ਨਾਲ ਇਹ ਵੀ ਕੱਢਣੇ ਪੈਂਦੇ ਹਨ ਤੇ ਜੇ ਇਹ, ਜਿਗਰ, ਫੇਫੜਿਆਂ, ਹੱਡੀਆਂ ਆਦਿ  ਵਿਚ ਫੈਲ ਚੁੱਕਾ ਹੋਵੇ ਤਾਂ "ਪੈਲੀਏਟਿਵ ਸਰਜਰੀ" (ਥੋੜੀ੍ਹ ਰਾਹਤ ਦੇਣ ਲਈ ਕੁਝ ਹਿੱਸਾ ਕੱਢਣਾ) ਹੀ  ਕੀਤੀ ਜਾਂਦੀ  ਹੈ। ਰੋਗ ਦੇ ਪੂਰੇ ਅਧਿਐਨ ਤੋਂ ਬਾਅਦ ਕੀਮੋਥੈਰਾਪੀ ਤੇ/ਜਾਂ ਰੇਡੀਏਸ਼ਨ ਨਾਲ ਵੀ ਜ਼ਰੂਰਤ ਅਨੁਸਾਰ ਇਲਾਜ ਕੀਤਾ ਜਾਂਦਾ ਹੈ।
ਬਾਇਆਲੋਜੀਕਲ ਥੈਰਾਪੀ: ਮਿਹਦੇ ਦੇ ਕੈਂਸਰ ਵਾਸਤੇ ਇਹ ਥੈਰਾਪੀ ਅਜੇ ਟਰਾਇਲ ਵਾਲੀ ਸਟੇਜ 'ਤੇ ਹੀ ਹੈ। ਕੀਮੋਥੈਰਾਪੀ ਸਿੱਧੀ   ਕੈਂਸਰ ਦੇ ਸੈਲਾਂ ਨੂੰ ਖ਼ਤਮ ਕਰਦੀ ਹੈ ਪਰ ਬਾਇਆਲੋਜੀਕਲ ਥੈਰਾਪੀ ਇਮਿਊਨ ਸਿਸਟਮ ਰਾਹੀਂ ਆਪਣਾ ਅਸਰ ਵਿਖਾਉਂਦੀ ਹੈ। ਇਸ ਦੇ ਆਪਣੇ ਕੁਝ 'ਸਾਈਡ ਇਫੈਕਟ' ਹੁੰਦੇ ਹਨ।
ਕਿਹੜੇ ਭੋਜਨ ਬਚਾਅ ਕਰਦੇ ਹਨ?
ਹਰੀਆਂ ਸਬਜ਼ੀਆਂ, ਖ਼ਾਸ ਕਰਕੇ ਗੋਭੀ ਜਾਤੀ ਦੀਆਂ, ਅਧਰਕ, ਲਸਣ, ਗੰਢਾ, ਸੋਇਆਬੀਨ, ਫਲ਼, ਆਦਿ।
ਕਿਹੜੀਆਂ ਵਸਤਾਂ ਤੋਂ ਬਚਣਾ ਚਾਹੀਦਾ               ਹੈ ?
ਸਿਗਰਿਟਨੋਸ਼ੀ, ਸ਼ਰਾਬ, ਹੋਰ..ਨਸ਼ੇ ਵਾਲੀਆਂ ਜਾਂ ਜ਼ਹਿਰੀਲੀਆਂ ਚੀਜ਼ਾਂ, ਤੇਜ਼ ਤੇ ਕਰਾਰੇ ਮਿਰਚ ਮਸਾਲੇ, ਵਧੇਰੇ ਥਿੰਦੇ ਜਾਂ  ਚਰਬੀ ਵਾਲੇ ਖਾਣੇ, ਲੋੜ ਤੋਂ ਵੱਧ ਖਾਣਾ (ਓਵਰ ਈਟਿੰਗ)। ਵਿਆਹਾਂ ਜਾਂ ਪਾਰਟੀਆਂ ਵਿਚ ਭਾਵੇਂ ਖੁੱਲ੍ਹਾ ਤੇ ਵਾਧੂ ਭੋਜਨ ਮਿਲਦਾ ਹੋਵੇ ਪਰ ਇਹ ਸਮਝ ਕੇ ਖਾਓ ਕਿ ਪੇਟ ਤਾਂ ਆਪਣਾ ਹੀ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਮਿਹਦੇ ਦਾ ਕੈਂਸਰ

Currency Converter

Amount:
From:
To:


Gurbani Radio


Gurbani - Sri Harmandir Sahib