Thursday, 28 June 2012 05:17
Print PDF

ਕਿਸੇ ਲਲਿਤ ਨਿਬੰਧ, ਕਹਾਣੀ ਜਾਂ ਕਿਸੇ ਹੋਰ ਸਾਹਿਤਕ ਵਿਧਾ ਦੀ ਰਚਨਾ ਲਈ ਕੁੱਝ ਅੱਖਰ ਨਹੀਂ ਜੋੜ ਰਿਹਾ, ਸਗੋਂ ਇਨ੍ਹਾਂ ਪਲਾਂ ਨੂੰ ਹੰਢਾਉਂਦਾ ਆਪਣੇ ਰੱਬ ਜਹੇ ਮਿੱਤਰ ਤੇ ਵੀਰ ਡਾ. ਦਰਸ਼ਨ ਸਿੰਘ ਬੈਂਸ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਬੈਠਾ ਹਾਂ। ਗੱਲ ਤਾਂ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ। ਮੇਰੀ ਜਾਚੇ ਕੈਲੇਡੋਨ (ਕੈਨੇਡਾ) ਦੀ ਬੇਸ ਲਾਈਨ ਰੋਡ ਤੋਂ ਸ਼ੁਰੂ ਕਰਾਂ ਤਾਂ ਉਕਰੇ ਹੋਏ ਸ਼ਬਦਾਂ ਨਾਲ ਇਨਸਾਫ਼ ਕਰ ਸਕਾਂਗਾ। ਸਮੇਂ ਦੀ ਲਿਖਾਂ ਤਾਂ ਵਾਕਿਆ ਅਗਸਤ ਦੋ ਹਜ਼ਾਰ ਸੱਤ ਦਾ ਹੈ। ਪਰਵਾਸੀ ਜੂਨ ਅਪਨਾ ਲੈਣ ਉਪਰੰਤ ਮੇਰਾ ਪਹਿਲਾ ਕਿਆਮ ਬੇਸ ਲਾਈਨ ਰੋਡ 'ਤੇ ਆਪਣੇ ਪੁੱਤਰ ਦੇ ਫ਼ਾਰਮ ਵਿਚਲੇ ਡੇਰੇ ਤੇ ਹੀ ਸੀ। ਅੱਧ ਵਾਲੀ ਕੋਠੀ, ਰਾਂਵਰ ਰੋਡ ਅਤੇ ਕਰਨਾਲ, ਨਜ਼ਰ ਦੀ ਮਾਰ ਤੋਂ ਕੋਹ-ਕਾਫ਼ ਦੀ ਦੂਰੀ ਤੇ ਰਹਿ ਗਏ ਸਨ। ਪਰ, ਦਹਾਕੇ ਹੋ ਗਏ ਨੇ ਕਿ ਸਾਹਿਤ, ਪੰਜਾਬੀ ਤੇ ਕਰਨਾਲ ਅੰਗ-ਸੰਗ ਹੀ ਰਹੇ ਹਨ ਅਤੇ ਰਹਿਣਗੇ। ਇਸੇ ਨਾਤੇ ਦੀ ਬਦੌਲਤ, ਪ੍ਰਵਾਸ ਉਪਰੰਤ, ਕੈਨੇਡੀਅਨ ਮਾਸੀ ਦੀ ਧਰਤੀ 'ਤੇ 'ਪਰਵਾਸੀ' ਵਿੱਚ ਮੇਰੀ ਪਹਿਲੀ ਕਾਵਿ ਸਿਰਜਣਾ ਕਿਸੇ ਸਫੇ ਦਾ ਸ਼ਿੰਗਾਰ ਬਣੀ। ਨਜ਼ਮ ਦਾ ਉਨਵਾਨ ਸੀ 'ਦਾਈਆ।' ਮੁਢਲੀਆਂ ਪੰਜ-ਛੇ ਸਤਰਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਨਿਹਾਇਤ ਹੀ ਜ਼ਰੂਰੀ ਸਮਝਦਾ ਹਾਂ:
ਮੇਰੀ ਪੈੜ ਦਾ ਰੇਤਾ ਚੁੱਕ ਚੁੱਕ
ਹਿੱਕ ਨਾਲ ਨਾ ਲਾਵੀਂ
ਚੰਦਰੀਏ! ਹਿੱਕ ਲੂਹ ਬ੍ਹਵੇਂਗੀ ਐਂਵੇਂ।
ਮੈਂ ਕੋਈ 'ਮਾਰਕੰਡੇਸ਼ਵਰ' ਤਾਂ ਨਹੀਂ
ਕਿ ਜਿੱਥੋਂ ਵੀ ਨਿਕਲਾਂ
ਪਿੱਛੇ ਦਰਿਆਵਾਂ ਦਾ ਵਰ ਹੀ ਹੋਵੇਗਾ!
ਅੱਜ ਕਲ੍ਹ ਦਰਿਆ-
ਹੰਸਾਂ ਦੀ ਨਹੀਂ ਮਿਰਗਾਂ ਦੀ ਯਾਰੀ ਭਾਲਦੇ ਨੇ।
...  ...
ਸ਼ਾਹਬਾਦ-ਮਾਰਕੰਡਾ ਡਾ. ਦਰਸ਼ਨ ਸਿੰਘ ਬੈਂਸ ਦੀ ਬਾਲ-ਲੀਲਾ ਦੀ ਧਰਤੀ ਹੈ। ਰਿਸ਼ੀ ਮਾਰਕੰਡਾ ਦੇ

ਨਾਮ ਦਾ ਦਰਿਆ, ਹਰਿਆਣਾ ਪ੍ਰਾਂਤ ਦੇ ਸ਼ਾਹਬਾਦ ਨਗਰ ਦੀ ਵੱਖੀ ਨਾਲ ਖ਼ਹਿੰਦਾ ਤੇ ਕਲੋਲਾਂ ਕਰਦਾ, ਆਪਣੇ ਰਾਹੇ ਆਪ-ਮੁਹਾਰੇ ਵਗੀ ਜਾਂਦਾ ਹੈ। ਮਾਰਕੰਡੇਸ਼ਵਰ ਰਿਸ਼ੀ ਨੂੰ ਪਾਣੀਆਂ ਦਾ ਰੱਬੀ ਵਰਦਾਨ ਸੀ। ਇਸੇ ਵਰਦਾਨ ਪੈਰੋਂ, ਅੱਜ ਵੀ ਸ਼ਾਹਬਾਦ ਲਈ ਲੋਕ-ਉਚਾਰਣ 'ਸ਼ਾਹਬਾਦ ਮਾਰਕੰਡਾ' ਵਰਤਿਆ ਜਾਂਦਾ ਹੈ!
ਖ਼ੈਰ ਇਹ ਕਾਵਿ-ਸਤਰਾਂ ਤੇ ਰਿਸ਼ੀ ਮਾਰਕੰਡੇਸ਼ਵਰ ਹੀ ਮੇਰੇ ਲਈ ਵਰਦਾਨ ਬਣੇ। 'ਦਾਈਆ' ਦੇ ਛਪਣ ਦੇ ਕੁੱਝ ਦਿਨ ਬਾਅਦ ਦਾ ਵਾਕਿਆ ਹੈ। ਦਰਸ਼ਨੀ ਚਿਹਰੇ ਵਾਲਾ ਤੇ ਆਪਣੇ ਹੀ ਨਾਮ ਸਰੂਪ 'ਹੀਰਾ' ...  ਨਹੀਂ ਉਸ ਤੋਂ ਵੀ ਵੱਡਾ ਪਾਰਸ ਯਾਰ ...  ਵੀਰ ਦਰਸ਼ਨ ਤੇ 'ਕਲਮ' ਦਾ ਨੌਂ ਲੱਖਾ ਹਾਰ ਅਜੈਬ ਸਿੰਘ ਚੱਠਾ ਮੇਰੇ ਗਰੀਬਖ਼ਾਨੇ ਦੀ ਦਸਤਕ ਬਣ ਗਏ। ਇਹ ਦਸਤਕ ...  ਚਾਹ ਦੇ ਜਾਮ ਤੇ ਕੁੱਝ ਗੱਲਾਂ-ਬਾਤਾਂ ਰਲ ਕੇ ਮੇਰੇ ਧੁਰ ਅੰਦਰ ਬੈਠੇ ਕਵੀ ...  ਸਾਹਿਤਾਰਥ ਜੋਗੀ ਅਤੇ ਨਿਜ ਦੇ ਖੇੜੇ ਲਈ ਇੱਕ ਵਰ ਹੀ ਬਣ ਗਏ। ਵਰ-ਸਰੂਪ ਸ਼ਬਦ ਸਨ ''ਅੱਜ ਤੋਂ ਤੁਸੀਂ ਅਜੀਤ ਵੀਕਲੀ ਦੇ ਸਾਹਿਤ ਸੰਪਾਦਕ ਹੋ।"

ਡਾ. ਦਰਸ਼ਨ ਸਿੰਘ ਬੈਂਸ (22. 12. 1943-18. 05. 2012)
ਅਜੀਤ ਵੀਕਲੀ ਦਾ ਲੜ ਫ਼ੜਨ ਉਪਰੰਤ ਮੈਨੂੰ ਪਰਵਾਸੀ ਜੂਨ ਵੀ ਚੰਗੀ-ਚੰਗੀ ਲੱਗਣ ਲੱਗ ਪਈ। ਹਰ ਹਫ਼ਤੇ ਇਸ ਵਿਚਲੇ 'ਆਬਸ਼ਾਰ' ਦਾ ਅੱਖਰ-ਅੱਖਰ ਸੁੱਚੇ ਮੋਤੀ ਸਮਝ ਕੇ ਪਰੋਂਦਾ ਆ ਰਿਹਾ ਹਾਂ। ਕੋਈ ਡੇਢ-ਦੋ ਸਾਲ ਤਾਂ ਮੇਰੀ ਕਲਮ ਤੇ ਹੱਥਾਂ ਦੇ ਪੋਟੇ ਹੀ ਇਸ ਚਰਖੇ ਨਾਲ ਦੋ-ਚਾਰ ਹੁੰਦੇ ਰਹੇ। ਇਹ ਵੀ ਮਜਬੂਰੀ ਦਾ ਸੱਚ ਸੀ। ਵਜਾਹ ਇਹ ਕਿ ਕੰਪਿਊਟਰ ਨੂੰ ਮੈਂ ਕਦੀ ਵੀ ਅੰਗੀਕਾਰ ਨਹੀਂ ਸੀ ਕੀਤਾ। ਵੀਰ ਦਰਸ਼ਨ ਦੀ ਪ੍ਰੇਰਣਾ, ਹੱਲਾ-ਸ਼ੇਰੀ ਤੇ ਸੂਤਰਧਾਰੀ ਸਦਕਾ, ਸਰਦਾਰ ਕ੍ਰਿਪਾਲ ਸਿੰਘ ਪਨੂੰ ਜਹੇ ਸਮਾਜ ਸੇਵੀਆਂ ਦੀ ਨਿਰਦੇਸ਼ਨਾ ਨੇ ਇਸ ਤਕਨੀਕ ਦੇ ਨੇੜੇ-ਤੇੜੇ ਲੈ ਆਂਦਾ ਹੈ ...  'ਆਬਸ਼ਾਰ' ਦੀ ਝਰ ਲਈ ਗੁਜ਼ਾਰੇ ਜੋਗਾ ਹੋ ਗਿਆ ਹਾਂ।
ਹਾਂ, ਅਜੇ ਕੈਲੇਡੋਨ ਵਿੱਚ ਹੀ ਸਾਂ ਕਿ ਇੱਕ ਹੋਰ ਅਦੀਬ ਜਸਬੀਰ ਕਾਲਰਵੀ ਨਾਲ ਮੇਰੀ ਮਿਲਤ-ਗਿਲਤ ਹੋ ਗਈ। ਜਸਬੀਰ ਨਾਲ ਹੀ ਆਪਣੇ ਨੇੜਲੇ ਮਿੱਤਰ ਜਨਾਬ ਅਵਤਾਰ ਸਿੰਘ ਸੰਧੂ ਦਾ ਮਹਿਮਾਨ ਬਣ ਗਿਆ। ਉਸ ਦੇ ਲਾਡਲੇ ਕਬੂਤਰਾਂ ਦੀ ਗੁਟਰਗੂੰ-ਗੁਟਰਗੂੰ ਸੁਣਦੇ ਹੋਏ ਬੀਅਰ ਦੇ ਘੁੱਟ ਸਾਂਝੇ ਕਰ ਰਹੇ ਸਾਂ। ਸਾਹਿਤਾਰਥ ਗੱਲਾਂ ਕਰਦੇ ਕਰਦੇ ਟੋਰਾਂਟੋ ਵਿੱਚ ਕਿਸੇ ਸਾਰਥਕ ਸਾਹਿਤਕ ਮੰਚ ਦੀ ਵਿਉਂਤ ਬਣਾਨ ਲੱਗ ਪਏ। ਕੱਚ-ਘਰੜ ਵਿਉਂਤਬਾਜ਼ੀ ਦਾ ਕੋਈ ਸਿੱਟਾ ਨਿਕਲਦਾ ਭਾਵੇਂ ਨਾਂ! ਪਰ, ਕੁੱਝ ਹੀ ਦਿਨਾਂ ਪਿੱਛੋਂ ਸਬੱਬ ਬਣਨ 'ਤੇ ਮੈਂ ਡਾਕਟਰ ਦਰਸ਼ਨ ਸਿੰਘ ਬੈਂਸ ਨਾਲ ਸੰਧੂ ਦੇ ਘਰ ਕੀਤੀ ਹੋਈ ਵਿਉਂਤਬਾਜ਼ੀ ਦੇ ਸਾਰੇ ਪੋਲ ਖੋਲ ਦਿੱਤੇ। ਇਕ-ਦੋ ਹਫ਼ਤਿਆਂ ਵਿੱਚ ਹੀ 'ਕਲਾਕਾਰ ਲੇਖਕ ਮੰਚ' ਜਾਂ ਕਹਿ ਲਵੋ ਕਿ 'ਕਲਮ' ਲੈਂਗੁਏਜ ਡਿਵੈਲਪਮੈਂਟ ਫਾਊਡੇਸ਼ਨ ਔਫ਼ ਨੌਰਥ ਅਮੈਰਿਕਾ ਹੋਂਦ ਵਿੱਚ ਆ ਗਈ। ਖ਼ਾਕ-ਨਸ਼ੀਨ ਦੇ ਭਾਗ ਹੀ ਕਹਿ ਸਕਦੇ ਹਾਂ ਕਿ ਉਹ ਮਾਣ-ਮੱਤੀ 'ਕਲਮ' ਦਾ ਬਾਨੀ ਸਕੱਤਰ ਜਨਰਲ ਹੈ।
'ਕਲਮ' ਨਾਮੀ ਰੁੱਖ ਨੇ ਧਰਤੀ ਵਿੱਚ ਜੜ੍ਹਾਂ ਰਚਾ ਲਈਆਂ। ਆਏ ਦਿਨ, ਅਜੀਤ ਭਵਨ ਵਿੱਚੋਂ ਹੀ ਉਪਲਬਧ ਸਮਗਰੀ ਨਾਲ ਵਾਰ ਤੇ ਪਾਰ ਚੜ੍ਹਦਾ ਰਿਹਾ। ਹਰੇ ਕਚੂਰ ਰੁੱਖ ਦੀਆਂ ਟਾਹਣੀਆਂ, ਪੱਤਰਾਂ ਤੇ ਕਰੂੰਬਲਾਂ ਦੀ ਭਰਮਾਰ ਨੇ ਅਨਗਿਣਤ ਸਾਹਿਤ ਪ੍ਰੇਮੀਆਂ ਲਈ ਹਵਾ, ਪਾਣੀ ਤੇ ਮਨ-ਚਾਹੀ ਧਰਤੀ ਉਨ੍ਹਾਂ ਦੇ ਮੱਥੇ ਦਾ ਨਸੀਬ ਬਣਾ ਦਿੱਤੀ।
ਵੀਰ ਦਰਸ਼ਨ ਸਿੰਘ ਬੈਂਸ ਸਰੂਪ ਸ਼ਖ਼ਸੀਅਤ ਦੀ ਮੋਹਰ ਨੂੰ ਕੋਈ ਇਨਸਾਨ ਲੱਖ ਚਾਹਣ 'ਤੇ ਵੀ ਆਪਣੇ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਕਰ ਸਕਦਾ। ਅਜੇ ਸਾਡੀ ਠਹਿਰ ਕੈਲੇਡੋਨ ਵਿੱਚ ਹੀ ਸੀ। ਮੇਰੀ ਭੂਆ ਦਾ ਪੁੱਤਰ ਲੈਫ਼ਟੀਨੈਂਟ ਜਨਰਲ ਡੀ. ਡੀ. ਸਿੰਘ ਸੰਧੂ ਕੈਨੇਡੀਅਨ ਸਰਕਾਰ ਦੇ ਸੱਦੇ ਤੇ ਟੋਰਾਂਟੋ ਪਹੁੰਚਿਆ। ਵੀਰ ਜੀ ਨੇ ਉਸ ਦੀ ਆਉ ਭਗਤ ਲਈ ਆਪਣੇ ਗ੍ਰਹਿ ਵਿਖੇ ਹੀ ਇੱਕ ਵਧੀਆ ਮਹਿਫ਼ਲ ਸਜਾ ਲਈ। ਔਂਟੇਰੀਓ ਫ਼ਰੈਂਡਸ ਕਲਬ ਦੀਆਂ ਕੁੱਝ ਹਸਤੀਆਂ, ਕੁੱਝ ਹੋਰ ਮੁਅਜਿਜ਼ ਮਹਿਮਾਨ ਇਸ ਬੈਠਕ ਦੀ ਸ਼ੋਭਾ ਵਧਾ ਰਹੇ ਸਨ। ਮੈਂ ਆਪ ਇੱਕ ਦੁਰਘਟਨਾ ਕਾਰਨ ਬਹੁਤ ਪੱਛੜ ਕੇ ਪਹੁੰਚਿਆ ਸਾਂ। ਵੀਰੇ ਨੇ ਮੇਰੀ ਦੇਰੀ ਨੂੰ ਮਹਿਫ਼ਲ ਦੇ ਹਾਣ ਦਾ ਬਣਾ ਦਿੱਤਾ। ਕਾਰ ਹਾਦਸੇ ਵਿੱਚ ਲੱਗੀ ਹੋਈ ਸੱਟ-ਫ਼ੇਟ ਨੂੰ ਵੀ ਮੇਰੇ ਮਨ ਵਿੱਚੋਂ ਮਨਫ਼ੀ ਕਰ ਦਿੱਤਾ। ਵੈਸੇ, ਇਹ ਸੱਟਾਂ ਗੰਭੀਰ ਸਨ। ਸੱਟਾਂ ਦੇ ਨਤੀਜੇ ਤਾਂ ਇੱਕ ਸਾਲ ਦੇ ਕਰੀਬ ਮੇਰੇ ਨਾਲ-ਨਾਲ ਰਹੇ। ਵਿਚ-ਵਿਚਾਲੇ, ਕਿਸੇ ਨਾ ਕਿਸੇ ਕਾਰਨ ਹਸਪਤਾਲੀ ਲੈਬਾਂ ਵਿੱਚ ਵੀ ਡਾ. ਦਰਸ਼ਨ ਸਿੰਘ ਮੇਰਾ ਪਰਛਾਵਾਂ ਹੀ ਬਣਦੇ ਰਹੇ। ਅਜਿਹੇ 'ਭਾਈ ਘਨਈਏ' ਭੁੱਲਣਯੋਗ ਹੁੰਦੇ ਹੀ ਨਹੀਂ!
ਇਹ ਹਰਫ਼ ਲਿਖਣ ਤੀਕ ਡਾ. ਦਰਸ਼ਨ ਸਿੰਘ ਬੈਂਸ, 'ਕਲਮ' ਦੇ ਦਰਸ਼ਨੀ ਜਰਨੈਲ ਤੇ ਸਿਪ੍ਹਾ-ਸਲਾਰ, ਦੀ ਦਿਸ਼ਾ-ਨਿਰਦੇਸ਼ੀ ਅਧੀਨ ਦੋ ਲਾਸਾਨੀ ਵਿਸ਼ਵ ਪੰਜਾਬੀ ਕਾਨਫਰੰਸਾਂ ਹੋਈਆਂ ...  ਦੁਨੀਆਂ ਦੇ ਕੋਨੇ ਕੋਨੇ ਵਿੱਚ ਕਣ-ਕਣ ਦੀ ਚੁੰਝ-ਚਰਚਾ ਬਣੀਆਂ। ਦਾਅਵਾ ਕਰ ਸਕਦਾ ਹਾਂ ਕਿ ਇਨ੍ਹਾਂ ਨੇ 'ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ' ਵਿਚਲੀ ਗੁਰ-ਭਾਵਨਾ ਵੀ ਹਾਜ਼ਰੀਨ ਦੇ ਰੂ-ਬ-ਰੂ ਕਰਵਾ ਦਿੱਤੀ। ਇਨ੍ਹਾਂ ਵਿੱਚ ਹੀ ਸਰਵਸ਼੍ਰੀ ਮਨਮੋਹਨ ਪਟਿਆਲਵੀ, ਮਨਜੀਤ ਉਪਲ, ਸਨੀ ਸ਼ਿਵਰਾਜ ਆਦਿ ਜਹੇ ਗੁਲੂਕਾਰ ਅਸ਼ਲੀਲਤਾ ਦੀ ਹਨੇਰੀ ਵਿੱਚ ਚਾਨਣ ਦਾ ਵਣਜ ਕਰਦੇ ਨਜ਼ਰ ਆਏ।
ਅਜੇ ਦਰਸ਼ਨ ਦੇ ਵਿਛੋੜੇ ਦਾ ਜ਼ਖ਼ਮ ਅੱਲ੍ਹਾ ਹੀ ਸੀ ਕਿ ਜੂਨ ਦਾ ਦੂਜਾ ਸ਼ਨਿਚਰਵਾਰ ਆ ਗਿਆ। 'ਕਲਮ' ਦੀ ਮਹੀਨੇਵਾਰ ਬੈਠਕ ਲਈ, ਇਸ ਦੇ ਸਾਰੇ ਹੀ ਜੀਅ ਅਜੀਤ ਭਵਨ ਦੇ ਵਿਹੜੇ ਵਿੱਚ ਸਿਰ ਜੋੜ ਕੇ ਬੈਠ ਗਏ। ਮਿੱਥੇ ਹੋਏ ਵਕਤ ਤੋਂ ਪਹਿਲਾਂ ਹੀ ਆਪੋ-ਆਪਣੀ ਥਾਂ ਤੇ ਬਿਰਾਜਮਾਨ ਹੋ ਗਏ। ਉਪਚਾਰਕ ਤੌਰ 'ਤੇ ਭੈਣ ਕੰਵਲਜੀਤ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਠਾਇਆ ਗਿਆ। ਪਰ, ਮੇਰੇ ਸਮੇਤ ਕਈ ਦਾਨਿਸ਼ਵਰ, ਉਨ੍ਹਾਂ ਸ਼ਾਂਤ ਨਦੀਆਂ ਦੇ ਚਸ਼ਮਦੀਦ ਗਵਾਹ ਹਨ ਜੋ ਸਾਡੀ ਭੈਣ ਦੀਆਂ ਅੱਖਾਂ ਦੇ ਕੋਇਆਂ ਵਿੱਚੋਂ ਵਗ ਰਹੀਆਂ ਸਨ। ਠੀਕ ਉਦੋਂ ਹੀ, ਮੇਰੇ ਅੰਤਹਿਕਰਣ ਨੇ ਭੈਣ ਕੰਵਲਜੀਤ ਦੀ ਥਾਂ ਮੱਲ ਲਈ ਤੇ ਪਾਰਸ ਵੀਰ ਨਾਲ ਦੋ ਬੋਲ ਕਲਮ ਦੇ ਸਹਾਰੇ ਹੀ ਸਾਂਝੇ ਕਰ ਲਏ। ਇਹ ਅੱਖਰ ਮੇਰੀ ਬੁੱਕਲ ਵਿੱਚ ਹੀ ਨਹੀਂ ਬੈਠੇ ਰਹਿ ਸਕਦੇ। ਤੁਹਾਡੇ ਮਨਾਂ ਦੀ ਤੀਰਥ ਯਾਤਰਾ ਲਈ ਤੋਰ ਦੇਂਦਾ ਹਾਂ:
ਚਰਖ਼ਾ ਟੰਗ ਕੇ ਕਿੱਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।
ਤੇ ਸਭ ਤੋਂ ਹੋ ਕੇ ਵਿਹਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਹਾਲ-ਹਵਾਲ ਪੁੱਛਦੇ ਹੋ ਕਿ ਅੱਜ ਕੱਲ ਕੀ ਕਰਦੀ ਹਾਂ
ਦਿਲਦਾਰਾ ਦੱਸ ਤਾਂ ਚੁੱਕੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਜੀਵਨ-ਸੌਗਾਤ ਜੇ ਦੱਸਾਂ, ਅਸਾਸਾ ਗ਼ਮ ਦੀ ਪੂੰਜੀ ਹੈ
ਸਾਂਭ-ਸਾਂਭ ਨਹੀਂ ਰੱਜਦੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਵਿਛੋੜਾ ਪੂਰ ਪੀੜਾਂ ਦਾ, ਸੰਤਾਪੀ ਦੇਹਰੀ ਵਿੱਚ ਵੱਸਦਾ
ਚੀਸਾਂ ਦਰਦਾਂ ਦੀ ਗੁਥਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਕਾਲੀ ਕੜਕਦੀ ਬੱਦਲੀ ਹਵਾ ਗਲ ਲੱਗਕੇ ਫਿੱਸਦੀ ਏ
ਬਣ-ਠਣ ਕੇ ਇੱਕ ਪੁਤਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

'ਕਲਮ' ਦਾ ਹਾਲ ਕੀ ਦੱਸਾਂ ਮਰਸੀਏ ਲਿਖਦੀ ਰੋਂਦੀ ਏ
ਵੈਣ ਸੁਣਦੀ ਸੁਣਾਂਦੀ ਵੀ, ਤੇਰੇ ਮੈਂ ਗ਼ਮ ਖਿਡਾਂਦੀ ਹਾਂ।

ਵੀਣੀਉਂ ਚੂੜੀਆਂ ਟੁੱਟੀਆਂ, ਹਾਸਿਲ ਕੱਚ ਦੇ ਟੁਕੜੇ ਨੇ
ਵਿਹੜੇ 'ਚ ਤੁਰਦੀ ਫ਼ਿਰਦੀ, ਤੇਰੇ ਮੈਂ ਗ਼ਮ ਖਿਡਾਂਦੀ ਹਾਂ।

ਕਰੋਸ਼ੀਆ ਫ਼ੜਕੇ ੲ੍ਹੇ ਪੋਟੇ, ਰੁਮਾਲ ਕੱਢਦੇ ਰਹਿੰਦੇ ਨੇ
ਫੁੱਲ-ਪੱਤੀਆਂ ਵਿੱਚ ਹੀ, ਤੇਰੇ ਮੈਂ ਗ਼ਮ ਖਿਡਾਂਦੀ ਹਾਂ।

ਪੱਤੀਆਂ ਫੁੱਲਾਂ ਦੇ ਵਿਹੜੇ, 'ਲੱਖ' ਮੈਂ ਦੀਦ ਕਰਦੀ ਹਾਂ
ਤੇਰੀ ਸੌਗਾਤ ਸਾਂਭਣ ਲਈ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਹਉਕੇ ਸਿਸਕੀਆਂ ਹੀ ਨਹੀਂ! ਮੈਂ ਤਾਂ ਗ਼ਮ ਖ਼ਿਡਾਂਦੀ ਹਾਂ
ਹਾਸੇ ਭੁੱਲ ਗਏ ਨੇ ਸਾਰੇ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਵੇ ਸਭ ਤੋਂ ਹੋ ਕੇ ਵਿਹਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।
ਮੈਂ ਚਰਖ਼ਾ ਟੰਗ ਕੇ ਕਿੱਲੀ, ਤੇਰੇ ਮੈਂ ਗ਼ਮ ਖ਼ਿਡਾਂਦੀ ਹਾਂ।

ਆਬਸ਼ਾਰੀ ਕਾਇਆ ਦਾ ਅਨਿੱਖੜਵਾਂ ਅੰਗ ਬਣਨ ਉਪਰੰਤ 'ਅੱਗ ਦਾ ਸ਼ਤੀਰ' ਵਿਚਲਾ ਸਾਲਮ ਅਫ਼ਸਾਨਾ ਮੁੜ ਪਾਠਕਾਂ ਦੇ ਰੂ-ਬ-ਰੂ ਹੋ ਗਿਆ। ਭਾਰਤ ਵਿੱਚ ਹੀ ਦੋ ਵਾਰ ਛੱਪ ਚੁੱਕੇ ਇਸ ਸਰਕਾਰ-ਦਰਬਾਰ ਦੇ ਮਾਣ ਮੱਤੇ ਨਾਵਲ ਨੂੰ 'ਅਜੀਤ ਵੀਕਲੀ' ਦੇ ਸਾਰੇ ਐਡੀਸ਼ਨਾਂ ਵਿੱਚ ਛਾਪਣ ਦੇ ਸੂਤਰਧਾਰ ਡਾ. ਦਰਸ਼ਨ ਸਿੰਘ ਬੈਂਸ ਹੀ ਸਨ। ''ਅਖ਼ਬਾਰ ਲਈ ਨਾਵਲ ਦੀ ਚੋਣ ਪਾਠਕਾਂ ਦੀ ਦਿਲਚਸਪੀ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਜੇ ਕੋਈ ਰਚਨਾ ਰੋਚਕ ਨਾ ਹੋਵੇ ਤਾਂ ਪਾਠਕ ਉਸ ਨੂੰ ਆਰੰਭ ਹੀ ਨਹੀਂ ਕਰਦੇ ਜਾਂ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜਦੋਂ ਤੁਸੀਂ ਲੱਖ ਦਾ ਨਾਵਲ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਉਸ ਨੂੰ ਖ਼ਤਮ ਕਰਨ ਦੀ ਤਲਬ ਰਹਿੰਦੀ ਹੈ। ਇਹੋ ਉਸ ਦੀ ਕਾਮਯਾਬੀ ਹੈ।" ਅਜਿਹੇ ਦਸਤਾਵੇਜ਼ੀ ਮੋਤੀਆਂ ਨੂੰ ਭੁੱਲ ਕੇ ਵੀ ਨਹੀਂ ਵਿਸਾਰਿਆ ਜਾ ਸਕਦਾ!
ਬਾਬਾ ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ ਦੇ ਸੰਦਰਭ ਨਾਲ ਰਚਿਤ 'ਜਲ ਥਲ ਮਹੀਅਲ' ਦੇ ਉਹਲੇ ਵਿੱਚ ਮੇਰਾ ਖ਼ਾਸ ਤੇ ਨਿਸ਼ਚਤ ਮਕਸਦ ਸੀ। ਉਹ ਸੀ ਗੰਭੀਰ ਦਿਮਾਗੀ ਸਟਰੋਕ ਤੋਂ ਬਚਣ ਉਪਰੰਤ ਅਕਾਲ ਪੁਰਖ਼ ਦਾ ਸ਼ੁਕਰਾਨਾ! ਉਸ ਦਾ ਜ਼ਿਕਰੇ ਖ਼ੈਰ ਕਰਦੇ ਹੋਏ ਡਾ. ਦਰਸ਼ਨ ਸਿੰਘ ਬੈਂਸ ਨੇ ਲਿਖਿਆ ਹੈ ''ਪੰਜਾਬੀ ਸਾਹਿਤ ਵਿੱਚ ਅਜੇ ਤੱਕ ਕਿਸੇ ਵੀ ਅਦੀਬ/ ਲੇਖਕ/ ਖੋਜੀ ਨੇ ਅਜਿਹਾ ਕੰਮ ਨਹੀਂ ਕੀਤਾ। ਜੋ ਕੰਮ ਯੁਨੀਵਰਸਿਟੀਆਂ ਵਿੱਚ ਬੈਠੇ ਪ੍ਰੋਫੈਸਰਾਂ ਜਾਂ ਸਕਾਲਰਾਂ ਨੂੰ ਕਰਨਾ ਚਾਹੀਦਾ ਸੀ, ਉਹ ਲੱਖ ਕਰਨਾਲਵੀ ਨੇ ਕਿਸੇ ਵੀ ਸੰਸਥਾ ਜਾਂ ਵਿਅਕਤੀ ਤੋਂ ਕੋਈ ਵੀ ਆਰਥਕ ਮਦਦ ਲਏ ਬਿਨਾ ਕੀਤਾ ਹੈ। ਮੈਂ ਹਰਿਆਣਾ/ ਪੰਜਾਬ ਦੀਆਂ ਯੁਨੀਵਰਸਿਟੀਆਂ ਨੂੰ ਸਿਫ਼ਾਰਸ਼ ਕਰਦਾ ਹਾਂ ਕਿ ਉਹ ਲੱਖ ਕਰਨਾਲਵੀ ਦੀ ਪੰਜ ਸਾਲਾਂ ਦੀ ਅਣਥੱਕ ਮਿਹਨਤ ਦੇ ਮੱਦੇਨਜ਼ਰ ਉਸ ਨੂੰ ਡੀ. ਲਿਟ. (ਡਾਕਟਰ ਆਫ਼ ਲਿਟਰੇਚਰ) ਦੀ ਐਜਾਜ਼ੀ ਡਿਗਰੀ ਪ੍ਰਦਾਨ ਕਰਨ।"
ਮੇਰਾ ਨਵਾਂ ਕਾਵਿ-ਸੰਗ੍ਰਹਿ 'ਕੋਲ ਵਗੇ ਦਰਿਆ' ਅਜੇ ਅਛਾਪਤ ਚਰਨ ਵਿੱਚ ਹੀ ਹੈ। ਪਰ ਉਸ ਵਿੱਚ ਦਰਸ਼ਨ ਵੀਰੇ ਦੇ ਅੱਖਰਾਂ ਦੀ ਮੋਹਰ ਲੱਗੀ ਹੋਈ ਹੈ, ''ਉਸ ਦੇ ਲਿਖੇ ਗੀਤ ਲਾਜਵਾਬ ਹਨ। ਸ਼ਬਦਾਂ ਦੀ ਚੋਣ, ਸ਼ੈਲੀ, ਗੀਤਾਂ ਵਿੱਚ ਵਰਤੇ ਗਏ ਪ੍ਰਤੀਕਾਂ ਦਾ ਕੋਈ ਸਾਨੀ ਨਹੀਂ।" ਅਜਿਹੇ ਦਰਵੇਸ਼ੀ ਸਨਮਾਨ ਲਈ ਧੰਨਵਾਦ ਦੇ ਅੱਖਰ ਵੀ ਮੇਰੇ ਦੋਸਤ ਤੀਕ ਨਹੀਂ ਪਹੁੰਚਦੇ! ਡਾ. ਬੈਂਸ 'ਕੋਲ ਵਗੇ ਦਰਿਆ' ਵਿੱਚੋਂ ਹੀ ਇੱਕ ਗ਼ਜ਼ਲ ਬਹੁਤ ਪਸੰਦ ਕਰਦੇ ਸਨ:
ਪਹਾੜੀ ਨਦੀ ਦਾ ਰੋੜ੍ਹ ਸੀ, ਕਿਤੇ ਰੁੜ੍ਹ ਗਿਆ ਹੋਣੈ।
ਮਿੱਠਾ ਸੀ ਚੰਦਰਾ ਰੱਜ ਕੇ, ਕਿਤੇ ਖੁਰ ਗਿਆ ਹੋਣੈ॥
ਵੀਰ ਜੀ ਆਪ ਵੀ ਤਾਂ ਮਿਠਾਸ ਦੀ ਗੁਥਲੀ ਸਨ ਜੋ ਰੱਬੀ ਪਾਣੀਆਂ ਵਿੱਚ ਤਿਲ- ਤਿਲ ਘੁਲ ਰਹੀ ਏ! ਹੁਣ, ਕਿਸੇ ਹੜ੍ਹ ਦਾ ਕੱਖ-ਕਾਨਾ ਬਣਨ ਤੋਂ ਪਹਿਲਾਂ ਆਪਣੇ ਹੀ ਮਨ ਨੂੰ ਸਮਝਾਣ ਦੀ ਕੋਸ਼ਿਸ਼ ਕਰ ਲਵਾਂ: ਮਿੱਟੀ ਨਾ ਫ਼ਰੋਲ ਜੋਗੀਆ, ਨਹੀਉਂ ਲੱਭਣੇ ਲਾਲ ਗਵਾਚੇ। ਗੁਜਰੀ ਵੀ ਗੁਜ਼ਰ ਗਈ, ਲਾਲਾਂ ਨੂੰ ਹੀ ਲੱਭਦੀ ਰਹੀ। ਨੈਣ ਸਖਣੇ ਸੀ, ਕਿਸੇ ਨਹੀਂ ਵਾਚੇ, ਅਲਵਿਦਾ ਕਹਿਦੇ ਤੇ ਮਿੱਟੀ ਨਾ ਫ਼ਰੋਲ ਜੋਗੀਆ!
(905) 497-2617; This e-mail address is being protected from spambots. You need JavaScript enabled to view it

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਮਿੱਟੀ ਨਾ ਫ਼ਰੋਲ ਜੋਗੀਆ!

Currency Converter

Amount:
From:
To:


Gurbani Radio


Gurbani - Sri Harmandir Sahib