Thursday, 05 July 2012 10:06
Print PDF

ਕੁਲਜੀਤ ਕੌਰ
ਹਠਯੋਗ ਪ੍ਰਦੀਪਿਕਾ ਦਾ ਇੱਕ ਸ਼ਲੋਕ ਹੈ: ਅਜਿਹਾ ਯੋਗੀ, ਜਿਹੜਾ ਆਪਣੇ ਸਵੈ ਜਾਂ ਆਤਮਾ ਤੇ ਧਿਆਨ ਲਗਾਉਂਦਾ ਹੈ, ਘੱਟ ਪਰ ਸ਼ੁਧ ਖਾਣਾ ਖਾਂਦਾ ਹੈ ਅਤੇ ਨਿਰੰਤਰ ਬਾਰ੍ਹਾਂ ਸਾਲ ਤੱਕ ਸਾਧਨਾ ਕਰਦਾ ਹੈ, ਉਸ ਨੂੰ ਸਿੱਧੀ ਪ੍ਰਾਪਤ ਹੁੰਦੀ ਹੈ।
ਰੂਹਾਨੀ ਪਰੰਪਰਾਵਾਂ ਵਿੱਚ ਬਾਰ੍ਹਾਂ ਸਾਲ ਨੂੰ ਬਹੁਤ ਮਹੱਤਵ ਦਿਤਾ ਗਿਆ ਹੈ। ਬਹੁਤ ਥਾਵਾਂ ਤੇ ਵੱਖ ਵੱਖ ਪ੍ਰਸੰਗਾਂ ਵਿੱਚ ਬਾਰ੍ਹਾਂ ਸਾਲ ਦਾ ਜ਼ਿਕਰ ਆਉਂਦਾ ਹੈ। ਅੱਜ ਦੇ ਯੁਗ ਵਿੱਚ ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਤਾਂ ਬਾਰ੍ਹਾਂ ਸਾਲ ਦਾ ਸਮਾਂ ਬਹੁਤ ਲੰਬਾ ਲੱਗਦਾ ਹੈ। ਇਨ੍ਹਾਂ ਗ੍ਰੰਥਾਂ ਨੇ ਬਾਰ੍ਹਾਂ ਸਾਲ ਦੀ ਹੀ ਗੱਲ ਕਿਉਂ ਕੀਤੀ? ਚੌਦਾਂ ਜਾਂ ਦਸ ਸਾਲ ਦੀ ਕਿਉਂ ਨਹੀਂ? ਇਸ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ। ਪਹਿਲਾ ਸੁਆਲ ਇਹ ਉਠਦਾ ਹੈ ਕਿ ਸਾਧਨਾ ਵਿੱਚ ਪ੍ਰਪੱਕਤਾ ਹਾਸਲ ਕਰਨ ਲਈ ਐਨਾ ਲੰਬਾ ਸਮਾਂ ਕਿਉਂ ਲੱਗਦਾ ਹੈ? ਯੋਗੀਆਂ ਦਾ ਕਹਿਣਾ ਹੈ ਕਿ ਸਾਧਨਾ ਦੇ ਖੇਤਰ ਵਿੱਚ ਪ੍ਰਾਪਤੀਆਂ ਲਈਆਂ ਬਾਰ੍ਹਾਂ ਸਾਲ ਵੀ ਅਸਲ ਵਿੱਚ ਥੋੜ੍ਹੇ ਹਨ। ਸਧਾਰਨ ਮੈਡੀਕਲ ਦੀ ਡਿਗਰੀ ਹਾਸਲ ਕਰਨ ਲਈ ਵੀ ਕਈ ਸਾਲ ਲੱਗਦੇ ਹਨ। ਚੇਤਨਾ ਦੀ ਜੋ ਅਵਸਥਾ ਸਾਧਨਾ ਦੇ ਸਫ਼ਰ ਦਾ ਸਿਖਰ ਹੈ, ਉਸ ਨੂੰ ਪ੍ਰਾਪਤ ਕਰਨਾ ਕਿਸੇ ਵੀ ਦੁਨਿਆਵੀ ਡਿਗਰੀ ਤੋਂ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ। ਚੇਤਨਾ ਦੀ ਅਜਿਹੀ ਅਵਸਥਾ ਦੇ ਮੁਕਾਬਲੇ ਕੋਈ ਵੀ ਦੁਨਿਆਵੀ ਪ੍ਰਾਪਤੀ ਨਿਗੂਣੀ ਲੱਗਦੀ ਹੈ। ਅਸੀਂ ਦੇਖਦੇ ਹਾਂ ਕਿ ਵੱਖ ਵੱਖ ਤਰਾਂ ਦੀਆਂ ਦੁਨਿਆਵੀ ਪ੍ਰਾਪਤੀਆਂ ਲਈ ਬਹੁਤ ਸਾਰੇ ਲੋਕ ਸਾਰੀ ਸਾਰੀ ਉਮਰ ਲਾ ਦਿੰਦੇ ਹਨ। ਜੇ ਚੇਤਨਾ ਦੇ ਵਿਕਾਸ ਦੀ ਯਾਤਰਾ ਬਾਰ੍ਹਾਂ ਸਾਲ ਵਿੱਚ ਪੂਰੀ ਹੋ ਜਾਵੇ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਪਰ ਅਜਿਹੇ ਰਸਤੇ 'ਤੇ ਉਹੀ ਪੈਂਦੇ ਹਨ, ਜਿਨ੍ਹਾਂ ਨੇ ਚੇਤਨਾ

 ਦੀਆਂ ਉਚੀਆਂ ਅਵਸਥਾਵਾਂ ਦੀ ਕਦੇ ਕੋਈ ਝਲਕ ਦੇਖੀ ਹੋਵੇ। ਦੂਸਰਿਆਂ ਨੂੰ ਇਸ ਵਿੱਚ ਕੋਈ ਤੁਕ ਨਜ਼ਰ ਨਹੀਂ ਆਉਂਦੀ। ਧਰਤੀ ਤੇ ਕਿੰਨੇ ਹੀ ਲੋਕਾਂ ਨੇ ਆਪਣੀਆਂ ਵੱਡੀਆਂ ਵੱਡੀਆਂ ਦੁਨਿਆਵੀ ਪ੍ਰਾਪਤੀਆਂ ਅਤੇ ਮਲਕੀਅਤਾਂ ਨੂੰ ਛੱਡ ਕੇ ਸਾਰਾ ਕੁੱਝ ਸਾਧਨਾ ਦੇ ਰਸਤੇ 'ਤੇ ਲਾ ਦਿਤਾ ਤਾਂ ਉਨਾਂ ਤਦ ਹੀ ਲਾਇਆ, ਜੇ ਉਨਾਂ ਅੰਦਰ ਕਿਸੇ ਵੱਡੇ ਸੰਸਾਰ ਦੀ ਖਿੜ੍ਹਕੀ ਖੁਲ੍ਹੀ। ਨਹੀਂ ਤਾਂ ਕੋਈ ਇਨਸਾਨ ਆਪਣਾ ਇੱਕ ਦਿਨ ਵੀ ਅਜਿਹੇ ਕੰਮ ਤੇ ਨਹੀਂ ਲਾਉਂਦਾ, ਜਿਸ ਵਿਚੋਂ ਉਸ ਨੂੰ ਕੋਈ ਪ੍ਰਾਪਤੀ ਨਜ਼ਰ ਨਾ ਆ ਰਹੀ ਹੋਵੇ।
ਮਨ ਅਤੇ ਸਰੀਰ ਨੂੰ ਬਦਲਣ ਲਈ ਬਹੁਤ ਸਾਲ ਲੱਗਦੇ ਹਨ। ਸਾਇੰਸ ਮੁਤਾਬਕ ਵੀ ਕਿਸੇ ਸਰੀਰ ਦੇ ਸਾਰੇ ਸੈਲਾਂ ਨੂੰ ਬਦਲਣ ਲਈ ਸਤ ਸਾਲ ਲੱਗਦੇ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਸਤ ਸਾਲ ਬਾਅਦ ਇਨਸਾਨ ਕੋਲ ਪੂਰੀ ਤਰਾਂ ਨਵਾਂ ਸਰੀਰ ਹੁੰਦਾ ਹੈ। ਪਰ ਮਨ ਨੂੰ ਬਦਲਣ ਲਈ ਅਤੇ ਚੇਤਨਾ ਨੂੰ ਨਵੇਂ ਰੰਗ ਵਿੱਚ ਢਾਲਣ ਲਈ ਹੋਰ ਵੀ ਵੱਧ ਸਮਾਂ ਲੱਗਦਾ ਹੈ। ਬਹੁਤ ਸਾਰੇ ਸ਼ਾਸਤਰਾਂ ਨੇ ਕਿਹਾ ਹੈ ਕਿ ਸਾਧਨਾ ਨੂੰ ਫਲ ਬਾਰ੍ਹਾਂ ਸਾਲ ਬਾਅਦ ਲੱਗਦਾ ਹੈ। ਬਾਰ੍ਹਾਂ ਸਾਲ ਵਿੱਚ ਸਰੀਰ, ਮਨ, ਭਾਵਨਾਵਾਂ ਅਤੇ ਮਾਨਸਿਕਤਾ ਦੀ ਤਬਦੀਲੀ ਦਾ ਚੱਕਰ ਪੂਰਾ ਹੁੰਦਾ ਹੈ। ਜੇ ਸ਼ਾਸਤਰਾਂ ਨੇ ਇਸ ਬਾਰੇ ਬਾਰ੍ਹਾਂ ਸਾਲ ਦਾ ਸਮਾਂ ਦੱਸਿਆ ਹੈ ਤਾਂ ਇਸ ਪਿਛੇ ਵੀ ਯੋਗੀਆਂ ਅਤੇ ਰਿਸ਼ੀਆਂ ਦਾ ਅਨੁਭਵ ਅਤੇ ਗਿਆਨ ਕੰਮ ਕਰ ਰਿਹਾ ਹੋਵੇਗਾ। ਰੂਹਾਨੀ ਜੀਵਨ ਵਿੱਚ ਹਮੇਸ਼ਾ ਹੀ ਬਾਰ੍ਹਾਂ ਸਾਲ ਦੇ ਅਰਸੇ ਨੂੰ ਮਹੱਤਵ ਦਿਤਾ ਗਿਆ ਹੈ। ਸ਼ਾਇਦ ਪ੍ਰਾਣਕ ਅਤੇ ਮਾਨਸਿਕ ਦੇਹਾਂ ਨੂੰ ਪੂਰੀ ਤਰਾਂ ਨਿਖਰਨ ਲਈ ਇਹ ਸਮਾਂ ਲੱਗਦਾ ਹੋਵੇਗਾ। ਗੁਰੂ ਸ਼ਿਸ਼ ਪਰੰਪਰਾਵਾਂ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਸ਼ਿਸ਼ ਨੂੰ ਆਪਣੀ ਟਰੇਨਿੰਗ ਪੂਰੀ ਕਰਨ ਲਈ ਗੁਰੂ ਨਾਲ ਬਾਰ੍ਹਾਂ ਸਾਲ ਬਿਤਾਉਣੇ ਚਾਹੀਦੇ ਹਨ।
ਉਪਰ ਦੱਸੇ ਸ਼ਲੋਕ ਵਿੱਚ ਦੋ ਹੋਰ ਗੱਲਾਂ 'ਤੇ ਜ਼ੋਰ ਦਿਤਾ ਗਿਆ ਹੈ। ਸੰਜਮੀ ਖਾਣਾ ਅਤੇ ਆਤਮਾ ਉਤੇ ਧਿਆਨ। ਸ਼ੁਧ ਅਤੇ ਸੰਜਮੀ ਖਾਣਾ ਬਹੁਤ ਅਹਿਮੀਅਤ ਰੱਖਦਾ ਹੈ। ਇਸ ਤਰ੍ਹਾਂ ਦੇ ਖਾਣੇ ਨਾਲ ਸਰੀਰ ਅੰਦਰ ਸੰਤੁਲਨ ਪੈਦਾ ਹੁੰਦਾ ਹੈ ਅਤੇ ਉਚੇ ਰੂਹਾਨੀ ਅਨੁਭਵਾਂ ਲਈ ਲੋੜੀਂਦੇ ਅਤੇ ਸਾਜ਼ਗਾਰ ਹਾਲਾਤ ਪੈਦਾ ਹੁੰਦੇ ਹਨ। ਅਸਲ ਵਿੱਚ ਬਿਮਾਰੀਆਂ ਦੀ ਜੜ੍ਹ ਸਾਡੇ ਖਾਣੇ ਵਿੱਚ ਹੁੰਦੀ ਹੈ। ਜੇ ਅਸੀਂ ਆਪਣੇ ਖਾਣੇ ਦੇ ਮਾਮਲੇ ਵਿੱਚ ਸੰਜਮੀ ਅਤੇ ਚੌਕਸ ਹੋਈਏ ਤਾਂ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਯੋਗੀ ਸਵਾਤਮਰਮਾ ਨੇ ਸਵੈ ਜਾਂ ਆਤਮ ਦੇ ਧਿਆਨ ਲਗਾਉਣ ਦੀ ਗੱਲ ਕੀਤੀ ਹੈ। ਕਿਉਂਕਿ ਹਰ ਸਾਧਕ ਨੇ ਹੀ ਆਖਰ ਆਪਣੀ ਆਤਮਾ ਨੂੰ ਜਗਾਉਣਾ ਹੁੰਦਾ ਹੈ ਇਸ ਕਰ ਕੇ ਪਹਿਲਾਂ ਤੋਂ ਹੀ ਜੇ ਇਹ ਗੱਲ ਧਿਆਨ ਵਿੱਚ ਰਹੇ ਤਾਂ ਚੰਗਾ ਰਹਿੰਦਾ ਹੈ। ਇਨਸਾਨ ਦਾ ਮਨ ਕੋਈ ਸਥਿਰ ਚੀਜ਼ ਨਹੀਂ ਹੈ। ਇਹ ਚੇਤਨ ਊਰਜਾ ਦਾ ਇੱਕ ਨਿਰੰਤਰ ਹਰਕਤ ਵਿੱਚ ਰਹਿਣ ਵਾਲਾ ਮਾਦਾ ਹੈ। ਇਸ ਨੂੰ ਤੁਸੀਂ ਜੋ ਚਾਹੋ ਸ਼ਕਲ ਦੇ ਸਕਦੇ ਹੋ। ਜਦੋਂ ਕੋਈ ਇਨਸਾਨ ਪਦਾਰਥਾਂ ਦੀ ਦੌੜ ਵਿੱਚ ਜਿਊਂਦਾ ਹੈ ਤਾਂ ਉਸੇ ਤਰ੍ਹਾਂ ਦਾ ਉਸ ਦਾ ਮਨ ਬਣ ਜਾਂਦਾ ਹੈ। ਜੇ ਉਹ ਲਗਾਤਾਰ ਨੈਗੇਟਿਵ ਗੱਲਾਂ ਅਤੇ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ ਤਾਂ ਮਨ ਵੀ ਉਸੇ ਤਰਾਂ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਮਨ ਅੰਦਰ ਉਚੇ ਅਨੁਭਵਾਂ ਦੀ ਤਾਂਘ ਹੋਵੇ ਤਾਂ ਇਹ ਹੌਲੀ ਹੌਲੀ ਆਤਮਾ ਦੀ ਹਕੀਕਤ ਦੇ ਨੇੜੇ ਆਉਣ ਲੱਗਦਾ ਹੈ। ਇਸ ਸਫ਼ਰ ਬਾਰੇ ਯੋਗੀ ਕਹਿੰਦੇ ਹਨ ਕਿ ਇਹ ਇੱਕ ਅਜਿਹਾ ਅਨੁਭਵ ਹੈ, ਜਿਸ ਦੌਰਾਨ ਸਰੀਰ ਦਾ ਹਰ ਸੈਲ ਤਬਦੀਲੀ ਵਿਚੋਂ ਗੁਜ਼ਰਦਾ ਹੈ।
ਸਵਾਮੀ ਮੁਕਤੀਬੋਧਨੰਦਾ ਕਹਿੰਦੇ ਹਨ ਕਿ ਅਸਲ ਵਿੱਚ ਇਥੇ ਗੁਰੂ ਦਾ ਬਹੁਤ ਮਹੱਤਵ ਹੈ। ਉਹ ਕਹਿੰਦੇ ਹਨ ਕਿ ਗੁਰੂ ਤੋਂ ਬਿਨਾਂ ਭਾਵੇਂ ਤੁਸੀਂ ਇੱਕ ਸੌ ਬਾਰ੍ਹਾਂ ਸਾਲ ਵੀ ਧਿਆਨ ਵਿੱਚ ਬੈਠੇ ਰਹੋ ਤੱਦ ਵੀ ਕੁੱਝ ਨਹੀਂ ਬਣਦਾ ਜੇ ਤੁਸੀਂ ਪਹਿਲਾਂ ਹੀ ਜਾਗਰਤ ਨਾ ਹੋਵੋ। ਉਹ ਕਹਿੰਦੇ ਹਨ ਕਿ ਇਨਸਾਨ ਨੂੰ ਸਾਧਨਾ ਦੇ ਰਸਤੇ 'ਤੇ ਉਹ ਇਨਸਾਨ ਹੀ ਰਾਹ ਦਿਖਾ ਸਕਦਾ ਹੈ ਜਿਹੜਾ ਆਪ ਜਾਗਿਆ ਹੋਵੇ। ਜੇ ਅਨੰਤ ਚੇਤਨਾ ਦਾ ਅਨੁਭਵ ਕਰਨਾ ਹੈ ਤਾਂ ਸੀਮਤ ਚੇਤਨਾ ਦੇ ਘੇਰੇ ਵਿਚੋਂ ਬਾਹਰ ਆਉਣਾ ਹੋਵੇਗਾ। ਸੁਆਲ ਇਹ ਪੈਦਾ ਹੁੰਦਾ ਹੈ ਕਿ ਇੱਕ ਸੀਮਤ ਚੇਤਨਾ ਵਾਲਾ ਇਨਸਾਨ ਅਨੰਤ 'ਤੇ ਆਪਣਾ ਧਿਆਨ ਕਿਵੇਂ ਕੇਂਦ੍ਰਿਤ ਕਰ ਸਕਦਾ ਹੈ? ਇਥੇ ਹੀ ਗੁਰੂ ਦੀ ਲੋੜ ਪੈਂਦੀ ਹੈ। ਗੁਰੂ ਆਪਣੀ ਚੇਤਨਾ ਦੀ ਸ਼ਕਤੀ ਨਾਲ ਸੀਮਤ ਚੇਤਨਾ ਵਾਲੇ ਇਨਸਾਨ ਨੂੰ ਵੀ ਅਨੰਤ ਦੀ ਯਾਤਰਾ 'ਤੇ ਲੈ ਤੁਰਦਾ ਹੈ। ਪਰ ਇਹ ਯਾਤਰਾ ਲੰਬੀ ਅਤੇ ਮੁਸ਼ਕਲਾਂ ਵਾਲੀ ਹੋਣੀ ਕੁਦਰਤੀ ਹੈ। ਇਸ ਲਈ ਬਾਰ੍ਹਾਂ ਸਾਲ ਅਸਲ ਵਿੱਚ ਜ਼ਿਆਦਾ ਨਹੀਂ ਹਨ।
ਫੋਨ: 905-595-0658

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਸਾਧਨਾ, ਸਬਰ ਅਤੇ ਬਾਰ੍ਹਾਂ ਸਾਲ

Currency Converter

Amount:
From:
To:


Gurbani Radio


Gurbani - Sri Harmandir Sahib