Thursday, 12 July 2012 06:58
Print PDF

ਚਿੱਤ ਚੇਤਾ
ਗੁਰਬਚਨ ਸਿੰਘ ਭੁੱਲਰ

ਪਿੰਡ ਵਿੱਚ ਲੱਗਦੇ ਕਵੀਸ਼ਰਾਂ ਅਤੇ ਢੱਡ-ਸਾਰੰਗੀ ਵਾਲੇ ਗਮੰਤਰੀਆਂ ਦੇ ਖਾੜੇ ਲੋਕਾਂ ਲਈ ਵੱਡੀ ਖਿੱਚ ਬਣਦੇ ਸਨ। ਸਾਡੇ ਵਰਗੇ ਨਿਆਣਿਆਂ ਨੂੰ ਤਾਂ ਉਹ ਚਾਅ ਚਾੜ੍ਹ ਦਿੰਦੇ। ਖਾੜੇ ਆਮ ਕਰ ਕੇ ਪਿਛਲੇ ਪਹਿਰ ਲੱਗਦੇ। ਸਰੋਤੇ ਕੇਵਲ ਪੁਰਸ਼ ਹੁੰਦੇ। ਉਹ ਆਪਣਾ ਦਿਨ ਦਾ ਕੰਮ ਛੇਤੀ ਨਿਬੇੜ ਕੇ ਤੇ ਵਿੱਤ ਅਨੁਸਾਰ ਸ਼ੁਕੀਨੀ ਲਾ ਕੇ ਵੇਲੇ ਸਿਰ ਤਿਆਰ ਹੋ ਜਾਂਦੇ। ਕਵੀਸ਼ਰਾਂ ਜਾਂ ਗਮੰਤਰੀਆਂ ਦੀ ਪ੍ਰਸਿੱਧੀ ਅਨੁਸਾਰ ਉਤਸਾਹੀ ਸਰੋਤੇ ਗੁਆਂਢੀ ਪਿੰਡਾਂ ਤੋਂ ਵੀ ਪਹੁੰਚ ਜਾਂਦੇ। ਜਿਵੇਂ ਸਰੋਤੇ ਉਚੇਚੇ ਚਾਅ ਨਾਲ ਪੁਜਦੇ ਸਨ, ਕਵੀਸ਼ਰ ਤੇ ਗਮੰਤਰੀ ਵੀ ਪਹਿਨਣ-ਪੱਚਰਨ ਦੇ ਪੱਖੋਂ ਉਚੇਚੀ ਤਿਆਰੀ ਤੇ ਮੜਕ ਨਾਲ ਆਉਂਦੇ। ਸਾਡੇ ਪਿੰਡ ਦੇ ਚੇਤ ਸਿੰਘ ਭੁੱਲਰ ਤੇ ਹਰਚੰਦ ਸਿੰਘ ਜਵੰਧਾ ਦਾ ਕਵੀਸ਼ਰੀ ਜਥਾ ਵਾਹਵਾ ਰੰਗ ਬੰਨ੍ਹਦਾ। ਮਗਰੋਂ ਜਗਜੀਤ ਸਿੰਘ ਢਿੱਲੋਂ ਦਾ ਜਥਾ ਵੀ ਕਵੀਸ਼ਰੀ ਕਰਦਾ ਰਿਹਾ। ਬਹੁਤੇ ਕਵੀਸ਼ਰ ਛੰਦ ਅਨੁਸਾਰ ਪੇਸ਼ਕਾਰੀ ਦੇ ਜਾਣਕਾਰ ਤਾਂ ਹੁੰਦੇ ਪਰ ਆਪ ਲੇਖਕ ਨਹੀਂ ਸਨ ਹੁੰਦੇ। ਉਹ ਲੇਖਕ ਕਵੀਸ਼ਰਾਂ ਦੀਆਂ ਰਚਨਾਵਾਂ ਆਪਣੇ ਆਪ ਨੂੰ ਮਾਣ ਨਾਲ ਉਹਨਾਂ ਦੇ ਚੇਲੇ ਦਸ ਕੇ ਪੇਸ਼ ਕਰਦੇ। ਸਾਡੇ ਇਲਾਕੇ ਦੇ ਬਹੁਤੇ ਕਵੀਸ਼ਰੀ ਜਥੇ ਮਾਘੀ ਸਿੰਘ ਗਿੱਲ ਦੇ ਚੇਲੇ ਸਨ। ਅਕਸਰ ਗਮੰਤਰੀਆਂ ਦੀਆਂ ਮਾਵਾ ਲੱਗੀਆਂ ਪੱਗਾਂ ਉੱਤੇ ਉੱਚੇ ਤੁਰੱਰੇ ਪੈਲਾਂ ਪਾਉਂਦੇ। ਉਹਨਾਂ ਨੇ ਆਪਣੇ ਸਾਜ਼ ਵੀ ਰੇਸ਼ਮੀ ਰੁਮਾਲਾਂ ਤੇ

 ਲੋਗੜੀ ਦੇ ਰੰਗਬਰੰਗੇ ਫੁੱਲਾਂ ਨਾਲ ਸ਼ਿੰਗਾਰੇ ਹੋਏ ਹੁੰਦੇ। ਲੋਕ ਵੀ ਉਹਨਾਂ ਨੂੰ ਆਪਣੇ ਟਾਕਰੇ ਗੁਣਵਾਨ ਮੰਨਦਿਆਂ ਆਦਰ-ਮਾਣ ਦੀ ਨਜ਼ਰ ਨਾਲ ਦੇਖਦੇ।
ਇਹਨਾਂ ਖਾੜਿਆਂ ਦਾ ਕੋਈ ਅਗੇਤਾ ਇਸ਼ਤਿਹਾਰ ਜਾਂ ਬੱਝਵਾਂ ਪਰਚਾਰ ਨਹੀਂ ਸੀ ਹੁੰਦਾ। ਬਸ ਮੂੰਹੋਂ-ਮੂੰਹ ਗੱਲ ਅੱਗੇ ਦੀ ਅੱਗੇ ਪਹੁੰਚਦੀ ਹੋ ਜਾਂਦੀ। ਸੱਦਾ ਦੇਣ ਸਮੇਂ ਵਿਅਕਤੀ, ਸੰਸਥਾ ਜਾਂ ਪੰਚਾਇਤ ਵੱਲੋਂ ਰਕਮ ਤੈਅ ਕਰ ਕੇ ਸਾਈ ਫੜਾ ਦਿੱਤੀ ਜਾਂਦੀ। ਇਸ ਤੋਂ ਵਧੀਕ ਸਰੋਤੇ ਜੋ ਕੁਛ ਦਿੰਦੇ, ਉਹ ਉਹਨਾਂ ਦੇ ਆਪਣੇ ਭਾਗ! ਇਹ ਗੱਲ ਉਹਨਾਂ ਦੀ ਕਲਾ ਤੇ ਪੇਸ਼ਕਾਰੀ ਉੱਤੇ ਨਿਰਭਰ ਕਰਦੀ ਸੀ ਕਿ ਸਰੋਤੇ ਦਾ ਹੱਥ ਜੇਬ ਵਿੱਚ ਕਿੰਨਾ ਕੁ ਡੂੰਘਾ ਜਾਂਦਾ ਹੈ। ਸਰੋਤਿਆਂ ਨੂੰ ਮੋਹ ਲੈਣ ਵਾਲੀਆਂ ਕਾਵਿ-ਵੰਨਗੀਆਂ ਦੇਣ ਦੀ ਤਾਂ ਇੱਥੇ ਗੁੰਜਾਇਸ਼ ਨਹੀਂ ਪਰ ਇੱਕ ਦੋਹਾ ਜ਼ਰੂਰ ਲਿਖੇ ਜਾਣ ਲਈ ਕਾਹਲਾ ਪਿਆ ਹੋਇਆ ਹੈ। ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਸਰੋਤਿਆਂ ਦਾ ਧਿਆਨ ਖਿੱਚਣ ਅਤੇ ਇਕਾਗਰ ਕਰਨ ਲਈ ਉਹ ਅਜਿਹਾ ਕੋਈ ਕਾਵਿ-ਟੋਟਾ ਆਦਿਕਾ ਵਜੋਂ ਹੇਕ ਲਾ ਕੇ ਉੱਚੀ ਆਵਾਜ਼ ਵਿੱਚ ਗਾਉਂਦੇ। ਇਹ ਦੋਹਾ ਰਚਿਆ ਤਾਂ ਪਤਾ ਨਹੀਂ ਕਿਸ ਨੇ ਸੀ, ਸੁਣਿਆ ਮੈਂ ਕਈ ਕਵੀਸ਼ਰਾਂ ਦੇ ਮੂੰਹੋਂ ਸੀ: ਸੁਫ਼ਨਿਆਂ ਤੂੰ ਸੁਲਤਾਨ ਹੈਂ, ਉੱਤਮ ਤੇਰੀ ਜ਼ਾਤ/ ਸੈ ਕੋਹਾਂ ਦੇ ਵਿੱਛੜੇ, ਆਣ ਮਿਲਾਵੇਂ ਰਾਤ!
ਸਰੋਤਿਆਂ ਨੂੰ ਪ੍ਰਭਾਵਿਤ ਕਰਨ ਲਈ ਕਵੀਸ਼ਰ ਆਪਣੀ ਭਾਸ਼ਾਈ-ਕਲਾਤਮਿਕ ਮਹਾਰਤ ਦੇ ਕਈ ਭਾਂਤ ਦੇ ਜੌਹਰ ਦਿਖਾਉਂਦੇ। ਬਚਪਨ ਦੀ ਉਹ ਹੈਰਾਨੀ ਮੈਨੂੰ ਅੱਜ ਵੀ ਚੇਤੇ ਹੈ ਜਦੋਂ ਮੈਂ ਇੱਕ ਕਵੀਸ਼ਰ ਨੂੰ ਬੁੱਲ੍ਹਾਂ ਵਿਚਕਾਰ ਸੂਈ ਰੱਖ ਕੇ ਕਬਿੱਤ ਬੋਲਦਾ ਸੁਣਿਆ ਸੀ। ਮਤਲਬ ਇਹ ਕਿ ਉਹਨੇ ਪੂਰੇ ਕਬਿੱਤ ਵਿੱਚ ਅਜਿਹਾ ਕੋਈ ਅੱਖਰ ਨਹੀਂ ਸੀ ਵਰਤਿਆ ਹੋਇਆ ਜਿਸ ਨੂੰ ਬੋਲਣ ਲਈ ਬੁੱਲ੍ਹ ਜੋੜਨੇ ਪੈਂਦੇ ਹੋਣ। ਇੱਕ ਹੋਰ ਕਵੀਸ਼ਰ ਵੀ ਮੇਰੇ ਚੇਤੇ ਵਿੱਚ ਸੱਜਰਾ ਹੈ ਜਿਸ ਨੇ ਸਮਾਪਤੀ ਸਮੇਂ ਐਲਾਨ ਕੀਤਾ ਕਿ ਉਹ 'ਡੀਠ-ਵਰਣ' ਛੰਦ ਸੁਣਾਵੇਗਾ। ਇਸ ਦਾ ਭਾਵ ਸੀ ਕਿ ਉਹ ਖਾੜੇ ਵਿੱਚ ਘੁੰਮ ਕੇ ਜੋ ਜੋ ਦੇਖਦਾ ਜਾਵੇਗਾ, ਮੌਕੇ ਉੱਤੇ ਹੀ ਛੰਦ ਵਿੱਚ ਬੰਨ੍ਹ ਕੇ ਸੁਣਾਉਂਦਾ ਜਾਵੇਗਾ। ਚੰਗੇ ਭਾਗਾਂ ਨੂੰ ਚੇਤੇ ਰਹਿ ਗਈਆਂ ਕੁਛ ਤੁਕਾਂ ਕਈ ਸਾਲਾਂ ਮਗਰੋਂ ਸਾਹਿਤ ਦੀ ਸੋਝੀ ਆ ਜਾਣ ਸਦਕਾ ਮੈਂ ਲਿਖ ਲਈਆਂ ਸਨ। ਉਹਨੇ ਆਰੰਭ ਕੀਤਾ: ਖ਼ੂਬ ਹੈ ਪੁਰਾਣਾ ਇਹੇ ਪਿੱਥੋ ਗਾਮ ਜੀ/ ਦੂਰ ਦੂਰ ਤਾਈਂ ਮਸ਼ਹੂਰ ਨਾਮ ਜੀ/ ਸੱਚੇ-ਸੁੱਚੇ ਲੋਕ ਕਰਾਂ ਕੀ ਵਡਿਆਈ ਐ/ ਦਸਾਂ ਨਹੁੰਆਂ ਵਾਲੀ ਕਰਦੇ ਕਮਾਈ ਐ/ ਲਾਲ ਸਿੰਘ ਡਾਕੂ, ਉਹ ਵੀ ਦਿਲਦਾਰ ਸੀ/ ਬੁਰਿਆਂ ਦਾ ਵੈਰੀ ਭਲਿਆਂ ਦਾ ਯਾਰ ਸੀ। ਇੱਕ ਗੱਭਰੂ ਨੂੰ ਦੇਖ ਉਹ ਮੁਸਕਰਾਇਆ: ਗੱਭਰੂ ਨੇ ਖ਼ੂਬ ਮੁੱਛਾਂ ਨੇ ਮਰੋੜੀਆਂ/ ਪੱਗ ਕਾਹਦੀ ਚਿਣੀ ਹੱਦਾਂ ਪਈਆਂ ਤੋੜੀਆਂ/ ਏਸੇ ਉਮਰ ਇਸ਼ਕ ਦਾ ਨਾਗ ਡਸਦਾ/ ਛੰਦ ਸਾਡਾ ਦਿਲਾਂ ਵਾਲੇ ਭੇਤ ਦਸਦਾ। ਹੋਰ ਅੱਗੇ: ਖੜ੍ਹਾ ਬਾਬਾ ਖੇਸ ਦੀ ਬੁੱਕਲ ਮਾਰ ਕੇ। ਖੂੰਡੇ ਨਾਲ ਦੇਹੀ ਆਬਦੀ ਸਹਾਰ ਕੇ/ ਕਦੇ ਸੀਗਾ ਇਹ ਵੀ ਕੰਧਾਂ-ਕੋਠੇ ਟਪਦਾ/ ਹੁਣ ਦਿਨੇ-ਰਾਤ ਰਾਮ ਨਾਮ ਜਪਦਾ/ ਸਰੋਤਿਆਂ ਦਾ ਹਾੱਸਾ ਨਿਕਲ ਗਿਆ। ਅੱਗੇ ਇੱਕ ਲਵਾ ਜਿਹਾ ਮੁੰਡਾ ਖੜ੍ਹਾ ਸੀ: ਮੁੱਛਾਂ ਵਾਲੀ ਲੂੰਈਂ ਇਹ ਸੰਦੇਸ ਲਿਆਈ ਐ/ ਜੁਆਨੀ ਜੈਸੇ ਨ੍ਹੇਰੀ ਹੁਣ ਚੜ੍ਹ ਆਈ ਐ। ਵੀਹੀਆਂ ਵਿੱਚ ਫਿਰੂ ਇਹੇ ਗੇੜੇ ਮਾਰਦਾ/ ਚੋਰ-ਅੱਖ ਨਾਲ ਅੱਖਾਂ ਫ਼ਿਰੂ ਠਾਰਦਾ।
ਉਹਨਾਂ ਨੇ ਕਿਹੜਾ ਪ੍ਰਸੰਗ, ਕਿਹੜਾ ਕਿੱਸਾ ਸੁਣਾਉਣਾ ਹੈ, ਇਹ ਚੋਣ ਆਮ ਕਰ ਕੇ ਉਹਨਾਂ ਦੀ ਆਪਣੀ ਹੁੰਦੀ। ਅਨੁਭਵ ਉਹਨਾਂ ਨੂੰ ਮੌਕੇ ਦੀ ਲੋੜ ਦੀ ਸਮਝ ਸਿਖਾ ਦਿੰਦਾ ਸੀ। ਪਰ ਕਈ ਵਾਰ ਸਰੋਤੇ ਵੀ ਫ਼ਰਮਾਇਸ਼ਾਂ ਕਰਨ ਲੱਗਦੇ। ਖ਼ਾਸ ਕਰ ਕੇ ਜਦੋਂ ਦੋ ਘੁੱਟਾਂ ਅੰਦਰ ਜਾਂਦੀਆਂ, ਕਈਆਂ ਦੀ ਹੈਂਕੜ ਜਾਗ ਪੈਂਦੀ। ਉਹ ਆਪਣੀ ਪਸੰਦ ਸੁਨਣ ਲਈ ਤੇ ਗੱਲ ਪੁਗਾਉਣ ਲਈ ਜ਼ਿੱਦ ਕਰਨ ਲੱਗਦੇ। ਕਿਸੇ ਖੁੱਲ੍ਹੇ ਪਿੜ ਵਿੱਚ ਸਰੋਤੇ ਗੋਲ ਚੱਕਰ ਵਿੱਚ ਬੈਠਦੇ-ਖੜ੍ਹਦੇ। ਚੱਕਰ ਦੇ ਵਿਚਕਾਰਲੀ ਸਮੁੱਚੀ ਖੁੱਲ੍ਹੀ ਥਾਂ ਹੀ ਮੰਚ ਹੁੰਦਾ। ਦੋ ਦੋ ਚਾਰ ਚਾਰ ਦੀਆਂ ਕਈ ਟੋੱਲੀਆਂ ਅੱਗੇ ਬੈਠ ਕੇ ਬੋਤਲਾਂ ਖੋਲ੍ਹ ਲੈਂਦੀਆਂ। ਕਈ ਵਾਰ ਦਾਰੂ ਦਾ ਤਰਾਰਾ ਕਿਸੇ ਪੁਰਾਣੀ ਘਰੋੜ ਨੂੰ ਉਭਾਰ ਦਿੰਦਾ ਅਤੇ ਆਪਣੀ ਆਪਣੀ ਪਸੰਦ ਸੁਨਣ ਦੀਆਂ ਫ਼ਰਮਾਇਸ਼ਾਂ ਬਹਾਨਾ ਬਣ ਕੇ ਡਾਂਗੋ-ਡਾਂਗੀ ਹੋਣ ਤੱਕ ਲੈ ਜਾਂਦੀਆਂ। ਸਿਆਣੇ ਲੋਕ ਟਿਕ-ਟਿਕਾਅ ਕਰਵਾਉਣ ਦਾ ਯਤਨ ਕਰਦੇ। ਕਦੀ ਕਦੀ ਤਾਂ ਅਜਿਹੀਆਂ ਲੜਾਈਆਂ ਕਾਰਨ ਖਾੜੇ ਖਿੰਡ ਵੀ ਜਾਂਦੇ।
ਮਗਰੋਂ ਜਾ ਕੇ ਇੱਕ ਵਾਰ ਮੈਨੂੰ ਆਪ ਅਜਿਹੇ ਅਨੁਭਵ ਵਿੱਚੋਂ ਲੰਘਣਾ ਪਿਆ। 1967 ਦੀ ਗੱਲ ਹੈ। ਜਸਵੰਤ ਸਿੰਘ ਕੰਵਲ ਤਲਵੰਡੀ ਸਾਬੋ ਦਾ ਵਿਸਾਖੀ ਦਾ ਪ੍ਰਸਿੱਧ ਮੇਲਾ ਦਿਖਾਉਣ ਲਈ ਬਲਰਾਜ ਸਾਹਨੀ ਨੂੰ ਮੇਰੇ ਘਰ ਲੈ ਆਏ। ਮੈਂ ਉਥੇ ਗੁਰੂ ਕਾਂਸ਼ੀ ਕਾਲਜ ਵਿੱਚ ਲੈਕਚਰਾਰ ਸੀ। ਬਲਰਾਜ ਨੇ ਪਛਾਣ ਛੁਪਾਉਣ ਲਈ ਧੂਹਵੇਂ ਚਾਦਰੇ ਨਾਲ ਕਲੀਆਂ ਵਾਲਾ ਕੁੜਤਾ ਪਾਇਆ ਹੋਇਆ ਸੀ ਅਤੇ ਟੌਰੇ ਵਾਲੀ ਪੱਗ ਦੇ ਸਿਖਰ ਉੱਚਾ ਤੁਰੱਰਾ ਆਕੜਿਆ ਖਲੋਤਾ ਸੀ। ਇੱਕ ਥਾਂ ਖਾੜਾ ਲੱਗਿਆ ਦੇਖ ਕੇ ਅਸੀਂ ਸਾਰੇ ਖਲੋ ਗਏ। ਬਲਰਾਜ 'ਆਉ, ਸੁਣਦੇ ਹਾਂ' ਆਖ ਕੇ ਮੂਹਰੇ ਜਾਣ ਲੱਗੇ ਤਾਂ ਕੰਵਲ ਬੋਲੇ, ''ਐਥੇ ਪਿੱਛੇ ਹੀ ਖੜ੍ਹਦੇ-ਬੈਠਦੇ ਹਾਂ, ਕੀ ਲੈਣਾ ਹੈ ਅੱਗੇ ਜਾ ਕੇ!" ਪਰ ਉਹ ਬੈਠਿਆਂ ਦੇ ਮੋਢੇ ਫੜ ਫੜ ਵਿਚਕਾਰੋਂ ਰਾਹ ਬਣਾਉਂਦੇ ਮੂਹਰੇ ਜਾ ਬੈਠੇ। ਨਾਲ ਸਾਨੂੰ ਵੀ ਜਾਣਾ ਪਿਆ। ਅਚਾਨਕ ਇੱਕ ਪਾੱਸੇ ਡਾਂਗਾਂ ਉੱਤੇ ਡਾਂਗਾਂ ਵੱਜਣ ਲੱਗੀਆਂ। ਬਲਰਾਜ ਲੰਮੀਏਂ ਪੁਲਾਂਘੀਂ ਬਾਹਰ ਵੱਲ ਭੱਜੇ ਅਤੇ ਭਮੱਤਰੇ ਹੋਏ ਬੋਲੇ, ''ਅਚਾਨਕ ਇਹ ਕੀ ਹੋ ਗਿਆ?" ਕੰਵਲ ਹੁਰੀਂ ਹੱਸੇ, ''ਇਥੇ ਸਭ ਕੁਛ ਇਉਂ ਅਚਾਨਕ ਹੀ ਹੁੰਦੈ। ਕਿਹਾ ਸੀ, ਪਿੱਛੇ ਹੀ ਰਹਿੰਦੇ ਹਾਂ। ਹੋਰ ਹੋ ਅਗਾਂਹ!"
ਪ੍ਰਸਿੱਧ ਮੁਹਾਵਰੇ 'ਜਦੋਂ ਬੁਰਾ ਸਮਾਂ ਆਉਂਦੈ, ਢੋਲਕੀ ਆਪੇ ਬਜਦੀ ਐ' ਦਾ ਸੋਮਾ ਵੀ ਖਾੜੇ ਨਾਲ ਸੰਬੰਧਿਤ ਇੱਕ ਅਜਿਹੀ ਹੀ ਘਟਨਾ ਹੈ। ਪਹਿਲਾਂ ਦੋ ਟੋੱਲੀਆਂ ਆਪਣੀਆਂ ਆਪਣੀਆਂ ਫ਼ਰਮਾਇਸ਼ਾਂ ਨੂੰ ਲੈ ਕੇ ਉਲਝ ਪਈਆਂ ਪਰ ਮਗਰੋਂ ਕੁਛ ਬੰਦੇ ਗਮੰਤਰੀਆਂ ਪਿੱਛੇ ਪੈ ਗਏ ਕਿ ਸਾਡੀ ਗੱਲ ਕਿਉਂ ਨਾ ਮੰਨੀ। ਨੇੜੇ ਕਪਾਹ ਦੇ ਖੇਤ ਸਨ, ਉਹ ਉਹਨਾਂ ਵਿੱਚ ਜਾ ਲੁਕੇ। ਜਦੋਂ ਲੱਭਣ ਵਾਲੇ ਨੇੜੇ ਆਉਂਦੇ ਲੱਗਣ, ਉਹ ਕੋਡੇ ਕੋਡੇ ਅਗਾਂਹ ਨੂੰ ਭੱਜਣ। ਇਉਂ ਭੱਜਦਿਆਂ ਟੀਂਡੇ ਟਕਰਾਉਣ ਨਾਲ ਢੋਲਕੀ ਬੋਲ ਪਵੇ ਤੇ ਭਾਲੂ ਇੱਕ ਦੂਜੇ ਨੂੰ ਕਹਿਣ, ਐਧਰ ਨੇ ਐਧਰ! ਇੱਕ ਸਾਥੀ ਖਿਝਿਆ, ਉਇ ਢੋਲਕੀ ਕਿਉਂ ਬਜਾਉਣੈਂ? ਢੋਲਕੀ ਵਾਲਾ ਬੋਲਿਆ, ਬਜਾਉਂਦਾ ਕੌਣ ਐ, ਜਦੋਂ ਬੁਰਾ ਸਮਾਂ ਆਉਂਦੈ, ਆਪੇ ਬਜਦੀ ਐ!
ਪੰਜਾਬ ਦੇ ਕਈ ਇਲਾਕਿਆਂ ਵਿੱਚ ਨੱਚਣ-ਗਾਉਣ ਵਾਲੀਆਂ ਦੇ ਖਾੜੇ ਵੀ ਲੱਗਦੇ ਜਿਨ੍ਹਾਂ ਨੂੰ ਕੰਚਨੀਆਂ ਵੀ ਕਿਹਾ ਜਾਂਦਾ ਸੀ। ਕਈ ਮਾਇਆਧਾਰੀ ਲੋਕ ਪਰਿਵਾਰ ਵਿੱਚ ਵਿਆਹ-ਸ਼ਾਦੀ ਜਾਂ ਹੋਰ ਕਿਸੇ ਖ਼ੁਸ਼ੀ ਸਮੇਂ ਉਹਨਾਂ ਨੂੰ ਬੁਲਾ ਕੇ ਰੌਣਕਾਂ ਲਾਉਂਦੇ। ਉਹ ਆਪਣੀ ਮਨ ਦੀ ਮੌਜ ਅਨੁਸਾਰ ਕੰਚਨੀਆਂ ਨੂੰ ਨਿੱਜੀ ਮਹਿਫ਼ਲ ਤੱਕ ਸੀਮਤ ਰੱਖਦੇ ਜਾਂ ਖੁੱਲ੍ਹਾ ਖਾੜਾ ਸਜਾ ਲੈਂਦੇ। ਉਹ ਪਹਿਲਾਂ ਹੀ ਮੋਟੀ ਰਕਮ ਰਖਵਾ ਲੈਂਦੀਆਂ। ਕੁਦਰਤੀ ਹੀ ਸਰੋਤਿਆਂ ਵੱਲੋਂ ਮਾਇਆ ਦੀ ਬਰਖਾ ਵੀ ਕਵੀਸ਼ਰਾਂ ਲਈ ਹੁੰਦੀ ਕਿਣਮਿਣ ਦੇ ਟਾਕਰੇ ਵਾਛੜ ਵਾਂਗ ਵਰ੍ਹਦੀ। ਸਾਡੇ ਇਲਾਕੇ ਵਿੱਚ ਉਹਨਾਂ ਦਾ ਰਿਵਾਜ ਬਿਲਕੁਲ ਹੀ ਨਹੀਂ ਸੀ। ਹਾਂ, ਮੇਲਿਆਂ ਵਿੱਚ ਨਚਾਰਾਂ ਦੇ ਖਾੜੇ ਅਕਸਰ ਲੱਗਦੇ। ਉਹ ਇਸਤਰੀਆਂ ਦੇ ਵੇਸ ਅਤੇ ਹਾਰ-ਸ਼ਿੰਗਾਰ ਵਿੱਚ ਪੁਰਸ਼ ਹੁੰਦੇ। ਉਹਨਾਂ ਨੂੰ ਕਿਸੇ ਕਾਰਨ ਇਹ ਅਵੱਲਾ ਸ਼ੌਕ ਹੋ ਜਾਂਦਾ ਤੇ ਫ਼ੇਰ ਇਸੇ ਪ੍ਰਸਿੱਧੀ ਦਾ ਚਸਕਾ ਪੈ ਜਾਂਦਾ। ਰੱਬ ਨੂੰ ਧਿਆਉਣ ਤੋਂ ਤੁਰ ਕੇ ਉਹ ਸਹਿੰਦੀਆਂ ਸਹਿੰਦੀਆਂ ਬੋੱਲੀਆਂ ਵਿੱਚੋਂ ਦੀ ਹੁੰਦੇ ਹੋਏ ਸਹਿਜੇ ਸਹਿਜੇ ਕਾਫ਼ੀ ਕਰਾਰੀਆਂ ਬੋੱਲੀਆਂ ਉੱਤੇ ਜਾ ਪੁਜਦੇ। ਬੋੱਲੀ ਪਾਉਣ ਵਾਲਾ ਜਦੋਂ ਤੋੜਾ ਝਾੜਦਾ, ਢੋਲਕੀ ਬੇਲਗਾਮ ਹੋ ਕੇ ਗੂੰਜਦੀ, ਕਿਰਲਾ ਬੇਚੈਨ ਹੋ ਕੇ ਤੜਫ਼ਦਾ ਤੇ ਮੇਲ੍ਹਦੇ ਨਚਾਰ ਦੀਆਂ ਅੱਡੀਆਂ ਧੂੜਾਂ ਪੁੱਟ ਦਿੰਦੀਆਂ! ਸਰੋਤੇ-ਦਰਸ਼ਕ ਵਾਹਵਾਹ ਕਰ ਉਠਦੇ ਤੇ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ। ਨਕਲੀਆਂ ਦੇ ਖਾੜੇ ਰੂਪ ਦੇ ਪੱਖੋਂ ਤਾਂ ਉਪਰੋਕਤ ਖਾੜਿਆਂ ਨਾਲ ਮਿਲਦੇ-ਜੁਲਦੇ ਹੀ ਹੁੰਦੇ ਸਨ ਪਰ ਤੱਤ ਦੇ ਪੱਖੋਂ ਨਿਰੋਲ ਹਾਸ-ਵਿਅੰਗ ਉੱਤੇ ਕੇਂਦਰਿਤ ਹੁੰਦੇ। ਭਾਸ਼ਾਈ ਨਜ਼ਰੀਏ ਤੋਂ ਵੀ ਉਹ ਵਧੀਕ ਦਿਲਚਸਪ ਹੁੰਦੇ ਸਨ। ਉਹ ਮੋਟੇ ਹਾੱਸੇ ਤੋਂ ਲੈ ਕੇ ਸੂਖ਼ਮ ਵਿਅੰਗ ਤੱਕ ਫ਼ੈਲਵੀਂ ਮਾਰ ਕਰਦੇ। ਪੁਸ਼ਤੋ-ਪੁਸ਼ਤੀ ਤਿੱਖੀ ਹੁੰਦੀ ਰਹਿੰਦੀ ਇਸ ਵਿਧਾ ਉੱਤੇ ਬਹੁਤੀ ਮੇਰ੍ਹ ਤੇ ਮਹਾਰਤ ਮਰਾਸੀਆਂ ਦੀ ਹੁੰਦੀ।
ਇਹ ਸਭ ਖਾੜੇ ਨਿਰੋਲ ਪੁਰਸ਼ਾਂ ਦਾ ਮੌਜ-ਮੇਲਾ ਤੇ ਰੰਗ-ਤਮਾਸ਼ਾ ਹੁੰਦੇ। ਖਾੜੇ ਦਾ ਰੂਪ ਕੋਈ ਵੀ ਹੁੰਦਾ, ਗੰਗੋਤਰੀ ਸਭ ਦੀ ਸਾਹਿਤ ਹੀ ਸੀ। ਜਦੋਂ ਪਿੰਡਾਂ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਦਿਨ-ਦਿਹਾਰਾਂ ਨੂੰ ਲਾਊਡਸਪੀਕਰ ਗੂੰਜਣ ਲੱਗੇ, ਉਹਨਾਂ ਨੇ ਤਾਂ ਜਿਵੇਂ ਪੁਰਸ਼ਾਂ ਵਾਲੀ ਲਛਮਣ-ਰੇਖਾ ਤੋੜ ਕੇ ਖਾੜਿਆਂ ਨੂੰ ਘਰ ਘਰ ਪੁਜਦੇ ਕਰ ਦਿੱਤਾ। ਘਰਾਂ ਵਿੱਚ ਕੰਮ-ਧੰਦੇ ਰੁੱਝੀਆਂ ਸੁਆਣੀਆਂ ਵੀ ਉਹਨਾਂ ਦਾ ਆਨੰਦ ਮਾਨਣ ਲੱਗੀਆਂ। ਗਰਮੀਆਂ ਦੀ ਰਾਤ, ਸਭ ਛੱਤਾਂ ਉੱਤੇ ਪਏ ਸਨ। ਦੂਜੇ ਅਗਵਾੜ ਕਿਸੇ ਦਾ ਵਿਆਹ ਸੀ। ਕਲਾਵੰਤ ਢਾਡੀ ਅਮਰ ਸਿੰਘ ਸ਼ੌਂਕੀ ਦੇ ਬੋਲ ਗੂੰਜੇ: ਭਿੱਜ ਗਈਆਂ ਨਣਾਨੇ ਪੂਣੀਆਂ, ਬਾਹਰੇ ਭਿੱਜ ਗਏ ਚਰਖੇ! ਸਾਥੋਂ ਤੀਜੇ ਘਰ ਦੀ ਛੱਤ ਤੋਂ ਚਾਚੀ ਬੱਸੋ ਬੋੱਲੀ, ''ਹੈ ਵਛੇਰੀ, ਨਣਦ ਨੂੰ ਦੋਸ ਦਿੰਦੀ ਐ! ਉਹਦੇ ਬਿਚਾਰੀ ਦੇ ਕਿਹੜਾ ਚਾਰ ਹੱਥ ਐ। ਵੱਡੀਏ ਰਕਾਨੇ, ਬੱਦਲ ਚੜ੍ਹਿਆ ਦੇਖ ਕੇ ਪੂਣੀਆਂ-ਚਰਖੇ ਤੂੰ ਆਪ ਚੱਕ ਲੈਂਦੀ!"

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਖਾੜੇ: ਕਵੀਸ਼ਰਾਂ, ਢਾਡੀਆਂ ਤੇ ਨੱਚਾਰਾਂ ਦੇ

Currency Converter

Amount:
From:
To:


Gurbani Radio


Gurbani - Sri Harmandir Sahib