Thursday, 12 July 2012 07:02
Print PDF

ਸਹਿਜ ਗਿਆਨ
ਕੁਲਜੀਤ ਕੌਰ

ਇਕ ਮਾਨਤਾ ਇਹ ਹੈ ਕਿ ਸਿਰਫ਼ ਸਿੱਧ ਆਸਣ ਵਿੱਚ ਬੈਠ ਕੇ ਧਿਆਨ ਕਰਨ ਅਤੇ ਪ੍ਰਾਣਾਯਾਮ ਨਾਲ ਹੀ ਉੱਚ ਚੇਤਨਾ ਦਾ ਅਨੁਭਵ ਕੀਤਾ ਜਾ ਸਕਦਾ ਹੈ। ਜੇ ਇਸ ਤਰੀਕੇ ਨਾਲ ਵੀ ਉੱਚ ਚੇਤਨਾ ਦੇ ਦੁਆਰਾ ਖੁਲ੍ਹ ਸਕਦੇ ਹਨ ਤਾਂ ਫ਼ੇਰ ਦੂਸਰੇ ਯੋਗ ਆਸਣਾਂ ਦਾ ਅਭਿਆਸ ਕਰਨ ਦੀ ਕੀ ਲੋੜ ਹੈ? ਇਹ ਸੁਆਲ ਕੁੱਝ ਵੱਡੇ ਸਾਧਕਾਂ ਨੇ ਵੀ ਉਠਾਇਆ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੂਹਾਨੀ ਪਰੰਪਰਾਵਾਂ ਵਿੱਚ ਬੇਅੰਤ ਲੋਕਾਂ ਨੇ ਯੋਗ ਆਸਣਾਂ ਦੇ ਅਭਿਆਸ ਤੋਂ ਬਗੈਰ ਵੀ ਉੱਚ ਚੇਤਨਾ ਦਾ ਅਨੁਭਵ ਕੀਤਾ ਹੈ। ਇਥੇ ਇਹ ਗੱਲ ਦੁਹਰਾ ਦੇਣੀ ਜ਼ਰੂਰੀ ਹੈ ਕਿ ਯੋਗ ਅਭਿਆਸ ਰੂਹਾਨੀ ਵਿਕਾਸ ਦੀ ਇੱਕ ਵਿਧੀ ਹੈ। ਇਸ ਨੂੰ ਰੂਹਾਨੀ ਵਿਕਾਸ ਦੀ ਇੱਕੋ ਇੱਕ ਵਿਧੀ ਕਹਿਣਾ ਗ਼ਲਤ ਹੋਵੇਗਾ। ਅਸਲ ਵਿੱਚ ਕਿਸੇ ਵੀ ਇੱਕ ਵਿਧੀ ਨੂੰ ਇੱਕ ਮਾਤਰ ਵਿਧੀ ਕਹਿਣਾ ਸਹੀ ਨਹੀਂ ਹੋਵੇਗਾ। ਸਾਰੀਆਂ ਹੀ ਵਿਧੀਆਂ ਸਮੇਂ ਅਤੇ ਸਥਾਨ ਦੀਆਂ ਲੋੜਾਂ ਮੁਤਾਬਕ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਹਰ ਇਨਸਾਨ ਦੀਆਂ ਵੱਖੋ ਵੱਖਰੀਆਂ ਲੋੜਾਂ ਹਨ। ਇਨ੍ਹਾਂ ਲੋੜਾਂ ਦੇ ਮੁਤਾਬਕ ਵਿਧੀਆਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਭਾਰਤ ਦੀ ਪਰੰਪਰਾ ਵਿੱਚ ਇਨਸਾਨ ਨੂੰ ਬਿਰਤੀ ਦੇ ਮੁਤਾਬਕ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਰਾਜਸਿਕ, ਤਾਮਸਿਕ ਅਤੇ ਸਾਤਵਿਕ ਤਿੰਨ ਤਰ੍ਹਾਂ ਦੀਆਂ ਮੁੱਖ ਬਿਰਤੀਆਂ ਹਨ। ਜਿਸ ਤਰ੍ਹਾਂ ਦੀ ਇਨਸਾਨ ਦੀ ਬਿਰਤੀ ਜਾਂ ਸੁਭਾਅ ਹੁੰਦਾ ਹੈ, ਉਸ ਮੁਤਾਬਕ ਹੀ ਉਸ ਦੇ ਅਭਿਆਸ ਦੀਆਂ ਵਿਧੀਆਂ ਤੈਅ ਹੁੰਦੀਆਂ ਹਨ। ਜੇ ਇਨਸਾਨ ਤਾਮਸਿਕ ਅਤੇ ਰਾਜਸਿਕ ਰੁਚੀਆਂ

ਵਾਲਾ ਹੋਵੇ ਤਾਂ ਉਸ ਨੂੰ ਪਹਿਲਾਂ ਆਸਣਾਂ ਦੇ ਅਭਿਆਸ ਨਾਲ ਆਪਣੇ ਸਰੀਰ ਅਤੇ ਮਨ ਨੂੰ ਸਥਿਰ ਕਰਨਾ ਪੈਂਦਾ ਹੈ। ਜੇ ਕਿਸੇ ਦਾ ਮਨ ਅਤੇ ਸਰੀਰ ਪਹਿਲਾਂ ਹੀ ਸ਼ਾਂਤ ਹੋਵੇ, ਉਹ ਬਿਨਾਂ ਆਸਣਾਂ ਦੇ ਅਭਿਆਸ ਦੇ ਹੀ ਲੰਬੀ ਸਾਧਨਾ ਕਰਨ ਦੇ ਸਮਰੱਥ ਹੁੰਦਾ ਹੈ।
ਜਿਹੜਾ ਇਨਸਾਨ ਵੈਸੇ ਹੀ ਲੰਬਾ ਸਮਾਂ ਸਿੱਧ ਆਸਣ ਵਿੱਚ ਬੈਠ ਸਕਦਾ ਹੋਵੇ ਅਤੇ ਅਭਿਆਸ ਕਰ ਸਕਦਾ ਹੋਵੇ, ਉਸ ਨੂੰ ਦੂਸਰੇ ਯੋਗ ਆਸਣਾਂ ਦੇ ਅਭਿਆਸ ਵਿੱਚ ਸਮਾਂ ਜ਼ਾਇਆ ਕਰਨ ਦੀ ਲੋੜ ਨਹੀਂ ਹੁੰਦੀ। ਪਰ ਤਾਮਸਿਕ ਅਤੇ ਰਾਜਸਿਕ ਰੁਚੀਆਂ ਵਾਲੇ ਇਨਸਾਨਾਂ ਨੂੰ ਪਹਿਲਾਂ ਦੂਸਰੇ ਯੋਗ ਆਸਣਾਂ ਦਾ ਲਗਾਤਾਰ ਅਭਿਆਸ ਕਰਨਾ ਪੈਂਦਾ ਹੈ। ਇਸ ਨਾਲ ਉਨਾਂ ਅੰਦਰ ਪ੍ਰਾਣਿਕ ਊਰਜਾ ਦਾ ਪ੍ਰਵਾਹ ਤੇਜ਼ ਹੁੰਦਾ ਹੈ। ਸਾਤਵਿਕ ਰੁਚੀਆਂ ਵਾਲੇ ਇਨਸਾਨ ਸਿੱਧ ਆਸਣ ਜਾਂ ਰਾਜ ਯੋਗ ਦਾ ਸਿੱਧਾ ਅਭਿਆਸ ਵੀ ਕਰ ਸਕਦੇ ਹਨ। ਪਰ ਜਿਹੜੇ ਇਨਸਾਨ ਜਜ਼ਬਾਤੀ ਹੁੰਦੇ ਹਨ, ਬਾਹਰਮੁਖੀ ਹੁੰਦੇ ਹਨ, ਜਾਂ ਜਿਨ੍ਹਾਂ ਦਾ ਮਨ ਬਹੁਤ ਜ਼ਿਆਦਾ ਵਿਸ਼ਲੇਸ਼ਣੀ ਰੁਚੀਆਂ ਵਾਲਾ ਹੁੰਦਾ ਹੈ, ਉਨਾਂ ਨੂੰ ਦੂਸਰੇ ਯੋਗ ਆਸਣਾਂ ਦੀ ਲੋੜ ਪੈਂਦੀ ਹੈ। ਵੱਖ ਵੱਖ ਤਰਾਂ ਦੇ ਅਭਿਆਸ ਨਾਲ ਸਰੀਰ, ਮਨ ਅਤੇ ਭਾਵਨਾਵਾਂ ਨੂੰ ਸੰਤੁਲਨ ਵਿੱਚ ਲਿਆਉਣ ਅਤੇ ਇੰਦਰਿਆਵੀ ਅਨੁਭਵ ਨੂੰ ਮੱਠਾ ਕਰਨ ਦੀ ਲੋੜ ਹੁੰਦੀ ਹੈ। ਤਾਮਸਿਕ ਅਤੇ ਰਾਜਸਿਕ ਮਨ ਨੂੰ ਪਹਿਲਾਂ ਨਿਕਾਸ ਦੇ ਸਹੀ ਰਸਤਿਆਂ ਦੀ ਲੋੜ ਹੁੰਦੀ ਹੈ। ਨਹੀਂ ਤਾਂ ਧਿਆਨ ਦੌਰਾਨ ਅਜਿਹੇ ਮਨ ਬਹੁਤ ਖ਼ਲਲ ਮਚਾਉਂਦੇ ਹਨ। ਇਧਰ ਉਧਰ ਭਟਕਦੇ ਹਨ ਜਾਂ ਸੁਸਤ ਹੋ ਜਾਂਦੇ ਹਨ।
ਉੱਚ ਚੇਤਨਾ ਪ੍ਰਾਪਤ ਕਰਨ ਤੋਂ ਪਹਿਲਾਂ ਮਨ ਦੇ ਅੰਦਰ ਇਹ ਸਮਰੱਥਾ ਵਿਕਸਤ ਹੋਣੀ ਜ਼ਰੂਰੀ ਹੁੰਦੀ ਹੈ ਕਿ ਉਹ ਧਿਆਨ ਦੇ ਕਿਸੇ ਬਿੰਦੂ ਤੇ ਕੇਂਦਰਤ ਹੋਣ ਦੇ ਯੋਗ ਹੋ ਜਾਵੇ। ਸਿਧ ਆਸਣ ਅਤੇ ਪ੍ਰਾਣਾਯਾਮ ਦੇ ਅਭਿਆਸ ਦੌਰਾਨ ਇੱਕ ਅਜਿਹੀ ਸਟੇਜ ਆਉਂਦੀ ਹੈ ਜਦੋਂ ਦੋ ਪ੍ਰਾਣਕ ਉਰਜਾਵਾਂ ਅਪਾਨ ਅਤੇ ਪ੍ਰਾਣ ਆਪਸ ਵਿੱਚ ਮਿਲਦੀਆਂ ਹਨ ਅਤੇ ਇੜਾ ਅਤੇ ਪਿੰਗਲਾ ਨਾੜੀਆਂ ਆਗਿਆ ਚੱਕਰ 'ਤੇ ਇਕੱਠੀਆਂ ਹੁੰਦੀਆਂ ਹਨ। ਅਜਿਹੇ ਮੌਕੇ 'ਤੇ ਮਨ ਇੱਕ ਚਿਤ ਹੋ ਜਾਂਦਾ ਹੈ ਅਤੇ ਸਾਹ ਰੁਕ ਜਾਂਦਾ ਹੈ। ਪਰ ਯੋਗੀਆਂ ਦਾ ਕਹਿਣਾ ਹੈ ਕਿ ਇਸ ਹਾਲਤ ਵਿੱਚ ਮਨ ਕੋਲ ਸਥਿਰ ਹੋਣ ਲਈ ਕੋਈ ਨਿਸ਼ਚਿਤ ਬਿੰਦੂ ਹੋਣਾ ਜ਼ਰੂਰੀ ਹੈ। ਇਹ ਕੋਈ ਮਾਨਸਿਕ ਚਿੰਨ੍ਹ ਵੀ ਹੋ ਸਕਦਾ ਹੈ ਜਾਂ ਗੁਰੂ ਹੋ ਸਕਦਾ ਹੈ। ਜੇ ਮਨ ਕੋਲ ਕੋਈ ਅਜਿਹਾ ਬਿੰਦੂ ਨਾ ਹੋਵੇ ਤਾਂ ਉਹ ਸ਼ੂਨਯ ਦੀ ਹਾਲਤ ਵਿੱਚ ਗੁਆਚ ਸਕਦਾ ਹੈ।
ਇਸ ਸਾਰੀ ਚਰਚਾ ਦਾ ਅਰਥ ਇਹ ਹੈ ਕਿ ਆਤਮਿਕ ਵਿਕਾਸ ਦਾ ਰਸਤਾ ਸਿੱਧਾ ਅਤੇ ਸਰਲ ਨਹੀਂ ਹੈ। ਇਸ ਵਾਸਤੇ ਹਰ ਕਿਸੇ ਲਈ ਕੋਈ ਰਟਿਆ ਰਟਾਇਆ ਤਰੀਕਾ ਨਹੀਂ ਹੈ ਕਿਉਂਕਿ ਹਰ ਇਨਸਾਨ ਅਤੇ ਹਰ ਇਨਸਾਨ ਦੀਆਂ ਪ੍ਰਸਥਿਤੀਆਂ ਵੱਖਰੀਆਂ ਹਨ। ਇਸ ਕਰ ਕੇ ਹਰ ਇਨਸਾਨ ਨੂੰ ਉਸ ਦੀਆਂ ਲੋੜਾਂ ਮੁਤਾਬਕ ਹੀ ਕਿਸੇ ਉਚਿਤ ਵਿਧੀ ਦੀ ਤਲਾਸ਼ ਕਰਨੀ ਪੈਂਦੀ ਹੈ। ਜਿਵੇਂ ਕੋਈ ਡਾਕਟਰ ਹਰ ਕਿਸੇ ਨੂੰ ਇੱਕੋ ਦਵਾਈ ਨਹੀਂ ਦੇ ਸਕਦਾ, ਉਵੇਂ ਹੀ ਕੋਈ ਰੂਹਾਨੀ ਟੀਚਰ ਹਰ ਕਿਸੇ ਨੂੰ ਉਸ ਦੀਆਂ ਲੋੜਾਂ ਮੁਤਾਬਕ ਵਿਧੀਆਂ ਦੱਸਦਾ ਹੈ। ਸਮੇਂ ਅਤੇ ਸਥਾਨ ਦੀਆਂ ਲੋੜਾਂ ਮੁਤਾਬਕ ਵੀ ਅਜਿਹੀਆਂ ਵਿਧੀਆਂ ਵਿੱਚ ਤਬਦੀਲੀ ਆਉਂਦੀ ਹੈ। ਇਹੀ ਵਜ੍ਹਾ ਹੈ ਕਿ ਵੱਖ ਵੱਖ ਯੁਗਾਂ ਅਤੇ ਵੱਖ ਵੱਖ ਸਥਾਨਾਂ 'ਤੇ ਪੈਦਾ ਹੋਏ ਰੂਹਾਨੀ ਗੁਰੂਆਂ ਨੇ ਰੂਹਾਨੀ ਅਭਿਆਸ ਦੇ ਵੱਖੋ ਵੱਖਰੇ ਤਰੀਕੇ ਦੱਸੇ।
ਫੋਨ: 905-595-0658

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਕੀ ਯੋਗ ਆਸਣਾਂ ਦਾ ਅਭਿਆਸ ਹਰ ਕਿਸੇ ਲਈ ਜ਼ਰੂਰੀ ਹੈ?

Currency Converter

Amount:
From:
To:


Gurbani Radio


Gurbani - Sri Harmandir Sahib