
ਸਹਿਜ ਗਿਆਨ
ਕੁਲਜੀਤ ਕੌਰ
ਹਠਯੋਗ ਪ੍ਰਦੀਪਿਕਾ ਦੇ ਇੱਕ ਸ਼ਲੋਕ 'ਤੇ ਚਰਚਾ ਕਰਦਿਆਂ ਪਿਛਲੇ ਲੇਖ ਵਿੱਚ ਅਸੀਂ ਇਸ ਗੱਲ 'ਤੇ ਵਿਚਾਰ ਕੀਤਾ ਸੀ ਕਿ ਗਹਿਰੀ ਸਾਧਨਾ ਦੇ ਰਸਤੇ 'ਤੇ ਪਏ ਸਾਧਕਾਂ ਜਾਂ ਯੋਗ ਪ੍ਰੈਕਟੀਸ਼ਨਰਾਂ ਨੂੰ ਖਾਣੇ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬਚਾਅ ਕਰਨਾ ਚਾਹੀਦਾ ਹੈ ਜਾਂ ਖਾਣੀਆਂ ਨਹੀਂ ਚਾਹੀਦੀਆਂ। ਅਸੀਂ ਉਸ ਲੇਖ ਵਿੱਚ ਇਸ ਗੱਲ 'ਤੇ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਦਾ ਖਾਣਾ ਇੱਕ ਸਾਧਕ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪਰ ਇਸ ਤੋਂ ਬਾਅਦ ਸੁਆਲ ਪੈਦਾ ਹੁੰਦਾ ਹੈ ਕਿ ਫ਼ੇਰ ਸਾਧਕ ਲੋਕਾਂ ਨੂੰ ਖਾਣਾ ਕੀ ਚਾਹੀਦਾ ਹੈ। ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਾਧਕਾਂ ਨੂੰ ਫ਼ਾਇਦਾ ਹੋ ਸਕਦਾ ਹੈ ਅਤੇ ਜਿਹੜੀਆਂ ਉਨ੍ਹਾਂ ਦੀ ਸਾਧਨਾਂ ਵਿੱਚ ਰੁਕਾਵਟ ਨਹੀਂ ਬਣਦੀਆਂ। ਇਥੇ ਇਹ ਗੱਲ ਇੱਕ ਵਾਰ ਫ਼ੇਰ ਦੁਹਰਾ ਦੇਣੀ ਚਾਹੀਦੀ ਹੈ ਕਿ ਯੋਗ ਗ੍ਰੰਥਾਂ ਨੇ ਜਿਹੜੇ ਦਿਸ਼ਾ-ਨਿਰਦੇਸ਼ ਦਿੱਤੇ ਹਨ, ਉਹ ਬੁਨਿਆਦੀ ਤੌਰ 'ਤੇ ਉਨ੍ਹਾਂ ਲੋਕਾਂ ਲਈ ਬਣਾਏ ਗਏ ਸਨ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਉੱਚ ਚੇਤਨਾ ਨੂੰ ਪ੍ਰਾਪਤ ਕਰਨਾ ਹੈ ਅਤੇ ਜਿਹੜੇ ਗਹਿਰੀ ਸਾਧਨਾ ਦੇ ਰਸਤੇ 'ਤੇ ਪਏ ਹੋਏ ਹਨ। ਅਸੀਂ ਇਥੇ ਜਦੋਂ ਉਨ੍ਹਾਂ ਗ੍ਰੰਥਾਂ 'ਤੇ ਵਿਚਾਰ ਕਰਦੇ ਹਾਂ ਤਾਂ ਇਸ ਗੱਲ ਨੂੰ ਵੀ ਨਾਲੋ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗਹਿਰੀ ਸਾਧਨਾ ਵਿੱਚ ਪਏ ਲੋਕਾਂ ਦੇ ਨਾਲ ਨਾਲ ਸਾਰੇ ਆਮ ਲੋਕ ਵੀ ਇਸ ਗਿਆਨ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ। ਇਹ ਅਜਿਹਾ ਗਿਆਨ ਹੈ, ਜਿਸ ਦੀ ਜੇ ਸਮਝਦਾਰੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਸ ਤੋਂ ਹਰ ਕੋਈ ਫ਼ਾਇਦਾ ਉਠਾ ਸਕਦਾ ਹੈ। ਹਠਯੋਗ ਪ੍ਰਦੀਪਿਕਾ ਦੇ ਪਹਿਲੇ ਅਧਿਆਇ ਵਿੱਚ ਹੀ ਇੱਕ ਹੋਰ ਸ਼ਲੋਕ ਹੈ:
''ਯੋਗੀਆਂ ਲਈ ਜਿਹੜਾ ਭੋਜਨ ਸਭ ਤੋਂ ਵੱਧ ਸਾਜ਼ਗਾਰ ਰਹਿੰਦਾ ਹੈ, ਉਹ ਹੈ, ਅਨਾਜ, ਚੌਲ, ਜੌਂ, ਦੁੱਧ, ਘਿਓ, ਸ਼ੱਕਰ, ਸ਼ਹਿਦ, ਸੁੰਢ, ਤਰਾਈ, ਪੰਜ ਸ਼ਬਜੀਆਂ, ਮੂੰਗ ਅਤੇ ਹੋਰ ਦਾਲਾਂ ਤੇ ਸ਼ੁਧ ਪਾਣੀ" (ਸ਼ਲੋਕ 62)
ਇਸ ਸ਼ਲੋਕ ਵਿੱਚ ਜਿਹੜੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਅਸੀਂ ਇੱਕ ਸੰਕੇਤ ਵਜੋਂ ਲੈ ਸਕਦੇ ਹਾਂ। ਇਹ ਗ੍ਰੰਥ ਸੈਂਕੜੇ ਸਾਲ ਪਹਿਲਾਂ ਭਾਰਤ ਦੇ ਉਸ ਵਕਤ ਦੇ ਸਮਾਜ ਦੀਆਂ ਸਥਿਤੀਆਂ ਦੇ ਮੁਤਾਬਕ ਲਿਖੇ ਗਏ ਸਨ। ਅੱਜ ਦੇ ਪੱਛਮੀ ਸਮਾਜ ਵਿੱਚ ਹੋ ਸਕਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਇਨ੍ਹਾਂ ਦੇ ਸ਼ੁੱਧ ਰੂਪ ਵਿੱਚ ਨਾ ਮਿਲ ਸਕਣ। ਮਿਸਾਲ ਦੇ ਤੌਰ ਤੇ ਇਸ ਸ਼ਲੋਕ ਵਿੱਚ ਸਬਜ਼ੀਆਂ ਦੀ ਗੱਲ ਕੀਤੀ ਗਈ ਹੈ। ਪਰ ਇਸ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਤਾਜ਼ਾ ਸਬਜ਼ੀਆਂ। ਕਿਉਂਕਿ ਉਸ ਵਕਤ ਦੇ ਭਾਰਤੀ ਸਮਾਜ ਵਿੱਚ ਇਹ ਸੁਆਲ ਨਹੀਂ ਸੀ ਪੈਦਾ ਹੁੰਦਾ ਕਿ ਕੋਈ ਬਾਸੀਆਂ ਸਬਜ਼ੀਆਂ ਵੀ ਖਾਏਗਾ, ਜਿਵੇਂ ਕਿ ਅੱਜ ਅਸੀਂ ਖਾਂਦੇ ਹਾਂ। ਉਸ ਵਕਤ ਨਾ ਉਸ ਤਰ੍ਹਾਂ ਸਬਜ਼ੀਆਂ ਉਗਾਈਆਂ ਜਾਂਦੀਆਂ ਸਨ, ਜਿਵੇਂ ਅੱਜ ਇਹ ਇੱਕ ਬਿਜ਼ਨਸ ਬਣ ਗਿਆ ਹੈ ਅਤੇ ਨਾ ਇਸ ਤਰ੍ਹਾਂ ਇਨ੍ਹਾਂ ਨੂੰ ਉਗਾਉਣ, ਸਟੋਰ ਕਰਨ ਅਤੇ ਦੂਰ ਦੂਰ ਤੱਕ ਭੇਜਣ ਦਾ ਕੋਈ ਢਾਂਚਾ ਸੀ। ਲੋਕ ਆਪਣੇ ਘਰਾਂ, ਖੇਤਾਂ ਵਿੱਚ ਸਬਜ਼ੀਆਂ ਉਗਾਉਂਦੇ ਸਨ। ਉਸੇ ਦਿਨ ਤਾਜ਼ਾ ਤੋੜ ਕੇ ਕੱਟ ਕੇ ਬਣਾ ਲੈਂਦੇ ਸਨ ਅਤੇ ਖ਼ਤਮ ਕਰ ਦਿੰਦੇ ਸਨ। ਕਿਉਂਕਿ ਫ਼ਰਿਜ ਨਹੀਂ ਸੀ, ਇਸ ਕਰ ਕੇ ਅਗਲੇ ਦਿਨ ਲਈ ਰੱਖਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਅੱਜ ਦੇ ਪੱਛਮੀ ਸਮਾਜ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਤਾਜ਼ਾ ਸਬਜ਼ੀਆਂ ਨੂੰ ਪ੍ਰਾਪਤ ਕਰਨਾ ਹੈ। ਬਾਸੀ ਹੋਈਆਂ ਸਬਜ਼ੀਆਂ ਫ਼ਾਇਦਾ ਕਰਨ ਦੀ ਬਜਾਏ ਨੁਕਸਾਨ ਕਰਦੀਆਂ ਹਨ। ਇਸ ਕਰ ਕੇ ਅੱਜ ਦੇ ਸਮੇਂ ਦੀਆਂ ਪ੍ਰਸਥਿਤੀਆਂ ਮੁਤਾਬਕ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ।
ਕਣਕ ਅਤੇ ਚੌਲ ਸਰੀਰ ਦੀਆਂ ਕਾਰਬੋਹਾਈਡਰੇਟਸ ਅਤੇ ਵਿਟਾਮਿਨ ਬੀ ਕੰਪਲੈਕਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁਢਲੀ ਖ਼ੁਰਾਕ ਹਨ। ਇਹ ਹਰ ਕਿਸੇ ਲਈ ਜ਼ਰੂਰੀ ਹਨ। ਪੁਰਾਣੇ ਜ਼ਮਾਨੇ ਵਿੱਚ ਲੋਕ ਅਨਾਜ ਨੂੰ ਜਿਸ ਤਰੀਕੇ ਨਾਲ ਖਾਂਦੇ ਸਨ, ਉਹ ਉਨ੍ਹਾਂ ਦੇ ਕੁਦਰਤੀ ਰੂਪ ਦੇ ਕਾਫ਼ੀ ਨੇੜੇ ਰਹਿੰਦਾ ਸੀ। ਅੱਜ ਇਨ੍ਹਾਂ ਨਾਲ ਅਜਿਹੀਆਂ ਚੀਜ਼ਾਂ ਬਣਨ ਲੱਗੀਆਂ ਹਨ, ਜਿਹੜੀਆਂ ਕਹਿਣ ਨੂੰ ਤਾਂ ਕਣਕ ਜਾਂ ਚੌਲਾਂ ਤੋਂ ਬਣੀਆਂ ਹਨ ਪਰ ਤਰਾਂ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘ ਕੇ ਉਨ੍ਹਾਂ ਦੇ ਅਸਲ ਤੱਤ ਗੁਆਚ ਜਾਂਦੇ ਹਨ। ਅੱਜਕੱਲ੍ਹ ਦੇ ਦੌਰ ਦੇ ਮੱਦੇਨਜ਼ਰ ਸਿਆਣੇ ਲੋਕ ਦੱਸਦੇ ਹਨ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੋਲ ਵ੍ਹੀਟ ਆਟਾ ਜਾਂ ਉਸ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ। ਜੇ ਬਰੈਡ ਵੀ ਖਾਣੀ ਹੈ ਤਾਂ ਉਹ ਹੋਲ ਵੀਟ ਬਰੈਡ ਹੋਵੇ। ਵਾਈਟ ਬਰੈਡ ਤੋਂ ਬਚਾਅ ਕਰਨਾ ਚਾਹੀਦਾ ਹੈ। ਅੱਜਕੱਲ੍ਹ ਫ਼ਰੋਜ਼ਨ ਰੋਟੀਆਂ ਅਤੇ ਪਰੌਂਠੇ ਮਿਲਣ ਲੱਗੇ ਹਨ। ਪਰ ਸਭ ਤੋਂ ਚੰਗੀ ਚੀਜ਼ ਇਹੀ ਰਹਿੰਦੀ ਹੈ ਕਿ ਹੋਲ ਵ੍ਹੀਟ ਆਟੇ ਨਾਲ ਘਰ ਵਿੱਚ ਬਣਾ ਕੇ ਤਾਜ਼ਾ ਰੋਟੀ ਖਾਧੀ ਜਾਵੇ।
ਦੁੱਧ ਅਤੇ ਘਿਓ ਪਾਚਨ ਪ੍ਰਣਾਲੀ ਲਈ ਜਿਥੇ ਪ੍ਰੋਟੀਨ ਆਦਿ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉਥੇ ਸਾਧਨਾ ਦੌਰਾਨ ਵੀ ਇਨ੍ਹਾਂ ਦੀ ਵਿਸ਼ੇਸ਼ ਲੋੜ ਹੁੰਦੀ ਹੈ ਪਰ ਸਿਮਿਤ ਮਾਤਰਾ ਵਿੱਚ। ਇਹ ਜਿਥੇ ਪਾਚਨ ਪ੍ਰਣਾਲੀ ਦੀਆਂ ਨਾੜੀਆਂ ਵਿੱਚ ਉਚਿਤ ਮਿਊਕਸ ਦੀ ਸਪਲਾਈ ਲਈ ਲੋੜੀਂਦੇ ਹਨ, ਉਥੇ ਪੇਟ ਵਿੱਚ ਐਸੀਡਿਟੀ ਤੇ ਹੀਟ ਨੂੰ ਵੀ ਸੰਤੁਲਤ ਕਰਦੇ ਹਨ, ਜਿਹੜੀ ਸਾਧਨਾ ਦੌਰਾਨ ਆਮ ਨਾਲੋਂ ਜ਼ਿਆਦਾ ਪੈਦਾ ਹੁੰਦੀ ਹੈ। ਪਰ ਪੱਛਮੀ ਮੁਲਕਾਂ ਵਿੱਚ ਤਾਜ਼ਾ ਦੁੱਧ ਪ੍ਰਾਪਤ ਕਰਨਾ ਵੀ ਇੱਕ ਸੁਪਨਾ ਹੀ ਹੈ। ਜਿਸ ਤਰੀਕੇ ਨਾਲ ਦੁੱਧ ਇਥੇ ਪੈਦਾ ਅਤੇ ਸਪਲਾਈ ਹੁੰਦਾ ਹੈ, ਜੇ ਉਸ ਦੇ ਵਿਸਥਾਰ ਵਿੱਚ ਜਾਣ ਲੱਗੀਏ ਤਾਂ ਉਹ ਵੀ ਉਸ ਦੁੱਧ ਤੋਂ ਬਹੁਤ ਦੂਰ ਦੀ ਗੱਲ ਹੈ, ਜਿਸ ਨੂੰ ਤਾਜ਼ਾ ਦੁੱਧ ਕਿਹਾ ਜਾਂਦਾ ਸੀ।
ਸ਼ੂਗਰ ਜਾਂ ਮਿੱਠਾ ਦਿਮਾਗੀ ਸਿਸਟਮ ਅਤੇ ਸਰੀਰ ਦੇ ਹੋਰ ਕਈ ਸਿਸਟਮਾਂ ਦੀ ਸਹੀ ਕਾਰਜ ਪ੍ਰਣਾਲੀ ਲਈ ਜ਼ਰੂਰੀ ਹੈ। ਯੋਗ ਗ੍ਰੰਥਾਂ ਨੇ ਸ਼ਹਿਦ ਦੀ ਸਿਫ਼ਾਰਿਸ਼ ਕੀਤੀ ਹੈ। ਸ਼ਹਿਦ ਨੂੰ ਅਜਿਹਾ ਮੁਕੰਮਲ ਭੋਜਨ ਕਿਹਾ ਜਾਂਦਾ ਹੈ, ਜਿਸ ਨੂੰ ਜਜ਼ਬ ਕਰਨ ਲਈ ਸਾਡੀ ਪਾਚਨ ਪ੍ਰਣਾਲੀ ਨੂੰ ਕੁੱਝ ਵੀ ਨਹੀਂ ਕਰਨਾ ਪੈਂਦਾ। ਇਹ ਆਪਣੇ ਆਪ ਵਿੱਚ ਹੀ ਪਚਿਆ ਹੋਇਆ ਭੋਜਨ ਹੁੰਦਾ ਹੈ।
ਜਿਥੋਂ ਤੱਕ ਦਾਲਾਂ ਦਾ ਸਬੰਧ ਹੈ, ਉਨ੍ਹਾਂ ਬਾਰੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਤੋਂ ਉਤਮ ਭੋਜਨ ਪਦਾਰਥ ਹਨ। ਜਿਥੇ ਇਹ ਪ੍ਰੋਟੀਨ ਦੇ ਸਭ ਤੋਂ ਵਧੀਆ ਸਰੋਤ ਹਨ, ਉਥੇ ਇਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਆਧੁਨਿਕ ਫ਼ੂਡ ਇੰਡਸਟਰੀ ਦੇ ਵਿਗਾੜਾਂ ਤੋਂ ਇਹ ਸਭ ਤੋਂ ਘੱਟ ਪ੍ਰਭਾਵਤ ਹੁੰਦੀਆਂ ਹਨ। ਪੱਛਮੀ ਮੁਲਕਾਂ ਦੀ ਅੱਜ ਦੀ ਸਥਿਤੀ ਮੁਤਾਬਕ ਜੇ ਦੇਖੀਏ ਤਾਂ ਇਹ ਸਭ ਤੋਂ ਵੱਧ ਭਰੋਸੇਯੋਗ ਭੋਜਨ ਪਦਾਰਥ ਹੈ। ਪਰ ਗਹਿਰੀ ਸਾਧਨਾਂ ਵਿੱਚ ਪਏ ਲੋਕਾਂ ਨੂੰ ਮੂੰਗ ਅਤੇ ਹੋਰ ਹਲਕੀਆਂ ਦਾਲਾਂ ਖਾਣੀਆਂ ਚਾਹੀਦੀਆਂ ਹਨ। ਛੋਲੇ ਵਗੈਰਾ ਪਾਚਨ ਪ੍ਰਣਾਲੀ 'ਤੇ ਜ਼ਿਆਦਾ ਭਾਰ ਪਾਉਂਦੇ ਹਨ ਅਤੇ ਪਚਣ ਵਿੱਚ ਸਮਾਂ ਲਗਾਉਂਦੇ ਹਨ।
ਪਾਣੀ ਜੀਵਨ ਦਾ ਸਭ ਤੋਂ ਵੱਡਾ ਸਰੋਤ ਹੈ। ਪਾਣੀ ਨੂੰ ਕੁੱਝ ਲੋਕ ਜੀਵਨ ਦੀ ਬੁਨਿਆਦ ਕਹਿੰਦੇ ਹਨ। ਪਰ ਹੈਰਾਨੀ ਅਤੇ ਦੁਖ ਦੀ ਗੱਲ ਹੈ ਕਿ ਅੱਜ ਦੀ ਜ਼ਿੰਦਗੀ ਨੇ ਪਾਣੀ ਨੂੰ ਵੀ ਪ੍ਰਦੂਸ਼ਤ ਕਰ ਦਿੱਤਾ ਹੈ। ਪਾਣੀ ਬਾਰੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਪਾਣੀ ਆਪਣੇ ਕੁਦਰਤੀ ਸਰੋਤਾਂ ਦੇ ਨੇੜੇ ਹੁੰਦਾ ਹੈ, ਉਹ ਹੀ ਤਾਜ਼ਾ ਅਤੇ ਜੀਵਨਦਾਤਾ ਹੁੰਦਾ ਹੈ। ਜਦੋਂ ਅਸੀਂ ਲੰਬਾ ਸਮਾਂ ਪਾਣੀ ਨੂੰ ਉਸ ਦੇ ਕੁਦਰਤੀ ਸਰੋਤ ਤੋਂ ਵੱਖ ਕਰ ਕੇ ਕਿਸੇ ਭਾਂਡੇ ਜਾਂ ਬੰਦ ਚੀਜ਼ ਵਿੱਚ ਰੱਖ ਦਿੰਦੇ ਹਾਂ ਤਾਂ ਉਹ ਆਪਣੇ ਸਰੋਤ ਤੋਂ ਟੁੱਟ ਜਾਂਦਾ ਹੈ ਅਤੇ ਕੁੱਝ ਅਜਿਹਾ ਹੈ, ਜਿਹੜਾ ਉਸ ਵਿੱਚੋਂ ਗੁਆਚ ਜਾਂਦਾ ਹੈ। ਕੁੱਝ ਲੋਕ ਕਹਿੰਦੇ ਹਨ ਕਿ ਪਾਣੀ ਵੀ ਬਾਸਾ ਹੁੰਦਾ ਹੈ। ਭਾਰਤ ਦੇ ਪੁਰਾਣੇ ਸਮਾਜ ਵਿੱਚ ਤਾਂ ਇਹ ਬਕਾਇਦਾ ਇੱਕ ਧਾਰਨਾ ਸੀ। ਲੋਕ ਤਾਜ਼ਾ ਪਾਣੀ ਹੀ ਪੀਂਦੇ ਸਨ। ਪਰ ਜਿਨ੍ਹਾਂ ਨੇ ਪਾਣੀ ਨੂੰ ਵੀ ਬਿਜ਼ਨਸ ਬਣਾ ਲਿਆ ਹੈ, ਉਨਾਂ ਨੇ ਇਸ ਨੂੰ ਵੀ ਬੋਤਲਾਂ ਵਿੱਚ ਬੰਦ ਕਰ ਦਿਤਾ ਹੈ।
ਕੈਨੇਡਾ ਵਿੱਚ ਜੋ ਪਾਣੀ ਘਰਾਂ ਵਿੱਚ ਟੂਟੀਆਂ ਰਾਹੀਂ ਸਪਲਾਈ ਹੁੰਦਾ ਹੈ, ਉਹ ਪੀਣ ਲਾਇਕ ਪਾਣੀ ਹੁੰਦਾ ਹੈ। ਉਹ ਪਾਣੀ ਬੋਤਲਾਂ ਵਾਲੇ ਪਾਣੀ ਨਾਲੋਂ ਹਜ਼ਾਰ ਗੁਣਾ ਚੰਗਾ ਹੈ। ਇਸ ਕਰ ਕੇ ਬੋਤਲਾਂ ਵਾਲਾ ਪਾਣੀ ਪੀਣ ਦੀ ਬਜਾਏ ਟੂਟੀ ਵਾਲਾ ਪਾਣੀ ਬਿਹਤਰ ਹੈ। ਪਾਣੀ ਸਰੀਰ ਦੇ ਸਮੁੱਚੇ ਸਿਸਟਮ ਨੂੰ ਸ਼ੁਧ ਅਤੇ ਸਾਫ਼ ਕਰਨ ਲਈ ਇੱਕ ਬੁਨਿਆਦੀ ਜ਼ਰੂਰਤ ਹੈ। ਪਾਣੀ ਦੀ ਇੱਕ ਆਪਣੀ ਸੂਖਮ ਊਰਜਾ ਹੈ। ਪਾਣੀ ਵੀ ਆਪਣੇ ਆਪ ਵਿੱਚ ਇੱਕ ਭੋਜਨ ਤੱਤ ਹੈ। ਇਸ ਕਰਕੇ ਸ਼ੁਧ ਅਤੇ ਸਾਫ਼ ਪਾਣੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ।
ਭੋਜਨ ਦੇ ਨੁਕਤੇ ਤੋਂ ਅਸੀਂ ਜਦੋਂ ਪੱਛਮੀ ਜ਼ਿੰਦਗੀ 'ਤੇ ਨਜ਼ਰ ਮਾਰਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਕੁਦਰਤ ਦੀ ਤਾਜ਼ਗੀ ਅਤੇ ਸ਼ੁਧਤਾ ਤੋਂ ਐਨਾ ਦੂਰ ਆ ਗਏ ਹਾਂ ਕਿ ਖਾਣੇ ਲਈ ਕੋਈ ਸ਼ੁਧ ਅਤੇ ਤਾਜ਼ਾ ਚੀਜ਼ ਲੱਭਣੀ ਲਗਭਗ ਅਸੰਭਵ ਜਿਹੀ ਗੱਲ ਲੱਗਦੀ ਹੈ। ਸਾਨੂੰ ਇਸ ਸਥਿਤੀ ਵਿੱਚ ਆਪਣੀ ਸਮਝ ਮੁਤਾਬਕ ਅਜਿਹੇ ਰਸਤੇ ਲੱਭਣੇ ਚਾਹੀਦੇ ਹਨ, ਜਿਹੜੇ ਜੇ ਸੌ ਫ਼ੀਸਦੀ ਨਾ ਸਹੀ, ਜਿੰਨਾ ਵੀ ਸੰਭਵ ਹੋ ਸਕਣ, ਕੁਦਰਤੀ ਤਾਜ਼ਗੀ ਅਤੇ ਸ਼ੁਧਤਾ ਦੇ ਨੇੜੇ ਹੋਣ ਜਾਂ ਮਿਲਾਵਟ ਜਾਂ ਪ੍ਰਦੂਸ਼ਨ ਤੋਂ ਮੁਕਤ ਹੋਣ।
ਫੋਨ: 905-595-0658