
ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਅਚਾਨਕ ਹੀ, ਕਿਸੇ ਸਮੇਂ ਜ. ਸੰਤੋਖ ਸਿੰਘ ਦੇ ਨੇੜਲੇ ਸਹਿਯੋਗੀ ਰਹੇ ਇੱਕ ਸੀਨੀਅਰ ਅਕਾਲੀ ਮੁੱਖੀ ਨਾਲ ਮੁਲਾਕਾਤ ਹੋ ਗਈ। ਇੱਕ-ਦੂਜੇ ਦੀ ਸੁਖ-ਸਾਂਦ ਪੁਛਣ ਤੋਂ ਬਾਅਦ ਜ. ਸੰਤੋਖ ਸਿੰਘ ਨਾਲ ਆਪੋ-ਆਪਣੇ ਸੰਬੰਧਾਂ ਨੂੰ ਲੈ ਕੇ ਚਰਚਾ ਛਿੜ ਪਈ। ਗਲਾਂ-ਗਲਾਂ ਵਿੱਚ ਉਨ੍ਹਾਂ ਦਸਿਆ ਕਿ ਜ. ਸੰਤੋਖ ਸਿੰਘ ਦੀ ਹੱਤਿਆ ਹੋ ਜਾਣ ਤੋਂ ਬਾਅਦ ਦਿੱਲੀ ਦੀ ਅਕਾਲੀ ਰਾਜਨੀਤੀ ਵਿੱਚ ਇੱਕ ਤਰ੍ਹਾਂ ਦਾ ਖ਼ਲਾਅ ਜਿਹਾ ਪੈਦਾ ਹੋ ਗਿਆ ਸੀ। ਕੋਈ ਇੱਕ ਵੀ ਅਜਿਹਾ ਅਕਾਲੀ ਮੁੱਖੀ ਨਜਥਰ ਨਹੀਂ ਸੀ ਆ ਰਿਹਾ, ਜਿਸ ਤੋਂ ਇਹ ਆਸ ਕੀਤੀ ਜਾ ਸਕਦੀ ਕਿ ਉਹ ਜ. ਸੰਤੋਖ ਸਿੰਘ ਦੀ ਸੋਚ ਨੂੰ ਸਾਕਾਰ ਕਰਨ ਦੀ ਜ਼ਿਮੇਂਦਾਰੀ ਸੰਭਾਲ ਸਕੇਗਾ।
ਉਨ੍ਹਾਂ ਦੀ ਸੋਚ ਕੀ ਸੀ? ਇਹ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਨ-1979 ਵਿੱਚ ਜ. ਸੰਤੋਖ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਮਾ. ਤਾਰਾ ਸਿੰਘ) ਦਾ ਗਠਨ ਕੀਤਾ ਗਿਆ ਸੀ। ਉਸੇ ਵਰ੍ਹੇ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਅਗਲੇ ਹੀ ਵਰ੍ਹੇ, ਅਰਥਾਤ ਸੰਨ-1980 ਵਿੱਚ, ਜਲੰਧਰ ਵਿੱਖੇ ਦਲ ਦੀ ਪਹਿਲੀ ਕਾਨਫ੍ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ
ਉਨ੍ਹਾਂ ਪ੍ਰਧਾਨਗੀ ਭਾਸ਼ਣ ਵਿੱਚ ਆਪਣੀ ਸੋਚ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਕਿਹਾ ਕਿ ਅੱਜ ਖਾਲਸਾ ਪੰਥ ਬਹੁਤ ਹੀ ਸੰਕਟ ਭਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੰਥ-ਦੁਸ਼ਮਣ ਸ਼ਕਤੀਆਂ ਨੇ ਅੰਦਰੋਂ ਅਤੇ ਬਾਹਰੋਂ ਉਸ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ। ਨਾਸਤਿਕਤਾ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ, ਪ੍ਰੰਤੂ ਸਿੱਖੀ ਦਾ ਪ੍ਰਚਾਰ ਠੀਕ ਢੰਗ ਨਾਲ ਨਾ ਹੋ ਪਾਣ ਕਾਰਣ, ਸਾਡੀ ਨਵੀਂ ਪੀੜ੍ਹੀ ਧਰਮ ਨਾਲੋਂ ਟੁੱਟਦੀ, ਭਟਕਦੀ ਜਾ ਰਹੀ ਹੈ। ਇਸ ਸਥਿਤੀ ਨੂੰ ਸੰਭਾਲਣ ਲਈ ਜੋ ਕੁੱਝ ਕੀਤਾ ਜਾਣਾ ਚਾਹੀਦਾ ਹੈ, ਉਹ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅਲੱਗ ਪਛਾਣ, ਜੋ ਕਿ ਉਨ੍ਹਾਂ ਦਾ ਸਰੂਪ ਹੈ, ਨੂੰ ਸੰਭਾਲਣ ਵਲੋਂ ਅਣਗਹਿਲੀ ਕੀਤੀ ਜਾਣ ਲੱਗੀ ਹੈ। ਪੰਜ ਕਕਾਰਾਂਂਕੱਛ, ਕੜਾ, ਕੇਸ, ਕੰਘਾ ਅਤੇ ਕ੍ਰਿਪਾਨ ਨੂੰ ਆਪਣੇ ਅੰਗ-ਸੰਗ ਬਣਾਈ ਰਖਣ ਦਾ ਜਜ਼ਬਾ ਘਟਦਾ ਜਾ ਰਿਹਾ ਹੈ। ਸਿੱਖੀ ਦੇ ਘਰ, ਪੰਜਾਬ ਵਿੱਚ ਸਿੱਖ ਨੌਜਵਾਨਾਂ ਵਿੱਚ ਕੇਸਾਂ ਦੀ ਬੇਅਦਬੀ ਕਰਨ 'ਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਜਵਾਨੀ ਬਰਬਾਦ ਕਰਨ ਵਲ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਠਲ੍ਹ ਨਹੀਂ ਪਾਈ ਜਾ ਸਕੀ।
ਉਨ੍ਹਾਂ ਦਸਿਆ ਕਿ ਉਸ ਸਮੇਂ ਜ. ਸੰਤੋਖ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਗੁਰੂਡੰਮ ਦੇ ਨਿਤ ਨਵੇਂ ਅੱਡੇ ਕਾਇਮ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਵੋਟਾਂ ਦੀ ਰਾਜਨੀਤੀ ਦੇ 'ਗ਼ੁਲਾਮ' ਆਗੂਆਂ ਪਾਸੋਂ ਰਾਜਸੀ ਸਰਪ੍ਰਸਤੀ ਪ੍ਰਾਪਤ ਹੋ ਰਹੀ ਹੈ। ਜਾਣੇ-ਅਨਜਾਣੇ, ਕਈ ਸਿੱਖ ਉਨ੍ਹਾਂ ਪਿੱਛੇ ਲੱਗ ਭਟਕ ਰਹੇ ਹਨ। ਜਿਥੇ ਵਿਦੇਸ਼ਾਂ ਅਤੇ ਪੰਜਾਬੋਂ ਬਾਹਰ ਦੇ ਰਾਜਾਂ ਵਿੱਚ ਸਿੱਖੀ ਸਰੂਪ ਅਤੇ ਉਸ ਪ੍ਰਤੀ ਮਾਣ ਵੱਧ ਰਿਹਾ ਹੈ, ਉੱਥੇ ਹੀ ਗੁਰੂਆਂ ਦੀ ਧਰਤੀ, ਪੰਜਾਬ ਵਿੱਚੋਂ ਇਹ ਸਰੂਪ ਅਤੇ ਉਸ 'ਤੇ ਮਾਣ ਲਗਾਤਾਰ ਮੁਕਦਾ ਜਾ ਰਿਹਾ ਹੈ। ਜਿਸ ਦਾ ਮੁਕਾਬਲਾ ਸਿੱਖਾਂ ਵਲੋਂ ਚੁਣੀਆਂ ਹੋਈਆਂ ਧਾਰਮਕ ਸੰਸਥਾਵਾਂ ਨੂੰ ਦ੍ਰਿੜ੍ਹਤਾ ਨਾਲ ਕਰਨਾ ਚਾਹੀਦਾ ਸੀ, ਪ੍ਰੰਤੂ ਉਹ ਆਪਣੀ ਜ਼ਿਮੇਂਦਾਰੀ ਨਿਭਾਣ ਵਿੱਚ ਸਫ਼ਲ ਨਹੀਂ ਹੋਈਆਂ। ਇਸ ਦਾ ਕਾਰਣ ਦਸਦਿਆਂ ਜ. ਸੰਤੋਖ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਧਰਮ-ਪ੍ਰਚਾਰ ਫ਼ੰਡ ਗ਼ੈਰਜ਼ਿੰਮੇਵਾਰਾਨਾ ਢੰਗ ਨਾਲ ਕੁੱਝ ਲੋਕਾਂ ਦੀ ਨਿਜੀ ਪ੍ਰਤਿਭਾ ਨੂੰ ਉਭਾਰਨ 'ਤੇ ਖ਼ਰਚ ਕੀਤਾ ਜਾ ਰਿਹਾ ਹੈ। ਫ਼ਲਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਪ੍ਰਬੰਧ ਪਹਿਲਾਂ ਨਾਲੋਂ ਵੀ ਕਿਤੇ ਵੱਧ ਵਿਗੜਦਾ ਜਾ ਰਿਹਾ ਹੈ ਅਤੇ ਇਸ ਦੇ ਲਈ ਉਹੀ ਆਗੂ ਜ਼ਿਮੇਂਦਾਰ ਹਨ ਜੋ ਇਨ੍ਹਾਂ ਹਾਲਾਤ ਤੋਂ ਪੰਥ ਨੂੰ ਬਚਾਣ ਲਈ ਉਨ੍ਹਾਂ ਦੇ ਮੁਕਾਬਲੇ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਦੀ ਬਜਾਏ, ਆਪਣੀਆਂ ਗੱਦੀਆਂ, ਕੁਰਸੀਆਂ, ਪ੍ਰਧਾਨਗੀਆਂ ਅਤੇ ਨਿਜੀ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਾਧਨਾਂ, ਸਮੇਂ ਤੇ ਸ਼ਕਤੀ ਨੂੰ ਇਸਤੇਮਾਲ ਕਰ ਰਹੇ ਹਨ। ਨਤੀਜੇ ਵਜੋਂ ਪੰਥ ਉੱਪਰ ਚਹੁੰ ਪਾਸਿਆਂ ਤੋਂ ਸੰਕਟ ਦੇ ਬੱਦਲ ਮੰਡਰਾਉਣ ਲਗੇ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਧਰਮ-ਸਥਾਨਾਂ ਵਿੱਚ ਸਮਾਜ-ਵਿਰੋਧੀ ਤੱਤਾਂ ਨੂੰ ਦੁਰਾਚਾਰ ਅਤੇ ਕਾਲੇ ਧੰਦੇ ਕਰਨ ਦੀ ਖੁਲ੍ਹੀ ਛੁੱਟੀ ਦੇਣ ਵਾਲੀ ਲੀਡਰਸ਼ਿਪ ਪੰਥ ਦੀ ਬਦਨਾਮੀ ਦਾ ਕਾਰਣ ਬਣ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸਾਂ ਸਾਰਿਆਂ ਨੇ ਅੱਜ ਖੁਲ੍ਹੀਆਂ ਵਿਚਾਰਾਂ ਕਰ ਅਜਿਹਾ ਰਸਤਾ ਚੁਣਨਾ ਅਤੇ ਅਜਿਹੇ ਸਾਧਨ ਤਲਾਸ਼ਣੇ ਹਨ, ਜਿਨ੍ਹਾਂ ਨਾਲ ਨਾਸਤਿਕਤਾ ਦੀ ਲਹਿਰ ਨੂੰ ਠਲ੍ਹ ਪਾਈ ਜਾ ਸਕੇ, ਗੁਰੂਡੱਮ ਦੇ ਅੱਡੇ ਖਤਮ ਕੀਤੇ ਜਾ ਸਕਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਧਰਮ-ਪ੍ਰਚਾਰ ਕੀਤਾ ਜਾ ਸਕੇ।
ਇਹ ਸਭ ਕੁੱਝ ਦਸ, ਉਨ੍ਹਾਂ ਪੁਛਿਆ ਕਿ ਕੀ ਅੱਜ 32 ਵਰ੍ਹਿਆਂ ਬਾਅਦ ਦੀ ਦਸ਼ਾ ਉਸ ਸਮੇਂ ਦੀ ਦਸ਼ਾ ਤੋਂ ਕਿਤੇ ਵਧੇਰੇ ਗਈ ਗ਼ੁਜ਼ਰੀ ਅਤੇ ਬਦਤਰ ਨਹੀਂ ਹੋ ਗਈ ਹੋਈ? ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗਲ ਹੈ ਕਿ ਜ. ਸੰਤੋਖ ਸਿੰਘ ਦੀ ਜ਼ਿੰਦਗੀ ਨੇ ਉਨ੍ਹਾਂ ਨਾਲ ਵਫ਼ਾ ਨਹੀਂ ਕੀਤੀ, ਜਿਸ ਕਰ ਕੇ ਉਨ੍ਹਾਂ ਦੀ ਸੰਜੋਈ ਸੋਚ ਅੱਗੇ ਨਾ ਵੱਧ ਸਕੀ। ਉਨ੍ਹਾਂ ਹੋਰ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਦੇ ਸਾਹਿਬਜ਼ਾਦੇ ਜ. ਮਨਜੀਤ ਸਿੰਘ ਆਪਣੇ ਪਿਤਾ ਦੀ ਸੋਚ ਦੀ ਵਿਰਾਸਤ ਨੂੰ ਸੰਭਾਲਦੇ ਅਤੇ ਉਸ ਨੂੰ ਅੱਗੇ ਵਧਾਣ ਦੀ ਜ਼ਿਮੇਂਦਾਰੀ ਨਿਭਾਂਦੇ। ਉਨ੍ਹਾਂ ਦਸਿਆ ਕਿ ਜਦੋਂ ਜ. ਮਨਜੀਤ ਸਿੰਘ ਨੇ ਇੱਕ ਸਮੇਂ ਇਸ ਪਾਸੇ ਪਹਿਲ ਕਰਨ ਵੱਲ ਕਦਮ ਵਧਾਇਆ, ਤਾਂ ਜ. ਸੰਤੋਖ ਸਿੰਘ ਦੇ ਸਾਥੀ-ਸਹਿਯੋਗੀਆਂ ਨੂੰ ਆਸ ਬਝੀ ਕਿ ਹੁਣ ਜ. ਸੰਤੋਖ ਸਿੰਘ ਦੀ ਸੋਚ ਨੂੰ ਹੋਂਦ ਵਿੱਚ ਆਉਣ ਤੋਂ ਕੋਈ ਰੋਕ ਨਹੀਂ ਸਕੇਗਾ। ਪ੍ਰੰਤੂ ਜ. ਮਨਜੀਤ ਸਿੰਘ ਛੇਤੀ ਹੀ ਭਟਕ ਕੇ, ਉਨ੍ਹਾਂ ਹੀ ਲੋਕਾਂ ਨਾਲ ਜਾ ਖੜ੍ਹੇ ਹੋਏ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਇਨ੍ਹਾਂ ਹਾਲਾਤ ਲਈ ਜ਼ਿਮੇਂਦਾਰ ਗਰਦਾਨਦੇ ਸਨ ਜਿਸ ਦਾ ਨਤੀਜਾ ਇਹ ਹੋਇਆ ਕਿ ਜ. ਸੰਤੋਖ ਸਿੰਘ ਦੇ ਸਾਥੀ ਅਤੇ ਸਹਿਯੋਗੀ ਰਹੇ ਅਕਾਲੀਆਂ ਦੀ ਆਸ ਨਿਰਾਸ਼ਾ ਵਿੱਚ ਬਦਲ ਗਈ।
ਮਰਵਾਹ ਦਾ ਆਪਣੇ ਹੀ ਪੈਰਾਂ 'ਤੇ ਕੁਲਹਾੜਾ: ਜਾਪਦਾ ਹੈ ਕਿ ਦਿੱਲੀ ਦੇ ਕਾਂਗ੍ਰਸੀ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਭਟਕ ਕੇ ਅਜਿਹੇ ਕੁਰਾਹੇ ਪੈ ਗਏ ਹੋਏ ਹਨ ਜੋ ਉਨ੍ਹਾਂ ਲਈ ਭਾਰੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕੁੱਝ ਸਮਾਂ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਆਪਣੇ ਹੀ ਇਲਾਕੇ ਦੇ ਮੁਸਲਮਾਨਾਂ ਨਾਲ ਖਹਿਬੜਬਾਜ਼ੀ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਮੀਨ ਜਾਇਦਾਦ ਛੱਡ, ਜਾਨ ਬਚਾ ਉਥੋਂ ਭੱਜ ਨਿਕਲਨਾ ਪਿਆ। ਇਸ ਸਥਿਤੀ ਨੂੰ ਸੰਭਾਲਣ ਵੱਲ ਧਿਆਨ ਦੇਣ ਦੀ ਬਜਾਏ ਉਹ ਸਿੱਖ ਨੇਤਾ ਬਣਨ ਲਈ ਹੱਥ-ਪੈਰ ਮਾਰਨ ਲਗੇ। ਇਸ ਚੱਕਰ ਵਿੱਚ ਪੈ, ਉਨ੍ਹਾਂ ਸਿੱਖਾਂ ਦੇ ਹੀ ਇੱਕ ਗੁਟ ਨਾਲ ਪੰਗਾ ਲੈ ਲਿਆ। ਜਿਸ ਦੇ ਫ਼ਲਸਰੂਪ ਉਨ੍ਹਾਂ ਦੇ ਆਪਣੇ ਹੀ ਹਲਕੇ ਦੇ ਕਈ ਸਿੱਖ ਉਨ੍ਹਾਂ ਤੋਂ ਦੂਰ ਹੋ ਗਏ। ਉਹ ਇਹ ਗਲ ਭੁਲ ਗਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਵਿਰੁੱਧ ਮੈਦਾਨ ਵਿੱਚ ਉਤਰੇ ਮਨਜਿੰਦਰ ਸਿੰਘ ਸਿਰਸਾ ਦੇ ਸਿੱਖ ਪ੍ਰਤੀਨਿਧੀ ਹੋਣ ਕਾਰਨ ਹੀ, ਉਨ੍ਹਾਂ (ਸ. ਸਿਰਸਾ) ਵਿਰੁੱਧ, ਉਨ੍ਹਾਂ (ਸ. ਮਰਵਾਹ) ਨੂੰ ਉਸੇ ਪਾਰਟੀ ਦੇ ਵਰਕਰਾਂ ਦਾ ਸਾਥ ਮਿਲ ਗਿਆ ਜਿਸ ਦੇ ਟਿਕਟ 'ਤ ਸ. ਸਿਰਸਾ, ਉਨ੍ਹਾਂ ਵਿਰੁੱਧ ਚੋਣ ਮੈਦਾਨ ਵਿੱਚ ਉੱਤਰੇ ਸਨ। ਹੁਣ ਸ. ਮਰਵਾਹ ਨੇ ਭਟਕ ਕੇ ਜੋ ਰਾਹ ਚੁਣਿਆ ਹੈ, ਉਸ ਦੀ ਘੋਖ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਇਸ ਵਾਰ ਵੀ ਉਨ੍ਹਾਂ ਦਾ ਸਾਹਮਣਾ ਸ. ਸਿਰਸਾ ਨਾਲ ਹੀ ਹੋਇਆ ਤਾਂ ਸ. ਸਿਰਸਾ ਉਨ੍ਹਾਂ ਨੂੰ ਬੁਰੀ ਤਰ੍ਹਾਂ ਪਟਖਣੀ ਦੇਣ ਵਿੱਚ ਸਫ਼ਲ ਹੋ ਸਕਦੇ ਹਨ।
ਬਾਦਲ ਅਕਾਲੀ ਦਲ ਬਨਾਮ ਭਾਜਪਾ ਸੰਸਕ੍ਰਿਤੀ: ਕੁੱਝ ਦਿਨ ਹੋਏ ਇੱਕ ਖ਼ਬਰ ਆਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਨੇ 'ਭੋਗਲ ਮੰਡਲ' ਦਾ ਗਠਨ ਕੀਤਾ ਹੈ। ਇਹ ਖ਼ਬਰ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਅਜੇ ਤਕ ਤਾਂ ਸ਼੍ਰੋਮਣੀ ਅਕਾਲੀ ਦਲਾਂ ਵਲੋਂ ਆਪਣੇ ਸਰਕਲ ਜੱਥੇ ਕਾਇਮ ਕੀਤੇ ਜਾਂਦੇ ਚਲੇ ਆ ਰਹੇ ਸਨ। ਇਹ ਪਹਿਲੀ ਵਾਰ ਹੈ ਕਿ ਕਿਸੇ ਅਕਾਲੀ ਦਲ ਨੇ 'ਸਰਕਲ ਜੱਥੇ' ਕਾਇਮ ਕਰਨ ਦੀ ਬਜਾਏ 'ਮੰਡਲ' ਕਾਇਮ ਕਰਨੇ ਸ਼ੁਰੂ ਕਰ ਦਿੱਤੇ ਹਨ। ਜਦੋਂ ਇਸ ਹੈਰਾਨੀ ਨੂੰ ਦੂਰ ਕਰਨ ਲਈ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਹੀ ਇੱਕ ਮੁੱਖੀ ਨਾਲ ਸੰਪਰਕ ਕਰ ਕੇ ਉਸ ਤੋਂ ਪੁੱਛਿਆ ਕਿ ਉਨ੍ਹਾਂ ਅਕਾਲੀ ਦਲ ਦੀ ਪਰੰਪਰਾ ਅਤੇ ਨਿਯਮਾਂ ਅਨੁਸਾਰ ਸਰਕਲ ਜੱਥਿਆਂ ਦਾ ਗਠਨ ਕਰਨ ਦੀ ਬਜਾਏ, ਭਾਜਪਾ ਦੀ ਪਰੰਪਰਾ ਅਨੁਸਾਰ 'ਮੰਡਲਾਂ' ਦਾ ਗਠਨ ਕਰਨਾ ਕਿਉਂ ਸ਼ੁਰੂ ਕਰ ਦਿੱਤਾ ਹੈ? ਉਨ੍ਹਾਂ ਮੁਸਕ੍ਰਾਉਂਦਿਆਂ ਹੋਇਆਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਜਪਾ ਦੇ ਮੋਢਿਆਂ ਤੇ ਚੜ੍ਹ, ਸੱਤਾ ਦੀਆਂ ਕੁਰਸੀਆਂ ਤਕ ਪਹੁੰਚਦਾ ਚਲਿਆ ਆ ਰਿਹਾ ਹੈ, ਜੇ ਇਤਨੇ ਲੰਮੇਂ ਸਮੇਂ ਵਿੱਚ ਉਸ ਉੱਪਰ ਭਾਜਪਾ ਦੀ ਸੰਸਕ੍ਰਿਤੀ ਹਾਵੀ ਹੋ ਗਈ ਹੈ ਤਾਂ ਇਸ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਬਾਦਲ ਅਕਾਲੀ ਦਲ ਨੇ ਪਹਿਲਾਂ ਹੀ ਭਾਜਪਾ ਵਾਂਗ ਰਾਸ਼ਟਰੀ ਪਾਰਟੀ ਹੋਣ ਦਾ ਮੁਖੌਟਾ ਲਾ ਲਿਆ ਹੋਇਆ ਹੈ, ਹਾਲਾਂਕਿ ਨਾ ਤਾਂ ਭਾਜਪਾ ਹੀ ਰਾਮ ਮੰਦਰ ਤੋਂ ਬਾਹਰ ਨਿਕਲ ਸਕੀ ਹੈ ਅਤੇ ਨਾ ਹੀ ਬਾਦਲ ਅਕਾਲੀ ਦਲ ਗੁਰਧਾਮਾਂ ਤੋਂ ਬਾਹਰ ਨਿਕਲ ਪਾ ਰਿਹਾ ਹੈ।
... ਅਤੇ ਅੰਤ ਵਿੱਚ: ਸਿੱਖ ਵੇਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਸਤਪਾਲ ਸਿੰਘ ਮੰਗਾ ਨੇ ਕਿਹਾ ਹੈ ਕਿ ਰਾਜਧਾਨੀ ਦੇ ਅਕਾਲੀਆਂ ਦੇ ਇੱਕ ਗੁਟ ਵਲੋਂ ਅਪਨਾਈ ਜਾ ਰਹੀ ਨਕਾਰਾਤਮਕ ਨੀਤੀ ਸਿੱਖਾਂ ਦਾ ਬਿੰਬ ਵਿਗਾੜਨ ਦਾ ਕਾਰਨ ਬਣਦੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਗੁੱਟ ਸਕਾਰਾਤਮਕ ਨੀਤੀ ਨਹੀਂ ਅਪਨਾ ਸਕਦਾ ਤਾਂ ਇਸ ਨੂੰ ਘਟੋਘੱਟ ਪੰਥਕ ਹਿਤਾਂ ਦੀ ਖ਼ਾਤਰ ਨਕਾਰਾਤਮਕ ਨੀਤੀਆਂ ਤੋਂ ਤਾਂ ਤੋਬਾ ਕਰ ਹੀ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਜਧਾਨੀ ਦੇ ਵੱਖ-ਵੱਖਰੇ ਹਿੱਸਿਆਂ ਵਿੱਚ ਨੁੱਕੜ ਬੈਠਕਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਰ ਕੇ, ਉਨ੍ਹਾਂ ਨੂੰ ਸੱਚਾਈ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪਤਾ ਚੱਲਦਾ ਰਹਿ ਸਕੇ ਕਿ ਕੁੱਝ ਲੋਕੀ ਪੰਥ-ਵਿਰੋਧੀ ਭਾਵਨਾ ਦੇ ਸਹਾਰੇ ਸਿੱਖ-ਵਿਰੋਧੀਆਂ ਨਾਲ ਆਪਣੀ ਸਾਂਝ ਨੂੰ ਪਕਿਆਂ ਕਰੀ ਰੱਖ ਕੇ, ਆਪਣੀਆਂ ਰਾਜਸੀ ਰੋਟੀਆਂ ਸੇਕਣ ਲਈ ਸਮੁਚੇ ਸਿੱਖ-ਪੰਥ ਦਾ ਬਿੰਬ ਖ਼ਰਾਬ ਕਰ ਰਹੇ ਹਨ।
Mobile : + 91 98 68 91 77 31 E-mail :
This e-mail address is being protected from spambots. You need JavaScript enabled to view it
Address : Jaswant Singh Ajit, 64-C, U&V/B, Shalimar Bagh, DELHI-110088