Thursday, 16 August 2012 06:47
Print PDF

ਤਰਲੋਚਨ ਸਿੰਘ 'ਦੁਪਾਲ ਪੁਰ'
ਸੰਨ ਸੰਤਾਲ਼ੀ ਦੀ ਦੇਸ਼ ਵੰਡ ਬਾਰੇ ਵੱਖ ਵੱਖ ਸਮਿਆਂ 'ਤੇ ਕਈ ਫਿਲਮਾਂ ਬਣਦੀਆਂ ਰਹੀਆਂ ਹਨ। ਉਨ੍ਹਾਂ ਵਿੱਚੋਂ ਕਈ ਚਰਚਿਤ ਵੀ ਬਹੁਤ ਹੁੰਦੀਆਂ ਰਹੀਆਂ। ਇਸੇ ਤਰ੍ਹਾਂ ਉਸ ਖ਼ੂਨੀ ਦੌਰ ਬਾਬਤ ਨਾਵਲ, ਕਵਿਤਾਵਾਂ ਤੇ ਕਹਾਣੀਆਂ ਵੀ ਬਥੇਰੀਆਂ ਲਿਖੀਆਂ ਗਈਆਂ। ਲੇਕਿਨ ਸਆਦਤ ਹਸਨ ਮੰਟੋ ਨੇ ਆਪਣੀ ਕਹਾਣੀ 'ਟੋਭਾ ਟੇਕ ਸਿੰਘ' ਵਿੱਚ ਜਿਵੇਂ ਉਸ ਦੁਖਾਂਤ ਦੀਆਂ ਮਹੀਨ ਪਰਤਾਂ ਨੂੰ ਕਲਮ ਨਾਲ ਚਿਤਰਿਆ ਹੈ, ਉਸ ਦੀ ਕੋਈ ਹੋਰ ਮਿਸਾਲ ਲੱਭਣੀ ਔਖੀ ਹੈ। ਆਪਣੀ ਸੁਧ ਬੁਧ ਗਵਾ ਚੁੱਕਾ ਇੱਕ ਪਾਗਲ ਇਨਸਾਨ ਵੀ, ਆਪਣੀਂ ਜੰਮਣ-ਭੋਂਇਂ ਤੋਂ ਦੂਰ ਜਾਣ ਦੇ ਵਿਗੋਚੇ ਵਿੱਚ ਹਰੇਕ ਨੂੰ ਆਪਣੇ ਪਿੰਡ ਬਾਰੇ ਪੁਛੀ ਜਾਂਦਾ ਹੈ! ਕੋਈ ਬੇ-ਤਰਸ ਅੱਖਾਂ ਹੀ ਹੋਣਗੀਆਂ, ਜਿਹੜੀਆਂ ਮੰਟੋ ਦੀ ਇਹ ਕਹਾਣੀ ਪੜ੍ਹਦਿਆਂ ਸੁੱਕੀਆਂ ਰਹਿ ਜਾਣ।
ਭਾਵੇਂ ਇਹ ਕਹਾਣੀ ਮੈਂ ਕਈ ਦਫ਼ਾ ਪਹਿਲਾਂ ਵੀ ਪੜ੍ਹ ਚੁੱਕਾ ਹਾਂ, ਪਰ ਹੁਣ ਬੀਤੇ ਦਿਨੀਂ ਫ਼ਿਰ ਇਸ ਕਹਾਣੀ ਵਿਚਲੇ ਮਾਰਮਿਕ ਦ੍ਰਿਸ਼ ਪੜ੍ਹਦਿਆਂ, ਮੈਂਨੂੰ ਦੇਸ-ਵੰਡ ਦੀਆਂ ਉਹ ਗੱਲਾਂ ਯਾਦ ਆ ਗਈਆਂ, ਜੋ ਗਾਹੇ- ਬਗਾਹੇ ਸਾਡੇ ਘਰ ਵਿੱਚ ਹੁੰਦੀਆਂ ਰਹਿੰਦੀਆਂ ਸਨ। ਮੇਰੇ ਹੋਸ਼-ਹਵਾਸ ਸੰਭਾਲ਼ਣ ਤੱਕ ਭਾਵੇਂ ਇਹ ਕਹਿਰ ਵਾਪਰਿਆਂ ਅਠਾਰਾਂ-ਉੱਨੀਂ ਸਾਲ ਹੋ ਚੁੱਕੇ ਸਨ। ਪਰ ਜਦ ਵੀ ਕਦੇ ਸਾਡੇ ਮਾਤਾ-ਪਿਤਾ ਜਾਂ ਸਾਡੇ ਮਾਮੇ-ਭੂਆ ਜੀ 'ਰੌਲ਼ਿਆਂ' ਦੀਆਂ ਯਾਦਾਂ ਫਰੋਲਦੇ ਸਨ, ਤਦ ਉਹ ਇੰਝ ਬਿਰਤਾਂਤ ਸੁਣਾਇਆ ਕਰਦੇ ਸਨ, ਜਿਵੇਂ ਕਿਤੇ ਇਹ ਹਫ਼ਤਾ ਕੁ ਪਹਿਲਾਂ ਦੀਆਂ ਹੋਈਆਂ ਬੀਤੀਆਂ ਹੀ ਹੋਣ।
ਸਾਡੇ ਦਾਦੇ ਬਾਬੇ ਤਾਂ ਸੱਤ-ਅੱਠ ਪੀਹੜੀਆਂ ਤੋਂ ਦੁਆਬੇ ਦੇ ਇੱਕੇ ਪਿੰਡ (ਦੁਪਾਲ ਪੁਰ) ਦੇ ਪੱਕੇ ਬਾਸ਼ਿੰਦੇ ਸਨ, ਪਰ

 ਮੇਰੇ ਭਾਈਆ ਜੀ ਦਾ ਵਿਆਹ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਵਿੱਚ 'ਸਿੱਖਾਂ ਵਾਲ਼ਾਂ' ਰੇਲਵੇ ਸਟੇਸ਼ਨ ਦੇ ਲਾਗਲੇ ਪਿੰਡ ਚੱਕ ਇੱਕ ਸੌ ਉੱਨੀ (ਰਾਮ ਪੁਰ ਖੇੜੇ ਵਾਲੇ ਸੰਤ ਹਰਨਾਮ ਸਿੰਘ ਜੀ ਇਸੇ 'ਚੱਕ' ਦੇ ਜੰਮਪਲ਼ ਸਨ) ਵਿੱਚ ਹੋਇਆ ਸੀ। ਰੌਲ਼ਿਆਂ ਤੋਂ ਸੱਤ-ਅੱਠ ਕੁ ਸਾਲ ਪਹਿਲਾਂ ਇਹ ਵਿਆਹ ਹੋ ਚੁੱਕਾ ਸੀ। ਇਸ ਕਰ ਕੇ ਜਦੋਂ ਮਰੋ-ਮਰੀ ਸ਼ੁਰੂ ਹੋਈ ਤਾਂ ਮੇਰੇ ਮਾਤਾ ਜੀ ਦਾ ਆਪਣੇ ਮਾਪਿਆਂ ਪ੍ਰਤੀ ਚਿੰਤਤ ਹੋਣਾ ਸੁਭਾਵਿਕ ਹੀ ਸੀ। ਭਾਈਆ ਜੀ ਕਿਵੇਂ ਸੁਵਖਤੇ ਰੋਟੀ ਲੜ ਬੰਨ੍ਹ ਕੇ ਆਪਣੇ ਸਹੁਰਿਆਂ ਦੀ ਭਾਲ਼ ਵਿੱਚ ਨਿਕਲ਼ ਪੈਂਦੇ ਸਨ, ਇਹ ਉਨ੍ਹਾਂ ਭੀਹਾਵਲੇ ਦਿਨਾਂ ਦੀ ਅਲਗ ਕਹਾਣੀ ਹੈ। ਮੇਰੀਆਂ ਮਾਸੀਆਂ ਪਾਕਿਸਤਾਨੋਂ ਤੁਰੇ ਕਾਫਲਿਆਂ ਨਾਲ਼ ਬੀਤੀਆਂ ਅਣਹੋਣੀਆਂ ਸੁਣਾਉਣ ਵੇਲੇ ਹੁਬਕੀਂ ਰੋ ਪੈਂਦੀਆਂ ਹੁੰਦੀਆਂ ਸਨ। (ਕਾਫ਼ੀ ਬਿਰਧ ਅਵਸਥਾ ਵਿੱਚ ਮੇਰੀਆਂ ਇਹ ਦੋਵੇਂ ਮਾਸੀਆਂ ਜੀਵਤ ਹਨ) ਸਾਡੇ ਨਾਨੇ ਨੇ ਇਨ੍ਹਾਂ ਦੋਹਾਂ ਜਣੀਆਂ ਨੂੰ ਗੱਡੇ ਉੱਤੇ ਮੂੰਹ ਪਰਨੇ ਲੰਮੀਆਂ ਪਾ ਕੇ, ਉੱਪਰ ਰਜਾਈਆਂ -ਗਧੋਲੇ ਸੁੱਟ ਦਿੱਤੇ। ਤਾਂ ਕਿ ਇਹ 'ਦੁਸ਼ਮਣ' ਦੀ ਨਜ਼ਰੀਂ ਨਾ ਪੈ ਜਾਣ। ਭਰੇ-ਭੁਕੰਨੇ ਘਰ ਛੱਡ ਕੇ ਇੰਝ ਇਹ ਕਾਫ਼ਲਾ ਉਧਰੋਂ ਤੁਰਿਆ। ਨਾਨਾ ਦੱਸਦਾ ਹੁੰਦਾ ਸੀ ਕਿ ਖੁਰਲ੍ਹੀਆਂ ਤੋਂ ਆਪੇ ਖੋਲ੍ਹੇ ਬਾਕੀ ਪਸ਼ੂ ਤਾਂ ਇੱਧਰ ਉੱਧਰ ਤੁਰ ਗਏ ਪਰ ਇੱਕ ਪਾਲਤੂ ਗਊ ਰੰਭਦੀ ਹੋਈ ਇਨ੍ਹਾਂ ਦੇ ਗੱਡੇ ਮਗਰ ਕਿੰਨੀਂ ਵਾਟ ਭੱਜਦੀ ਰਹੀ। ਰਾਤ-ਬਰਾਤੇ ਕਿਤੇ ਢਿੱਡ ਨੂੰ ਝੁਲ਼ਕਾ ਦੇਣ ਲਈ ਨਾਨਾ, ਮਾਸੀਆਂ ਨੂੰ ਕੁੱਛ ਖਾਣ ਲਈ ਦਿੰਦਾ ਤਾਂ ਅੱਖਾਂ ਲਾਲ ਕਰ ਕੇ ਇਹ ਡਰਾਉਣੀਂ ਨਸੀਹਤ ਦੇਣੀ ਨਾ ਭੁੱਲਦਾ ૶ ''ਜਿਊਂਦੇ ਜੀਅ ਦੁਸ਼ਮਣ ਦੇ ਕਬਜ਼ੇ 'ਚ ਆਉਣ ਨਾਲ਼ੋਂ, ਆਹ ਬਰਛੀ ਆਪਣੇ ਢਿੱਡ 'ਚ ਆਪੇ ਮਾਰ ਲਿਓ!"
ਆਪਣੀਆਂ ਮਾਸੀਆਂ ਦੇ ਮੂੰਹੋਂ ਇਸ ਖ਼ੂਨੀ ਯਾਤਰਾ ਦਾ ਹਾਲ ਸੁਣਦਿਆਂ ਸਾਨੂੰ ਆਪਣਾ ਸਾਹ ਰੁਕਦਾ ਮਹਿਸੂਸ ਹੋਣਾ ਤਾਂ ਅਸੀਂ ਉਨ੍ਹਾਂ ਨੂੰ ਪੁੱਛਣਾ - ''ਮਾਸੀ, ਤੁਹਾਨੂੰ ਰਜਾਈਆਂ ਥੱਲੇ ਦੱਬੀਆਂ ਨੂੰ ਸਾਹ ਕਿਵੇਂ ਆਉਂਦਾ ਰਿਹਾ?"
''ਵੇ ਪੁੱਤਾ, ਜੁਲ਼ਕ ਜੁਲ਼ਕ ਕਰਦੇ ਗੱਡਿਆਂ ਦੇ ਫੱਟਿਆਂ ਵਿੱਚ ਵਿਰਲ ਵੀ ਸੀਗਾ ਤੇ ਕਿੱਡੀਆਂ ਕਿੱਡੀਆਂ ਮੋਰੀਆਂ ਵੀ ਸਨ! ਰਾਹ ਵਿੱਚ ਤੁਰੇ ਜਾਂਦਿਆਂ ਜਦੋਂ ਸਾਡੇ, ਲਿੱਬੜੀਆਂ ਤਿੱਬੜੀਆਂ ਲਾਸ਼ਾਂ ਅਤੇ ਵੱਢੀਆਂ ਟੁੱਕੀਆਂ ਲੱਤਾਂ-ਬਾਹਾਂ ਨਜ਼ਰੀਂ ਪੈ ਜਾਂਦੀਆਂ ਤਾਂ ਅਸੀਂ ਸਹਿਮ ਕੇ ਅੱਖਾਂ ਮੀਚ ਲੈਂਦੀਆਂ। ਕੱਚੇ ਰਸਤਿਆਂ ਵਿੱਚ ਕਿਤੇ ਕਿਤੇ ਲਹੂ ਤੇ ਮਿੱਟੀ ਦਾ ਲਾਲ ਸੂਹਾ ਚੀਕਣਾ ਗਾਰਾ ਬਣਿਆ ਦਿਸ ਪੈਣਾ, ਤਾਂ ਸਾਡੇ ਹੋਰ ਵੀ ਸਾਹ ਸੂਤੇ ਜਾਣੇ!
ਆਲ਼ੇ ਦੁਆਲ਼ੇ ਉੱਚੀ ੳੱਚੀ ਲਲਕਾਰੇ ਵਜਦੇ ਅਤੇ 'ਹਲਾ-ਲਾ-ਲਾ' ਹੁੰਦੀ ਜਦ ਸਾਡੇ ਕੰਨੀਂ ਪੈਂਦੀ ਤਾਂ ਸਾਨੂੰ ਲੱਗਣਾ ਕਿ ਅਸੀਂ ਹੁਣ ਵੀ ਮਰੀਆਂ-ਹੁਣ ਵੀ ਮਰੀਆਂ! ਅਸੀਂ ਜਮਾਂ ਈ ਮਿੱਟੀ ਹੋ ਜਾਣਾ! !"
ਤੁਰੇ ਆਉਂਦਿਆਂ ਰਾਹ ਵਿੱਚ ਹੀ ਸਾਡੇ ਨਾਨੇ ਦੀ ਬਿਰਧ ਮਾਤਾ ਪੂਰੀ ਹੋ ਗਈ। ਓਧਰੋਂ ਕਾਫ਼ਲੇ 'ਤੇ ਹਜੂਮ ਨੇ ਹਮਲਾ ਕਰ ਦਿੱਤਾ। ਨਾਨੇ ਨੇ ਆਪਣੀਂ ਮਾਂ ਦੀ ਲਾਸ਼ ਖੇਸ 'ਚ ਲਪੇਟੀ ਤੇ ਰਾਹ ਤੋਂ ਜ਼ਰਾ ਹਟਵੀਂ ਥਾਂ ਸਰਕੜੇ ਦੇ ਬੂਝਿਆਂ ਕੋਲ਼ ਰੱਖ ਦਿੱਤੀ। ਮਾਮੇ ਦੱਸਦੇ ਹੁੰਦੇ ਸੀ ਕਿ ਲਾਸ਼ ਲਾਹ ਕੇ ਨਾਨਾ ਫ਼ੁਰਤੀ ਨਾਲ਼ ਮੁੜ ਗੱਡੇ ਉੱਤੇ ਚੜ੍ਹ ਤਾਂ ਗਿਆ। ਲੇਕਿਨ ਬਲ਼੍ਹਦਾਂ ਨੂੰ ਹੱਕਣ ਤੋਂ ਪਹਿਲਾਂ ਉਸ ਨੇ ਭੌਂਅ ਕੇ ਖੇਸ ਵਿੱਚ ਲਪੇਟੀ ਪਈ ਆਪਣੀਂ ਮਾਂ ਦੀ ਲਵਾਰਿਸ ਰੱਖੀ ਲਾਸ਼ ਵੱਲ ਨਜ਼ਰ ਭਰ ਕੇ ਦੇਖਿਆ। ਇਹ ਸੀ ਬਿਪਤਾ ਮਾਰੇ ਇੱਕ ਪੁੱਤ ਦੇ ਆਪਣੀਂ ਮਾਂ ਦੇ ਆਖਰੀ ਦਰਸ਼ਨ! ਮੁਸੀਬਤਾਂ ਤੇ ਔਕੜਾਂ ਝੱਲਦਾ ਸਾਡਾ ਨਾਨਾ, ਆਖ਼ਿਰ ਚਾਰ ਬੱਚਿਆਂ ਸਮੇਤ ਗੜ੍ਹਸ਼ੰਕਰ ਲਾਗੇ ਪਿੰਡ ਧਮਾਈ ਆ ਪਹੁੰਚਿਆ।
ਇੱਧਰ ਸਾਡੇ ਪਿੰਡ ਵਿੱਚ ਅੱਧਿਉਂ ਵੱਧ ਅਬਾਦੀ ਮੁਸਲਮਾਨ ਭਰਾਵਾਂ ਦੀ ਸੀ। ਜਦੋਂ ਸਰਹੱਦ ਪਾਰੋਂ ਕਤਲੋ-ਗ਼ਾਰਤ ਦੀਆਂ ਖ਼ਬਰਾਂ ਫੈਲੀਆਂ ਤਾਂ ਇਨ੍ਹਾਂ ਨੇ ਵੀ ਹਿੰਦੁਸਤਾਨ ਛੱਡ ਜਾਣ ਦੀਆਂ ਸਲਾਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੱਸਦੇ ਹਨ ਕਿ ਸਾਡੇ ਪਿੰਡ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਆਪਸੀ ਸਹਿਚਾਰ ਸਿਰੇ ਦਾ ਸੀ। ਲੇਕਿਨ ਜਦ ਆਲ਼ੇ ਦੁਆਲ਼ੇ ਦੇ ਪਿੰਡਾਂ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਤਾਂ ਸਾਡੇ ਪਿੰਡ ਦੇ ਹਿੰਦੁ ਸਿੱਖਾਂ ਨੇ ਮੁਸਲਮਾਨਾਂ ਨੂੰ ਭਰੇ ਦਿਲ ਨਾਲ਼ ਕਿਹਾ ਕਿ ਭਰਾਵੋ, ਹੁਣ ਸਾਡੀ ਕੋਈ ਵਾਹ ਪੇਸ਼ ਨਹੀਂ ਜਾਣੀ। ਜਿਵੇਂ ਕਿਵੇਂ ਤੁਸੀਂ ਆਪਣਾ ਆਪ ਬਚਾਵੋ। ਖ਼ਾਸ ਕਰ ਕੇ ਜਿਸ ਰਾਤ ਸਾਡੇ ਲਾਗਲੇ ਪਿੰਡ ਮੀਰ ਪੁਰ ਜੱਟਾਂ ਦੇ ਮੁਸਲਮਾਨਾਂ ਦੇ ਘਰਾਂ ਨੂੰ ਲੱਗੀ ਅੱਗ ਦੇ ਭਾਂਬੜ ਸਾਡੇ ਪਿੰਡੋਂ ਦਿਖਾਈ ਦਿਤੇ, ਉਸ ਰਾਤ ਮੁਸਲਮਾਨਾਂ ਨੇ ਪਿੰਡ ਛੱਡਣ ਦੀ ਤਿਆਰੀ ਫੜ ਲਈ। ਕਹਿੰਦੇ ਖ਼ੁਸ਼ੀਆ ਨਾਂ ਦਾ ਇੱਕ ਨੇਕ-ਸੀਰਤ ਮੁਸਲਮਾਨ ਸ਼ਾਮ ਨੂੰ ਆਪਣੇ ਕੋਠੇ 'ਤੇ ਚੜ੍ਹ ਕੇ ਪਾਗਲਾਂ ਵਾਂਗ ਉੱਚੀ ਉੱਚੀ ਧਾਹਾਂ ਮਾਰਦਿਆਂ ਕਹੇ-
''ਓ ਲੋਕੋ, ਮੈਂ ਵੀ ਦੁਪਾਲ ਪੁਰ ਛੱਡ ਜਾਵਾਂ ... ?"
ਉਸ ਮਨਹੂਸ ਰਾਤ ਨੂੰ ਕਾਫ਼ੀ ਹਨ੍ਹੇਰੇ ਹੋਏ ਸਾਡੇ ਪਿੰਡ ਦੇ ਮੁਸਲਮਾਨਾਂ ਨੇ 'ਆਪਣੇ ਪਿੰਡ' ਨੂੰ ਆਖ਼ਰੀ ਸਲਾਮ ਕੀਤਾ! ਦਰਿਆ ਸਤਲੁਜ ਕੰਢੇ ਜਾ ਕੇ ਜਦ ਪਿੰਡ ਦੇ ਹਿੰਦੂ-ਸਿੱਖਾਂ ਨੇ ਆਪਣੇ ਹਮਸਾਇਆਂ ਨੂੰ ਵਿਦਾ ਕੀਤਾ, ਤਾਂ ਕਹਿੰਦੇ ਨੇ ਕਿ ਬੰਦੇ ਤੀਵੀਂਆਂ ਸਭ ਪਰਲ ਪਰਲ ਹੰਝੂ ਵਗਾ ਰਹੇ ਸਨ।
ਗੜਬੜੀ ਦੇ ਇਨ੍ਹਾਂ ਦਿਨਾਂ ਵਿੱਚ ਸਾਡਾ ਬਾਬਾ ਇੱਕ ਦਿਨ ਝਿੜੀ ਵਿੱਚੋਂ ਬਾਲਣ ਲੈਣ ਗਿਆ। ਸਾਡੇ ਪਿੰਡ ਦੇ ਦਰਿਆ ਵਾਲ਼ੇ ਪਾਸੇ ਇੱਕ ਬਹੁਤ ਸੰਘਣੀਂ ਝਿੜੀ ਹੁੰਦੀ ਸੀ, ਜਿੱਥੇ ਫ਼ਲਾਹੀ ਦੇ ਦਰਖਤ ਜ਼ਿਆਦਾ ਹੋਣ ਕਰ ਕੇ ਉਸ ਨੂੰ 'ਫ਼ਲਾਹੀਆਂ' ਹੀ ਕਿਹਾ ਜਾਂਦਾ ਸੀ। ਹੁਣ ਤਾਂ ਉੱਥੇ 'ਹਰੀ ਕ੍ਰਾਂਤੀ' ਦੇ ਮਾਰੂ ਸੁਹਾਗੇ ਨੇ ਸਭ ਕੁੱਝ ਪੱਧਰਾ ਕਰ ਦਿੱਤਾ ਹੋਇਐ, ਪਰ ਉਨ੍ਹਾਂ ਦਿਨਾਂ ਵਿੱਚ ਉੱਥੇ ਪਸ਼ੂ ਗਵਾਚੇ ਨਹੀਂ ਸਨ ਲੱਭਦੇ। ਇੱਕ ਸ਼ਾਮ ਜਦ ਬਾਲਣ ਲੈਣ ਗਏ ਹੋਏ ਬਾਬੇ ਨੇ ਦੇਖਿਆ ਕਿ ਸਰਕੜੇ ਦੇ ਝੁਰਮਟ ਵਿੱਚ ਕੁੱਝ ਹਿਲਜੁਲ ਹੋਈ ਹੈ। ਹੱਥ ਵਾਲ਼ੀ ਕੁਹਾੜੀ ਸੰਭਾਲ਼ ਕੇ ਜਦ ਬਾਬਾ ਅੱਗੇ ਵਧਿਆ ਤਾਂ ਕੀ ਦੇਖਦਾ ਹੈ ਕਿ ਉੱਥੇ ਦੋ ਨੌਜਵਾਨ ਕੁੜੀਆਂ ਛਹਿ ਕੇ ਬੈਠੀਆਂ ਸਨ। ਉਨ੍ਹਾਂ ਨੂੰ ਆਪਣੀਆਂ ਧੀਆਂ ਸਮਝ ਕੇ ਬਾਬਾ ਘਰੇ ਲੈ ਆਇਆ। ਸਤਲੁਜ ਦੇ ਕੰਢੇ ਕੰਢੇ ਰਾਹੋਂ ਵੱਲ ਨੂੰ ਜਾ ਰਹੇ ਕਿਸੇ ਕਾਫ਼ਲੇ ਉੱਤੇ ਹਿੰਦੂਆਂ-ਸਿੱਖਾਂ ਨੇ ਹਮਲਾ ਕਰ ਦਿੱਤਾ। ਇਹ ਦੋਵੇਂ ਕੁੜੀਆਂ ਰਾਤ ਦੇ ਹਨੇਰੇ ਵਿੱਚ ਆਪਣੇ ਕਾਫ਼ਲੇ ਨਾਲ਼ੋਂ ਨਿੱਖੜ ਗਈਆਂ। ਭੁਖੀਆਂ ਭਾਣੀਆਂ ਵਿਚਾਰੀਆਂ ਜਾਨ ਬਚਾਉਣ ਲਈ ਝਿੜੀ 'ਚ ਲੁਕ ਕੇ ਬਹਿ ਗਈਆਂ।
ਸਾਡੇ ਘਰ ਇਹ ਦੋਵੇਂ ਕੁੜੀਆਂ ਦੋ-ਤਿੰਨ ਦਿਨ ਰਹੀਆਂ। ਘਰ ਵਿੱਚ ਸਾਡਾ ਬਾਪ ਜਵਾਨ ਜਹਾਨ 'ਮਰਦ' ਸੀ। ਸਾਡੀਆਂ ਦੋਵੇਂ ਭੂਆ ਦੱਸਦੀਆਂ ਹੁੰਦੀਆਂ ਸਨ ਕਿ ਅਸੀਂ ਗਲ਼ਾਂ ਵਿੱਚ ਚੁੰਨੀਆਂ ਪਾ ਕੇ, ਆਪਣੇ ਭਰਾ ਦਾ 'ਪੰਜ ਗ੍ਰੰਥੀ' (ਗੁਰਬਾਣੀ ਦੀ ਪੋਥੀ) ਉੱਤੇ ਹੱਥ ਰਖਵਾ ਕੇ ਕਸਮ ਲਈ, ਕਿ ਉਹ ਇਨ੍ਹਾਂ ਦੋਹਾਂ ਕੁੜੀਆਂ ਨੂੰ 'ਰਾਜ ਕੌਰ' ਤੇ 'ਹੁਕਮ ਕੌਰ' (ਮੇਰੀਆਂ ਭੂਆ) ਹੀ ਸਮਝੇ। ਸਾਡਾ ਬਾਬਾ ਆਪਣੇ ਇੱਕ ਹੋਰ ਸਾਥੀ ਦੀ ਮੱਦਦ ਨਾਲ਼, ਇਨ੍ਹਾਂ ਦੋਹਾਂ ਕੁੜੀਆਂ ਨੂੰ ਰਾਤ ਦੇ ਹਨੇਰੇ ਵਿੱਚ ਰਾਹੋਂ ਦੇ ਛੰਭ ਕੋਲ ਮੁਸਲਮਾਨਾਂ ਦੇ ਕਾਫ਼ਲੇ ਨਾਲ ਰਲਾ ਕੇ ਆਇਆ ਸੀ।
ਆਪਣੇ ਭਾਈਆ ਜੀ ਦੇ ਇੱਕ ਦੋਸਤ ਦੀ ਅੱਖੀਂ ਦੇਖੀ ਘਟਨਾ ਸੁਣ ਕੇ ਅਸੀਂ ਸੁੰਨ ਹੀ ਹੋ ਜਾਂਦੇ ਸਾਂ। ਸਾਡੇ ਪਿੰਡ ਦੇ ਨਹਿਰ ਵਾਲ਼ੇ ਪਾਸੇ ਸੋਢੀਆਂ ਦਾ ਬਾਗ਼ ਹੁੰਦਾ ਸੀ (ਅੱਜ ਕੱਲ੍ਹ ਉਹ ਵੀ ਰੜਾ ਮੈਦਾਨ ਬਣ ਚੁੱਕਾ ਹੈ ਕਿਉਂਕਿ ਸਾਡੇ ਪਿੰਡ ਦੇ ਸੋਢੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਾ ਵਸੇ ਹਨ)। ਕਹਿੰਦੇ ਨੇ ਉਸ ਬਾਗ਼ ਵਿੱਚ ਪੰਜ ਸੱਤ ਬੰਦੇ ਇੱਕ ਨੌਜਵਾਨ ਮੁਟਿਆਰ ਮੁਸਲਮ ਕੁੜੀ ਨੂੰ ਘੇਰੀ ਖੜ੍ਹੇ ਸਨ। ਉਹ ਸਾਰੇ ਜਣੇ ਕੁੜੀ ਨੂੰ ਕਹਿ ਰਹੇ ਸਨ ਕਿ ਤੂੰ ਸਾਡੇ ਵਿੱਚੋਂ ਫ਼ਲਾਣੇ ਨਾਲ਼ ਵਿਆਹ ਕਰਵਾ ਲੈ। ਜਿਸ ਬੰਦੇ ਨਾਲ਼ ਵਿਆਹ ਕਰਵਾਉਣ ਲਈ ਉਸ ਬਦਕਿਸਮਤ ਕੁੜੀ 'ਤੇ ਦਬਾਅ ਪਾਇਆ ਜਾ ਰਿਹਾ ਸੀ, ਉਸ ਨੂੰ ਬੁੱਢੇ ਹੋਏ ਨੂੰ ਇਨ੍ਹਾਂ ਸਤਰਾਂ ਦੇ ਲੇਖਕ ਨੇ ਸ਼ੇਖੂਪੁਰ ਦੇ ਸਕੂਲ ਵਿੱਚ ਪੜ੍ਹਨ ਸਮੇਂ ਦੇਖਿਆ ਹੋਇਆ ਹੈ। ਐਨਾਂ ਬਦਸੂਰਤ ਤੇ ਦਲਿੱਦਰੀ ਬੰਦਾ ਹੁੰਦਾ ਸੀ ਉਹ ਕਿ ਉਹਦੇ ਕੋਲ਼ੋਂ ਦੂਰ ਦੂਰ ਹੋ ਕੇ ਲੰਘਦਿਆਂ ਵੀ ਬੱਕਰੇ ਵਰਗੀ ਬਦਬੂ ਆਉਂਦੀ ਹੁੰਦੀ ਸੀ। ਜਦ ਕਿ ਭਾਈਆ ਜੀ ਦੇ ਦੱਸਣ ਅਨੁਸਾਰ ਉਹ ਮੁਸਲਮ ਕੁੜੀ ਸੀ ਪਰੀਆਂ ਵਰਗੀ ਸੋਹਣੀ, ਗੋਰੀ ਸੁਨੱਖੀ।
ਕੁੜੀ ਵੱਲੋਂ ਇਨਕਾਰ ਕਰਨ 'ਤੇ ਉਨ੍ਹਾਂ ਬੰਦਿਆਂ ਨੇ ਕਿਹਾ ਕਿ ਫ਼ਿਰ ਮਰਨ ਲਈ ਤਿਆਰ ਹੋ ਜਾ। ਇਹ ਕਹਿਣ ਵਾਲ਼ੇ ਦਰਿੰਦੇ 'ਮਨੁੱਖ' ਨੇ ਮਿਆਨ ਵਿੱਚੋਂ ਤਲਵਾਰ ਸੂਤ ਲਈ। ਭਾਈਆਂ ਜੀ ਘਿਗਿਆਈ 'ਵਾਜ਼ ਵਿੱਚ, ਇੱਕ ਕਿਸਮ ਦਾ ਰੋਂਦਿਆਂ ਵਾਂਗ ਹੀ ਦੱਸਦੇ ਹੁੰਦੇ ਸਨ ૶ ''ਕਾਕਾ, ਕਹਿੰਦੇ ਉਸ ਨਿਭਾਗਣ ਨੇ ਡਰੀਆਂ-ਸਹਿਮੀਆਂ ਅੱਖਾਂ ਨਾਲ਼ ਸਾਰਿਆਂ ਦੇ ਚਿਹਰਿਆਂ ਵੱਲ ਨਜ਼ਰ ਘੁਮਾਈ। ਫਿਰ ਉਸ ਨੇ ਕੰਨਾਂ ਨੂੰ ਹੱਥ ਲਾ ਕੇ, ਅਕਾਸ਼ ਵੱਲ ਮੂੰਹ ਕੀਤਾ ਅਤੇ ਨੰਗੀ ਤਲਵਾਰ ਲਈ ਖੜ੍ਹੇ, ਸਿੰਹੁਂ ਦੇ ਮੂਹਰੇ ਗਰਦਨ ਝੁਕਾ ਦਿੱਤੀ। ਇੱਕੋ ਵਾਰ ਨਾਲ਼ ... ! ਸੋਢੀਆਂ ਦੇ ਬਾਗ਼ ਵਿੱਚ ਜ਼ਨਾਨਾ ਧੜ ਅਤੇ ਸਿਰ ਕਈ ਦਿਨ ਰੁਲ਼ਦੇ ਰਹੇ!
'ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ' ਦੇ ਅਖਾਣ ਮੂਜਬ ਸਾਡੇ ਪਿੰਡ ਦੇ 'ਜਥੇ' ਨੂੰ ਵੀ ਝੱਲ ਕੁੱਦਿਆ। ਲੁੱਟ ਮਾਰ ਦੀ ਮਨਸ਼ਾ ਨਾਲ਼ ਇਹ ਬੇਟ ਵਿਚਲੇ ਮੁਸਲਮਾਨ ਵਸੋਂ ਵਾਲ਼ੇ ਪਿੰਡ ਮੰਢਾਲੇ ਜਾ ਵੜੇ। ਮੁਸਲਮਾਨਾਂ ਦੇ ਚਲੇ ਜਾਣ ਤੋਂ ਬਾਅਦ ਇਹ ਪਿੰਡ ਕਈ ਦਹਾਕੇ 'ਬੇ-ਚਿਰਾਗ਼' ਹੀ ਰਿਹਾ, ਪਰ ਹੁਣ ਕੁੱਝ ਵਸੋਂ ਹੈ। ਇਸ 'ਟੀਮ' ਵਿੱਚ ਮੇਰਾ ਬਾਬਾ ਵੀ ਸ਼ਾਮਿਲ ਹੁੰਦਾ ਸੀ। ਉਹ ਮੇਰੇ ਬਾਪ ਨੂੰ 'ਕੱਲਾ-ਕਾਰਾ' ਪੁੱਤ ਹੋਣ ਕਾਰਨ, ਇਨ੍ਹਾਂ 'ਲੋਟੂ ਮੁਹਿੰਮਾਂ' ਵਿੱਚ ਸ਼ਾਮਿਲ ਨੀਂ ਸੀ ਹੋਣ ਦਿੰਦਾ। ਅਖੇ ਐਵੇਂ ਕਿਤੇ ਜਾਹ ਜਾਂਦੀ ਨਾ ਹੋ ਜਾਏ! ਸਾਡੇ ਪਿੰਡ ਦੇ ਬੰਦੇ ਮੰਢਾਲੇ ਦੇ ਨਵੇਂ ਨਵੇਂ ਬਣਾਏ ਕਿਸੇ ਖਾਲੀ ਪਏ 'ਘਰ' ਵਿੱਚ ਜਾ ਘੁਸੇ। ਲੁੱਟ ਦਾ ਮਾਲ ਲੱਭਣ ਲਈ ਇਹ ਕੋਠੀਆਂ-ਭੜੋਲੇ ਤੇ ਸੰਦੂਕ ਦੀ ਫ੍ਰੋਲਾ-ਫ੍ਰਾਲੀ ਕਰ ਰਹੇ ਸਨ ਕਿ ਅਚਾਨਕ ਖੱਲਾਂ-ਖੂੰਜਿਆਂ ਵਿੱਚ ਲੁਕਿਆ ਬੈਠਾ ਇੱਕ ਮੁਸਲਮਾਨ ਇਨ੍ਹਾਂ ਦੇ ਨਜ਼ਰੀਂ ਪੈ ਗਿਆ। ਲੋਟੂ ਟੋਲੇ ਨੇ ਆਪੋ ਆਪਣੇ ਹਥਿਆਰ ਸੰਭਾਲ਼ ਲਏ! ਉਸ ਵਿਚਾਰੇ ਨੇ ਇਨ੍ਹਾਂ ਮੂਹਰੇ ਗਿੜ ਗਿੜਾਉਂਦੇ ਨੇ ਹੱਥ ਬੰਨ੍ਹ ਕੇ ਲੇਲ੍ਹੜੀਆਂ ਕੱਢੀਆਂ, ''ਭਰਾਵੋ, ਮੈਂ ਬੜੀ ਮਿਹਨਤ ਮੁਸ਼ੱਕਤ ਨਾਲ਼ ਨਵੇਂ ਕੋਠੇ ਪਾਏ ਸਨ ਕਿ ਉੱਤੋਂ ਆਹ ਮੁਸੀਬਤ ਆ ਪਈ। ਮੇਰਾ ਸਾਰਾ ਟੱਬਰ ਇੱਥੋਂ ਜਾਣ ਵੇਲੇ, ਮੈਂਨੂੰ ਨਾਲ਼ ਲਿਜਾਣ ਲਈ ਜ਼ੋਰ ਪਾਂਉਂਦਾ ਰਿਹਾ। ਪਰ ਆਪਣਾ ਘਰ ਛੱਡ ਕੇ 'ਪਰਾਏ ਥ੍ਹਾਂ' ਜਾਣ ਨੂੰ ਮੇਰੀ ਰੂਹ ਨਹੀਂ ਮੰਨੀਂ। ਹੁਣ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਐ, ਮੈਂਨੂੰ ਮਾਰਿਉ ਨਾ!"
ਜਦੋਂ ਅੱਖਾਂ 'ਚ ਫ਼ਤੂਰ ਨੱਚ ਰਿਹਾ ਹੋਵੇ, ਉਦੋਂ ਗੁਰੂ ਵੀ ਕਿੱਥੇ ਯਾਦ ਰਹਿੰਦਾ ਹੈ। ਦੇਖਦਿਆਂ ਹੀ ਦੇਖਦਿਆਂ ਸਾਰਿਆਂ ਦੇ ਬਰਛੇ, ਟਕੂਏ ਤੇ ਤਲਵਾਰਾਂ ਉਸ ਨਿਰਦੋਸ਼ ਦੇ ਖ਼ੂਨ 'ਚ ਨਹਾ ਰਹੇ ਸਨ!
ਇੱਕ ਸਾਲ ਪਹਿਲਾਂ ਨਨਕਾਣਾ ਸਾਹਿਬ ਦੀ ਯਾਤਰਾ 'ਤੇ ਮੇਰਾ ਇੱਕ ਰਿਸ਼ਤੇਦਾਰ ਪਾਕਿਸਤਾਨ ਗਿਆ। ਸ੍ਰੀ ਨਨਕਾਣਾ ਸਾਹਿਬ ਮੋਹਰੇ ਇਕੱਠੇ ਹੋਏ ਇੱਧਰਲੇ ਪੰਜਾਬ ਤੋਂ ਗਏ ਹੋਏ ਮੁਸਲਮਾਨ, ਸਿੱਖ ਯਾਤਰੂਆਂ ਨੂੰ ਉਨ੍ਹਾਂ ਦੇ ਇਲਾਕਿਆਂ ਬਾਰੇ ਪੁੱਛਣ ਲੱਗੇ। ਜਦ ਮੇਰੇ ਰਿਸ਼ਤੇਦਾਰ ਨੇ ਦੱਸਿਆ ਕਿ ਮੇਰਾ ਪਿੰਡ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਬਲ਼ਾਚੌਰ ਲਾਗੇ ਹੈ ਤਾਂ ਉਨ੍ਹਾਂ ਵਿੱਚੋਂ ਕੁੱਝ ਬਜ਼ੁਰਗ ਅੱਖਾਂ ਨਮ ਕਰ ਕੇ ਕਹਿੰਦੇ- ''ਸਰਦਾਰਾ, ਸਾਡਾ ਪਿੰਡ ਵੀ ਬਲ਼ਾਚੌਰ ਕੋਲ਼ ਹੁੰਦਾ ਸੀ ਕਰੌਰ। ਦੋਜ਼ਖ ਵਿੱਚ ਜਾਏ ਬੀਰੋਵਾਲ਼ੀਆ ਬਖਤਾਵਰ ਸਿੰਹੁ, ਜਿਹਦੇ ਜਥੇ ਨੇ ਸਾਡੇ ਘਰਾਂ ਨੂੰ ਅੱਗਾਂ ਲਾ ਕੇ ਸਾੜਿਆ। ਸਾਡੇ ਜੀਆ-ਜੰਤ ਨੂੰ ਨਿਹੱਕਾ ਮਾਰਿਆ!" ਮੇਰਾ ਉਹ ਰਿਸ਼ਤੇਦਾਰ ਦਸਦਾ ਹੁੰਦਾ ਹੈ ਕਿ ਉਨ੍ਹਾਂ ਮੁਸਲਮਾਨਾਂ ਦੀਆਂ ਗਲਾਂ ਸੁਣ ਕੇ ਮੈਂ ਖ਼ੁਦ ਨੂੰ ਗੁਨਾਹਗਾਰ ਮਹਿਸੂਸ ਕਰ ਰਿਹਾ ਸਾਂ.
ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਖਿੱਤਾ ਹੋਵੇ ਜਿੱਥੇ ਕਦੇ ਮਨੁੱਖ ਹੱਥੋਂ ਮਨੁਖਤਾ ਦਾ ਘਾਣ ਨਾ ਹੋਇਆ ਹੋਵੇ। ਕਿਤੇ ਥੋੜ੍ਹਾ ਕਿਤੇ ਬਹੁਤਾ, ਨਰਸੰਘਾਰ ਦਾ ਤਾਂਡਵ ਹਰੇਕ ਥਾਂ ਹੋਇਆ। ਇਹ ਨਿਰੀਆਂ ਬੀਤੇ ਦੀਆਂ ਹੀ ਖ਼ੂਨੀ ਕਹਾਣੀਆਂ ਨਹੀਂ, ਸਗੋਂ ਸੱਭਿਅਕ ਕਹੇ ਜਾਂਦੇ ਸਾਡੇ ਅਜੋਕੇ ਸਮਿਆਂ ਦੌਰਾਨ ਵੀ ਅਜਿਹੇ ਭਾਣੇ ਵਾਪਰ ਰਹੇ ਹਨ। ਅਸਹਿ ਤੇ ਅਕਹਿ ਜ਼ੁਲਮੀ ਕਿੱਸੇ ਸੁਣ ਸੁਣ ਕੇ ਦੁਖੀ ਹੁੰਦਿਆਂ ਕੋਈ ਰੱਬ ਨੂੰ ਗਾਲ੍ਹਾਂ ਕੱਢ ਲੈਂਦਾ ਹੈ। ਕੋਈ ਧਰਮ ਨੂੰ ਹੀ ਸਾਰੇ 'ਪੁਆੜੇ ਦੀ ਜੜ੍ਹ' ਸਮਝਣ ਲੱਗ ਪੈਂਦਾ ਹੈ। ਕੋਈ ਅਜਿਹੇ ਕਾਰਿਆਂ ਲਈ ਰਾਜਨੀਤੀ ਨੂੰ ਕਸੂਰਵਾਰ ਠਹਿਰਾਉਂਦਾ ਹੈ। ਇਹ ਵੀ ਸੱਚ ਹੈ ਕਿ ਲਹੂ-ਵੀਟਵੇਂ ਘੱਲੂਘਾਰੇ ਕਿਤੇ ਵੀ ਨਾ ਵਾਪਰਨ, ਕੁੱਲ ਦੁਨੀਆਂ ਅਮਨ ਚੈਨ ਨਾਲ਼ ਵਸੇ, ਐਸੇ ਸੁਭਾਗੇ ਯਤਨ ਵੀ ਵਿਸ਼ਵ ਪੱਧਰ 'ਤੇ ਹੁੰਦੇ ਰਹਿੰਦੇ ਨੇ। ਪਰ ਫ਼ਿਰ ਵੀ ਕਿਤੇ ਨਾ ਕਿਤੇ ਕ੍ਰੋਧ ਦਾ ਜਵਾਲਾਮੁਖੀ ਫ਼ਟਿਆ ਹੀ ਰਹਿੰਦਾ ਹੈ। ਅੱਗ ਮੱਚਦੀ ਹੀ ਰਹਿੰਦੀ ਹੈ, ਭਾਂਬੜ ਬਲਦੇ ਹੀ ਰਹਿਂਦੇ ਨੇ ਤੇ ਧੂੰਆਂ ਨਿੱਕਲ਼ਦਾ ਹੀ ਰਹਿਂਦਾ ਹੈ।
ਉਹ ਕਿਹੜੀ ਸ਼ਕਤੀ ਹੋਈ ਜਿਹੜੀ ਅੱਖਾ 'ਚ ਖ਼ੂਨ ਉਤਾਰ ਦਿੰਦੀ ਹੈ? ਹਿਰਦਿਆਂ ਚੋਂ ਤਰਸ ਅਤੇ ਦਿਆ ਨੂੰ ਉਡਾ ਦਿੰਦੀ ਹੈ? ਚੰਗੇ ਭਲੇ ਇਨਸਾਨਾਂ ਨੂੰ ਹੈਵਾਨ ਬਣਾ ਦਿੰਦੀ ਹੈ? ਇਨ੍ਹਾਂ ਸਵਾਲਾਂ ਦੇ ਉਤਰ ਲੱਭਣ ਲਈ ਵੀ ਆਪੋ ਆਪਣਾ ਨਜ਼ਰੀਆ ਹੈ, ਆਪੋ ਆਪਣੀ ਸੋਚ। ਗੁਰਬਾਣੀ ਦੀਆਂ ਪੰਕਤੀਆਂ ਨੇ:-
ਆਪੇ ਛਿੰਝ ਪਵਾਇ ਮਲਾਂ ਖਾੜਾ ਰਚਿਆ॥
ਆਪਿ ਭਿੜੈ ਮਾਰੇ ਆਪਿ ਆਪਿ ਕਾਰਜ ਰਚਿਆ॥
ਦਸਮੇਸ਼ ਪਿਤਾ ਨੇ ਵੀ 'ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ॥ ਉਚਾਰਦਿਆਂ, ਉਸੇ 'ਪਰਮ ਸ਼ਕਤੀ' ਨੂੰ ਕਲ਼ੇਸ਼ ਅਤੇ ਸ਼ਾਂਤੀ ਲਈ ਜ਼ਿੰਮੇਂਵਾਰ ਆਖਿਆ ਹੈ। ਅਜਿਹੀ ਭਾਵਨਾ ਹੀ ਬਾਬਾ ਬੁਲ੍ਹੇ ਸ਼ਾਹ ਨੇ ਇੱਕ ਕਾਫ਼ੀ ਵਿੱਚ ਬਿਆਨ ਕੀਤੀ ਹੈ-
ਵਾਹ ਵਾਹ ਮਾਟੀ ਦੀ ਗੁਲਜ਼ਾਰ!
ਮਾਟੀ ਘੋੜਾ ਮਾਟੀ ਜੋੜਾ ਮਾਟੀ ਦਾ ਅਸਵਾਰ।
ਮਾਟੀ ਮਾਟੀ ਨੂੰ ਦੌੜਾਏ, ਮਾਟੀ ਦਾ ਖੜਕਾਰ।
ਮਾਟੀ ਮਾਟੀ ਨੂੰ ਮਾਰਨ ਲਾਗੀ, ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਹੰਕਾਰ।
ਮਾਟੀ ਕੁਦਮ ਕਰੇਂਦੀ ਯਾਰ!
This e-mail address is being protected from spambots. You need JavaScript enabled to view it                  
1-408-915-1268

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਮਾਟੀ ਮਾਟੀ ਨੂੰ ਮਾਰਨ ਲੱਗੀ!

Currency Converter

Amount:
From:
To:


Gurbani Radio


Gurbani - Sri Harmandir Sahib