
-ਜਸਵੰਤ ਸਿੰਘ 'ਅਜੀਤ'
ਇਨ੍ਹਾਂ ਹੀ ਦਿਨਾਂ ਵਿੱਚ ਸ. ਤਰਲੋਚਨ ਸਿੰਘ, ਸਾਬਕਾ ਸਾਂਸਦ ਅਤੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਲਿਖਿਤ ਇੱਕ ਮਜ਼ਮੂਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਜਾ ਰਹੀ ਪ੍ਰਕ੍ਰਿਆ ਉੱਪਰ ਕਿੰਤੂ ਕਰਦਿਆਂ ਲਿਖਿਆ ਹੈ ਕਿ ਅਸੀਂ ਇੱਕ ਵਾਧੂ ਉਸਤਤ ਸਹੇੜ ਲਈ ਹੈ, ਕਿ ਅਸੀਂ ਹੀ ਹਾਂ, ਜੋ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਲਈ ਲੋਕਤੰਤਰਿਕ ਪ੍ਰਣਾਲੀ ਨੂੰ ਅਪਣਾਉਂਦੇ ਹਾਂ। ਇਸ ਰਾਹੀਂ ਗੁਰਦੁਆਰਾ ਕਮੇਟੀ ਨੂੰ ਵੋਟਾਂ ਰਾਹੀਂ ਚੁਣਦੇ ਹਾਂ, ਜਿਸ ਕਾਰਣ ਪਾਰਟੀਬਾਜ਼ੀ ਦੀ ਇੰਤਹਾ ਤੱਕ ਪਹੁੰਚ ਗਏ ਹਾਂ। ਮੈਂਬਰ ਬਣਨ ਲਈ ਹਰ ਹੀਲਾ ਵਰਤਦੇ ਹਾਂ। ਗੁਰਦੁਆਰਾ ਕਮੇਟੀ ਦੀ ਚੋਣ ਵਿੱਚ ਪੂਰੇ ਸਫ਼ੇ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਛਪਦੇ ਹਨ। ਚੋਣਾਂ ਦੇ ਨਤੀਜੇ ਪਿਛੋਂ ਕਚਹਿਰੀਆਂ ਵਿੱਚ ਮੁਕੱਦਮੇ ਚਲਦੇ ਹਨ। ਲੱਖਾਂ ਰੁਪਏ ਖ਼ਰਚ ਹੁੰਦੇ ਹਨ। ਕਿਧਰੇ ਪੁਲਿਸ ਆ ਦਖ਼ਲ ਦਿੰਦੀ ਹੈ। ਗੁਰਦੁਆਰੇ ਦੀ ਗੱਲ ਤਾਂ ਕਿਧਰੇ ਰਹੀ ਦਿੱਲੀ ਗੁਰਦੁਆਰਾ ਕਮੇਟੀ, ਪਟਨਾ ਸਾਹਿਬ ਕਮੇਟੀ, ਹਜਥੂਰ ਸਾਹਿਬ ਬੋਰਡ ਦੀ ਵੀ ਚੋਣ ਜਿਵੇਂ ਹੁੰਦੀ ਹੈ, ਉਹ ਸਾਡੇ ਸਾਹਮਣੇ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਰਾਜਨੀਤੀ ਦਾ ਹਿੱਸਾ ਬਣ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇੱਕ ਆਮ ਚੋਣ ਵਾਂਗ ਹੁੰਦੀ ਹੈ। ਅੱਜਕਲ੍ਹ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਇਸ (ਸ਼੍ਰੋਮਣੀ ਕਮੇਟੀ ਸਹਿਤ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ) ਵਿੱਚ ਦਖ਼ਲ ਦੇ ਰਹੀਆਂ ਹਨ। ਕੇਵਲ ਅਸੀਂ ਹੀ ਹਾਂ, ਜਿਨ੍ਹਾਂ ਬਾਰੇ ਸਰਕਾਰ
ਜਾਂ ਕਚਹਿਰੀ ਫ਼ੈਸਲਾ ਕਰਦੀ ਹੈ ਕਿ 'ਸਿੱਖ' ਕੌਣ ਹੈ? ਕੀ ਕਦੀ ਸੁਣਿਆ ਹੈ ਕਿ ਮੁਸਲਮਾਨਾਂ ਜਾਂ ਇਸਾਈਆਂ ਬਾਰੇ ਅਦਾਲਤ ਦਖ਼ਲ ਦਿੰਦੀ ਹੋਵੇ? ਕਿਤਨੀ ਅਜੀਬ ਸਥਿਤੀ ਹੈ ਸਾਡੀ? ਸਾਨੂੰ ਵੇਹਲ ਹੀ ਨਹੀਂ ਕਿ ਇਹੋ ਜਿਹੇ ਸਿਧਾਂਤਕ ਮਸਲਿਆਂ ਬਾਰੇ ਸੋਚ ਸਕੀਏ?
ਇਥੇ ਇਹ ਗਲ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀਆਂ ਦੀ ਚੋਣ ਪ੍ਰਕ੍ਰਿਆ ਉੱਪਰ ਪਹਿਲੀ ਵਾਰ ਹੀ ਕਿੰਤੂ ਨਹੀਂ ਕੀਤਾ ਗਿਆ ਅਤੇ ਨਾ ਹੀ ਸ. ਤਰਲੋਚਨ ਸਿੰਘ ਅਜਿਹੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਇਸ ਪ੍ਰਕ੍ਰਿਆ ਉੱਪਰ ਪ੍ਰਸ਼ਨ-ਚਿੰਨ੍ਹ ਲਾਇਆ ਹੋਵੇ। ਉਨ੍ਹਾਂ ਤੋਂ ਪਹਿਲਾਂ ਵੀ ਕਈਆਂ ਵਲੋਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਏ ਜਾਂਦੇ ਚਲੇ ਆ ਰਹੇ ਹਨ।
ਕੁੱਝ ਹੀ ਸਮਾਂ ਹੋਇਐ ਕਿ ਦਿੱਲੀ ਦੀ ਇੱਕ ਸਿੱਖ ਸੰਸਥਾ ਵੱਲੋਂ 'ਗੁਰਦੁਆਰਾ ਪ੍ਰਬੰਧ: ਇੱਕ ਵਿਸ਼ਲੇਸ਼ਣ' ਵਿਸ਼ੇ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿੱਚ ਆ ਰਹੀਆਂ ਬੁਰਿਆਈਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਇਸ ਦੇ ਲਈ ਮੁਖ ਰੂਪ ਵਿੱਚ ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਲਈ ਅਪਣਾਈ ਗਈ ਪ੍ਰਣਾਲੀ ਨੂੰ ਦੋਸ਼ੀ ਕਰਾਰ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਤੇ ਪ੍ਰਭਾਵਸ਼ਾਲੀ ਬਦਲ ਲਭਿਆ ਜਾਣਾ ਚਾਹੀਦਾ ਹੈ। ਇਸ ਦਾ ਕਾਰਣ ਉਨ੍ਹਾਂ ਵੱਲੋਂ ਇਹ ਦਸਿਆ ਗਿਆ ਵਰਤਮਾਨ ਚੋਣ-ਪ੍ਰਣਾਲੀ ਉੱਪਰ ਕੀਤੇ ਜਾ ਰਹੇ ਅਮਲ ਰਾਹੀਂ, ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਉੱਪਰ ਕਾਬਜ਼ ਹੋ ਜਾਂਦੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿੱਚ ਆ ਕੇ ਮੈਂਬਰੀ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਜਿਸ ਦੇ ਫ਼ਲਸਰੂਪ ਧਾਰਮਿਕ ਸੰਸਥਾਵਾਂ ਵਿੱਚ ਦਿਨ-ਬ-ਦਿਨ ਭਰਿਸ਼ਟਾਚਾਰ ਅਤੇ ਆਚਰਣਹੀਨਤਾ ਦਾ ਬੋਲਬਾਲਾ ਹੋਣ ਲਗਦਾ ਹੈ ਅਤੇ ਨਤੀਜਾ ਇਹ ਹੁੰਦਾ ਹੈ ਕਿ ਇਹ ਸੰਸਥਾਵਾਂ ਧਾਰਮਿਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿੱਚ ਸਫ਼ਲ ਨਹੀਂ ਹੋ ਪਾਂਦੀਆਂ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿੱਚ ਦੰਮ ਵੀ ਹੈ ਅਤੇ ਸੱਚਾਈ ਵੀ, ਪਰ ਸੁਆਲ ਉਠਦਾ ਹੈ ਕਿ ਬੀਤੇ ਕਾਫੀ ਸਮੇਂ ਅਜਿਹੇ ਪ੍ਰਸ਼ਨ-ਚਿੰਨ੍ਹ ਲਾਂਉਣ ਵਾਲੇ ਵਿਦਵਾਨਾਂ ਅਤੇ ਇਸ ਸੈਮੀਨਾਰ ਆਯੋਜਨ ਕਰਨ ਵਾਲੀ ਜਥੇਬੰਦੀ ਦੇ ਕਿਸੇ ਮੁੱਖੀ ਨੇ ਸੈਮੀਨਾਰ ਵਿੱਚ ਆਏ ਸੁਝਾਵਾਂ ਅਨੁਸਾਰ ਜਾਂ ਫ਼ਿਰ ਸ. ਤਰਲੋਚਨ ਸਿੰਘ ਨੇ ਵਰਤਮਾਨ ਚੋਣ ਪ੍ਰਣਾਲੀ ਤੇ ਪ੍ਰਸ਼ੰਨ-ਚਿੰਨ੍ਹ ਲਾਉਂਦਿਆਂ, ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਜਾਂ ਪੇਸ਼ ਕਰਨ ਦਾ ਉੱਪਰਾਲਾ ਕੀਤਾ ਹੈ? ਜਾਂ ਇਹ ਸੁਝਾਅ ਦੇਣ ਵਾਲੇ ਬੁਧੀਜੀਵੀਆਂ ਵਿਚੋਂ ਕਿਸੇ ਨੇ ਇਸ ਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਕੇਵਲ ਇਤਨਾ ਆਖ ਜਾਂ ਇਹ ਸਲਾਹ ਦੇ ਕਿ ਵਰਤਮਾਨ ਪ੍ਰਣਾਲੀ ਦਾ ਕੋਈ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸ ਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਜਿਹਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ ਕੇ, ਕੌਮ ਨੂੰ ਦੁਬਿੱਧਾ ਵਿੱਚ ਪਾਣਾ, ਸਿੱਖ ਰਾਜਨੀਤੀ ਦੇ ਖਿਡਾਰੀਆਂ ਅਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਉ ਨਹੀਂ ਬਣ ਗਿਆ?
ਇਸ ਮੌਕੇ ਤੇ ਕੁੱਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੇ ਉਦੇਸ਼ ਨਾਲ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਕਰਨ ਸਬੰਧੀ ਅਪਨਾਈ ਗਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤੱਕ ਦੇ ਦਿਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਕਰਦਿਆਂ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ। ਇਸ ਕਰ ਕੇ ਵਰਤਮਾਨ ਵਿੱਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤਖ ਰੂਪ ਵਿੱਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ ਤਾਂ ਜੋ ਉਹ ਗੁਰੂ ਸਾਹਿਬਾਨ ਵੱਲੋਂ ਅਪਨਾਏ ਗਏ ਢੰਗ ਰਾਹੀਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਚੋਣ ਕਰ ਦਿਆ ਕਰਨ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਜਾਂ ਉਨ੍ਹਾਂ ਵਰਗੇ ਕਿਸੇ ਹੋਰ ਵਿੱਚ ਇਤਨੀ ਸਮਰਥਾ ਜਾਂ ਸੂਝ ਹੈ ਕਿ ਉਹ ਉਸੇ ਤਰ੍ਹਾਂ ਦੀ ਚੋਣ ਕਰ ਸਕੇ, ਜਿਸ ਤਰ੍ਹਾਂ ਦੀ ਚੋਣ ਗੁਰੂ ਸਾਹਿਬਾਨ ਵੱਲੋਂ ਕੀਤੀ ਜਾਂਦੀ ਰਹੀ ਸੀ? ਅੱਜਕੱਲ੍ਹ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਅ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ 'ਤੇ ਚਲਣ ਦੀ ਉਨ੍ਹਾਂ ਦੀ ਆਪਣੀ ਸਮਰਥਾ ਨਾ ਹੋਵੇ, ਆਪਣੀ ਹਊਮੈ ਨੂੰ ਪੱਠੇ ਪਾਣ ਲਈ ਉਸ ਨੂੰ ਮਾੜਾ ਕਹਿ ਕੇ ਭੰਡ ਦਿਉ, ਕੌਮ ਭੰਬਲਭੂਸੇ ਵਿੱਚ ਪੈਂਦੀ ਹੈ ਤਾਂ ਪਈ ਰਹੇ, ਉਨ੍ਹਾਂ ਦਾ ਕੀ ਜਾਂਦਾ ਹੈ? ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਜੰਮ ਹੀ ਜਾਂਦਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਉਸਨੂੰ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਣਾ ਚਾਹੀਦਾ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਅਤੇ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਸਹਿਜ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਕੇ ਭੰਡ ਦੇਣਾ। ਜੇ ਸੁਚਜਾ ਬਦਲ, ਜਿਸ 'ਤੇ ਅਮਲ ਕੀਤਾ ਜਾਣਾ ਸੰਭਵ ਹੋ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
... ਅਤੇ ਅੰਤ ਵਿੱਚ: ਅੱਜ ਸਮੁੱਚਾ ਸਿੱਖ-ਪੰਥ ਹੀ ਅਣਸੁਲਝੇ ਵਿਵਾਦਾਂ ਦਾ ਸ਼ਿਕਾਰ ਹੋ ਕੇ ਅਜਿਹੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਾ ਅਤੇ ਹੱਥ-ਪੈਰ ਮਾਰ ਰਿਹਾ ਹੈ, ਜਿਨ੍ਹਾਂ ਵਿੱਚੋਂ ਬਾਹਰ ਨਿਕਲਣ ਦਾ ਉਸ ਨੂੰ ਕੋਈ ਰਾਹ ਤਕ ਨਹੀਂ ਮਿਲ ਪਾ ਰਿਹਾ। ਆਪਣਿਆਂ ਵਿੱਚੋਂ ਉਸ ਨੂੰ ਕੋਈ ਅਜਿਹੀ ਸ਼ਖਸੀਅਤ ਵੀ ਨਜ਼ਰ ਨਹੀਂ ਆ ਰਹੀ, ਜੋ ਸਿੱਖੀ ਨੂੰ ਬਚਾਣ ਪ੍ਰਤੀ ਸੁਹਿਰਦ ਹੋ, ਚਾਨਣ-ਮਨਾਰਾ ਬਣ, ਉਸ ਨੂੰ ਇਨ੍ਹਾਂ ਹਨੇਰੀਆਂ ਗਲੀਆਂ ਵਿਚੋਂ ਬਾਹਰ ਨਿਕਲਣ ਵਿੱਚ, ਉਸ ਦਾ ਮਾਰਗ-ਦਰਸ਼ਨ ਕਰ ਸਕੇ! ਜਿਸ ਕਾਰਣ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਕਿਸੇ ਸੁਹਿਰਦ ਦੀ ਅਣਹੋਂਦ ਦੇ ਕਾਰਣ, ਉਹ ਵਿਵਾਦਾਂ ਦੀਆਂ ਹਨੇਰੀਆਂ ਗਲੀਆਂ ਵਿੱਚ ਭਟਕਦਿਆਂ ਅਤੇ ਦੀਵਾਰਾਂ ਨਾਲ ਖਹਿੰਦਿਆਂ, ਆਪਣੀ ਹੋਂਦ ਹੀ ਗੁਆ ਬੈਠੇਗਾ?
ਜੇ ਸੱਚਾਈ ਸਵੀਕਾਰ ਕੀਤੀ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਵਿਵਾਦਾਂ ਵਿੱਚ ਘਿਰੇ ਸਿੱਖਾਂ ਪਾਸ ਨਾ ਤਾਂ ਕੋਈ ਅਜਿਹੀ ਸੋਝੀ ਰਹਿਣ ਦਿੱਤੀ ਗਈ ਹੈ, ਜਿਸ ਦੇ ਸਹਾਰੇ ਉਹ ਇਸ ਦੁਬਿੱਧਾ ਵਿਚੋਂ ਬਾਹਰ ਆ ਕੇ ਫ਼ੈਸਲਾ ਕਰ ਸਕਣ ਕਿ ਕਿਹੜਾ ਰਾਹ ਉਨ੍ਹਾਂ ਨੂੰ ਮੰਜ਼ਿਲ ਤਕ ਪਹੁੰਚਾਉਣ ਵਿੱਚ ਸਹਾਇਕ ਸਾਬਤ ਹੋਵੇਗਾ ਅਤੇ ਨਾ ਹੀ ਉਨ੍ਹਾਂ ਪਾਸ ਅਜਿਹਾ ਕੋਈ ਆਗੂ ਰਹਿ ਗਿਆ ਹੈ, ਜੋ ਮਾਰਗ-ਦਰਸ਼ਨ ਕਰ, ਉਨ੍ਹਾਂ ਨੂੰ ਇਸ ਦੁਬਿੱਧਾ ਵਿਚੋਂ ਉਭਾਰ ਕੇ, ਠੀਕ ਰਾਹ 'ਤੇ ਪਾ ਸਕੇ।
ਇਕ ਪਾਸੇ ਤਾਂ ਉਹ ਸ਼ਕਤੀਆਂ ਹਨ, ਜੋ ਆਪਣੇ ਨਿਜੀ ਰਾਜਸੀ ਸਵਾਰਥ ਦੀ ਪੂਰਤੀ ਲਈ, ਸਿੱਖ ਧਰਮ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਦਾਅ 'ਤੇ ਲਾ ਰਹੀਆਂ ਹਨ ਅਤੇ ਦੂਜੇ ਪਾਸੇ ਉਹ ਸ਼ਕਤੀਆਂ ਹਨ, ਜੋ ਸਿੱਖੀ ਦੀਆਂ ਸਥਾਪਤ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਨੂੰ ਰਾਜਸੀ ਸਵਾਰਥ ਦੇ ਸ਼ਿਕਾਰ ਲੋਕਾਂ ਦੇ ਪੰਜੇ ਵਿੱਚੋਂ ਆਜ਼ਾਦ ਕਰਾਉਣ ਦਾ ਦਾਅਵਾ ਕਰਦਿਆਂ, ਜਾਣੇ-ਅਣਜਾਣੇ ਮੂਲ ਰਾਹ ਤੋਂ ਭਟਕ, ਅਜਿਹੇ ਲੋਕਾਂ ਦੀ ਸਰਪ੍ਰਸਤੀ ਕਰਨ ਲੱਗ ਪਈਆਂ ਹਨ, ਜੋ ਕੌਮ ਵਿੱਚ ਵੱਧ ਤੋਂ ਵੱਧ ਵਿਵਾਦ ਪੈਦਾ ਕਰ, ਆਪਣੀ ਦੁਕਾਨਦਾਰੀ ਚਮਕਾਉਣ ਵਿੱਚ ਜੁਟੇ ਹੋਏ ਹਨ।
ਵਿਵਾਦ ਪੈਦਾ ਕਰਨ ਵਾਲੇ, ਇਹ ਲੋਕੀਂ ਉਹ ਹਨ, ਜੋ ਇੱਕ ਪਾਸੇ ਤਾਂ ਸਿੱਖੀ ਦੀਆਂ ਸਥਾਪਤ ਧਾਰਮਕ ਤੇ ਇਤਿਹਾਸਕ ਮਾਨਤਾਵਾਂ ਦੀ ਰੱਖਿਆ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਹੀ ਮਾਨਤਾਵਾਂ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ, ਲਗਾਤਾਰ ਵਿਵਾਦਾਂ ਨੂੰ ਕੇਵਲ ਜਨਮ ਹੀ ਨਹੀਂ ਦੇ ਰਹੇ, ਸਗੋਂ ਉਨ੍ਹਾਂ ਨੂੰ ਵਧਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਅਜਿਹੇ ਦੁਬਿੱਧਾ ਭਰੇ ਹਾਲਾਤ ਪੈਦਾ ਕਰਨ ਵਾਲਿਆਂ ਦੀ ਜਾਣੇ-ਅਣਜਾਣੇ ਸਰਪ੍ਰਸਤੀ ਕਰ ਰਹੇ 'ਪੰਥ ਦਰਦੀਆਂ' ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੋ ਰਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਪੈਦਾ ਕੀਤੇ ਵਿਵਾਦਾਂ ਕਾਰਣ ਹੀ, ਸਥਾਪਤ ਇਤਿਹਾਸਕ ਅਤੇ ਧਾਰਮਕ ਮਾਨਤਾਵਾਂ, ਮਰਿਆਦਾਵਾਂ ਤੇ ਪਰੰਪਰਾਵਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਥਾਂ ਅਜਿਹਾ ਰਾਜਸੀ ਸੁਆਰਥ ਲੈਂਦਾ ਜਾ ਰਿਹਾ ਹੈ, ਜਿਸ ਦੇ ਫਲਸਰੂਪ ਅੱਜ ਦਾ ਸਿੱਖ ਨੌਜਵਾਨ ਭੰਬਲ-ਭੂਸਿਆਂ ਵਿੱਚ ਫਸ ਭਟਕ ਰਿਹਾ ਹੈ। ਇਨ੍ਹਾਂ ਭੰਬਲ-ਭੂਸਿਆਂ ਵਿੱਚੋਂ ਉਭਰਨ ਦਾ ਕੋਈ ਰਾਹ ਨਾ ਮਿਲ ਪਾਣ ਦੇ ਕਾਰਣ ਹੀ, ਉਹ ਨਿਰਾਸ਼ ਹੋ, ਸਿੱਖੀ ਵਿਰਸੇ ਨਾਲੋਂ ਟੁੱਟਦਾ ਅਤੇ ਸਿੱਖੀ ਸਰੂਪ ਨੂੰ ਤਿਆਗਦਾ ਜਾ ਰਿਹਾ ਹੈ।
Mobile : + 91 98 68 91 77 31 E-mail :
This e-mail address is being protected from spambots. You need JavaScript enabled to view it
Address : Jaswant Singh Ajit, 64-C, U&V/B, Shalimar Bagh, DELHI-110088