
ਗੁਰਦੀਸ਼ ਕੌਰ ਗਰੇਵਾਲ
604-496-1323 (ਸਰੀ)
ਪਿਛਲੇ ਸਾਲ ਤੋਂ ਮੇਰੇ ਘਰ ਦੇ ਸਾਹਮਣੇ ਇਕ ਖਾਲੀ ਪਈ ਕੋਠੀ, ਇਕ ਜੋਤਸ਼ੀ ਜੀ ਮਹਾਰਾਜ ਨੇ ਕਿਰਾਏ 'ਤੇ ਲੈ ਲਈ। ਘਰ ਦੇ ਗੇਟ ਅਤੇ ਕੰਧਾਂ ਤੇ ਆਪਣੇ ਪੋਸਟਰ ਲਾ ਲਏ-ਟੀ. ਵੀ. ਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤੇ। ਕੁੱਝ ਹੀ ਦਿਨਾਂ ਵਿੱਚ ਜੋਤਸ਼ੀ ਜੀ ਦੇ ਘਰ ਲੋਕ ਵਹੀਰਾਂ ਘੱਤ ਆ ਤੁਰੇ। ਲੋਕ ਆਪਣੀ ਬੀਮਾਰੀ, ਗ਼ਰੀਬੀ ਤੇ ਹੋਰ ਪਰੇਸ਼ਾਨੀਆਂ ਬਾਰੇ ਪੁੱਛਣ ਆਉਂਦੇ-ਲੋਕਾਂ ਦੀਆਂ ਪਰੇਸ਼ਾਨੀਆਂ ਤਾਂ ਪਤਾ ਨਹੀਂ ਦੂਰ ਹੋਈਆਂ ਕਿ ਨਹੀਂ ਪਰ ਜੋਤਸ਼ੀ ਮਹਾਰਾਜ ਨੇ ਛੇ ਮਹੀਨੇ ਦੇ ਅੰਦਰ ਹੀ ਆਪਣੀਆਂ ਸਭ ਪਰੇਸ਼ਾਨੀਆਂ ਦੂਰ ਕਰ ਲਈਆਂ। ਦੋ ਵੱਡੀਆਂ ਵੱਡੀਆਂ ਗੱਡੀਆਂ-ਸਾਰੇ ਬੱਚਿਆਂ ਲਈ ਮੋਟਰ ਸਾਈਕਲ ਤੋਂ ਇਲਾਵਾ ਨੇੜੇ ਵਿਕਦਾ ਇਕ ਘਰ ਵੀ ਖ਼ਰੀਦ ਲਿਆ ਹੈ। ਜੋਤਸ਼ੀ ਮਹਾਰਾਜ ਕਦੇ ਕਦਾਈ ਹੀ ਬਾਹਰ ਦਿਖਾਈ ਦਿੰਦੇ ਹਨਤਾਂ ਉਹਨਾਂ ਦੀਆਂ ਉਂਗਲਾਂ ਵਿੱਚ ਪਾਈਆਂ ਸੋਨੇ ਦੀਆਂ ਮੁੰਦਰੀਆਂ ਤੇ ਗਲੇ ਦੀਆਂ ਚੇਨਾਂ ਦੇਖ ਕੇ ਸਹਿਜੇ ਹੀ ਸਾਡੇ ਲੋਕਾਂ ਦੀ ਸ਼ਰਧਾ ਦਾ ਅੰਦਾਜ਼ਾ ਲੱਗ ਜਾਂਦਾ ਹੈ। ਹੋਰ ਤਾਂ ਹੋਰਜਦੋਂ ਮੈਂ ਆਪਣੇ ਗੁਰਸਿੱਖ ਵੀਰ-ਭੈਣਾਂ ਨੂੰ ਵੀ ਉਸ ਜੋਤਸ਼ੀ ਕੋਲ ਆਉਂਦੇ ਤੱਕਦੀ ਹਾਂ-ਤਾਂ ਬਹੁਤ ਹੈਰਾਨ ਹੁੰਦੀ ਹਾਂ। ਸੋਚਦੀ ਹਾਂ ਕਿ
ਸਾਡੇ ਗੁਰੂਆਂ ਨੇ ਤਾਂ ਸਾਨੂੰ ਬਹੁਤ ਸੌਖਾ ਮਾਰਗ ਦੱਸਿਆ ਹੈ- 'ਕਿਰਤ ਕਰੋ- ਨਾਮ ਜਪੋ- ਵੰਡ ਛਕੋ'-ਫਿਰ ਅਸੀਂ ਇਹਨਾਂ ਲੋਕਾਂ ਦੇ ਚੱਕਰ ਵਿੱਚ ਪੈ ਕੇ ਸਿੱਖੀ ਨੂੰ ਲਾਜ ਨਹੀਂ ਲਾ ਰਹੇ?
ਆਪਣੇ ਹੀ ਮੁਹੱਲੇ ਦੀ ਇਕ ਹੋਰ ਅੰਧ-ਵਿਸ਼ਵਾਸ ਦੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਦੀ ਹਾਂ। ਇਕ ਜੱਟ ਸਿੱਖ ਪਰਿਵਾਰ ਦੀ ਵੱਡੀ ਕੋਠੀ ਦੇ ਮੇਨ ਗੇਟ ਅੱਗੇ ਚਾਂਦਨੀ (ਰਾਤ-ਰਾਣੀ) ਦੇ ਤਿੰਨ ਪੌਦੇ ਲੱਗੇ ਹੋਏ ਸਨ। ਮੈਂ ਸ਼ਾਮ ਨੂੰ ਜਦੋਂ ਉਹਨਾਂ ਦੇ ਘਰ ਅੱਗੋਂ ਲੰਘ ਕੇ ਪਾਰਕ ਵਿੱਚ ਸੈਰ ਕਰਨ ਜਾਂਦੀ-ਕਲੀਆਂ ਵਰਗੇ ਚਿੱਟੇ ਫੁੱਲਾਂ ਨਾਲ ਭਰੇ ਪੌਦੇ ਮਨ ਨੂੰ ਮੋਹ ਲੈਂਦੇ। ਮੈਂ ਹਮੇਸ਼ਾ ਇਕ ਪਲ ਖਲੋ ਕੇ ਫੁੱਲਾਂ ਨੂੰ ਨਿਹਾਰਦੀ ਤੇ ਸੋਚਦੀ ਕਿ ਇਹਨਾਂ ਦੇ ਮੇਨ ਗੇਟ ਦੇ ਨੇੜੇ ਕਿੰਨੀ ਸੁਹਣੀ ਫੱਲਾਂ ਦੀ ਬਹਾਰ ਖਿੜੀ ਹੋਈ ਹੈ। ਪੌਦੇ ਵਾਹਵਾ ਵੱਡੇ ਹੋ ਗਏ ਸਨ ਤੇ ਹੁਣ ਉਹਨਾਂ ਦੀਆਂ ਗੱਡੀਆਂ ਵੀ ਗਰਮੀਆਂ ਵਿੱਚ ਉਹਨਾਂ ਦੀ ਛਾਵੇਂ ਖਲੋਅ ਜਾਂਦੀਆਂ ਸਨ। ਉਹਨਾਂ ਵੱਲ ਦੇਖ ਕੇ ਮੈਂ ਵੀ ਆਪਣੇ ਘਰ ਨੂੰ ਸ਼ਿੰਗਾਰਨ ਲਈ ਆਪਣੇ ਗੇਟ ਕੋਲ ਅਤੇ ਦੂਜੀ ਦੀਵਾਰ ਦੇ ਨਾਲ ਨਾਲ ਅਸ਼ੋਕਾ ਟ੍ਰੀ ਅਤੇ ਫ਼ਾਈਕਸ ਦੇ ਵਿਚਕਾਰ ਤਿੰਨ-ਚਾਰ ਚਾਂਦਨੀ ਦੇ ਪੌਦੇ ਮਾਲੀ ਨੂੰ ਕਹਿ ਕੇ ਲਗਵਾ ਲਏ। ਇਕ ਦਿਨ ਮੈਂ, ਦੇਖ ਕੇ ਹੈਰਾਨ ਹੋਈ ਕਿ ਉਹ ਭੈਣਜੀ ਕੋਲ ਖੜੋ ਕੇ, ਆਪਣੇ ਸਾਰੇ ਚਾਂਦਨੀ ਦੇ ਬੂਟੇ ਪੁਟਵਾ ਕੇ ਅਸ਼ੋਕਾ ਟ੍ਰੀ ਲਗਵਾ ਰਹੇ ਸਨ। ਮੈ ਪੁੱਛਿਆ, ''ਇਹ ਕੀ ਕਰ ਰਹੇ ਹੋ? ਇੰਨੇ ਸੁਹਣੇ ਫੁੱਲਾਂ ਦੇ ਪੌਦੇ ਕਿਉਂ ਉਖਾੜ ਦਿੱਤੇ?" ਤਾਂ ਉਹਨਾਂ ਜਵਾਬ ਦਿੱਤਾ, ''ਕਿਸੇ ਪੰਡਤ ਨੇ ਦੱਸਿਆ ਹੈ ਕਿ ਚਾਂਦਨੀ ਦੇ ਪੌਦੇ ਗੇਟ ਦੇ ਨੇੜੇ ਹੋਣ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ"-''ਪਰ ਮੈਂ ਤਾਂ ਆਪਣੇ ਗੇਟ ਕੋਲ ਇਹ ਪੌਦੇ ਖ਼ਾਸ ਤੌਰ 'ਤੇ ਲਗਵਾਏ ਹਨ, ਤੁਸੀਂ ਕਿਹੜੇ ਵਹਿਮਾਂ ਵਿੱਚ ਪੈ ਗਏ," ਮੈਂ ਕਿਹਾ। ਦੂਸਰੇ ਦਿਨ ਦੂਜੀ ਗਲੀ ਵੱਲ ਗਈ ਤਾਂ ਦੇਖਿਆ ਕਿ ਇਕ ਹੋਰ ਬੀਬੀ ਨੇ ਵੀ ਗੇਟ ਦੇ ਕੋਲ ਲੱਗਾ ਚਾਂਦਨੀ ਦਾ ਪੌਦਾ ਕਟਵਾ ਦਿੱਤਾ ਸੀ। ਪਰ ਮੇਰੇ ਪੌਦੇ ਹੁਣ ਦੀਵਾਰ ਤੋਂ ਉੱਚੇ ਹੋ ਗਏ ਹਨ ਤੇ ਵਿਹੜੇ ਵਿੱਚ ਤੁਰੀ ਫ਼ਿਰਦੀ ਨੂੰ ਦਿਸਦੇ ਖਿੜੇ ਹੋਏ ਚਿੱਟੇ ਫੁੱਲ ਮੇਰੀ ਰੂਹ ਨਸ਼ਿਆ ਜਾਂਦੇ ਹਨ।
ਆਪਣੇ ਮੀਡੀਆ ਦਾ ਵੀ ਅੰਧ ਵਿਸ਼ਵਾਸ ਫੈਲਾਣ ਵਿੱਚ ਬਹੁਤ ਵੱਡਾ ਰੋਲ ਹੈ। ਜਿਊਂ ਹੀ ਸਵੇਰੇ ਟੀ.ਵੀ. ਆਨ ਕਰੋ ਤਾਂ ਹਰ ਚੈਨਲ 'ਤੇ ਕੋਈ ਨਾ ਕੋਈ ਜੋਤਸ਼ੀ ਰਾਸ਼ੀ ਫੱਲ ਬਾਰੇ ਜਾਣਕਾਰੀ ਦੇ ਰਿਹਾ ਹੂੰਦਾ ਹੈ। ਹਰ ਬੰਦਾ ਕੰਮ 'ਤੇ ਜਾਣ ਤੋਂ ਪਹਿਲਾਂ ਇਹ ਜਾਨਣਾ ਚਾਹੁੰਦਾ ਹੈ ਕਿ ਉਸ ਦੀ ਰਾਸ਼ੀ ਕੀ ਕਹਿੰਦੀ ਹੈ? ਅੱਜ ਦਾ ਦਿਨ ਕਿਵੇਂ ਲੰਘੇਗਾ? ਫ਼ਿਰ ਇਹ ਬਾਰਾਂ ਰਾਸ਼ੀਆਂ ਕਰੋੜਾਂ ਬੰਦਿਆਂ ਦਾ ਭਵਿੱਖ ਕਿਵੇਂ ਦੱਸ ਸਕਦੀਆਂ ਹਨ? ਪਰ ਇਸ ਬਾਰੇ ਸੋਚਣ ਦੀ ਵਿਹਲ ਹੀ ਕਿਸ ਕੋਲ ਹੈ।
ਅੱਜਕਲ ਮੈਂ ਇੰਡੀਆ ਤੋਂ ਕਨੇਡਾ ਆਈ ਹੋਈ ਹਾਂ। ਸੋਚਦੀ ਸਾਂ ਕਿ ਇਸ ਖ਼ੁਸ਼ਹਾਲ ਮੁਲਕ ਵਿੱਚ ਆ ਕੇ ਤਾਂ ਸਾਡੇ ਲੋਕਾਂ ਦੀ ਸੋਚ ਬਦਲ ਗਈ ਹੋਏਗੀ, ਪਰ ਇਥੇ ਵੀ ਜੋਤਸ਼ੀਆਂ ਅਤੇ ਅਖੌਤੀ ਬਾਬਿਆਂ ਬਾਰੇ ਅਖਬਾਰਾਂ 'ਚੋਂ ਪੜ੍ਹ ਕੇ ਪਤਾ ਲਗਦਾ ਹੈ ਕਿ ਇਥੇ ਆ ਕੇ ਵੀ ਸਾਡੇ ਦਿਮਾਗ ਵਿੱਚ ਕੋਈ ਚਾਨਣ ਨਹੀਂ ਹੋਇਆ। ਇਥੇ ਵੀ ਅਸੀਂ ਆਪਣੇ ਦਿਨ ਰਾਤ ਇਕ ਕਰ ਕੇ ਕਮਾਏ ਹੋਏ ਡਾਲਰ-ਆਪਣੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਇਹਨਾਂ ਲੋਕਾਂ ਦੀ ਭੇਂਟ ਚੜ੍ਹਾਈ ਜਾਂਦੇ ਹਾਂ ਤੇ ਇਹ ਲੋਕ ਸਾਡੀ ਕਮਾਈ 'ਤੇ ਐਸ਼ ਕਰਦੇ ਹਨ। ਦਰਅਸਲ ਕਸੂਰ ਇਹਨਾਂ ਦਾ ਨਹੀਂ, ਸਾਡੇ ਅੰਧ-ਵਿਸ਼ਵਾਸ ਦਾ ਹੈ।
ਇਕ ਦਿਨ ਸੀਨੀਅਰ ਸੈਂਟਰ ਵਿਖੇ ਇਕ ਬੀਬੀ ਨੇ ਮੈਨੂੰ ਪੁਛਿਆ, ''ਬਹੁਤ ਸਾਰੇ ਅਖੌਤੀ ਸੰਤਬਾਬੇ ਇੰਡੀਆ ਤੋਂ ਇਧਰ ਆਉਂਦੇ ਰਹਿੰਦੇ ਹਨ ਜੋ ਆਪਣੇ ਚਰਨਾਂ 'ਤੇ ਮੱਥਾ ਵੀ ਟਿਕਾਉਂਦੇ ਹਨ ਤੇ ਡਾਲਰਾਂ ਦੀ ਭੇਟਾ ਵੀ ਇਕੱਠੀ ਕਰ ਕੇ ਲੈ ਜਾਂਦੇ ਹਨ, ਕੀ ਇਹ ਸਭ ਕੁਝ ਸਿੱਖ ਧਰਮ ਅਨੁਸਾਰ ਠੀਕ ਹੈ?"
''ਸਾਡੇ ਗੁਰੂ ਸਾਹਿਬਾਨ ਨੇ ਤਾਂ ਸਾਨੂੰ 'ਗੁਰੂ ਮਾਨਿਉਂ ਗ੍ਰੰਥ' ਦਾ ਹੁਕਮ ਦਿੱਤਾ ਹੋਇਆ ਹੈ, ਸੋ ਦੇਹ ਧਾਰੀ ਗੁਰੂਆਂ ਅੱਗੇ ਭੇਟਾ ਚੜ੍ਹਾ ਕੇ ਮੱਥੇ ਟੇਕਣੇ-ਸਾਡੀ ਅਗਿਆਨਤਾ ਹੈ" ਮੈਂ ਆਪਣੀ ਸਮਝ ਮੁਤਾਬਕ ਉੱਤਰ ਦਿੱਤਾ।
''ਪਰ ਆਪਣੇ ਲੋਕਾਂ ਵਿੱਚ ਅੰਨ੍ਹੀ ਸ਼ਰਧਾ ਇੰਨੀ ਹੈ ਕਿ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਹੀ ਨਹੀਂ ਤੇ ਇਸੇ ਦਾ ਲਾਭ ਇੰਡੀਆ ਤੋਂ ਆਏ ਬਾਬੇ ਉਠਾ ਜਾਂਦੇ ਹਨ," ਉਸ ਜਵਾਬ ਦਿੱਤਾ।
ਪਿਛਲੇ ਹਫਤੇ ਮੈਂ ਇੱਥੋਂ ਦੇ ਇਕ ਗੁਰੁਘਰ ਗਈ। ਜੋੜਾ ਉਤਾਰ ਕੇ, ਮੈਂ ਇਕ ਬਜ਼ੁਰਗ ਨੂੰ ਦਫ਼ਤਰ ਤੇ ਲਾਇਬ੍ਰੇਰੀ ਬਾਰੇ ਪੁੱਛਿਆ ਤਾਂ ਕਿ ਗੁਰਦੁਆਰੇ ਬਾਰੇ ਕੁੱਝ ਜਾਣਕਾਰੀ ਲੈ ਸਕਾਂ। ਉਹਨਾਂ ਹਰੇਕ ਵਾਂਗ ਮੈਂਨੂੰ ਸੁਆਲ ਕੀਤਾ, ''ਨਵੇਂ ਆਏ ਹੋ? ਇੰਡੀਆ ਤੋਂ ਕਿਥੋਂ?" ਮੇਰੇ ਦੱਸਣ 'ਤੇ ਉਹਨਾਂ ਦੂਜਾ ਸੁਆਲ ਕੀਤਾ, ''ਪੱਕੇ ਆਏ ਹੋ ਜਾਂ ਵਿਜ਼ਿਟਰ?"
''ਹਾਂ ਤਾਂ ਪੱਕੀ- ਪਰ ਗਰਮੀ ਕੱਟ ਕੇ ਮੁੜ ਜਾਂਦੀ ਹਾਂ," ਮੈ ਜਵਾਬ ਦਿੱਤਾ।
''ਤਾਂ ਫਿਰ ਤੁਸੀਂ ਵੀ ਇੰਡੀਆ ਦੇ ਬਾਬਿਆਂ ਵਾਂਗ ਹੀ ਹੋ- ਜੋ ਗਰਮੀ ਵਿੱਚ ਇੱਧਰ ਆਉਂਦੇ ਨੇ ਤੇ ਕਮਾਈ ਕਰ ਕੇ ਮੁੜ ਜਾਂਦੇ ਨੇ," ਉਹਨਾਂ ਕਿਹਾ।
ਮੇਰੇ ਦਿਮਾਗ ਵਿੱਚ ਕੱਲ੍ਹ ਵਾਲੀ ਬੀਬੀ ਦੀ ਗੱਲ ਘੁੰਮਣ ਲੱਗੀ ਤੇ ਮੈਂ ਕਿਹਾ, ''ਬਾਬਾ ਜੀ, ਮੈਂ ਉਹਨਾਂ ਬਾਬਿਆਂ ਵਾਂਗ ਡਾਲਰ ਇਕੱਠੇ ਕਰਨ ਨਹੀਂ ਆਉਂਦੀ-ਆਪਣੇ ਪੈਸੇ ਖ਼ਰਚ ਕੇ ਬੱਚਿਆਂ ਨੂੰ ਮਿਲਣ ਆਉਂਦੀ ਹਾਂ-ਅਤੇ ਇੱਕ ਲੇਖਿਕਾ ਹੋਣ ਦੇ ਨਾਤੇ, ਆਪਣੇ ਵਿਚਾਰ ਆਪਣੇ ਪੰਜਾਬੀਆਂ ਨਾਲ ਇੱਧਰ ਵੀ ਸਾਂਝੇ ਕਰ ਜਾਂਦੀ ਹਾਂ, ਤੇ ਕੁੱਝ ਇਧਰ ਦੀ ਜਾਣਕਾਰੀ ਜਾ ਕੇ ਇੰਡੀਆ ਦੇ ਪਾਠਕਾਂ ਨੂੰ ਦੇ ਦਿੰਦੀ ਹਾਂ। ਹਾਂ-ਇਕ ਗੱਲ ਮੇਰੀ ਬਾਬਿਆਂ ਨਾਲ ਮਿਲਦੀ ਹੈ-ਕਿ ਮੈਂ ਇੱਧਰ ਗ਼ਰਮੀ ਜਰੂਰ ਕੱਟ ਜਾਂਦੀ ਹਾਂ"
ਉਹ ਹੱਸ ਪਏ ਤੇ ਮੈਨੂੰ ਦਫ਼ਤਰ ਵੱਲ ਇਸ਼ਾਰਾ ਕਰ ਦਿੱਤਾ। ਮੈ ਜਾਂਦੀ ਹੋਈ ਆਪਣੇ ਲੋਕਾਂ ਦੀ ਅੰਨ੍ਹੀ ਸ਼ਰਧਾ ਦਾ ਅੰਦਾਜ਼ਾ ਲਾ ਰਹੀ ਸੀ। ਅੱਜਕਲ ਸਾਡੇ ਪੰਜਾਬੀ, ਟੇਵਿਆਂ ਦੇ ਚੱਕਰ ਵਿੱਚ ਵੀ ਫਸੇ ਹੋਏ ਹਨ। ਆਪਣੇ ਟੇਵੇ ਬਨਵਾਉਣੇ ਅਤੇ ਫ਼ਿਰ ਜੋਤਸ਼ੀਆਂ ਨੂੰ ਦਿਖਾ ਕੇ, ਆਪਣੀਆਂ ਪਰੇਸ਼ਾਨੀਆਂ ਦੇ ਹੱਲ ਪੁੱਛਣੇ। ਬੱਚਿਆਂ ਦੇ ਵਿਆਹਾਂ ਸਮੇਂ ਵੀ ਟੇਵੇ ਮਿਲਾਣੇ। ਪੜ੍ਹੇਲਿਖੇ ਲੋਕਾਂ ਵਿੱਚ ਵੀ ਆਮ ਜਿਹੀ ਗੱਲ ਹੋ ਗਈ ਹੈ। ਆਪਣੇ ਐਨ. ਆਰ. ਆਈ. ਵੀਰ ਵੀ ਇੰਡੀਆ ਜਾ ਕੇ ਆਪਣੇ ਟੇਵੇ ਦਿਖਾ ਕੇ ਆਪਣੀਆਂ ਸਮੱਸਿਆਵਾਂ ਅਤੇ ਆਪਣੇ ਅਗਲੇ ਪਿਛਲੇ ਜਨਮ ਬਾਰੇ ਜਾਨਣ ਲਈ ਜੋਤਸ਼ੀਆਂ ਕੋਲ ਜਾਂਦੇ ਮੈਂ ਅਕਸਰ ਦੇਖੇ ਹਨ। ਇਹਨਾਂ ਜੋਤਸ਼ੀਆਂ ਨੇ ਮੋਟੀਆਂ ਫ਼ੀਸਾਂ ਰੱਖੀਆਂ ਹੋਈਆਂ ਹਨ ਤੇ ਫਿਰ ਐਨ. ਆਰ. ਆਈ. ਦੀ ਤਾਂ ਪੂਰੀ ਛਿੱਲ ਲਾਹੁੰਦੇ ਹਨ। ਮੇਰਾ ਖ਼ਿਆਲ ਹੈ ਕਿ ਜੋ ਕੋਈ ਵੀ ਗੁਰਬਾਣੀ ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਨੂੰ ਅਗਲੇ ਪਿਛਲੇ ਜਨਮ ਨੂੰ ਜਾਨਣ ਦੀ ਬਜਾਏ, ਇਸ ਜਨਮ ਨੂੰ ਸਫ਼ਲ ਕਰਨ ਬਾਰੇ ਸੋਚਣਾ ਚਾਹੀਦਾ ਹੈ। ਫਿਰ ਸਿੱਖ ਧਰਮ ਤਾਂ ਹੈ ਹੀ ਬੜਾ ਸਰਲ-24 ਘੰਟਿਆਂ ਦਾ ਦਸਵੰਧ-ਭਾਵ ਢਾਈ ਘੰਟੇ ਦਾ ਸਮਾਂਅਕਾਲ ਪੁਰਖ ਦੀ ਯਾਦ ਵਿੱਚ ਬਿਤਾਓ, ਬਾਕੀ ਸਾਰਾ ਸਮਾਂ, ਕਿਰਤ ਕਰੋ-ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਨਿਭਾਓ, ਭਾਣੇ 'ਚ ਰਹੋ, ਤੇ ਸਰਬੱਤ ਦਾ ਭਲਾ ਮੰਗੋ। ਪਤਾ ਨਹੀਂ ਫ਼ਿਰ ਵੀ ਕਿਉਂ ਅਸੀਂ ਜੋਤਸ਼ੀਆਂ-ਬਾਬਿਆਂ ਦੇ ਵਿਛਾਏ ਮਕੜ-ਜਾਲ ਵਿੱਚ ਫਸ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ?
ਬਾਹਰ ਜਾਣ ਦੇ ਕਨੂੰਨ ਸਖ਼ਤ ਹੋਣ ਨਾਲ ਆਪਣੇ ਜੋਤਸ਼ੀਆਂ ਦੀ ਹੋਰ ਵੀ ਚਾਂਦੀ ਹੋ ਗਈ ਹੈ। ਆਪਣੇ ਲੋਕ ਕੁਝ ਏਜੰਟਾਂ ਹੱਥੋਂ ਲੁੱਟੇ ਜਾ ਰਹੇ ਹਨ ਤੇ ਕੁੱਝ ਇਹਨਾਂ ਪੁੱਛਾਂ ਦੇਣ ਵਾਲਿਆਂ ਹੱਥੋਂ। ਪੰਜਾਬੀ ਸੋਚਦੇ ਹਨ ਕਿ ਸ਼ਾਇਦ ਕੋਈ ਛੂਮੰਤਰ ਮਾਰ ਕੇ ਸਾਨੂੰ ਬਾਹਰ ਭੇਜ ਦੇਵੇ, ਤੇ ਅਸੀਂ ਜਾਂਦਿਆਂ ਸਾਰ ਡਾਲਰ ਇਕੱਠੇ ਕਰ ਲਈਏ। ਸੋ ਇਸ ਤਰ੍ਹਾਂ ਦੇ ਵਹਿਮਾਂ ਕਾਰਨ ਸਾਡੇ ਲੋਕ, ਆਪਣੀਆਂ ਜ਼ਮੀਨਾਂ- ਜਾਇਦਾਦਾਂ ਦੋਹੀਂ ਹੱਥੀਂ ਲੁਟਾ ਰਹੇ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਦੋਂ ਤੱਕ ਸਾਡਾ ਸਮਾਜ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਫਸਿਆ ਰਹੇਗਾ? ਸਾਡੇ ਗੁਰੂਆਂ ਨੇ ਢਾਈ ਸੌ ਸਾਲ ਤੋਂ ਵੱਧ ਸਮਾਂ ਸਾਨੂੰ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਵਿੱਚੋਂ ਕੱਢਣ 'ਤੇ ਲਾ ਦਿੱਤਾ ਪਰ, ਅਸੀਂ ਸਿੱਖ ਧਰਮ ਨੂੰ ਮੰਨਦੇ ਹੋਏ ਵੀ ਉਹਨਾਂ ਹੀ ਵਹਿਮਾਂ-ਭਰਮਾਂ ਵਿੱਚ ਫਸ ਕੇ, ਅੰਨ੍ਹੀ ਸ਼ਰਧਾ ਕਾਰਨ ਆਪਣੀ ਕਿਰਤ ਦੀ ਕਮਾਈ ਨਾਲ ਬਾਬਿਆਂ ਤੇ ਜੋਤਸ਼ੀਆਂ ਦੇ ਘਰ ਭਰ ਰਹੇ ਹਾਂ ਪਰ, ਮਨ ਸਾਡੇ ਫ਼ਿਰ ਵੀ ਭਟਕ ਰਹੇ ਹਨ। ਕਿਉਂ ਨਾ-ਆਪਾਂ ਸਿੱਖੀ ਦੇ ਮਾਰਗ 'ਤੇ ਚਲਦੇ ਹੋਏ, ਓਹੀ ਦਸਵੰਧ, ਕਿਸੇ ਲੋੜਵੰਦ ਦੀ ਮਦਦ ਲਈ ਜਾਂ ਇੰਡੀਆ ਵਿੱਚ ਆਪਣੇ ਪਿੰਡ ਦੀ ਬੇਹਤਰੀ ਲਈ ਖ਼ਰਚ ਕਰ ਕੇ- ਸਦੀਵੀ ਅਨੰਦ ਪ੍ਰਾਪਤ ਕਰ ਲਈਏ!
ਗੁਰਦੀਸ਼ ਕੌਰ ਗਰੇਵਾਲ
604-496-1323 (ਸਰੀ)