
ਕੁਲਜੀਤ ਕੌਰ
ਹਠ ਯੋਗ ਵਿੱਚ ਯੋਗ ਆਸਣ, ਸ਼ਤਕਰਮ ਵਿਧੀਆਂ ਅਤੇ ਪ੍ਰਾਣਾਯਾਮ ਤਿੰਨ ਬੁਨਿਆਦੀ ਅੰਗ ਹਨ। ਅਸਲ ਵਿੱਚ ਇਹ ਤਿੰਨੇ ਨਾਲੋ ਨਾਲ ਚੱਲਦੇ ਹਨ। ਇਨ੍ਹਾਂ ਤਿੰਨਾਂ ਦਾ ਅਭਿਆਸ ਇੱਕ ਦੂਜੇ ਨਾਲ ਤਾਲਮੇਲ ਵਿੱਚ ਅਤੇ ਇੱਕ ਸੰਤੁਲਨ ਵਿੱਚ ਹੁੰਦਾ ਹੈ। ਆਸਣ ਅਤੇ ਸ਼ਤਕਰਮ ਵਿਧੀਆਂ ਜੇ ਸਿਰਫ਼ ਕੋਈ ਕਿਤਾਬ ਜਾਂ ਲੇਖ ਪੜ ੍ਹਕੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਵਿੱਚ ਗ਼ਲਤੀ ਦੀ ਗੁੰਜਾਇਸ਼ ਰਹਿੰਦੀ ਹੈ। ਇਸ ਕਰ ਕੇ ਇਸ ਲੇਖ ਲੜੀ ਵਿੱਚ ਅਸੀਂ ਕਿਸੇ ਆਸਣ ਦਾ ਜ਼ਿਕਰ ਨਹੀਂ ਕੀਤਾ। ਆਸਣਾਂ, ਸ਼ਤਕਰਮ ਅਤੇ ਪ੍ਰਾਣਾਯਾਮ ਦਾ ਅਭਿਆਸ ਕਿਸੇ ਯੋਗ ਟੀਚਰ ਦੀ ਅਗਵਾਈ ਹੇਠ ਹੀ ਕਰਨਾ ਚਾਹੀਦਾ ਹੈ। ਪ੍ਰਾਣਾਯਾਮ ਦਾ ਅਭਿਆਸ ਵੀ ਉਨਾਂ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ ਜਿਹੜੇ ਨਾਲੋ ਨਾਲ ਆਸਣਾਂ ਦਾ ਅਭਿਆਸ ਕਰਦੇ ਹਨ। ਪ੍ਰਾਣਾਯਾਮ ਦੇ ਵੀ ਕਈ ਅੰਗ ਹਨ। ਉਨਾਂ ਵਿੱਚ ਨਾੜੀ ਸ਼ੋਧਨ ਪ੍ਰਾਣਾਯਾਮ ਇੱਕ ਵਿਧੀ ਹੈ। ਇਸ ਨੂੰ ਬਦਲਵੀਂ ਨਾਸ ਨਾਲ ਸਾਹ ਲੈਣ ਦੀ ਵਿਧੀ ਵੀ ਕਿਹਾ ਜਾਂਦਾ ਹੈ। ਇਸ ਨੂੰ ਇਸ ਦੇ ਨਾਂ ਦੇ ਅਧਾਰ 'ਤੇ ਸਾਹ ਨਾਲ ਨਾੜੀਆਂ ਦੇ ਸ਼ੁਧੀਕਰਨ ਦੀ ਵਿਧੀ ਵੀ ਕਿਹਾ ਜਾ ਸਕਦਾ ਹੈ। ਇਥੇ ਅਸੀਂ ਨਾੜੀ ਸ਼ੋਧਨ ਪ੍ਰਾਣਾਯਾਮ ਕਰਨ ਦੀ ਵਿਧੀ ਨਹੀਂ ਦੱਸਾਂਗੇ ਬਲਕਿ ਉਸ ਨਾਲ ਸਬੰਧਤ ਕੁੱਝ ਮੁਢਲੀਆਂ ਅਤੇ ਅਹਿਮ ਗੱਲਾਂ ਅਤੇ ਉਸ ਦੇ ਮਹੱਤਵ ਬਾਰੇ ਸੰਖੇਪ ਵਿੱਚ ਚਰਚਾ ਕਰਾਂਗੇ। ਇਨ੍ਹਾਂ ਲੇਖਾਂ ਦਾ ਮਕਸਦ ਹਠ ਯੋਗ ਦੇ ਅਭਿਆਸ ਲਈ ਕਿਸੇ
ਗਾਈਡ ਬੁੱਕ ਦਾ ਕੰਮ ਕਰਨਾ ਨਹੀਂ ਹੈ ਬਲਕਿ ਪਾਠਕਾਂ ਨਾਲ ਹਠ ਯੋਗ ਦੇ ਸਿਧਾਂਤਕ ਅਧਾਰ ਬਾਰੇ ਕੁੱਝ ਬੁਿਨਆਦੀ ਗੱਲਾਂ 'ਤੇ ਚਰਚਾ ਕਰਨਾ ਹੈ ਅਤੇ ਜਿਹਨਾਂ ਲੋਕਾਂ ਦੀ ਇਸ ਦੇ ਅਭਿਆਸ ਵਿੱਚ ਰੁਚੀ ਹੋਵੇ, ਉਹ ਕਿਸੇ ਯੋਗ ਟੀਚਰ ਦੀ ਅਗਵਾਈ ਹੇਠ ਇਸ ਦਾ ਅਭਿਆਸ ਕਰ ਸਕਦੇ ਹਨ।
ਪ੍ਰਾਣਾਯਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲੀ ਗੱਲ ਇਹ ਸਮਝਣੀ ਜ਼ਰੂਰੀ ਹੁੰਦੀ ਹੈ ਕਿ ਸਾਹ ਲੈਣ ਦੀ ਇੱਕ ਸਹੀ ਅਤੇ ਕੁਦਰਤੀ ਵਿਧੀ ਕੀ ਹੈ। ਇਸ ਦਾ ਕਾਰਨ ਹੈ ਕਿ ਅੱਜਕਲ੍ਹ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਕਾਰਨ ਬਹੁਤ ਸਾਰੇ ਲੋਕ ਸਹੀ ਤਰੀਕੇ ਨਾਲ ਸਾਹ ਨਹੀਂ ਲੈਂਦੇ। ਸਭ ਤੋਂ ਪਹਿਲਾਂ ਸਾਹ ਲੈਣ ਦੇ ਕੁਦਰਤੀ ਅਤੇ ਸਹਿਜ ਤਰੀਕੇ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਨੂੰ ਆਪਣੀ ਆਦਤ ਦਾ ਹਿੱਸਾ ਬਣਾਉਣ ਤੋਂ ਬਾਅਦ ਹੀ ਪ੍ਰਾਣਾਯਾਮ ਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ। ਸਾਹ ਲੈਣ ਦੀ ਸਹੀ ਵਿਧੀ ਉਹ ਹੁੰਦੀ ਹੈ ਜਦੋਂ ਸਾਹ ਅੰਦਰ ਲੈਣ ਵੇਲੇ ਫ਼ੇਫ਼ੜਿਆਂ ਨੂੰ ਪੂਰੀ ਤਰਾਂ ਭਰਿਆ ਜਾਂਦਾ ਹੈ ਅਤੇ ਸਾਹ ਬਾਹਰ ਕੱਢਣ ਵੇਲੇ ਚੰਗੀ ਤਰਾਂ ਖ਼ਾਲੀ ਕੀਤਾ ਜਾਂਦਾ ਹੈ। ਜਦੋਂ ਇਸ ਤਰ੍ਹਾਂ ਸਾਹ ਲਿਆ ਜਾਂਦਾ ਹੈ ਤਾਂ ਸਾਹ ਲੈਣ ਵੇਲੇ ਪੇਟ ਬਾਹਰ ਜਾਏਗਾ ਅਤੇ ਸਾਹ ਬਾਹਰ ਕੱਢਣ ਵੇਲੇ ਅੰਦਰ ਜਾਏਗਾ। ਅੱਜਕੱਲ੍ਹ ਲੋਕ ਜਦੋਂ ਆਪਣੇ ਪੇਟ ਦੇ ਮੋਟੇ ਹੋਣ ਬਾਰੇ ਸੁਚੇਤ ਹੁੰਦੇ ਹਨ ਤਾਂ ਉਹ ਜਾਣ ਬੁਝ ਕੇ ਸਾਹ ਲੈਣ ਵੇਲੇ ਵੀ ਆਪਣਾ ਪੇਟ ਨਹੀਂ ਫ਼ੈਲਾਉਣਾ ਚਾਹੁੰਦੇ ਅਤੇ ਜਾਂ ਕਿਸੇ ਹੋਰ ਗ਼ਲਤ ਧਾਰਨਾ ਵਸ ਛਾਤੀ ਨਾਲ ਸਾਹ ਲੈਣਾ ਸ਼ੁਰੂ ਕਰ ਦਿੰਦੇ ਹਨ। ਉਹ ਫ਼ੇਫ਼ੜਿਆਂ ਨੂੰ ਪੂਰੀ ਤਰ੍ਹਾਂ ਕੰਮ ਨਹੀਂ ਕਰਨ ਦਿੰਦੇ। ਉਹ ਫ਼ੇਫ਼ੜਿਆਂ ਨੂੰ ਨਾ ਪੂਰੀ ਤਰ੍ਹਾਂ ਭਰਦੇ ਹਨ ਅਤੇ ਨਾ ਖ਼ਾਲੀ ਕਰਦੇ ਹਨ। ਅਜਿਹੇ ਲੋਕ ਅੱਧਾ ਅਧੂਰਾ ਸਾਹ ਲੈਂਦੇ ਹਨ। ਸਾਹ ਲੈਣ ਦੀ ਅਜਿਹੀ ਵਿਧੀ ਲੰਬੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਜਾਗਰੁਕਤਾ ਅਤੇ ਅਭਿਆਸ ਨਾਲ ਸਭ ਤੋਂ ਪਹਿਲਾਂ ਸਹਿਜ ਰੂਪ ਵਿੱਚ ਸਾਹ ਲੈਣ ਦੀ ਸਹੀ ਵਿਧੀ ਦੀ ਆਦਤ ਪਾਉਣੀ ਚਾਹੀਦੀ ਹੈ।
ਨਾੜੀ ਸ਼ੋਧਨ ਦੇ ਅਭਿਆਸ ਲਈ ਅਗਲੀ ਅਹਿਮ ਗੱਲ ਇਹ ਹੁੰਦੀ ਹੈ ਕਿ ਦੋਵੇਂ ਨਾਸਾਂ ਖੁਲ੍ਹੀਆਂ ਹੋਣ। ਕਈ ਲੋਕਾਂ ਦੀ ਕਿਸੇ ਕਾਰਨ ਨੱਕ ਦੀ ਇੱਕ ਨਾਸ ਬੰਦ ਹੁੰਦੀ ਹੈ। ਅਜਿਹੀ ਸੂਰਤ ਵਿੱਚ ਨਾੜੀ ਸ਼ੋਧਨ ਪ੍ਰਾਣਾਯਾਮ ਦਾ ਅਭਿਆਸ ਕਰਨਾ ਸੰਭਵ ਨਹੀਂ ਹੋਵੇਗਾ। ਇਸੇ ਕਰ ਕੇ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਸਿੱਧਾ ਨਾੜੀ ਸ਼ੋਧਨ ਪ੍ਰਾਣਾਯਾਮ ਜਾਂ ਯੋਗ ਅਭਿਆਸ ਦੀ ਕਿਸੇ ਹੋਰ ਐਡਵਾਂਸ ਵਿਧੀ ਦਾ ਅਭਿਆਸ ਨਹੀਂ ਕਰ ਸਕਦਾ। ਉਸ ਨੂੰ ਪਹਿਲਾਂ ਮੁਢਲੀਆਂ ਗੱਲਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਫ਼ੇਰ ਹੌਲੀ ਹੌਲੀ ਅਗਲੀਆਂ ਵਿਧੀਆਂ ਵੱਲ ਵਧਣਾ ਚਾਹੀਦਾ ਹੈ। ਕੁੱਝ ਆਸਣਾਂ ਦੇ ਅਭਿਆਸ, ਸਾਹ ਲੈਣ ਦੇ ਸਹੀ ਤਰੀਕੇ ਬਾਰੇ ਜਾਗਰੁਕਤਾ, ਉਚਿਤ ਖਾਣੇ ਅਤੇ ਪ੍ਰਾਣਾਯਾਮ ਦੀਆਂ ਕੁੱਝ ਮ:ੁਢਲੀਆਂ ਗੱਲਾਂ ਦੇ ਅਭਿਆਸ ਨਾਲ ਹੌਲੀ ਹੌਲੀ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕੀਤਾ ਜਾਂਦਾ ਹੈ ਕਿ ਨਾੜੀ ਸ਼ੋਧਨ ਪ੍ਰਾਣਾਯਾਮ ਜਿਹੀਆਂ ਵਿਧੀਆਂ ਦਾ ਅਭਿਆਸ ਕੀਤਾ ਜਾ ਸਕੇ। ਅਸੀਂ ਪਾਠਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਸਿਰਫ਼ ਇਹ ਲੇਖ ਪੜ੍ਹਕੇ ਨਾੜੀ ਸ਼ੋਧਨ ਦਾ ਅਭਿਆਸ ਨਾ ਕਰਨ। ਸਿਰਫ਼ ਉਨ੍ਹਾਂ ਦੀ ਜਾਣਕਾਰੀ ਲਈ ਸੰਖੇਪ ਵਿੱਚ ਇਹ ਦੱਸਣਾ ਚਾਹਾਂਗੇ ਕਿ ਨਾੜੀ ਸ਼ੋਧਨ ਪ੍ਰਾਣਾਯਾਮ ਦੌਰਾਨ ਇੱਕ ਨਾਸ ਚੋਂ ਸਾਹ ਅੰਦਰ ਲਿਆ ਜਾਂਦਾ ਹੈ, ਫ਼ੇਰ ਰੋਕਿਆ ਜਾਂਦਾ ਹੈ ਅਤੇ ਦੂਜੀ ਚੋਂ ਬਾਹਰ ਕੱਢਿਆ ਜਾਂਦਾ ਹੈ। ਫ਼ੇਰ ਦੂਜੀ ਚੋਂ ਹੀ ਦੁਬਾਰਾ ਅੰਦਰ ਲਿਆ ਜਾਂਦਾ ਹੈ, ਰੋਕਿਆ ਜਾਂਦਾ ਹੈ ਅਤੇ ਪਹਿਲੀ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਇਸ ਵਿੱਚ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹੈ। ਇਹ ਵਿਧੀ ਉਹ ਵਿਅਕਤੀ ਹੀ ਸਹੀ ਤਰੀਕੇ ਨਾਲ ਕਰ ਸਕਦਾ ਹੈ, ਜਿਹੜਾ ਕੁਦਰਤੀ ਤੌਰ 'ਤੇ ਸਾਹ ਸਹੀ ਤਰੀਕੇ ਨਾਲ ਲੈਂਦਾ ਹੋਵੇ ਅਤੇ ਦੂਜਾ ਜਿਸ ਦੀ ਇੱਕ ਨਾਸ ਬੰਦ ਨਾ ਹੋਈ ਹੋਵੇ। ਖਾਸ ਕਰ ਕੇ ਜਿਨ੍ਹਾਂ ਨੂੰ ਨਜ਼ਲੇ ਵਗੈਰਾ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਦੀ ਇੱਕ ਨਾਸ ਅਕਸਰ ਬੰਦ ਰਹਿੰਦੀ ਹੈ।
ਆਮ ਕਰ ਕੇ ਸਾਡੇ ਸ਼ਰੀਰ ਦੇ ਸੱਜੇ ਅਤੇ ਖੱਬੇ ਦਿਮਾਗ, ਇੜਾ ਅਤੇ ਪਿੰਗਲਾ ਨਾੜੀ ਦੀ ਕਾਰਜ ਪ੍ਰਣਾਲੀ ਵਿੱਚ ਸੰਤੁਲਨ ਨਹੀ ਹੁੰਦਾ। ਇਹ ਅਸੰਤੁਲਨ ਇੱਕ ਪਾਸੇ ਕਈ ਤਰ੍ਹਾਂ ਦੀਆਂ ਸ਼ਰੀਰਕ ਅਤੇ ਮਾਨਸਿਕ ਸਮੱਸਿਆਵਾਂ ਦੀ ਜੜ੍ਹ ਹੁੰਦਾ ਹੈ, ਉਥੇ ਚੇਤਨਾ ਦੇ ਅਗੇਰੇ ਵਿਕਾਸ ਵਿੱਚ ਵੀ ਰੁਕਾਵਟ ਹੁੰਦਾ ਹੈ। ਜਦੋਂ ਸਹੀ ਤਰੀਕੇ ਨਾਲ ਅਤੇ ਲਗਾਤਾਰ ਨਾੜੀ ਸ਼ੋਧਨ ਪ੍ਰਾਣਾਯਾਮ ਦਾ ਅਭਿਆਸ ਕੀਤਾ ਜਾਂਦਾ ਹੈ ਤਾਂ ਵੱਖ ਵੱਖ ਚੱਕਰਾਂ, ਨਾੜੀਆਂ ਵਿੱਚ ਬਣੀਆਂ ਗੰਢਾਂ ਦੂਰ ਹੁੰਦੀਆਂ ਹਨ ਅਤੇ ਪੂਰੇ ਸਿਸਟਮ ਦੀ ਸਫ਼ਾਈ ਹੁੰਦੀ ਹੈ। ਯੋਗੀ ਕਹਿੰਦੇ ਹਨ ਕਿ ਜੇ ਕੋਈ ਸਹੀ ਤਰੀਕੇ ਨਾਲ ਲਗਤਾਰ ਇਸ ਦਾ ਕੁੱਝ ਮਹੀਨੇ ਤੱਕ ਅਭਿਆਸ ਕਰਦਾ ਰਹੇ ਤਾਂ ਉਸਦਾ ਪੂਰਾ ਸਿਸਟਮ ਸਾਫ਼ ਹੋ ਜਾਂਦਾ ਹੈ, ਬਸ਼ਰਤੇ ਉਹ ਆਪਣਾ ਬਾਕੀ ਰਹਿਣ ਸਹਿਣ ਵੀ ਠੀਕ ਰੱਖੇ ਅਤੇ ਨਵਾਂ ਪ੍ਰਦੂਸ਼ਨ ਆਪਣੇ ਅੰਦਰ ਨਾ ਇਕੱਠਾ ਕਰੇ।
ਪੁਰਾਣੇ ਗ੍ਰੰਥਾਂ ਵਿੱਚ ਦਿਨ ਵਿੱਚ ਚਾਰ ਵਾਰ ਪ੍ਰਾਣਾਯਾਮ ਦਾ ਅਭਿਆਸ ਕਰਨ ਦੀ ਤਾਕੀਦ ਕੀਤੀ ਗਈ ਹੈ। ਇਹ ਸਮੇਂ ਹਨ ਸਵੇਰ, ਦੁਪਹਿਰ ਵੇਲੇ, ਸ਼ਾਮ ਨੂੰ ਅਤੇ ਅੱਧੀ ਰਾਤ ਨੂੰ। ਪੁਰਾਣੀਆਂ ਪਰੰਪਰਾਵਾਂ ਮੁਤਾਬਕ ਯੋਗ ਅਭਿਆਸ, ਸਾਧਨਾ ਜਾਂ ਇਬਾਦਤ ਲਈ ਇਹ ਜੋ ਵੱਖ ਵੱਖ ਸਮੇਂ ਦੱਸੇ ਗਏ ਹਨ ਅਤੇ ਸਾਲ ਵਿੱਚ ਵੱਖ ਵੱਖ ਰੁੱਤਾਂ ਦਾ ਖ਼ਾਸ ਮਹੱਤਵ ਦਸਿਆ ਗਿਆ ਹੈ, ਉਸ ਦੇ ਵੀ ਕੁੱਝ ਗ਼ਹਿਰੇ ਪ੍ਰਾਣਕ ਜਾਂ ਸਰੀਰਕ ਕਾਰਨ ਹਨ। ਦਿਨ ਵਿੱਚ ਸਾਡੇ ਸਰੀਰ ਅਤੇ ਆਲੇ ਦੁਆਲੇ ਦੀ ਊਰਜਾ ਕਈ ਤਰ੍ਹਾਂ ਦੀਆਂ ਤਬਦੀਲੀਆਂ ਵਿੱਚੋਂ ਗ਼ੁਜ਼ਰਦੀ ਹੈ। ਇਸੇ ਤਰ੍ਹਾਂ ਸਾਲ ਦੌਰਾਨ ਰੁੱਤਾਂ ਦੀਆਂ ਤਬਦੀਲੀਆਂ ਦਾ ਵੀ ਆਲੇ ਦੁਆਲੇ ਅਤੇ ਸਰੀਰ ਦੀ ਊਰਜਾ ਵਿੱਚ ਤਬਦੀਲੀਆਂ ਨਾਲ ਗ਼ਹਿਰਾ ਸਬੰਧ ਹੈ। ਇਸੇ ਕਰ ਕੇ ਅਭਿਆਸ ਜਾਂ ਇਬਾਦਤ ਲਈ ਵੱਖ ਵੱਖ ਸਮੇਂ ਨਿਰਧਾਰਤ ਕੀਤੇ ਗਏ ਹਨ। ਇਸਲਾਮ ਵਿੱਚ ਨਮਾਜ਼ ਦੇ ਜੋ ਪੰਜ ਵਕਤ ਹਨ, ਉਹ ਵੀ ਇਸੇ ਸਿਧਾਂਤ ਤੇ ਅਧਾਰਤ ਹਨ। ਅਜ ਦੇ ਸਮਾਜ ਵਿੱਚ ਅਸੀਂ ਜ਼ਿੰਦਗੀ ਕੁੱਝ ਇਸ ਤਰਾਂ ਦੀ ਬਣਾ ਲਈ ਹੈ ਕਿ ਇਨ੍ਹਾਂ ਸਾਰੇ ਨਿਯਮਾਂ ਦਾ ਪਾਲਣ ਕਰਨਾ ਸੰਭਵ ਨਹੀਂ ਰਿਹਾ। ਇਸ ਕਰ ਕੇ ਅੱਜ ਅਸੀਂ ਜਿੰਨਾ ਕੁ ਵੀ ਕਰ ਸਕਦੇ ਹਾਂ, ਉੰਨਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਦਿਨ ਦੇ ਇਹ ਵੱਖ ਵੱਖ ਸਮੇਂ ਸੂਰਜ ਅਤੇ ਚੰਦ ਦੀ ਗਤੀ ਨਾਲ ਜੁੜੇ ਹਨ। ਇਨ੍ਹਾਂ ਸਮਿਆਂ ਦੌਰਾਨ ਸ਼ਰੀਰ ਅਤੇ ਆਲੇ ਦੁਆਲੇ ਦੀ ਊਰਜਾ ਦੇ ਰਿਦਮ ਵਿੱਚ ਕੁੱਝ ਤਬਦੀਲੀਆਂ ਹੁੰਦੀਆਂ ਹਨ। ਹਿੰਦੂ ਸਭਿਅਤਾ ਵਿੱਚ ਸਵੇਰੇ ਸੂਰਜ ਚੜ੍ਹਨ ਤੋਂ ਡੇਢ ਕੁ ਘੰਟਾ ਪਹਿਲਾਂ ਦਾ ਜੋ ਸਮਾਂ ਹੈ, ਉਸ ਨੂੰ ਬ੍ਰਹਮ ਮਹੂਰਤ ਕਿਹਾ ਜਾਂਦਾ ਹੈ। ਇਸਲਾਮ ਵਿੱਚ ਫ਼ਜ਼ਰ ਦੀ ਨਮਾਜ਼ ਦਾ ਵੀ ਸਮਾਂ ਲਗਭਗ ਇਹੀ ਹੁੰਦਾ ਹੈ। ਸਿੱਖਾਂ ਵਿੱਚ ਇਹ ਸਵੇਰ ਦੇ ਨਿੱਤਨੇਮ ਦਾ ਸਮਾਂ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਅਰਧ ਚੇਤਨ ਮਨ ਬਹੁਤ ਐਕਟਿਵ ਹੁੰਦਾ ਹੈ ਅਤੇ ਜੇ ਇਸ ਵਕਤ ਇਨਸਾਨ ਸੁੱਤਾ ਹੋਵੇ ਤਾਂ ਉਸ ਨੂੰ ਆਮ ਕਰ ਕੇ ਸੁਪਨੇ ਆ ਰਹੇ ਹੁੰਦੇ ਹਨ। ਰੂਹਾਨੀ ਅਭਿਆਸ ਦੇ ਨੁਕਤੇ ਤੋਂ ਇਸ ਨੂੰ ਬਹੁਤ ਯੋਗ ਸਮਾ ਸਮਝਿਆ ਜਾਂਦਾ ਹੈ। ਸ਼ਾਮ ਨੂੰ ਸੂਰਜ ਢਲਣ ਵੇਲੇ ਦਾ ਸਮਾਂ ਸੰਧਿਆ ਕਾਲ ਕਿਹਾ ਜਾਂਦਾ ਹੈ। ਇਸਲਾਮ ਵਿੱਚ ਇਸ ਵਕਤ ਮਗ਼ਰਬ ਦੀ ਨਮਾਜ਼ ਹੁੰਦੀ ਹੈ। ਸਿੱਖਾਂ ਵਿੱਚ ਇਹ ਰਹਿਰਾਸ ਦਾ ਸਮਾਂ ਹੁੰਦਾ ਹੈ। ਯੋਗ ਮੁਤਾਬਕ ਇਸ ਸਮੇਂ ਸਰੀਰ ਦੀਆਂ ਇੜਾ ਅਤੇ ਪਿੰਗਲਾ ਨਾੜੀਆਂ ਸੁਖਮਨਾ ਨਾੜੀ ਨਾਲ ਆਗਿਆ ਚੱਕਰ ਵਿੱਚ ਜਾ ਕੇ ਮਿਲਦੀਆਂ ਹਨ। ਇਸ ਸਮੇਂ ਦੌਰਾਨ ਅਭਿਆਸ ਦਾ ਇੱਕ ਆਪਣਾ ਖ਼ਾਸ ਮਹੱਤਵ ਹੈ। ਦੁਪਹਿਰ ਵੇਲੇ ਅਤੇ ਫ਼ੇਰ ਅੱਧੀ ਰਾਤ ਵੇਲੇ ਵੀ ਅੰਦਰੂਨੀ ਅਤੇ ਬਾਹਰੀ ਊਰਜਾ ਕੁੱਝ ਖ਼ਾਸ ਤਰ੍ਹਾਂ ਦੀਆਂ ਤਬਦੀਲੀਆਂ ਵਿੱਚੋਂ ਗ਼ੁਜ਼ਰਦੀ ਹੈ। ਸਾਧਨਾ, ਯੋਗ ਅਭਿਆਸ ਅਤੇ ਇਬਾਦਤ ਦੀਆਂ ਗਹਿਰੀਆਂ ਵਿਧੀਆਂ ਵਿੱਚ ਇਨ੍ਹਾਂ ਸਾਰੇ ਵਕਤਾਂ ਦਾ ਧਿਆਨ ਰੱਖਿਆ ਗਿਆ ਹੈ। ਪਰ ਅੱਜਕਲ੍ਹ ਦੀ ਜ਼ਿੰਦਗੀ ਵਿੱਚ ਲੋਕਾਂ ਲਈ ਇਨ੍ਹਾਂ ਦਾ ਪਾਲਣ ਕਰਨਾ ਸੰਭਵ ਨਹੀਂ ਰਿਹਾ। ਇਸ ਕਰ ਕੇ ਅੱਜਕਲ੍ਹ ਕਿਹਾ ਜਾਂਦਾ ਹੈ ਕਿ ਜੇ ਕੋਈ ਸਾਧਕ ਸਵੇਰ ਅਤੇ ਸ਼ਾਮ ਦੇ ਸਮੇਂ ਦਾ ਹੀ ਸਹੀ ਇਸਤੇਮਾਲ ਕਰ ਲਵੇ ਤਾਂ ਉਹ ਵੀ ਬਹੁਤ ਹੋਵੇਗਾ। ਸਾਧਨਾ ਦੇ ਨੁਕਤੇ ਤੋਂ ਅੱਧੀ ਰਾਤ ਦਾ ਸਮਾਂ ਵੀ ਬਹੁਤ ਅਹਿਮ ਹੈ ਪਰ ਇਹ ਐਡਵਾਂਸ ਪੱਧਰ 'ਤੇ ਸਾਧਕਾਂ ਵਾਸਤੇ ਹੈ। ਯੋਗ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਕਤ ਪ੍ਰਾਣਾਯਾਮ ਉਨਾਂ ਲੋਕਾਂ ਨੂੰ ਹੀ ਕਰਨਾ ਚਾਹੀਦਾ ਹੈ, ਜਿਹੜੇ ਕਿਸੇ ਕਾਮਲ ਗੁਰੂ ਦੀ ਅਗਵਾਈ ਹੇਠ ਅਭਿਆਸ ਕਰ ਰਹੇ ਹੋਣ। ਇਸੇ ਤਰਾਂ ਇਸਲਾਮ ਵਿੱਚ ਇਸ ਵਕਤ ਤਹੱਜੁਦ ਦੀ ਨਮਾਜ਼ ਹੁੰਦੀ ਹੈ, ਜਿਹੜੀਆਂ ਲਾਜ਼ਮੀ ਪੰਜ ਨਮਾਜ਼ਾਂ ਤੋਂ ਵੱਖਰੀ ਹੈ। ਇਹ ਨਮਾਜ਼ ਅਡਵਾਂਸ ਲੈਵਲ ਦੇ ਸਾਧਕ ਹੀ ਕਰਦੇ ਹਨ। ਸਾਰੀ ਗੱਲਬਾਤ ਦਾ ਅਰਥ ਹੈ ਕਿ ਯੋਗ ਸਮੇਤ ਪੁਰਾਣੀਆਂ ਪਰੰਪਰਾਵਾਂ ਵਿੱਚ ਜੋ ਵੀ ਵਿਧੀਆਂ ਬਣਾਈਆਂ ਗਈਆਂ ਹਨ, ਉਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੂਖਮ ਅਤੇ ਗਹਿਰੀਆਂ ਗੱਲਾਂ ਹਨ, ਜਿਨ੍ਹਾਂ ਬਾਰੇ ਅਸੀਂ ਅੱਜ ਦੀ ਸਭਿਅਤਾ ਵਿੱਚ ਜਾਗਰੁਕ ਨਹੀਂ ਹਾਂ।
ਨਾੜੀ ਸ਼ੋਧਨ ਪ੍ਰਾਣਾਯਾਮ ਦੀ ਵਿਧੀ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਇੱਕ ਬਹੁਤ ਖ਼ਾਸ ਮਹੱਤਵ ਹੈ। ਜੇ ਕੋਈ ਇਨਸਾਨ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲਵੇ ਅਤੇ ਫ਼ੇਰ ਦੱਸੀ ਗਈ ਵਿਧੀ ਮੁਤਾਬਕ ਅਤੇ ਨੇਮ ਨਾਲ ਇਨ੍ਹਾਂ ਦਾ ਅਭਿਆਸ ਕਰੇ ਤਾਂ ਉਸ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਪਰਿਵਰਤਨ ਆ ਸਕਦੇ ਹਨ। ਪਰ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਲੋਕ ਕਿਸੇ ਚੀਜ਼ ਬਾਰੇ ਮੋਟਾ ਮੋਟਾ ਜਿਹਾ ਜਾਣ ਲੈਂਦੇ ਹਨ ਅਤੇ ਫ਼ੇਰ ਉਸ 'ਤੇ ਨਾ ਚੰਗੀ ਤਰਾਂ ਅਮਲ ਕਰਦੇ ਹਨ ਅਤੇ ਨਾ ਉਨਾਂ ਦੇ ਅਭਿਆਸ ਵਿੱਚ ਨਿਰੰਤਰਤਾ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।
ਫੋਨ: 905-595-0658