
ਕੁਲਜੀਤ ਕੌਰ
''ਜਦੋਂ ਨਾੜੀਆਂ ਸ਼ੁਧ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਅਸਰ ਬਾਹਰ ਵੀ ਦਿਖਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸ਼ਰੀਰ ਪਤਲਾ ਹੋ ਜਾਵੇ ਅਤੇ ਚਿਹਰੇ 'ਤੇ ਨਿਖ਼ਾਰ ਆ ਜਾਵੇ ਤਾਂ ਕਾਮਯਾਬੀ ਨਿਸ਼ਚਿਤ ਹੈ।"
''ਜਦੋਂ ਕੋਈ ਵਾਯੂ ਨੂੰ ਆਪਣੀ ਮਰਜ਼ੀ ਮੁਤਾਬਕ ਕੰਟਰੋਲ ਕਰਨ ਦੇ ਕਾਬਲ ਹੋਵੇ ਤਾਂ ਪਾਚਨ ਸ਼ਕਤੀ ਵੱਧ ਜਾਂਦੀ ਹੈ। ਨਾੜੀਆਂ ਦੇ ਸ਼ੁਧ ਹੋਣ ਨਾਲ ਆਂਤਰਿਕ ਧੁਨ ਜਾਂ ਨਾਦ ਜਾਗ ਪੈਂਦੀ ਹੈ ਅਤੇ ਇਨਸਾਨ ਬਿਮਾਰੀ ਤੋਂ ਮੁਕਤ ਹੋ ਜਾਂਦਾ ਹੈ।" (ਸ਼ਲੋਕ 19-20, ਅਧਿਆਇ 2, ਹਠ ਯੋਗ ਪ੍ਰਦੀਪਿਕਾ)
ਸੂਖਮ ਊਰਜਾ ਨਾੜੀਆਂ ਦੇ ਸ਼ੁੱਧ ਜਾਂ ਸਾਫ਼ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਪੂਰੇ ਸ਼ਰੀਰ ਅੰਦਰ ਸ਼ਕਤੀ ਜਾਂ ਪ੍ਰਾਣਕ ਊਰਜਾ ਨਿਰਵਿਘਨ ਘੁੰਮ ਸਕਦੀ ਹੈ। ਜਿਵੇਂ ਬਿਜਲੀ ਦੇ ਆਉਣ ਨਾਲ ਬਲਬ ਜਗ ਪੈਂਦਾ ਹੈ, ਉਵੇਂ ਹੀ ਜਦੋਂ ਸ਼ਰੀਰ ਅੰਦਰ ਪ੍ਰਾਣਕ ਊਰਜਾ ਦੇ ਨੈਗੇਟਿਵ ਪਾਜ਼ਿਟਿਵ ਕਰੰਟ ਨਿਰਵਿਘਨ ਚੱਲਣਾ ਸ਼ੁਰੁ ਹੋ ਜਾਂਦੇ ਹਨ ਤਾਂ ਇਸ ਨਾਲ ਸਰੀਰ ਵਿੱਚ ਚਮਕ ਆਉਣ ਲੱਗਦੀ ਹੈ। ਇਸ ਸ਼ਕਤੀ ਦਾ ਵਹਾਅ ਜਿੰਨਾ ਜ਼ਿਆਦਾ ਹੋਵੇਗਾ, ਚਮਕ ਵੀ ਓਨੀ ਹੀ ਜ਼ਿਆਦਾ ਹੋਵੇਗੀ। ਜਦੋਂ ਕੋਈ ਹਠ ਯੋਗ ਦਾ ਅਭਿਆਸ ਕਰਦਾ ਹੈ ਤਾਂ ਉਸ ਦੇ ਸਰੀਰ ਜਾਂ ਉਸ ਦੀ ਦਿਖ ਵਿੱਚ ਵੀ ਉਸ ਦੇ ਪ੍ਰਤੱਖ ਲੱਛਣ ਦੇਖੇ ਜਾ ਸਕਦੇ ਹਨ। ਭੁੱਖ ਅਤੇ ਪਿਆਸ 'ਤੇ ਵੀ ਅਸਰ ਪਏਗਾ। ਨਿਕਾਸ ਪ੍ਰਣਾਲੀ 'ਤੇ ਅਸਰ ਪਏਗਾ। ਪਸੀਨੇ ਦੀ ਕੁਆਲਿਟੀ ਬਦਲੇਗੀ ਤੇ ਉਸ ਚੋਂ ਬਦਬੂ ਨਹੀਂ
ਆਏਗੀ। ਫ਼ੈਟ ਦੇ ਕੰਟਰੋਲ ਕਾਰਨ ਸ਼ਰੀਰ ਦੇ ਢਾਂਚੇ 'ਤੇ ਵੀ ਅਸਰ ਪਏਗਾ। ਅਵਾਜ਼ ਬਦਲੇਗੀ। ਸੋਚਾਂ ਅਤੇ ਧਿਆਨ 'ਤੇ ਵੀ ਅਸਰ ਪੈਂਦਾ ਹੈ। ਇਸੇ ਤਰਾਂ ਨੀਂਦ ਦੀ ਕੁਆਲਿਟੀ 'ਤੇ ਪ੍ਰਭਾਵ ਪਏਗਾ। ਯੋਗ ਦੀਆਂ ਹੋਰ ਵੀ ਕਿਸਮਾਂ ਹਨ, ਜਿਵੇਂ ਭਗਤੀ ਯੋਗ, ਕਰਮ ਯੋਗ ਅਤੇ ਗਿਆਨ ਯੋਗ, ਪਰ ਉਨਾਂ ਦੇ ਅਸਰ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਹਠ ਯੋਗ ਅਤੇ ਦੂਸਰੀਆਂ ਸਾਧਨਾਵਾਂ ਦੇ ਅਸਰ ਵਿੱਚ ਫ਼ਰਕ ਸਪਸ਼ਟ ਦੇਖਿਆ ਜਾ ਸਕਦਾ ਹੈ।
ਸਵਾਮੀ ਮੁਕਤੀਬੋਧਨੰਦਾ ਸਰਸਵਤੀ ਕਹਿੰਦੇ ਹਨ ਕਿ ਹਠ ਯੋਗ ਕਰਨ ਨਾਲ ਜਦੋਂ ਸ਼ਰੀਰ ਪਤਲਾ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਡੀਆਂ ਦਾ ਪਿੰਜਰ ਰਹਿ ਗਏ ਹੋ। ਉਸ ਦਾ ਮਤਲਬ ਹੁੰਦਾ ਹੈ ਕਿ ਸ਼ਰੀਰ ਹਲਕਾ ਅਤੇ ਵਾਧੂ ਦੀ ਫੈਟ ਤੋਂ ਮੁਕਤ ਹੋ ਗਿਆ ਹੈ। ਅਜਿਹਾ ਸ਼ਰੀਰ ਹਲਕਾ ਪਰ ਸਥਿਰ ਸ਼ਰੀਰ ਹੁੰਦਾ ਹੈ। ਅੱਜਕੱਲ੍ਹ ਪੱਛਮ ਵਿੱਚ ਲੋਕਾਂ ਨੇ ਅਜਿਹੀਆਂ ਫ਼ਜ਼:ੂਲ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਇੱਕ ਨੌਰਮਲ ਸ਼ਰੀਰ ਦੀ ਪਰਿਭਾਸ਼ਾ ਹੀ ਬਦਲ ਗਈ ਹੈ। ਮੋਟਾਪਾ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ। ਪੁਰਾਣੇ ਸਮਾਜ ਵਿੱਚ ਅਜਿਹਾ ਮੋਟਾਪਾ ਨਹੀਂ ਸੀ ਹੁੰਦਾ। ਜਿਹੜੇ ਲੋਕ ਸ਼ੁਰੂ ਤੋਂ ਅਤੇ ਨਿਰੰਤਰ ਯੋਗ ਅਭਿਆਸ ਕਰਨਗੇ, ਉਨਾਂ ਦੇ ਸ਼ਰੀਰ ਸਪਸ਼ਟ ਤੌਰ 'ਤੇ ਅੱਜਕੱਲ੍ਹ ਦੇ ਮੋਟਾਪੇ ਦੇ ਦੌਰ ਵਿੱਚ ਹਲਕੇ ਅਤੇ ਚੁਸਤ ਦਰੁਸਤ ਹੋਣਗੇ। ਉਪਰੋਕਤ ਸ਼ਲੋਕ ਵਿੱਚ ਭੁੱਖ ਵਧਣ ਦੀ ਗੱਲ ਕੀਤੀ ਗਈ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਨਸਾਨ ਖਾਣਾ ਬਹੁਤ ਜ਼ਿਆਦਾ ਖਾਣ ਲੱਗ ਜਾਵੇਗਾ ਬਲਕਿ ਇਸ ਦਾ ਮਤਲਬ ਹੈ ਕਿ ਪਾਚਨ ਸ਼ਕਤੀ ਤੇਜ਼ ਹੋ ਜਾਵੇਗੀ। ਅਸਲ ਵਿੱਚ ਤਾਂ ਜਦੋਂ ਪ੍ਰਾਣਕ ਊਰਜਾ ਜਾਗ ਪੈਂਦੀ ਹੈ ਤਾਂ ਖਾਣਾ ਖਾਣ ਦੀ ਤਲਬ ਘਟ ਜਾਂਦੀ ਹੈ ਕਿਉਂਕਿ ਉਸ ਵੇਲੇ ਸ਼ਰੀਰ ਬ੍ਰਹਿਮੰਡ ਤੋਂ ਸਿੱਧੇ ਰੂਪ ਵਿੱਚ ਪ੍ਰਾਣ ਊਰਜਾ ਪ੍ਰਾਪਤ ਕਰਨੀ ਸ਼ੁਰੂ ਕਰ ਦਿੰਦਾ ਹੈ।
ਜਦੋਂ ਕੋਈ ਸਾਧਕ ਇਸ ਰਸਤੇ 'ਤੇ ਹੋਰ ਅੱਗੇ ਵਧਦਾ ਹੈ ਤਾਂ ਉਸ ਦਾ ਪ੍ਰਾਣਕ ਊਰਜਾ ਦੇ ਵਹਾਅ 'ਤੇ ਕੰਟਰੋਲ ਮਜ਼ਬੂਤ ਹੋ ਜਾਂਦਾ ਹੈ। ਇਸ ਨਾਲ ਕੁੰਡਲਨੀ ਸ਼ਕਤੀ ਜਾਗ ਪੈਂਦੀ ਹੈ ਅਤੇ ਕਈ ਤਰ੍ਹਾਂ ਦੇ ਮਨੋਵਿਗਿਆਨ ਅਨੁਭਵ ਹੁੰਦੇ ਹਨ। ਜਦੋਂ ਹਰ ਚੱਕਰ ਵਿੱਚ ਸ਼:ਕਤੀ ਦਾ ਵਹਾਅ ਵਧ ਜਾਂਦਾ ਹੈ ਤਾਂ ਇਨਸਾਨ ਅੰਦਰ ਆਮ ਨਾਲੋਂ ਜ਼ਿਆਦਾ ਮਾਨਸਿਕ ਸ਼ਕਤੀਆਂ ਵਿਕਸਤ ਹੁੰਦੀਆਂ ਹਨ ਤੇ ਉਸ ਦੀ ਚੇਤਨਾ ਉਚੇ ਮੰਡਲਾਂ ਵਿੱਚ ਵਿਚਰਨ ਲੱਗਦੀ ਹੈ।
ਇਸੇ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਾਹ ਪ੍ਰਣਾਲੀ, ਪਾਚਨ ਪ੍ਰਣਾਲੀ ਆਦਿ ਸਾਰੇ ਸਿਸਟਮ ਪ੍ਰਾਣ ਊਰਜਾਵਾਂ ਦੇ ਆਪਸੀ ਅਦਾਨ ਪ੍ਰਦਾਨ ਦਾ ਸਿੱਟਾ ਹਨ। ਜੇ ਸ਼ਰੀਰ ਦੇ ਉਪਰਲੇ ਹਿੱਸੇ ਵਿੱਚ ਗਲੇ ਦੇ ਨੇੜੇ ਪ੍ਰਾਣ ਵਾਯੂ ਸੰਤੁਲਤ ਨਹੀਂ ਹੈ ਤਾਂ ਉਸ ਨਾਲ ਕਈ ਤਰ੍ਹਾਂ ਦੇ ਜਿਸਮਾਨੀ ਲੱਛਣ ਪ੍ਰਗਟ ਹੋਣਗੇ, ਜਿਵੇਂ ਹਿਚਕੀਆਂ, ਖੰਘ, ਸਿਰਦਰਦ ਅਤੇ ਅੱਖਾਂ ਜਾਂ ਕੰਨਾਂ ਦਾ ਦਰਦ। ਜੇ ਅਪਾਨ ਅਤੇ ਪ੍ਰਾਣ ਵਾਯੂ ਵਿੱਚ ਅਸੰਸੁਲਨ ਠੀਕ ਨਾ ਕੀਤਾ ਜਾਵੇ ਤਾਂ ਕਈ ਗੁੰਝਲਦਾਰ ਬਿਮਾਰੀਆਂ ਪ੍ਰਗਟ ਹੁੰਦੀਆਂ ਹਨ, ਜਿਨ੍ਹਾਂ ਵਿੱਚ ਮਾਈਗਰੇਨ, ਬਦਹਜ਼ਮੀ ਅਤੇ ਐਸੀਡਿਟੀ, ਐਜ਼ਮਾ ਅਤੇ ਕੰਨਾਂ, ਨੱਕ ਅਤੇ ਗਲੇ ਦੀ ਇਨਫੈਕਸ਼ਨ। ਇਹ ਬਿਮਾਰੀਆਂ ਐਨੀਆਂ ਵਧ ਸਕਦੀਆਂ ਹਨ ਕਿ ਕਿਸੇ ਤਰ੍ਹਾਂ ਦੇ ਡਾਕਟਰੀ ਇਲਾਜ ਨਾਲ ਵੀ ਠੀਕ ਨਾ ਹੋਣ। ਪਰ ਜਿਹੜੇ ਲੋਕ ਪ੍ਰਾਣਾਯਾਮ ਅਤੇ ਦੂਸਰੀਆਂ ਹਠ ਯੋਗ ਵਿਧੀਆਂ ਦਾ ਅਭਿਆਸ ਕਰਦੇ ਹਨ, ਉਹ ਇਨ੍ਹਾਂ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਹਨ।
ਸ਼ਕਤੀ ਦਾ ਇੱਕ ਲੱਛਣ ਹੈ ਫ੍ਰੀਕੁਐਂਸੀ। ਜਦੋਂ ਸ਼ਰੀਰ ਵਿੱਚ ਪ੍ਰਾਣ ਸ਼ਕਤੀ ਵਧਦੀ ਹੈ ਅਤੇ ਨਿਰਵਿਘਨ ਚੱਲਣ ਲੱਗਦੀ ਹੈ ਤਾਂ ਚੇਤਨਾ ਉਸ ਦੀ ਫ੍ਰੀਕੁਐਂਸੀ ਨਾਲ ਜੁੜ ਜਾਂਦੀ ਹੈ। ਉਸ ਵਕਤ ਇੱਕ ਧੁਨ ਸੁਣਨ ਲੱਗਦੀ ਹੈ। ਇਸ ਧੁਨ ਨੂੰ ਹੀ ਨਾਦ ਕਿਹਾ ਗਿਆ ਹੈ। ਇਹ ਸਮਰੱਥਾ ਉਦੋਂ ਪੈਦਾ ਹੁੰਦੀ ਹੈ ਜਦੋਂ ਮਨ ਪੂਰੀ ਤਾਂ ਧਿਆਨ ਵਿੱਚ ਜੁੜ ਜਾਂਦਾ ਹੈ।
ਇਹ ਸਾਰਾ ਕੁੱਝ ਜੋ ਅੰਦਰ ਵਾਪਰ ਰਿਹਾ ਹੁੰਦਾ ਹੈ, ਉਸ ਦਾ ਅਸਰ ਬਾਹਰ ਵੀ ਦਿਸਦਾ ਹੈ। ਯੋਗ ਦੇ ਨਿਰੰਤਰ ਅਭਿਆਸੀਆਂ ਦੇ ਚਿਹਰੇ ਵੱਖਰੇ ਹੁੰਦੇ ਹਨ। ਉਨਾਂ ਦੇ ਚਿਹਰਿਆਂ 'ਤੇ ਕਦੁਰਤੀ ਚਮਕ ਅਤੇ ਸਕੂਨ ਹੁੰਦਾ ਹੈ। ਉਨਾਂ ਦੀ ਚਮੜੀ ਵਿੱਚ ਕੁਦਰਤੀ ਚਮਕ ਹੁੰਦੀ ਹੈ। ਅਜਿਹੇ ਲੋਕ ਚਿਹਰੇ ਅਤੇ ਸਰੀਰ ਤੋਂ ਹੀ ਪਛਾਣੇ ਜਾ ਸਕਦੇ ਹਨ।
ਫੋਨ: 905-595-0658