ਸੰਪਾਦਕੀ ਲੇਖ

Thursday, 13 June 2013 08:23
Print PDF

ਬਿਲਕੁਲ ਠੀਕ, ਤੁਸੀਂ ਮਨ ਦੇ ਸਮੁੰਦਰ ਵਿੱਚ ਤਰਦਾ ਹੋਇਆ ਗਿਆਨ ਦਾ ਇੱਕ ਚਮਕਦਾਰ ਟੁਕੜਾ ਹੋ। ਤੁਸੀਂ ਮਨ ਨੂੰ ਉਸ ਤੋਂ ਵੱਧ ਨਿਯੰਤ੍ਰਣ ਵਿੱਚ ਨਹੀਂ ਰੱਖ ਸਕਦੇ ਜਿੰਨਾ ਇੱਕ ਕਿਸ਼ਤੀ ਇੱਕ ਸਾਗਰ ਨੂੰ ਨਿਯੰਤ੍ਰਿਤ ਕਰ ਸਕਦੀ ਹੈ। ਇਸ ਉਪਮਾ ਨੂੰ ਆਪਣੇ ਦਿਲ ਦੇ ਨਜ਼ਦੀਕ ਰੱਖਿਓ ਕਿਉਂਕਿ ਮੈਂ ਇਸ ਨੂੰ ਆਪਣੇ ਅਤਿਵਾਦੀ ਵਿਚਾਰਾਂ ਦੇ ਤੂਫ਼ਾਨ ਨਾਲ ਹਿਲਾਉਣ ਵਾਲਾ ਹਾਂ। ਕਿਸ਼ਤੀ ਤੇ ਸਾਗਰ ਦੀ ਉਪਮਾ ਕੇਵਲ ਸ਼ਾਂਤੀ ਅਤੇ ਸਪਸ਼ਟਤਾ ਦੇ ਕੁੱਝ ਖ਼ਾਸ ਖ਼ਾਸ ਮੌਕਿਆਂ 'ਤੇ ਹੀ ਢੱਕਵੀਂ ਸਾਬਿਤ ਹੁੰਦੀ ਹੈ। ਬਾਕੀ ਸਾਰਾ ਵਕਤ ਇਹ ਸੱਚੀ ਨਹੀਂ ਹੁੰਦੀ। ਇਸ ਦਾ ਕਾਰਨ ਹੈ ਕਿ ਤੁਹਾਡੀ ਤਥਾਕਥਿਤ ਕਿਸ਼ਤੀ ਸਮੁੰਦਰ ਵਿੱਚ ਡੁੱਬ ਚੁੱਕੀ ਹੈ, ਅਤੇ ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਕਿ ਤੁਸੀਂ ਕੌਣ ਹੋ। ਤੁਸੀਂ ਤੇ ਤੁਹਾਡਾ ਮਨ ਆਪਣੇ ਵਕਤ ਦਾ ਨੜਿੰਨਵੇਂ ਪ੍ਰਤੀਸ਼ਤ ਹਿੱਸਾ ਇੱਕ ਸੰਯੁਕਤ ਇਕਾਈ ਵਜੋਂ ਬਿਤਾਉਂਦੇ ਹਨ। ਇਸ ਪਿੱਛੇ ਨਿਰਭਰਤਾ ਦਾ ਇੱਕ ਲੰਬਾ ਇਤਿਹਾਸ ਹੈ।
ਤੁਸੀਂ ਆਪਣੇ ਹੱਕ ਵਿੱਚ ਚੀਜ਼ਾਂ ਭੁਗਤਾਉਣ ਵਾਸਤੇ ਮਨ ਦਾ ਇਸਤੇਮਾਲ ਕਰਦੇ ਹੋ। ਤੁਹਾਡਾ ਆਪਣੇ ਅੰਦਰਲੀ ਉਸ ਪਰਮ ਆਤਮਾ ਨਾਲ ਕੋਈ ਬਹਤਾ ਵਾਹ-ਵਾਸਤਾ ਨਹੀਂ ਰਿਹਾ ਜਿਹੜੀ ਬਹੁਤ ਮਹਾਨ ਹੈ - ਤੁਹਾਡੇ ਮਨ ਤੋਂ ਕਿਤੇ ਵੱਧ ਮਹਾਨ। ਤੁਹਾਡਾ ਮਨ ਇਸ ਸੰਸਾਰ ਨਾਲ ਨਜਿੱਠਣ ਦਾ ਇਕਲੌਤਾ ਅਜਿਹਾ ਰਸਤਾ ਹੈ ਜਿਸ ਨੂੰ ਤੁਸੀਂ ਹਰ ਰੋਜ਼ ਆਪਣੀ ਇੱਛਾ ਸੂਚੀ ਨਾਲ ਭਰ ਲੈਂਦੇ ਹੋ।
ਸਾਲ ਦਰ ਸਾਲ, ਤੁਸੀਂ ਅਤੇ ਤੁਹਾਡਾ ਮਨ ਇੱਕ ਦੂਸਰੇ ਵਿੱਚ ਇਸ ਹੱਦ ਤਕ ਫਸੇ ਹੋਏ ਰਹਿੰਦੇ ਹਨ ਕਿ ਤੁਸੀਂ ਉਸ ਬਿਨਾਂ ਆਪਣੀ ਕੋਈ ਹੋਂਦ ਦੇਖ ਹੀ ਨਹੀਂ ਸਕਦੇ। ਤੁਸੀਂ ਉਸ 'ਤੇ ਨਿਰਭਰ ਹੋ। ਨਿਰਭਰਤਾ 'ਤੇ ਆਧਾਰਿਤ ਸਾਰੇ ਇੱਕ ਪਾਸੜ ਰਿਸ਼ਤਿਆਂ ਵਾਂਗ, ਤੁਸੀਂ ਆਪਣੇ ਮਨ ਦੀਆਂ ਸਾਰੀਆਂ ਕਲਪਨਾਵਾਂ ਅਤੇ ਸਨਕਾਂ ਸਨਮੁੱਖ ਨਤਮਸਤਕ ਹੋ ਜਾਂਦੇ ਹੋ। ਇੰਝ ਜਿਵੇਂ ਇਹ ਤੁਹਾਡਾ ਕੋਈ ਲੱਖਪਤੀ ਦੋਸਤ ਹੋਵੇ ਜਿਹੜਾ ਤੁਹਾਨੂੰ ਜੀਵਨ ਦੀ ਹਰ ਉਹ ਨੇਅਮਤ ਮਹੱਈਆ ਕਰਾਉਂਦਾ ਹੋਵੇ ਜਿਸ ਦੀ ਤੁਹਾਨੂੰ ਲੋੜ ਹੈ। ਇੱਕ ਅਜਿਹਾ ਦੋਸਤ ਜਿਸ ਦੀ ਤੁਹਾਨੂੰ ਜ਼ਰੂਰਤ ਹੈ ਜਾਂ ਜਿਸ ਦੀ ਮੌਜੂਦਗੀ ਦੀ ਤੁਸੀਂ ਮੰਗ ਕਰਦੇ ਹੋਵੋ। ਤੇ ਬਦਲੇ ਵਿੱਚ ਜਦੋਂ ਉਹ ਤੁਹਾਡੇ ਪਾਸੋਂ ਕੋਈ ਦੁਰਆਚਾਰ ਕਰਾਉਂਦਾ ਹੈ ਤਾਂ ਤੁਸੀਂ ਨਾਂਹ ਨਹੀਂ ਕਰ ਸਕਦੇ।
ਸੋ ਜਦੋਂ ਤੁਹਾਡਾ ਮਨ ਤੁਹਾਡੇ ਅੰਦਰ ਪੁਰਾਣੇ ਡਰ ਤੇ ਸ਼ੰਕੇ ਜਗਾਉਂਦਾ ਹੈ ਤਾਂ ਤੁਸੀਂ ਉਨ੍ਹਾਂ ਨੂੰ 'ਚਲੋ, ਦਫ਼ਾ ਹੋ ਜਾਓ' ਨਹੀਂ ਕਹਿ ਸਕਦੇ। ਤੁਸੀਂ ਆਪਣੇ ਮਨ ਸਾਹਮਣੇ ਇੱਕ ਮਾਤਹਤ ਰੁਤਬਾ ਕਬੂਲ ਕਰ ਲਿਆ ਹੈ, ਅਤੇ ਤੁਹਾਡੇ ਕੋਲ ਉਸ ਦੇ ਹੁਕਮਾਂ ਦੀ ਪਾਲਣਾ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ। ਇੱਕ ਦਿਨ ਵਿੱਚ ਸੈਂਕੜਿਆਂ ਵਾਰ ਤੁਹਾਡਾ ਮਨ ਤੁਹਾਡੇ 'ਤੇ ਆਪਣੀ ਗੁਪਤ ਮੱਕਾਰੀ ਵਰਤਦਾ ਹੈ ਅਤੇ ਤੁਸੀਂ ਉਸ ਸਾਹਮਣੇ ਇੱਕ ਗ਼ੁਲਾਮ ਵਾਂਗ ਸਿਰ ਝੁਕਾਈ ਖੜ੍ਹੇ ਰਹਿੰਦੇ ਹੋ।
ਤੁਸੀਂ ਆਪਣੇ ਡਰਾਂ ਤੇ ਸ਼ੰਕਿਆਂ ਦਾ ਨਿਵਾਰਣ ਇਸ ਲਈ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਅੰਦਾਜ਼ਾ ਹੀ ਨਹੀਂ ਕਿ ਉਹ ਕੀ ਹਨ, ਉਹ ਕਿੱਥੇ ਛੁਪੇ ਹੋਏ ਹਨ, ਕੌਣ ਤੁਹਾਨੂੰ ਉਨ੍ਹਾਂ ਨੂੰ ਮਹਿਸੂਸ ਕਰਨ 'ਤੇ ਮਜਬੂਰ ਕਰ ਰਿਹਾ ਹੈ ਅਤੇ ਕਿਉਂ। ਤੁਸੀਂ ਆਪਣੀ ਸਭ ਤੋਂ ਕੀਮਤੀ ਆਜ਼ਾਦੀ ਤਿਆਗ ਦਿੱਤੀ ਹੈ - ਆਪਣੇ ਮਨ 'ਤੇ ਆਪਣੀ ਖ਼ੁਦਮੁਖ਼ਤਿਆਰੀ। ਹੁਣ ਤੁਹਾਡੇ ਪਾਸ ਇਸ ਦੀ ਬੌਸੀ ਝੱਲਣ ਤੋਂ ਇਲਾਵਾ ਹੋਰ ਕੋਈ ਚੋਣ ਨਹੀਂ।
ਕਲਪਨਾ ਕਰੋ, ਅੱਜ ਤੋਂ 20 ਵਰ੍ਹੇ ਪਹਿਲਾਂ ਜਦੋਂ ਹਾਲੇ ਤੁਸੀਂ ਆਪਣਾ ਬਚਪਨ ਹੀ ਹੰਢਾਅ ਰਹੇ ਸੀ ਤਾਂ ਤੁਹਾਡੇ ਨਾਲ ਕੁੱਝ ਬਹੁਤ ਹੀ ਤਕਲੀਫ਼ਦੇਹ ਵਾਪਰਿਆ ਸੀ। ਅੱਜ ਉਸੇ ਦਾ ਡਰ ਤੁਹਾਡੇ ਫ਼ੈਸਲਿਆਂ, ਵਿਚਾਰਾਂ ਅਤੇ ਕਰਮਾਂ ਨੂੰ ਰੰਗ ਰਿਹਾ ਹੈ। ਅੱਜ, ਉਹੀ ਡਰ ਤੁਹਾਨੂੰ ਵਕਤ ਦੇ ਪਵਿੱਤਰ, ਮੁਕੱਦਸ ਲਮਹਿਆਂ ਨੂੰ ਜਿਊਣ ਅਤੇ ਮਾਨਣ ਤੋਂ ਵਰਜ ਰਿਹਾ ਹੈ। ਅੱਜ, ਉਸ ਡਰ ਨੇ ਆਪਣੀ ਵੇਲ ਤੁਹਾਡੇ ਆਲੇ ਦੁਆਲੇ ਪੂਰੀ ਤਰ੍ਹਾਂ ਵਲ ਲਈ ਹੈ ਅਤੇ ਤੁਹਾਡੀ ਰੂਹ ਦਾ ਸੰਘ ਘੁੱਟ ਕੇ ਉਸ ਨੂੰ ਆਪਣੀ ਗ਼ਲਾਮੀ ਲਈ ਮਜਬੂਰ ਕਰ ਰਿਹਾ ਹੈ। ਅਤੇ ਤੁਹਾਨੂੰ ਉਸ ਦੀ ਹੋਂਦ ਦਾ ਵੀ ਅੰਦਾਜ਼ਾ ਨਹੀਂ ਸੀ।
ਜੋ ਮੈਂ ਉੱਪਰ ਲਿਖਿਆ ਹੈ, ਉਸ 'ਤੇ ਗ਼ੌਰ ਕਰੋ। ਉਸ ਨੂੰ ਉਸ ਵੇਲੇ ਤਕ ਪੜ੍ਹਦੇ ਰਹੋ ਜਦੋਂ ਤਕ ਉਸ ਵਿਚਲਾ ਸੱਚ ਸਪਸ਼ਟ ਰੂਪ ਵਿੱਚ ਤਹਾਡੇ ਸਾਹਮਣੇ ਨਹੀਂ ਆ ਜਾਂਦਾ। ਮੇਰਾ ਇਸ ਮਸਲੇ 'ਤੇ ਹੋਰ ਬਹੁਤਾ ਕੁੱਝ ਕਹਿਣ ਦਾ ਉਸ ਵੇਲੇ ਤਕ ਕੋਈ ਫ਼ਾਇਦਾ ਨਹੀਂ ਜਦੋਂ ਤਕ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪਚਾ ਨਹੀਂ ਲੈਂਦੇ ਜੋ ਮੈਂ ਹੁਣ ਤਕ ਤੁਹਾਨੂੰ ਕਿਹਾ ਹੈ। (ਬਾਕੀ ਅਗਲੇ ਹਫ਼ਤੇ)
ਬੌਲੀਵੁੱਡ ਦਾ ਚੰਗਾ, ਮੰਦਾ ਤੇ ਭ੍ਰਿਸ਼ਟ ਚਿਹਰਾ
ਚਲੋ ਗੰਭੀਰਤਾ ਤੋਂ ਥੋੜ੍ਹਾ ਪਰੇ ਹੱਟ ਕੇ ਕੁੱਝ ਹਲਕੀ ਫੁਲਕੀ ਗੱਲਬਾਤ ਕਰੀਏ। ਸ਼ੋਅਟਾਊਨ, ਬੌਲੀਵੁੱਡ, ਦੀਆਂ ਸ਼ਖ਼ਸੀਅਤਾਂ ਦੋ ਧਰੁਵੀਆਂ ਹਨ - ਗ਼ੁਸਤਾਖ਼ ਜਾਂ ਮਿਲਣਸਾਰ। ਅਤੇ ਮੈਂ ਇਹ ਕੋਈ ਆਪਣੇ ਨਿੱਜੀ ਤਜਰਬੇ ਦੀ ਬਿਨਾਹ 'ਤੇ ਨਹੀਂ ਕਹਿ ਰਿਹਾ ਸਗੋਂ ਉਨ੍ਹਾਂ ਕਹਾਣੀਆਂ ਦੇ ਆਧਾਰ 'ਤੇ ਲਿਖ ਰਿਹਾ ਹਾਂ ਜਿਹੜੀਆਂ ਮੈਂ ਵੱਖ ਵੱਖ ਫ਼ਿਲਮੀ ਰਸਾਲਿਆਂ ਤੋਂ ਇਕੱਤਰ ਕੀਤੀਆਂ ਹਨ। ਇਹ ਕਹਾਣੀਆਂ ਫ਼ਿਲਮੀ ਪਰਦੇ ਦੇ ਪਿੱਛੇ ਕੰਮ ਕਰਦੇ ਉਨ੍ਹਾਂ ਕਰਮਚਾਰੀਆਂ ਤੋਂ ਸੰਕਲਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਬਿਨਾ ਫ਼ਿਲਮਸਾਜ਼ੀ ਮੁਮਕਿਨ ਹੀ ਨਾ ਹੁੰਦੀ।
ਘੱਟ ਪੈਸੇ ਅਤੇ ਵਾਧੂ ਕੰਮ ਕਰਨ ਵਾਲੇ ਤਕਨੀਸ਼ਨ, ਸਹਾਇਕ ਨਿਰਦੇਸ਼ਕ, ਲਾਈਟਿੰਗ ਕਰੂ, ਸਪੌਟ ਬੌਇਜ਼ ਅਤੇ ਕੇਟਰਿੰਗ ਟੀਮ ਮੈਂਬਰ - ਸਭ ਦੇ ਸਭ - ਫ਼ਿਲਮੀ ਸਟੂਡੀਓਜ਼ ਵਿੱਚ ਆਪਣੀ ਰੋਜ਼ਾਨਾ ਦੀ ਚੱਕੀ ਪੀਹਣ ਤੋਂ ਬਾਅਦ ਆਪਣੇ ਸਿਤਾਰਿਆਂ ਤੋਂ ਚੰਦ ਮਿੱਠੇ ਬੋਲਾਂ ਦੇ ਮੁੰਤਜ਼ਿਰ ਹੁੰਦੇ ਹਨ। ਇਕੱਤਰ ਕੀਤੀ ਜਾਣਕਾਰੀ ਤੋਂ ਬਾਅਦ ਜਿਹੜੇ ਬੌਲੀਵੁੱਡ ਐਕਟਰਾਂ ਨੂੰ ਆਪਣੇ ਸਟਾਫ਼ ਪ੍ਰਤੀ ਆਪਣੇ ਰਵੱਈਏ ਲਈ ਸਾਕਾਰਾਤਮਕ ਰੀਵਿਊ ਮਿਲੇ ਹਨ ਉਨ੍ਹਾਂ ਵਿੱਚ ਸ਼ਾਮਿਲ ਹਨ:
ਸੰਜੇ ਦੱਤ: ਲੋਕਾਂ ਨੂੰ ਹੁਣੇ ਤੋਂ ਹੀ ਉਸ ਦੀ ਕਮੀ ਮਹਿਸੂਸ ਹੋਣ ਲੱਗ ਪਈ ਹੈ ਅਤੇ ਆਵਾਜ਼ ਆ ਰਹੀ ਹੈ, ''ਸੰਜੂ ਬਾਬਾ ਅਪੁਨ ਲੋਗ ਕੀ ਬਹੁਤ ਮਦਦ ਕਰਤਾ ਥਾ।" ਜਦੋਂ ਉਹ ਗਾਲ੍ਹਾਂ ਵੀ ਕੱਢਦਾ ਸੀ, ਤੇ ਕੱਢਦਾ ਵੀ ਉਹ ਖ਼ੂਬ ਸੀ, ਤਾਂ ਉਨ੍ਹਾਂ ਪਿੱਛੇ ਕਿਸੇ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਸੀ ਹੁੰਦੀ। ਉਹ ਸਵੇਰ ਦੀ ਸ਼ਿਫ਼ਟ ਲਈ ਅਕਸਰ ਦੇਰ ਨਾਲ ਪਹੁੰਚਦਾ ਸੀ, ਪਰ ਇੱਕ ਵਾਰ ਜਦੋਂ ਉਹ ਕੈਮਰੇ ਦੇ ਸਾਹਮਣੇ ਹੁੰਦਾ ਸੀ ਤਾਂ ਫ਼ਿਰ ਉਸ ਦੀ ਕੰਮ ਦੀ ਡਲਿਵਰੀ ਕਿਸੇ ਫ਼ਰਾਰੀ ਦੀ ਸਪੀਡ ਤੋਂ ਘੱਟ ਨਹੀਂ ਸੀ ਹੁੰਦੀ।
ਰਣਬੀਰ ਕਪੂਰ: ਸਭ ਨਾਲ ਬਹੁਤ ਹੀ ਲੋਕਤੰਤਰੀ ਰਵੱਈਏ ਨਾਲ ਪੇਸ਼ ਆਉਂਦਾ ਹੈ, ਜਿਉਂ ਜਿਉਂ ਉਸ ਦੀ ਮਕਬੂਲੀਅਤ ਵਿੱਚ ਇੱਜ਼ਾਫ਼ਾ ਹੋ ਰਿਹਾ ਹੈ ਉਸ ਦਾ ਦੂਸਰਿਆਂ ਪ੍ਰਤੀ ਸਲੀਕਾ ਹੋਰ ਵੀ ਸ਼ਾਲੀਨ ਹੁੰਦਾ ਜਾ ਰਿਹਾ ਹੈ। ਸਲੀਕਾ ਜੋ ਕਿ ਹਮੇਸਾਂ ਤੋਂ ਹੀ ਕਪੂਰ ਖ਼ਾਨਦਾਨ ਦਾ 'ਟ੍ਰੇਡ ਮਾਰਕ' ਰਿਹਾ ਹੈ।
ਸ਼ਾਹ ਰੁੱਖ਼ ਖ਼ਾਨ: ਬੜੇ ਹੀ ਆਰਾਮ ਨਾਲ ਆਪਣੇ ਆਲੇ ਦੁਆਲੇ ਦੋਸਤਾਨਾ ਮਾਹੌਲ ਸਿਰਜ ਲੈਂਦਾ ਹੈ। ਆਪਣੇ ਡਾਇਲੌਗ ਆਖ਼ਰੀ ਕੌਮੇ ਤਕ ਜ਼ੁਬਾਨੀ ਯਾਦ, ਸ਼ੌਟ ਤੋਂ ਪੰਜ ਮਿਨਟ ਪਹਿਲਾਂ ਇੱਕ ਇਕਾਂਤ ਨੁੱਕਰ ਵਿੱਚ ਜਾ ਕੇ ਉੱਪਰ ਥੱਲੇ - ਉੱਪਰ ਥੱਲੇ ਆਣਾ ਜਾਣਾ, ਰਿਹਰਸਲ ਵਿੱਚ ਮਗਨ। ਸੈੱਟ 'ਤੇ ਆਉਣ ਵਾਲੇ ਹਰ ਮਹਿਮਾਨ ਨੂੰ ਖ਼ੁਸ਼ਆਮਦੀਦ ਮਹਿਸੂਸ ਕਰਾਉਣਾ ਜਿਵੇਂ ਉਸ ਦਾ ਕੋਈ ਮੁਕੱਦਸ ਫ਼ਰਜ਼ ਹੋਵੇ। ਜੇਕਰ ਕਿਸੇ ਛੋਟੇ ਤਕਨੀਸ਼ਨ ਨੂੰ ਕਿਸੇ ਕਿਸਮ ਦੀ ਕੋਈ ਮਾਲੀ ਸਹਾਇਤਾ ਦਰਕਾਰ ਹੋਵੇ ਤਾਂ ਚੁੱਪ ਚੁਪੀਤੇ ਉਸ ਦੀ ਮਦਦ ਕਰ ਦੇਣੀ।
ਸਲਮਾਨ ਖ਼ਾਨ: ਬਹੁਤ ਜ਼ਿਆਦਾ ਮੂਡੀ ਪਰ ਰਹਿਮਦਿਲ, ਬਿਲਕੁਲ ਆਪਣੀ ਫ਼੍ਰੈਂਚਾਈਜ਼ 'ਬੀਂਗ ਹਿਊਮਨ' ਦੀ ਤਰਜ਼ 'ਤੇ। ਕਿਸੇ ਨਾਲ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਬੇਸ਼ੱਕ ਉਹ ਕੋਈ ਛੋਟਾ ਤਕਨੀਸ਼ਨ ਹੋਵੇ, ਸਹਾਇਕ ਨਿਰਦੇਸ਼ਕ ਜਾਂ ਖਾਣੇ ਦੀ ਕੇਟਰਿੰਗ ਕਰਨ ਵਾਲਾ ਕੋਈ ਮੁੰਡੂ। ਜੇਕਰ ਕੋਈ ਨਿਰਦੇਸ਼ਕ ਜਾਂ ਸਹਿ-ਕਲਾਕਾਰ ਉਸ ਨੂੰ ਖਿਝਾ ਦੇਵੇ ਤਾਂ ਜਾਂ ਤਾਂ ਸਲਮਾਨ ਇੱਕਦਮ ਚੁੱਪ ਹੋ ਜਾਂਦਾ ਹੈ ਜਾਂ ਫ਼ਿਰ ਜਵਾਬੀ ਕਾਰਵਾਈ ਕਰਦਾ ਹੈ - ਗੁੱਸੇ ਦੇ ਕੁੱਝ ਨਾਖ਼ੁਸ਼ਗਵਾਰ ਦੌਰੇ ਇਸ ਵਿੱਚ ਸ਼ਾਮਿਲ ਹਨ। ਖ਼ੁਸ਼ਕਿਸਮਤੀ ਨਾਲ, ਉਹ ਹਮੇਸਾਂ ਆਪਣੇ ਆਕਾਰ (ਪੜ੍ਹਿਆ ਜਾਵੇ: ਆਰਥਿਕ ਹੈਸੀਅਤ) ਦੇ ਵਿਅਕਤੀਆਂ ਨੂੰ ਹੀ ਆਪਣੇ ਗੁੱਸੇ ਦਾ ਸ਼ਿਕਾਰ ਬਣਾਉਂਦਾ ਹੈ।
ਅਮੀਤਾਭ ਬੱਚਨ: ਉਹ ਸੈੱਟ 'ਤੇ ਆਪਣੇ ਕੰਮ ਨਾਲ ਮਤਲਬ ਰੱਖਦਾ ਹੈ ਅਤੇ ਲੋਕ ਉਸ ਤੋਂ ਆਪਣੀ ਮਰਜ਼ੀ ਨਾਲ ਡਰੇ ਡਰੇ ਜਿਹੇ ਰਹਿੰਦੇ ਹਨ... ਉਹ ਅਕਸਰ ਆਪਣੀ ਵੈਨਿਟੀ ਵੈਨ ਦੇ ਇਕਾਂਤ ਵਿੱਚੋਂ ਇੰਟਰਨੈੱਟ 'ਤੇ ਟਵੀਟ ਅਤੇ ਬਲੌਗਿੰਗ ਕਰਦਾ ਦੇਖਿਆ ਜਾ ਸਕਦਾ ਹੈ। ਸਟੂਡੀਓ ਦੇ ਖਾਣੇ ਜਾਂ ਚਾਹ ਨੂੰ ਉਹ ਕਦੇ ਨਹੀਂ ਕਬੂਲਦਾ। ਉਹ ਆਪਣੇ ਘਰੋਂ ਲਿਆਏ ਟਿਫ਼ਨ ਅਤੇ ਥਰਮਸ 'ਤੇ ਹੀ ਭਰੋਸਾ ਕਰਦਾ ਹੈ - ਪਰ ਅਚਾਨਕ ਕਿਸੇ ਸਪੌਟ ਬੁਆਏ ਨੂੰ ਉਸ ਦੇ ਘਰ ਦੇ ਨਾਮ ਤੋਂ ਮੁਖ਼ਾਤਿਬ ਹੋ ਕੇ ਅਮੀਤਾਭ ਸਭ ਨੂੰ ਹੈਰਾਨ ਕਰ ਦਿੰਦਾ ਹੈ ਅਤੇ ਦਿਮਾਗੀ ਤੌਰ 'ਤੇ ਉਸ ਸਪੌਟ ਬੁਆਏ ਨੂੰ ਧਰਤੀ ਤੋਂ 10 ਫ਼ੀਟ ਉੱਚਾ ਚੁੱਕ ਦਿੰਦਾ ਹੈ। ਆਏ ਮਹਿਮਾਨਾਂ ਨਾਲ ਸਾਂਭਣਯੋਗ ਤਸਵੀਰਾਂ ਖਿੱਚਵਾਉਣੀਆਂ ਬਹੁਤ ਪਸੰਦ ਕਰਦਾ ਹੈ ਅਮੀਤਾਭ, ਖ਼ਾਸਕਰ ਜੇ ਉਹ 'ਕੌਣ ਬਨੇਗਾ ਕਰੋੜਪਤੀ ਦੇ ਸੈੱਟ 'ਤੇ ਹੋਵੇ।
ਸੁਸ਼ੁਮਿਤਾ ਸੇਨ: ਜੇਕਰ ਉਸ ਨੂੰ ਕੋਈ ਸਹਾਇਕ ਨਿਰਦੇਸ਼ਕ ਜਾਂ ਸੈੱਟ 'ਤੇ ਖਾਣਾ ਤੇ ਸਨੈਕਸ ਲਿਆਉਣ ਵਾਲਾ ਕੋਈ ਵਿਅਕਤੀ ਪਸੰਦ ਆ ਜਾਵੇ ਤਾਂ ਸਮਝ ਲਓ ਕਿ ਉਸ ਦੀ ਤਾਂ ਜਿਵੇਂ ਲਾਈਫ਼ ਹੀ ਬਣ ਗਈ। ਉਹ ਉਸ ਨੂੰ 'ਬਾਬੂ', 'ਬੱਚਾ', 'ਬੇਬੀ', ਜਾਂ 'ਡਾਰਲਿੰਗ' ਤਕ ਆਖ ਛੱਡਦੀ ਹੈ। ਉਹ ਆਪਣੇ ਸਟਾਫ਼ ਦਾ ਬਹੁਤ ਖ਼ਿਆਲ ਰੱਖਦੀ ਹੈ। ਪਰੌਬਲੈਮੋ: ਉਹ ਅੱਜਕੱਲ੍ਹ ਲਗਭਗ ਬੇਰੋਜ਼ਗ਼ਾਰ ਹੈ।
ਆਮਿਰ ਖ਼ਾਨ: ਵਿਵਸਥਾ ਤੇ ਤਰਤੀਬ ਦਾ ਪੀਰ, ਮਿਸਟਰ ਪਰਫ਼ੈਕਟ ਆਪਣੀ ਖ਼ਾਸ-ਉਲ-ਖ਼ਾਸ ਟੀਮ ਨਾਲ ਲਾਜਵਾਬ। ਜੇਕਰ ਲਗਾਨ ਦੀ ਸਪੋਰਟ ਟੀਮ ਦੇ ਮੈਂਬਰਾਂ ਨੂੰ ਵੀ ਰਹਿਣ ਲਈ ਵਧੀਆ ਆਰਾਮਦਾਇਕ ਘਰ ਮਿਲੇ ਸਨ ਤਾਂ ਬੁੱਝੋ ਕਿ ਕਿਸ ਨੇਕ ਆਦਮੀ ਦੀ ਬਦੌਲਤ ਇਹ ਸਭ ਕੁੱਝ ਸੰਭਵ ਹੋਇਆ? ਤੇ ਹਾਂ ਸੱਚ, ਉਸ ਨੇ ਆਪਣੀ ਸਹਾਇਕ ਨਿਰਦੇਸ਼ਕ ਨਾਲ ਵਿਆਹ ਵੀ ਤਾਂ ਕਰਾਇਆ ਸੀ!
ਕਰਨ ਜੌਹਰ: ਕਿਸੇ ਵੀ ਨਵੇਂ, ਉਭਰਦੇ ਹੋਏ ਨਿਰਦੇਸ਼ਕ ਲਈ ਕਰਨ ਨਾਲ ਕੰਮ ਕਰਨਾ ਇੱਕ ਸੁਪਨੇ ਦੀ ਤਾਮੀਰ ਤੋਂ ਘੱਟ ਨਹੀਂ। ਉਸ ਦੇ ਆਲੇ ਦੁਆਲੇ ਵਫ਼ਾਦਾਰ ਸਹਾਇਕਾਂ ਦਾ ਇੱਕ ਤਾਂਤਾ ਜਿਹਾ ਲੱਗਾ ਰਹਿੰਦਾ ਹੈ। ਅਤੇ ਜੇ ਉਹ ਇੰਡਸਟਰੀ ਦਾ ਸਭ ਵਧੀਆ 'ਪੇਅਮਾਸਟਰ' ਹੈ ਤਾਂ ਇਸ ਨਾਲ ਫ਼ਾਇਦਾ ਫ਼ਿਲਮੀ ਸਨੱਅਤ ਦਾ ਹੀ ਹੈ।
ਅਤੇ ਉਹ ਕਲਾਕਾਰ ਜਿਨ੍ਹਾਂ ਨੂੰ ਕੇਵਲ ਆਪਣੀ ਤੋਏ ਤੋਏ ਸੁਣਨ ਨੂੰ ਮਿਲੀ ਹੈ:
ਬੋਨੀ ਕਪੂਰ: ਏ-ਸ਼੍ਰੇਣੀ ਆਰਟਿਸਟਾਂ ਨਾਲ ਲਾਜਵਾਬ ਰਵੱਈਆ, ਪਰ ਦੂਸਰੇ ਛੋਟੇ ਕਲਾਕਾਰਾਂ ਪ੍ਰਤੀ ਬਿਲਕੁਲ ਉਦਾਸੀਨ। ਉਸ ਦੇ ਮੁਕਾਬਲਤਨ, ਭਰਾ ਅਨਿਲ ਕਪੂਰ ਸਹਿ-ਕਲਾਕਾਰਾਂ ਨਾਲ ਬਿਲਕੁਲ ਪ੍ਰੋਫ਼ੈਸ਼ਨਲ ਅਤੇ ਤਕਨੀਸ਼ਨਾਂ ਨਾਲ ਦੋਸਤਾਨਾ, ਉਸ ਨੂੰ ਸਮਝ ਹੈ ਕਿ ਅੰਤ ਨੂੰ ਕੈਮਰਾ ਸਟਾਫ਼ ਹੀ ਕਿਸੇ ਵੀ ਸੀਨ ਨੂੰ ਬਣਾ ਜਾਂ ਵਿਗਾੜ ਸਕਦਾ ਹੈ।
ਗੋਵਿੰਦਾ: ਸੁਣਨ ਵਿੱਚ ਆਇਆ ਹੈ ਕਿ ਉਸ ਦਾ ਰਵੱਈਆ ਬਹੁਤ ਹੀ ਸਨਕੀ ਕਿਸਮ ਦਾ ਹੈ। ਉਸ ਦਾ ਮੰਨਣਾ ਹੈ ਕਿ ਸੈੱਟ 'ਤੇ ਆਉਣ ਵਾਲੇ ਮਹਿਮਾਨ ਘੁਸਪੈਠੀਏ ਹਨ। ਤੇ ਜੋ ਕੋਈ ਉਸ ਨੂੰ ਉਸ ਦੇ ਘਰ ਦੇ ਨਾਮ 'ਚੀ ਚੀ ਭੱਈਆ' ਨਾਲ ਬੁਲਾ ਲਵੇ ਤਾਂ ਫ਼ਿਰ ਉਸ ਦਾ ਗੁੱਸਾ ਦੇਖਣ ਵਾਲਾ ਹੁੰਦਾ ਹੈ।
ਮਲਿਕਾ ਸ਼ੇਰਾਵਤ: ਲੋਕ ਉਸ ਤੋਂ ਕੰਨੀ ਕਤਰਾਉਂਦੇ ਹਨ... ਕਿਉਂਕਿ ਉਹ ਲਗਾਤਾਰ ਆਪਣਾ ਸਾਰਾ ਸਮਾਂ ਬੌਲੀਵੁੱਡ ਨੂੰ ਕੋਸਣ ਵਿੱਚ ਖ਼ਰਚ ਕਰਦੀ ਹੈ। ਕਹਿੰਦੀ ਹੈ ਕਿ ਇਹ ਇੰਡਸਟਰੀ ਉਸ ਦੇ ਲਾਇਕ ਹੀ ਨਹੀਂ। ਫ਼ਿਲਮ ਸੈੱਟ 'ਤੇ ਅਕਸਰ ਇਹ ਟਿੱਪਣੀ ਸੁਣਨ ਨੂੰ ਮਿਲਦੀ ਹੈ, ''ਫ਼ਿਰ ਉਹ ਹੌਲੀਵੁੱਡ ਵਿੱਚ ਕਿਉਂ ਨਹੀਂ ਜਾ ਵਸਦੀ?"
ਏਕਤਾ ਕਪੂਰ: ਛੋਟੀ ਸਕ੍ਰੀਨ ਦੀ ਨੰਬਰ ਵੰਨ ਰਾਣੀ ਦੇ ਉਪਨਾਮ ਨਾਲ ਮਸ਼ਹੂਰ, ਏਕਤਾ ਕਪੂਰ ਵਧਦੀ ਉਮਰ ਤੇ ਸਫ਼ਲਤਾ ਨਾਲ ਹੁਣ ਕੁੱਝ ਕੁੱਝ ਹਲੀਮੀ ਵਿੱਚ ਆ ਰਹੀ ਹੈ। ਇੱਕ ਵੇਲਾ ਹੁੰਦਾ ਸੀ ਜਦੋਂ ਸੈੱਟ ਉੱਪਰ ਉਸ ਵੱਲੋਂ ਨਾਪਸੰਦ ਲੋਕਾਂ ਦੇ ਥੱਪੜ ਰਸੀਦ ਕਰਨ ਦੀਆਂ ਕਹਾਣੀਆਂ ਕਾਫ਼ੀ ਚਰਚਾ ਦਾ ਵਿਸ਼ਾ ਹੁੰਦੀਆਂ ਸਨ।
ਰਾਨੀ ਮੁਖਰਜੀ: ਉਹ ਆਪਣੇ ਹੇਅਰਡ੍ਰੈਸਰਾਂ, ਮੇਕਅੱਪ ਆਰਟਿਸਟਾਂ ਅਤੇ ਵੈਲੇ ਪਾਰਕਿੰਗ ਵਾਲੇ ਸਹਾਇਕ ਕਰਮਚਾਰੀਆਂ ਨੂੰ ਗੰਦੀ ਤੋਂ ਗੰਦੀ ਗਾਲ੍ਹ ਵੀ ਬਹੁਤ ਹੀ ਆਸਾਨੀ ਨਾਲ ਕੱਢ ਜਾਂਦੀ ਹੈ।

 
Thursday, 06 June 2013 05:34
Print PDF

ਜਿੰਨੀ ਤਾਕਤ ਅਸੀਂ ਆਪਣੇ ਬੱਚਿਆਂ, ਆਪਣੀ ਨੌਜਵਾਨ ਪੀੜ੍ਹੀ ਨੂੰ ਸਫ਼ਤਾ ਦਾ ਗੁਰੂਮੰਤਰ ਦੇਣ ਵਿੱਚ ਲਗਾ ਰਹੇ ਹਾਂ, ਜੇ ਉਸ ਦਾ ਸੌਵਾਂ ਹਿੱਸਾ ਵੀ ਅਸੀਂ ਉਨ੍ਹਾਂ ਨੂੰ ਅਸਫ਼ਲਤਾ ਨਾਲ ਨਿਪਟਣਾ ਸਿਖਾਉਣ ਵਿੱਚ ਲਗਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸਿਰਫ਼ 25 ਸਾਲ ਦੀ ਉਮਰ ਦੀ ਐਕਟ੍ਰਸ ਜਿਆ ਖ਼ਾਨ ਨੇ ਕੇਵਲ ਛੇ ਸਾਲ ਦੇ ਆਪਣੇ ਛੋਟੇ ਜਿਹੇ ਫ਼ਿਲਮੀ ਕੈਰੀਅਰ ਵਿੱਚ ਨਿਸ਼ਬਦ ਅਤੇ ਗਜਨੀ ਵਰਗੀਆਂ ਚੰਗੀਆਂ ਫ਼ਿਲਮਾਂ ਦਿੱਤੀਆਂ ਸਨ। ਪਿਛਲੇ ਤਿੰਨ ਸਾਲਾਂ ਤੋਂ ਉਸ ਦੀ ਕੋਈ ਫ਼ਿਲਮ ਨਹੀਂ ਸੀ ਆਈ, ਪਰ ਇੰਨੀ ਜਿਹੀ ਨਾਕਾਮੀ ਉਸ ਨੂੰ ਇੰਨਾ ਨਿਰਾਸ਼ ਕਰ ਗਈ ਕਿ ਫ਼ਿਲਮੀ ਦੁਨੀਆਂ ਤਾਂ ਕੀ, ਉਸ ਨੇ ਇਸ ਸੰਸਾਰ ਨੂੰ ਹੀ ਛੱਡਣ ਦਾ ਫ਼ੈਸਲਾ ਕਰ ਲਿਆ।
ਮੁੰਬਈ ਫ਼ਿਲਮ ਇੰਡਸਟਰੀ ਵਿੱਚ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਫ਼ਹਿਰਿਸਤ ਕਾਫ਼ੀ ਲੰਬੀ ਹੁੰਦੀ ਜਾ ਰਹੀ ਹੈ। ਇਹ ਕੋਈ ਸੰਜੋਗ ਮਾਤਰ ਨਹੀਂ ਹੈ ਕਿ ਇਸ ਕਾਲੀ ਸੂਚੀ ਵਿੱਚ ਐਕਟਰਾਂ ਦੀ ਬਨਿਸਬਤ ਦੁਗਣੇ ਤੋਂ ਵੀ ਵੱਧ ਨਾਮ ਆਪਣੇ ਕਰੀਅਰ ਦੇ ਸਿਖਰ 'ਤੇ ਚੱਲ ਰਹੀਆਂ ਜਵਾਨ ਐਕਟ੍ਰਸਾਂ ਦੇ ਹਨ। ਸਿਲਕ ਸਮਿਤਾ ਨੂੰ ਜੇ ਛੱਡ ਵੀ ਦੇਈਏ ਕਿਉਂਕਿ ਉਸ ਦੇ ਮਾਮਲੇ ਵਿੱਚ ਕੁੱਝ ਪੇਚੀਦਗੀਆਂ ਸਨ ਅਤੇ ਉਹ ਆਪਣੇ ਫ਼ਿਲਮੀ ਕਰੀਅਰ ਦੀ ਢਲਾਨ 'ਤੇ ਸੀ। ਦਿਵਿਆ ਭਾਰਤੀ ਦੀ ਮੌਤ ਵੇਲੇ ਉਹ ਕੇਵਲ 19 ਸਾਲਾਂ ਦੀ ਸੀ, ਪਰ ਕੁੱਝ ਐਸੀਆਂ ਉਲਝਣਾਂ ਇਸ ਘਟਨਾ ਨਾਲ ਜੁੜੀਆਂ ਹੋਈਆਂ ਹਨ ਕਿ ਇਸ ਨੂੰ ਆਤਮ ਹੱਤਿਆ ਕਰਾਰ ਦੇਣ ਵਿੱਚ ਵੀ ਸਭ ਨੂੰ ਹਿਚਕਿਚਾਹਟ ਹੁੰਦੀ ਹੈ।
ਪਰ ਮੌਡਲਿੰਗ ਅਤੇ ਸਿਨਮਾ ਦੀ ਸੰਧੀ 'ਤੇ ਖੜ੍ਹੀਆਂ ਨਫ਼ੀਸਾ ਜੋਜ਼ਫ਼, ਕੁਲਜੀਤ ਰੰਧਾਵਾ ਅਤੇ ਵਿਵੇਕਾ ਬਾਬਾਜੀ ਦੇ ਮਾਮਲੇ ਤਾਂ ਜੀਆ ਖ਼ਾਨ ਵਰਗੇ ਹੀ ਸਨ। ਜੇ ਉਹ ਇੱਕ ਬਿਹਤਰ ਸਪੋਰਟ ਸਿਸਟਮ ਵਿੱਚ ਰਹਿ ਰਹੀਆਂ ਹੁੰਦੀਆਂ ਤਾਂ ਉਹ ਆਪਣੇ ਡਿਪ੍ਰੈਸ਼ਨ ਦਾ ਇਲਾਜ ਕਰਾ ਕੇ ਨਵੇਂ ਢੰਗ ਨਾਲ ਆਪਣਾ ਕਰੀਅਰ ਪਲੈਨ ਕਰ ਸਕਦੀਆਂ ਸਨ। ਗਲੈਮਰ ਇੰਡਸਟਰੀ ਵਿੱਚ ਦਿਲ ਨਹੀਂ ਲੱਗਦਾ ਤਾਂ ਇਨਸਾਨ ਕੋਈ ਬਿਲਕੁਲ ਹੀ ਵੱਖਰਾ ਰਸਤਾ ਅਪਣਾ ਸਕਦਾ ਹੈ। ਅਤੇ ਜੇ ਹੋਰ ਕੁੱਝ ਵੀ ਨਹੀਂ ਤਾਂ ਉਹ ਸਾਰੀਆਂ ਕਿਸੇ ਆਮ ਲੜਕੀ ਵਾਂਗ ਘਰ-ਗ੍ਰਹਿਸਥ ਦੇ ਸਿੱਧੇ-ਸਾਦੇ ਰਸਤੇ 'ਤੇ ਚੱਲ ਸਕਦੀਆਂ ਸਨ। ਆਪਣੇ ਵਕਤ ਦੇ ਮਸ਼ਹੂਰ ਕਾਮੇਡੀਅਨ ਜੌਨੀ ਵਾਕਰ ਤੋਂ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਇੰਨੀ ਸ਼ੌਹਰਤ ਮਿਲਣ ਤੋਂ ਬਾਅਦ ਗ਼ੁਮਨਾਮੀ ਦੀ ਜ਼ਿੰਦਗੀ ਉਹ ਭਲਾ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਿਆ? ਉਸ ਨੇ ਆਪਣੇ ਜਾਣੇ ਪਹਿਚਾਣੇ ਅੰਦਾਜ਼ ਵਿੱਚ ਜਵਾਬ ਦਿੱਤਾ - 'ਕਿਆ ਬਾਤ ਕਰਤੇ ਹੋ ਮੀਆਂ। ਹਿਲਰੀ ਔਰ ਤੇਨਸਿੰਹ ਐਵਰੈਸਟ ਪਰ ਚੜ੍ਹੇ ਤੋ ਵਹੀਂ ਘਰ ਥੋੜੇ ਨਾ ਬਨਾ ਲਿਆ। ਚੜ੍ਹੇ, ਝੰਡਾ ਗਾੜਾ, ਫ਼ੋਟੂ ਖੀਂਚੇ ਔਰ ਉਤਰ ਆਏ। ਹਮਾਰਾ ਵਕਤ ਜਬ ਥਾ ਤਬ ਥਾ, ਅਬ ਦੂਸਰੇ ਲੋਗੋਂ ਕਾ ਵਕਤ ਹੈ।'
ਅਜਿਹੀ ਹਾਜ਼ਰ-ਜਵਾਬੀ ਕਿਸੇ ਨੂੰ ਐਂਵੇਂ ਹੀ ਨਹੀਂ ਆ ਜਾਂਦੀ। ਜਿਨ੍ਹਾਂ ਲੋਕਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਿੱਚ ਕਈ ਕਈ ਸਾਲ ਲੱਗਦੇ ਹਨ, ਉਹ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਹੀ ਉੱਥੋਂ ਉਤਰਨਾ ਵੀ ਸਿੱਖ ਜਾਂਦੇ ਹਨ। ਪਰ ਅੱਜ ਜਦੋਂ 20 ਸਾਲ ਦੀ ਉਮਰ ਵਿੱਚ ਸਫ਼ਲਤਾ ਕਿਸੇ ਦੇ ਪੈਰ ਚੁੰਮ ਲਵੇ ਤਾਂ ਅਸਫ਼ਲਤਾ ਦਾ ਸਾਹਮਣਾ ਕਰਨ ਦੀ ਟ੍ਰੇਨਿੰਗ ਉਸ ਨੂੰ ਅੱਡ ਤੋਂ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ?
ਖ਼ੁਦਕੁਸ਼ ਸੋਚ ਨੂੰ ਸਮਝਣ ਦੀ ਲੋੜ ਹੈ!
ਆਪਣੇ ਆਪ ਨੂੰ ਤਬਾਹ ਕਰਨ ਦੀ ਸੋਚ ਇੱਕ ਇਨਸਾਨ ਦੇ ਮਨ ਵਿੱਚ ਕਿਸ ਤਰ੍ਹਾਂ ਪਨਪਦੀ ਹੈ, ਇਸ ਬਾਰੇ ਇੱਕ ਸਤਰੀ ਪਰਿਭਾਸ਼ਾ ਘੜਨਾ ਮੁਮਕਿਨ ਨਹੀਂ। ਐਡਵਿਨ ਸ਼ਨਾਈਡਮੈਨ, ਇੱਕ ਮਸ਼ਹੂਰ ਮਨੋਵਿਗਿਆਨੀ ਅਤੇ ਆਤਮਹੱਤਿਆ ਦੇ ਵਿਸ਼ੇ 'ਤੇ ਇੱਕ ਮਾਹਿਰ, ਨੇ ਆਤਮਹੱਤਿਆ ਨਾਲ ਸਬੰਧਤ ਦਸ ਸਾਂਝੇ ਲੱਛਣਾਂ ਦਾ ਜ਼ਿਕਰ ਕੀਤਾ ਹੈ। ਸ਼ਨਾਈਡਮੈਨ ਦੀ ਇਸ ਸੂਚੀ ਵਿੱਚ ਕੁੱਝ ਅਜਿਹੇ ਆਸਾਰਾਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਸਮਝਣ ਨਾਲ ਅਸੀਂ ਇੱਕ ਖ਼ੁਦਕੁਸ਼ ਸੋਚ ਨੂੰ ਸਮਝਣ ਦਾ ਉਪਰਾਲਾ ਕਰ ਸਕਦੇ ਹਾਂ।
1. ਸਭ ਖ਼ੁਦਕੁਸ਼ੀਆਂ ਦਾ ਇੱਕ ਸਾਂਝਾ ਮਕਸਦ ਹੁੰਦਾ ਹੈ - ਇਨਸਾਨ ਵੱਲੋਂ ਖ਼ੁਦ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼। ਖ਼ੁਦਕੁਸ਼ੀ ਕੋਈ ਬੇਮਤਲਬ ਜਾਂ ਬੇਤਰਤੀਬ ਕਾਰਵਾਈ ਨਹੀਂ। ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਜੀਵਨ ਦਾ ਅੰਤ ਕਰਨ ਬਾਰੇ ਸੋਚ ਰਹੇ ਹੁੰਦੇ ਹਨ, ਆਤਮਹੱਤਿਆ ਉਨ੍ਹਾਂ ਦੇ ਜੀਵਨ ਵਿਚਲੇ ਉਸ ਮਸਲੇ ਦਾ ਹੱਲ ਹੈ ਜਿਸ ਦਾ ਉਂਝ ਉਨ੍ਹਾਂ ਕੋਲ ਕੋਈ ਹੱਲ ਨਹੀਂ ਹੁੰਦਾ ਜਾਂ ਕਿਸੇ ਅਸਹਿਣਯੋਗ ਚੋਚਿੱਤੀ ਵਿੱਚੋਂ ਬਾਹਰ ਨਿਕਲਣ ਦਾ ਇੱਕ ਤਰੀਕਾ। ਅਜਿਹੇ ਵਿਅਕਤੀਆਂ ਲਈ ਖ਼ੁਦਕੁਸ਼ੀ ਇੱਕ ਅਜਿਹੀ ਚੋਣ ਹੈ ਜਿਹੜੀ ਉਨ੍ਹਾਂ ਦੇ ਨਜ਼ਦੀਕ ਉਨ੍ਹਾਂ ਭਿਆਨਕ ਹਾਲਾਤ ਨਾਲੋਂ ਬਿਹਤਰ ਹੈ ਜਿਹੜੇ ਉਹ ਹੰਢਾਅ ਰਹੇ ਹੁੰਦੇ ਹਨ; ਉਸ ਭਾਵਨਾਤਮਕ ਪੀੜ ਦਾ ਮੁਦਾਵਾ ਜਿਸ 'ਚੋਂ ਉਹ ਗ਼ੁਜ਼ਰ ਰਹੇ ਹੁੰਦੇ ਹਨ; ਅਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਉਹ ਮੌਤ ਤੋਂ ਵੱਧ ਡਰਦੇ ਹਨ। ਖ਼ੁਦਕੁਸ਼ੀ ਵੱਲ ਇੱਕ ਸੰਭਾਵੀ ਹੱਲ ਦੇ ਤੌਰ 'ਤੇ ਆਕਰਸ਼ਣ ਕਈ ਵਾਰ ਤਾਂ ਵੀ ਵੱਧ ਜਾਂਦਾ ਹੈ ਜੇਕਰ ਅਜਿਹੇ ਮਾਰੂ ਰਵੱਈਏ ਦਾ ਉਨ੍ਹਾਂ ਦਾ ਪਰਿਵਾਰਕ ਇਤਿਹਾਸ ਰਿਹਾ ਹੋਵੇ। ਜੇਕਰ ਕਿਸੇ ਅਜਿਹੇ ਵਿਅਕਤੀ ਨੇ ਖ਼ੁਦਕੁਸ਼ੀ ਕੀਤੀ ਹੋਵੇ ਜਿਸ ਦੀ ਉਹ ਇੱਜ਼ਤ ਕਰਦੇ ਜਾਂ ਜਿਸ ਦੇ ਉਹ ਪ੍ਰਸ਼ੰਸਕ ਰਹੇ ਹੋਣ ਤਾਂ ਵੀ ਕਈ ਵਾਰ ਨਤੀਜਾ ਆਤਮਹੱਤਿਆ ਵਿੱਚ ਹੀ ਨਿਕਲਦਾ ਹੈ।
2. ਖ਼ੁਦਕੁਸ਼ੀ ਕਰਨ ਵਾਲੇ ਲੋਕ ਆਪਣੇ ਚੇਤੰਨ ਤਜਰਬਿਆਂ ਦਾ ਅੰਤ ਕਰਨਾ ਚਾਹ ਰਹੇ ਹੁੰਦੇ ਹਨ ਕਿਉਂਕਿ ਇਹ ਉਨ੍ਹਾਂ ਦੇ ਦਿਮਾਗ ਵਿੱਚ ਡਰਾਉਣੇ ਖ਼ਿਆਲ ਪੈਦਾ ਕਰਦੇ ਰਹਿੰਦੇ ਹਨ। ਖ਼ੁਦਕੁਸ਼ੀ ਉਨ੍ਹਾਂ ਲਈ ਸਭ ਕੁੱਝ ਭੁੱਲ ਜਾਣ ਦਾ ਇੱਕ ਜ਼ਰੀਆ ਹੁੰਦਾ ਹੈ।
3.ਖ਼ੁਦਕੁਸ਼ੀ ਲਈ ਇੱਕ ਸਾਂਝੀ ਉਤੇਜਨਾ ਹੁੰਦੀ ਹੈ ਮਨੋਵਿਗਿਆਨਕ ਪੀੜਾ। ਭੈਅਭੀਤ ਕਰਨ ਵਾਲੀਆਂ ਨਾਕਾਰਾਤਮਕ ਭਾਵਨਾਵਾਂ - ਜਿਨ੍ਹਾਂ ਵਿੱਚ ਸ਼ਰਮ, ਆਤਮਗਿਲਾਨੀ, ਗੁੱਸਾ, ਡਰ, ਉਦਾਸੀ, ਆਦਿ ਸ਼ਾਮਿਲ ਹੁੰਦੇ ਹਨ - ਅਕਸਰ ਸਵੈ-ਮਾਰੂ ਰਵੱਈਏ ਦਾ ਆਧਾਰ ਬਣਦੀਆਂ ਹਨ।
4. ਖ਼ੁਦਕੁਸ਼ੀ ਲਈ ਇੱਕ ਸਾਂਝੀ ਉਕਸਾਹਟ ਹੈ ਪਰੇਸ਼ਾਨ ਕਰਨ ਵਾਲੀਆਂ ਲੋੜਾਂ। ਜਿਹੜੇ ਲੋਕ ਆਪਣੇ ਮਾਪਦੰਡ ਬਹੁਤ ਉੱਚੇ ਰੱਖਦੇ ਹਨ ਉਨ੍ਹਾਂ ਦੇ ਖ਼ੁਦਕੁਸ਼ ਖ਼ਿਆਲ ਪਾਲਣ ਦੇ ਇਮਕਾਨ ਵਧੇਰੇ ਪ੍ਰਬਲ ਹੁੰਦੇ ਹਨ, ਖ਼ਾਸਕਰ ਜੇ ਆਪਣੇ ਟੀਚਿਆਂ ਦੀ ਪ੍ਰਾਪਤੀ ਵਿੱਚ ਉਨ੍ਹਾਂ ਨੂੰ ਅਚਾਨਕ ਅਸਫ਼ਲਤਾ ਦੇ ਆਸਾਰ ਦਿਖਣ ਲੱਗਣ। ਅਜਿਹੇ ਲੋਕ ਆਪਣੀ ਅਸਫ਼ਲਤਾ ਜਾਂ ਨਿਰਾਸ਼ਾ ਲਈ ਖ਼ੁਦ ਦੀਆਂ ਕਮੀਆਂ ਜਾਂ ਊਣਤਾਈਆਂ ਨੂੰ ਦੋਸ਼ੀ ਮੰਨਦੇ ਹਨ ਅਤੇ ਅਜਿਹੀ ਸੋਚ ਪਾਲ ਰਹੇ ਹੋ ਸਕਦੇ ਹਨ ਕਿ ਉਹ ਬੇਕਾਰ, ਨਿਕੰਮੇ ਜਾਂ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਕੋਈ ਪਿਆਰ ਨਹੀਂ ਕਰ ਸਕਦਾ। ਪਰਿਵਾਰਕ ਅਣਬਣ ਵੀ ਕਿਸ਼ੋਰ ਅਵਸਥਾ ਦੇ ਨਿਆਣਿਆਂ ਨੂੰ ਖ਼ੁਦਕੁਸ਼ ਸੋਚ ਵੱਲ ਧੱਕ ਸਕਦੀ ਹੈ। ਕਿੱਤੇ ਸਬੰਧੀ ਨਿਰਾਸ਼ਾ ਜਾਂ ਸਾਥੀਆਂ ਨਾਲ ਸਬੰਧਾਂ ਵਿੱਚ ਤਨਾਅ ਵੀ ਨੌਜਵਾਨਾਂ ਨੂੰ ਆਤਮਹੱਤਿਆ ਦੇ ਦਹਾਨੇ 'ਤੇ ਲਿਆ ਖੜ੍ਹਾ ਕਰ ਸਕਦਾ ਹੈ।
5. ਖ਼ੁਦਕੁਸ਼ੀਆਂ ਵਿੱਚ ਇੱਕ ਸਾਂਝੀ ਭਾਵਨਾ ਨਾ-ਉਮੀਦੀ ਜਾਂ ਬੇਚਾਰਗ਼ੀ ਦੀ ਹੁੰਦੀ ਹੈ। ਜੇ ਕੋਈ ਮਨੁੱਖ ਆਪਣੇ ਭਵਿੱਖ ਬਾਰੇ ਲਗਾਤਾਰ ਨਾਕਾਰਾਤਮਕ ਸੋਚ ਤੋਂ ਤ੍ਰਸਤ ਰਹੇ ਜਾਂ ਨਾ-ਉਮੀਦੀ ਨਾਲ ਭਰਿਆ ਰਹੇ ਤਾਂ ਕਈ ਵਾਰ ਇਹ ਭਾਵਨਾਵਾਂ ਦੂਸਰੀਆਂ ਨਾਕਾਰਾਤਮਕ ਭਾਵਨਾਵਾਂ, ਜਿਵੇਂ ਕਿ ਗੁੱਸਾ ਜਾਂ ਤਨਾਅ, ਨਾਲੋਂ ਵੀ ਵੱਧ ਮਾਰੂ ਸਾਬਿਤ ਹੋ ਸਕਦੀਆਂ ਹਨ। ਖ਼ੁਦਕੁਸ਼ ਬੰਦਾ ਇਸ ਗੱਲ ਦਾ ਦ੍ਰਿੜ ਵਿਸ਼ਵਾਸੀ ਹੁੰਦਾ ਹੈ ਕਿ ਕੁੱਝ ਵੀ ਅਜਿਹਾ ਨਹੀਂ ਜੋ ਉਸ ਦੀ ਸਥਿਤੀ ਬਦਲ ਸਕੇ; ਉਸ ਨੂੰ ਯਕੀਨ ਹੁੰਦਾ ਹੈ ਕੋਈ ਵੀ ਉਸ ਦੀ ਮਦਦ ਨਹੀਂ ਕਰ ਸਕਦਾ।
6. ਖ਼ੁਦਕੁਸ਼ ਲੋਕਾਂ ਦਾ ਸਾਂਝਾ ਅੰਦਰੂਨੀ ਰਵੱਈਆ ਦੋਚਿੱਤੀ ਵਾਲਾ ਹੁੰਦਾ ਹੈ। ਬਹੁਤੇ ਲੋਕ ਜਿਹੜੇ ਖ਼ੁਦਕੁਸ਼ੀ ਬਾਰੇ ਸੋਚ ਰਹੇ ਹੁੰਦੇ ਹਨ ਜਾਂ ਜਿਹੜੇ ਅੰਤ ਵਿੱਚ ਆਪਣੇ ਆਪ ਨੂੰ ਮਾਰਨ ਵਿੱਚ ਸਫ਼ਲ ਹੋ ਜਾਂਦੇ ਹਨ, ਉਹ ਆਪਣੇ ਮਰਨ ਦੇ ਇਰਾਦੇ ਲਈ ਤਾਂ ਸੁਹਿਰਦ ਹੁੰਦੇ ਹਨ ਪਰ ਇਹ ਵੀ ਚਾਹੁੰਦੇ ਹਨ ਕਿ ਕਾਸ਼ ਉਨ੍ਹਾਂ ਨੂੰ ਆਪਣੇ ਇਸ ਭੰਬਲਭੂਸੇ ਵਿੱਚੋਂ ਨਿਕਲਣ ਦਾ ਕੋਈ ਹੋਰ ਤਰੀਕਾ ਲਭ ਜਾਵੇ।
7. ਆਤਮਘਾਤੀ ਸੋਚ ਦੇ ਕਈ ਧਾਰਣੀ ਆਪਣੀਆਂ ਸੋਚਾਂ ਤੇ ਸੁਪਨਿਆਂ ਵਿੱਚ ਇੱਕ ਅਨ੍ਹੇਰੀ ਸੁਰੰਗ ਦੇਖਦੇ ਹਨ। ਅਜਿਹੇ ਵਿਅਕਤੀ ਆਰਜ਼ੀ ਤੌਰ 'ਤੇ ਆਪਣੇ ਮਸਲਿਆਂ ਦਾ ਕੋਈ ਹੱਲ ਲਭਣ ਦੇ ਸਮਰੱਥ ਨਹੀਂ ਹੁੰਦੇ। ਜਿਵੇਂ ਸ਼ਨਾਈਡਮੈਨ ਕਹਿੰਦਾ ਹੈ, ''ਉਨ੍ਹਾਂ ਨੂੰ 'ਅਪਮਾਨ ਤੋਂ ਪਹਿਲਾਂ ਮੌਤ' ਵਰਗੇ ਸਲੋਗਨ ਆਕਰਸ਼ਿਤ ਕਰਦੇ ਹਨ, ਪਰ ਇਹ ਉਨ੍ਹਾਂ ਨੂੰ ਆਪਣੇ ਤਥਾਕਥਿਤ ਅਪਮਾਨ ਦਾ ਕੋਈ ਹੱਲ ਲਭਣ ਦਾ ਰਸਤਾ ਨਹੀਂ ਦਿਖਾਉਂਦੇ।
8. ਆਤਮਘਾਤੀ ਅਕਸਰ ਸਭ ਕੁੱਝ ਤੋਂ ਦੌੜਨਾ ਚਾਹੁੰਦਾ ਹੈ, ਆਪਣੇ ਹਾਲਾਤ ਤੋਂ ਫ਼ਰਾਗ਼ ਭਾਲਦਾ ਹੈ ਤੇ ਖ਼ੁਦਕੁਸ਼ੀ ਉਸ ਨੂੰ ਅਜਿਹਾ ਕਰਨ ਦਾ ਨਿਸ਼ਚਿਤ ਢੰਗ ਲੱਗਦਾ ਹੈ।
9. ਇੱਕ ਹੋਰ ਮਿੱਥ ਜੋ ਕਿ ਆਤਮਘਾਤ ਨਾਲ ਜੁੜੀ ਹੋਈ ਹੈ ਉਹ ਹੈ ਕਿ ਖ਼ੁਦਕੁਸ਼ ਵਿਅਕਤੀ ਆਪਣੇ ਇਰਾਦਿਆਂ ਬਾਰੇ ਕਿਸੇ ਨਾਲ ਜ਼ਿਕਰ ਨਹੀਂ ਕਰਦੇ। ਬਹੁਤੇ ਲੋਕ ਜਿਨ੍ਹਾਂ ਨੇ ਆਤਮਹੱਤਿਆ ਕੀਤੀ ਹੈ ਨੇ ਅਕਸਰ ਕਿਸੇ ਨਾ ਕਿਸੇ ਨਾਲ ਇਸ ਦਾ ਜ਼ਿਕਰ ਕੀਤਾ ਹੈ। ਕਈਆਂ ਨੇ ਅਤੀਤ ਵਿੱਚ ਵੀ ਆਪਣੀ ਖ਼ੁਦਕੁਸ਼ ਤਬੀਅਤ ਦਾ ਮੁਜ਼ਾਹਰਾ ਕੀਤਾ ਹੁੰਦਾ ਹੈ। ਸ਼ਨਾਈਡਮੈਨ ਦੇ ਅੰਦਾਜ਼ੇ ਅਨੁਸਾਰ 80 ਪ੍ਰਤੀਸ਼ਤ ਖ਼ੁਦਕੁਸ਼ ਲੋਕਾਂ ਨੇ ਕਿਸੇ ਨਾ ਕਿਸੇ ਢੰਗ ਵਿੱਚ ਆਪਣੇ ਮਾਰੂ ਇਰਾਦਿਆਂ ਦਾ ਕੋਈ ਨਾ ਕੋਈ ਸੰਕੇਤ ਦਿੱਤਾ ਹੁੰਦਾ ਹੈ।
10. ਆਤਮਘਾਤੀਆਂ ਦਰਮਿਆਨ ਇੱਕ ਸਾਂਝਾ ਪੈਟਰਨ ਹੈ ਮੌਤ ਵੇਲੇ ਵੀ ਆਪਣਾ ਰਵੱਈਆ ਉਹੀ ਰੱਖਣਾ ਜਿਹੜਾ ਉਮਰ ਭਰ ਉਨ੍ਹਾਂ ਨੇ ਰੱਖਿਆ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਜਿਹੜੇ ਲੋਕਾਂ ਨੇ ਆਪਣੀ ਸਾਰੀ ਉਮਰ ਦੌਰਾਨ ਕਿਸੇ ਤੋਂ ਮਦਦ ਨਹੀਂ ਮੰਗੀ ਹੁੰਦੀ ਉਹ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵੀ ਕਿਸੇ ਦੀ ਮਦਦ ਸਵੀਕਾਰ ਨਹੀਂ ਕਰਦੇ।
ਹਥਲੇ ਸੰਪਾਦਕੀ ਨੋਟ ਦਾ ਅੰਤ ਅੱਜ ਇੰਟਰਨੈੱਟ ਉੱਪਰ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਵੱਲੋਂ ਕੀਤੀ ਗਈ ਇੱਕ ਟਵੀਟ ਨਾਲ ਕਰਦਾ ਹਾਂ: ''ਖ਼ੁਦਕੁਸ਼ੀ ਕੇਵਲ ਖ਼ੁਦਕੁਸ਼ ਦੀ ਜਾਨ ਹੀ ਨਹੀਂ ਲੈਂਦੀ, ਉਹ ਆਪਣੇ ਨਾਲ ਕਈ ਹੋਰ ਜਾਨਾਂ ਵੀ ਲੈ ਲੈਂਦੀ ਹੈ। ਤੁਹਾਨੂੰ ਕੀ ਕਰਨ ਦਾ ਰਾਈਟ ਹੈ ਅਤੇ ਕੀ ਕਰਨਾ ਰਾਈਟ ਹੈ, ਇਸ ਵਿੱਚਲਾ ਅੰਤਰ ਸਮਝ ਸਕਣਾ ਹੀ ਐਥਿਕਸ ਦੀ ਪਰਿਭਾਸ਼ਾ ਹੈ।"


 

 
Thursday, 30 May 2013 13:13
Print PDF

ਅਣਸੋਚਿਆ ਸੋਚੇ ਜਾਣ ਦਾ ਵੀ ਵੇਲਾ ਆ ਹੀ ਜਾਂਦਾ ਹੈ: ਕਦੇ ਅਮਰੀਕਾ ਅੰਤਰਰਾਸ਼ਟਰੀ ਸਿਆਸਤ ਦਾ ਪ੍ਰਧਾਨ ਹੁੰਦਾ ਸੀ ਪਰ ਹੁਣ ਉਸ ਦੀ ਵਿਸ਼ਵ ਸਿਆਸਤ ਉੱਪਰ ਪ੍ਰਭੂਸੱਤਾ ਦਾ ਅੰਤ ਹੋ ਰਿਹੈ। ਕੀ ਆਪਣੀ ਪ੍ਰਭੂਸੱਤਾ ਦੇ ਅੰਤ ਲਈ ਅਮਰੀਕਾ ਤਿਆਰ ਹੈ? ਏਸ਼ੀਆ ਦੇ ਆਰਥਿਕ ਉਭਾਰ ਦੀਆਂ ਗੱਲਾਂ ਹੁਣ ਪੁਰਾਣੀਆਂ ਹੋ ਚੱਲੀਆਂ ਹਨ। ਇਹ ਕਹਾਣੀ ਹੈ ਇੱਕ ਖਿੱਤੇ ਦੇ ਪੁਨਰ ਜਨਮ ਦੀ! ਇਸ ਨੇ ਲੋਕਾਂ ਦੀ ਸੋਚ ਨੂੰ ਇੱਕ ਹਲੂਣਾ ਦਿੱਤਾ ਹੈ। ਪੱਛਮ ਨੂੰ ਹੁਣ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਏਸ਼ੀਆ ਵੀ ਕਿਸੇ ਗਿਣਤੀ ਵਿੱਚ ਹੈ। ਏਸ਼ੀਆ ਇੱਕ ਵਾਰ ਫ਼ਿਰ ਅੰਤਰਰਾਸ਼ਟਰੀ ਆਰਥਿਕਤਾ ਦੇ ਧੁਰ 'ਤੇ ਕਾਬਿਜ਼ ਹੋ ਰਿਹਾ ਹੈ ਤੇ ਉਹ ਹੁਣ ਰੁਕਣ ਵਾਲਾ ਨਹੀਂ। ਇਸ ਸੋਚ ਨੂੰ ਪਚਾਣਾ ਸ਼ਾਇਦ ਔਖਾ ਲੱਗਦਾ ਹੋਵੇ ਪਰ ਏਸ਼ੀਆ ਹੁਣ ਦਿਸਹੱਦੇ 'ਤੇ ਛਾਣ ਲਈ ਤਿਆਰ ਹੈ ਤੇ ਵਿਸ਼ਵ ਦੀ ਆਰਥਿਕਤਾ ਵਿੱਚ ਇਹ ਉਭਾਰ ਵੱਡੀਆਂ ਤਬਦੀਲੀਆਂ ਲਿਆਉਣ ਵਾਲਾ ਹੈ।

ਪਿਛਲੇ ਸਾਲ, ਡੇਵੌਸ, ਸਵਿਟਜ਼ਰਲੈਂਡ ਵਿਖੇ ਹੋਏ ਇੱਕ 'ਵਰਲਡ ਇਕਨੌਮਿਕ ਫ਼ੌਰਮ' ਸੰਮੇਲਨ ਵਿੱਚ ਜਦੋਂ ਇੱਕ ਅਮਰੀਕਨ ਸੈਨੇਟਰ ਨੂੰ ਇਹ ਪੁੱਛਿਆ ਗਿਆ ਕਿ ਉਹ ਅਮਰੀਕਾ ਦੇ ਇੱਕ ਆਰਥਿਕ 'ਸੁਪਰ ਪੌਵਰ' ਹੋਣ ਬਾਰੇ ਕੀ ਕਹਿਣਾ ਚਾਹੁੰਦੇ ਹੈ ਤਾਂ ਉਸ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਸਾਲਾਂ ਵਿੱਚ ਵੀ 'ਨੰਬਰ ਵੰਨ' ਬਣਿਆ ਰਹੇਗਾ। ਜਦੋਂ ਇਹ ਪੁੱਛਿਆ ਗਿਆ ਕਿ ਕੀ ਅਮਰੀਕਾ ਵਿਸ਼ਵ ਦੀ ਦੂਸਰੀ ਵੱਡੀ ਤਾਕਤ ਬਣਨ ਲਈ ਤਿਆਰ ਹੈ ਤਾਂ ਜਵਾਬ ਨਦਾਰਦ ਸੀ।

ਅਮਰੀਕੀਨ ਪ੍ਰਤੀਕਿਰਿਆ ਸਮਝਣਯੋਗ ਸੀ: ਉਹ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਕਦੇ ਵਿਸ਼ਵ ਵਿੱਚ ਕਿਸੇ ਵੀ ਕੰਮ ਵਿੱਚ ਨੰਬਰ ਦੋ ਹੋ ਸਕਦੇ ਹਨ। ਇਹ ਉਨ੍ਹਾਂ ਲਈ ਕਿਸੇ ਖ਼ੁਦਕੁਸ਼ੀ ਤੋਂ ਘੱਟ ਨਹੀਂ।

ਦੂਜੇ ਪਾਸੇ ਹਨ ਸਾਡੇ ਬੱਧੀਜੀਵੀ, ਜਿਨ੍ਹਾਂ ਨੂੰ ਅਣਸੋਚਿਆ ਸੋਚਣ ਦੀ ਜ਼ਰੂਰਤ ਹੈ ਤੇ ਅਣਕਿਹਾ ਕਹਿਣ ਦੀ ਹਿੰਮਤ ਰੱਖਣ ਦੀ ਲੋੜ। ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਬਾਰੇ ਸੋਚਣ ਦੀ ਲੋੜ ਹੈ ਜਿਹੜੀਆਂ ਜਿੰਨੀਆਂ ਮਰਜ਼ੀ ਅਣਹੋਣੀਆਂ ਕਿਉਂ ਨਾ ਜਾਪਣ ਪਰ ਮੁਮਕਿੰਨ ਹਨ। ਹਕੀਕਤ ਨੂੰ ਤਸਲੀਮ ਕਰਨਾ ਇੱਕ ਖੁਲ੍ਹੇ ਸਮਾਜ ਦੀ ਨਿਸ਼ਾਨੀ ਹੁੰਦੀ ਹੈ।

ਪਰ ਅਮਰੀਕਾ ਵਿੱਚ ਬਹੁਤ ਸਾਰੇ ਬੱਧੀਜੀਵੀ ਅਜਿਹੇ ਹਨ ਜਿਹੜੇ ਆਪਣੇ ਫ਼ਰਜ਼ਾਂ ਨੂੰ ਨਿਭਾ ਨਹੀਂ ਰਹੇ। ਕਾਊਂਸਲ ਔਫ਼ ਫ਼ੌਰਨ ਰਿਲੇਸ਼ਨਜ਼ ਦੇ ਪ੍ਰਧਾਨ ਰਿਚਰਡ ਹਾਸ ਅਨੁਸਾਰ ''ਅਮਰੀਕਾ ਇੱਕ ਹੋਰ ਅਮਰੀਕੀ ਸਦੀ ਦੇ ਦੂਸਰੇ ਦਹਾਕੇ ਦੇ ਦਹਾਨੇ 'ਤੇ ਖੜ੍ਹਾ ਹੈ।" ਇੰਝ ਹੀ 'ਇਕਨੌਮਿਕ ਸਟ੍ਰੈਟੇਜੀ ਇੰਸਟੀਚਿਊਟ' ਦੇ ਪ੍ਰਧਾਨ ਕਲੌਇਡ ਪ੍ਰੈਸਟੋਵਿਟਜ਼ ਦਾ ਕਹਿਣਾ ਸੀ, ''ਇਹ ਸਦੀ ਇੱਕ ਹੋਰ ਅਮਰੀਕੀ ਸਦੀ ਦੇ ਪਿੱਛੇ ਖੜ੍ਹੀ ਦਿਸੇਗੀ।" ਇਹ ਭਵਿੱਖਬਾਣੀਆਂ ਸੱਚ ਹਨ ਤਾਂ ਇਸ ਦਾ ਫ਼ਾਇਦਾ ਵਿਸ਼ਵ ਨੂੰ ਹੀ ਹੋਣ ਵਾਲਾ ਹੈ। ਇੱਕ ਤਾਕਤਵਰ ਅਮਰੀਕੀ ਅਰਥਵਿਵਸਥਾ ਪੂਰੇ ਵਿਸ਼ਵ ਦੀ ਆਰਥਿਕਤਾ ਲਈ ਲਾਹੇਵੰਦ ਸਾਬਿਤ ਹੋਵੇਗੀ। ਲੋੜ ਹੈ ਅਮਰੀਕਾ ਨੂੰ ਵਿਸ਼ਵ ਦੇ ਬਦਲਦੇ ਸਰੂਪ ਨੂੰ ਸਮਝਣ ਦੀ। ਅਮਰੀਕੀ ਸਰਕਾਰ ਇਸ ਵਿਸ਼ਵਿਆਪਕ ਤਬਦੀਲੀ ਨੂੰ ਸਮਝਣ ਨੂੰ ਤਿਆਰ ਨਹੀਂ ਕਿ ਸੰਸਾਰ ਦੀ ਆਰਥਿਕਤਾ ਦਾ ਧੁਰਾ ਹੁਣ ਏਸ਼ੀਆ ਵਿੱਚ ਤਬਦੀਲ ਹੋ ਰਿਹਾ ਹੈ। ਅਮਰੀਕੀ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਏਸ਼ੀਆ ਕਿੰਨੀ ਤਰੱਕੀ ਕਰ ਚੁੱਕਾ ਹੈ।

ਅਮਰੀਕੀਆਂ ਨੂੰ ਇੱਕ ਤਲਖ਼ ਗਣਿਤ ਸਮਝਣ ਦੀ ਲੋੜ ਹੈ। ਅਮਰੀਕਾ ਦੀ ਜਨਸੰਖਿਆ ਇਸ ਸੰਸਾਰ ਦਾ ਕੇਵਲ ਤਿੰਨ ਪ੍ਰਤੀਸ਼ਤ ਹੈ ਤੇ ਉਸ ਨੂੰ ਵਿਸ਼ਵ 'ਤੇ ਆਪਣਾ ਸਿਆਸੀ ਗ਼ਲਬਾ ਤਿਆਗਣਾ ਪੈਣਾ ਹੈ। ਏਸ਼ੀਅਨ ਲੋਕ ਇਸ ਸੰਸਾਰ ਦੀ ਪੂਰੀ ਵਸੋਂ ਦਾ 60 ਪ੍ਰਤੀਸ਼ਤ ਹਨ ਤੇ ਉਹ ਤਰੱਕੀ ਵੀ ਕਰ ਰਹੇ ਹਨ। ਅਮਰੀਕਾ ਨੂੰ ਇਹ ਸੋਚ ਵੀ ਤਿਆਗਣੀ ਪੈਣੀ ਹੈ ਕਿ ਉਹ ਇਸ ਸੰਸਾਰ ਦੀ 'ਸੁਪਰ ਪੌਵਰ' ਹੈ, ਅਨ੍ਹੇਰੇ ਵਿੱਚ ਇਕੱਲੀ ਰੌਸ਼ਨੀ। ਅਮਰੀਕੀ ਬੁੱਧੀਜੀਵੀਆਂ ਨੂੰ ਸਮੇਂ ਦੇ ਹਾਣ ਦਾ ਬਣਨ ਦੀ ਲੋੜ ਹੈ।

ਜਦੋਂ ਕਿ ਅਮਰੀਕਨ ਕੇਵਲ ਚੰਗੀਆਂ ਖ਼ਬਰਾਂ ਸੁਣਨ ਦੇ ਆਦੀ ਹਨ, ਏਸ਼ੀਆ ਦਾ ਆਰਥਿਕ ਉਭਾਰ ਕੋਈ ਭੈੜੀ ਖ਼ਬਰ ਨਹੀਂ। ਅਮਰੀਕਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਏਸ਼ੀਅਨ ਮੁਲਕ ਅਮਰੀਕਾ ਨੂੰ ਦਬਦਬੇ ਵਿੱਚ ਨਹੀਂ ਕਰਨਾ ਚਾਹੁੰਦੇ ਸਗੋਂ ਉਸ ਦੀ ਰੀਸ ਕਰਨਾ ਚਾਹੁੰਦੇ ਹਨ। ਉਹ ਆਪਣੇ ਮੱਧ ਵਰਗ ਨੂੰ ਉਹੋ ਜੀਵਨ ਦੇਣਾ ਲੋਚਦੇ ਹਨ ਜਿਹੜਾ ਅਮਰੀਕੀ ਮੱਧ ਵਰਗ ਨੂੰ ਕਦੇ ਮਿਲਦਾ ਸੀ।

ਚੀਨ ਖੁਲ੍ਹੇ ਮੰਨ ਵਾਲਾ ਇੱਕ ਬੰਦ ਸਮਾਜ ਹੈ, ਅਤੇ ਅਮਰੀਕਾ ਬੰਦ ਦਿਮਾਗ ਵਾਲਾ ਇੱਕ ਖੁਲ੍ਹਾ ਸਮਾਜ। ਏਸ਼ੀਆ ਦੇ ਮੱਧ ਵਰਗ ਦੀ ਗਿਣਤੀ ਇਸ ਵੇਲੇ 5 ਸੌ ਮਿਲੀਅਨ ਮਿੱਥੀ ਜਾ ਰਹੀ ਹੈ ਅਤੇ 2020 ਤੱਕ ਇਹ 1.75 ਬਿਲੀਅਨ ਹੋ ਜਾਵੇਗੀ। ਅਮਰੀਕਾ ਇਸ ਹਕੀਕਤ ਨੂੰ ਅਣਗੌਲਿਆ ਕਰਨ ਦੀ ਗ਼ਸਤਾਖ਼ੀ ਗਵਾਰਾ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਵੱਡੀ ਉਪਭੋਗੀ ਮੰਡੀ ਹੈ।

ਵਿਸ਼ਵ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ ਆਰਥਿਕ ਤਬਦੀਲੀ ਸਿੱਧ ਹੋਵੇਗੀ। ਇਸ ਨੂੰ ਸਮਝਣ ਲਈ ਅਮਰੀਕੀਆਂ ਨੂੰ ਆਪਣੀ ਪ੍ਰਾਚੀਨ ਸੋਚ ਤਿਆਗ ਕੇ ਅਣਸੋਚੇ ਨੂੰ ਸੋਚਣ ਦੀ ਹਿੰਮਤ ਦਿਖਾਉਣੀ ਪਵੇਗੀ। ਉਹ ਇਹ ਕਰ ਸਕਣਗੇ ਕਿ ਨਹੀਂ, ਇਹ ਦੇਖਣ ਦੀ ਲੋੜ ਹੈ।

 
Thursday, 23 May 2013 05:52
Print PDF

ਹੁਣ ਤਾਂ ਇੰਝ ਜਾਪਣ ਲੱਗ ਪਿਆ ਹੈ ਕਿ ਸਾਡੇ 'ਚੋਂ ਬਹੁਤੇ ਲੋਕਾਂ ਨੂੰ ਜੂਆ ਖੇਡਣ ਦੀ ਜਿਵੇਂ ਖ਼ੁਰਕ ਜਿਹੀ ਉਠਦੀ ਹੋਵੇ। ਉਨ੍ਹਾਂ ਲਈ ਜਿਵੇਂ ਇਹ ਕੋਈ 'ਕਰੋ ਜਾਂ ਮਰੋ' ਤਜਰਬਾ ਹੋਵੇ। ਜੂਆ ਸ਼ਾਇਦ ਮਨੁੱਖੀ ਸੁਭਾਅ ਦਾ ਇੱਕ ਸਹਿਜ ਵਰਤਾਰਾ ਹੈ। ਅਤੇ ਕਹਿੰਦੇ ਨੇ ਕਿ ਸਹਿਜ, ਵਿਵੇਕ ਦੀ ਸਭ ਤੋਂ ਆਲ੍ਹਾ ਕਿਸਮ ਹੁੰਦੀ ਹੈ। ਕੁੱਝ ਹਕੂਮਤਾਂ ਦੀ ਰਾਏ ਹੈ ਕਿ ਜੂਆ ਇੱਕ ਬੁਰੀ ਚੀਜ਼ ਹੈ। ਇਸ ਲਈ ਉਹ ਕੋਈ ਦਲੀਲ-ਸ਼ਲੀਲ ਨਹੀਂ ਪੇਸ਼ ਕਰਦੀਆਂ। ਜੂਆ ਖੇਡਣਾ ਬੁਰਾ ਹੈ ਤਾਂ ਹੈ - ਬੱਸ ਗੱਲ ਮੁੱਕੀ!
ਵੈਸੇ ਜੇ ਦੇਖਿਆ ਜਾਵੇ ਤਾਂ ਮੁੱਢ ਕਦੀਮ ਤੋਂ ਹੀ ਜੂਆ ਸੰਸਾਰ ਭਰ ਵਿੱਚ ਬਹੁਤ ਮਕਬੂਲ ਰਿਹਾ ਹੈ। ਸਾਡੇ ਪੂਰਵਜ ਖੁਲ੍ਹ ਕੇ ਬਾਜ਼ੀਆਂ ਖੇਡਦੇ ਸਨ। ਉਸ ਜ਼ਮਾਨੇ ਵਿੱਚ ਕਈ ਤਰ੍ਹਾਂ ਦੀਆਂ ਸ਼ਰਤਾਂ ਲੱਗਦੀਆਂ ਸਨ। ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਉੱਤੇ ਲਗਾਏ ਜਾਂਦੇ ਸਨ ਵੱਖ ਵੱਖ ਦਾਅ। ਜਦੋਂ ਪਾਂਡਵ ਆਪਣਾ ਸਭ ਕੁੱਝ ਜੂਏ ਵਿੱਚ ਹਾਰ ਗਏ ਅਤੇ ਵਹੁਟੀ ਤੋਂ ਸਿਵਾ ਉਨ੍ਹਾਂ ਪਾਸ ਹੋਰ ਕੁੱਝ ਵੀ ਨਾ ਰਿਹਾ ਤਾਂ ਉਨ੍ਹਾਂ ਆਪਣੀ ਪਿਆਰੀ ਬੇਗ਼ਮ ਹੀ ਦਾਅ 'ਤੇ ਲਗਾ ਦਿੱਤੀ। ਉਹ ਉਸ ਨੂੰ ਵੀ ਹਾਰ ਗਏ। ਕੌਰਵ ਦੇ ਬੰਦੇ ਦੁਸ਼ਿਆਸਨ ਨੇ ਥੋੜ੍ਹੀ ਜਿਹੀ ਹੇਰਾਫ਼ੇਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਗਵਾਨ ਕ੍ਰਿਸ਼ਨ ਨੇ ਵਕਤ ਸਿਰ ਪਹੁੰਚ ਕੇ ਇਸ ਘਿਨਾਉਣੇ ਕਾਂਡ ਨੂੰ ਵਾਪਰਣ ਤੋਂ ਰੋਕ ਲਿਆ...।
ਭਾਰਤ ਦੀਆਂ ਸੱਤਾਧਾਰੀ ਪਾਰਟੀਆਂ ਦੀ ਸਮਝ ਅਨੁਸਾਰ ਸ਼ਰਾਬ ਪੀਣੀ ਵੀ ਮਾੜੀ ਸੀ। ਇੱਕ ਮੰਤਰੀ ਸੀ ਜਿਸ ਦਾ ਵਿਚਾਰ ਸੀ ਕਿ ਸ਼ਰਾਬਨੋਸ਼ੀ ਬੁਰੀ ਹੈ ਪਰ ਪੇਸ਼ਾਬ ਪੀਣਾ ਸਿਹਤਵਰਧਕ, ਸੋ ਦਾਰੂ 'ਤੇ ਲਗਾ ਦਿੱਤੀ ਗਈ ਪਾਬੰਦੀ। ਲੱਖਾਂ-ਕਰੋੜਾਂ ਲੋਕਾਂ ਨੇ ਇਸ ਪਾਬੰਦੀ ਦਾ ਵਿਰੋਧ ਕੀਤਾ, ਪਰ ਉਹ ਮੰਤਰੀ, ਜਿਹੜਾ ਹਰ ਰੋਜ਼ ਸਵੇਰੇ ਸਵੱਖਤੇ-ਸਵੱਖਤੇ ਆਪਣੇ ਹੀ ਪੇਸ਼ਾਬ ਨਾਲ ਭੱਰਿਆ ਇੱਕ ਗ਼ਿਲਾਸ ਨਿਰਣੇ ਕਾਲਜੇ ਛੱਕਦਾ ਹੁੰਦਾ ਸੀ, ਬਾਜ਼ ਨਾ ਆਇਆ ਤੇ ਉਸ ਨੇ ਸ਼ਰਾਬਨੋਸ਼ੀ 'ਤੇ ਪਾਬੰਦੀ ਲਗਾ ਦਿੱਤੀ। ਲੋਕਾਂ ਨੂੰ ਦਾਰੂ ਦੀ ਆਪਣੀ ਪਿਆਸ ਮਿਟਾਉਣ ਖ਼ਾਤਿਰ ਇੱਕ 'ਮੁਸ਼ਕ ਮਾਰਦਾ' ਦੇਸੀ ਜੁਗਾੜ ਕਰਨਾ ਪਿਆ। ਇਹ ਦੇਸੀ ਸ਼ਰਾਬ ਬਣਾਉਣ ਵਿੱਚ ਉਨ੍ਹਾਂ ਸਾਰੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਹੜੇ ਆਮ ਤੌਰ 'ਤੇ 'ਮੈਨਹੋਲਜ਼' (ਸੀਵਰੇਜ ਦੇ ਟੋਇਆਂ) ਵਿੱਚ ਪਾਏ ਜਾਂਦੇ ਹਨ। ਫ਼ਿਰ ਬਦਬੂ ਤੋਂ ਇਲਾਵਾ ਹੋਰ ਕੀ ਆਉਣਾ ਸੀ? ਸੈਂਕੜੇ ਲੋਕ ਜ਼ਹਿਰ ਕਾਰਨ ਮਾਰੇ ਗਏ ਅਤੇ ਹਜ਼ਾਰਾਂ ਗ਼ੈਰਕਾਨੂੰਨੀ ਦਾਰੂ ਕਾਰਨ। ਕੁੱਝ ਸਾਲ ਬਾਅਦ, ਸਰਕਾਰ ਨੂੰ ਸੋਝੀ ਆ ਗਈ ਅਤੇ ਉਸ ਨੇ ਮਦਿਰਾ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਕਰ ਲਿਆ। ਸ਼ਰਾਬ ਦੀ ਵਿਕਰੀ 'ਤੇ ਲਗਾਏ ਜਾਣ ਵਾਲੇ ਕਰ ਤੋਂ ਸਰਕਾਰ ਨੂੰ ਵੀ ਵਾਹਵਾ ਕਮਾਈ ਹੋਣ ਲੱਗੀ।
ਭਾਰਤ ਸਰਕਾਰ ਨਾਲ ਮਸਲਾ ਇਹ ਹੈ ਕਿ ਉਹ ਕਈ ਵਾਰ ਆਪਣੀ ਹੀ ਸੋਚ 'ਤੇ ਅੜੀ ਰਹਿੰਦੀ ਹੈ ਚਾਹੇ ਉਹ ਕਿੰਨੀ ਵੀ ਹਾਨੀਕਾਰਕ ਕਿਉਂ ਨਾ ਹੋਵੇ। ਆਪਣਾ ਅੜੀਅਲਪੁਣਾ ਤਿਆਗ ਕੇ ਜੇ ਉਹ ਥੋੜ੍ਹੀ ਸਮਝ ਤੋਂ ਕੰਮ ਲਵੇ ਤਾਂ ਉਹ ਆਪਣੀਆਂ ਕੁੱਝ ਨੀਤੀਆਂ ਵਿੱਚ ਲੋੜੀਂਦੀਆਂ ਤਬਦੀਲੀਆਂ ਨਾਲ ਵਾਧੂ ਪੈਸਾ ਕਮਾ ਕੇ ਆਪਣੇ ਸਿਰ ਚੱੜਿਆ ਉਹ ਕਰਜ਼ਾ ਉਤਾਰ ਸਕਦੀ ਹੈ ਜਿਸ 'ਤੇ ਉਹ ਨੱਕ ਰਾਹੀਂ ਵਿਆਜ ਅਦਾ ਕਰ ਰਹੀ ਹੈ। ਪਰ ਸਰਕਾਰ ਵਿਚਲੇ ਕੁੱਝ ਮਹਾਨੁਭਾਵਾਂ ਦੀ ਏਸ ਆਸਮਾਨ ਹੇਠ ਮੌਜੂਦ ਹਰ ਸ਼ੈਅ ਅਤੇ ਵਿਸ਼ੇ ਬਾਰੇ ਆਪਣੀ ਹੀ ਨਿੱਜੀ ਰਾਏ ਹੈ। ਮਾਹਾਰਾਸ਼ਟਰ ਦਾ ਪਹਿਲਾ ਮੁੱਖ ਮੰਤਰੀ, ਬੀ.ਜੇ. ਖੇਰ, ਅਕਸਰ ਕਹਿੰਦਾ ਹੁੰਦਾ ਸੀ: ''ਉਹੀ ਸਰਕਾਰ ਸਭ ਤੋਂ ਵਧੀਆ ਸਰਕਾਰ ਸਾਬਿਤ ਹੁੰਦੀ ਹੈ ਜਿਹੜੀ ਸਭ ਤੋਂ ਵਧੀਆ ਸ਼ਾਸਨ ਚਲਾਉਂਦੀ ਹੈ।" ਲੋਕ ਜੋ ਕਰਨਾ ਤੇ ਕਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਦੀ ਖੁਲ੍ਹ ਹੋਣੀ ਚਾਹੀਦੀ ਹੈ - ਜਦੋਂ ਤੱਕ ਉਸ ਨਾਲ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਦਾ...
ਬਰਤਾਨੀਆ ਵਿੱਚ ਤੁਹਾਨੂੰ 'ਦੀਵਾਲੀਆ' ਹੋਣ ਦੀ ਵੀ ਖੁਲ੍ਹ ਹੈ
ਸਾਰੇ ਕ੍ਰਿਕਟ ਖੇਡਣ ਵਾਲੇ ਮੁਲਕਾਂ ਵਿੱਚ ਵੱਡੇ ਪੱਧਰ 'ਤੇ ਸੱਟਾ ਲਗਾਇਆ ਜਾਂਦਾ ਹੈ। ਇੰਗਲੈਂਡ ਵਿੱਚ ਕ੍ਰਿਕਟ 'ਤੇ ਸਾਰਾ ਸਾਲ ਬੈੱਟਿੰਗ ਹੁੰਦੀ ਹੈ। ਫ਼ੁੱਟਬਾਲ, ਘੁੜਦੌੜ, ਗ੍ਰੇਹਾਊਂਡ (ਕੁੱਤਿਆਂ ਦੀ ਇੱਕ ਨਸਲ) ਦੌੜ ਆਦਿ ਵੀ ਇੰਗਲੈਂਡ ਵਿੱਚ ਬਹੁਤ ਪ੍ਰਚਲਿਤ ਹਨ ਅਤੇ ਬਰਤਾਨਵੀ ਲੋਕ ਦਿਲ ਖੋਲ੍ਹ ਕੇ ਇਨ੍ਹਾਂ 'ਤੇ ਸੱਟਾ ਲਗਾਉਂਦੇ ਹਨ। ਲੋਕ ਜੇ ਚਾਹੁਣ ਤਾਂ ਜੂਏ ਵਿੱਚ ਉਹ ਆਪਣਾ 'ਦੀਵਾਲਾ' ਵੀ ਕੱਢਵਾ ਸਕਦੇ ਹਨ ਅਤੇ ਕੋਈ ਉਨ੍ਹਾਂ ਨੂੰ ਨਹੀਂ ਰੋਕਦਾ। ਅੰਗ੍ਰੇਜ਼ੀ ਵਿੱਚ ਇਸ ਨੂੰ 'ਟੂ ਗੋ ਟੂ ਦਾ ਡੌਗਜ਼' ਕਿਹਾ ਜਾਂਦਾ ਹੈ...
'ਬੈੱਟਿੰਗ ਸ਼ੌਪਸ' (ਸੱਟੇਬਾਜ਼ੀ ਦੀਆਂ ਦੁਕਾਨਾਂ) ਇੰਗਲੈਂਡ ਦੇ ਹਰ ਮੋੜ 'ਤੇ ਮਿਲਦੀਆਂ ਹਨ। ਸੱਟੇ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਅਤੇ ਬਾਕਾਇਦਾ ਰਸੀਦਾਂ ਦਿੱਤੀਆਂ ਜਾਂਦੀਆਂ ਹਨ। ਸਰਕਾਰ ਲੁੱਟ ਵਿੱਚ ਹਿੱਸਾ ਵੰਡਾਉਂਦੀ ਹੈ - ਟੈਕਸਾਂ ਦੇ ਜ਼ੱਰੀਏ। ਇੰਗਲੈਂਡ ਸੱਚਮੁੱਚ ਹੀ ਇੱਕ ਆਜ਼ਾਦ ਮੁਲਕ ਹੈ ਜਿੱਥੇ ਲੋਕਾਂ ਨੂੰ ਆਪਣਾ ਜੀਵਨ ਆਪਣੇ ਢੰਗ ਨਾਲ ਜੀਣ ਦੀ ਖੁਲ੍ਹ ਹੈ। ਰਾਜ, ਦਰਅਸਲ, ਜਨਤਾ ਦੀਆਂ ਮੰਗਾਂ ਮੰਨਦਾ ਹੈ ਅਤੇ ਬਦਲੇ ਵਿੱਚ ਹਕੂਮਤ ਲਈ ਲਾਹੇਵੰਦ ਪ੍ਰਬੰਧ ਸਥਾਪਿਤ ਕਰਦਾ ਹੈ।
ਕ੍ਰਿਕਟ ਵੱਡੇ ਸੱਟੇ ਨੂੰ ਆਕਰਸ਼ਿਤ ਕਰਦਾ ਹੈ - ਲੱਖਾਂ ਕਰੋੜਾਂ ਵਿੱਚ! ਇਹ ਸੱਟਾ ਸਿਰਫ਼ ਇਸ ਗੱਲ 'ਤੇ ਨਹੀਂ ਹੁੰਦਾ ਕਿ ਕਿਹੜੀ ਟੀਮ ਜਿੱਤੇਗੀ: ਕ੍ਰਿਸ ਗੇਲ 100 ਬਣਾਏਗਾ ਜਾਂ ਨਹੀਂ, ਟੌਸ ਕਿਹੜੀ ਟੀਮ ਜਿੱਤੇਗੀ ਜਾਂ ਹਾਰੇਗੀ, ਤੇਂਦੁਲਕਰ ਸਿਫ਼ਰ 'ਤੇ ਆਊਟ ਹੋਏਗਾ ਕਿ ਨਹੀਂ ਆਦਿ 'ਤੇ ਵੀ ਸੱਟਾ ਲਗਾਇਆ ਜਾਂਦਾ ਹੈ। ਜਦੋਂ ਖੇਡ ਚੱਲ ਰਹੀ ਹੁੰਦੀ ਹੈ ਤਾਂ ਵੀ ਬੈੱਟਿੰਗ ਬਦਸਤੂਰ ਜਾਰੀ ਰਹਿੰਦੀ ਹੈ।
ਗ਼ੈਰਕਾਨੂੰਨੀ ਸੱਟਾ
ਇਸ ਵੇਲੇ ਭਾਰਤ ਵਿੱਚ ਸਾਰਾ ਸੱਟਾ ਗ਼ੈਰਕਾਨੂੰਨੀ ਹੈ। ਦਾਅਵਾ ਹੈ ਕਿ ਆਈ.ਪੀ.ਐੱਲ. ਮੈਚਾਂ ਨੂੰ ਕਰੋੜਾਂ ਦਰਸ਼ਕ ਦੇਖਦੇ ਹਨ। ਵੱਖ ਵੱਖ ਮੈਦਾਨਾਂ ਵਿੱਚ ਮੈਚ ਦੇਖਣ ਵਾਲੇ ਹਜ਼ਾਰਾਂ ਦਰਸ਼ਕਾਂ ਤੋਂ ਇਲਾਵਾ ਦੂਸਰੇ ਕ੍ਰਿਕਟ ਪ੍ਰੇਮੀ ਮੁਲਕਾਂ ਵਿੱਚ ਵਸਣ ਵਾਲੇ ਕਰੋੜਾਂ ਲੋਕ ਵੀ ਆਪਣੀਆਂ ਟੀ.ਵੀ. ਸਕ੍ਰੀਨਾਂ ਨਾਲ ਜੁੜੇ ਰਹਿੰਦੇ ਹਨ। ਆਈ.ਪੀ.ਐੱਲ. ਪਿੱਛੇ ਇੱਕ ਬਹੁਤ ਵੱਡਾ ਅਦਾਰਾ ਹੈ। ਲਲਿਤ ਮੋਦੀ, ਜਿਸ ਨੇ ਆਈ.ਪੀ.ਐੱਲ. ਦੀ ਭਾਰਤ ਵਿੱਚ ਪਿਰਤ ਪਾਈ ਸੀ, ਕ੍ਰਿਕਟ ਦੀ ਇਸ ਖੇਡ ਨੂੰ ਰੋਮਾਂਚ ਦੀਆਂ ਸਾਰੀਆਂ ਸੀਮਾਵਾਂ ਤੋਂ ਪਾਰ ਲੈ ਗਿਆ। ਅਤੇ ਉਹ ਜਾਂਦਾ ਹੋਇਆ ਆਪਣਾ ਘਰ ਤੇ ਜੇਬ੍ਹਾਂ ਵੀ ਭਰ ਕੇ ਲੈ ਗਿਆ।
ਪਹਿਲਾਂ ਤਾਂ, ਜੇਕਰ ਕ੍ਰਿਕਟ 'ਤੇ ਸੱਟਾ ਜਾਇਜ਼ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਕਰੋੜਾਂ ਦੀ ਆਮਦਨ ਹੋਵੇਗੀ। ਹੁਣ ਵੀ ਤਾਂ ਮੁਲਕ ਭਰ ਵਿੱਚ ਹਜ਼ਾਰਾਂ ਛੋਟੇ-ਵੱਡੇ ਬੁਕੀਜ਼ (ਸੱਟੋਰੀਏ) ਮੌਜੂਦ ਹਨ। ਜੇਕਰ ਸੱਟੇਬਾਜ਼ੀ ਨੂੰ ਕਾਨੂੰਨੀ ਵਰਦੀ ਪੁਆ ਦਿੱਤੀ ਜਾਵੇ ਤਾਂ ਇਹੋ ਹਜ਼ਾਰਾਂ ਬੁਕਮੇਕਰ ਲਾਇਸੰਸਸ਼ਦਾ ਹੋ ਕੇ ਜਾਇਜ਼ ਕਮਾਈ ਕਰਨ ਲੱਗ ਪੈਣਗੇ। ਜੇ ਅਜਿਹਾ ਹੋ ਜਾਵੇ ਤਾਂ ਇਹ ਬੈੱਟਿੰਗ ਲੋਕ ਆਪਣੇ ਘਰਾਂ ਦੀ ਸੁਰੱਖਿਆ ਵਿੱਚ ਬੈਠ ਕੇ ਕਰ ਸਕਦੇ ਹਨ। ਦੋ-ਚਾਰ ਮੋਬਾਇਲ ਫ਼ੋਨ ਹੀ ਤਾਂ ਚਾਹੀਦੇ ਹਨ। ਸਰਕਾਰ ਬੁਕੀਆਂ ਨੂੰ ਤੇ ਉਨ੍ਹਾਂ ਦੇ ਵਪਾਰਕ ਕਿਰਦਾਰ ਨੂੰ ਲੈ ਕੇ ਆਪਣੀ ਇੱਛਾ ਅਨੁਸਾਰ ਕੁੱਝ ਕੁ ਕਾਇਦੇ-ਕਾਨੂੰਨ ਸਥਾਪਿਤ ਕਰ ਸਕਦੀ ਹੈ। ਅਤੇ ਸੱਟਾ ਲਗਾਉਣ ਦੀ ਇੱਛੁਕ ਜਨਤਾ ਦਿਲ ਖੋਲ੍ਹ ਕੇ ਲਾਇਸੰਸੀ ਬੁਕਮੇਕਰਾਂ ਰਾਹੀਂ ਤ੍ਰਿਪਤੀ ਹਾਸਿਲ ਕਰ ਸਕਦੀ ਹੈ।
ਇਸ ਵੇਲੇ ਕ੍ਰਿਕਟ ਦੀ ਖੇਡ ਨੂੰ ਜਿਹੜਾ ਵੀ ਘੁਣ ਖਾ ਰਿਹਾ ਹੈ ਉਹ ਖ਼ੁਦ-ਬ-ਖ਼ੁਦ ਹੀ ਝੱੜ ਜਾਵੇਗਾ। ਕਰੋੜਾਂ ਦੀ ਪਸੰਦੀਦਾ ਖੇਡ ਇੱਕ ਵਾਰ ਫ਼ੇਰ ਸਾਫ਼-ਸੁੱਥਰੀ ਹੋ ਜਾਵੇਗੀ। ਇਸ ਖੇਡ ਨੂੰ ਨਾ ਮਾਰੋ। ਇਸ ਨੂੰ ਪ੍ਰੋਤਸਾਹਨ ਦਿਓ। ਇਹ ਭਾਰਤ ਦੀ ਰਾਸ਼ਟਰੀ ਖੇਡ ਹੈ, ਮਕਬੂਲੀਅਤ ਦੇ ਲਿਹਾਜ਼ ਤੋਂ ਤਾਂ ਨਿਸ਼ਚਿਤ ਤੌਰ 'ਤੇ। ਇਸ ਰਾਹੀਂ ਸੈਂਕੜੇ ਨੌਜਵਾਨਾਂ ਨੂੰ ਚਮਕਣ ਦਾ ਮੌਕਾ ਮਿਲਦਾ ਹੈ ਜੋ ਕਿ ਉਂਝ ਜੀਵਨ ਵਿੱਚੋਂ ਗ਼ੁਮਨਾਮ ਹੀ ਚਲੇ ਗਏ ਹੁੰਦੇ। ਸਰਕਾਰ ਨੂੰ ਆਪਣੇ ਨਿੱਜੀ ਖ਼ਦਸ਼ਾਤ ਭੁਲਾ, ਸੱਟੇਬਾਜ਼ੀ ਤੋਂ ਪਾਬੰਦੀ ਹਟਾ ਕੇ ਉਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ। ਮੀਡੀਆ ਵਾਲੇ ਅਤੇ ਖੇਡ ਨੂੰ ਪਿਆਰ ਕਰਨ ਵਾਲੇ ਤਾਂ ਇੱਕ ਲੰਬੇ ਅਰਸੇ ਤੋਂ ਭਾਰਤ ਸਰਕਾਰ ਨੂੰ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਗ਼ੁਹਾਰ ਲਗਾ ਰਹੇ ਹਨ।
ਕੀ ਇਸ ਦਾ ਕੋਈ ਸਬੱਬ ਬਣ ਸਕਦਾ ਹੈ ਕਿ ਸਰਕਾਰ ਆਪਣਾ ਨਜ਼ੱਰੀਆ ਬਦਲ ਕੇ ਕ੍ਰਿਕਟ 'ਤੇ ਬੈੱਟਿੰਗ ਨੂੰ ਪ੍ਰਵਾਨਗੀ ਦੇ ਦੇਵੇ? ਜੇਕਰ ਉਸ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਹੈ ਤਾਂ ਕ੍ਰਿਕਟ 'ਤੇ ਸੱਟੇਬਾਜ਼ੀ ਨੂੰ ਲੈ ਕੇ ਉਸ ਨੂੰ ਆਪਣੀ ਦਕੀਆਨੂਸੀ ਵਿਚਾਰਧਾਰਾ ਤਿਆਗਣੀ ਪੈਣੀ ਹੈ। ਇਸ ਮਾਮਲੇ ਵਿੱਚ ਭਾਰਤ ਸਰਕਾਰ ਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਅਤੇ ਉਹ ਉਸ ਨੂੰ ਲਾਹੁਣ ਲਈ ਵੀ ਹਾਲੇ ਤਿਆਰ ਨਹੀਂ।
ਪਰ ਉਮੀਦ ਦੀ ਇੱਕ ਛੋਟੀ ਜਿਹੀ ਕਿਰਨ ਦਿੱਖਣ ਲੱਗੀ ਹੈ...
ਆਈ.ਪੀ.ਐੱਲ. ਦੀ ਰਾਜਸਥਾਨ ਰੌਇਲਜ਼ ਟੀਮ ਦੇ ਤਿੰਨ ਮੈਂਬਰਾਂ, ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ, ਕੁੱਝ ਸੱਟੇਬਾਜ਼ਾਂ ਆਦਿ ਦੀ ਗ਼੍ਰਿਫ਼ਤਾਰੀ ਨੇ ਲੱਗਦਾ ਹੈ ਯੂ.ਪੀ.ਏ. ਸਰਕਾਰ ਦੇ ਖੇਡ ਮੰਤਰੀ ਦੇ ਕੰਨਾਂ 'ਤੇ ਜੂੰ ਜ਼ਰਾ ਜਿੰਨੀ ਸਰਕਾਈ ਹੈ। ਉਸ ਨੇ ਐਲਾਨ ਕੀਤਾ ਹੈ ਕਿ ਕ੍ਰਿਕਟ ਬੈੱਟਿੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਮਾਮਲਾ ਦੋਬਾਰਾ ਵਿਚਾਰ ਦੀ ਮੰਗ ਕਰਦਾ ਹੈ। ਪਰ ਇਸ ਵਿਸ਼ੇ 'ਤੇ ਤਾਂ ਬਹੁਤ ਪਹਿਲਾਂ ਹੀ ਬਹਿਸ ਸ਼ੁਰੂ ਹੋ ਜਾਣੀ ਚਾਹੀਦੀ ਸੀ। ਇਸ ਨੂੰ 'ਬੈਕ ਬਰਨਰ' 'ਤੇ ਪਾਉਂਦੇ ਰਹਿਣ ਨਾਲ ਕਰੋੜਾਂ ਦਾ ਨੁਕਸਾਨ ਸਿਰਫ਼ ਭਾਰਤੀ ਸਰਕਾਰ ਦਾ ਹੀ ਹੋਇਆ ਹੈ।
ਆਈ.ਪੀ.ਐੱਲ. ਇੱਕ ਬੇਮਿਸਾਲ ਸਫ਼ਲ ਕਹਾਣੀ ਹੈ! ਜੇਕਰ ਇਸ ਦੀ ਸਫ਼ਲਤਾ ਨੂੰ ਸੰਚਾਲਿਤ ਕੀਤਾ ਜਾ ਸਕੇ ਤਾਂ ਹੋਰ ਵੀ ਲੋਕ ਇਸ ਨਾਲ ਜੁੜਨਗੇ। ਆਈ.ਪੀ.ਐੱਲ. ਦੀਆਂ ਟੀਮਾਂ ਵਿੱਚ ਅਸਟ੍ਰੇਲੀਆਈ, ਸਾਊਥ ਐਫ਼ਰੀਕਨ, ਵੈਸਟ ਇੰਡੀਅਨ:, ਇੰਗਲਿਸ਼, ਸ੍ਰੀ ਲੰਕਾਈ ਅਤੇ ਭਾਰਤੀ ਖਿਡਾਰੀ ਖੇਡਦੇ ਹਨ। ਇਸੇ ਕਾਰਨ ਆਈ.ਪੀ.ਐੱਲ. ਦਾ ਆਕਰਸ਼ਣ ਵਿਸ਼ਵ ਭਰ ਦੇ ਮੁਲਕਾਂ ਵਿੱਚ ਬਣ ਚੁੱਕਾ ਹੈ। ਕ੍ਰਿਕਟ ਦੀ ਖੇਡ ਵਿੱਚ ਰੋਮਾਂਚ ਦੀਆਂ ਹੋਰ ਕਿਸਮਾਂ ਪੈਦਾ ਕਰਨ ਦੇ ਹਾਲੇ ਵੀ ਕਈ ਢੰਗ ਅਣਪਰਖੇ ਪਏ ਹਨ। ਇਸ ਨੂੰ ਨਵੇਂ ਆਯਾਮ ਦਿੱਤੇ ਜਾਣ ਦੀ ਗੁੰਜਾਇਸ਼ ਹਾਲੇ ਬਾਕੀ ਹੈ। ਖੇਡਾਂ ਦੀ ਸਰਤਾਜ ਖੇਡ ਬਣਨ ਦੇ ਨਾਲ ਨਾਲ, ਕ੍ਰਿਕਟ ਹੋਰ ਪੈਸਾ ਵੀ ਪੈਦਾ ਕਰ ਸਕਦਾ ਹੈ... ਬਹੁਤ ਸਾਰਾ ਪੈਸਾ!

 
Thursday, 16 May 2013 07:03
Print PDF

ਬਰਤਾਨੀਆ ਦੀ ਕੰਜ਼ਰਵਟਿਵ ਅਗਵਾਈ ਵਾਲੀ ਗੱਠਬੰਧਨ ਸਰਕਾਰ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੂੰ ਉੱਥੋਂ ਦੀ ਜਨਤਾ ਨੇ ਆਪਣਾ ਫ਼ਤਵਾ ਸੁਣਾ ਦਿੱਤਾ ਹੈ। ਪ੍ਰਵਾਸ (ਇਮੀਗ੍ਰੇਸ਼ਨ) ਵਿਰੋਧੀ 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਨੇ ਪਿੱਛਲੇ ਹਫ਼ਤੇ ਦੀਆਂ ਇੰਗਲੈਂਡ ਤੇ ਵੇਲਜ਼ ਦੀਆਂ ਸਥਾਨਕ ਕਾਊਂਟੀ ਚੋਣਾਂ ਵਿੱਚ ਸੱਤਾਧਾਰੀ ਕੰਜ਼ਰਵਟਿਵ ਅਤੇ ਸੱਤਾ ਵਿੱਚ ਉਨ੍ਹਾਂ ਦੇ ਛੋਟੇ ਭਾਈਵਾਲ ਲਿਬਰਲ ਡੈਮੋਕ੍ਰੈਟਸ ਨੂੰ ਚੰਗੀ ਫ਼ੈਂਟੀ ਲਗਾਈ। ਸਿਆਸੀ ਪੰਡਿਤਾਂ ਦੇ ਕਹਿਣ ਅਨੁਸਾਰ ਹਾਲੀਆ ਚੋਣਾਂ ਦੇ ਨਤੀਜੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੇ ਬਰਤਾਨੀਆ ਵਿੱਚ ਕਿਸੇ ਵੀ ਗ਼ੈਰ-ਰਸਮੀ ਪਾਰਟੀ ਲਈ ਸਭ ਤੋਂ ਵਧੀਆ ਕਹੇ ਜਾ ਸਕਦੇ ਹਨ। ਇਹ ਨਤੀਜੇ ਯੌਰਪ ਦੇ ਵੱਖ ਵੱਖ ਮੁਲਕਾਂ ਵਿੱਚ ਸ਼ਾਵਨਵਾਦੀ ਪਾਰਟੀਆਂ ਦੇ ਵੱਧ ਰਹੇ ਪ੍ਰਭਾਵ ਦੀ ਇੱਕ ਜ਼ਿੰਦਾ ਮਿਸਾਲ ਵੀ ਹਨ।
'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' (ਯੂ.ਕੇ.ਆਈ.ਪੀ.) ਦੇ ਚੋਣ ਮੈਨੀਫ਼ੈਸਟੋ ਵਿੱਚ ਸਭ ਤੋਂ ਉੱਪਰ ਹੈ ਬਰਤਾਨੀਆ ਦਾ ਯੌਰਪੀਅਨ ਯੂਨੀਅਨ ਤੋਂ ਤੋੜ-ਵਿਛੋੜਾ ਕਰਾਉਣ ਦਾ ਅਰਮਾਨ ਅਤੇ ਪ੍ਰਵਾਸੀਆਂ ਦੇ ਬਰਤਾਨੀਆ ਵਿੱਚ ਖੁਲ੍ਹੇ ਦਾਖ਼ਲੇ ਵਿੱਚ ਕਟੌਤੀ ਕਰਨੀ। ਯੂ.ਕੇ.ਆਈ.ਪੀ ਦੇ ਚੋਣਾਂ ਵਿਚਲੇ ਹਾਲੀਆ ਸ਼ਕਤੀਸ਼ਾਲੀ ਪ੍ਰਦਰਸ਼ਨ ਨੇ ਉਸ ਨੂੰ ਬਰਤਾਨੀਆ ਦੇ ਸਿਆਸੀ ਸੀਨ 'ਤੇ ਇੱਕ ਸ਼ਕਤੀਸ਼ਾਲੀ ਧਿਰ ਵਜੋਂ ਉਭਾਰਿਆ ਹੈ। ਹਾਲੀਆ ਮਹੀਨਿਆਂ ਵਿੱਚ, ਯੂ.ਕੇ.ਆਈ.ਪੀ. ਦੀ ਰਾਸ਼ਟਰੀ ਚੋਣਾਂ ਵਿੱਚ ਵੱਧ ਰਹੀ ਵੋਟਰ ਹਮਾਇਤ ਨੇ ਬਰਤਾਨੀਆ ਦੀਆਂ ਤਿੰਨ ਪ੍ਰਮੁੱਖ ਵੱਡੀਆਂ ਪਾਰਟੀਆਂ - ਕੰਜ਼ਰਵਟਿਵਜ਼, ਲੇਬਰ ਅਤੇ ਲਿਬਰਲ ਡੈਮੋਕ੍ਰੈਟਸ - ਨੂੰ ਵੀ ਵਿਦੇਸ਼ੀਆਂ ਦੀ ਦੇਸ਼ ਵਿੱਚ ਖੁਲ੍ਹੀ ਆਮਦ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਵਾਅਦੇ ਕਰਨ 'ਤੇ ਮਜਬੂਰ ਕਰ ਦਿੱਤਾ ਹੈ।
ਉਦਾਹਰਣ ਦੇ ਤੌਰ 'ਤੇ, ਕੈਮਰੌਨ ਨੂੰ ਬਰਤਾਨੀਆ ਦੀ ਈ.ਯੂ. ਵਿੱਚ ਭਾਈਵਾਲੀ ਬਾਰੇ 2017 ਤੱਕ ਜਨਮਤ ਕਰਾਉਣ ਦਾ ਵਾਅਦਾ ਕਰਨ ਪਿਆ ਹੈ। ਆਜ਼ਾਦ ਸਿਆਸੀ ਨਰੀਖਿਅਕਾਂ ਦੀ ਰਾਏ ਹੈ ਕਿ ਮੁਲਕ ਦੇ ਸਿਆਸੀ ਹਾਲਾਤ ਅਤੇ 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਦੀ ਵਧੀਆ ਕਾਰਗ਼ੁਜ਼ਾਰੀ ਦੇ ਮੱਦੇਨਜ਼ਰ ਕੈਮਰੌਨ ਨੂੰ ਆਪਣੀ 2017 ਦੀ ਸਮਾਂਸਾਰਣੀ ਖਿੱਚ ਕੇ ਹੋਰ ਅੱਗੇ ਵੀ ਲਿਆਉਣੀ ਪੈ ਸਕਦੀ ਹੈ। ਰਾਸ਼ਟਰੀ ਟੈਲੀਵਿਯਨ 'ਤੇ ਯੂ.ਕੇ.ਆਈ.ਪੀ. ਦੇ ਜੇਤੂ ਨੇਤਾ, ਨਾਈਜਲ ਫ਼ਰਾਜ, ਨੇ ਆਪਣੀ ਪਾਰਟੀ ਦੀ ਜਿੱਤ ਉਪਰੰਤ 'ਥੰਮਜ਼ ਅੱਪ' ਦਾ ਇਸ਼ਾਰਾ ਕਰ ਕੇ ਕੰਜ਼ਰਵਟਿਵ ਅਤੇ ਲਿਬਰਲ ਡੈਮੋਕ੍ਰੈਟਸ ਦਾ ਮੂੰਹ ਚਿੜਾਇਆ ਅਤੇ ਰਿਪੋਰਟਰਾਂ ਨੇ ਇਨ੍ਹਾਂ ਦੋਹਾਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਪੁੱਛਿਆ ਕਿ ਉਹ ਇੰਗਲੈਂਡ ਤੇ ਵੇਲਜ਼ ਭਰ ਵਿੱਚ ਇਨੀਆਂ ਕਾਊਂਟੀਜ਼ ਕਿਵੇਂ ਤੇ ਕਿਉਂ ਹਾਰ ਗਏ।
ਫ਼ਰਾਜ ਨੇ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ, ''ਸਾਨੂੰ ਸਾਰਿਆਂ ਨੇ ਭੰਡਿਆ ਹੈ, ਸੱਤਾਧਾਰੀਆਂ ਨੇ, ਸਰਕਾਰੀ ਅਧੀਕਾਰੀਆਂ ਨੇ, ਅਫ਼ਸਰਸ਼ਾਹੀ ਨੇ ਅਤੇ ਹੁਣ ਉਹ ਸਾਰੇ ਹੈਰਾਨ ਹੋ ਰਹੇ ਹਨ ਕਿ ਅਸੀਂ ਜਿੱਥੋਂ ਜਿੱਥੋਂ ਵੀ ਚੋਣ ਲੜੇ ਉਨ੍ਹਾਂ ਸਾਰੇ ਹਲਕਿਆਂ ਵਿੱਚ 25 ਪ੍ਰਤੀਸ਼ਤ ਤੋਂ ਵੱਧ ਵੋਟਾਂ ਕਿਵੇਂ ਖਿੱਚ ਕੇ ਲੈ ਗਏ। ਇਹ ਭਵਿੱਖ ਦੀ ਬਰਤਾਨਵੀ ਸਿਆਸਤ ਵਿੱਚ ਹੋਣ ਵਾਲੀ ਇੱਕ ਸ਼ਕਤੀਸ਼ਾਲੀ ਤੇ ਅਸਲੀ ਤਬਦੀਲੀ ਦਾ ਸੰਕੇਤ ਹੈ।"
ਇੱਕ ਅਜਿਹੇ ਸਿਆਸੀ ਦਲ, ਜਿਸ ਨੂੰ ਕਦੇ ਕੈਮਰੌਨ 'ਸਨਕੀ, ਪਾਗਲਾਂ ਤੇ ਕਲੌਜ਼ੈਟ ਵਿੱਚ ਛੁਪੇ ਨਸਲਵਾਦੀਆਂ ਦਾ ਟੋਲਾ' ਸੱਦਦਾ ਸੀ, ਦੀ ਹਾਲੀਆ ਚੜ੍ਹਤ ਹੁਣ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਯੌਰਪ ਵਿੱਚ ਕਿਤੇ ਇੱਕ ਨਵੇਂ 'ਪ੍ਰਵਾਸੀ ਵਿਰੋਧੀ' ਸਿਆਸੀ ਅੰਦੋਲਨ ਦਾ ਜਨਮ ਤਾਂ ਨਹੀਂ ਹੋ ਰਿਹਾ? ਫ਼ਰਾਜ, ਇਟਲੀ ਦੇ ਕਾਮੇਡੀਅਨ ਬੈੱਪ ਗਰਿੱਲੋ ਦੀ ਉਸ 'ਫ਼ਾਈਵ ਸਟਾਰ ਮੂਵਮੈਂਟ' ਵਾਂਗ ਹੀ ਬਰਤਾਨੀਆ ਵਿੱਚ ਤਗੜਾ ਲੱਗ ਰਿਹਾ ਹੈ ਜਿਸ ਨੇ ਬੀਤੇ ਫ਼ਰਵਰੀ ਮਹੀਨੇ ਵਿੱਚ ਹੋਈਆਂ ਚੋਣਾਂ ਵਿੱਚ ਇਟਾਲੀਅਨਾਂ ਨੂੰ ਸਥਾਪਿਤ ਸੱਤਾਧਾਰੀਆਂ ਖ਼ਿਲਾਫ਼ ਉਠਣ ਲਈ ਤਿਆਰ ਕਰ ਦਿੱਤਾ ਸੀ। ਅੱਜ ਬਰਤਾਨਵੀ ਲੋਕ ਵੀ ਸੱਤਾਧਾਰੀਆਂ ਖ਼ਿਲਾਫ਼ ਉਸ ਅੰਦਾਜ਼ ਵਿੱਚ ਉੱਠ ਖੜ੍ਹੇ ਹੋਏ ਹਨ ਜਿਹੜਾ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ।
ਲੰਡਨ ਸਕੂਲ ਔਫ਼ ਇਕਨੌਮਿਕਸ ਦੇ ਸਿਆਸੀ ਵਿਸ਼ਲੇਸ਼ਕ ਟੋਨੀ ਟ੍ਰੈਵਰਜ਼ ਦੇ ਕਹਿਣ ਅਨੁਸਾਰ, ''ਇਹ ਸਮੁੱਚੀ ਸੱਤਾਧਾਰੀ ਧਿਰ ਲਈ ਇੱਕ ਵੱਡਾ ਝਟਕਾ ਹੈ। ਸਾਨੂੰ ਹਾਲੇ ਇਹ ਨਹੀਂ ਪਤਾ ਕਿ ਇਹ ਅੰਦੋਲਨ ਅੱਗਲੀਆਂ ਆਮ ਚੋਣਾਂ ਤੱਕ ਧੁੱਪ ਵਿੱਚ ਬਰਫ਼ ਵਾਂਗ ਖੁਰ ਜਾਵੇਗਾ ਜਾਂ ਕਿ ਇੱਕ ਮਹੱਤਵਪੂਰਨ ਤਾਕਤ ਵਜੋਂ ਉਭਰੇਗਾ, ਅਤੇ ਇਸ ਲਈ ਹਾਲੇ ਥੋੜ੍ਹਾ ਇੰਤਜ਼ਾਰ ਕਰਨ ਦੀ ਲੋੜ ਹੈ।"
1993 ਵਿੱਚ ਬਰਤਾਨੀਆ ਦੇ ਯੌਰਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਸੱਜੇ ਪੱਖੀ ਸਿਆਸੀ ਪਾਰਟੀਆਂ ਤੋਂ ਨਾਰਾਜ਼ ਹੋਏ ਲੋਕਾਂ ਵੱਲੋਂ ਬਣਾਈ ਗਈ 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਨੇ ਹਾਲੇ ਤੱਕ ਬਰਤਾਨੀਆ ਦੀ ਰਾਸ਼ਟਰੀ ਪਾਰਲੀਮੈਂਟ ਵਿੱਚ ਇੱਕ ਵੀ ਸੀਟ ਨਹੀਂ ਜਿੱਤੀ, ਪਰ ਉਹ ਜਿੱਤਣ ਦੇ ਕਾਫ਼ੀ ਲਾਗੇ ਪਹੁੰਚ ਰਹੀ ਹੈ। ਪਿਛਲੇ ਵੀਰਵਾਰ ਨੂੰ ਇਸ ਪਾਰਟੀ ਨੇ ਇਸ ਸਾਲ ਵਿੱਚ ਆਪਣੀ ਦੂਸਰੀ ਵੱਡੀ ਪ੍ਰਾਪਤੀ ਉਸ ਵੇਲੇ ਦਿਖਾਈ ਜਦੋਂ ਇੱਕ ਪਾਰਲੀਮਾਨੀ ਸੀਟ ਲਈ ਹੋਈ ਇੱਕ ਵਿਸ਼ੇਸ਼ ਚੋਣ ਵਿੱਚ ਉਸ ਦਾ ਉਮੀਦਵਾਰ ਲੇਬਰ ਪਾਰਟੀ ਤੋਂ ਬਹੁਤ ਹੀ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਹਾਰਿਆ ਅਤੇ ਕੰਜ਼ਰਵਟਿਵ ਉਮੀਦਵਾਰ ਨੂੰ ਤੀਸਰੇ ਸਥਾਨ 'ਤੇ ਧੱਕ ਦਿੱਤਾ। ਸਥਾਨਕ ਕਾਊਂਟੀ ਚੋਣਾਂ ਵਿੱਚ ਕੰਜ਼ਰਵਟਿਵਜ਼ ਨੇ 335 ਸੀਟਾਂ ਗਵਾਈਆਂ ਜਦੋਂ ਕਿ ਲਿਬਰਲ ਡੈਮੋਕ੍ਰੈਟਸ ਨੇ 124। ਇਸ ਦੌਰਾਨ, 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਨੇ 139 ਸੀਟਾਂ ਜਿੱਤੀਆਂ। ਲੇਬਰ ਪਾਰਟੀ, ਬਰਤਾਨੀਆ ਦੀ ਪ੍ਰਮੁੱਖ ਵਿਰੋਧੀ ਧਿਰ, ਨੇ 291 ਸੀਟਾਂ ਜਿੱਤੀਆਂ, ਪਰ ਇੱਥੇ ਇਹ ਵੀ ਧਿਆਨ ਗੋਚਰੇ ਕਰਨ ਦੀ ਲੋੜ ਹੈ ਕਿ ਫ਼ਰਾਜ ਦੀ ਪਾਰਟੀ ਕੋਲ ਨਾ ਤਾਂ ਦੂਸਰੀਆਂ ਵੱਡੀਆਂ ਪਾਰਟੀਆਂ ਵਾਲਾ ਤਾਮਝਾਮ ਸੀ ਅਤੇ ਨਾ ਹੀ ਕੋਈ ਬਹੁਤਾ ਸ਼ਕਤੀਸ਼ਾਲੀ 'ਸਪੋਰਟ ਸਟਾਫ਼'। ਉਨ੍ਹਾਂ ਜੋ ਕੁੱਝ ਵੀ ਕੀਤਾ ਉਹ ਆਪਣੇ ਸਿਰ 'ਤੇ ਕੀਤਾ। ਚੇਤੇ ਰੱਖਿਓ ਕਿ ਫ਼ਰਾਜ ਦੀ ਪਾਰਟੀ ਨੇ ਸਾਰੀਆਂ ਸੀਟਾਂ ਲਈ ਆਪਣੇ ਉਮੀਦਵਾਰ ਨਹੀਂ ਸਨ ਖੜ੍ਹੇ ਕੀਤੇ।
ਦਰਅਸਲ, ਸਿਆਸੀ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ ਕਿ ਬਰਤਾਨੀਆ ਵਿੱਚ ਕੰਜ਼ਰਵਟਿਵ ਪਾਰਟੀ ਦੀ ਲਗਾਤਾਰ ਮਾੜੀ ਕਾਰਗ਼ਜ਼ਾਰੀ ਨੂੰ ਲੇਬਰ ਪਾਰਟੀ ਦਾ ਲੀਡਰ, ਐੱਡ ਮਿਲੀਬੈਂਡ, ਹੁਣ ਤੱਕ 2015 ਦੀਆਂ ਆਮ ਚੋਣਾਂ ਲਈ ਆਪਣੀ ਪਾਰਟੀ ਦੇ ਹੱਕ ਵਿੱਚ ਭੁਨਾਉਣ ਵਿੱਚ ਬਿਲਕੁਲ ਨਾਕਾਮ ਸਾਬਿਤ ਹੋਇਆ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮੁਲਕ ਦੇ ਕੰਜ਼ਰਵਟਿਵਜ਼ ਤੋਂ ਦੁਖੀ ਵੋਟਰ ਖੱਬੇ ਪੱਖੀਆਂ ਵੱਲ ਆਕਰਸ਼ਿਤ ਹੋਣ ਦੀ ਬਜਾਏ ਸਗੋਂ ਹੋਰ ਵੀ ਸੱਜੇ ਪੱਖੀ ਆਕਰਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਹਾਲੀਆ ਕਾਊਂਟੀ ਚੋਣਾਂ ਤੋਂ ਬਾਅਦ ਇੰਝ ਲੱਗਦਾ ਸੀ ਕਿ ਬਰਤਾਨੀਆ ਦੀਆਂ ਤਿੰਨੇ ਪ੍ਰਮੁੱਖ ਸਿਆਸੀ ਪਾਰਟੀਆਂ ਖ਼ੁਦ ਹੀ ਇਹ ਮੰਨ ਕੇ ਚੱਲ ਰਹੀਆਂ ਸਨ ਕਿ ਹਾਲਾਤ ਨੂੰ ਇਸ ਹੱਦ ਤੱਕ ਖ਼ਰਾਬ ਕਰਨ ਵਿੱਚ ਉਨ੍ਹਾਂ ਸਭ ਦਾ ਬਰਾਬਰ ਦਾ ਕਸੂਰ ਸੀ।
''ਇਹ ਸਾਡੇ ਲਈ ਇੱਕ ਚੁਣੌਤੀ, ਇੱਕ ਇਲਾਹੀ ਚੇਤਾਵਨੀ ਹੈ ਕਿ ਅਸੀਂ ਉਨ੍ਹਾਂ ਬਰਤਾਨਵੀ ਵੋਟਰਾਂ ਦੇ ਦਿਲਾਂ ਦੀ ਗੱਲ ਸੁਣੀਏ ਤੇ ਸਮਝੀਏ ਜਿਹੜੇ ਇੱਕ ਲੰਬੇ ਅਰਸੇ ਤੋਂ ਸਾਡੇ (ਸਿਆਸਤਦਾਨਾਂ) ਚਿਹਰਿਆਂ ਵੱਲ ਇਸ ਆਸ ਨਾਲ ਝਾਕ ਰਹੇ ਹਨ ਕਿ ਛੇਤੀ ਹੀ ਅਸੀਂ ਮੁਲਕ ਦੇ ਸਿਆਸੀ, ਆਰਥਿਕ ਤੇ ਸਮਾਜਕ ਹਾਲਾਤ ਬਦਲ ਦੇਵਾਂਗੇ," ਲੇਬਰ ਪਾਰਟੀ ਦੇ ਉੱਪ ਪ੍ਰਧਾਨ ਹੈਰੀਅਟ ਹਰਮੈਨ ਨੇ ਬੀ.ਬੀ.ਸੀ. ਨਾਲ ਇੱਕ ਗੱਲਬਾਤ ਦੌਰਾਨ ਕਿਹਾ। ਬੇਸ਼ੱਕ, ਲੇਬਰ ਅਤੇ ਲਿਬਰਲ ਡੈਮੋਕ੍ਰੈਟਸ, ਦੋਹਾਂ ਪਾਰਟੀਆਂ ਨੇ 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਕੋਲ ਸੀਟਾਂ ਗੁਆਈਆਂ ਹਨ, ਪਰ ਕੰਜ਼ਰਵਟਿਵਜ਼ ਦਾ ਨੁਕਸਾਨ ਲਾਮਿਸਾਲ ਸੀ। ਅਤੇ ਕੈਮਰੌਨ, 'ਦਾ ਯੂ.ਕੇ. ਇੰਡੀਪੈਂਡੈਂਸ ਪਾਰਟੀ' ਦੇ ਹਮਾਇਤੀਆਂ ਨੂੰ ਪਾਗਲ ਕਰਾਰ ਦੇਣ ਵਾਲੇ ਆਪਣੇ ਬਿਆਨ ਤੋਂ ਮੁਕਰਣ ਦੀ ਕੋਸ਼ਿਸ਼ ਵਿੱਚ ਉਲਝਿਆ ਹੋਇਆ ਦਿਖਾਈ ਦੇ ਰਿਹਾ ਹੈ।
''ਦੇਖੋ, ਮੈਂ ਸਮਝ ਸਕਦਾ ਹਾਂ ਕਿ ਕੁੱਝ ਲੋਕ ਜਿਹੜੇ ਪਹਿਲਾਂ ਸਾਡੇ ਹਮਾਇਤੀ ਸਨ, ਇਸ ਵਾਰ ਸਾਡੇ ਨਾਲ ਨਹੀਂ ਖੜ੍ਹੇ ਹੋਏ। ਉਹ ਸਾਡੇ ਤੋਂ ਹੋਰ ਵੀ ਵੱਧ ਦੀ ਉਮੀਦ ਰੱਖਦੇ ਹਨ। ਉਹ ਸਾਡੇ ਤੋਂ ਉਨ੍ਹਾਂ ਮਸਲਿਆਂ ਦਾ ਹੱਲ ਚਾਹੁੰਦੇ ਹਨ ਜਿਹੜੇ ਉਨ੍ਹਾਂ ਲਈ ਮਹੱਤਪੂਰਨ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਤੇ ਮੁਲਕ ਦੀ ਆਰਥਿਕਤਾ ਵਿੱਚ ਸੁਧਾਰ ਹੋਵੇ, ਮੁਲਕ ਦੀ ਇਮੀਗ੍ਰੇਸ਼ਨ ਵਿੱਚ ਕਟੌਤੀ ਲਿਆਉਂਦੀ ਜਾਵੇ ਅਤੇ ਵੈਲਫ਼ੇਅਰ ਸਿਸਟਮ ਬਿਹਤਰ ਬਣਾਇਆ ਜਾਵੇ," ਕੈਮਰੌਨ ਨੇ ਬੀ.ਬੀ.ਸੀ. ਨਾਲ ਇੱਕ ਗੱਲਬਾਤ ਦੌਰਾਨ ਕਿਹਾ। ''ਸਾਡਾ ਧਿਆਨ ਉਨ੍ਹਾਂ ਵੱਲ ਹੈ, ਰਹੇਗਾ ਅਤੇ ਸਾਨੂੰ ਉਨ੍ਹਾਂ ਲਈ ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ।"
ਪਾਕਿਸਤਾਨੀ ਸਿਆਸਤ ਵਿੱਚ ਮੁੜ ਪਰਤ ਆਇਆ ਹੈ ਇੱਕ ਇਸਲਾਮੀ ਜੁਝਾਰੂ!
ਵੋਟਰਾਂ ਨੇ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਸ਼ਕਤੀਸ਼ਾਲੀ ਸਿਆਸੀ ਨੁਕਤਾ ਉਠਾਇਆ ਹੈ। ਉਨ੍ਹਾਂ ਨੇ ਉਨ੍ਹਾਂ ਉਮੀਦਵਾਰਾਂ ਤੇ ਉਸ ਸੋਚ ਨੂੰ ਵੋਟਾਂ ਪਾਈਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਮੁਲਕ ਦੀ ਬਿਹਤਰੀ ਦੀ ਆਸ ਸੀ। ਪਾਕਿਸਤਾਨ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵੋਟ ਪਾਉਣ ਦਾ ਮੰਤਵ ਕਿਸੇ ਇੱਕ ਧਿਰ ਲਈ ਹਮਦਰਦੀ ਨਹੀਂ ਸੀ ਅਤੇ ਆਪਣੀਆਂ ਸਾਰੀਆਂ ਸੀਮਾਵਾਂ ਤੇ ਸਿਆਸੀ ਵਫ਼ਾਦਾਰੀਆਂ ਦੇ ਬਾਵਜੂਦ, ਜਨਤਾ ਨੇ ਦਿਲੋਂ ਚੋਣ ਕੀਤੀ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ, ਜਿਸ ਨੇ ਆਪਣੀਆਂ ਹੀ ਨਿੱਜੀ ਧਾਰਨਾਵਾਂ ਤੇ ਮਾਨਤਾਵਾਂ ਅਧੀਨ ਕੋਈ ਠੋਸ ਚੋਣ ਪਰਚਾਰ ਨਹੀਂ ਸੀ ਕੀਤਾ, ਅੱਜ ਸਿਆਸੀ ਗਲਿਆਰੇ ਵਿੱਚ ਇੱਕ ਕੁੜੇ ਦੇ ਢੇਰ ਵਾਂਗ ਪਈ ਨਜ਼ਰ ਆ ਰਹੀ ਹੈ - ਉਸ ਦੀ ਰਾਸ਼ਟਰੀ ਛਵੀ ਤਾਰ-ਤਾਰ ਹੋ ਚੁੱਕੀ ਹੈ। ਉਹ ਇੱਕ ਰਾਸ਼ਟਰੀ ਪਾਰਟੀ ਤੋਂ ਇੱਕ ਖੇਤਰੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਅਤੇ ਸਿੰਧ ਦੇ ਆਪਣੇ ਜੱਦੀ ਪ੍ਰਾਂਤ ਤੋਂ ਛੁੱਟ ਉਸ ਪਾਸ ਹੁਣ ਕੁੱਝ ਨਹੀਂ ਬਚਿਆ ਦਿਖਾਈ ਦੇ ਰਿਹਾ। ਅੱਜ ਵਕਤ ਦੀ ਸਿਤਮ ਜ਼ਰੀਫ਼ੀ ਤਾਂ ਦੇਖੋ ਕਿ ਇੱਕ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਪਾਰਟੀ, ਪਾਕਿਸਤਾਨ ਤਹਿਰੀਕ-ਏ-ਇਨਸਾਫ,: ਵੀ ਉਸ ਦੇ ਹਾਣ ਦੀ ਲੱਗ ਰਹੀ ਹੈ ਜੋ ਕਿ ਪੀ.ਪੀ.ਪੀ. ਤੋਂ ਕੇਵਲ ਤਿੰਨ ਸੀਟਾਂ ਪਿੱਛੇ ਹੈ ਅਤੇ ਚਾਰ ਹਲਕਿਆਂ ਤੋਂ ਹਾਲੇ ਨਤੀਜੇ ਨਹੀਂ ਸਨ ਮਿਲੇ।
ਨਵਾਜ਼ ਸ਼ਰੀਫ਼ ਦੀ ਮੁਸਲਿਮ ਲੀਗ ਮਈ 11 ਨੂੰ ਹੋਈਆਂ ਚੋਣਾਂ, ਜਿਨ੍ਹਾਂ ਵਿੱਚ ਵੋਟਰਾਂ ਦਾ ਪ੍ਰਤੀਸ਼ਤ ਰਿਕਾਰਡ ਤੋੜ 65% ਤੋਂ ਵੀ ਵੱਧ ਰਿਹਾ, ਵਿੱਚ ਪਾਕਿਸਤਾਨ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਵਜੋਂ ਉਭਰ ਕੇ ਸਾਹਮਣੇ ਆਈ ਹੈ। ਨਵਾਜ਼ ਸ਼ਰੀਫ਼, ਜਿਸ ਨੇ ਆਪਣੇ ਸਾਰੇ ਹਲਕਿਆਂ ਵਿੱਚੋਂ ਹੂੰਝਾ-ਫ਼ੇਰੂ ਜਿੱਤ ਹਾਸਿਲ ਕੀਤੀ ਹੈ, ਮੁਲਕ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਇਹ ਉਸ ਦੀ ਤੀਸਰੀ ਕੋਸ਼ਿਸ਼ ਹੋਵੇਗੀ। ਇਹ ਠੀਕ ਹੈ ਕਿ ਇਸ ਵਾਰ ਉਸ ਲਈ ਚੁਣੌਤੀਆਂ ਪਹਿਲਾਂ ਤੋਂ ਵੀ ਕਿਤੇ ਵੱਧ ਗੰਭੀਰ ਅਤੇ ਪੇਚੀਦਾ ਹੋਣਗੀਆਂ, ਪਰ ਇਸ ਵੀਕਐਂਡ 'ਤੇ ਹੋਈਆਂ ਆਮ ਚੋਣਾਂ ਤੋਂ ਬਾਅਦ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਖੜ੍ਹੇ ਦਿਖਦੇ ਵਿਅਕਤੀ ਨੂੰ ਕੁੱਝ ਲੋਕ 'ਮੁੜ ਵਾਪਿਸ ਆਇਆ ਇੱਕ ਇਸਲਾਮੀ ਜੁਝਾਰੂ' ਕਹਿ ਰਹੇ ਹਨ।
ਇਸ ਤੋਂ ਪਹਿਲਾਂ ਨਵਾਜ਼ ਦੋ ਵਾਰ ਇਸ ਅਹੁਦੇ 'ਤੇ ਸੁਸ਼ੋਭਿਤ ਹੋ ਚੁੱਕਾ ਹੈ, ਪਰ ਪਿੱਛਲੀ ਵਾਰ ਉਸ ਦਾ ਕਾਰਜਕਾਲ ਇੱਕ ਔਕੜਾਂ ਭਰਪੂਰ ਪੈਂਡਾ ਬਣਿਆ ਰਿਹਾ। 63 ਸਾਲਾ ਸ਼ਰੀਫ਼ ਨੂੰ 1999 ਵਿੱਚ ਉਸੇ ਦੇ ਮੁਲਕ ਦੇ ਫੌਜੀ ਪ੍ਰਮੁੱਖ ਨੇ ਉਸ ਦੀ ਹਕੂਮਤ ਦਾ ਤਖ਼ਤਾ ਪਲਟ ਕੇ ਉਸ ਨੂੰ ਸਾਊਦੀ ਅਰਬ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਸੀ। ਉਸ ਨੂੰ ਕਈ ਸਾਲ ਤੱਕ ਖਾੜੀ ਦੀ ਗਰਮੀ ਝੱਲਣੀ ਪਈ ਅਤੇ 2007 ਵਿੱਚ ਉਹ ਸੌਦੇਬਾਜ਼ੀ ਕਰ ਵਾਪਿਸ ਪਾਕਿਸਤਾਨ ਪਰਤਿਆ ਸੀ। ਮੁੜ ਕਈ ਸਾਲ ਤੱਕ ਪਾਕਿਸਤਾਨ ਦੀ ਵਿਰੋਧੀ ਧਿਰ ਵਿੱਚ ਰਹਿਣ ਤੋਂ ਬਾਅਦ ਸ਼ਰੀਫ਼ ਦੀ ਮੁਸਲਿਮ ਲੀਗ ਨੂਨ ਪਾਰਟੀ ਨੇ ਬੀਤੇ ਸ਼ਨੀਵਾਰ ਇੱਕ ਧਮਾਕੇਦਾਰ ਵਾਪਸੀ ਕੀਤੀ।
ਇਮਰਾਨ ਖ਼ਾਨ ਦੀ ਪਾਰਟੀ ਨੇ ਪਾਕਿਸਤਾਨ ਦੇ ਚਾਰਾਂ ਰਾਜਾਂ ਵਿੱਚ ਚੰਗੀ ਕਾਰਗ਼ੁਜ਼ਾਰੀ ਦਿਖਾਈ ਹੈ। ਪੀ.ਟੀ.ਆਈ. ਪਾਕਿਸਤਾਨ ਦੇ ਕਿਸੇ ਵੀ ਗੱਠਜੋੜ ਦਾ ਹਿੱਸਾ ਇਸ ਕਰ ਕੇ ਵੀ ਨਹੀਂ ਬਣ ਸਕਦੀ ਕਿਉਂਕਿ ਉਹ ਚੋਣਾਂ ਦੌਰਾਨ ਹੀ ਲਗਾਤਾਰ ਨਵਾਜ਼ ਅਤੇ ਜ਼ਰਦਾਰੀ ਪ੍ਰਤੀ ਆਪਣੀ ਅਸਹਿਨਸ਼ੀਲਤਾ ਤੇ ਨਾਪਸੰਦਗੀ ਦਾ ਇਜ਼ਹਾਰ ਕਰਦੀ ਰਹੀ ਹੈ। ਪਰ ਇਹ ਹਕੀਕਤ ਕਿ ਇਮਰਾਨ ਦੀ ਪਾਰਟੀ ਖ਼ੈਬਰ ਪਖ਼ਤੂਨਵਾ ਵਿੱਚ ਆਪਣੀ ਪ੍ਰਾਂਤਕ ਸਰਕਾਰ ਬਣਾ ਰਹੀ ਹੈ ਕਿਸੇ ਅਚੰਭੇ ਤੋਂ ਘੱਟ ਨਹੀਂ, ਖ਼ਾਸਕਰ ਉਨ੍ਹਾਂ ਨੌਜਵਾਨਾਂ ਲਈ ਜਿਹੜੇ ਤਬਦੀਲੀ ਦੇ ਹੱਕ ਵਿੱਚ ਸਨ। ਇੱਥੇ ਹੀ ਇਸ ਪਾਰਟੀ ਦੇ ਉਸ ਦ੍ਰਿੜ ਸਿਆਸੀ ਸੰਕਲਪ ਦਾ ਇਮਤਿਹਾਨ ਹੋਵੇਗਾ ਜਿਸ ਤਹਿਤ ਚੋਣਾਂ ਤੋਂ ਪਹਿਲਾਂ ਉਸ ਨੇ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕਰਨ ਅਤੇ ਅਮਰੀਕਾ ਦੇ ਡ੍ਰੋਣ ਹਮਲਿਆਂ ਦੀ ਮੁਖ਼ਲਾਫ਼ਤ ਕਰਨ ਦੀ ਬੜ੍ਹਕ ਮਾਰੀ ਸੀ।
2013 ਦੀਆਂ ਚੋਣਾਂ ਇਸ ਕਰ ਕੇ ਵੀ ਚੇਤੇ ਕੀਤੀਆਂ ਜਾਣਗੀਆਂ ਕਿਉਂਕਿ ਇਨ੍ਹਾਂ ਵਿੱਚ ਪਾਕਿਸਤਾਨੀ ਜਨਤਾ ਨੇ ਪੀਪਲਜ਼ ਪਾਰਟੀ ਦੇ ਦਿੱਗਜਾਂ - ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ਼, ਸਾਬਕਾ ਮੰਤਰੀ ਅਹਿਮਦ ਮੁਖ਼ਤਾਰ, ਕਮਰ ਜ਼ਮਾਨ ਖੈਰਾ ਅਤੇ ਆਵਾਮੀ ਨੈਸ਼ਨਲ ਪਾਰਟੀ ਦੇ ਵਡੇਰੇ ਅਫ਼ਸੰਦਿਆਰ ਵਲੀ ਤੇ ਉਸ ਵਰਗੇ ਕਈ ਹੋਰ ਸ਼ਾਮਿਲ ਸਨ - ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਨ੍ਹਾਂ ਰੁਝਾਨਾਂ ਤੋਂ ਇੱਕ ਚੀਜ਼ ਸਾਬਿਤ ਹੁੰਦੀ ਹੈ ਕਿ ਜਿਹੜੀਆਂ ਵੀ ਪਾਰਟੀਆਂ ਜ਼ਰਦਾਰੀ ਤੇ ਉਸ ਦੇ ਕੁਨਬੇ ਦੇ ਪ੍ਰਭਾਵ ਅਧੀਨ ਸਨ ਉਨ੍ਹਾਂ ਨੂੰ ਲੋਕਾਂ ਨੇ ਸਿਆਸੀ ਦਰਵਾਜ਼ਾ ਦਿਖਾ ਦਿੱਤਾ ਹੈ ਤੇ ਕਰਾਚੀ ਦੀ ਮੁਤਾਹਿਦਾ ਕੌਮੀ ਮੂਵਮੈਂਟ ਆਪਣੇ ਵੋਟ ਬੈਂਕ ਦੇ ਬਾਵਜੂਦ ਕੋਈ ਮਾਰ੍ਹਕਾ ਮਾਰਨ ਦੇ ਅਸਮਰਥ ਰਹੀ।
ਵੋਟਰਾਂ ਦੇ ਫ਼ੈਸਲੇ ਤੋਂ ਬਾਅਦ ਇਹ ਤਾਂ ਹਾਲੇ ਪੱਕਾ ਨਹੀਂ ਕਿ ਪਾਕਿਸਤਾਨ ਦੀ ਸਿਆਸਤ ਵਿੱਚ ਗੱਠਜੋੜੀਆਂ ਜਾਂ ਆਜ਼ਾਦ ਉਮੀਦਵਾਰਾਂ ਦਾ ਰਹਿਮੋ ਕਰਮ ਕਿਸ ਹੱਦ ਤੱਕ ਰੋਲ ਅਦਾ ਕਰੇਗਾ, ਪਰ ਆਖ਼ਰੀ ਖ਼ਬਰਾਂ ਆਉਣ ਤੱਕ ਸ਼ਰੀਫ਼ ਬਹੁਮੱਤ ਹਾਸਿਲ ਕਰਨ ਤੋਂ ਹਾਲੇ ਵੀ 12 ਸੀਟਾਂ ਦੀ ਵਿੱਥ 'ਤੇ ਸੀ ਜਦੋਂ ਕਿ ਸਿਰਫ਼ ਚਾਰ ਹਲਕਿਆਂ ਤੋਂ ਹੀ ਨਤੀਜੇ ਆਉਣੇ ਬਕਾਇਆ ਸਨ। ਸਾਧਾਰਣ ਬਹੁਮੱਤ ਹਾਸਿਲ ਕਰਨ ਲਈ 272 ਦੀ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਵਿੱਚ 137 ਸੀਟਾਂ ਦਰਕਾਰ ਹਨ। ਹੋਰ 70 ਸੀਟਾਂ ਔਰਤਾਂ ਅਤੇ ਗ਼ੈਰ-ਮੁਸਲਮਾਨਾਂ ਲਈ ਰਾਖਵੀਆਂ ਹਨ ਜੋ ਕਿ ਪਾਰਟੀਆਂ ਦੀ ਕਾਰਗ਼ੁਜ਼ਾਰੀ ਦੇ ਹਿਸਾਬ ਨਾਲ ਸਭ ਵਿੱਚ ਵੰਡੀਆਂ ਜਾਂਦੀਆਂ ਹਨ। ਇਸ ਤਰ੍ਹਾਂ 342 ਦੀ ਅਸੈਂਬਲੀ (272+70 ਰਾਖਵੀਆਂ ਸੀਟਾਂ) ਵਿੱਚ ਬਹੁਮੱਤ ਲਈ 172 ਸੀਟਾਂ ਦੀ ਲੋੜ ਹੋਵੇਗੀ। ਆਖ਼ਰੀ ਖਬਰਾਂ ਮਿਲਣ ਤੱਕ 272 ਵਿੱਚੋਂ 268 ਸੀਟਾਂ ਤੋਂ ਨਤੀਜੇ ਮਿਲ ਚੁੱਕੇ ਸਨ ਅਤੇ ਨਵਾਜ਼ ਦੀ ਪਾਰਟੀ ਨੂੰ 125, ਪੀਪਲਜ਼ ਪਾਰਟੀ ਨੂੰ 32, ਆਜ਼ਾਦ ਉਮੀਦਵਾਰਾਂ ਨੂੰ 30 ਅਤੇ ਇਮਰਾਨ ਖ਼ਾਨ ਦੀ ਪੀ.ਟੀ.ਆਈ. ਨੂੰ 29 ਸੀਟਾਂ ਮਿਲੀਆਂ ਸਨ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨਵਾਜ਼ ਸ਼ਰੀਫ਼ ਦੀ ਵਾਪਸੀ ਹੋ ਚੁੱਕੀ ਹੈ, ਪਰ ਸਦਾ ਤੋਂ ਅਸਥਿਰਤਾ ਦਾ ਸ਼ਿਕਾਰ ਰਿਹਾ ਇੱਕ ਰਾਸ਼ਟਰ ਹੋਰ ਕਿੰਨਾ ਚਿਰ ਅਤਿਵਾਦ, ਆਰਥਿਕ ਮੰਦੀ ਅਤੇ ਸਮਾਜਕ ਵਿਤਕਰਾ ਬਰਦਾਸ਼ਤ ਕਰੇਗਾ ਇਹ ਕੋਈ ਵੀ ਬੁੱਝ ਸਕਦਾ ਹੈ! ਪਰ ਭ੍ਰਿਸ਼ਟਾਚਾਰ ਰਹਿਤ ਹਕੂਮਤ 180 ਮਿਲੀਅਨ ਪਾਕਿਸਤਾਨੀਆਂ ਦਾ ਸੁਪਨਾ ਹੈ ਤੇ ਉਹ ਆਪਣੇ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਦਾ ਦੇਖਣਾ ਚਾਹੁਣਗੇ। ਪਾਕਿਸਤਾਨ ਵਿੱਚੋਂ ਉਠੀ ਲੋਕਾਂ ਦੀ ਇਹ ਨਵੀਂ ਆਵਾਜ਼ ਆਪਣੇ ਆਪ ਵਿੱਚ ਮੁਲਕ ਅਤੇ ਸ਼ਰੀਫ਼ ਦੀ ਸਿਆਸਤ ਲਈ ਇੱਕ 'ਲਿਟਮਸ ਟੈਸਟ' ਸਾਬਿਤ ਹੋ ਸਕਦੀ ਹੈ।

 

Page 1 of 13

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂਸੰਪਾਦਕੀ ਲੇਖ

Currency Converter

Amount:
From:
To:


Gurbani Radio


Gurbani - Sri Harmandir Sahib