Thursday, 21 June 2012 05:20
Print PDF

ਇੱਕ 'ਚੰਗੀ ਮੌਤ' ਮਰਨ ਦਾ ਕੀ ਅਰਥ ਹੋਇਆ? ਇੱਕ ਹਾਲੀਆ ਅਧਿਐਨ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਮਰੀਜ਼ਾਂ ਦੀਆਂ ਮੌਤਾਂ 'ਤੇ ਇੱਕ ਪਿੱਛਲਝਾਤ ਮਾਰ ਕੇ ਦੱਸਣ ਕਿ ਉਹ ਕਿਹੜੀ ਚੀਜ਼ ਸੀ ਜਿਹੜੀ ਉਨ੍ਹਾਂ ਮੌਤਾਂ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਸੀ। ਇਨ੍ਹਾਂ ਬਹਿਸਾਂ ਤੇ ਮੁਲਾਕਾਤਾਂ ਤੋਂ ਇੱਕ ਚੰਗੀ ਮੌਤ ਦੇ ਜਿਹੜੇ ਲੱਛਣ ਜਾਂ ਹਿੱਸੇ ਸਾਹਮਣੇ ਆਏ, ਉਨ੍ਹਾਂ ਬਾਰੇ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ।
ਇੱਕ ਚੰਗੀ ਮੌਤ ਦਾ ਪਹਿਲਾ ਹਿੱਸਾ ਸੀ ਦੁੱਖਨਿਵਾਰਨ ਦਾ ਮਾਧਿਅਮ ਲਭਣਾ, ਯਾਨੀ ਕਿ ਪੀੜਾ ਦੇ ਲੱਛਣਾਂ ਨੂੰ ਪਛਾਣਨਾ ਤੇ ਉਸ ਪੀੜ ਨੂੰ ਰੋਕਣ ਜਾਂ ਘਟਾਉਣ ਦਾ ਪ੍ਰਬੰਧ ਕਰਨਾ (pain and symptom management)। ਸਾਡੇ ਵਿੱਚੋਂ ਬਹੁਤੇ ਲੋਕ ਇਸ ਗੱਲ ਤੋਂ ਡਰਦੇ ਹਨ ਕਿ ਮਰਨ ਲੱਗਿਆਂ ਕਿਤੇ ਉਨ੍ਹਾਂ ਨੂੰ ਦਰਦ ਜਾਂ ਤਕਲੀਫ਼ ਨਾ ਹੋਵੇ। ਇੱਕ ਆਮ ਵਿਅਕਤੀ ਇਹ ਸਮਝਦਾ ਹੈ ਕਿ ਮੌਤ ਵੇਲੇ ਅਕਸਰ ਲੋੜੀਂਦੇ ਦੁਖਨਿਵਾਰਕ ਸਾਧਨਾਂ ਦੀ ਘਾਟ ਰਹਿੰਦੀ ਹੈ। ਇਸ ਅਧਿਐਨ ਵਿੱਚ ਸ਼ਾਮਿਲ ਸਿਹਤ ਸੰਭਾਲ ਮੁਹੱਈਆ ਕਰਾਉਣ ਵਾਲੇ ਹਰ ਕਰਮਚਾਰੀ (ਡਾਕਟਰ, ਨਰਸਾਂ, ਫ਼ਾਰਮੇਸੀ ਅਮਲਾ ਆਦਿ) ਨੇ ਜਦੋਂ ਆਪਣੇ ਮਰੀਜ਼ਾਂ ਦੀਆਂ ਦਰਦਨਾਕ ਮੌਤਾਂ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਦੀ ਆਵਾਜ਼ ਵਿੱਚ ਪਛਤਾਵੇ ਦੀ ਭਾਵਨਾ ਸਾਫ਼ ਝਲਕਦੀ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਮਰੀਜ਼ ਆਪਣੀ ਮੌਜੂਦਾ ਤੇ ਭਵਿੱਖ ਵਿੱਚ ਹੋਣ ਵਾਲੀ ਪੀੜ ਬਾਰੇ ਚਿੰਤਤ ਸਨ; ਜਦੋਂ ਉਨ੍ਹਾਂ ਨੂੰ ਇਹ ਯਕੀਨਦਹਾਨੀ ਕਰਾਈ ਗਈ ਕਿ ਉਨ੍ਹਾਂ ਦੀ ਦਰਦ ਨੂੰ ਦਵਾਈਆਂ ਨਾਲ ਕੰਟ੍ਰੋਲ ਕੀਤਾ ਜਾ ਸਕਦਾ ਹੈ ਤਾਂ ਉਹ ਘੱਟ ਉਤਾਵਲੇ ਜਾਂ ਫ਼ਿਕਰਮੰਦ ਦਿਖੇ।
ਇੱਕ ਚੰਗੀ ਮੌਤ ਦਾ ਦੂਸਰਾ ਪ੍ਰਮੁੱਖ ਭਾਗ ਸੀ ਸਪਸ਼ਟ ਫ਼ੈਸਲੇ ਲੈ ਸਕਣ ਦਾ ਹੱਕ। ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ, ਜਿਨ੍ਹਾਂ ਦਾ ਆਪਣੇ ਡਾਕਟਰਾਂ ਜਾਂ ਹਸਪਤਾਲ ਅਮਲੇ ਨਾਲ ਸਿੱਧਾ ਸੰਵਾਦ ਸੀ ਅਤੇ ਜਿਨ੍ਹਾਂ ਨੇ ਆਪਣੇ ਇਲਾਜ ਦੇ ਢੰਗਾਂ ਬਾਰੇ ਸਿਹਤ ਸੰਭਾਲ ਕਰਮਚਾਰੀਆਂ ਨਾਲ ਪਹਿਲਾਂ ਹੀ ਗੱਲਬਾਤ ਕਰ ਲਈ ਸੀ, ਆਪਣੇ ਆਪ ਵਿੱਚ ਵਧੇਰੇ ਤਾਕਤਵਰ ਮਹਿਸੂਸ ਕਰਦੇ ਸਨ। ਇੰਨਾ ਹੀ ਨਹੀਂ, ਸਿਹਤ ਸੰਭਾਲ ਕਰਮਚਾਰੀ ਵੀ ਇਸ ਗੱਲੋਂ ਸੰਤੁਸ਼ਟ ਸਨ ਕਿ ਉਨ੍ਹਾਂ ਨੇ ਆਪਣੇ ਮਰੀਜ਼ਾਂ ਦੀ ਚੰਗੀ ਖ਼ਿਦਮਤ ਕੀਤੀ ਹੈ। ਖੋਜਕਾਰਾਂ ਨੇ ਮੰਨਿਆ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਅੰਤਲੇ ਫ਼ੈਸਲਿਆਂ ਸਬੰਧੀ ਸਾਰੀ ਅਨਿਸ਼ਚਿਤਤਾ ਤਾਂ ਖ਼ਤਮ ਨਹੀਂ ਕਰ ਸਕਦਾ, ਪਰ ਇਸ ਅਨਿਸ਼ਚਿਤਤਾ ਬਾਰੇ ਮਰੀਜ਼ਾਂ ਦੀ ਸਹਿਨਸ਼ੀਲਤਾ ਵਧਾਈ ਜਾ ਸਕਦੀ ਹੈ, ਜੇਕਰ ਉਨ੍ਹਾਂ ਨੂੰ ਆਪਣੀਆਂ ਕਦਰਾਂ-ਕੀਮਤਾਂ ਅਤੇ ਪ੍ਰਾਥਮਿਕਤਾਵਾਂ ਦੀ ਸਪਸ਼ਟ ਬਿਆਨੀ ਕਰਨ ਦਾ ਮੌਕਾ ਦਿੱਤਾ ਜਾਵੇ।
ਇੱਕ ਚੰਗੀ ਮੌਤ ਦਾ ਤੀਸਰਾ ਹਿੱਸਾ ਸੀ ਮੌਤ ਦੀ ਤਿਆਰੀ। ਜੇ ਮਰੀਜ਼ਾਂ ਨੂੰ ਆਪਣੀਆਂ ਵਸੀਅਤਾਂ, ਆਪਣੇ ਕਿਰਿਆ-ਕਰਮ ਆਦਿ ਦਾ ਪ੍ਰਬੰਧ ਕਰਨ ਲਈ ਲੋੜੀਂਦਾ ਸਮਾਂ ਮਿਲ ਜਾਵੇ ਤਾਂ ਉਹ ਵਧੇਰੇ ਸੰਤੁਸ਼ਟੀ ਦਾ ਮੁਜ਼ਾਹਰਾ ਕਰਦੇ ਹਨ। ਕਈ ਵਾਰ, ਸਿਹਤ ਸੰਭਾਲ ਕਰਮਚਾਰੀ ਆਪਣੇ ਮਰੀਜ਼ਾਂ ਨਾਲ ਉਨ੍ਹਾਂ ਦੀ ਅੰਤਮ ਯਾਤਰਾ ਬਾਰੇ ਗੱਲ ਕਰਨ ਤੋਂ ਇਸ ਲਈ ਝਿਝਕਦੇ ਹਨ ਕਿ ਕਿਤੇ ਉਹ ਹੌਂਸਲਾ ਨਾ ਛੱਡ ਦੇਣ, ਪਰ ਅਜਿਹਾ ਕਰ ਕੇ ਉਹ ਆਪਣੇ ਮਰੀਜ਼ਾਂ ਤੋਂ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਦੀ ਤਿਆਰੀ ਦਾ ਹੱਕ ਖੋਹ ਲੈਂਦੇ ਹਨ।
ਇਸ ਦਾ ਚੌਥਾ ਭਾਗ ਹੈ ਜੀਵਨ ਦੀ ਸੰਪੰਨਤਾ। ਆਪਣੇ ਜੀਵਨ ਦੀ ਸਮੀਖਿਆ ਕਰਨ ਦਾ ਮੌਕਾ, ਵਿਵਾਦਾਂ ਦਾ ਹੱਲ ਕਰਨਾ, ਆਪਣੇ ਸਨੇਹੀਆਂ-ਪਿਆਰਿਆਂ ਨਾਲ ਸਮਾਂ ਬਿਤਾਉਣਾ, ਅਤੇ ਉਨ੍ਹਾਂ ਨੂੰ ਅਲਵਿਦਾ ਕਹਿਣਾ। ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਨੇ ਜੀਵਨ ਦੇ ਅੰਤਲੇ ਪਲਾਂ ਵਿੱਚ ਅਧਿਆਤਮਵਾਦ ਜਾਂ ਜੀਵਨ ਨੂੰ ਸਾਰਥਕਤਾ ਦੇਣ ਦੇ ਮਹੱਤਵ ਦੀ ਸ਼ਾਹਦੀ ਭਰੀ। ਕਈ ਵਾਰ, ਮਰੀਜ਼ਾਂ ਨੇ ਆਪਣੀ ਮੌਤ ਦੇ ਤਜਰਬੇ ਦੀ ਵੱਡੀ ਤਸਵੀਰ ਨੂੰ ਦੇਖਣ ਤੇ ਸਮਝਣ ਦੀ ਕਾਬਲੀਅਤ ਦਾ ਮੁਜ਼ਾਹਰਾ ਕੀਤਾ ਅਤੇ ਨਤੀਜਤਨ ਉਹ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ ਅਧਿਆਤਮਕ ਤੇ ਭਾਵਨਾਤਮਕ ਤੌਰ 'ਤੇ ਸਿਆਣੇ ਹੁੰਦੇ ਗਏ। ਅਕੀਦੇ ਜਾਂ ਧਾਰਮਿਕ ਵਿਸ਼ਵਾਸ ਦੇ ਵਿਸ਼ੇ ਨੂੰ ਅਕਸਰ ਇੱਕ ਦੁਖਨਿਵਾਰਕ ਦੇ ਤੌਰ 'ਤੇ ਦੇਖਿਆ ਗਿਆ।
ਇਸ ਸੂਚੀ 'ਤੇ ਨੰਬਰ ਪੰਜ ਸੀ ਦੂਸਰਿਆਂ ਦੇ ਜੀਵਨ ਵਿੱਚ ਕੁੱਝ ਯੋਗਦਾਨ ਪਾਉਣ ਦੀ ਇੱਛਾ। ਆਪਣੇ ਜੀਵਨ ਦੇ ਅੰਤਲੇ ਪੜਾਅ 'ਤੇ ਕਈ ਲੋਕਾਂ ਨੇ ਦੂਸਰਿਆਂ ਲਈ ਕੁੱਝ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਹ ਯੋਗਦਾਨ ਕਿਸੇ ਤੋਹਫ਼ੇ ਦੇ ਰੂਪ ਵਿੱਚ ਹੋ ਸਕਦਾ ਹੈ, ਕਿਸੇ ਨੂੰ ਆਪਣਾ ਵਕਤ ਦੇਣਾ ਜਾਂ ਫ਼ਿਰ ਕਿਸੇ ਨਾਲ ਕੋਈ ਗਿਆਨ ਦੀ ਗੱਲ ਸਾਂਝੀ ਕਰਨਾ ਵੀ ਹੋ ਸਕਦਾ ਹੈ।
ਜਿਵੇਂ ਜਿਵੇਂ ਵਿਅਕਤੀਆਂ ਦਾ ਅੰਤ ਨਜ਼ਦੀਕ ਆਉਂਦਾ ਹੈ ਤਾਂ ਬਹੁਤੇ ਲੋਕਾਂ ਨੂੰ ਆਖ਼ਿਰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਕੀ ਮਹੱਤਵਪੂਰਨ ਸੀ; ਉਨ੍ਹਾਂ ਨੂੰ ਸਮਝ ਆਉਂਦੀ ਹੈ ਕਿ ਨਿਜੀ ਰਿਸ਼ਤਿਆਂ ਦਾ ਮਹੱਤਵ ਵਪਾਰਕ ਜਾਂ ਮਾਇਕ ਫ਼ਾਇਦਿਆਂ ਤੋਂ ਕਿਤੇ ਵੱਧ ਹੁੰਦਾ ਹੈ ਅਤੇ ਉਹ ਦੂਸਰਿਆਂ ਨਾਲ ਚੰਗੀ ਜੀਵਨਜਾਚ ਦਾ ਉਹ ਗਿਆਨ ਸਾਂਝਾ ਕਰਨਾ ਚਾਹੁੰਦੇ ਹਨ ਜਿਹੜਾ ਉਹ ਆਪਣੇ ਮਰਨ ਦੇ ਤਜਰਬੇ ਤੋਂ ਸਿੱਖ ਰਹੇ ਹੁੰਦੇ ਹਨ। ਇਸ ਅਧਿਐਨ ਵਿੱਚ ਸ਼ਾਮਿਲ ਡਾ: ਲਿਓ ਬੁਸਕਾਲੀਆ ਦਾ ਮੌਤ ਬਾਰੇ ਇਹ ਕਹਿਣਾ ਸੀ:
ਮੌਤ ਸਾਨੂੰ ਸਿਖਾਉਂਦੀ ਹੈ ...  ਕਿ ਹੁਣ ਵਕਤ ਹੈ।
ਮੌਤ ਸਾਨੂੰ ਉਸ ਇੱਕ ਪਲ ਦੇ ਆਨੰਦ ਬਾਰੇ ਸਿਖਾਉਂਦੀ ਹੈ।
ਉਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਹਮੇਸ਼ਾਂ ਲਈ ਇਸ ਧਰਤੀ 'ਤੇ ਨਹੀਂ ਰਹਿ ਸਕਦੇ। ਮੌਤ ਕਹਿੰਦੀ ਹੈ, ''ਅੱਜ ਜੀਓ।"
ਇੱਕ ਚੰਗੀ ਮੌਤ ਦਾ ਆਖ਼ਰੀ ਹਿੱਸਾ ਹੈ ਇੱਕ ਮੁਕੰਮਲ ਇਨਸਾਨ ਹੋਣ ਦੀ ਯਕੀਨਦਹਾਨੀ ਹੋਣੀ। ਮਰੀਜ਼ਾਂ ਨੇ ਦਿਖਾਇਆ ਕਿ ਜਦੋਂ ਕੋਈ ਸਿਹਤ ਸੰਭਾਲ ਕਰਮਚਾਰੀ ਉਨ੍ਹਾਂ ਨੂੰ ਇੱਕ ਇਨਸਾਨ ਹੋਣ ਦਾ ਯਕੀਨ ਦੁਆਉਂਦਾ ਹੈ ਤਾਂ ਉਨ੍ਹਾਂ ਨੂੰ ਪ੍ਰਸੰਨਤਾ ਹੁੰਦੀ ਹੈ। ਇਸ ਦੇ ਨਾਲ ਹੀ, ਅਜਿਹੇ ਮਰੀਜ਼ਾਂ ਦੇ ਪਰਿਵਾਰਾਂ ਨੇ ਵੀ ਇਸ ਗੱਲ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਕਿ ਉਨ੍ਹਾਂ ਦੇ ਪਿਆਰਿਆਂ ਨਾਲ ਇਨਸਾਨਾਂ ਵਾਲਾ ਸਲੂਕ ਕੀਤਾ ਗਿਆ, ਨਾ ਕਿ ਉਨ੍ਹਾਂ ਨੂੰ ਇੱਕ 'ਰੋਗ' ਸਮਝਿਆ ਗਿਆ।
ਇਸ ਅਧਿਐਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੌਤ ਕੁਦਰਤ ਵੱਲੋਂ ਬਖ਼ਸ਼ੇ ਜੀਵਨ ਦਾ ਹੀ ਇੱਕ ਅਟੁੱਟ ਹਿੱਸਾ ਹੈ, ਨਾ ਕਿ ਕੋਈ 'ਤਕਨੀਕੀ ਅਸਫ਼ਲਤਾ।' ਇਹ ਠੀਕ ਹੈ ਕਿ ਦਵਾਈਆਂ, ਮਸ਼ੀਨਾਂ, ਸੂਈਆਂ, ਉਪਕਰਣ ਆਦਿ ਜੀਵਨ ਦੇ ਅੰਤਲੇ ਦਿਨਾਂ ਵਿੱਚ ਆਪਣਾ ਮਹੱਤਵ ਰੱਖਦੇ ਹਨ, ਪਰ ਉਹ ਇੱਕ ਚੰਗੀ ਮੌਤ ਹਾਸਿਲ ਕਰਨ ਦੇ ਸਾਧਨ ਮਾਤਰ ਹੀ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਇੱਕ ਚੰਗੀ ਮੌਤ ਦੀ ਤਲਾਸ਼ ਵਿੱਚ!

Currency Converter

Amount:
From:
To:


Gurbani Radio


Gurbani - Sri Harmandir Sahib