Thursday, 05 July 2012 10:07
Print PDF

ਇਨਸਾਨ ਸੋਚਦਾ ਹੈ ਕਿ ਉਹ ਬ੍ਰਹਿਮੰਡੀ ਰਹੱਸਾਂ ਦੇ ਬਹੁਤ ਲਾਗੇ ਪਹੁੰਚ ਗਿਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ 'ਰੱਬ ਪਾਰਟੀਕਲ' (ਰੱਬੀ ਕਣ) ਦੀ ਖੋਜ ਕਰ ਲਈ ਹੈ। ਉਹ ਕਹਿੰਦੇ ਨੇ ਕਿ ਉਹ ਇਸ ਦਾ ਐਲਾਨ ਬੁੱਧਵਾਰ ਨੂੰ ਕਰਨ ਵਾਲੇ ਹਨ। ਸ਼ਾਇਦ ਇਹ ਦਿਨ ਪੂਰੀ ਦੁਨੀਆ ਲਈ ਇੱਕ ਬਹੁਤ ਅਹਿਮ ਦਿਨ ਸਾਬਿਤ ਹੋ ਸਕਦਾ ਹੈ। ਸਾਨੂੰ ਉਸ ਸਵਾਲ ਦਾ ਜਵਾਬ ਮਿਲ ਸਕਦਾ ਹੈ ਕਿ ਆਖ਼ਿਰ ਅਸੀਂ ਕਿਸ ਤੱਤ ਦੇ ਬਣੇ ਹੋਏ ਹਾਂ। ਸਾਨੂੰ ਕਿਸ ਨੇ ਬਣਾਇਆ। ਇਸ ਲਈ ਫ਼੍ਰਾਂਸ ਅਤੇ ਸਵਿਟਜ਼ਰਲੈਂਡ ਦੀ ਸੀਮਾ 'ਤੇ ਸਥਿਤ ਸ਼ਹਿਰ ਜਨੇਵਾ ਵਿੱਚ ਬਣੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰੋਯਗਸ਼ਾਲਾ ਵਿੱਚ ਸੰਸਾਰ ਭਰ ਦੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਉਣ ਤੇ ਇਸ ਤੱਥ ਨੂੰ ਸਾਬਿਤ ਹੁੰਦਿਆਂ ਦੇਖਣ ਕਿ ਰੱਬ ਹੈ ਜਾਂ ਨਹੀਂ।
' ਗੌਡ ਪਾਰਟੀਕਲ', ਜਾਂ ਹਿਗਜ਼ ਬੋਸੋਨ, ਉਹ ਕਣ ਹੈ ਜਿਸ ਦੀ ਇਸ ਬ੍ਰਹਿਮੰਡ ਦੇ ਬਣਨ ਵਿੱਚ ਅਹਿਮ ਭੂਮੀਕਾ ਮੰਨੀ ਜਾਂਦੀ ਹੈ। ਫ਼ਿਜ਼ਿਕਸ (ਭੌਤਿਕ ਵਿਗਿਆਨ) ਦੇ ਨਿਯਮਾਂ ਅਨੁਸਾਰ, ਇਸ ਧਰਤੀ 'ਤੇ ਹਰ ਚੀਜ਼ ਨੂੰ ਭਾਰ ਦੇਣ ਵਾਲੇ ਇਹੀ ਕਣ ਹਨ। ਲੋਕਾਂ ਨੂੰ 1960ਵਿਆਂ ਦੇ ਦਸ਼ਕ ਵਿੱਚ ਇਸ ਬਾਰੇ ਪਹਿਲੀ ਵਾਰ ਪਤਾ ਚੱਲਿਆ ਸੀ। ਉਸ ਵੇਲੇ ਤੋਂ ਹੀ ਇਹ ਕਣ ਭੌਤਿਕ ਵਿਗਿਆਨ ਲਈ ਇੱਕ ਅਬੁੱਝ ਪਹੇਲੀ ਬਣੇ ਹੋਏ ਹਨ।
ਯੌਰਪੀਅਨ ਔਰਗੇਨਾਈਜ਼ੇਸ਼ਨ ਫ਼ੌਰ ਨਿਊਕਲਿਅਰ ਰਿਸਰਚ ਦੇ ਜਨੇਵਾ ਵਿਖੇ ਸਥਿਤ ਫ਼ਿਜ਼ਕਸ ਰਿਸਰਚ ਸੈਂਟਰ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ 'ਗੌਡ ਪਾਰਟੀਕਲਾਂ' ਨੂੰ ਲਭ ਲਿਆ ਗਿਆ ਹੈ। ਇਸ 'ਗੌਡ ਪਾਰਟੀਕਲ' ਦਾ ਪਤਾ ਉਦੋਂ ਚੱਲਿਆ ਜਦੋਂ ਐਟਲਸ ਅਤੇ ਸੀ. ਐਮ. ਐਸ. ਪ੍ਰਯੋਗਾਂ ਨਾਲ ਜੁੜੇ ਵਿਗਿਆਨੀਆਂ ਨੇ 'ਵਿਸ਼ਾਲ ਹਾਈਡ੍ਰੌਨ ਕੋਲਾਈਡਰਾਂ' ਨੂੰ ਤੇਜ਼ ਰਫ਼ਤਾਰ 'ਤੇ ਚਲਾ ਕੇ ਕਈ ਕਣਾਂ ਨੂੰ ਆਪਸ ਵਿੱਚ ਟਕਰਾਇਆ।
ਇਸ ਦੌਰਾਨ ਬੋਸੋਨ ਦੇ ਚਮਕਦੇ ਹੋਏ ਅੰਸ਼ ਸਾਹਮਣੇ ਆਏ, ਪਰ ਉਨ੍ਹਾਂ ਨੂੰ ਫੜਨਾ ਮੁਮਕਿਨ ਨਹੀਂ ਸੀ। ਸੀ. ਐਮ. ਐਸ. ਨਾਲ ਜੁੜੇ ਹੋਏ ਇੱਕ ਵਿਗਿਆਨੀ ਨੇ ਦੱਸਿਆ ਕਿ ਇਹ ਦੋਹੇਂ ਪ੍ਰਯੋਗ ਇੱਕ ਹੀ 'ਮਾਸ ਲੈਵਲ' 'ਤੇ ਰੱਬ ਦੇ ਕਣਾਂ ਦੇ ਹੋਣ ਦਾ ਸਬੂਤ ਦੇ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਿਗਸ ਬੋਸੋਨ ਦੇ ਵਜੂਦ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਬ੍ਰਹਿਮੰਡ ਦੇ ਸਾਰੇ ਮੂਲ ਤੱਤਾਂ ਨੂੰ ਸਾਹਮਣੇ ਲਿਆਉਣ ਦੀ ਸ਼ੁਰੂਆਤ ਹੋਵੇਗੀ। ਇਹ ਪਿਛਲੇ ਸੌ ਸਾਲਾਂ ਦੀ ਸਭ ਤੋਂ ਅਹਿਮ ਖੋਜ ਹੋਵੇਗੀ।
ਗੌਡ ਪਾਰਟੀਕਲ ਦੀ ਪੂਰੀ ਕਹਾਣੀ
ਇਸ ਸੰਸਾਰ ਵਿੱਚ ਹਰ ਚੀਜ਼ (ਤਾਰੇ, ਗ੍ਰਹਿ ਤੇ ਅਸੀਂ ਵੀ) 'ਮੈਟਰ' (ਪਦਾਰਥ) ਤੋਂ ਬਣੇ ਹਨ। ਪਦਾਰਥ ਕਣਾਂ ਤੋਂ ਬਣਿਆ ਹੈ ਅਤੇ ਇਨ੍ਹਾਂ ਕਣਾਂ ਦਾ ਸਮੂੰਹ ਹੀ ਇੱਕ ਅਜਿਹੀ ਭੌਤਿਕ ਸ਼ਕਤੀ ਹੈ ਜਿਸ ਨਾਲ ਇਨ੍ਹਾਂ ਕਣਾਂ ਨੂੰ ਠੋਸ ਰੂਪ ਮਿਲਦਾ ਹੈ। ਜੇ ਕਣ ਵਿੱਚ ਭਾਰ ਨਾ ਹੋਵੇ ਤਾਂ ਉਹ ਰੌਸ਼ਨੀ ਦੀ ਰਫ਼ਤਾਰ ਨਾਲ ਭੱਜਦਾ ਰਹੇਗਾ ਅਤੇ ਕਦੇ ਵੀ ਕਣਾਂ ਵਿੱਚ ਮਿਲ ਕੇ ਕਿਸੇ ਠੋਸ ਆਕਾਰ ਵਿੱਚ ਨਹੀਂ ਬਦਲ ਸਕੇਗਾ। ਭਾਰ ਜਦੋਂ ਗਰੁਤਾਕਰਸ਼ਣ ਰਾਹੀਂ ਗ਼ੁਜ਼ਰਦਾ ਹੈ ਤਾਂ ਹੀ ਉਸ ਨੂੰ ਭਾਰ ਕਿਹਾ ਜਾਂਦਾ ਹੈ ਜਾਂ ਭਾਰ ਦੇ ਤੌਰ 'ਤੇ ਤੋਲਿਆ ਜਾ ਸਕਦਾ ਹੈ। ਗਰੁਤਾਕਰਸ਼ਣ ਹੀ ਭਾਰ ਦਾ ਮਾਪਦੰਡ ਹੈ, ਇਸ ਦੇ ਘੱਟ ਜਾਂ ਵੱਧ ਹੋਣ ਨਾਲ ਹੀ ਭਾਰ ਘੱਟ ਜਾਂ ਵੱਧ ਹੁੰਦਾ ਹੈ। ਸੋ ਭਾਰ ਦੀ ਆਪਣੀ ਕੋਈ ਹੋਂਦ ਨਹੀਂ।
ਵਿਗਿਆਨਕ ਜਦੋਂ ਕਣਾਂ ਵਿੱਚ ਵੜਦੇ ਗਏ ਤਾਂ ਉਨ੍ਹਾਂ ਨੂੰ ਕਣਾਂ ਹੇਠਾਂ ਕਣ ਮਿਲਦੇ ਗਏ, ਪਰ ਇਹ ਕਹਾਣੀ ਉਦੋਂ ਤੱਕ ਪੂਰੀ ਨਹੀਂ ਸੀ ਹੋ ਸਕਦੀ ਜਦੋਂ ਤੱਕ ਇਹ ਨਾ ਪਤਾ ਚੱਲਦਾ ਕਿ ਕਣ ਕਿੱਥੋਂ ਆਉਂਦੇ ਹਨ। ਭੌਤਿਕ ਵਿਗਿਆਨ ਵਿੱਚ ਜਦੋਂ ਇਨ੍ਹਾਂ ਤਮਾਮ ਕਣਾਂ ਨੂੰ ਇੱਕ ਸਿਸਟਮ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਢਾਂਚੇ ਵਿੱਚ ਦੋਸ਼ ਦਿਖਣ ਲੱਗ ਪਏ।
ਇਸ ਦੋਸ਼ ਨੂੰ ਭਰਨ ਲਈ ਅਤੇ ਕਣਾਂ ਦੀ ਹੋਂਦ ਦੀ ਵਜਾਹ ਦੱਸਣ ਲਈ 1965 ਵਿੱਚ ਪੀਟਰ ਹਿਗਜ਼ ਨੇ ਹਿਗਜ਼ ਬੋਸੋਨ ਜਾਂ ਗੌਡ ਪਾਰਟੀਕਲ ਦੀ ਹੋਂਦ ਦਾ ਮਸ਼ਵਰਾ ਦਿੱਤਾ। ਉਸ ਥਿਊਰੀ ਵਿੱਚ ਬੋਸੋਨ ਇੱਕ ਅਜਿਹਾ ਮੂਲ ਕਣ ਸੀ ਜਿਸ ਦਾ ਆਪਣਾ ਇੱਕ 'ਫ਼ੀਲਡ' ਸੀ, ਜਿਹੜਾ ਇਸ ਸੰਸਾਰ ਵਿੱਚ ਹਰ ਜਗ੍ਹਾ ਮੌਜੂਦ ਸੀ। ਜਦੋਂ ਕੋਈ ਦੂਸਰਾ ਕਣ ਇਸ 'ਫ਼ੀਲਡ' ਵਿੱਚੋਂ ਲੰਘਦਾ ਸੀ ਤਾਂ ਉਸ ਨੂੰ ਰੁਕਾਵਟ (ਰਜ਼ਿਸਟੈਂਸ) ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਵੇਂ ਕੋਈ ਵੀ ਚੀਜ਼ ਪਾਣੀ ਜਾਂ ਹਵਾਂ 'ਚੋਂ ਲੰਘਦੇ ਹੋਏ ਕਰਦੀ ਹੈ। ਜਿੰਨੀ ਜ਼ਿਆਦਾ ਰਜ਼ਿਸਟੈਂਸ, ਉਸ ਦਾ ਉੰਨਾ ਹੀ ਜ਼ਿਆਦਾ ਭਾਰ। ਹਿਗਜ਼ ਬੋਸੋਨ ਦੇ ਹੋਣ ਨਾਲ ਕਣ ਦੀ ਹੋਂਦ ਦੀ ਮਹੱਤਤਾ ਮਜ਼ਬੂਤ ਹੋ ਜਾਂਦੀ ਸੀ, ਪਰ ਉਸ ਦੇ ਹੋਣ ਦਾ ਇੱਕ ਦੁਨਿਆਵੀ ਸਬੂਤ ਚਾਹੀਦਾ ਸੀ।
ਕਿਵੇਂ ਲਭਿਆ ਹਿਗਜ਼ ਬੋਸੋਨ
ਹਿਗਜ਼ ਬੋਸੋਨ ਲਗਭਗ ਰੌਸ਼ਨੀ ਦੀ ਰਫ਼ਤਾਰ ਰੱਖਦਾ ਹੈ, ਅਤੇ ਉਸ ਨੂੰ ਫੜ ਸਕਣਾ ਮੁਸ਼ਕਿਲ ਹੈ। ਉਸ ਨੂੰ ਨਜ਼ਰ ਵਿੱਚ ਲਿਆਉਣ ਲਈ ਇੰਨੀ ਸ਼ਕਤੀ ਚਾਹੀਦੀ ਸੀ ਜਿੰਨੀ ਅਰਬਾਂ ਸਾਲ ਪਹਿਲਾਂ ਇਸ ਸੰਸਾਰ ਦੇ ਜਨਮ ਦੇ ਆਲੇ-ਦੁਆਲੇ ਕਦੀ ਮੌਜੂਦ ਰਹੀ ਹੋਵੇਗੀ। ਵਿਗਿਆਨੀਆਂ ਨੇ ਸਰਕਾਰਾਂ ਨੂੰ ਮਨਾਇਆ ਅਤੇ ਜੇਨੇਵਾ ਵਿੱਚ ਯੌਰਪੀਅਨ ਆਰਗੇਨਾਈਜ਼ੇਸ਼ਨ ਫ਼ੌਰ ਨਿਊਕਿਲਿਅਰ ਫ਼ਿਜ਼ਿਕਸ ਵਿੱਚ 10 ਅਰਬ ਡਾਲਰ ਦੀ ਲਾਗਤ ਨਾਲ 27 ਕਿਲੋਮੀਟਰ ਲੰਬੀ ਇੱਕ ਗੋਲਾਕਾਰ ਸੁਰੰਗ ਬਣਾਈ ਜਿਸ ਨੂੰ ਲਾਰਜ ਹਾਇਡ੍ਰੌਨ ਕੋਲਾਈਡਰ ਕਿਹਾ ਗਿਆ। ਇਸ ਕੋਲਾਈਡਰ ਵਿੱਚ ਪ੍ਰਣਮਾਣੂਆਂ ਨੂੰ ਰੌਸ਼ਨੀ ਦੀ ਰਫ਼ਤਾਰ ਵਿੱਚ ਦੌੜਾ ਕੇ ਆਪਸ ਵਿੱਚ ਟਕਰਾਇਆ ਗਿਆ। ਟੱਕਰ ਵਿੱਚੋਂ ਜਿਹੜੀ ਊਰਜਾ ਪੈਦਾ ਹੋਈ ਉਸ ਵਿੱਚ ਕਈ ਕਣ ਵੀ ਪੈਦਾ ਹੋਏ, ਤੇ ਉਦੋਂ ਹੀ ਸੰਕੇਤ ਮਿਲੇ ਕਿ 'ਗੌਡ ਪਾਰਟੀਕਲ' ਵੀ ਕੋਈ ਸ਼ੈਅ ਹੈ। ਵਜੂਦ ਵਿੱਚ ਆਉਂਦੇ ਹੀ ਹਿਗਜ਼ ਬੋਸੋਨ ਖ਼ਤਮ ਹੋ ਗਿਆ ਅਤੇ ਪਿੱਛੇ ਕੇਵਲ ਆਪਣੇ ਨਿਸ਼ਾਨ ਛੱਡ ਗਿਆ।
ਕੀ ਇਹ ਸਬੂਤ ਹੀ ਕਾਫ਼ੀ ਹਨ?
ਨਹੀਂ, ਕਿਉਂਕਿ ਇਹ ਸਿਰਫ਼ ਸੰਕੇਤ ਮਾਤਰ ਹਨ। ਠੋਸ ਸਬੂਤਾਂ ਲਈ ਹਾਲੇ ਵੀ ਕਈ ਸਾਲ ਟੱਕਰਾਂ ਮਾਰਨੀਆਂ ਪੈਣਗੀਆਂ, ਪਰ ਵਿਗਿਆਨੀਆਂ ਨੂੰ ਉੱਮੀਦਾਂ ਬੱਝ ਗਈਆਂ ਲੱਗਦੀਆਂ ਹਨ। ਜੇਕਰ ਗੌਡ ਪਾਰਟੀਕਲ ਨਾ ਮਿਲਦਾ ਤਾਂ ਇਹ ਸਾਰੀ ਥਿਊਰੀ ਹੀ ਅਸਫ਼ਲ ਹੋ ਜਾਂਦੀ। ਕਣਾਂ ਦੀ ਇਸ ਭੀੜ ਵਿੱਚ ਕੋਈ ਵੀ ਸਿਰ-ਪੈਰ ਸਮਝ ਵਿੱਚ ਨਾ ਆਉਂਦਾ। ਵਿਗਿਆਨ ਲਈ ਇਹ ਇੱਕ ਵੱਡਾ ਝੱਟਕਾ ਹੁੰਦਾ। ਗਣਿਤ 'ਤੇ ਵੀ ਕਈ ਸਵਾਲ ਕੀਤੇ ਜਾਂਦੇ।
ਆਖ਼ਰੀ ਸੱਚ ਕੀ ਹੈ?
ਵਿਗਿਆਨ ਕਦੇ ਆਖ਼ਰੀ ਸੱਚ ਤੱਕ ਪਹੁੰਚਣ ਦਾ ਦਾਅਵਾ ਨਹੀਂ ਕਰਦਾ। ਜਿਹੜੀ ਗੱਲ ਇੱਕ ਅਰਬ ਪ੍ਰਯੋਗਾਂ ਨਾਲ ਸਹੀ ਸਾਬਿਤ ਹੋ ਚੁੱਕੀ ਹੋਵੇ, ਉਹ ਹੀ ਇੱਕ ਅਰਬ ਇੱਕਵੇਂ ਪ੍ਰਯੋਗ ਨਾਲ ਗ਼ਲਤ ਸਾਬਿਤ ਹੋ ਸਕਦੀ ਹੈ। ਹਾਲੇ ਵੀ ਕੁੱਝ ਵਿਗਿਆਨੀ ਕਹਿ ਸਕਦੇ ਹਨ ਕਿ ਹਿਗਜ਼ ਬੋਸੋਨ ਆਪਣੇ ਆਪ ਵਿੱਚ ਮੌਲਿਕ ਨਹੀਂ ਸੀ, ਅਤੇ ਜੇ ਉਸ ਥੱਲੇ ਕੋਈ ਦੂਸਰਾ ਕਣ ਹੁੰਦਾ ਤਾਂ ਉਸ ਨੂੰ ਕਿਸੇ ਤਜਰਬੇ ਰਾਹੀਂ ਜਾਣਨ ਲਈ ਇੰਨੀ ਸ਼ਕਤੀ ਚਾਹੀਦੀ ਸੀ ਕਿ ਬਿੱਗਬੈਂਗ (ਉਹ ਵੱਡਾ ਧਮਾਕਾ ਜਿਸ ਨਾਲ ਧਰਤੀ ਦੀ ਪੈਦਾਇਸ਼ ਦੀ ਗੱਲ ਕੀਤੀ ਜਾਂਦੀ ਹੈ) ਜਿਹੇ ਹਾਲਾਤ ਬਣਾਉਣੇ ਪੈਂਦੇ। ਕੋਈ ਵੀ ਕੋਲਾਇਡਰ ਇਹ ਨਹੀਂ ਕਰ ਸਕੇਗਾ।
ਕੀ ਦੁਨੀਆ ਖ਼ਤਮ ਹੋ ਸਕਦੀ ਸੀ?
ਗੌਡ ਪਾਰਟੀਕਲ ਨਾਮ ਨੇ ਇੰਨੀ ਸਨਸਨੀ ਮਚਾਈ ਕਿ ਹਾਇਡ੍ਰੌਨ ਕਲੌਾਈਡਰ ਦੇ ਸ਼ੁਰੂ ਹੁੰਦੇ ਹੀ ਦੁਨੀਆ ਦੇ ਖ਼ਤਮ ਹੋ ਜਾਣ ਦੀ ਗੱਲ ਕੀਤੀ ਜਾ ਰਹੀ ਸੀ। ਅੰਦਾਜ਼ਾ ਇਹ ਸੀ ਕਿ ਇਸ ਟੱਕਰ ਦੌਰਾਨ ਇੱਕ ਕਾਲਾ ਮਘੋਰਾ (ਬਲੈਕ ਹੋਲ) ਬਣ ਜਾਏਗਾ ਜਿਹੜਾ ਦੁਨੀਆ ਨੂੰ ਨਿਗਲ ਜਾਵੇਗਾ। ਜ਼ਾਹਿਰ ਹੈ ਕਿ ਅਜਿਹਾ ਕੁੱਝ ਨਹੀਂ ਹੋਇਆ, ਨਹੀਂ ਤਾਂ ਇਹ ਸੰਪਾਦਕੀ ਵੀ ਨਾ ਲਿਖੀ ਜਾ ਰਹੀ ਹੁੰਦੀ।
ਇੰਡੀਅਨ ਕੋਨੈਕਸ਼ਨ
ਬੋਸੋਨ ਨਾਮ ਭਾਰਤੀ ਵਿਗਿਆਨਕ ਸਤੇਂਦ੍ਰ ਬੋਸ ਦੇ ਨਾਮ ਤੋਂ ਨਿਕਲਿਆ ਹੈ। ਬੋਸ ਅਤੇ ਆਇੰਸਟਾਈਨ ਨੇ ਇੱਕ ਖ਼ਾਸ ਫ਼ਾਰਮੂਲਾ ਪੇਸ਼ ਕੀਤਾ ਸੀ ਜਿਹੜਾ ਕਣਾਂ ਦੀ ਇੱਕ ਵੱਖਰੀ ਪ੍ਰਾਪਰਟੀ ਦੀ ਗੱਲ ਕਰਦਾ ਹੈ। ਅਜਿਹੇ ਕਣ ਬੋਸੋਨ (ਜਾਂ ਰੱਬ) ਕਹਾਉਂਦੇ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਰੱਬ ਲਭ ਗਿਆ?

Currency Converter

Amount:
From:
To:


Gurbani Radio


Gurbani - Sri Harmandir Sahib