
ਜੇਕਰ ਯੂਰੋ 2012 ਦੇ ਫ਼ਾਈਨਲ ਮੈਚ, ਜਿਸ ਵਿੱਚ ਸਪੇਨ ਨੇ ਇਟਲੀ ਨੂੰ 4:0 ਨਾਲ ਰੌਂਦ ਕੇ ਰੱਖ ਦਿੱਤਾ ਸੀ, ਤੋਂ ਸਾਡੇ ਭਾਰਤੀ ਸਿਆਸਦਾਨਾਂ ਲਈ ਘਰ ਲਿਜਾਉਣ ਲਈ ਕੋਈ ਇੱਕ ਵੱਡਾ ਸਬਕ ਹੈ ਤਾਂ ਉਹ ਇਹ ਹੈ ਕਿ ਮਿਲਜੁਲ ਕੇ ਇੱਕ ਟੀਮ ਵਾਂਗ ਖੇਡਣ ਨਾਲ ਜਿੱਤ ਮਿੱਲਦੀ ਹੈ ਅਤੇ ਇੱਕਾ ਦੁੱਕਾ ਸਟਾਰ ਖਿਡਾਰੀਆਂ 'ਤੇ ਨਿਰਭਰਤਾ ਇੱਕ ਖ਼ਤਰਨਾਕ ਜੂਆ ਸਾਬਿਤ ਹੋ ਸਕਦੀ ਹੈ। ਇਹ ਮੈਚ, ਦਰਅਸਲ, 'ਟੀਮ ਭਾਵਨਾ' ਦੀ ਨਿਜੀ ਨਿਪੁੰਨਤਾ 'ਤੇ ਜਿੱਤ ਸੀ। ਗਿਆਰ੍ਹਾਂ, ਲਗਭਗ, ਬਰਾਬਰ ਦੇ ਪ੍ਰਤਿਭਾਵਾਨ ਖਿਡਾਰੀਆਂ ਨੇ ਮਿਲ ਕੇ ਇੱਕ ਅਜਿਹੀ ਆਹਲਾ ਮਸ਼ੀਨ ਵਾਂਗ ਕੰਮ ਕੀਤਾ ਜਿਸ ਨੇ ਇਟਾਲੀਅਨਾਂ ਦੇ ਦੰਦਾਂ ਹੇਠ ਪਸੀਨਾ ਲੈ ਆਉਂਦਾ। ਯੂਕਰੇਨ ਦੇ ਸ਼ਹਿਰ ਕੀਐਫ਼ ਵਿੱਚ, ਪਿਛਲੇ ਐਤਵਾਰ ਅਸੀਂ ਦੇਖਿਆ ਕਿ ਤਾਲ, ਲੈਅ ਤੇ ਮੌਕਿਆਂ ਦੀ ਗ਼ੈਰਮੌਜੂਦਗੀ ਵਿੱਚ ਨਿਜੀ ਪ੍ਰਤਿਭਾ ਦੀ ਕੋਈ ਬੁੱਕਤ ਨਹੀਂ ਰਹਿੰਦੀ।
ਸੱਚ ਮੰਨਿਓ, ਜੇਕਰ ਤੁਸੀਂ ਭਾਰਤੀਆਂ ਨੂੰ ਕਹੋ ਕਿ ਉਹ ਤੁਹਾਨੂੰ ਕਿਸੇ ਇੱਕ ਇਟਾਲੀਅਨ ਖਿਡਾਰੀ ਦਾ ਨਾਮ ਦੱਸਣ ਤਾਂ ਸੰਭਵ ਹੈ ਉਹ ਸਟ੍ਰਾਈਕਰ ਮਾਰੀਓ ਬਾਲੋਤੈਲੀ ਦਾ ਨਾਮ ਲੈਣ। ਇਸ ਨੌਜਵਾਨ ਪੱਠੇ ਨੇ ਇਕੱਲੇ ਆਪਣੇ ਜ਼ੋਰ 'ਤੇ ਜਰਮਨੀ ਖ਼ਿਲਾਫ਼ ਸੈਮੀਫ਼ਾਈਨਲ ਮੈਚ ਵਿੱਚ ਇਟਲੀ ਨੂੰ ਜਿੱਤਵਾ ਦਿੱਤਾ ਸੀ। ਇਕੱਲੇ ਇਸੇ ਖਿਡਾਰੀ ਦੇ ਸਿਰ 'ਤੇ ਇਟਲੀ-ਸਪੇਨ ਦਾ ਫ਼ਾਈਨਲ ਸੰਭਵ ਹੋ ਸੱਕਿਆ। ਪਰ ਜਿਸ ਦਿਨ ਇਟਲੀ ਨੂੰ ਬਾਲੋਤੈਲੀ ਦੀ ਸਭ ਤੋਂ ਵੱਧ ਲੋੜ ਸੀ, ਉਸ ਦਿਨ ਉਹ ਬਿਲਕੁਲ ਅਸਫ਼ਲ ਰਿਹਾ, ਬਹੁਤ ਬੁਰੀ ਤਰ੍ਹਾਂ ਅਸਫ਼ਲ।
ਦੂਜੇ ਪਾਸੇ, ਜੇ ਇਨ੍ਹਾਂ ਹੀ ਭਾਰਤੀਆਂ ਨੂੰ ਕਿਸੇ ਇੱਕ ਸਪੇਨੀ ਖਿਡਾਰੀ ਦਾ ਨਾਮ ਲੈਣ ਨੂੰ ਆਖਿਆ ਜਾਵੇ ਤਾਂ ਸੰਭਵ ਹੈ ਕਿ ਉਨ੍ਹਾਂ ਨੂੰ ਦਿੱਕਤ ਪੇਸ਼ ਆਵੇ। ਇਸ ਦਾ ਕਾਰਨ ਇਹ ਹੈ ਕਿ 'ਲਾ ਰੋਇਆ' (ਸਪੇਨੀ ਟੀਮ ਨੂੰ ਪਿਆਰ ਨਾਲ La Roja ਸੱਦਿਆ ਜਾਂਦਾ ਹੈ) ਦਾ ਕੋਈ ਇੱਕ ਖਿਡਾਰੀ ਉਸ ਦਾ ਸੈਨਾਮੁਖੀ ਨਹੀਂ ਕਹਿਲਾਉਂਦਾ। ਸਾਰੇ ਗਿਆਰ੍ਹਾਂ ਦੇ ਗਿਆਰ੍ਹਾਂ ਹੀ ਬਰਾਬਰ ਦੇ ਮੰਨੇ ਜਾਂਦੇ ਹਨ। ਟੀਮ ਭਾਵਨਾ, ਗ਼ਜ਼ਬ ਦਾ ਤਾਲਮੇਲ, ਛੋਟੇ-ਛੋਟੇ ਪਾਸਾਂ (ਜਿਨ੍ਹਾਂ ਨੇ ਇਟਾਲੀਅਨਾਂ ਦੀ ਭੰਬੀਰੀ ਭੁਆਂ ਦਿੱਤੀ) ਬਿਨਾਂ ਸਪੇਨ ਕਦੇ ਵੀ ਯੂਰੋ ਕੱਪ 2012 ਘਰੇ ਨਾ ਲਿਜਾ ਸਕਦਾ।
ਯੂਰੋ ਫ਼ਾਈਨਲ ਵਿੱਚ ਗਿਆਰ੍ਹਾਂ ਸਪੇਨੀਆਂ ਨੇ ਇਟਾਲੀਅਨਾਂ ਦੇ ਛੱਕੇ ਛੁਡਾ ਦਿੱਤੇ। ਸੈਮੀਫ਼ਾਈਨਲ ਵਿੱਚ ਜਰਮਨਾਂ ਨੂੰ ਇਕੱਲੇ ਮਾਰੀਓ ਬਾਲੋਤੈਲੀ ਨੇ ਨਾਨੀ ਚੇਤੇ ਕਰਵਾ ਦਿੱਤੀ ਸੀ। ਸਪੇਨ ਵੱਲੋਂ ਲਗਾਤਾਰ ਦੋ ਯੂਰੋ ਕੱਪ, ਤੇ ਵਿਚਾਲੇ ਇੱਕ ਵਿਸ਼ਵ ਕੱਪ ਵੀ, ਆਪਣੇ ਖੀਸੇ ਵਿੱਚ ਪਾਉਣ ਨਾਲ ਸ਼ਾਇਦ ਵਿਸ਼ਵ ਭਰ ਦੇ ਫ਼ੁੱਟਬਾਲ ਕੋਚ ਬਹੁਤ ਕੁੱਝ ਵਿਚਾਰਨ 'ਤੇ ਮਜਬੂਰ ਹੋਏ ਹੋਣਗੇ। ਉਨ੍ਹਾਂ ਨੂੰ ਫ਼ੁੱਟਬਾਲ ਦੀ ਖੇਡ ਦੀ ਉਹ ਪੁਰਾਣੀ ਰੱਸਮੀ ਸੋਚ ਤਿਆਗ ਦੇਣੀ ਚਾਹੀਦੀ ਹੈ ਜਿਸ ਤਹਿਤ ਬਾਕੀ ਦੀ ਸਾਰੀ ਟੀਮ ਨੂੰ ਇਹ ਤਾਕੀਦ ਕੀਤੀ ਜਾਂਦੀ ਸੀ ਕਿ ਉਹ ਬਾਲ ਨੂੰ ਖਿੱਚ ਖੁੱਚ ਕੇ ਹਮੇਸ਼ਾਂ ਮਸ਼ਹੂਰ ਸੈਂਟਰ ਫ਼ੌਰਵਰਡਾਂ ਦੇ ਕਦਮਾਂ ਤੱਕ ਲੈ ਆਉਣ ਅਤੇ ਬਾਕੀ ਸਭ ਉਨ੍ਹਾਂ 'ਤੇ ਛੱਡ ਦੇਣ। ਹੁਣ ਉਨ੍ਹਾਂ ਨੂੰ ਬਰਾਬਰੀ ਦਾ ਇੱਕ ਅਜਿਹਾ ਢਾਂਚਾ ਤਿਆਰ ਕਰਨਾ ਚਾਹੀਦਾ ਹੈ ਜਿਹੜਾ ਅੱਧੀ ਦਰਜਨ ਦੇ ਕਰੀਬ ਖਿਡਾਰੀਆਂ ਵਿੱਚੋਂ ਹਰ ਇੱਕ ਨੂੰ ਜੇਤੂ ਗੋਲ ਦਾਗ਼ਣ ਦਾ ਹੱਕ ਦਿੰਦਾ ਹੋਵੇ। ਹੁਣ ਟੀਮ ਦੀ ਸਾਂਝੀ ਕੋਸ਼ਿਸ਼ ਬਨਾਮ ਨਿਜੀ ਨਿਪੁੰਨਤਾ ਦੇ ਇਸ ਰਾਗ ਨੂੰ ਹੋਰ ਅੱਗੇ ਖਿੱਚੇ ਬਿਨਾਂ, ਮੇਰਾ ਦਿਲ ਕਰਦਾ ਹੈ ਕਿ ਮੈਂ ਭਾਰਤ ਵਿੱਚ ਮੌਜੂਦ ਦੋ ਸਿਆਸੀ ਸਮੀਕਰਨਾਂ ਲਈ ਕੁੱਝ ਸਬਕ ਉਲੀਕਾਂ। ਵਾਜਪਈ ਅਤੇ ਅਡਵਾਨੀ ਯੁੱਗ ਤੋਂ ਬਾਅਦ ਦੀ ਬੀ. ਜੇ. ਪੀ. ਅੰਦਰ ਮੌਜੂਦ ਲੀਡਰਸ਼ਿਪ ਸੰਘਰਸ਼ ਦੇ ਮੱਦੇਨਜ਼ਰ ਇਹ ਕਿਹਾ ਜਾਣਾ ਬਣਦਾ ਹੈ ਕਿ ਪਿਛਲੇ ਐਤਵਾਰ ਨੂੰ ਸਪੇਨ ਦੀ ਹੋਈ ਬੇਮਿਸਾਲ ਜਿੱਤ ਤੋਂ ਕੁੱਝ ਪ੍ਰੇਰਨਾ ਲੈਣ ਅਤੇ ਸਿੱਖਣ ਵਿੱਚ ਹੀ ਪਾਰਟੀ ਦੀ ਭਲਾਈ ਹੈ।
ਜੇਕਰ ਨਰੇਂਦ੍ਰ ਮੋਦੀ ਬੀ. ਜੇ. ਪੀ. ਦੇ ਅਗਲੇ ਰਾਸ਼ਟਰੀ ਨੇਤਾ ਵਜੋਂ ਉਭਰਦਾ ਵੀ ਹੈ - ਅਤੇ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪਾਰਟੀ ਨੂੰ ਇਸ ਵੇਲੇ ਕਿਸੇ ਅਜਿਹੇ ਨੇਤਾ ਦੀ ਸਖ਼ਤ ਜ਼ਰੂਰਤ ਹੈ ਜਿਹੜਾ ਉਸ ਦੀ ਰਸਮੀ ਤੌਰ 'ਤੇ ਅਗਵਾਈ ਕਰ ਸਕੇ, ਜਿਵੇਂ 'ਲਾ ਰੋਇਆ' (ਲਾਲ ਸਾਂਢਾਂ) ਨੂੰ ਕਪਤਾਨ ਕਾਸੀਲੀਆਸ ਫ਼ਰਨਾਂਦੇਜ਼ ਦੇ ਰੂਪ ਵਿੱਚ ਮਿਲਿਆ ਸੀ - ਉਸ ਨੂੰ ਬਰਾਬਰ ਦੇ ਕੱਦਾਵਰਾਂ ਵਿੱਚ ਮੋਹਰੀ ਬਣਨ ਤੋਂ ਵੱਧ ਹੋਰ ਕੁੱਝ ਕਰਨ ਦੀ ਲੋੜ ਨਹੀਂ। ਬੀ. ਜੇ. ਪੀ. ਦੇ ਅੱਧੀ ਦਰਜਨ ਦੇ ਕਰੀਬ ਕੇਂਦਰੀ ਨੇਤਾਵਾਂ ਦੀ ਟੀਮ ਨੂੰ ਮਿਲ ਕੇ ਇੱਕ ਜਥੇਬੰਦਕ ਢਾਂਚਾ ਬਣਾਇਆ ਜਾਣਾ ਚਾਹੀਦਾ ਹੈ ਜਿਹੜਾ ਸਾਰੇ ਫ਼ੈਸਲੇ ਸਾਂਝੇ ਤੌਰ 'ਤੇ ਲੈ ਸਕੇ।
ਕਿਉਂਕਿ ਸੰਘ ਸਭਿਆਚਾਰ ਹਮੇਸ਼ਾਂ - ਵਾਜਪਈ ਦੇ ਯੱਗ ਦੌਰਾਨ ਵੀ - ਆਪਸੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੀ ਪ੍ਰੋੜਤਾ ਕਰਨ ਦਾ ਦਾਅਵਾ ਕਰਦਾ ਰਿਹਾ ਹੈ, ਕਿਸੇ ਇੱਕ ਨੇਤਾ ਦੀ ਬਜਾਏ ਇੱਕ ਟੀਮ ਦੀ ਸਾਂਝੀ ਕੋਸ਼ਿਸ਼ 'ਤੇ ਨਿਰਭਰਤਾ ਉਸ ਲਈ ਬਹੁਤੀ ਮੁਸ਼ਕਿਲ ਗੱਲ ਨਹੀਂ ਹੋਣੀ ਚਾਹੀਦੀ। ਹਾਂ, ਮੋਦੀ ਨੂੰ ਬਰਾਬਰ ਦੇ ਕੱਦ ਵਾਲੇ ਨੇਤਾਵਾਂ ਵਿੱਚ ਸਰਦਾਰ ਥਾਪਿਆ ਜਾ ਸਕਦਾ ਹੈ, ਪਰ ਨਿਤਿਨ ਗਡਕਰੀ, ਸੁਸ਼ਮਾ ਸਵਰਾਜ, ਅਰੁਨ ਜੇਤਲੀ, ਰਾਜਨਾਥ ਸਿੰਘ, ਵੈਨਕਈਆ ਨਾਇਡੂ, ਆਦਿ, ਬੀ. ਜੇ. ਪੀ. ਦੇ ਉਹ ਮੁੱਖ ਮੰਤਰੀ ਜਿਹੜੇ ਆਪੋ ਆਪਣੇ ਰਾਜਾਂ ਵਿੱਚ ਵਧੀਆ ਕੰਮ ਕਰ ਰਹੇ ਹਨ ਨੂੰ ਮਿਲਾ ਕੇ ਭਗਵਾ ਪੋਲਿਟਬਿਊਰੋ ਬਣਾਇਆ ਜਾਣਾ ਚਾਹੀਦਾ ਹੈ। ਅਤੇ ਲਾਲ (ਕੌਮਿਊਨਿਸਟ) ਪੋਲਿਟਬਿਊਰੋ ਵਾਂਗ, ਜਿਸ ਨੇ ਜਿਓਤੀ ਬਾਸੂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ 'ਤੇ ਦਸਤਕ ਦੇਣ ਦਾ ਵੀ ਮੌਕਾ ਨਹੀਂ ਦਿੱਤਾ, ਭਗਵੇ ਪਲਿਟਬਿਊਰੋ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਕੱਦਾਵਰ ਤੋਂ ਕੱਦਾਵਰ ਨੇਤਾ ਜਾਂ ਕਪਤਾਨ ਦੀ ਨਕੇਲ ਖਿੱਚ ਸਕੇ। ਦੂਜੇ ਸ਼ਬਦਾਂ ਵਿੱਚ, ਉਹ ਬੀ. ਜੇ. ਪੀ. ਦਾ ਸਾਲਸ ਜਾਂ ਪੰਚ ਹੋਣਾ ਚਾਹੀਦਾ ਹੈ, ਨਾ ਕਿ ਮੋਦੀ ਜਾਂ ਕੋਈ ਹੋਰ ਵਿਅਕਤੀਗਤ ਨੇਤਾ।
ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਸੋਨੀਆ ਗਾਂਧੀ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਪਾਰਟੀ ਦੀ ਕੀਐਫ਼ ਵਿੱਚ ਖੇਡੀ ਇਟਾਲੀਅਨ ਫ਼ੁੱਟਬਾਲ ਟੀਮ ਨਾਲ ਤੁਲਨਾ ਕਰਨ ਦਾ ਲਾਲਚ ਕਾਫ਼ੀ ਬਲਵਾਨ ਹੈ। ਜੇਕਰ ਇਟਲੀ ਵਿੱਚ ਜਨਮੀ ਸੋਨੀਆ ਨੇ ਗਾਂਧੀ ਖ਼ਾਨਦਾਨ ਵਿੱਚ ਆਪਣੀ ਸ਼ਾਦੀ ਕਾਰਨ, ਭਾਰਤ ਨੂੰ ਆਪਣਾ ਘਰ ਬਣਾ ਲਿਆ ਸੀ ਤਾਂ ਘਾਨਾ ਵਿੱਚ ਜਨਮੇ ਬਾਲੋਤੈਲੀ ਨੂੰ ਉਸ ਵੇਲੇ ਇੱਕ ਇਟਾਲੀਅਨ ਜੋੜੇ ਨੇ ਗੋਦ ਲੈ ਲਿਆ ਸੀ ਜਦੋਂ ਉਹ ਕੇਵਲ ਤਿੰਨ ਵਰ੍ਹਿਆਂ ਦਾ ਹੀ ਸੀ। ਉਸ ਦੇ ਘਾਨਾ ਵਿੱਚ ਰਹਿੰਦੇ ਅਸਲੀ ਮਾਤਾ-ਪਿਤਾ ਇੰਨੇ ਗ਼ਰੀਬ ਸਨ ਕਿ ਉਹ ਉਸ ਦੀ ਪਰਵਰਿਸ਼ ਕਰਨ ਤੋਂ ਅਸਮਰਥ ਸਨ। ਪਰ, ਸੋਨੀਆ ਦੇ ਉਲਟ, ਬਾਲੋਤੈਲੀ ਨੇ ਆਪਣੀ ਫ਼ੁੱਟਬਾਲ ਦੀ ਖੇਡ ਨੂੰ ਸਵਾਰਨ ਤੇ ਨਿਖਾਰਨ ਲਈ ਕਰੜੀ ਮਸ਼ੱਕਤ ਕੀਤੀ।
ਛੇਤੀ ਹੀ ਇਟਾਲੀਅਨ ਟੀਮ ਮੈਚ ਜਿੱਤਣ ਲਈ ਬਾਲੋਤੈਲੀ ਦੀ ਅਨਿਯਮਿਤ (ਕਦੇ ਉੱਪਰ, ਕਦੇ ਥੱਲੇ ਹੋਣ ਵਾਲੀ) ਪ੍ਰਤਿਭਾ 'ਤੇ ਬਹੁਤ ਜ਼ਿਆਦਾ ਨਿਰਭਰ ਕਰਨ ਲੱਗ ਪਈ, ਠੀਕ ਉਸੇ ਤਰ੍ਹਾਂ ਜਿਵੇਂ ਕਾਂਗਰਸ ਪਾਰਟੀ ਸੋਨੀਆ ਤੋਂ ਹਮੇਸ਼ਾਂ ਉਸ ਨੂੰ ਚੋਣਾਂ ਜਿੱਤ ਕੇ ਦੇਣ ਦੀ ਉੱਮੀਦ ਰੱਖਦੀ ਹੈ। ਜਦੋਂ ਬਾਲੋਤੈਲੀ ਫ਼ੇਲ੍ਹ ਹੋਣ ਲੱਗਾ, ਇਟਾਲੀਅਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਸੇ ਤਰ੍ਹਾਂ ਜਦੋਂ ਸੋਨੀਆ ਅਸਫ਼ਲ ਹੋਈ (ਆਪਣੇ ਪਾਰਲੀਮਾਨੀ ਹਲਕੇ ਸਮੇਤ), ਜਿਵੇਂ ਬੀਤੀਆਂ ਯੂ. ਪੀ. ਅਸੈਂਬਲੀ ਚੋਣਾਂ ਵਿੱਚ, ਤਾਂ ਕਾਂਗਰਸ ਮੂੰਹ ਭਾਰ ਡਿੱਗ ਪਈ। ਸਹੁੰ ਸੱਚੇ ਰੱਬ ਦੀ, ਬਾਲੋਤੈਲੀ ਇੱਕ ਅਜਿਹੀ ਮਹਾਨ ਪ੍ਰਤਿਭਾ ਹੈ ਪਰ ਉਸ ਨੂੰ ਵੀ ਗੋਲ ਦਾਗ਼ਣ ਲਈ ਆਪਣੇ ਟੀਮ ਮੈਂਬਰਾਂ ਦੀ ਮਦਦ ਲੈਣੀ ਹੀ ਪੈਂਦੀ ਹੈ ਕਿਉਂਕਿ ਹਰ 'ਟੀਮ ਖੇਡ' ਵਾਂਗ ਫ਼ੁੱਟਬਾਲ ਦਾ ਵੀ ਇਹੋ ਕੁਦਰਤੀ ਸੁਭਾਅ ਹੈ।
ਬਾਲੋਤੈਲੀ ਦੇ ਉਲਟ, ਸੋਨੀਆ ਗਾਂਧੀ ਨੇ ਹੁਣ ਤੱਕ ਆਪਣੀ ਕ੍ਰਿਆਸ਼ੀਲਤਾ ਦੇ ਖੇਤਰ (ਸਿਆਸਤ) ਵਿੱਚ ਕਿਸੇ ਗ਼ੈਰਮਾਮੂਲੀ 'ਲੀਡਰਸ਼ਿਪ ਪ੍ਰਤਿਭਾ' ਦਾ ਮੁਜ਼ਾਹਰਾ ਨਹੀਂ ਕੀਤਾ। ਇਸ ਲਈ ਉਸ ਨੂੰ ਆਪਣੀ ਇਕਲੌਤੇ ਕਮਾਂਡੋ ਵਾਲੀ ਉਹ ਪਹੁੰਚ ਤਿਆਗ ਦੇਣੀ ਚਾਹੀਦੀ ਹੈ ਜਿਸ ਦੀ ਵਰਤੋਂ ਇਟਾਲੀਅਨ ਫ਼ੁੱਟਬਾਲ ਕੋਚ ਨੇ ਯੂਰੋ 12 ਦੌਰਾਨ ਕੀਤੀ ਅਤੇ ਜਿਸ ਦਿਨ ਇਸ ਦੇ ਸਫ਼ਲ ਸਾਬਿਤ ਹੋਣ ਦੀ ਸਭ ਤੋਂ ਵੱਧ ਲੋੜ ਸੀ, ਇਹ ਬੁਰੀ ਤਰ੍ਹਾਂ ਪਿੱਟ ਗਈ। ਇਸ ਦੇ ਉਲਟ, ਸੋਨੀਆ ਨੂੰ ਸਪੇਨੀ ਟੀਮ ਦੀ 'ਟੀਮ ਪਹੁੰਚ' ਨੂੰ ਅਪਨਾਉਣਾ ਚਾਹੀਦਾ ਹੈ। ਸਿਆਸਤ, ਫ਼ੁੱਟਬਾਲ ਤੋਂ ਵੀ ਕਿਤੇ ਵੱਧ, ਲੋਕਾਂ ਦਾ ਨਾਮ ਹੈ, ਟੀਮ ਕੋਸ਼ਿਸ਼ ਦਾ ਨਾਮ ਹੈ, ਸਭ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਨਾਮ ਹੈ। ਨਹਿਰੂ-ਗਾਂਧੀ ਨਾਮ ਦੀ ਅਪੀਲ ਦੇ ਤੇਜ਼ੀ ਨਾਲ ਲੱਗ ਰਹੇ ਖੋਰੇ ਦੇ ਮੱਦੇਨਜ਼ਰ, ਭਾਰਤ ਦੀ ਸਭ ਤੋਂ ਪੁਰਾਣੀ (ਮਹਾਨ) ਪਾਰਟੀ ਦੇ ਵਾਹਦ ਸਾਲਸ ਬਣਨ ਦਾ ਸਮਾਂ ਹੁਣ ਵਿਹਾ ਚੁੱਕਾ ਹੈ।
ਸਪੇਨੀ ਫ਼ੁੱਟਬਾਲ ਟੀਮ ਵਾਂਗ ਹੀ ਕਾਂਗਰਸ ਪ੍ਰਧਾਨ ਨੂੰ ਵੀ ਆਪਣੇ ਸੀਨੀਅਰ ਸਹਿਯੋਗੀਆਂ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ, ਦੇ ਸਹਿਯੋਗ ਨਾਲ ਆਪਣੀ ਮਰ ਰਹੀ ਜਥੇਬੰਦੀ ਵਿੱਚ ਨਵਾਂ ਜੀਵਨ ਫੂਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।