Thursday, 19 July 2012 06:30
Print PDF

ਮਹਾਂਕਾਵਿ ਰਮਾਇਣ ਵਿੱਚ ਰਾਮ ਨੂੰ ਇੱਕ ਕਮਾਨ ਕੱਸਣ ਲਈ ਕਿਹਾ ਗਿਆ। ਇਹ ਇੱਕ ਅਜਿਹੀ ਮਹਾਨ ਉਪਲਬਧੀ ਹੁੰਦੀ ਜਿਹੜੀ ਉਸ ਨੂੰ ਸੀਤਾ ਨਾਲ ਵਿਆਹ ਰਚਾਉਣ ਦਾ ਇਖ਼ਤਿਆਰ ਦੇ ਦਿੰਦੀ। ਪਰ ਰਾਮ ਨੇ ਉਸ ਕਮਾਨ ਨੂੰ ਇੰਨੇ ਜ਼ੋਰ ਨਾਲ ਕੱਸਿਆ ਕਿ ਉਹ ਟੁੱਟ ਗਈ। ਕਿਉਂਕਿ ਉਸ ਵੇਲੇ ਤੱਕ ਕੋਈ ਵੀ ਮਹਾਰਥੀ ਇਸ ਕਮਾਨ ਨੂੰ ਚੁੱਕ ਤੱਕ ਨਹੀਂ ਸੀ ਸੱਕਿਆ, ਸੀਤਾ ਦੇ ਪਿਤਾ ਰਾਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਾਮ ਨੂੰ ਆਪਣੇ ਜਵਾਈ ਦੇ ਤੌਰ 'ਤੇ ਸਵੀਕਾਰ ਕਰ ਲਿਆ। ਹੁਣ ਤੱਕ ਇਹ ਸਮਝ ਵਿੱਚ ਨਹੀਂ ਆਇਆ ਕਿ ਰਾਮ, ਜੋ ਕਿ ਆਪਣੀ ਆਗਿਆਕਾਰਤਾ ਲਈ ਜਾਣਿਆ ਜਾਂਦਾ ਸੀ, ਨੇ ਕਮਾਨ ਕੱਸਣ ਦੀ ਬਜਾਏ ਤੋੜ ਕਿਵੇਂ ਦਿੱਤੀ। ਕਮਾਨ, ਪੁਰਾਣੇ ਵੇਲਿਆਂ ਵਿੱਚ, ਬਾਦਸ਼ਾਹਤ ਦਾ ਇੱਕ ਚਿੰਨ੍ਹ ਹੁੰਦੀ ਸੀ। ਇਹ ਤਾਕਤ ਦੇ ਤਵਾਜ਼ਨ ਦਾ ਸੰਕੇਤ ਸੀ, ਨਾ ਬਹੁਤੀ ਢਿੱਲੀ, ਨਾ ਬਹੁਤੀ ਕਸਵੀਂ। ਤੇ ਰਾਮ, ਜੋ ਕਿ ਇੱਕ ਮਿਸਾਲੀ ਰਾਜਾ ਸੀ, ਨੇ ਆਪਣੀ ਜਵਾਨੀ ਦੇ ਜੋਸ਼ ਵਿੱਚ ਕਮਾਨ ਹੀ ਤੋੜ ਸੁੱਟੀ। ਇਸ ਦਾ ਨਿਰਸੰਦੇਹ ਕੋਈ ਨਾ ਕੋਈ ਮਤਲਬ ਰਿਹਾ ਹੋਵੇਗਾ। ਇਹ ਕੋਈ ਆਮ ਕਮਾਨ ਨਹੀਂ ਸੀ: ਇਹ ਇੱਕ ਮਹਾਨ ਸਾਧੂ ਸ਼ਿਵ ਦੀ ਕਮਾਨ ਸੀ।
ਰਾਮ ਦੇ ਪਿਤਾ ਨੇ ਆਪਣੀ ਪਤਨੀ ਸਾਹਮਣੇ ਇਹ ਫ਼ੈਸਲਾ ਕੀਤਾ ਕਿ ਹੁਣ ਉਸ ਦਾ ਪੁੱਤਰ, ਰਾਮ, ਇੰਨਾ ਵੱਡਾ ਹੋ ਚੁੱਕਾ ਹੈ ਕਿ ਉਹ ਰਾਜਕਾਜ ਦਾ ਭਾਰ ਸੰਭਾਲ ਲਵੇ। ਸੋ ਰਾਮ ਦੇ ਪਿਤਾ ਨੇ ਆਪਣੇ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ। ਅਫ਼ਸੋਸ ਨਾਲ, ਰਾਮ ਦੀ ਗੱਦੀਨਸ਼ੀਨੀ ਮਿਥੇ ਸਮੇਂ ਅਨੁਸਾਰ ਨਾ ਹੋ ਸਕੀ। ਰਾਜਮਹਿਲ ਦੀਆਂ ਸਿਆਸਤਾਂ ਨੇ ਰਾਮ ਨੂੰ ਜੰਗਲ ਵਿੱਚ ਬਨਵਾਸ 'ਤੇ ਜਾਣ ਲਈ ਮਜਬੂਰ ਕਰ ਦਿੱਤਾ। ਕੀ ਕਮਾਨ ਤੋੜਨ ਅਤੇ ਬਾਦਸ਼ਾਹਤ ਤੋਂ ਨਕਾਰੇ ਜਾਣ ਵਿੱਚ ਕੋਈ ਖ਼ਾਸ ਸਬੰਧ ਸੀ? ਮਹਾਂਕਾਵਿ ਰਮਾਇਣ ਇਸ 'ਤੇ ਖ਼ਾਮੋਸ਼ ਹੈ। ਕਿਸੇ ਬੁੱਧੀਜੀਵੀ ਨੇ ਵੀ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ। ਪਰ ਇਹ ਸਵਾਲ ਦਿਲਚਸਪ ਹੈ। ਆਖ਼ਿਰ, ਹਿੰਦੂ ਮਿਥਿਹਿਾਸ ਵਿੱਚ ਹਰ ਚੀਜ਼ ਸੰਕੇਤਾਤਮਕ ਹੈ, ਅਤੇ ਰਾਮ ਦੀ ਇਸ ਕਹਾਣੀ ਵਿੱਚ ਵੀ ਕੋਈ ਨਾ ਕੋਈ ਮਤਲਬ ਜ਼ਰੂਰ ਛੁੱਪਿਆ ਹੋਵੇਗਾ ਜਿਸ ਨੂੰ ਸਮਝਣ ਦੀ ਲੋੜ ਹੈ।
ਰਾਮ ਵੱਲੋਂ ਸ਼ਿਵ ਦੀ ਕਮਾਨ ਨੂੰ ਤੋੜਿਆ ਜਾਣਾ ਦੁਨਿਆਵੀ ਲਗਾਅ ਦਾ ਪ੍ਰਤੀਕ ਹੈ ਤੇ ਸ਼ਿਵ ਵੈਰਾਗ ਤੇ ਵਿਛੋੜੇ ਦਾ ਰੱਬ ਕਹਿਲਾਉਂਦਾ ਹੈ। ਕੀ ਇਹੀ ਕਾਰਨ ਸੀ ਕਿ ਰਾਮ ਨੂੰ 14 ਸਾਲ ਲਈ ਬਨਵਾਸ ਕੱਟਣਾ ਪਿਆ? ਕੀ ਇਹ ਬਨਵਾਸ ਉਸ ਨੂੰ ਤਿਆਗ ਕਰਨਾ ਸਿਖਾਉਣ ਦੀ ਕੋਈ ਵਿਉਂਤ ਸੀ?
ਜ਼ਰਾ ਸੋਚੋ ਕਿ ਰਾਮ ਨੇ 14 ਸਾਲਾਂ ਦੇ ਬਨਵਾਸ ਦੌਰਾਨ, ਰਾਵਣ ਤੋਂ ਆਪਣੀ ਪਤਨੀ ਸੀਤਾ ਨੂੰ ਛੁਡਾਉਣ ਤੋਂ ਬਾਅਦ ਕਿਸ ਤਰ੍ਹਾਂ ਦੇ ਨਿਰਮੋਹੇਪਨ ਦਾ ਮੁਜ਼ਾਹਰਾ ਕੀਤਾ। ਉਹ ਰਾਵਣ ਨੂੰ ਮਾਰਨ ਉਪਰੰਤ ਆਪਣੀ ਪਤਨੀ ਸੀਤਾ ਨੂੰ ਕਹਿੰਦਾ ਹੈ, ''ਮੈਂ ਰਾਵਣ ਤੋਂ ਤੈਨੂੰ ਛੁਡਾਉਣ ਲਈ ਨਹੀਂ ਉਸ ਨੂੰ ਨਹੀਂ ਮਾਰਿਆ, ਸਗੋਂ ਆਪਣੀ ਪਰਿਵਾਰਕ ਮਰਿਆਦਾ ਕਾਇਮ ਰੱਖਣ ਲਈ ਮਾਰਿਆ ਹੈ।" ਇਹ ਤਾਂ ਇੰਝ ਹੋਇਆ ਜਿਵੇਂ ਕਿਸੇ ਰਾਜੇ ਲਈ ਆਪਣੀ ਪਤਨੀ ਪ੍ਰਤੀ ਕਿਸੇ ਕਿਸਮ ਦਾ ਮੋਹ ਦਿਖਾਉਣਾ ਇੱਕ ਗ਼ੁਨਾਹ ਹੋਵੇ। ਦੁਨਿਆਵੀ ਚੀਜ਼ਾਂ ਪ੍ਰਤੀ ਉਸ ਨੇ ਆਪਣਾ ਮੋਹ ਤੇ ਜੋਸ਼ ਇੱਕ ਵਾਰ ਉਦੋਂ ਦਿਖਾਇਆ ਸੀ ਜਦੋਂ ਉਸ ਨੇ ਸ਼ਿਵ ਦੀ ਕਮਾਨ ਤੋੜ ਦਿੱਤੀ ਸੀ। ਉਹ ਹੁਣ ਆਪਣੀ ਪਤਨੀ ਪ੍ਰਤੀ ਉਹੋ ਜਿਹਾ ਹੀ ਮੋਹ ਨਹੀਂ ਦਿਖਾਉਣਾ ਚਾਹੁੰਦਾ ਸੀ।
ਪੁਰਾਣੇ ਸਮਿਆਂ ਦੇ ਗਿਆਨੀ ਆਪਣੇ ਰਾਜਿਆਂ ਤੋਂ ਅਜਿਹੇ ਹੀ ਤਿਆਗ ਦੀ ਮੰਗ ਕਰਦੇ ਸਨ। ਬਾਦਸ਼ਾਹਤ ਪਰਿਵਾਰਾਂ ਨਾਲੋਂ ਕਿਤੇ ਉੱਪਰ ਸਮਝੀ ਜਾਂਦੀ ਸੀ। ਇਸੇ ਕਾਰਨ ਰਾਮ ਨੂੰ ਅੱਜ ਪੂਜਿਆ ਜਾਂਦਾ ਹੈ। ਅੱਜ ਅਸੀਂ ਇਸ ਫ਼ਲਸਫ਼ੇ ਨਾਲ ਬੇਸ਼ੱਕ ਸਹਿਮਤ ਨਾ ਹੋਈਏ, ਪਰ ਇਹ ਸਪਸ਼ਟ ਹੈ ਕਿ ਮਹਾਂਕਾਵਿ ਰਮਾਇਣ ਬਨਵਾਸ ਨੂੰ ਇੱਕ ਤ੍ਰਾਸਦੀ ਦੇ ਤੌਰ 'ਤੇ ਨਹੀਂ ਦੇਖਦਾ ਸਗੋਂ ਇੱਕ ਅਜਿਹੇ ਕਾਰਜਕਾਲ ਦੇ ਤੌਰ 'ਤੇ ਦੇਖਦਾ ਹੈ ਜਿਸ ਦੌਰਾਨ ਇਨਸਾਨ ਪਰਿਪੱਕ ਹੁੰਦਾ ਹੈ। ਇੰਨਾ ਪਰਿਪੱਕ ਕਿ ਬਨਵਾਸ ਦੇ ਤਿਆਗ ਤੋਂ ਬਾਅਦ ਹੀ ਉਹ ਰਾਜ ਕਰਨ ਦੇ ਕਾਬਿਲ ਮੰਨਿਆ ਜਾਂਦਾ ਹੈ।
ਜੰਗਲ ਵਿੱਚ 'ਸਿਆਣੇ' ਬਣਨ ਦਾ ਇਹੀ ਥੀਮ ਮਹਾਂਭਾਰਤ ਵਿੱਚ ਵੀ ਦੋਹਰਾਇਆ ਗਿਆ। ਕ੍ਰਿਸ਼ਨ ਪਾਂਡਵ ਭਰਾਵਾਂ ਦੀ ਇੰਦਰਪਸਥ 'ਤੇ ਬਾਦਸ਼ਾਹਤ ਕਾਇਮ ਕਰਨ ਵਿੱਚ ਮਦਦ ਕਰਦਾ ਹੈ। ਪਰ ਉਹ ਪੰਜੇ ਭਰਾ ਆਪਣੀ ਮੂਰਖਤਾ ਵੱਸ ਕ੍ਰਿਸ਼ਨ ਦੀ ਗ਼ੈਰਹਾਜ਼ਰੀ ਵਿੱਚ ਆਪਣਾ ਰਾਜਕਾਜ ਜੂਏ ਵਿੱਚ ਹਾਰ ਜਾਂਦੇ ਹਨ - ਇੱਕ ਅਜਿਹਾ ਅਪਰਾਧ ਜਿਸ ਲਈ ਉਨ੍ਹਾਂ ਨੂੰ 13 ਸਾਲ ਦਾ ਬਨਵਾਸ ਕੱਟਣਾ ਪੈਂਦਾ ਹੈ। ਜਦੋਂ ਯੁਧਿਸ਼ਟਰ ਆਪਣੀ ਕਿਸਮਤ 'ਤੇ ਰੋਂਦਾ ਹੈ ਤਾਂ ਕੁੱਝ ਸਨਿਆਸੀ ਉਸ ਨੂੰ ਰਾਮ ਦੇ 14 ਸਾਲ ਦੇ ਬਨਵਾਸ ਦੀ ਕਹਾਣੀ ਸੁਣਾਉਂਦੇ ਹਨ। ਉਹ ਯੁਧਿਸ਼ਟਰ ਨੂੰ ਦੱਸਦੇ ਹਨ ਕਿ ਰਾਮ ਨੇ ਪਾਂਡਵ ਭਰਾਵਾਂ ਤੋਂ ਇੱਕ ਸਾਲ ਵੱਧ ਦਾ ਬਨਵਾਸ ਕੱਟਿਆ ਸੀ, ਅਤੇ ਇਸ ਸਜ਼ਾ ਲਈ ਉਸ ਦਾ ਕੋਈ ਦੋਸ਼ ਵੀ ਨਹੀਂ ਸੀ। ਉਸ ਨੇ ਕਿਹੜਾ ਕੋਈ ਜੂਆ ਖੇਡਿਆ ਸੀ? ਉਨ੍ਹਾਂ ਸਨਿਆਸੀਆਂ ਨੇ ਪਾਂਡਵਾਂ ਨੂੰ ਕਿਹਾ ਕਿ ਉਹ ਰੋਣ ਧੋਣ ਦੀ ਬਜਾਏ ਇਨ੍ਹਾਂ ਬਨਵਾਸੀ ਸਾਲਾਂ ਦੌਰਾਨ ਕੁੱਝ ਕੀਮਤੀ ਸਬਕ ਸਿੱਖਣ ਦੀ ਕੋਸ਼ਿਸ਼ ਕਰਨ।
ਤੇ ਸਬਕ ਉਨ੍ਹਾਂ ਸਿੱਖੇ ਵੀ: ਅਰਜੁਨ ਨੇ ਇੱਕ ਆਮ ਸ਼ਿਕਾਰੀ ਹੱਥੋਂ ਹਾਰ ਕੇ ਨਿਮਰਤਾ ਸਿੱਖੀ, ਭੀਮ ਨੇ ਇੱਕ ਬੁੱਢੇ ਬਾਂਦਰ ਦੀ ਪੂਛ ਚੁੱਕਣ ਤੋਂ ਨਾਕਾਮ ਰਹਿਣ 'ਤੇ ਨਿਮਰਤਾ ਸਿੱਖੀ ਅਤੇ ਬਾਕੀ ਦੇ ਭਰਾਵਾਂ ਨੇ ਨੌਕਰਾਂ ਵਾਂਗ ਜੀਵਨ ਗੁਜ਼ਾਰਨ 'ਤੇ ਮਜਬੂਰ ਹੋਣ ਤੋਂ ਬਾਅਦ ਨਿਮਰਤਾ ਸਿੱਖੀ। ਪੰਜੋ ਪਾਂਡਵ ਬੰਧੂਆਂ ਵੱਲੋਂ ਇਹ ਸਬਕ ਸਿੱਖੇ ਜਾਣ ਤੋਂ ਬਾਅਦ ਹੀ ਕ੍ਰਿਸ਼ਨ ਨੇ ਉਨ੍ਹਾਂ ਦੀ ਦੁਸ਼ਮਣਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਮਦਦ ਕੀਤੀ।
ਇਨਸਾਨ ਦੀ ਵਧਦੀ ਉਮਰ 'ਤੇ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਜਾਰੀ ਹੈ
ਇਸ ਸੰਸਾਰ ਵਿੱਚ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ। ਹਰ ਜ਼ਮਾਨੇ ਵਿੱਚ ਲੋਕ ਬੁਢਾਪੇ ਤੋਂ ਬਚਣ ਦੇ ਤਰੀਕੇ ਲੱਭਦੇ ਰਹਿੰਦੇ ਹਨ। ਅਜੋਕਾ ਵਿਗਿਆਨ ਵੀ ਬੁਢਾਪੇ ਦੀ ਪ੍ਰਕਿਰਿਆ ਰੋਕਣ ਜਾਂ ਇਸ ਦੀ ਰਫ਼ਤਾਰ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਇਸ ਕਾਰਜ ਲਈ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਕਈ ਤਰ੍ਹਾਂ ਦੀਆਂ ਖੋਜਾਂ ਜਾਰੀ ਹਨ। ਕੁੱਝ ਵਿਗਿਆਨਕ ਇਹ ਪਤਾ ਲਗਾ ਰਹੇ ਹਨ ਕਿ ਕੀ ਕੋਈ ਇਸ ਤਰ੍ਹਾਂ ਦਾ ਉਪਾਅ ਹੋ ਸਕਦਾ ਹੈ ਜਿਸ ਨਾਲ ਲੰਬੀ ਉਮਰ ਜੀਣ ਵਾਲੇ ਦੂਜੇ ਜੀਵ-ਜੰਤੂਆਂ ਵਿੱਚ ਮਿਲਣ ਵਾਲੇ ਲੰਬੀ ਉਮਰ ਦੇ ਕਣਾਂ ਦਾ ਲਾਭ ਮਨੁੱਖਾਂ ਨੂੰ ਵੀ ਮਿਲ ਸਕੇ।
ਕੁੱਝ ਹੋਰ ਵਿਗਿਆਨਕ ਹਰ ਰੋਜ਼ ਦੇ ਭੋਜਨ ਵਿੱਚ 'ਕੈਲੋਰੀਜ਼' ਦੀ ਮਾਤਰਾ ਘਟਾ ਕੇ ਉਮਰ ਵਧਾਉਣ ਦੇ ਪ੍ਰਯੋਗਾਂ ਵਿੱਚ ਵਿਅਸਤ ਹਨ। ਇਨ੍ਹਾਂ ਪ੍ਰਯੋਗਾਂ ਤੋਂ ਪਤਾ ਚੱਲਿਆ ਹੈ ਕਿ ਨਿਯਮਿਤ ਭੋਜਨ ਤੋਂ ਪ੍ਰਾਪਤ ਹੋਣ ਵਾਲੀਆਂ ਕੈਲੋਰੀਜ਼ ਵਿੱਚ 40 ਪਰਤੀਸ਼ਤ ਦੀ ਕਟੌਤੀ ਕਰਨ ਨਾਲ ਆਦਮੀ ਦੀ ਉਮਰ 20 ਸਾਲ ਤੱਕ ਵੱਧ ਸਕਦੀ ਹੈ। ਇਸ ਖੋਜ ਨਾਲ ਜੁੜੇ ਡਾ. ਪਾਈਪਰ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਚੂਹੇ ਦੇ ਭੋਜਨ ਵਿੱਚ 40 ਪ੍ਰਤੀਸ਼ਤ ਦੀ ਕਟੌਤੀ ਕਰ ਦਿਓ ਤਾਂ ਉਹ 20 ਤੋਂ 30 ਪ੍ਰਤੀਸ਼ਤ ਵੱਧ ਜੀ ਸਕਦਾ ਹੈ। ਇਸੇ ਤਰ੍ਹਾਂ ਸ਼ਾਇਦ ਮਨੁੱਖ ਦੇ ਜੀਵਨ ਵਿੱਚ ਵੀ 20 ਸਾਲ ਦਾ ਵਾਧਾ ਕੀਤਾ ਜਾ ਸਕੇ। ਕਈ ਦੂਸਰੇ ਜੀਵ-ਜੰਤੂਆਂ ਉੱਪਰ ਕੀਤੇ ਗਏ ਪ੍ਰਯੋਗਾਂ ਵਿੱਚ ਵੀ ਇਹ ਗੱਲ ਦੇਖੀ ਜਾ ਚੁੱਕੀ ਹੈ।
ਹਾਲ ਹੀ ਵਿੱਚ ਕੁੱਝ ਹੋਰ ਵਿਗਿਆਨਕਾਂ ਦਾ ਧਿਆਨ ਪੂਰਵੀ ਅਫ਼ਰੀਕਾ ਵਿੱਚ ਮਿਲਣ ਵਾਲੇ ਚੂਹੇ ਦੇ ਇੱਕ ਅਨੋਖੇ ਰਿਸ਼ਤੇਦਾਰ ਵੱਲ ਗਿਆ। 'ਨੇਕੇਡ ਮੋਲ ਰੈਟ' ਨਾਮ ਦਾ ਇਹ ਚੂਹਾ 10 ਤੋਂ 30 ਸਾਲ ਤੱਕ ਜੀਵਤ ਰਹਿੰਦਾ ਹੈ, ਜਦੋਂ ਕਿ ਆਮ ਚੂਹੇ ਦੀ ਔਸਤ ਉਮਰ ਤਿੰਨ ਸਾਲ ਹੁੰਦੀ ਹੈ। ਵਿਗਿਆਨਕਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਹੈ ਕਿ ਚੂਹੇ ਦੀ ਇਸ ਕਿਸਮ ਨੇ ਇੰਨੀ ਲੰਬੀ ਉਮਰ ਕਿਵੇਂ ਹਾਸਿਲ ਕਰ ਲਈ। ਮਨੁੱਖੀ ਸ਼ਰੀਰ ਦੀ ਤੁਲਨਾ ਵਿੱਚ ਇਸ ਚੂਹੇ ਦੇ ਸ਼ਰੀਰ 'ਤੇ ਵੱਧਦੀ ਉਮਰ ਦਾ ਪ੍ਰਭਾਵ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ। ਇਹ ਜੀਵ ਆਪਣੇ ਪੂਰੇ ਜੀਵਨ ਦੌਰਾਨ ਆਪਣੀ ਬੌਧਿਕ ਯੋਗਤਾ, ਜਣਨ ਕਾਬਲੀਅਤ ਅਤੇ ਬੋਨ ਹੈਲਥ (ਸਿਹਤਮੰਦ ਹੱਡੀਆਂ) ਬਣਾਈ ਰੱਖਦਾ ਹੈ।
ਅਮਰੀਕੀ ਅਤੇ ਇਜ਼ਰਾਇਲੀ ਰਿਸਰਚਰਾਂ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਛੋਟੇ ਜਿਹੇ ਦੁਧਾਰੂ ਜੀਵ ਦੀ ਇੰਨੀ ਲੰਬੀ ਉਮਰ ਦਾ ਰਾਜ਼ ਕੀ ਹੈ। ਉਨ੍ਹਾਂ ਨੂੰ ਪਤਾ ਚੱਲਿਆ ਕਿ ਨੇਕੇਡ ਮੋਲ ਰੈਟ ਵਿੱਚ ਐਨ. ਆਰ. ਜੀ. - 1 ਨਾਮਕ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਇੱਕ ਗ਼ੈਰਮਾਮੂਲੀ ਵਰਤਾਰਾ ਹੈ। ਤੈਲ ਅਵੀਵ ਯੁਨੀਵਰਸਿਟੀ ਦੇ ਡਾ. ਡੌਰਥੀ ਹਚਨ, ਯੁਨੀਵਰਸਿਟੀ ਔਫ਼ ਟੈਕਸਸ ਦੀ ਪ੍ਰੋ. ਰੋਸ਼ੋਲੀ ਬਫ਼ੇਨਸਟੀਨ ਅਤੇ ਨਿਊ ਯੌਰਕ ਸਿਟੀ ਕਾਲਜ ਦੀ ਡਾ. ਯੇਲ ਐਂਡ੍ਰੀ - ਤਿੰਨੋਂ ਮਿਲ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਨੇਕੇਡ ਮੋਲ ਰੈਟ ਦੀ 30 ਸਾਲ ਦੀ ਉਮਰ ਪਿੱਛੇ ਕਿਤੇ ਉਸ ਦੇ ਸ਼ਰੀਰ ਵਿੱਚ ਮਿਲਣ ਵਾਲੇ ਐਨ. ਆਰ. ਜੀ. - 1 ਪ੍ਰੋਟੀਨ ਦੀ ਬਹੁਤਾਤ ਦਾ ਹੱਥ ਤਾਂ ਨਹੀਂ। ਇਹ ਦੇਖਦੇ ਹੋਏ ਕਿ ਚੂਹਿਆਂ ਤੇ ਮਨੁੱਖਾਂ ਦੇ ਜੀਨਾਂ ਵਿੱਚ 85 ਪ੍ਰਤੀਸ਼ਤ ਸਮਾਨਤਾ ਹੁੰਦੀ ਹੈ, ਨੇਕੇਡ ਮੋਲ ਰੈਟ ਸਾਨੂੰ ਲੰਬੇ ਤੇ ਸਿਹਤਮੰਦ ਜੀਵਨ ਦਾ ਰਹੱਸ ਦੇ ਸਕਦਾ ਹੈ।
ਰਿਸਰਚਰਾਂ ਨੇ ਮੋਲ ਰੈਟ ਦੇ ਡੀ. ਐਨ. ਏ. ਦੀ ਤੁਲਨਾ ਚੂਹਿਆਂ ਦੀਆਂ ਦੂਸਰੀਆਂ ਕਿਸਮਾਂ ਨਾਲ ਵੀ ਕੀਤੀ ਹੈ। ਉਨ੍ਹਾਂ ਨੇ ਐਨ. ਆਰ. ਜੀ. - 1 ਦਾ ਸਿੱਧਾ ਸਬੰਧ ਲੰਬੀ ਉਮਰ ਨਾਲ ਪਾਇਆ ਹੈ। ਇਨ੍ਹਾਂ ਤਿੰਨਾਂ ਮਹਿਲਾ ਵਿਗਿਆਨਕਾਂ ਨੇ ਜਾਨਵਰਾਂ ਦੀਆਂ ਜਿਨ੍ਹਾਂ ਕਿਸਮਾਂ ਦਾ ਅਧਿਅਨ ਕੀਤਾ ਹੈ, ਉਨ੍ਹਾਂ ਵਿੱਚੋਂ ਸਿਰਫ਼ ਨੇਕੇਡ ਮੋਲ ਰੈਟ ਵਿੱਚ ਹੀ ਇਸ ਪ੍ਰੋਟੀਨ ਦੀ ਇੰਨੀ ਮਾਤਰਾ ਲਭੀ ਹੈ ਅਤੇ ਉਨ੍ਹਾਂ ਦੀ ਸਾਰੀ ਉਮਰ ਦੌਰਾਨ ਇਹ ਸਥਾਈ ਰੂਪ ਵਿੱਚ ਕਾਇਮ ਰਹਿੰਦਾ ਹੈ। ਉਨ੍ਹਾਂ ਨੂੰ ਆਪਣੀ ਖੋਜ ਦੌਰਾਨ ਪਤਾ ਚੱਲਿਆ ਕਿ ਇਨ੍ਹਾਂ ਚੂਹਿਆਂ ਦੇ ਜੀਵਨਕਾਲ ਦੌਰਾਨ ਇਸ ਪ੍ਰੋਟੀਨ ਦਾ ਲੈਵਲ ਇੱਕੋ ਜਿਹਾ ਬਣਿਆ ਰਹਿੰਦਾ ਹੈ।
ਐਨ. ਆਰ. ਜੀ. - 1 ਪ੍ਰੋਟੀਨ 'ਬ੍ਰੇਨ ਸੇਰਿਬਲਮ' ਵਿੱਚ ਜਮ੍ਹਾ ਰਹਿੰਦਾ ਹੈ। ਸਾਡੇ ਦਿਮਾਗ ਦਾ ਇਹ ਹਿੱਸਾ ਮੋਟਰ ਕੰਟ੍ਰੋਲ ਯਾਨੀ ਸਾਡੀ ਹਲਚਲ (ਮੂਵਮੈਂਟਸ) ਦੇ ਨਿਯੰਤ੍ਰਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਪ੍ਰੋਟੀਨ ਨਿਯੂਰੌਨਜ਼ ਦੀ ਰੱਖਿਆ ਕਰਦਾ ਹੈ ਅਤੇ ਦਿਮਾਗ ਦੇ ਸਿਹਤਮੰਦ ਤੇ ਸੁਚਾਰੂ ਢੰਗ ਨਾਲ ਚੱਲਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰੋ. ਬਫ਼ੇਨਸਟੀਨ ਅਤੇ ਐਂਡ੍ਰੀ ਨੇ ਇੱਕ ਦਿਨ ਦੀ ਉਮਰ ਤੋਂ ਲੈ ਕੇ 26 ਸਾਲ ਦੀ ਉਮਰ ਵਾਲੇ ਤੱਕ ਮੋਲ ਰੈਟ ਦੀ ਆਬਾਦੀ ਵਿੱਚ ਐਨ. ਆਰ. ਜੀ. - 1 ਦੇ ਲੈਵਲ ਦੀ ਮਾਨਿਟਰਿੰਗ ਕੀਤੀ। ਉਨ੍ਹਾਂ ਇਹ ਦੇਖ ਕੇ ਹੈਰਾਨੀ ਹੋਈ ਕਿ ਉਨ੍ਹਾਂ ਦੇ ਪੂਰੇ ਜੀਵਨਕਾਲ ਦੌਰਾਨ ਇਸ ਪ੍ਰੋਟੀਨ ਦੀ ਸਪਲਾਈ ਹਮੇਸ਼ਾਂ ਇੱਕੋ ਜਿਹੀ ਬਣੀ ਰਹੀ। ਸ਼ਾਇਦ ਇਹੀ ਕਾਰਨ ਹੈ ਕਿ ਨੇਕੇਡ ਮੋਲ ਰੈਟ ਇੰਨੇ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਜੀਊਂਦਾ ਹੈ।
ਡਾ. ਹਚਨ ਨੇ ਮੋਲ ਰੈਟ ਸਮੇਤ ਚੂਹਿਆਂ ਦੀਆਂ ਸੱਤ ਵੱਖੋ ਵੱਖਰੀਆਂ ਕਿਸਮਾਂ 'ਤੇ ਅਧਿਅਨ ਕੀਤਾ। ਉਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਉਮਰ ਅਤੇ ਐਨ. ਆਰ. ਜੀ. - 1 ਲੈਵਲ ਦਾ ਸਬੰਧ ਸਿਰਫ਼ ਮੋਲ ਰੈਟ ਵਿੱਚ ਦੇਖਿਆ ਗਿਆ ਹੈ। ਇਹ ਖੋਜ ਏਜਿੰਗ ਯਾਨੀ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਸਮਝਣ ਵੱਲ ਪਹਿਲਾ ਕਦਮ ਮੰਨਿਆ ਜਾਂਦਾ ਹੈ। ਰਿਸਰਚ ਦਾ ਅਗਲਾ ਹਿੱਸਾ ਇਸ ਗੱਲ 'ਤੇ ਕੇਂਦ੍ਰਿਤ ਹੋਵੇਗਾ ਕਿ ਐਨ. ਆਰ. ਜੀ. - 1 ਪ੍ਰੋਟੀਨ ਕਿਸ ਤਰ੍ਹਾਂ ਨਿਯੂਰੌਨ ਦੀ ਰੱਖਿਆ ਕਰਦਾ ਹੈ ਅਤੇ ਮਨੁੱਖਾਂ ਵਿੱਚ ਏਜਿੰਗ ਰੋਕਣ ਵਿੱਚ ਇਸ ਦੀ ਕੀ ਭੂਮਿਕਾ ਹੋ ਸਕਦੀ ਹੈ।
ਵਿਗਿਆਨਕਾਂ ਦੀ ਦੂਸਰੀ ਟੀਮ ਮਨੁੱਖਾਂ ਵਿੱਚ ਜ਼ਿਆਦਾ ਸਮੇਂ ਤੱਕ ਜਵਾਨੀ ਬਰਕਰਾਰ ਰੱਖਣ ਬਾਰੇ ਖੋਜ ਕਰ ਰਹੀ ਹੈ। ਇਸ ਲਈ ਉਹ ਫ਼ਰੂਟ ਫ਼ਲਾਈਜ਼ (ਫਲਾਂ 'ਤੇ ਮੰਡਰਾਉਣ ਵਾਲੀਆਂ ਮੱਖੀਆਂ) ਦਾ ਅਧਿਅਨ ਕਰ ਰਹੀ ਹੈ। ਫ਼ਰੂਟ ਫ਼ਲਾਈਜ਼ ਅਤੇ ਮਨੁੱਖਾਂ ਦੇ ਜੀਨਾਂ ਵਿੱਚ ਤਕਰੀਬਨ 60 ਪ੍ਰਤੀਸ਼ਤ ਸਮਾਨਤਾ ਦੇਖੀ ਗਈ ਹੈ। ਦੋਹਾਂ ਵਿੱਚ ਏਜਿੰਗ ਦੀ ਪ੍ਰਕਿਰਿਆ ਵੀ ਲਗਭਗ ਇੱਕੋ ਜਿਹੀ ਹੈ। ਯੂਨੀਵਰਸਿਟੀ ਕਾਲਜ ਔਫ਼ ਲੰਦਨ ਸਥਿਤ ਇੰਸਟੀਚਿਊਟ ਔਫ਼ ਹੈਲਥ ਏਜਿੰਗ ਦੇ ਵਿਗਿਆਨਕ ਬੁਢਾਪੇ ਨਾਲ ਨਿਪਟਨ ਦੇ ਮਕਸਦ ਨਾਲ ਲਾਈਫ਼ ਸਟਾਈਲ (ਜੀਵਨ ਜਾਚ) ਦਾ ਅਧਿਅਨ ਕਰ ਰਹੇ ਹਨ। ਇਸ ਇੰਸਟੀਚਿਊਟ ਨਾਲ ਜੁੜੇ ਪ੍ਰਮੁੱਖ ਵਿਗਿਆਨਕ ਮੈਥਿਊ ਪਾਈਪਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਏਜਿੰਗ ਨਾਲ ਜੁੜੇ ਜੀਨ ਮਿਲ ਜਾਂਦੇ ਹਨ ਤਾਂ ਉਹ ਵਧਦੀ ਉਮਰ ਦੀ ਰਫ਼ਤਾਰ ਰੋਕਣ ਵਿੱਚ ਕਾਮਯਾਬ ਹੋ ਜਾਣਗੇ।
ਕੁੱਝ ਵਿਗਿਆਨਕ ਮੱਖੀਆਂ ਅਤੇ ਚੂਹਿਆਂ ਵਿੱਚ ਸਿਹਤਮੰਦ ਜੀਵਨ ਨੂੰ ਲੰਬਾ ਕਰਨ ਲਈ ਅਨੁਸ਼ਾਸਿਤ ਭੋਜਨ ਅਤੇ ਡ੍ਰਗ ਟ੍ਰੀਟਮੈਂਟ ਦਾ ਸਹਾਰਾ ਵੀ ਲੈ ਰਹੇ ਹਨ। ਜੀਵਨ ਨੂੰ ਲੰਬਾ ਕਰਨ ਦਾ ਦੂਸਰਾ ਤਰੀਕਾ ਹੈ ਭੋਜਨ 'ਤੇ ਧਿਆਨ ਦੇਣਾ। ਉਸ ਦਾ ਕਹਿਣਾ ਹੈ ਕਿ ਰਿਸਰਚ ਦੇ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਅਜਿਹੇ ਟ੍ਰੀਟਮੈਂਟ ਦਾ ਫ਼ਾਇਦਾ ਮਨੁੱਖਾਂ ਨੂੰ ਵੀ ਮਿਲ ਸਕਦਾ ਹੈ। ਇਹ ਰਿਸਰਚ ਹਾਲੇ ਸਿਰਫ਼ 10 ਸਾਲ ਪੁਰਾਣੀ ਹੈ। ਇਸ ਲਈ ਫ਼ਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਟ੍ਰੀਟਮੈਂਟ ਨੂੰ ਮਨੁੱਖੀ ਇਸਤੇਮਾਲ ਲਈ ਕਦੋਂ ਤੱਕ ਭਰੋਸੇਮੰਦ ਰੂਪ ਵਿੱਚ ਉਪਲਬਧ ਹੋ ਜਾਏਗਾ। ਪਰ ਰਿਸਰਚ ਟੀਮ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਟ੍ਰੀਟਮੈਂਟ ਨਾਲ ਫ਼ਿਲਹਾਲ ਦਿਲ ਦੇ ਰੋਗਾਂ, ਕੈਂਸਰ ਅਤੇ ਕਮਜ਼ੋਰ ਇਮਿਊਨ ਸਿਸਟਮ ਜਿਹੀਆਂ ਬ੍ਰਿਧ ਅਵਸਥਾ ਦੀਆਂ ਬਿਮਾਰੀਆਂ ਦਾ ਕੁੱਝ ਹੱਦ ਤੱਕ ਸਾਹਮਣਾ ਤਾਂ ਕੀਤਾ ਹੀ ਜਾ ਸਕਦਾ ਹੈ।
ਰਿਸਰਚ ਪ੍ਰਮੁੱਖ ਤੌਰ 'ਤੇ ਮੱਖੀਆਂ ਤੇ ਸੁੰਡੀਆਂ 'ਤੇ ਹੋ ਰਹੀ ਹੈ। ਡਾ. ਪਾਈਪਰ ਅਨੁਸਾਰ ਫ਼ਰੂਟ ਫ਼ਲਾਈਜ਼ ਮਨੁੱਖਾਂ ਵਾਂਗ ਹੀ ਬੁਢੀਆਂ ਹੁੰਦੀਆਂ ਹਨ। ਬੁੱਢੀਆਂ ਮੱਖੀਆਂ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕਦਾ ਹੈ। ਬ੍ਰਿਧ ਉਮਰ ਵਿੱਚ ਉਹ ਬਹੁਤਾ ਤੇਜ਼ ਨਹੀਂ ਚੱਲ ਸਕਦੀਆਂ, ਉਨ੍ਹਾਂ ਦੀ ਖ਼ੁਰਾਕ ਘੱਟ ਜਾਂਦੀ ਹੈ ਅਤੇ ਉਨ੍ਹਾਂ ਦੀ ਯਾਦਾਸ਼ਤ ਵੀ ਕਮਜ਼ੋਰ ਪੈਣ ਲੱਗਦੀ ਹੈ। ਇਹੀ ਲੱਛਣ ਮਨੁੱਖਾਂ ਦੀ ਵਧਦੀ ਉਮਰ ਵਿੱਚ ਦੇਖੇ ਜਾਂਦੇ ਹਨ।
ਇਸ ਸਭ ਤੋਂ ਇਲਾਵਾ, ਵਿਗਿਆਨਕਾਂ ਨੇ ਪ੍ਰਯੋਗਸ਼ਾਲਾ ਵਿੱਚ ਵੱਖੋ ਵੱਖਰੇ 'ਜੀਨਜ਼' ਵਿੱਚ ਪਰਿਵਰਤਨ (mutation) ਕਰਨ ਨਾਲ ਕੁੱਝ ਜੀਵ-ਜੰਤੂਆਂ ਦਾ ਜੀਵਨ ਵਧਾਉਣ ਵਿੱਚ ਵੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਲਈ ਉਸ ਵੇਲੇ ਲਈ ਕਮਰਕੱਸੇ ਕਰ ਲਓ ਜਦੋਂ ਤੁਹਾਡੇ ਪੋਤੇ-ਦੋਹਤੇ ਤੁਹਾਡਾ ਜੀਵਨ ਲੰਬਾ ਕਰਨ ਲਈ ਤੁਹਾਡੇ ਜੀਨ ਦੀ ਮਿਊਟੇਸ਼ਨ (ਪਰਿਵਰਤਨ) ਕਿਸੇ ਕੱਛੂਕੋਮੇ ਜਾਂ ਸੱਪ ਦੇ ਜੀਨਾਂ ਨਾਲ ਕਰਾ ਦੇਣਗੇ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਬਨਵਾਸ ਦੇ ਸਬਕ!

Currency Converter

Amount:
From:
To:


Gurbani Radio


Gurbani - Sri Harmandir Sahib