
ਨੋਟ: ਸੰਤ ਪੈਟਰਿਕ, ਸੰਤ ਐਂਡਰੀਊ, ਡੇਵਿਡ ਵੱਖੋ ਵੱਖਰੇ ਧਰਮਾਂ ਦੇ ਧਾਰਮਿਕ ਪੈਗੰਬਰ ਹੋਏ ਹਨ
ਇੱਕ ਦਿਨ ਇੱਕ ਅਧਿਆਪਕ ਪੰਜ ਵਰ੍ਹਿਆਂ ਦੇ ਬਾਲਾਂ ਦੀ ਕਲਾਸ ਨੂੰ ਪੜ੍ਹਾ ਰਿਹਾ ਸੀ ਤੇ ਉਸ ਕਿਹਾ, ''ਮੈਂ ਉਸ ਬੱਚੇ ਨੂੰ 10 ਡਾਲਰ ਦੇਵਾਂਗਾ ਜਿਹੜਾ ਮੈਨੂੰ ਦੱਸੇ ਕਿ ਇਸ ਧਰਤੀ 'ਤੇ ਰਹਿਣ ਵਾਲਾ ਹੁਣ ਤੱਕ ਦਾ ਸਭ ਤੋਂ ਮਹਾਨ ਵਿਅਕਤੀ ਕੌਣ ਹੋਇਆ ਹੈ।"
ਇੱਕ ਆਇਰਿਸ਼ ਮੁੰਡੇ ਨੇ ਆਪਣਾ ਹੱਥ ਖੜ੍ਹਾ ਕੀਤਾ ਤੇ ਬੋਲਿਆ, ''ਸੰਤ ਪੈਟਰਿਕ।" ਅਧਿਆਪਕ ਨੇ ਕਿਹਾ, ''ਮੁਆਫ਼ ਕਰੀਂ, ਪੈਡੀ, ਤੇਰਾ ਜੁਆਬ ਸਹੀ ਨਹੀਂ।"
ਫ਼ਿਰ ਇੱਕ ਸਕੌਟਿਸ਼ ਮੁੰਡੇ ਨੇ ਆਪਣਾ ਹੱਥ ਹਵਾ ਵਿੱਚ ਖੜ੍ਹਾ ਕੀਤਾ ਅਤੇ ਕਿਹਾ, ''ਸੰਤ ਐਂਡਰੀਊ।" ਅਧਿਆਪਕ ਨੇ ਜਵਾਬ ਦਿੱਤਾ, ''ਹਮੀਸ਼, ਬੱਚੇ, ਮੁਆਫ਼ ਕਰੀਂ ਤੇਰਾ ਵੀ ਜਵਾਬ ਦਰੁੱਸਤ ਨਹੀਂ।"
ਫ਼ਿਰ ਇੱਕ ਯਹੂਦੀ ਬੱਚੇ ਨੇ ਆਪਣਾ ਹੱਥ ਖੜ੍ਹਾ ਕੀਤਾ ਤੇ ਵਾਰੀ ਆਉਣ 'ਤੇ ਕਿਹਾ, ''ਡੇਵਿਡ।" ਇੱਕ ਬੋਧੀ ਬੱਚਾ ਬੋਲਿਆ, ''ਗੌਤਮ ਬੁੱਧ," ਤੇ ਮੁਸਲਮਾਨ ਬੱਚੇ ਨੇ ਕਿਹਾ, ''ਹਜ਼ਰਤ ਮੋਹੰਮਦ।"
ਅਤੇ ਉਨ੍ਹਾਂ ਸਾਰੇ ਬੱਚਿਆਂ ਵਿੱਚੋਂ ਅਧਿਆਪਕ ਅਨੁਸਾਰ ਕਿਸੇ ਨੇ ਵੀ ਸਹੀ ਉੱਤਰ ਨਹੀਂ ਸੀ ਦਿੱਤਾ। ਆਖ਼ਿਰ, ਇੱਕ ਭਾਰਤੀ ਬੱਚੇ ਨੇ ਆਪਣਾ ਹੱਥ ਖੜ੍ਹਾ ਕੀਤਾ ਅਤੇ ਕਿਹਾ, ''ਜੀ ਸਰ, ਯਸੂ ਮਸੀਹ ਸੀ ਉਹ ਮਹਾਨ ਵਿਅਕਤੀ।" ਅਧਿਆਪਕ ਨੇ ਮੁਸਕੁਰਾਉਂਦਿਆਂ ਕਿਹਾ, ''ਬਿਲਕੁਲ ਸਹੀ, ਹਰੀਸ਼, ਇੱਥੇ ਆ ਤੇ ਆਪਣੇ ਦੱਸ ਡਾਲਰ ਦਾ ਇਨਾਮ ਫੜ੍ਹ, ਜਿਸ ਦਾ ਮੈਂ ਵਾਅਦਾ ਕੀਤਾ ਸੀ।"
ਜਦੋਂ ਉਹ ਅਧਿਆਪਕ ਹਰੀਸ਼ ਨੂੰ ਉਸ ਦੇ ਇਨਾਮ ਦੇ ਡਾਲਰ ਦੇਣ ਲੱਗਾ ਤਾਂ ਉਸ ਪੁੱਛਿਆ, ''ਯਾਰ, ਗੱਲ ਸੁਣ ਹਰੀਸ਼, ਤੂੰ ਇਸਾਈ ਤਾਂ ਹੈ ਨਹੀਂ; ਮੈਨੂੰ ਹੈਰਾਨੀ ਐ ਕਿ ਤੂੰ ਫ਼ਿਰ ਵੀ ਯਸੂ ਮਸੀਹ ਦਾ ਨਾਮ ਲਿਆ।" ਹਰੀਸ਼ ਨੇ ਜੁਆਬ ਦਿੱਤਾ, ''ਸਰ, ਦਿਲੋਂ ਤਾਂ ਮੈਨੂੰ ਪਤੈ ਕਿ ਉਹ ਭਗਵਾਨ ਕ੍ਰਿਸ਼ਨ ਸੀ, ਪਰ ਵਣਜ ਆਖ਼ਿਰ, ਵਣਜ ਐ!"
ਬੇਸ਼ੱਕ ਤੁਸੀਂ ਉਸ ਬੱਚੇ ਹਰੀਸ਼ ਦੀ 'ਵਪਾਰਕ ਸਮਝ' 'ਤੇ ਹੱਸ ਰਹੇ ਹੋਵੋਗੇ ਅਤੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਸਾਨੂੰ ਆਪਣੇ ਸ੍ਰੋਤਿਆਂ ਦੀ ਬੋਲੀ ਬੋਲਣੀ ਸਿੱਖਣੀ ਚਾਹੀਦੀ ਹੈ, ਕੀ ਤੁਹਾਨੂੰ ਇਸ ਤੱਥ ਦਾ ਅਹਿਸਾਸ ਹੈ ਕਿ ਸਾਡੇ ਅਜਿਹੇ ਜੁਆਬਾਂ ਦਾ ਕਾਰਨ ਹੈ ਸਾਡੇ ਵਿੱਚ ਅਣਖ ਦੀ ਅਣਹੋਂਦ?
ਮੈਨੂੰ ਪੂਰਾ ਯਕੀਨ ਹੈ ਕਿ ਅਸੀਂ, ਭਾਰਤੀ, ਕਿਸੇ ਵੀ ਵਿਸ਼ੇ 'ਤੇ ਸਟੈਂਡ ਲੈਣ ਦੀ ਹਿੱਮਤ ਨਹੀਂ ਰੱਖਦੇ, ਅਸੀਂ ਸਿਰਿਓਂ ਡਰਪੋਕ ਹਾਂ।
ਦੇਖੋ ਨਾ ਕਿੰਨੇ ਸਾਲ ਭਾਰਤ ਗੁੱਟਨਿਰਪੱਖ ਮੁਲਕਾਂ ਦੇ ਗੁੱਟ ਦਾ ਮੈਂਬਰ ਮੁਲਕ ਬਣਿਆ ਰਿਹਾ ਹੈ ਅਤੇ ਭਾਰਤ ਦੀ ਮੈਂਬਰਸ਼ਿਪ ਦਾ ਮੰਤਵ ਹੋਰ ਕੁੱਝ ਨਹੀਂ ਸੀ, ਪਰ ਸਿਰਫ਼ ਹਰ ਉਸ ਮੁਲਕ ਦੀ 'ਹਾਂ ਵਿੱਚ ਹਾਂ' ਮਿਲਾਉਣੀ ਜਿਸ ਤੋਂ ਉਸ ਨੂੰ ਕੁੱਝ ਦਰਕਾਰ ਸੀ। ਭਾਰਤ ਨੇ ਕਦੇ ਕਿਸੇ ਵੀ ਮਾਮਲੇ 'ਤੇ ਕੋਈ ਦ੍ਰਿੜ ਸਟੈਂਡ ਨਹੀਂ ਲਿਆ।
ਜਦੋਂ ਅਸੀਂ ਬੱਚੇ ਸਾਂ ਤਾਂ ਅਸੀਂ ਛਿਪਕਲੀ (ਕੋੜ੍ਹਕਿਰਲੀ) ਵਰਗੇ ਰੇਂਗਣਵਾਲੇ ਇੱਕ ਜੀਵ ਤੋਂ ਡਰਦੇ ਸਾਂ ਅਤੇ ਉਸ ਨੂੰ 'ਖ਼ੂਨ ਚੂਸਣ ਵਾਲੀ' ਵੀ ਸੱਦਦੇ ਸਾਂ। ਸਾਡੇ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਸਨ, ''ਦੇਖੋ ਇਹ ਕਿੱਡੀ ਲਾਲਮਲਾਲ ਹੈ, ਖ਼ੂਨ ਜੋ ਚੂਸਦੀ ਹੋਈ, ਖ਼ੂਨ ਚੂਸਣੀ!"
ਪਰ ਉਸ ਦੇ ਲਾਗੇ ਜਾਣ 'ਤੇ ਸਾਨੂੰ ਪਤਾ ਚੱਲਦਾ ਸੀ ਕਿ ਉਸ ਖ਼ੂਨ ਚੂਸਣ ਵਾਲੀ ਲਾਲ ਛਿਪਕਲੀ ਜਿਹੀ ਦਿਖਣ ਵਾਲੀ ਨੇ ਆਪਣਾ ਰੰਗ ਪੀਲਾ ਕਰ ਲਿਆ ਸੀ, ਅਤੇ ਫ਼ਿਰ ਹਰਾ ਤੇ ਉਹ ਆਪਣੇ ਚੌਗਿਰਦੇ ਅਨੁਸਾਰ ਰੰਗ ਬਦਲਣ ਵਿੱਚ ਮਾਹਿਰ ਸੀ: ਜੇਕਰ ਉਹ ਕਿਸੇ ਦਰਖ਼ਤ ਦੀ ਟਹਿਣੀ 'ਤੇ ਬਿਰਾਜਮਾਨ ਹੁੰਦੀ ਤਾਂ ਆਪਣਾ ਰੰਗ ਭੂਰਾ ਕਰ ਲੈਂਦੀ, ਕਿਸੇ ਪੱਤੇ ਲਾਗੇ ਉਸ ਦਾ ਰੰਗ ਹਰਾ ਅਤੇ ਕਿਸੇ ਦੀਵਾਰ 'ਤੇ ਚੜ੍ਹਨ ਲੱਗਿਆਂ ਉਹ ਪੀਲਾ ਦਿਖਦਾ ਸੀ। ਉਹ 'ਖ਼ੂਨ ਪੀਣੀ' ਦਰਅਸਲ ਇੱਕ ਗਿਰਗਿਟ ਸੀ।
ਗਿਰਗਿਟ ਆਪਣੇ ਚੌਗਿਰਦੇ ਅਨਸੁਾਰ ਰੰਗ ਬਦਲਣ ਦਾ ਹੁਨਰ ਰੱਖਦੀ ਹੈ। ਗਿਰਗਿਟ ਲਈ ਵਣਜ ਆਖ਼ਿਰ ਵਣਜ ਹੁੰਦੈ; ਉਸ ਨੂੰ ਹਰ ਹਾਲਤ ਵਿੱਚ ਜੀਣਾ ਹੂੰਦੈ, ਇਸ ਲਈ ਉਹ ਆਪਣੇ ਆਲੇ ਦੁਆਲੇ ਅਨੁਕੂਲ ਰੰਗ ਧਾਰ ਲੈਂਦੀ ਹੈ।
ਕੀ ਤੁਸੀਂ ਵੀ ਇੱਕ ਗਿਰਗਿਟ ਵਾਂਗ ਹੋ? ਜਾਂ ਫ਼ਿਰ ਤੁਸੀਂ ਸਹੀ ਤੇ ਗ਼ਲਤ 'ਤੇ ਕੋਈ ਸਟੈਂਡ ਲੈਂਦੇ ਹੋ? ਕੀ ਤੁਸੀਂ ਆਪਣੇ ਵਿਸ਼ਵਾਸ 'ਤੇ ਖੜ੍ਹਦੇ ਹੋ?
ਜਾਂ ਫ਼ਿਰ ਤੁਹਾਡਾ ਜੀਵਨ ਵੀ ਕਿਸੇ ਗੁੱਟਨਿਰਪੱਖ ਲਹਿਰ ਵਾਂਗ ਹੈ ਅਤੇ ਤੁਸੀਂ ਵੀ ਹਰ ਵੇਲੇ ਰੰਗ ਬਦਲਣ ਵਕਤ ਆਪਣੇ ਆਪ ਨੂੰ ਕਹਿੰਦੇ ਹੋ, ''ਵਣਜ ਆਖ਼ਿਰ, ਵਣਜ ਐ ਮਿੱਤਰਾ!"
ਬਿਰਤੀ ਦੀ ਸ਼ਕਤੀ
ਇੱਕ ਦਿਨ, ਇੱਕ ਯੋਗੀ ਅਤੇ ਉਸ ਦਾ ਚੇਲਾ ਇੱਕ ਵੱਡੇ ਸ਼ਹਿਰ ਵਿੱਚ ਪਹੁੰਚਦੇ ਹਨ। ਉਨ੍ਹਾਂ ਕੋਲ ਕੋਈ ਪੈਸਾ-ਧੇਲਾ ਨਹੀਂ ਹੁੰਦਾ, ਪਰ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਤੇ ਖਾਣ ਲਈ ਰੋਟੀ ਦੀ ਲੋੜ ਹੁੰਦੀ ਹੈ। ਚੇਲਾ ਨਿਸ਼ਚਿਤ ਹੁੰਦੈ ਕਿ ਉਨ੍ਹਾਂ ਨੂੰ ਗ਼ੁਜ਼ਾਰੇ ਲਈ ਭਿਕਸ਼ਾ ਮੰਗਣੀ ਪਏਗੀ ਤੇ ਰਾਤ ਕਿਸੇ ਬਗ਼ੀਚੇ ਵਿੱਚ ਗ਼ੁਜ਼ਰ ਕਰਨੀ ਪਏਗੀ।
''ਗੁਰੂ ਜੀ, ਇਸ ਸਥਾਨ ਤੋਂ ਥੋੜ੍ਹੀ ਜਿਹੀ ਹੀ ਦੂਰੀ 'ਤੇ ਇੱਕ ਬਾਗ਼ ਹੈ। ਅਸੀਂ ਰਾਤ ਉੱਥੇ ਗ਼ੁਜ਼ਾਰ ਸਕਦੇ ਹਾਂ," ਚੇਲੇ ਨੇ ਕਿਹਾ।
''ਖੁਲ੍ਹੀ ਛੱਤ ਹੇਠ?" ਯੋਗੀ ਨੇ ਪੁੱਛਿਆ। ''ਜੀ, ਹਾਂ," ਚੇਲੇ ਨੇ ਜਵਾਬ ਵਿੱਚ ਕਿਹਾ।
ਯੋਗੀ ਮੁਸਕੁਰਾਇਆ ਅਤੇ ਬੋਲਿਆ: ''ਨਹੀਂ, ਵਤਸ, ਅੱਜ ਰਾਤ ਅਸੀਂ ਕਿਸੇ ਹੋਟਲ ਵਿੱਚ ਕੱਟਾਂਗੇ ਅਤੇ ਖਾਣ ਨੂੰ ਭੋਜਨ ਵੀ ਉੱਥੋਂ ਹੀ ਲਵਾਂਗੇ।" ਚੇਲਾ ਹੈਰਾਨ ਹੋਇਆ ਤੇ ਉਤਸੁਕਤਾ ਨਾਲ ਬੋਲਿਆ, ''ਪਰ, ਗੁਰੂ ਜੀ, ਸਾਡੀ ਅਜਿਹੀ ਵਿੱਤ ਨਹੀਂ।"
''ਬੱਚਾ, ਬੈਠ ਤੇ ਸੁਣ," ਯੋਗੀ ਬੋਲਿਆ। ਉਹ ਦੋਹੇਂ ਭੁੰਜੇ ਬਿਰਾਜਮਾਨ ਹੋਏ, ਅਤੇ ਯੋਗੀ ਨੇ ਕਿਹਾ, ''ਜਦੋਂ ਤੁਸੀਂ ਆਪਣੀ ਬਿਰਤੀ ਕਿਸੇ ਇੱਕ ਵਿਸ਼ੇ 'ਤੇ ਇਕਾਗਰ ਕਰਦੇ ਹੋ ਤਾਂ ਤੁਸੀਂ ਉਸ ਨੂੰ ਹੱਲ ਕਰ ਸਕਦੇ ਹੋ।"
ਉਸ ਯੋਗੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਆਪਣੇ ਸਾਧਨਾ ਵਿੱਚ ਲੀਨ ਹੋ ਗਿਆ। ਦੱਸ ਮਿੰਟਾਂ ਬਾਅਦ, ਉਸ ਨੇ ਆਪਣੀ ਤਪੱਸਿਆ ਤੋੜੀ ਅਤੇ ਤੁਰਨਾ ਸ਼ੁਰੂ ਕਰ ਦਿੱਤਾ। ਉਸ ਦਾ ਚੇਲਾ ਉਸ ਦੇ ਪਿੱਛੇ-ਪਿੱਛੇ ਸੀ। ਉਹ, ਕਈ ਸਾਰੀਆਂ ਗਲੀਆਂ ਦੇ ਵਿੱਚੋਂ ਦੀ ਗ਼ੁਜ਼ਰਦੇ ਹੋਏ, ਇੱਕ ਹੋਟਲ ਸਾਹਮਣੇ ਅੱਪੜੇ। ਯੋਗੀ ਨੇ ਆਪਣੇ ਚੇਲੇ ਨੂੰ ਕਿਹਾ, ''ਆਓ, ਅੰਦਰ ਪਰਵੇਸ਼ ਕਰੀਏ।"
ਹਾਲੇ ਉਨ੍ਹਾਂ ਉਸ ਹੋਟਲ ਦੀ ਦਹਿਲੀਜ਼ 'ਤੇ ਕਦਮ ਹੀ ਪਾਏ ਸਨ ਕਿ ਇੱਕ ਸੱਜਿਆ-ਧੱਜਿਆ ਵਿਅਕਤੀ ਉਨ੍ਹਾਂ ਸਾਹਮਣੇ ਹਾਜ਼ਿਰ ਹੋਇਆ ਤੇ ਬੋਲਿਆ, ''ਮੈਂ ਇਸ ਹੋਟਲ ਦਾ ਮੈਨੇਜਰ ਹਾਂ। ਲਗਦਾ ਹੈ ਕਿ ਤੁਸੀਂ ਯਾਤਰਾ ਕਰ ਰਹੇ ਕੋਈ ਸਵਾਮੀ ਹੋ। ਮੈਨੂੰ ਇਹ ਵੀ ਪ੍ਰਤੀਤ ਹੋ ਰਿਹੈ ਕਿ ਤੁਹਾਡੇ ਕੋਲ ਕੋਈ ਪੈਸਾ-ਧੇਲਾ ਵੀ ਨਹੀਂ। ਕੀ ਤੁਸੀਂ ਕੁੱਝ ਚਿਰ ਰਸੋਈ ਵਿੱਚ ਸੇਵਾ ਨਿਭਾਓਗੇ, ਤੇ ਬਦਲੇ ਵਿੱਚ ਮੈਂ ਤੁਹਾਨੂੰ ਖਾਣਾ ਤੇ ਰਹਿਣ ਨੂੰ ਸਥਾਨ ਦੇ ਸਕਦਾ ਹਾਂ?"
ਯੋਗੀ ਬੋਲਿਆ, ''ਠੀਕ ਹੈ, ਬੱਚਾ।"
ਚੇਲਾ ਹੈਰਾਨ ਤੇ ਪਰੇਸ਼ਾਨ ਸੀ ਅਤੇ ਉਸ ਯੋਗੀ ਨੂੰ ਪੁੱਛਿਆ: ''ਗੁਰੂ ਜੀ, ਕੀ ਤੁਸੀਂ ਇਸ ਹੋਟਲ ਮੈਨੇਜਰ 'ਤੇ ਕੋਈ ਜਾਦੂ ਕਰ ਦਿੱਤਾ ਹੈ? ਇਹ ਸਭ ਤੁਸੀਂ ਸੁਨਿਯੋਜਿਤ ਕਿਵੇਂ ਕਰ ਸਕੇ?"
ਯੋਗੀ ਮੁਸਕੁਰਾਇਆ ਤੇ ਬੋਲਿਆ, ''ਮੈਂ ਤੈਨੂੰ ਵਿਚਾਰ ਦੀ ਸ਼ਕਤੀ ਦਿਖਾਉਣਾ ਚਾਹੁੰਦਾ ਸਾਂ। ਜਦੋਂ ਤੁਸੀਂ ਕਿਸੇ ਵੀ ਸ਼ੈਅ 'ਤੇ ਆਪਣਾ ਪੂਰਾ ਧਿਆਨ ਕੇਂਦ੍ਰਿਤ ਕਰਦੇ ਹੋ ਤੇ ਇੱਕ ਦ੍ਰਿੜ ਨਿਸ਼ਚੇ ਨਾਲ ਉਸ ਨੂੰ ਵਿਚਾਰਦੇ ਹੋ ਤਾਂ ਤੁਸੀਂ ਕੁੱਝ ਵੀ ਕਰ ਸਕਦੇ ਹੋ। ਸ਼ਰਤ ਕੇਵਲ ਇੰਨੀ ਹੈ ਕਿ ਤੁਹਾਡਾ ਦਿਮਾਗ ਕਿਸੇ ਹੋਰ ਵਿਚਾਰ ਵਿੱਚ ਵਿਚਾਰਵਾਨ ਨਾ ਹੋਵੇ। ਫ਼ਿਰ ਤੁਹਾਡੇ ਵਿਚਾਰ ਅਧੀਨ ਵਿਸ਼ਾ, ਸ਼ੈਅ ਜਾਂ ਮੰਤਵ ਸੰਪੂਰਨਤਾ ਦੀ ਦਹਿਲੀਜ਼ ਹੀ ਨਹੀਂ ਛੂੰਹਦਾ, ਸਗੋਂ ਉਸ ਨੂੰ ਹਾਸਿਲ ਕਰ ਸਕਦਾ ਹੈ।"
''ਇਸ ਵਿੱਚ ਰਹੱਸ ਕੇਵਲ ਧਿਆਨ ਕੇਂਦ੍ਰਿਤ ਕਰਨ ਵਿੱਚ ਹੈ, ਕਲਪਨਾ ਕਰਨ ਵਿੱਚ ਹੈ, ਵਿਸਥਾਰ ਨੂੰ ਦੇਖਣ ਤੇ ਸਮਝਣ ਵਿੱਚ ਹੈ, ਵਿਸ਼ਵਾਸ ਕਰਨ ਵਿੱਚ ਹੈ ਅਤੇ ਮਾਨਸਿਕ ਤੇ ਭਾਵਨਾਤਮਕ ਸ਼ਕਤੀ ਨੂੰ ਮਾਨਸਿਕ ਦ੍ਰਿਸ਼ਾਂ ਵਿੱਚ ਦ੍ਰਿਸ਼ਟੀਮਾਨ ਕਰਨ ਵਿੱਚ ਹੈ। ਇਹ ਹੀ ਕੁੱਝ ਕੁ ਲੋੜੀਂਦੀਆਂ ਚੀਜ਼ਾਂ ਹਨ। ਜਦੋਂ ਤੁਹਾਡਾ ਦਿਮਾਗ ਫ਼ਾਲਤੂ ਦੇ ਖ਼ਿਆਲਾਂ ਤੋਂ ਰਹਿਤ ਰਹਿੰਦਾ ਹੈ ਅਤੇ ਕੇਵਲ ਇੱਕ ਹੀ ਨੁਕਤੇ 'ਤੇ ਕੇਂਦ੍ਰਿਤ ਰਹਿੰਦਾ ਹੈ ਤੇ ਕੇਵਲ ਉਸੇ ਇੱਕ ਖ਼ਿਆਲ ਦਾ ਪ੍ਰਵੇਸ਼ ਦੁਆਰ ਬਣ ਜਾਂਦਾ ਹੈ ਤਾਂ ਉਸ ਦੀ ਸ਼ਕਤੀ ਦੂਣ-ਸਵਾਈ ਹੋ ਜਾਂਦੀ ਹੈ। ਇਸੇ ਲਈ ਤਾਂ ਸਾਧਨਾ ਦਾ ਪਹਿਲਾ ਗੁਰ ਹੈ, ਇੱਛਾ ਕਰਨ ਤੋਂ ਪਹਿਲਾਂ ਬਹੁਤ ਧਿਆਨ ਨਾਲ ਵਿਚਾਰਨਾ ਕਿ ਤੁਸੀਂ ਇੱਛਾ ਕੀ ਕਰ ਰਹੇ ਹੋ। ਇੱਕ ਇਕਾਗਰ ਮਨ ਹੀ ਸ਼ਕਤੀ ਊਰਜਿਤ ਕਰ ਸਕਦਾ ਹੈ, ਅਤੇ ਪ੍ਰਭਾਵ ਛੱਡ ਸਕਦਾ ਹੈ।"
ਚੇਲੇ ਨੇ ਗੁਰੂ ਦੇ ਮੁੱਖ ਵੱਲ ਤੱਕਿਆ ਅਤੇ ਕਿਹਾ: ''ਗੁਰੂਜਨ, ਮੈਨੂੰ ਹੁਣ ਜਾਪਣ ਲੱਗਿਆ ਹੈ ਕਿ ਇਸ ਮਾਨਸਿਕ ਸ਼ਕਤੀ ਦੀ ਵਰਤੋਂ ਹਿੱਤ ਮੈਨੂੰ ਆਪਣੀ ਇਕਾਗਰਤਾ 'ਤੇ ਕੁੱਝ ਕੰਮ ਕਰਨਾ ਪੈਣੈ।"
''ਨਿਰਸੰਦੇਹ, ਵਤਸ, ਇਹੀ ਤਾਂ ਪਹਿਲਾ ਕਦਮ ਹੈ ਸਾਧਨਾ ਵੱਲ," ਯੋਗੀ ਦਾ ਆਪਣੇ ਚੇਲੇ ਨੂੰ ਉੱਤਰ ਸੀ।