
ਇਸ ਹਫ਼ਤੇ, ਮੈਂ ਉਸੇ ਪੀੜਾ ਨੂੰ ਹੰਢਾ ਰਿਹਾ ਹਾਂ ਜਿਸ ਦਾ ਤਜਰਬਾ ਹਰ ਇੱਕ ਲਿਖਾਰੀ ਨੂੰ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਮੁਕਾਮ 'ਤੇ ਕਰਨਾ ਹੀ ਪੈਂਦਾ ਹੈ - ਸੋਚ ਦੀ ਖੜੌਤ। ਮੇਰਾ ਜ਼ਹਿਨ ਅੱਧ-ਪੱਕੀਆਂ ਸੋਚਾਂ ਨਾਲ ਦੋਚਾਰ ਹੈ ਅਤੇ ਲੈਪਟੌਪ 'ਤੇ ਮਰੀਆਂ ਉਂਗਲੀਆਂ ਆਕੜੀਆਂ ਹੋਈਆਂ ਹਨ। ਸੋ ਮੈਂ ਇਸ ਉਲਝਣ ਨੂੰ ਸੁਲਝਾਉਣ ਹਿੱਤ ਥੋੜ੍ਹੀ ਖੋਜ ਕਰਨ ਦਾ ਮਨ ਬਣਾਉਂਦਾ ਹਾਂ। ਮੇਰੀ ਯੋਜਨਾ ਹੈ ਕੁੱਝ ਸ਼ਬਦਘਾੜਿਆਂ ਨਾਲ ਗੱਲ ਕਰਨ ਦੀ ਤੇ ਇਹ ਜਾਨਣ ਦੀ ਕਿ ਕੀ ਕਦੇ ਉਨ੍ਹਾਂ ਨੂੰ ਵੀ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਉਨ੍ਹਾਂ ਨੂੰ ਇਹ ਨਾ ਸੁੱਝੇ ਕਿ ਉਹ ਕੀ ਲਿਖਣ। ਸੋਚ ਦੀ ਖੜੌਤ, ਜਿਸ ਨਾਲ ਇਸ ਵੇਲੇ ਮੈਂ ਦੋਚਾਰ ਹੋ ਰਿਹਾ ਹਾਂ? ਤੇ ਫ਼ਿਰ ਉਹ ਇਸ ਨਾਲ ਕਿਵੇਂ ਨਜਿੱਠਦੇ ਹਨ?
ਮੇਰੀ ਪਹਿਲੀ ਇੰਟਰਵਿਊ ਪਿੱਛਲੇ 100 ਸਾਲਾਂ ਦੇ ਸਭ ਤੋਂ ਵੱਧ ਮਸ਼ਹੂਰ ਲੇਖਕ, ਵਿਲੀਅਮ ਸ਼ੈਕਸਪੀਅਰ, ਨਾਲ ਹੁੰਦੀ ਹੈ। ਮੈਂ ਉਸ ਨੂੰ ਉਸ ਦੇ ਗ੍ਰਹਿ ਸਟ੍ਰੈਟਫ਼ਰਡ ਔਨ ਐਵਨ 'ਤੇ ਮਿਲਦਾ ਹਾਂ। ''ਵਿਲੀਅਮ, ਯਾਰਾ, ਸੋਚ ਦੀ ਖੜੌਤ ਬਾਰੇ ਤੇਰੀ ਕੀ ਰਾਏ ਹੈ?" ਮੈਂ ਉਸ ਨੂੰ ਪੁੱਛਿਆ। ''ਐਵੇਂ ਗੱਲਾਂ ਨੇ ਇਹ ਸਭ," ਉਹ ਕਹਿੰਦੈ। ''ਠੀਕ ਹੈ, ਪਰ ਆਪਣੇ ਸਾਰੇ ਮਹਾਨ ਕਰੀਅਰ ਦੌਰਾਨ, ਕੀ ਤੈਨੂੰ ਕਦੇ ਵੀ ਅਜਿਹੀ ਮੁਸ਼ਕਿਲ ਨਾਲ ਦੋਚਾਰ ਹੋਣਾ ਪਿਐ?"
" 24 ਸਾਲਾਂ ਵਿੱਚ 38 ਨਾਟਕ ਅਤੇ 154 ਕਵੀਤਾਵਾਂ ਲਿਖਣ ਵਾਲੇ ਨੂੰ ਤੂੰ ਅਜਿਹਾ ਸਵਾਲ ਕਰਦੈਂ? ਉੱਲੂ ਦੇ ਪੱਠੇ, ਬੇਵਕੂਫ਼, ਕਬਖ਼ਤ? ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਅਜਿਹੇ ਵਾਹਯਾਤ ਸਵਾਲ ਕਰਨ ਦੀ?" ਸਪਸ਼ਟ ਸੀ ਕਿ ਮੇਰੀ ਇਸ ਇੰਟਰਵਿਊ ਦਾ 'ਸਭ ਭਲਾ ਜੋ ਅੰਤ ਭਲਾ' ਵਾਲਾ ਹਾਲ ਤਾਂ ਨਹੀਂ ਸੀ ਹੋਇਆ, ਸੋ ਮੈਂ ਲੰਦਨ ਤੋਂ ਟੋਰੋਂਟੋ ਆਉਣ ਦਾ ਮਨ ਬਣਾਇਆ ਤੇ ਸੋਚਿਆ ਕਿ ਆਪਣੇ ਮਸ਼ਹੂਰ ਭਾਰਤੀ ਲੇਖਕ ਚੇਤਨ ਭਗਤ ਨਾਲ ਗੱਲ ਕਰਦੇ ਹਾਂ।
" ਸ਼੍ਰੀਮਾਨ ਭਗਤ, ਕੀ ਆਪਾਂ ਗੱਲ ਕਰ ਸਕਦੇ ਹਾਂ?" ਭਗਤ ਸਾਹਿਬ ਜੁਆਬ ਦਿੰਦੇ ਹਨ, ''ਗੱਲ ਸੁਣ ਯਾਰਾ, ਆਪਣਾ ਅਗਲਾ ਨਾਵਲ ਲਿਖਣ ਲਈ ਮੇਰੇ ਕੋਲ ਕੇਵਲ ਇੱਕ ਘੰਟਾ ਹੀ ਬੱਚਿਆ ਹੈ, ਸੋ ਜੋ ਵੀ ਪੁੱਛਣੈ, ਛੇਤੀ ਛੇਤੀ ਪੁੱਛ।"
" ਤੁਸੀਂ ਸੋਚ ਦੀ ਖੜੌਤ ਨਾਲ ਕਿਵੇਂ ਨਜਿੱਠਦੇ ਹੋ?" ''ਹੈਂ, ਉਹ ਕੀ ਹੁੰਦੈ?" ਇਹ ਤਾਂ ਸਲਮਨ ਰਸ਼ਦੀ ਵਰਗੇ ਉਨ੍ਹਾਂ ਲੇਖਕਾਂ ਦਾ ਸ਼ੁਗਲ ਹੈ ਜਿਹੜੇ ਜੈਪੁਰ ਸਾਹਿਤਿਕ ਉਤਸਵਾਂ ਵਿੱਚ ਸ਼ਿਰਕਤ ਕਰਦੇ ਹਨ। ਮੇਰੇ ਕੋਲ ਸੋਚ ਦੀ ਖੜੌਤ ਲਈ ਵਕਤ ਹੀ ਨਹੀਂ।"
ਕੋਈ ਹੱਲ ਨਾ ਲਭਦਾ ਦੇਖ, ਮੈਂ ਆਪਣੀ ਖੋਜ ਦਾ ਦਾਇਰਾ ਵਸੀਹ ਕਰਨ ਹਿੱਤ ਉਨ੍ਹਾਂ ਫ਼ਿਲਮਸਾਜ਼ਾਂ ਤੇ ਸਕ੍ਰੀਨਰਾਈਟਰਜ਼ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ ਜਿਹੜੇ ਆਪਣੇ ਕਰੀਅਰ ਦੌਰਾਨ ਖ਼ਿਆਲੋਂ ਵਿਹੂਣੇ ਹੋ ਗਏ ਹੋਣ। ਮੈਂ, ਲੇਖਕ ਤੇ ਨਿਰਦੇਸ਼ਕ, ਅਨੁਰਾਗ ਕੱਸ਼ਿਯਪ ਨਾਲ ਗੱਲ ਕਰਨ ਦਾ ਮਤਾ ਪਕਾਇਆ। ''ਅਨੁਰਾਗ, ਯਾਰ, ਤੈਨੂੰ ਕਦੇ ਸੋਚ ਦੀ ਖੜੌਤ ਨਾਲ ਦੋਚਾਰ ਹੋਣਾ ਪਿਐ?"
" ਯਾਰ, ਜਦੋਂ ਅਜਿਹੀ ਨੌਬਤ ਆਵੇ ਤਾਂ ਮੈਂ ਉਸੇ ਫ਼ਿਲਮ ਦਾ ਦੂਸਰਾ ਭਾਗ ਬਣਾ ਦਿੰਦਾ ਹਾਂ ਜਿਹੜੀ ਮੈਂ ਹੁਣੇ ਹੁਣੇ ਬਣਾਈ ਹੋਵੇ। ਦੇਖ ਨਾ, ਜਿਵੇਂ ਗੈਂਗਜ਼ ਔਫ਼ ਵਾਸੇਪੁਰ ਬਣਾਈ ਤੇ ਮੁੜ ਗੈਂਗਜ਼ ਔਫ਼ ਵਾਸੇਪੁਰ-2 ਬਣਾ ਮਾਰੀ, ਫ਼ਿਰ 3 ਤੇ ਫ਼ਿਰ ਚਾਰ। ਸੋਚ ਦੀ ਖੜੌਤ ਦਾ ਤਾਂ ਮਸਲਾ ਹੀ ਨਹੀਂ।"
ਮੇਰਾ ਅਗਲਾ ਅੱਡਾ ਸੀ ਬੌਲੀਵੁੱਡ ਦੇ ਮਸ਼ਹਰੂ ਨਿਰਮਾਤਾ, ਕਰਨ ਜੌਹਰ। ''ਕਰਨ, ਯਾਰ ਤੂੰ ਸੋਚ ਦੇ ਸੋਕੇ ਦਾ ਇਲਾਜ ਕਿਵੇਂ ਕਰਦੈਂ?" ਉਹ ਮੈਨੂੰ ਕੌਫ਼ੀ ਵਿਧ ਕਰਨ ਵਾਲੀ ਮੁਸਕਰਾਹਟ ਦਿੰਦਿਆਂ ਕਹਿੰਦੈ, ''ਮੇਰੇ ਕੋਲ ਤਾਂ ਯਾਰ ਕੇਵਲ ਇੱਕੋ ਕਹਾਣੀ ਹੁੰਦੀ ਐ, ਤੇ ਮੈਂ ਮੁੜ ਮੁੜ ਉਸੇ ਨੂੰ ਦੋਹਰਾਉਂਦਾ ਰਹਿੰਦਾਂ। ਕੇਵਲ ਕਲਾਕਾਰ ਬਦਲਦਾਂ।"
ਮੈਂ ਹੁਣ ਹਤਾਸ਼ ਹੋ ਚੁੱਕਾਂ। ਕੀ ਮੈਂ ਹੀ ਵਾਹਦ ਅਜਿਹਾ ਵਿਅਕਤੀ ਹਾਂ ਜਿਸ ਕੋਲ ਵਿਚਾਰਾਂ ਦੀ ਥੁੜ੍ਹ ਪੈ ਚੁੱਕੀ ਹੈ? ਫ਼ਿਰ ਮੈਂ ਸੋਚਿਆ ਕਿ ਕਿਸੇ ਟੀ. ਵੀ. ਹਸਤੀ ਨਾਲ ਵਿਚਾਰ ਸਾਂਝੇ ਕੀਤੇ ਜਾਣ। ਮੈਂ, ਪਿਆਰੀ ਏਕਤਾ ਕਪੂਰ ਨੂੰ ਮਿਲਦਾ ਹਾਂ। ''ਮੈਡਮ, ਜਦੋਂ ਤੁਸੀਂ ਵਿਚਾਰਾਂ ਤੋਂ ਵਿਹੂਣੇ ਹੋ ਜਾਂਦੇ ਹੋ ਤਾਂ ਕੀ ਕਰਦੇ ਹੋ?" ਮੈਂ ਉਸ ਨੂੰ ਪੁੱਛਿਆ।
ਤਪਾਕ ਜੁਆਬ ਆਇਆ, ''ਮੈਂ ਆਪਣੇ ਸੀਰੀਅਲ ਦੇ ਨਾਮ ਅੱਗੇ ਅੰਗ੍ਰੇਜ਼ੀ ਦਾ ਅੱਖਰ 'ਕੇ' ਲਗਾ ਦਿੰਦੀ ਹਾਂ। ਇਹ ਅੱਖਰ ਮੇਰੇ ਲਈ ਹਮੇਸ਼ਾਂ ਭਾਗਾਂਵਾਲਾ ਰਿਹੈ।" ਇਸੇ ਦੌਰਾਨ ਮੇਰੇ ਫ਼ੋਨ ਦੀ ਘੰਟੀ ਖੜਕਦੀ ਹੈ। ਰਾਮ ਗੋਪਾਲ ਵਾਰਮਾ ਸੀ ਫ਼ੋਨ 'ਤੇ। ਬਾਈ ਸੁਣਿਐ ਤੂੰ ਸੋਚ ਦੀ ਖੜੌਤ 'ਤੇ ਕੁੱਝ ਖੋਜ ਕਰ ਰਿਹੈਂ, ਤੂੰ ਮੈਥੋਂ ਮੇਰੇ ਵਿਚਾਰ ਜਾਣਨ ਲਈ ਫ਼ੋਨ ਕਿਉਂ ਨਹੀਂ ਕੀਤਾ?" ਕਿਉਂਕਿ, ਆਰ. ਜੀ. ਵੀ. ਸਾਹਿਬ, ਤੁਹਾਡੀਆਂ ਹਾਲੀਆ ਫ਼ਿਲਮਾਂ ਦਾ ਹਸ਼ਰ ਦੇਖ ਕੇ ਤਾਂ ਇੱਕ ਦਰਸ਼ਕ ਹੋਣ ਦੇ ਨਾਤੇ, ਇਹੀ ਕਹਾਂਗਾ ਕਿ ਰੱਬ ਕਰੇ ਤੁਹਾਡੀ ਸੋਚ ਵਿੱਚ ਖੜੌਤ ਜ਼ਰੂਰ ਆ ਜਾਵੇ!