Thursday, 06 September 2012 10:54
Print PDF

ਲੱਗਦੈ ਟੀ. ਵੀ. ਕਮਰਸ਼ਲਾਂ ਵਿੱਚ ਆਉਣ ਵਾਲੀਆਂ ਸਾਰੀਆਂ ਮਾਡਲ ਵਿਧਵਾ ਹਨ! ਇਹ ਟਿੱਪਣੀ ਮੇਰੀ ਇੱਕ ਦੋਸਤ ਦੀ ਸੀ। ਉਸ ਦਾ ਤਰਕ ਸੀ ਕਿ ਉਨ੍ਹਾਂ ਵਿੱਚੋਂ ਕੋਈ ਵੀ ਬਿੰਦੀ ਨਹੀਂ ਲਗਾਉਂਦੀ, ਬਿੰਦੀ ਜੋ ਕਿ ਬਹੁਤੇ ਭਾਰਤੀ ਭਾਈਚਾਰਿਆਂ ਵਿੱਚ ਔਰਤ ਦੇ ਸੁਹਾਗਣ ਹੋਣ ਦਾ ਸੰਕੇਤ ਹੈ।
ਫ਼ਿਰ ਮੈਂ ਭਾਰਤੀ ਟੀ. ਵੀ. ਦੇ ਦੋ ਸੰਸਾਰਾਂ ਨੂੰ ਗਹੁ ਨਾਲ ਵਾਚਿਆ: ਐਡਵਰਟਾਈਜ਼ਿੰਗ ਦਾ ਬਿੰਦੀ ਰਹਿਤ ਸੰਸਾਰ ਅਤੇ ਟੀ. ਵੀ. ਸੀਰੀਅਲਾਂ ਦਾ ਬਿੰਦੀਆਂ ਦੀ ਭਰਮਾਰ ਵਾਲਾ ਸੰਸਾਰ। ਅੱਜ ਦੇ ਭਾਰਤੀ ਟੈਲੀਵਿਯਨ 'ਤੇ ਵਿਕਦੀ ਹਰ ਸ਼ੈਅ, ਬੇਸ਼ੱਕ ਉਹ ਕੇਬਲ ਸਰਵਿਸ ਹੋਵੇ ਜਾਂ ਕੌਸਮੈਟਿਕਸ ਜਾਂ ਖਾਣ ਪੀਣ ਦੀ ਕੋਈ ਵਸਤ ਜਾਂ ਦੀਵਾਰਾਂ 'ਤੇ ਫ਼ੇਰਿਆ ਜਾਣ ਵਾਲਾ ਪੇਂਟ ਆਦਿ ਨੂੰ ਵੇਚਣ ਵਾਲੀਆਂ ਔਰਤਾਂ ਆਧੁਨਿਕ ਅਤੇ ਨੌਜਵਾਨ ਹਨ, ਜੋ ਰੱਜ ਕੇ ਸੁਹਣੀਆਂ ਹਨ, ਹਲਕੇ ਰੰਗਾਂ ਵਾਲੇ ਪੱਛਮੀ ਪਹਿਰਾਵੇ ਪਹਿਨਦੀਆਂ ਹਨ, ਇਹ ਪਹਿਰਾਵੇ ਅੱਜ ਦੀ ਕੂਲ ਨੌਜਵਾਨ ਭਾਰਤੀ ਪੀੜੀ, ਜੋ ਬਿੰਦੀਆਂ ਬਿਲਕੁਲ ਪਸੰਦ ਨਹੀਂ ਕਰਦੀ, ਦੀ ਵਰਦੀ ਬਣ ਚੁੱਕੇ ਹਨ।
ਫ਼ਿਰ ਇੱਕ ਦੂਸਰਾ ਸੰਸਾਰ ਹੈ। ਟੀ. ਵੀ. ਸੀਅਰਲਾਂ ਦਾ ਸੰਸਾਰ, ਜਿੱਥੇ ਸਾਰੀਆਂ ਔਰਤਾਂ ਕਥਿਤ ਤੌਰ 'ਤੇ ਰਿਵਾਇਤੀ ਹਨ ਕਿਉਂਕਿ ਉਹ ਰੰਗਬਰੰਗੇ ਕਪੜੇ ਪਹਿਨਦੀਆਂ ਹਨ, ਗਹਿਣਿਆਂ ਨਾਲ ਲੱਦੀਆਂ ਰਹਿੰਦੀਆਂ ਹਨ ਅਤੇ ਢੇਰ ਸਾਰੇ ਮੇਕਅੱਪ ਉੱਪਰ ਵੰਨ-ਸੁਵੰਨੀਆਂ ਬਿੰਦੀਆਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਵਾਲਾਂ ਦੇ ਚੀਰਾਂ ਵਿੱਚ ਘੱਟ ਤੇ ਮੱਥਿਆਂ 'ਤੇ ਵਧੇਰੇ ਡੁਲ੍ਹ-ਡੁਲ੍ਹ ਜਾਂਦਾ ਸਿੰਧੂਰ ਹੰਦਾ ਹੈ। ਟੀ. ਵੀ. ਦੀ ਦੁਨੀਆ ਦੇ ਇਹ ਦੋਹੇਂ ਸੰਸਾਰ ਭਾਰਤੀ ਖ਼ਪਤਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਹਨ।
ਤਾਂ ਫ਼ਿਰ ਇਸ ਦਾ ਅਰਥ ਇਹ ਹੋਇਆ ਕਿ ਇਹ ਦੋ ਵੱਖੋ ਵੱਖਰੇ ਸਮਾਜਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਇਸ਼ਤਿਹਾਰਬਾਜ਼ ਆਧੁਨਿਕ ਭਾਰਤ-1 ਨੂੰ ਤੇ ਟੀ. ਵੀ. ਸੀਅਰਲਾਂ ਵਾਲੇ ਰਿਵਾਇਤੀ ਭਾਰਤ-2 ਨੂੰ? ਫ਼ਿਰ ਕਿਸ ਦਾ ਸੁਨੇਹਾ ਸਹੀ ਜਗ੍ਹਾ ਸੱਟ ਮਾਰ ਰਿਹਾ ਹੈ? ਮੈਂ ਥੋੜ੍ਹੇ ਭੰਬਲਭੂਸੇ ਵਿੱਚ ਹਾਂ। ਚੱਕਰ ਖਾ ਰਿਹਾ ਹਾਂ। ਕੀ ਬਿੰਦੀ ਇੱਕ ਸਭਿਆਚਾਰਕ ਚਿੰਨ੍ਹ ਹੈ ਜਾਂ ਧਰਮ-ਨਿਰਪੱਖ ਜਾਂ ਧਾਰਮਿਕ? ਕੀ ਜਿਹੜੇ ਲੋਕ ਔਰਤਾਂ ਤੋਂ ਬਿੰਦੀ ਲਗਾਉਣ ਦੀ ਮੰਗ ਕਰਦੇ ਉਹ ਸੱਜੇ ਪੱਖੀ ਕੱਟੜਵਾਦੀ ਹਨ? ਕੀ ਅਜਿਹਾ ਕੋਈ ਸਰਵੇਖਣ ਹੈ ਜਿਹੜਾ ਇਸ ਵੱਲ ਇਸ਼ਾਰਾ ਕਰਦਾ ਹੋਵੇ ਕਿ ਇੱਕ ਆਮ ਭਾਰਤੀ ਨਾਰੀ ਘਰ ਵਿੱਚ ਬਿੰਦੀ ਨਹੀਂ ਪਹਿਨਦੀ? ਬਿੰਦੀ ਦਾ ਇਹ ਮਿਟਦਾ ਜਾ ਰਿਹਾ ਸਭਿਆਚਾਰ ਕਿਸ ਦਾ ਫ਼ੈਸਲਾ ਹੈ? ਟੀ. ਵੀ. ਵਾਲਿਆਂ ਦਾ ਜਾਂ ਔਰਤਾਂ ਦਾ ਖ਼ੁਦ ਦਾ?
ਕੋਈ ਨਹੀਂ ਜਾਣਦਾ ਕਿ ਬਿੰਦੀ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ। ਕੇਵਲ ਕਿਆਫ਼ੇ ਹੀ ਲਗਾਏ ਜਾ ਸਕਦੇ ਹਨ। ਦਰਅਸਲ, ਅਜਿਹਾ ਕਰਨਾ ਵੀ ਆਸਾਨ ਨਹੀਂ ਕਿਉਂਕਿ ਮੱਥੇ 'ਤੇ ਲਗਾਈਆਂ ਜਾਣ ਵਾਲੀਆਂ ਬਿੰਦੀਆਂ ਦੀਆਂ ਵੀ ਕਈ ਪ੍ਰਾਂਤਕ ਵਿਵਿਧਤਾਵਾਂ ਹਨ। ਮੱਥੇ 'ਤੇ ਪਵਿੱਤਰ ਚਿੰਨ੍ਹ ਲਗਾਉਣੇ ਸ਼ਾਇਦ ਇੱਕ ਪੁਰਾਤਨ ਰਸਮ ਹੈ ਜੋ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਹੜੀ ਇਨਸਾਨਾਂ ਤੇ ਜਾਨਵਰਾਂ ਵਿੱਚ ਨਿਖੇੜਾ ਕਰਦੀ ਹੈ - ਕਲਪਨਾ ਦੀ ਉਹ ਯੋਗਤਾ ਜਿਹੜੀ ਉਸ ਮਨੁੱਖੀ ਦਿਮਾਗ ਵਿੱਚੋਂ ਉਪਜਦੀ ਹੈ ਜਿਹੜਾ ਇਨਸਾਨ ਦੇ ਮੱਥੇ ਦੇ ਪਿੱਛੇ ਸਥਿਤ ਹੈ। ਕੁੱਝ ਦਾ ਕਹਿਣਾ ਹੈ ਕਿ ਮੱਥੇ ਦੇ ਇਨ੍ਹਾਂ ਬਿੰਦੀਆਂ ਟਿੱਕਿਆਂ ਦਾ ਅਰਥ ਹੈ ਇਨਸਾਨ ਦਾ ਤੀਸਰਾ ਨੇਤਰ, ਉਹ ਮਨੁੱਖੀ ਯੋਗਤਾ ਜਿਹੜੀ ਉਸ ਨੂੰ ਇਸ ਸੰਸਾਰ ਨੂੰ ਸਮਝਣ ਵਿੱਚ ਮਦਦ ਕਰਦੀ ਹੈ।
ਸਿੰਧੂਰ ਦਾ ਲਾਲ ਰੰਗ ਦਿਮਾਗ ਦੀ ਕਾਬਲੀਅਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਹ ਧਰਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਸ਼ਿਕਾਰ ਹੁੰਦੇ ਜਾਨਵਰਾਂ ਦੇ ਖ਼ੂਨ ਦਾ ਪ੍ਰਤੀਕ ਜਾਂ ਮਾਰੇ ਗਏ ਦੁਸ਼ਮਣ ਦਾ, ਇਸ ਦੇ ਨਾਲ ਨਾਲ ਮਾਹਵਾਰੀ ਦਾ ਵੀ। ਔਰਤਾਂ ਦੇ ਸੰਦਰਭ ਵਿੱਚ, ਉਹ ਇੱਕ ਛੋਟੀ ਜਿਹੀ ਬਿੰਦੂ ਆਪਣੇ ਮੱਥੇ ਦੇ ਵਿਚਕਾਰ ਲਗਾਉਂਦੀਆਂ ਸਨ। ਮਰਦਾਂ ਦੇ ਸੰਦਰਭ ਵਿੱਚ ਇਹ ਸਿੱਧਾ ਖੜ੍ਹਵਾਂ ਲਗਾਇਆ ਜਾਂਦਾ ਸੀ ਤੇ ਇਸ ਨੂੰ ਤਿਲਕ ਸੱਦਿਆ ਜਾਂਦਾ ਸੀ। ਉੱਤਰ ਤੇ ਪੱਛਮ ਭਾਰਤ ਦੀਆਂ ਔਰਤਾਂ ਆਪਣੇ ਆਪਣੇ ਵਾਲਾਂ ਵਿਚਲੇ ਚੀਰ ਵਿੱਚ ਲਾਲ ਰੰਗ ਲਗਾਉਂਦੀਆਂ ਸਨ ਜੋ ਕਿ ਉਨ੍ਹਾਂ ਦੇ ਵਿਆਹੇ ਹੋਣ ਦੀ ਨਿਸ਼ਾਨੀ ਹੁੰਦੀ ਸੀ। ਜਦੋਂ ਇਸੇ ਬਿੰਦੀ ਨੂੰ ਮੱਥੇ 'ਤੇ ਲੇਟਵਾਂ ਲਗਾਇਆ ਜਾਂਦਾ ਸੀ ਤਾਂ ਇਸ ਦਾ ਮਤਲਬ ਬਲੀਦਾਨ ਹੁੰਦਾ ਸੀ।
ਫ਼ਿਰ ਇੱਕ ਅਜਿਹਾ ਵਕਤ ਆਇਆ ਜਦੋਂ ਭਾਰਤ ਦੇ ਕਈ ਭਾਈਚਾਰਿਆਂ ਵਿੱਚ ਬਿੰਦੀ ਨਾਰੀਤੱਵ ਦਾ ਸੰਕੇਤ ਮੰਨੀ ਜਾਣ ਲੱਗੀ। ਵਿਆਹ ਤੋਂ ਬਾਅਦ ਬਿੰਦੀ ਲਗਾਉਣਾ ਸੁਹਾਗਣ ਹੋਣ ਦੀ ਨਿਸ਼ਾਨੀ ਬਣ ਗਿਆ ਅਤੇ ਵਿਧਵਾ ਹੋਣ 'ਤੇ ਇਸ ਨੂੰ ਔਰਤ ਦੇ ਮੱਥੇ ਤੋਂ ਮਿਟਾ ਦਿੱਤਾ ਜਾਂਦਾ ਸੀ। ਕਿਉਂਕਿ ਆਦਮੀਆਂ ਦੇ ਸ਼ਾਦੀਸ਼ੁਦਾ ਹੋਣ ਦਾ ਕੋਈ ਅਜਿਹਾ ਨਿਸ਼ਾਨ ਨਹੀਂ ਰੱਖਿਆ ਗਿਆ ਸੀ, ਇਸ ਲਈ ਬਿੰਦੀ ਨੂੰ ਮਰਦ ਪ੍ਰਧਾਨ ਸਮਾਜ ਵੱਲੋਂ ਔਰਤ 'ਤੇ ਥੋਪਿਆ ਗਿਆ ਇੱਕ ਚਿੰਨ੍ਹ ਵੀ ਸਮਝਿਆ ਜਾਣ ਲੱਗਾ। ਕੁੱਝ ਔਰਤਾਂ ਵੱਡੀਆਂ ਵੱਡੀਆਂ ਬਿੰਦੀਆਂ ਲਗਾਗੇ ਆਪਣੇ ਸਭਿਆਚਾਰ ਅਤੇ ਭਾਰਤੀਪੁਣੇ ਦਾ ਪ੍ਰਗਟਾਵਾ ਕਰਦੀਆਂ ਸਨ। ਮੈਨੂੰ ਚੇਤੇ ਹੈ ਕਿ ਇੱਕ ਫ਼ੈਸ਼ਨ ਡਿਜ਼ਾਈਨਰ ਅਜਿਹੀਆਂ ਬਿੰਦੀਆਂ ਨੂੰ 'ਬੁਲਟ ਹੋਲ' (ਗੋਲੀ ਦੀ ਮੋਰੀ ਵਰਗੀਆਂ) ਬਿੰਦੀਆਂ ਕਹਿੰਦੀ ਹੁੰਦੀ ਸੀ। ਅੰਗ੍ਰੇਜ਼ੀ ਵਿੱਚ ਬਿੰਦੀ ਨੂੰ 'ਡੌਟ' ਕਿਹਾ ਜਾਂਦਾ ਹੈ ਅਤੇ 80ਵਿਆਂ ਦੇ ਮੱਧ ਵਿੱਚ 'ਡੌਟ ਬਸਟਰ' ਨਾਮ ਦਾ ਇੱਕ ਅਮਰੀਕੀ ਨਸਲਵਾਦੀ ਗੁੱਟ ਖ਼ਾਸ ਤੌਰ 'ਤੇ ਬਿੰਦੀਆਂ ਲਗਾਉਣ ਵਾਲੀਆਂ ਸਾਊਥ ਏਸ਼ੀਅਨ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੁੰਦਾ ਸੀ। ਹੁਣ ਜਦੋਂ ਕਿ ਆਧੁਨਿਕਤਾ ਦੇ ਨਾਮ ਹੇਠ ਜਦੋਂ ਕਿ ਬਿੰਦੀਆਂ ਅਲੋਪ ਹੋ ਰਹੀਆਂ ਹਨ, ਮੇਰਾ ਖ਼ਿਆਲ ਹੈ ਕਿ ਸਾਨੂੰ ਬਿੰਦੀਆਂ ਨੂੰ ਲੈ ਕੇ ਡਰਨ ਦੀ ਕੋਈ ਲੋੜ ਨਹੀਂ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਅਲੋਪ ਹੋ ਰਹੀਆਂ ਬਿੰਦੀਆਂ!

Currency Converter

Amount:
From:
To:


Gurbani Radio


Gurbani - Sri Harmandir Sahib