Thursday, 20 September 2012 09:43
Print PDF

ਓਸ਼ੋ ਅਕਸਰ ਆਪਣੇ ਭਗਤਾਂ ਨੂੰ ਇੱਕ ਕਹਾਣੀ ਸੁਣਾਇਆ ਕਰਦਾ ਸੀ ਜੋ ਮੈਂ ਅੱਜ ਤੁਹਾਡੀ ਖ਼ਿਦਮਤ ਵਿੱਚ ਪੇਸ਼ ਕਰ ਰਿਹਾ ਹਾਂ। ਪੁਰਾਣਾਂ ਅਨੁਸਾਰ, ਪੁਰਾਤਨ ਕਾਲ ਵਿੱਚ ਇੱਕ ਰਾਜਾ ਹੁੰਦਾ ਸੀ ਜਿਸ ਦਾ ਨਾਮ ਸੀ ਯਯਾਤੀ ਜੋ ਕਿ ਪਾਂਡਵਾਂ ਦਾ ਪੂਰਵਜ ਮੰਨਿਆ ਜਾਂਦਾ ਹੈ। ਉਹ ਮਰਨ ਵਾਲਾ ਸੀ। ਮੌਤ ਨੇ ਉਸ ਦੇ ਦਰਵਾਜ਼ੇ 'ਤੇ ਆਣ ਦਸਤਕ ਦਿੱਤੀ ...  ਇਹ ਇੱਕ ਪੁਰਾਣੀ ਕਹਾਣੀ ਹੈ; ਉਸ ਜ਼ਮਾਨੇ ਵਿੱਚ ਹਰ ਵਰਤਾਰਾ ਬਹੁਤ ਸਾਧਾਰਣ ਹੁੰਦਾ ਸੀ, ਅਤੇ ਦੂਸਰੀ ਦੁਨੀਆਂ ਵੀ ਕੋਈ ਬਹੁਤ ਦੁਰਾਡੀ ਨਹੀਂ ਸੀ ਸਮਝੀ ਜਾਂਦੀ। ਮੌਤ ਯਯਾਤੀ ਦੇ ਦਰ 'ਤੇ ਆਈ ਅਤੇ ਉਸ ਨੇ ਰਾਜੇ ਦੇ ਮਹਿਲ ਦੇ ਬੂਹੇ 'ਤੇ ਲੱਗਾ ਘੜਿਆਲ ਵਜਾਇਆ। ਦਰਬਾਨਾਂ ਦਰਵਾਜ਼ਾ ਖੋਲ੍ਹਿਆ। ਯਯਾਤੀ ਦਰਾਂ 'ਤੇ ਆਇਆ ਅਤੇ ਉਸ ਨੇ ਮੌਤ ਨੂੰ ਕਿਹਾ, ''ਕੀ ਹੈ? ਮੈਂ ਤਾਂ ਹਾਲੇ ਕੇਵਲ ਇੱਕ ਸੌ ਸਾਲ ਹੀ ਜੀਵਿਆ ਹੈ, ਅਤੇ ਤੂੰ ਆ ਵੀ ਗਈਂ ਏਂ - ਕੋਈ ਅਗਾਓਂ ਨੋਟਿਸ ਵੀ ਨਹੀਂ ਦਿੱਤਾ! ਹੱਦ ਹੀ ਹੋ ਗਈ, ਤੇਰੇ ਵਾਲੀ! ਘਟੋਘੱਟ ਕੁੱਝ ਵਕਤ ਤਾਂ ਦਿੱਤਾ ਜਾਣਾ ਚਾਹੀਦੈ ਬੰਦੇ ਨੂੰ ਤਿਆਰੀ ਲਈ!"
ਮੌਤ ਬੋਲੀ, ''ਮੈਨੂੰ ਕਿਸੇ ਨਾ ਕਿਸੇ ਨੂੰ ਤਾਂ ਆਪਣੇ ਨਾਲ ਲਿਜਾਣਾ ਹੀ ਪਊ, ਖਾਲੀ ਹੱਥ ਤਾਂ ਮੈਂ ਨਹੀਂ ਮੁੜ ਸਕਦੀ। ਪਰ ਤੇਰਾ ਦੁੱਖ, ਤੇਰੀ ਵਡੇਰੀ ਉਮਰ ਦੇਖ ਕੇ, ਮੈਂ ਤੈਨੂੰ ਜਿਊਣ ਲਈ ਸੌ ਸਾਲ ਹੋਰ ਦੇ ਦਿੰਦੀ ਹਾਂ। ਪਰ ਤੇਰੇ ਪੁੱਤਰਾਂ ਵਿੱਚੋਂ ਇੱਕ ਨੂੰ ਮੇਰੇ ਨਾਲ ਜਾਣਾ ਪਊ।" ਯਯਾਤੀ ਦੇ ਇੱਕ ਸੌ ਪੁੱਤਰ ਸਨ - ਉਸ ਦੀਆਂ ਇੱਕ ਸੌ ਪਤਨੀਆਂ ਸਨ - ਸੋ ਉਸ ਨੇ ਮੌਤ ਨੂੰ ਜਵਾਬ ਦਿੱਤਾ, ''ਇਹ ਤਾਂ ਕੋਈ ਮਸਲਾ ਹੀ ਨਹੀਂ!" ਜਿੰਨਾ ਯਯਾਤੀ ਸੋਚਦਾ ਸੀ, ਇਹ ਓਨਾ ਸੌਖਾ ਕਾਰਜ ਨਹੀਂ ਸੀ। ਉਸ ਨੇ ਆਪਣੇ ਸਾਰੇ ਸੌ ਦੇ ਸੌ ਪੁੱਤਰਾਂ ਨੂੰ ਆਪਣੇ ਸਾਹਮਣੇ ਸੱਦਿਆ ਅਤੇ ਕਿਹਾ ਕਿ ਉਨ੍ਹਾਂ ਵਿੱਚੋਂ ਕੋਈ ਇੱਕ ਮੌਤ ਨਾਲ ਚਲਾ ਜਾਵੇ। ''ਆਪਣੇ ਬੁੱਢੇ ਬਾਪ ਨੂੰ ਬਚਾ ਲਓ ਪੱਤਰੋ! ਤੁਸੀਂ ਕਈ ਵਾਰ ਮੈਨੂੰ ਕਿਹਾ ਹੈ, 'ਪਿਤਾ ਸ਼੍ਰੀ, ਅਸੀਂ ਤੁਹਾਡੇ ਲਈ ਆਪਣੀ ਜਾਨ ਤੱਕ ਦੇ ਸਕਦੇ ਹਾਂ।' ਹੁਣ ਵੇਲਾ ਹੈ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲਣ ਦਾ!" ਪਰ ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ, ਇਹ ਕੇਵਲ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਹਨ; ਕੇਵਲ ਗੱਲਾਂਬਾਤਾਂ ਦਾ ਸ਼ਿਸ਼ਟਾਚਾਰ। ਉਸ ਦੇ ਪੁੱਤਰ ਅਗਲਾਂ-ਬਗਲਾਂ ਝਾਕਣ ਲੱਗੇ। ਉਨ੍ਹਾਂ ਵਿੱਚੋਂ ਕੋਈ ਸੱਤਰ ਵਰ੍ਹਿਆਂ ਦਾ ਸੀ, ਕੋਈ ਪੰਝੱਤਰਾਂ ਦਾ। ਯਯਾਤੀ ਦਾ ਸਭ ਤੋਂ ਹੌਲੀ ਉਮਰ ਦਾ ਮੁੰਡਾ, ਜੋ ਕੇਵਲ 20 ਸਾਲਾਂ ਦਾ ਸੀ, ਖੜ੍ਹਾ ਹੋਇਆ ਤੇ ਬੋਲਿਆ, ''ਮੈਂ ਜਾਣ ਲਈ ਤਿਆਰ ਹਾਂ।" ਮੌਤ ਉਸ ਨੌਜਵਾਨ ਨੂੰ ਇੱਕ ਪਾਸੇ ਲੈ ਗਈ ਤੇ ਉਸ ਦੇ ਕੰਨ ਵਿੱਚ ਹੋਲੇ ਜਿਹੇ ਬੋਲੀ, ''ਕੀ ਤੁੰ ਬੇਵਕੂਫ਼ ਏਂ? ਮੁੰਡਿਆ, ਤੇਰਾ ਦਿਮਾਗ ਭੌਂ ਚੁੱਕੈ! ਤੇਰੇ ਵੱਡੇ ਭਰਾ ਇੰਨਾ ਜੀਣ ਤੋਂ ਬਾਅਦ ਵੀ ਮੇਰੇ ਨਾਲ ਜਾਣ ਲਈ ਤਿਆਰ ਨਹੀਂ। ਤੇਰਾ ਪਿਓ ਵੀ ਹਾਲੇ ਮਰਨਾ ਨਹੀਂ ਚਾਹੁੰਦਾ। ਉਹ ਸੌ ਸਾਲਾਂ ਦਾ ਹੋ ਚੁੱਕੈ, ਅਤੇ ਤੂੰ ਤਾਂ ਹਾਲੇ ਸਿਰਫ਼ ਵੀਹਾਂ ਦਾ ਏਂ।"
ਉਸ ਨੌਜਵਾਨ ਨੇ ਇੱਕ ਬਹੁਤ ਹੀ ਪਿਆਰੀ ਗੱਲ ਕਹੀ, ਇੱਕ ਅਜਿਹੀ ਗੱਲ ਜਿਸ ਵਿੱਚ ਡੂੰਘਾ ਗਿਆਨ ਛੁਪਿਆ ਪਿਆ ਸੀ। ਉਸ ਕਿਹਾ, ''ਇਹ ਦੇਖ ਕੇ ਕਿ ਮੇਰੇ ਪਿਤਾ ਸੌ ਸਾਲ ਜੀ ਚੁੱਕੇ ਹਨ, ਅਤੇ ਉਨ੍ਹਾਂ ਕੋਲ ਉਹ ਸਭ ਕੁੱਝ ਹੈ ਜੋ ਕੋਈ ਵੀ ਇਨਸਾਨ ਹਾਸਿਲ ਕਰਨ ਦੀ ਕਲਪਨਾ ਮਾਤਰ ਵੀ ਨਹੀਂ ਕਰ ਸਕਦਾ, ਪਰ ਉਹ ਫ਼ਿਰ ਵੀ ਸੰਤੁਸ਼ਟ ਨਹੀਂ ਹਨ, ਮੈਨੂੰ ਜੀਵਨ ਦੀ ਵਿਆਰਥਤਾ ਦਿਖਣ ਲੱਗ ਪਈ ਹੈ। ਹੁਣ ਮੈਂ ਸੋਚਦਾ ਹਾਂ ਕਿ ਆਖ਼ਿਰ ਇਸ ਸਭ ਦਾ ਕੀ ਮੰਤਵ। ਮੈਂ ਸ਼ਾਇਦ ਸੌ ਸਾਲ ਜੀਅ ਲਵਾਂ, ਪਰ ਸਥਿਤੀ ਤਾਂ ਫ਼ਿਰ ਵੀ ਇਹੋ ਜਿਹੀ ਹੀ ਬਣੀ ਰਹੇਗੀ। ਤੇ ਜੇ ਇਹ ਕੇਵਲ ਮੇਰੇ ਪਿਤਾ ਜੀ ਦੀ ਹੀ ਗੱਲ ਹੁੰਦੀ ਤਾਂ ਮੈਂ ਸਮਝਦਾ ਕਿ ਇਹ ਕੇਵਲ ਉਨ੍ਹਾਂ ਦਾ ਹੀ ਵੱਖਰਾਪਨ ਹੈ ਕਿ ਉਹ ਹਾਲੇ ਵੀ ਆਪਣਾ ਜੀਵਨ ਤਿਆਗਣ ਲਈ ਰਾਜ਼ੀ ਨਹੀਂ। ਪਰ ਮੇਰੇ ਭਰਾਵਾਂ ਵੱਲ ਵੀ ਜ਼ਰਾ ਦੇਖੋ - ਕੋਈ ਪੰਝਤਰਾਂ ਦਾ ਹੈ, ਕੋਈ ਸੱਤਰਾਂ ਦਾ, ਕੋਈ ਪੈਂਹਠਾਂ ਦਾ ਤੇ ਕੋਈ ਸੱਠਾਂ ਦਾ - ਉਹ ਵੀ ਤਾਂ ਕਾਫ਼ੀ ਲੰਬਾ ਅਰਸਾ ਜੀਅ ਚੁੱਕੇ ਹਨ। ਉਹ ਜ਼ਿੰਦਗੀ ਦੀ ਹਰ ਨਿਆਮਤ ਦਾ ਆਨੰਦ ਮਾਣ ਚੁੱਕੇ ਹਨ; ਹੁਣ ਮੌਜ ਕਰਨ ਲਈ ਹੋਰ ਕਿਹੜੀ ਸ਼ੈਅ ਬਚੀ ਹੈ?"
" ਉਹ ਬੁੱਢੇ ਹੋ ਰਹੇ ਹਨ, ਅਤੇ ਉਹ ਵੀ ਹਾਲੇ ਸੰਤੁਸ਼ਟ ਨਹੀਂ ਹਨ। ਇਸ ਲਈ ਮੈਂ ਤਿਆਰ ਹਾਂ, ਅਤੇ ਮੈਂ ਤੇਰੇ ਨਾਲ ਖ਼ੁਸ਼ੀ ਖ਼ੁਸ਼ੀ ਜਾ ਰਿਹਾਂ। ਇਸ ਖ਼ੁਸ਼ੀ ਨਾਲ ਕਿ ਹੁਣ ਮੈਨੂੰ ਜੀਵਨ ਦੇ ਤਸ਼ੱਦਦ ਨੂੰ ਹੋਰ ਨਹੀਂ ਸਹਿਣਾ ਪਵੇਗਾ, ਸੌ ਸਾਲਾਂ ਨੂੰ ਜੀਣ ਦਾ ਉਹ ਤਸ਼ੱਦਦ ਜਿਹੜਾ ਮੇਰੇ ਪਿਤਾ ਜੀ ਨੇ ਹੰਢਾਇਆ ਹੈ। ਇਨ੍ਹਾਂ ਸੌ ਸਾਲਾਂ ਬਾਅਦ ਵੀ ਮੇਰੇ ਪਿਤਾ ਜੀ ਇਸ ਕਾਬਿਲ ਨਹੀਂ ਹੋਏ ਕਿ ਇਸ ਸੰਸਾਰ ਨੂੰ ਅਲਵਿਦਾ ਆਖ ਸਕਣ।"
ਇੱਕ ਵਾਰ ਫ਼ਿਰ ਮੌਤ ਨੇ ਯਯਾਤੀ ਦੇ ਬੂਹੇ 'ਤੇ ਦਸਤਕ ਦਿੱਤੀ। ਜਦੋਂ ਮੌਤ ਦੀ ਦਸਤਕ ਸੁਣੀ ਤਾਂ ਯਯਾਤੀ ਨੂੰ ਅਹਿਸਾਸ ਹੋਇਆ ਕਿ ਇੱਕ ਹੋਰ ਸਦੀ ਮੁੱਕ ਚੁੱਕੀ ਸੀ। ਉਸ ਨੇ ਕਿਹਾ, ''ਪਰ ਮੈਂ ਤਾਂ ਹਾਲੇ ਤੇਰੇ ਨਾਲ ਜਾਣ ਲਈ ਤਿਆਰ ਨਹੀਂ!" ਇਸ ਤਰ੍ਹਾਂ ਮੌਤ ਦੇ ਆਉਣ ਦਾ ਤੇ ਯਯਾਤੀ ਦੀ ਨਾਂਹ ਨੁਕਰ ਦਾ ਸਿਲਸਿਲਾ ਇਸੇ ਪ੍ਰਕਾਰ ਜਾਰੀ ਰਿਹਾ, ਅਤੇ ਇੰਝ ਇੱਕ ਹਜ਼ਾਰ ਸਾਲ ਬੀਤ ਗਏ। ਯਯਾਤੀ ਇੱਕ ਹਜ਼ਾਰ ਵਰ੍ਹਿਆਂ ਦਾ ਹੋ ਗਿਆ। ਇਹ ਇੱਕ ਬਹੁਤ ਹੀ ਸੰਕੇਤਾਤਮਕ ਕਹਾਣੀ ਹੈ। ਇੱਕ ਹਜ਼ਾਰ ਸਾਲਾਂ ਬਾਅਦ ਮੌਤ ਫ਼ਿਰ ਵਾਪਿਸ ਪਰਤੀ, ਅਤੇ ਉਸ ਕਿਹਾ, ''ਬਾਈ ਜੀ, ਹੁਣ ਕੀ ਕਹਿਣਾ ਏ ਥੋਡਾ?" ਯਯਾਤੀ ਨੇ ਕਿਹਾ, ''ਮੈਂ ਆ ਰਿਹਾਂ। ਹੁਣ ਬਹੁਤ ਹੋ ਚੁੱਕੈ! ਮੈਂ ਦੇਖ ਲਿਐ ਕਿ ਇੱਥੇ ਕਦੇ ਵੀ ਕੋਈ ਰੱਜਦਾ ਨ੍ਹੀਂ।"
" ਹੁਣ ਮੈਂ ਆਪਣੀ ਮਰਜ਼ੀ ਨਾਲ ਤੇਰੇ ਨਾਲ ਆ ਰਿਹਾਂ, ਅਤੇ ਹੁਣ ਮੈਂ ਕਹਿ ਸਕਦਾਂ ਕਿ ਮੇਰਾ ਸਭ ਤੋਂ ਛੋਟਾ ਪੁੱਤਰ ਜਿਹੜਾ ਤੇਰੇ ਨਾਲ ਤੁਰ ਗਿਆ ਸੀ, ਅਤੇ ਜਿਹੜਾ ਕੇਵਲ 20 ਵਰ੍ਹਿਆਂ ਦਾ ਸੀ, ਉਹ ਸਾਡੇ ਸਾਰਿਆਂ ਤੋਂ ਵੱਧ ਸਿਆਣਾ ਸੀ। ਮੈਂ ਹੀ ਬੇਵਕੂਫ਼ ਸਾਂ। ਮੈਨੂੰ ਉਹ ਸਮਝਣ ਵਿੱਚ ਇੱਕ ਹਜ਼ਾਰ ਸਾਲ ਲੱਗ ਗਏ ਜੋ ਉਸ ਨੇ ਕੇਵਲ ਵੀਹ ਸਾਲਾਂ ਵਿੱਚ ਹੀ ਸਿੱਖ ਲਿਆ ਸੀ। ਇਸੇ ਨੂੰ ਕਹਿੰਦੇ ਨੇ ਸੂਝ।" ਜੇਕਰ ਤੁਸੀਂ ਸੂਝਵਾਨ ਹੋ ਤਾਂ ਤੁਸੀਂ ਲਾਲਚ ਦੀ ਵਿਅਰਥਤਾ ਪਛਾਣ ਲਵੋਗੇ। ਜੇਕਰ ਤੁਸੀਂ ਸਿਆਣੇ ਹੋ ਤਾਂ ਤੁਸੀਂ ਜੀਣ ਦੀ ਤਿਆਰੀ ਕਰਨ ਦੀ ਬਜਾਏ ਜੀਣਾ ਸ਼ੁਰੂ ਕਰ ਦੇਵੋਗੇ। ਜੇਕਰ ਤੁਸੀਂ ਸਿਆਣੇ ਹੋ ਤਾਂ ਤੁਸੀਂ ਆਉਣ ਵਾਲੇ ਕੱਲ੍ਹ ਲਈ ਆਪਣੇ ਅੱਜ ਨੂੰ ਗਵਾਓਗੇ ਨਹੀਂ। ਤੁਸੀਂ ਇਸ ਪਲ ਨੂੰ ਕਿਸੇ ਹੋਰ ਪਲ ਲਈ ਕੁਰਬਾਨ ਨਹੀਂ ਕਰੋਗੇ, ਤੁਸੀਂ ਇਸ ਪਲ ਨੂੰ ਉਸ ਦੀ ਪੂਰਨਤਾ ਵਿੱਚ ਜੀਓਗੇ।
ਯਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਆਖਿਆ, ''ਕੱਲ੍ਹ ਬਾਰੇ ਸੋਚ ਕੇ ਚਿੰਤਤ ਨਾ ਹੋਵੋ।" ਉਹ ਉਨ੍ਹਾਂ ਨੂੰ ਕੇਵਲ ਇਹ ਕਹਿ ਰਿਹਾ ਸੀ, ''ਲਾਲਚੀ ਨਾ ਬਣੋ" - ਕਿਉਂਕਿ ਜਦੋਂ ਵੀ ਤੁਸੀਂ ਆਉਣ ਵਾਲੇ ਕੱਲ੍ਹ (ਭਵਿੱਖ) ਬਾਰੇ ਸੋਚਦੇ ਹੋ ਤਾਂ ਤੁਸੀਂ ਲਾਲਚੀ ਬਣ ਬੈਠਦੇ ਹੋ। ਯਸੂ ਨੇ ਆਪਣੇ ਅਨੁਯਾਈਆਂ ਨੂੰ ਕਿਹਾ: ਬਗ਼ੀਚੇ ਵਿੱਚ ਖਿੜੇ ਪਦਮਨੀ ਦੇ ਫੁੱਲਾਂ ਵੱਲ ਤੱਕੋ। ਉਨ੍ਹਾਂ ਦੀ ਖ਼ੂਬਸੂਰਤੀ ਦਾ ਰਾਜ਼ ਕੀ ਹੈ? ਕੀ ਹੈ ਉਨ੍ਹਾਂ ਦਾ ਰਾਜ਼? ਬਹੁਤ ਸਿੱਧਾ: ਉਹ ਭਵਿੱਖ (ਕੱਲ੍ਹ) ਬਾਰੇ ਨਹੀਂ ਸੋਚਦੇ ਤੇ ਕੇਵਲ ਅੱਜ (ਵਰਤਮਾਨ) ਵਿੱਚ ਜਿਊਂਦੇ ਹਨ। ਉਹ ਇਸ ਪਲ ਵਿੱਚ ਜੀਂਦੇ ਹਨ।
ਲਾਲਚ ਅੱਜ ਦੇ ਯੁੱਗ ਦਾ ਇੱਕ ਭੱਖਦਾ ਵਿਸ਼ਾ ਹੈ। ਇਹ ਵੀ ਠੀਕ ਹੈ ਕਿ ਲਾਲਚ ਨੂੰ ਸਵਾਰਥ, ਪਾਪ ਜਾਂ ਸ਼ੈਤਾਨੀਅਤ ਨਾਲ ਜੋੜ ਕੇ ਦੇਖਣ ਦਾ ਰੁਝਾਨ ਕੋਈ ਨਵੀਂ ਗੱਲ ਨਹੀਂ। ਕੈਥੋਲਿਕ ਚਰਚ ਵੱਲੋਂ ਲਾਲਚ ਜਾਂ ਭੁੱਖ ਦਾ ਸ਼ੁਮਾਰ ਇਸ ਸੰਸਾਰ ਦੇ ਸੱਤ ਮਹਾਂ ਪਾਪਾਂ ਵਿੱਚ ਕੀਤਾ ਗਿਆ ਹੈ। ਅਤੇ 14ਵੀਂ ਸਦੀ ਦੇ ਇਤਾਲਵੀ ਕਵੀ ਦਾਂਤੇ ਅਲੀਗੀਏਅਰੀ ਦੀ ਕਵਿਤਾ 'ਇਨਫ਼ਰਨੋ' ਵਿੱਚ ਤਾਂ ਕਿਹਾ ਗਿਆ ਹੈ ਕਿ ਸਜ਼ਾ ਦੇ ਤੌਰ 'ਤੇ ਲਾਲਚੀਆਂ ਨੂੰ ਦੋਜ਼ਖ਼ ਦਾ ਪੂਰਾ ਚੱਕਰ ਲਗਵਾਇਆ ਜਾਂਦਾ ਹੈ। ਪਰ ਕੀ ਲਾਲਚ ਕਦੇ ਕਦੇ ਚੰਗਾ ਵੀ ਸਾਬਿਤ ਹੋ ਸਕਦੈ?
ਹਵਸ ਤੇ ਪੇਟੂਪਨ ਵਾਂਗ ਹੀ, ਲਾਲਚ ਨੂੰ ਰਸਮੀ ਤੌਰ 'ਤੇ ਅਧਿਕਤਾ ਜਾਂ ਭਰਮਾਰ ਦਾ ਪਾਪ ਕਿਹਾ ਜਾਂਦਾ ਹੈ। ਪਰ ਲਾਲਚ ਦਾ ਜ਼ਿਕਰ ਆਮ ਤੌਰ 'ਤੇ ਸੰਸਾਰਕ ਧੰਨ ਨਾਲ ਜੋੜ ਕੇ ਕੀਤਾ ਜਾਂਦਾ ਹੈ। ਭੁੱਖ ਨੂੰ ਕਈ ਤਰ੍ਹਾਂ ਦੇ ਲਾਲਚੀ ਵਿਹਾਰਾਂ, ਜਿਵੇਂ ਕਿ ਨਿਜੀ ਮੁਫ਼ਾਦ; ਧੋਖੇਬਾਜ਼ੀ ਜਾਂ ਗ਼ੱਦਾਰੀ; ਦੁਨਿਆਵੀ ਚੀਜ਼ਾਂ ਨੂੰ ਇਕੱਠਾ ਕਰਨ ਦੀ ਹੋੜ; ਚੋਰੀ-ਚਕਾਰੀ; ਡਕੈਤੀ; ਫ਼ਰੇਬੀ ਸਕੀਮਾਂ ਨਾਲ ਆਪਣੇ ਫ਼ਾਇਦੇ ਲਈ ਦੂਜਿਆਂ ਨੂੰ ਉੱਲੂ ਬਣਾਉਣ ਆਦਿ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਫ਼ਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਿਰ ਲਾਲਚ ਦੀ ਉਪਜ ਕਿੱਥੋਂ ਤੇ ਕਿਵੇਂ ਹੁੰਦੀ ਹੈ?
ਲਾਲਚ ਅਤੇ ਪੇਟੂਪਨ, ਦੋਹਾਂ ਦੀ ਪਰਿਭਾਸ਼ਾ ਗੌਤਮ ਬੁੱਧ ਵੱਲੋਂ ਦਿੱਤੀ ਗਈ 'ਤਲਬ' ਦੀ ਪਰਿਭਾਸ਼ਾ ਨਾਲ ਕਾਫ਼ੀ ਮਿਲਦੀ ਹੈ: ਸੰਸਾਰਕ ਵਸਤੂਆਂ ਅਤੇ ਉਨ੍ਹਾਂ ਦਾ ਆਨੰਦ ਮਾਨਣ ਦੀ ਲਾਲਸਾ ਹੀ ਮਨੁੱਖੀ ਨਿਘਾਰ ਦਾ ਕਾਰਨ ਬਣਦੀ ਹੈ। ਲਾਲਚ ਦਾ ਅਰਥ ਹੈ ਕਿ ਜੋ ਤੁਹਾਡੇ ਕੋਲ ਹੈ ਉਸ ਤੋਂ ਕਦੇ ਵੀ ਸੰਤੁਸ਼ਟ ਨਾ ਹੋਣਾ, ਹਮੇਸ਼ਾਂ ਹੋਰ ਦੀ ਇੱਛਾ ਅਤੇ ਤਵੱਕੋ ਕਰਦੇ ਰਹਿਣਾ। ਇੱਕ ਕਦੇ ਨਾ ਮਿਟਣ ਵਾਲੀ ਭੁੱਖ। ਇੱਕ ਗਹਿਰੀ ਕਿਸਮ ਦੀ ਭੁੱਖ। ਲਾਲਚ ਕਿੱਥੇ ਪਨਪਦਾ ਹੈ? ਸੁਣਨ ਵਿੱਚ ਇਹ ਬੇਸ਼ੱਕ ਥੋੜ੍ਹਾ ਝੂਠ ਜਿਹਾ ਲੱਗੇਗਾ ਪਰ ਹੈ ਸੱਚ, ਲਾਲਚ ਦਰਅਸਲ ਸਾਡੇ ਅੰਦਰ ਸਵਾਰਥ ਦੀ ਘਾਟ ਕਾਰਨ ਉਪਜਦਾ ਹੈ। ਬਿਲਕੁਲ ਸਹੀ ਸੁਣਿਆ। ਲਾਲਚ ਸਾਡੀ ਸਵੈ ਦੀ ਅਗਿਆਨਤਾ ਵਿੱਚੋਂ ਪਨਪਦਾ ਹੈ। ਅਮਲ ਵੀ ਇੱਕ ਪ੍ਰਕਾਰ ਦਾ ਲਾਲਚ ਹੀ ਹੈ। ਅਮਲੀ ਲੋਕ ਹਮੇਸ਼ਾਂ ਉਸ ਚੀਜ਼ ਦੀ ਵਧੇਰੇ ਇੱਛਾ ਕਰਦੇ ਹਨ ਜਿਹੜੀ ਉਨ੍ਹਾਂ ਨੂੰ ਮਦਹੋਸ਼ ਕਰਦੀ ਹੈ, ਜਿਹੜੀ ਉਨ੍ਹਾਂ ਨੂੰ ਮਜ਼ਾ ਦਿੰਦੀ ਹੈ, ਜਿਹੜੀ ਉਨ੍ਹਾਂ ਨੂੰ ਬੇਚੈਨੀ, ਦੁੱਖ ਅਤੇ ਆਪਣ ਆਪ ਤੋਂ ਨਿਜਾਤ ਦੁਆਉਂਦੀ ਹੈ। ਉਨ੍ਹਾਂ ਨੂੰ ਉਸ ਪਦਾਰਥ ਦੀ ਤਲਬ ਲੱਗੀ ਰਹਿੰਦੀ ਹੈ ਜਿਹੜਾ ਉਨ੍ਹਾਂ ਨੂੰ ਸੁਆਦ ਦਿੰਦਾ ਹੈ, ਫ਼ਿਰ ਬੇਸ਼ੱਕ ਉਹ ਕੋਈ ਡਰੱਗ ਹੋਵੇ ਜਾਂ ਸੈਕਸ, ਜੂਆ, ਖਾਣਾ, ਅਸ਼ਲੀਲ ਸਾਹਿਤ ਜਾਂ ਫ਼ਿਲਮਾਂ, ਇੰਟਰਨੈੱਟ, ਟੈਲੀਵਿਯਨ, ਮਸ਼ਹੂਰੀ, ਤਾਕਤ, ਪੈਸਾ ਹੋਵੇ। ਸਾਡੇ ਸਾਰਿਆਂ ਦੀਆਂ ਆਪੋ ਆਪਣੀਆਂ ਆਦਤਾਂ ਤੇ ਅਮਲ ਹੁੰਦੇ ਹਨ: ਕੰਮ ਦੀ ਆਦਤ, ਤਰਕਵਾਦ ਦਾ ਅਮਲ, ਖ਼ਰੀਦਦਾਰੀ ਦਾ ਨਸ਼ਾ, ਤਰੁਟੀਹੀਨਤਾ ਦੀ ਸਨਕ ਆਦਿ। ਇਹ ਸਭ ਆਪਣੇ ਅੰਦਰਲੇ ਰੂਹਾਨੀ ਅਤੇ ਭਾਵਨਾਤਮਕ ਖ਼ਲਾਅ ਨੂੰ ਪੁਰ ਕਰਨ ਦੀ ਸਾਡੀ ਵਿਅਰਥ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹਨ। ਚਿਰਾਂ ਤੋਂ ਦੱਬੀ ਹੋਈ ਕਿਸੇ ਤਾਂਘ ਨੂੰ ਤ੍ਰਿਪਤ ਕਰਨ ਦਾ ਇੱਕ ਹੀਲਾ ਜਾਂ ਘਟੋਘੱਟ ਕਿਸੇ ਰਿਸਦੇ ਮਾਨਸਿਕ ਜ਼ਖ਼ਮ ਨੂੰ ਸੁੰਨ ਕਰਨ ਦਾ ਇੱਕ ਤਰੀਕਾ। ਅਜਿਹੇ ਆਤਮਘਾਤੀ ਰਵੱਈਏ ਦੀਆਂ ਜੜ੍ਹਾਂ ਸਾਡੇ ਬਚਪਨ ਦੀਆਂ ਅਸੰਤੁਸ਼ਟ ਲੋੜਾਂ ਵਿੱਚ ਜੜ੍ਹਤ ਹੁੰਦੀਆਂ ਹਨ। ਬਚਪਨ ਜਾਂ ਜਵਾਨੀ ਦੇ ਦਿਨਾਂ ਦੇ ਸੱਦਮਿਆਂ ਕਾਰਨ, ਅਤੇ ਨਾਲ ਦੀ ਨਾਲ ਵਰਤਮਾਨ ਵਿੱਚ ਉਪਯੁਕਤ ਹੱਦ ਤੱਕ ਸਵਾਰਥੀ ਬਣਨ ਵਿੱਚ ਅਸਫ਼ਲ ਰਹਿਣ ਪਿੱਛੋਂ ਅਸੀਂ ਨਿੱਜ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ।
ਲਾਲਚ ਇੱਕ ਪ੍ਰਕਾਰ ਦਾ ਸਵਾਰਥੀਪੁਣਾ ਹੈ। ਅਤੇ ਸਾਡੇ ਵਿੱਚੋਂ ਬਹੁਤਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਸਵਾਰਥੀਪੁਣਾ ਇੱਕ ਪਾਪ ਹੈ, ਬੁਰਾਈ ਹੈ ਜਾਂ ਇੱਕ ਤਰ੍ਹਾਂ ਦੀ ਸ਼ੈਤਾਨੀ ਫ਼ਿਤਰਤ ਹੈ। ਪਰ ਕੀ ਸੱਚਮੁੱਚ ਸਵਾਰਥ ਇੰਨਾ ਬੁਰਾ ਹੈ? ਨਾਕਾਰਾਤਮਕ ਹੈ? ਗ਼ੈਰ-ਰੂਹਾਨੀ ਹੈ? ਧਰਮ ਵਿਰੋਧੀ ਹੈ? ਆਤਮਕਾਮੀ ਹੈ? ਸਮਾਜ ਵਿਰੋਧੀ ਹੈ? ਜਾਂ ਫ਼ਿਰ ਕੀ ਕਈ ਵਾਰ ਸਵਾਰਥੀਪੁਣਾ ਇੱਕ ਚੰਗੀ ਸ਼ੈਅ ਸਾਬਿਤ ਹੋ ਸਕਦਾ ਹੈ? ਸਿਹਤਮੰਦ। ਜ਼ਰੂਰੀ। ਸਾਕਾਰਾਤਮਕ। ਤੇ ਇੱਥੋਂ ਤੱਕ ਕਿ ਰੂਹਾਨੀ ਵੀ। ਕੀ ਕਈ ਵਾਰ ਅਸੀਂ ਇਸ ਹੱਦ ਤੱਕ ਨਿਸਵਾਰਥੀ ਬਣ ਜਾਂਦੇ ਹਾਂ ਕਿ ਆਪਣਾ ਹੀ ਨੁਕਸਾਨ ਕਰਵਾ ਬੈਠਦੇ ਹਾਂ? ਕੀ ਆਤਮਤਿਆਗ ਹਮੇਸ਼ਾਂ ਮਾਨਸਿਕ ਤੌਰ 'ਤੇ ਚੰਗਾ ਹੁੰਦਾ ਹੈ? ਤੇ ਰੂਹਾਨੀਅਤ ਪੱਖੋਂ ਵੀ?
ਆਪਣੇ ਆਲੇ ਦੁਆਲੇ ਮੌਜੂਦ ਸਵਾਰਥੀ ਲਾਲਚ ਨੂੰ ਭੰਡਣਾ ਬਹੁਤ ਸੌਖਾ ਤੇ ਆਰਾਮਦੇਹ ਹੁੰਦੈ। ਅਸੀਂ ਇੱਕ ਅਜਿਹੇ ਸਮਾਜ ਵਿੱਚ ਵਿਚਰਦੇ ਹਾਂ ਜਿੱਥੇ ਸਫ਼ਲਤਾ, ਕੀਰਤੀ ਅਤੇ ਪੈਸੇ ਨੂੰ ਪੂਜਿਆ ਜਾਂਦਾ ਹੈ, ਪਰ ਸਾਡੇ ਅੰਦਰ ਲੁਕੇ ਹੋਏ ਲਾਲਚ ਦਾ ਕੀ? ਕੀ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਢੰਗ ਨਾਲ ਲਾਲਚੀ ਨਹੀਂ? ਮਸਲਾ ਤਾਂ ਉਸ ਵੇਲੇ ਇੱਕ ਖ਼ਤਰਨਾਕ ਰੂਪ ਇਖ਼ਤਿਆਰ ਕਰ ਲੈਂਦਾ ਹੈ ਜਦੋਂ ਅਸੀਂ ਇਸ ਹਕੀਕਤ ਤੋਂ ਇਨਕਾਰੀ ਹੋਣ ਦੀ ਕੋਸ਼ਿਸ਼ ਵਿੱਚ ਆਪਣੇ ਖ਼ੁਦ ਦੇ ਲਾਲਚੀ ਬਘਿਆੜ ਨੂੰ ਬਾਹਰ ਕੱਢ ਬੈਠਦੇ ਹਾਂ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਸਵੀਕਾਰ ਲੈਣਾ ਚਾਹੀਦੈ ਕਿ ਸਾਡੇ ਸਾਰਿਆਂ ਦੇ ਦਿਲਾਂ ਅੰਦਰ ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਹੰਦਾ ਹੈ। ਇਹ ਲਾਲਚ ਮਨੁੱਖੀ ਸੁਭਾਅ ਦਾ ਇੱਕ ਅਨਿਖੜਵਾਂ ਹਿੱਸਾ ਹੈ। ਇਸ ਲਾਲਚ ਨੂੰ ਅਤੇ ਤੁਹਾਡੇ ਕਿਰਦਾਰ ਬਾਰੇ ਇਹ ਜੋ ਦੱਸਦਾ ਹੈ, ਉਸ ਨੂੰ ਪਹਿਚਾਣੋ ਨਾ ਕਿ ਧਰਮੀ ਹੋਣ ਦਾ ਢੋਂਗ ਕਰ ਕੇ ਇਸ ਤੋਂ ਇਨਕਾਰੀ ਹੁੰਦੇ ਰਹੋ। ਨਿਰਸੰਦੇਹ, ਲਾਲਚ ਇੱਕ ਤਰ੍ਹਾਂ ਦਾ ਸਵਾਰਥ ਹੈ, ਪਰ ਇੱਕ ਗ਼ਲਤ ਢੰਗ ਦਾ ਸਵਾਰਥ ਹੈ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਕੀ ਲਾਲਚ ਕਦੇ ਕਦੇ ਚੰਗਾ ਵੀ ਹੁੰਦੈ? ਲਾਲਚ ਦੀ ਇੱਕ ਪ੍ਰਾਚੀਨ ਦਾਸਤਾਨ

Currency Converter

Amount:
From:
To:


Gurbani Radio


Gurbani - Sri Harmandir Sahib