Thursday, 04 October 2012 12:18
Print PDF

ਇੱਕ ਚੇਲਾ ਅਤੇ ਉਸ ਦਾ ਗੁਰੂ ਇੱਕ ਜੰਗਲ ਵਿੱਚੋਂ ਦੀ ਲੰਘ ਰਹੇ ਸਨ। ਚੇਲਾ ਇਸ ਤੱਥ ਤੋਂ ਪਰੇਸ਼ਾਨ ਸੀ ਕਿ ਉਸ ਦਾ ਮਨ ਲਗਾਤਾਰ ਭਟਕਦਾ ਰਹਿੰਦਾ ਹੈ। ਉਸ ਨੇ ਆਪਣੇ ਗੁਰੂ ਨੂੰ ਸਵਾਲ ਕੀਤਾ: ''ਮੈਨੂੰ ਆਪਣੇ ਮਨ ਨੂੰ ਸਥਿਰ ਕਰਨ ਲਈ ਕੀ ਕਰਨ ਦੀ ਲੋੜ ਹੈ, ਗੁਰੂਵਰ?"
ਗੁਰੂ ਨੇ ਇੱਕ ਨਜ਼ਰ ਚੇਲੇ ਦੇ ਚਿਹਰੇ ਵੱਲ ਤੱਕਿਆ, ਮੁਸਕੁਰਾਇਆ ਅਤੇ ਬੋਲਿਆ, ''ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇੱਕ ਹਾਥੀ, ਇੱਕ ਬਾਗ਼ ਵਿੱਚ ਖੜ੍ਹਾ, ਇੱਕ ਦਰਖ਼ਤ ਤੋਂ ਪੱਤੇ ਖਾ ਰਿਹਾ ਸੀ। ਇੱਕ ਛੋਟੀ ਜਿਹੀ ਮੱਖੀ ਉਡਦੀ ਹੋਈ ਉਸ ਕੋਲ ਆਈ, ਅਤੇ ਉਸ ਦੇ ਕੰਨ ਲਾਗੇ ਭਿਣਭਿਣ ਕਰਨ ਲੱਗੀ। ਉਸ ਹਾਥੀ ਨੇ ਮੱਖੀ ਨੂੰ ਆਪਣੇ ਲੰਬੇ ਕੰਨਾਂ ਨਾਲ ਪਰਾਂ ਉਡਾ ਦਿੱਤਾ। ਮੱਖੀ ਫ਼ਿਰ ਉਸ ਦੇ ਕੰਨ ਲਾਗੇ ਸਰਸਰਾਉਣ ਲੱਗੀ, ਅਤੇ ਹਾਥੀ ਨੇ ਫ਼ਿਰ ਉਸ ਨੂੰ ਪਰਾਂ ਕੀਤਾ।"
ਇਹ ਸਿਲਸਿਲਾ ਕਈ ਵਾਰ ਦੋਹਰਾਇਆ ਗਿਆ। ਫ਼ਿਰ ਹਾਥੀ ਨੇ ਮੱਖੀ ਨੂੰ ਪੁੱਛਿਆ: ''ਤੂੰ ਇੰਨੀ ਅਸ਼ਾਂਤ ਤੇ ਸ਼ੋਰੀਲੀ ਕਿਉਂ ਹੈਂ? ਤੂੰ ਕੁੱਝ ਵਕਤ ਇੱਕ ਹੀ ਜਗ੍ਹਾ 'ਤੇ ਸ਼ਾਂਤੀ ਨਾਲ ਕਿਉਂ ਨਹੀਂ ਬਹਿ ਸਕਦੀ?"
ਮੱਖੀ ਨੇ ਹਾਥੀ ਨੂੰ ਉੱਤਰ ਦਿੱਤਾ: ''ਮੈਂ ਜਿਸ ਵੀ ਚੀਜ਼ ਨੂੰ ਦੇਖਦੀ, ਸੁਣਦੀ ਜਾਂ ਸੁੰਘਦੀ ਹਾਂ, ਉਸ ਵੱਲ ਆਕਰਸ਼ਿਤ ਹੋ ਜਾਂਦੀ ਹਾਂ। ਮੇਰੀਆਂ ਪੰਜੇ ਸ਼ਾਰੀਰਕ ਸ਼ਕਤੀਆਂ, ਨਜ਼ਰ/ਨੱਕ/ਕੰਨ/ਜ਼ੁਬਾਨ/ਛੋਹ, ਜਾਂ ਜੋ ਕੁੱਝ ਵੀ ਮੇਰੇ ਆਲੇਦੁਆਲੇ ਵਾਪਰਦਾ ਹੈ, ਲਗਾਤਾਰ ਮੈਨੂੰ ਮੁਖ਼ਤਲਿਫ਼ ਦਿਸ਼ਾਵਾਂ ਵਿੱਚ

ਖਿੱਚਦਾ ਹੈ ਅਤੇ ਮੈਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾਂਦੀ। ਤੇਰਾ ਰਾਜ਼ ਕੀ ਹੈ? ਤੂੰ ਇੰਨਾ ਸ਼ਾਂਤ ਤੇ ਸਥਿਰ ਕਿਵੇਂ ਰਹਿ ਸਕਦਾ ਹੈਂ?"
ਹਾਥੀ ਨੇ ਖਾਣਾ ਛੱਡ ਕੇ ਕਹਿਣਾ ਸ਼ੁਰੂ ਕੀਤਾ: ''ਮੈਂ ਆਪਣੀਆਂ ਪੰਜ ਸ਼ਾਰੀਰਕ ਸ਼ਕਤੀਆਂ ਨੂੰ ਆਪਣੇ ਧਿਆਨ ਵਿੱਚ ਖ਼ਲਲ ਨਹੀਂ ਪਾਉਣ ਦਿੰਦਾ। ਮੈਂ ਆਪਣੇ ਧਿਆਨ ਨੂੰ ਹਮੇਸ਼ਾਂ ਆਪਣੇ ਕਾਬੂ ਵਿੱਚ ਰੱਖਦਾ ਹਾਂ, ਅਤੇ ਉਸ ਨੂੰ ਜਿਸ ਪਾਸੇ ਚਾਹਾਂ ਮੋੜ ਸਕਦਾ ਹਾਂ। ਇਸ ਨਾਲ ਮੈਨੂੰ ਉਸ ਕੰਮ ਵਿੱਚ ਪੂਰੀ ਤਰ੍ਹਾਂ ਸਰਾਬੋਰ ਹੋਣ ਵਿੱਚ ਮਦਦ ਮਿਲਦੀ ਹੈ ਜਿਹੜਾ ਮੈਂ ਕਰ ਰਿਹਾ ਹੁੰਦਾ ਹਾਂ। ਇਸ ਨਾਲ ਮੇਰਾ ਧਿਆਨ ਇਕਾਗਰ ਤੇ ਸ਼ਾਂਤ ਰਹਿੰਦਾ ਹੈ। ਹੁਣ ਜਿਵੇਂ ਮੈਂ ਖਾ ਰਿਹਾ ਹਾਂ, ਮੈਂ ਇਸ ਵਿੱਚ ਪੂਰੀ ਤਰ੍ਹਾਂ ਮਗਨ ਹਾਂ। ਇਸ ਤਰ੍ਹਾਂ, ਮੈਂ ਆਪਣੇ ਖਾਣੇ ਦਾ ਆਨੰਦ ਮਾਣ ਸਕਦਾ ਹਾਂ ਅਤੇ ਉਸ ਨੂੰ ਚੰਗੀ ਤਰ੍ਹਾਂ ਚਬਾ ਸਕਦਾ ਹਾਂ। ਮੈਂ ਆਪਣੇ ਧਿਆਨ ਦਾ ਮਾਲਕ ਹਾਂ ਨਾ ਕਿ ਉਹ ਮੇਰਾ, ਅਤੇ ਇਸ ਨਾਲ ਮੈਨੂੰ ਸ਼ਾਂਤ ਰਹਿਣ ਵਿੱਚ ਮਦਦ ਮਿਲਦੀ ਹੈ।"
ਇਹ ਸ਼ਬਦ ਸੁਣਨ ਤੋਂ ਬਾਅਦ, ਚੇਲੇ ਦੀਆਂ ਅੱਖਾਂ ਚੌੜੀਆਂ ਹੋ ਗਈਆਂ, ਅਤੇ ਉਸ ਦੇ ਚਿਹਰੇ 'ਤੇ ਇੱਕ ਮੁਸਕਾਨ ਉਭਰੀ। ਉਸ ਨੇ ਆਪਣੇ ਗੁਰੂ ਦੇ ਚਿਹਰੇ ਵੱਲ ਤੱਕਿਆ ਅਤੇ ਕਿਹਾ: ''ਮੈਂ ਸਮਝ ਗਿਆ! ਮੇਰਾ ਮਨ ਉਸ ਵੇਲੇ ਤੱਕ ਬੇਚੈਨ ਰਹੇਗਾ ਜਦੋਂ ਤੱਕ ਮੇਰੀਆਂ ਪੰਜੇ ਸ਼ਾਰੀਰਕ ਸ਼ਕਤੀਆਂ, ਜਾਂ ਮੇਰੇ ਦੁਆਲੇ ਵਾਪਰਨ ਵਾਲੀਆਂ ਘਟਨਾਵਾਂ, ਉਸ ਨੂੰ ਆਪਣੇ ਕਾਬੂ ਵਿੱਚ ਰੱਖਣਗੀਆਂ। ਦੂਜੇ ਪਾਸੇ, ਜੇਕਰ ਮੈਂ ਆਪਣੀਆਂ ਇਨ੍ਹਾਂ ਪੰਜ ਸ਼ਕਤੀਆਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਾਂ ਤਾਂ ਮੇਰਾ ਮਨ ਵੀ ਸ਼ਾਂਤ ਰਹਿ ਸਕੇਗਾ, ਅਤੇ ਮੈਂ ਸੰਸਾਰਕ ਭਟਣਾ ਨੂੰ ਵਿੱਥ 'ਤੇ ਰੱਖ ਸਕਾਂਗਾ।"
" ਬਿਲਕੁਲ ਸਹੀ, ਵਤਸ," ਗੁਰੂ ਨੇ ਜਵਾਬ ਦਿੱਤਾ, ''ਮਨ ਬੇਚੈਨ ਤੇ ਬੇਤਾਬ ਰਹਿੰਦਾ ਹੈ ਅਤੇ ਜਿੱਥੇ ਵੀ ਸਾਡਾ ਧਿਆਨ ਜਾਂਦਾ ਹੈ, ਉਹ ਉਸੇ ਪਾਸੇ ਲੱਗ ਜਾਂਦਾ ਹੈ। ਆਪਣੇ ਧਿਆਨ 'ਤੇ ਕਾਬੂ ਪਾਓ, ਅਤੇ ਤੁਸੀਂ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਸਕਦੇ ਹੋ।"
ਗੁਰੂ ਤੇ ਉਸ ਦਾ ਚੇਲਾ
ਮੈਂ ਓਸ਼ੋ ਵੱਲੋਂ ਸੁਣਾਈ ਗਈ ਇੱਕ ਕਹਾਣੀ ਨੈੱਟ 'ਤੇ ਪੜ੍ਹ ਰਿਹਾ ਸੀ ਤੇ ਇਸ ਹਫ਼ਤੇ ਉਹ ਆਪਣੇ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ।
ਪ੍ਰਾਚੀਨ ਕਾਲ ਵਿੱਚ ਜਪਾਨ ਵਿੱਚ ਦੋ ਮੰਦਰ ਸਨ ਜੋ ਦੋਹੇਂ ਇੱਕ ਦੂਸਰੇ ਦੇ ਵਿਰੋਧੀ, ਬਲਕਿ ਦੁਸ਼ਮਨ, ਸਨ। ਇੱਕ ਸ਼ਿੰਟੋ ਮਤ ਦਾ ਸੀ ਤੇ ਦੂਜਾ ਜ਼ੈਨ। ਅਤੇ ਕਈ ਸਦੀਆਂ ਤੋਂ ਉਹ ਇੱਕ ਦੂਸਰੇ ਨਾਲ ਸਿੰਗ ਫੱਸਾਈ ਬੈਠੇ ਸਨ। ਦੋਹਾਂ ਮੰਦਰਾਂ ਦੇ ਆਪੋ ਆਪਣੇ ਸਵਾਮੀ ਸਨ। ਉਨ੍ਹਾਂ ਦੋਹਾਂ ਮਤਾਂ ਕੋਲ ਛੋਟੀ ਉਮਰਾਂ ਦੇ ਲੜਕੇ ਸਨ ਜਿਹੜੇ ਬਜ਼ੁਰਗ ਸਵਾਮੀਆਂ ਦੀ ਸੇਵਾ, ਮੰਡੀ ਵਿੱਚੋਂ ਸਬਜ਼ੀਆਂ/ਫੱਲ ਲਿਆਉਣ ਅਤੇ ਖਾਣਾ ਬਣਾਉਣ ਆਦਿ ਦੇ ਕਾਰਜ ਕਰਦੇ ਸਨ। ਦੋਹਾਂ ਸਵਾਮੀਆਂ ਨੇ ਇਨ੍ਹਾਂ ਛੋਟੇ ਲੜਕਿਆਂ ਨੂੰ ਸਮਝਾਇਆ, ''ਕਦੇ ਵੀ ਦੂਸਰੇ ਮੰਦਰ ਦੇ ਲੜਕਿਆਂ ਨਾਲ ਕੋਈ ਗੱਲਬਾਤ ਨਾ ਕਰਿਓ - ਕਦੇ ਵੀ ਨਹੀਂ! ਅਸੀਂ ਸਦੀਆਂ ਤੋਂ ਇੱਕ ਦੂਜੇ ਦੇ ਦੁਸ਼ਮਨ ਹਾਂ, ਸਾਡੀ ਆਪਸ ਵਿੱਚ ਕੋਈ ਸਾਂਝ ਨਹੀਂ।"
ਸੋ ਇੱਕ ਦਿਨ, ਮੰਡੀ ਤੋਂ ਕੁੱਝ ਸਬਜ਼ੀਆਂ ਲਿਆਉਣ ਲਈ ਜਾਂਦੇ ਦੋਹਾਂ ਮੰਦਰਾਂ ਦੇ ਦੋ ਲੜਕੇ ਇੱਕ ਸੜਕ 'ਤੇ ਮਿਲੇ। ਇੱਕ ਮੰਦਰ ਦੇ ਲੜਕੇ ਨੇ ਦੂਸਰੇ ਮੰਦਰ ਦੇ ਲੜਕੇ ਨੂੰ ਸਵਾਲ ਕੀਤਾ - ਇਹ ਸ਼ਿੰਟੋ ਮਤ ਦਾ ਲੜਕਾ ਸੀ। ਉਸ ਨੇ ਜ਼ੈਨ ਮੰਦਰ ਦੇ ਲੜਕੇ ਨੂੰ ਪੁੱਛਿਆ: ''ਤੂੰ ਕਿੱਥੇ ਜਾ ਰਿਹੈਂ?"
ਅਤੇ ਜ਼ੈਨ ਲੜਕੇ ਨੇ ਜਵਾਬ ਦਿੱਤਾ: ''ਜਿੱਥੇ ਵੀ ਮੈਨੂੰ ਹਵਾ ਲੈ ਜਾਵੇ।"
ਸ਼ਿੰਟੋ ਲੜਕਾ ਇਹ ਜਵਾਬ ਸੁਣ ਕੇ ਪਰੇਸ਼ਾਨ ਹੋ ਉੱਠਿਆ। ਹੁਣ ਉਹ ਕੀ ਜਵਾਬ ਦੇਵੇ? ਉਹ ਤਾਂ ਜ਼ੈਨ ਲੜਕੇ ਨਾਲ ਦੋਸਤੀ ਕਰਨ ਦਾ ਇੱਛੁਕ ਸੀ, ਪਰ ਉਸ ਦਾ ਅਜਿਹਾ ਕੋਈ ਇਰਾਦਾ ਹੀ ਨਹੀਂ ਸੀ ਲੱਗਦਾ; ਉਸ ਨੇ ਤਾਂ ਉਸ (ਸ਼ਿੰਟੋ ਲੜਕੇ) ਦੀ ਬੋਲਤੀ ਹੀ ਬੰਦ ਕਰ ਦਿੱਤੀ। ਕਿਸੇ ਸੰਵਾਦ ਦੀ ਗੁੰਜਾਇਸ਼ ਹੀ ਨਹੀਂ ਸੀ ਛੱਡੀ ਉਸ ਜ਼ੈਨ ਲੜਕੇ ਨੇ - ਹੁਣ ਉਹ ਕੀ ਕਹੇ?
ਦੁਖੀ ਹਿਰਦੇ ਨਾਲ, ਉਹ ਆਪਣੇ ਸਵਾਮੀ ਕੋਲ ਆਇਆ ਤੇ ਕਹਿਣ ਲੱਗਾ, ''ਸਵਾਮੀ ਜੀ, ਮੁਆਫ਼ੀ ਚਾਹੁੰਦਾ ਹਾਂ ਕਿ ਮੈਂ ਤੁਹਾਡਾ ਹੁਕਮ ਨਹੀਂ ਮੰਨਿਆ। ਮੈਂ ਕੁੱਝ ਵਧੇਰੇ ਹੀ ਜਿਗਿਆਸੂ ਹੋ ਗਿਆ ਸਾਂ, ਦੂਜੇ ਮੰਦਰ ਦੇ ਲੜਕੇ ਬਾਰੇ ਜਾਨਣ ਦੀ ਉਤਸੁਕਤਾ। ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਸਾਂ, ਅਤੇ ਮੈਂ ਸੋਚਿਆ ਕਿ ਉਹ ਵੀ ਤਨਹਾ ਮਹਿਸੂਸ ਕਰ ਰਿਹਾ ਹੋਵੇਗਾ। ਅਤੇ ਤੁਹਾਡੇ ਦੋਹੇਂ ਮੰਦਰ ਬੇਸ਼ੱਕ ਸਦੀਆਂ ਤੋਂ ਇੱਕ ਦੂਸਰੇ ਦੇ ਦੁਸ਼ਮਨ ਰਹੇ ਹੋਣ, ਪਰ ਅਸੀਂ ਤਾਂ ਛੋਟੇ ਹਾਂ। ਅਸੀਂ ਤਾਂ ਇੱਕ ਦੂਸਰੇ ਨਾਲ ਦੋਸਤੀ ਕਰ ਹੀ ਸਕਦੇ ਹਾਂ।"
''ਪਰ ਸਵਾਮੀ ਜੀ ਤੁਸੀਂ ਬਿਲਕੁਲ ਠੀਕ ਸੌ; ਮੇਰਾ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਾ ਠੀਕ ਨਹੀਂ ਸੀ। ਸੱਚਮੁੱਚ, ਉਹ ਲੋਕ ਬੜੇ ਖ਼ਤਰਨਾਕ ਹਨ। ਮੈਂ ਲੜਕੇ ਨੂੰ ਪੁੱਛਿਆ, 'ਤੂੰ ਕਿੱਥੇ ਜਾ ਰਿਹੈਂ?' ਅਤੇ ਉਸ ਨੇ ਜਵਾਬ ਦਿੱਤਾ, 'ਜਿੱਥੇ ਵੀ ਹਵਾ ਮੈਨੂੰ ਲੈ ਜਾਵੇ'।"
ਸਵਾਮੀ ਨੇ ਉੱਤਰ ਦਿੱਤਾ, ''ਮੈਂ ਤਾਂ ਤੈਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਹੁਣ ਤੂੰ ਕੱਲ੍ਹ ਨੂੰ ਫ਼ਿਰ ਉਸੇ ਰਾਹ 'ਤੇ ਜਾ ਕੇ ਖੜ੍ਹਾ ਹੋ ਜਾਵੀਂ, ਅਤੇ ਜਦੋਂ ਉਹ ਜ਼ੈਨ ਲੜਕਾ ਆਵੇ ਤਾਂ ਉਸ ਨੂੰ ਫ਼ਿਰ ਪੁੱਛੀਂ: 'ਤੁੰ ਕਿੱਥੇ ਚੱਲੈਂ?' ਅਤੇ ਜਦੋਂ ਉਹ ਕਹੇ, 'ਜਿੱਥੇ ਵੀ ਹਵਾ ਮੈਨੂੰ ਲੈ ਜਾਵੇ,' ਤਾਂ ਉਸ ਨੂੰ ਸਿਰਫ਼ ਇੰਨਾ ਪੁੱਛੀਂ, 'ਜੇ ਹਵਾ ਵੱਗਦੀ ਹੀ ਨਾ ਹੋਵੇ ਤਾਂ ... '?"
ਸ਼ਿੰਟੋ ਲੜਕਾ ਫ਼ਿਰ ਮੰਡੀ ਵੱਲ ਨੂੰ ਤੁਰ ਪਿਆ, ਅਤੇ ਉਸੇ ਰੱਸਤੇ ਵਿੱਚ ਜਾ ਖਲੋਤਾ ਜਿੱਥੇ ਉਹ ਪਹਿਲਾਂ ਖੜ੍ਹਾ ਹੋਇਆ ਸੀ ਤੇ ਜ਼ੈਨ ਲੜਕੇ ਦਾ ਇੰਤਜ਼ਾਰ ਕਰਨ ਲੱਗਾ। ਜਦੋਂ ਜ਼ੈਨ ਲੜਕਾ ਉੱਥੋਂ ਲੰਘਿਆ ਤਾਂ ਉਸ ਨੇ ਫ਼ਿਰ ਉਹੀ ਸਵਾਲ ਕੀਤਾ, ''ਤੂੰ ਕਿੱਥੇ ਜਾ ਰਿਹੈਂ?" ਅਤੇ ਬੱਚੇ ਨੇ ਜਵਾਬ ਦਿੱਤਾ, ''ਜਿੱਥੇ ਵੀ ਮੈਨੂੰ ਮੇਰੀਆਂ ਲੱਤਾਂ ਲੈ ਜਾਣ।"
ਹੁਣ ਸ਼ਿੰਟੋ ਲੜਕਾ ਉਹ ਨਹੀਂ ਕਹਿ ਸਕਦਾ ਸੀ ਜੋ ਉਸ ਨੂੰ ਉਸ ਦੇ ਸਵਾਮੀ ਨੇ ਦੱਸਿਆ ਸੀ, ''ਜੇ ਹਵਾ ਚੱਲਦੀ ਹੀ ਨਾ ਹੋਵੇ ..." ਇਹ ਕਹਿਣਾ ਬੇਵਕੂਫ਼ੀ ਹੋਵੇਗੀ। ਉਹ ਵਾਪਿਸ ਆਪਣੇ ਮਠ ਪਹੁੰਚਿਆ ਅਤੇ ਸਵਾਮੀ ਜੀ ਨੂੰ ਕਹਿਣਾ ਲੱਗਾ, ''ਉਹ ਲੋਕ ਬਹੁਤ ਅਜੀਬ ਹਨ! ਉਨ੍ਹਾਂ ਦੇ ਲੜਕੇ ਨੇ ਤਾਂ ਅੱਜ ਆਪਣੀ ਸਾਰੀ ਪਹੁੰਚ ਹੀ ਬਦਲ ਲਈ! ਮੈਂ ਉਸ ਨੂੰ ਉਹੀ ਸਵਾਲ ਪੁੱਛਿਆ, ਪਰ ਉਸ ਨੇ ਕਿਹਾ, 'ਜਿੱਥੇ ਵੀ ਮੈਨੂੰ ਮੇਰੀਆਂ ਲੱਤਾਂ ਲੈ ਜਾਣ'।"
ਸਵਾਮੀ ਨੇ ਕਿਹਾ, ''ਮੈਂ ਤੈਨੂੰ ਚੇਤਾਵਨੀਆਂ ਦਿੰਦਾ ਰਿਹਾ ਹਾਂ। ਹੁਣ ਤੂੰ ਬਿਨਾ ਵਜ੍ਹਾ ਹਾਰੀ ਜਾ ਰਿਹਾ ਹੈਂ, ਅਤੇ ਤੇਰੀ ਹਾਰ ਸਾਡੇ ਮੰਦਰ ਦੀ ਹਾਰ ਹੈ। ਇਹ ਚੰਗੀ ਗੱਲ ਨਹੀਂ। ਤੂੰ ਦੋਬਾਰਾ ਉੱਥੇ ਜਾ! ਕੱਲ੍ਹ ਜਦੋਂ ਤੂੰ ਉਸੇ ਸਥਾਨ 'ਤੇ ਖੜ੍ਹਾ ਹੋਵੇਂ ਤੇ ਤੂੰ ਉਨ੍ਹਾਂ ਦੇ ਲੜਕੇ ਨੂੰ ਪੁੱਛੇਂ, 'ਤੂੰ ਕਿੱਥੇ ਜਾ ਰਿਹੈਂ?' ਅਤੇ ਜਦੋਂ ਉਹ ਕਹੇ 'ਜਿੱਥੇ ਮੇਰੀਆਂ ਲੱਤਾਂ ਮੈਨੂੰ ਲੈ ਜਾਣ,' ਉਸ ਨੂੰ ਪੁੱਛੀਂ: 'ਜੇਕਰ ਤੇਰੀਆਂ ਲੱਤਾਂ ਟੁੱਟ ਜਾਣ ਫ਼ਿਰ ਕੀ ਤੂੰ ਕਿਤੇ ਜਾਵੇਂਗਾ ਕਿ ਨਹੀਂ'? "
ਸੋ, ਬਹੁਤ ਹੀ ਖ਼ੁਸ਼ ਮਿਜਾਜ਼ ਵਿੱਚ, ਉਹ ਲੜਕਾ ਫ਼ਿਰ ਗਿਆ, ਉਸੇ ਰਾਹ 'ਤੇ ਜਾ ਖਲੋਤਾ ਅਤੇ ਇੰਤਜ਼ਾਰ ਕਰਨ ਲੱਗਾ। ਜ਼ੈਨ ਲੜਕਾ ਆਪਣੇ ਮੰਦਰ ਵਿੱਚੋਂ ਬਾਹਰ ਆਇਆ ਤਾਂ ਸ਼ਿੰਟੋ ਨੇ ਜ਼ੈਨ ਲੜਕੇ ਨੂੰ ਸਵਾਲ ਕੀਤਾ, ''ਤੂੰ ਕਿੱਥੇ ਜਾ ਰਿਹੈਂ?" ਬਹੁਤ ਚਾਈਂ, ਚਾਈਂ ਕਿਉਂਕਿ ਉਸ ਨੂੰ ਜਵਾਬ ਤਾਂ ਪਤਾ ਹੀ ਸੀ।
ਤਾਂ ਦੂਜੇ ਲੜਕੇ ਨੇ ਉੱਤਰ ਦਿੱਤਾ, ''ਮੈਂ ਮੰਡੀ 'ਚੋਂ ਸਬਜ਼ੀਆਂ ਲੈਣ ਚੱਲਾਂ।" ਹੁਣ ਸਥਿਤੀ ਇੱਕ ਵਾਰ ਫ਼ਿਰ ਬਿਲਕੁਲ ਹੋਰ ਹੀ ਬਣ ਗਈ। ਉਹ ਹੁਣ ਉਸ ਨੂੰ ਇਹ ਨਹੀਂ ਸੀ ਕਹਿ ਸਕਦਾ, ''ਜੇਕਰ ਤੇਰੀਆਂ ਲੱਤਾਂ ਟੁੱਟ ਜਾਣ ..." ਉਹ ਇਹ ਵੀ ਨਹੀਂ ਸੀ ਕਹਿ ਸਕਦਾ, ''ਜੇ ਹਵਾ ਹੀ ਨਾ ਵੱਗਦੀ ਹੋਵੇ ..." ਸੋ ਉਹ ਇੱਕ ਵਾਰ ਫ਼ਿਰ ਨਿਰਾਸ਼ ਹੋਇਆ ਗੁੱਸੇ ਵਿੱਚ ਉਹ ਆਪਣੇ ਮੰਦਰ ਪਹੁੰਚਿਆ ਤੇ ਆਪਣੇ ਸਵਾਮੀ ਨੂੰ ਕਹਿਣ ਲੱਗਾ, ''ਉਹ ਲੋਕ ਬਹੁਤ ਅਜੀਬ ਹਨ! ਉਹ ਲੜਕਾ ਵੀ ਅਜੀਬ ਹੈ।"
ਸਵਾਮੀ ਨੇ ਕਿਹਾ, ''ਮੈਂ ਤੈਨੂੰ ਸਮਝਾ ਸਮਝਾ ਕੇ ਥੱਕ ਚੁੱਕਾ ਹਾਂ, ਪਰ ਤੂੰ ਹੈਂ ਕਿ ਸਮਝਣ ਦਾ ਨਾਮ ਹੀ ਲੈਂਦਾ।"
ਕਹਾਣੀ ਤਾਂ ਉਹੀ ਪੁਰਾਣੀ ਹੈ, ਪਰ ਫ਼ਰਕ ਸਿਰਫ਼ ਇਹ ਹੈ ਕਿ ਹਰ ਪਲ ਆਪਣੇ ਆਪ ਵਿੱਚ ਇੰਨਾ ਨਵਾਂ ਤੇ ਤਾਜ਼ਾ ਹੁੰਦੈ ਕਿ ਕਦੇ ਵੀ ਕੋਈ ਪੁਰਾਣਾ ਪਲ ਦੋਹਰਾਇਆ ਨਹੀਂ ਜਾ ਸਕਦਾ। ਉਸ ਜ਼ੈਨ ਲੜਕੇ ਨੂੰ ਆਪਣੇ ਸਵਾਮੀ ਦੀ ਇਹ ਗੱਲ ਸਮਝ ਲੱਗ ਗਈ ਕਿ ਕੋਈ ਵੀ ਚੀਜ਼ ਦੋਹਰਾਈ ਨਹੀਂ ਜਾ ਸਕਦੀ ਕਿਉਂਕਿ ਹਰ ਸਥਿਤੀ ਵੱਖਰੀ ਹੁੰਦੀ ਹੈ। ਸੋ ਹਰ ਪਲ ਦਾ ਜਵਾਬ ਦੇਣ ਲਈ ਸਾਨੂੰ ਆਪਣੀ ਉਸ ਵੇਲੇ ਦੀ ਸਮਝ ਤੋਂ ਕੰਮ ਲੈਣਾ ਪੈਂਦਾ ਹੈ। ਬਿਲਕੁਲ ਇੱਕ ਸ਼ੀਸ਼ੇ ਵਾਂਗ। ਜੇਕਰ ਇੱਕ ਸ਼ੀਸ਼ਾ ਪਿਆ ਹੋਵੇ, ਅਤੇ ਤੁਸੀਂ ਉਸ ਵਿੱਚ ਦੇਖੋ ਤਾਂ ਤੁਹਾਨੂੰ ਆਪਣਾ ਚਿਹਰਾ ਦਿਖਾਈ ਪਵੇਗਾ। ਅਤੇ ਜੇਕਰ ਇੱਕ ਬਾਂਦਰ ਉਸ ਸ਼ੀਸ਼ੇ ਵਿੱਚ ਦੇਖੇਗਾ ਤਾਂ ਉਸ ਨੂੰ ਇੱਕ ਬਾਂਦਰ ਹੀ ਦਿਖਾਈ ਦੇਵੇਗਾ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਆਪਣੀਆਂ ਪੰਜ ਸ਼ਾਰੀਰਕ ਸ਼ਕਤੀਆਂ ਨੂੰ ਕਾਬੂ ਵਿੱਚ ਰੱਖੋ, ਅਤੇ ਤੁਸੀਂ ਆਪਣੇ ਮਨ 'ਤੇ ਕਾਬੂ ਪਾ ਸਕਦੇ ਹੋ!

Currency Converter

Amount:
From:
To:


Gurbani Radio


Gurbani - Sri Harmandir Sahib