Thursday, 11 October 2012 15:42
Print PDF

ਭਾਰਤ ਵਿੱਚ ਚੋਣ ਬੁਖ਼ਾਰ ਗਰਮਾ ਰਿਹਾ ਹੈ। ਨਾਲ ਦੀ ਨਾਲ ਨਵਰਾਤਰੇ, ਈਦ, ਦੀਵਾਲੀ, ਗੁਰਪੁਰਬ ਅਤੇ ਕਈ ਹੋਰ ਤਿਓਹਾਰ ਵੀ ਲੋਕਾਂ ਦੇ ਬੂਹਿਆਂ 'ਤੇ ਦਸਤਖ਼ਤ ਦੇ ਰਹੇ ਹਨ। ਅਸ਼ਵਿਨ ਅਤੇ ਕਾਰਤਿਕ ਦੇ ਮਹੀਨਿਆਂ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਅਸੈਂਬਲੀ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਮੀਦਵਾਰਾਂ ਦੇ ਭਾਸ਼ਣਾਂ ਨੂੰ ਲੋਕ ਸਿਰਫ਼ ਸੁਣਨਗੇ ਹੀ ਨਹੀਂ, ਸਗੋਂ ਉਨ੍ਹਾਂ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਵੀ ਕਰਨਗੇ। ਸਿਆਸੀ ਰੈਲੀਆਂ ਵਿੱਚ ਸ਼ਾਮਲ ਭੀੜ ਦੀ ਗਿਣਤੀ ਤੇ ਮੁਕਾਬਲੇ ਕੀਤੇ ਜਾਣਗੇ। ਰਾਸ਼ਟਰੀ ਨੇਤਾਵਾਂ ਦੇ ਹਾਅ-ਭਾਅ ਤੋਂ ਪਤਾ ਚੱਲੇਗਾ ਕਿ ਉਹ ਸਥਾਨਕ ਨੇਤਾਵਾਂ ਨਾਲ ਕਿੰਨੇ ਘੁਲੇ-ਮਿਲੇ ਹੋਏ ਹਨ ਅਤੇ ਆਪਣੇ ਗਠਜੋੜ ਦੇ ਭਾਈਵਾਲਾਂ ਨਾਲ ਕਿੰਨੇ ਕੁ ਖ਼ੁਸ਼ ਹਨ। ਇਹ ਮੌਸਮ ਕੇਵਲ ਚੋਣ ਨਤੀਜੇ ਮਾਪਣ ਦਾ ਹੀ ਨਹੀਂ ਸਗੋਂ ਹੋਰ ਬਹੁਤ ਕੁੱਝ ਕਰਨ ਦਾ ਹੈ।
ਪਿੱਛਲੇ ਹਫ਼ਤੇ ਚੋਣ ਕਮਿਸ਼ਨ ਵੱਲੋਂ ਗੁਜਰਾਤ ਚੋਣਾਂ ਦੀ ਤਿਥੀ ਮਿੱਥੇ ਜਾਣ ਤੋਂ ਪਹਿਲਾਂ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਗੁਜਰਾਤ ਨਰੇਂਦ੍ਰ ਮੋਦੀ ਦਾ ਹੈ। ਉਹ ਸੱਚ! ਬੀ. ਜੇ. ਪੀ. ਦਾ। ਕਾਂਗਰਸ ਪਾਰਟੀ ਚਾਹੇ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਕਿ ਗੁਜਰਾਤ ਬੀ. ਜੇ. ਪੀ. ਦੋਫ਼ਾੜ ਹੋ ਚੁੱਕੀ ਹੈ ਜਾਂ ਮੋਦੀ ਦੇ ਤਾਨਾਸ਼ਾਹੀ ਰਵੱਈਏ ਤੋਂ ਬੀ. ਜੇ. ਪੀ. ਹਲਕੇ ਖ਼ਾਸੇ ਖ਼ਫ਼ਾ ਹਨ, ਪਰ ਹਕੀਕਤ ਇਹ ਹੈ ਕਿ ਗੁਜਰਾਤ ਦੇ ਲੋਕਾਂ ਨੂੰ ਇੱਕ ਵਾਰ ਫ਼ਿਰ ਮੋਦੀ ਹੀ ਚਾਹੀਦਾ ਹੈ। ਸ਼ਾਇਦ ਦਿੱਲੀ ਲਈ ਇਹ ਸਮਝਣਾ ਔਖਾ ਹੋਵੇ, ਪਰ ਜੇ ਗੁਜਰਾਤ ਇਹ ਚਾਹੁੰਦਾ ਹੈ ਤਾਂ ਉਸ ਨੂੰ ਇਹੀ ਮਿਲੇਗਾ। ਗੁਜਰਾਤ ਦੇ ਲੋਕ ਕਿਸ ਨੂੰ ਸੁਣਨ? ਸਾੜੀ ਵਿੱਚ ਲਿਪਟੀ, ਸ਼ਰਮੀਲੀ, ਟੁੱਟੀ-ਭੱਜੀ ਹਿੰਦੀ ਬੋਲਣ ਵਾਲੀ ਸੋਨੀਆ ਗਾਂਧੀ ਨੂੰ ਜਿਸ ਦਾ ਮੋਦੀ ਨਾਲ ਕੋਈ ਮੁਕਾਬਲਾ ਹੈ ਹੀ ਨਹੀਂ?
ਇਸ ਦੌਰਾਨ, ਤਿਆਰ ਰਿਹੋ ਇੰਗਲਿਸ਼-ਵਿੰਗਲਿਸ਼ ਵਿੱਚ ਕੁੱਝ ਤਕਰੀਰ-ਸ਼ਕਰੀਰ ਸੁਣਨ ਲਈ। ਜੇਕਰ ਇੰਨੇ ਨਾਲ ਵੀ ਤੁਹਾਡਾ ਮਨੋਰੰਜਨ ਨਾ ਹੋਵੇ ਤਾਂ ਚੋਣ ਵਿਸ਼ਲੇਸ਼ਕਾਂ ਦੇ ਵਿਸ਼ਲੇਸ਼ਣਾਂ ਦੀ ਵੀ ਘਾਟ ਨਹੀਂ ਹੋਣ ਵਾਲੀ। ਲੋੜ ਪੈਣ 'ਤੇ ਉਹ ਸੋਨੀਆ ਗਾਂਧੀ ਨੂੰ ਫ਼ਿਰੰਗਣ ਤੇ ਨਰੇਂਦ੍ਰ ਮੋਦੀ ਨੂੰ ਦੇਸੀ ਕਰਾਰ ਦੇਣ ਲਈ ਸਾਰੀਆਂ ਹੱਦਾਂ ਟੱਪਣ ਤੋਂ ਵੀ ਗ਼ੁਰੇਜ਼ ਨਹੀਂ ਕਰਨਗੇ। ਇਸ ਦੀ ਪਰਵਾਹ ਕੀਤੇ ਬਿਨਾ ਕਿ ਅਜਿਹੇ ਵਿਸ਼ਲੇਸ਼ਣ ਪਹਿਲਾਂ 2002 ਅਤੇ 2007 ਵਿੱਚ ਵੀ ਕੀਤੇ ਗਏ ਸਨ।
ਸਾਰੀਆਂ ਹੀ ਰਾਜਨੀਤਕ ਪਾਰਟੀਆਂ ਚੋਣਾਂ ਦੇ ਮੌਸਮ ਵਿੱਚ, ਸਿਆਸੀ ਬਾਜ਼ੀ ਮਾਰਨ ਦੇ ਚੱਕਰ ਵਿੱਚ, ਜ਼ਾਤ-ਪਾਤ ਦੀ ਅੱਗ ਨੂੰ ਵੀ ਹਵਾ ਦੇਣ ਤੋਂ ਗ਼ੁਰੇਜ਼ ਨਹੀਂ ਕਰਦੀਆਂ। ਚੋਣਾਂ ਵੇਲੇ ਸਿਆਸੀ ਪਾਰਟੀਆਂ ਦੀ ਬੁਰਛਾਗ਼ਰਦੀ ਆਮ ਜਿਹੀ ਗੱਲ ਬਣ ਜਾਂਦੀ ਹੈ। ਰਾਜਨੀਤੀ ਸਾਰੀਆਂ ਨੀਤੀਆਂ 'ਤੇ ਭਾਰੂ ਹੋ ਜਾਂਦੀ ਹੈ। ਸ਼ਰਾਫ਼ਤ ਕਮਜ਼ੋਰੀ ਸਮਝੀ ਜਾਂਦੀ ਹੈ। ਸੜਕਛਾਪ ਗੁੰਡਿਆਂ ਦੀ ਹੌਸਲਾਅਫ਼ਜ਼ਾਈ ਕੀਤੀ ਜਾਂਦੀ ਹੈ। ਟਰੱਕਾਂ ਦੇ ਟਰੱਕ ਭਰ ਕੇ ਚੋਣ ਰੈਲੀਆਂ ਵਿੱਚ ਲੋਕ ਲਿਆਏ ਜਾਂਦੇ ਹਨ। ਉਹ ਨਾਅਰੇਬਾਜ਼ੀ ਕਰਦੇ ਹਨ ਤੇ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ 'ਤੇ ਤਾੜੀਆਂ ਮਾਰਦੇ ਹਨ। ਪੋਡੀਅਮ 'ਤੇ ਭਾਸ਼ਣ ਝਾੜ ਰਹੇ ਨੇਤਾਵਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਉਹ ਜਨਤਾ ਨਾਲ ਜ਼ਮੀਨੀ ਪੱਧਰ 'ਤੇ ਜੁੜ ਰਹੇ ਹਨ। ਇਹ ਕਿਸੇ ਨੂੰ ਨਹੀਂ ਪਤਾ ਕਿ ਨੇਤਾਵਾਂ ਦੇ ਇਨ੍ਹਾਂ ਭਾਸ਼ਣਾਂ ਦਾ ਵੋਟਾਂ ਦੇ ਨਤੀਜਿਆਂ 'ਤੇ ਕੋਈ ਅਸਰ ਵੀ ਹੁੰਦਾ ਹੈ ਜਾਂ ਨਹੀਂ।
ਮਮਤਾ ਬੈਨਰਜੀ ਦਾ ਭਾਸ਼ਣ ਪੱਛਮੀ ਬੰਗਾਲ ਵਿੱਚ ਤਾਂ ਉਸ ਨੂੰ ਵੋਟਾਂ ਦੁਆਉਂਦਾ ਹੈ, ਪਰ ਪਿਛਲੇ ਹਫ਼ਤੇ ਦਿੱਲੀ ਵਿੱਚ ਮੁੱਧੇ ਮੂੰਹ ਡੇਗ ਦਿੰਦਾ ਹੈ। ਜੈਲਲਿਥਾ ਅਤੇ ਰਾਜ ਠਾਕਰੇ ਬਾਰੇ ਵੀ ਇਹੋ ਸੱਚ ਹੈ। ਦੂਜੇ ਪਾਸੇ ਨਰੇਂਦ੍ਰ ਮੋਦੀ ਬਿਨਾ ਕੁੱਝ ਬੋਲੇ ਹੀ ਗੁਜਰਾਤ ਵਿੱਚ ਜਨਤਾ-ਜਨਾਰਦਨ ਨਾਲ ਜੁੜਨ ਵਿੱਚ ਕਾਮਯਾਬ ਹੋ ਜਾਂਦਾ ਹੈ। ਉਹ ਦੇਸੀ ਗੁਜਰਾਤੀ ਪੱਗੜੀ ਤੇ ਸ਼ੇਰਵਾਨੀ ਪਹਿਨਦਾ ਹੈ ਅਤੇ ਹੱਥ ਵਿੱਚ ਚਾਂਦੀ ਦੀ ਤਲਵਾਰ ਫੜ ਕੇ ਗੁਜਰਾਤੀ ਵਿੱਚ ਗਰਜਦਾ ਹੈ। ਸਾੜੀ ਵਿੱਚ ਲਿਪਟੀ ਸ਼ਰਮੀਲੀ ਸੋਨੀਆ ਆਪਣੀ ਟੁੱਟੀ ਫੁੱਟੀ ਹਿੰਦੀ ਵਿੱਚ ਮੋਦੀ ਦਾ ਕੀ ਮੁਕਾਬਲਾ ਕਰੇਗੀ? ਇੱਕ ਵਾਰ ਜਦੋਂ ਉਸ ਨੇ ਮੋਦੀ ਦਾ ਮੁਕਾਬਲਾ ਕਰਨ ਲਈ ਉਸ ਨੂੰ 'ਮੌਤ ਕਾ ਸੌਦਾਗਰ' ਕਹਿ ਦਿੱਤਾ ਤਾਂ ਖ਼ਾਸਾ ਰੌਲਾ ਪੈ ਗਿਆ ਸੀ। ਵੈਸੇ ਦੋਸ਼ ਸਰਾਸਰ ਕਾਂਗਰਸ ਪਾਰਟੀ ਦਾ ਹੀ ਹੈ ਕਿਉਂਕਿ ਉਨ੍ਹਾਂ ਕੋਲ ਮੋਦੀ ਨੂੰ ਚੋਣੌਤੀ ਦੇਣ ਲਈ ਕੋਈ ਸਥਾਨਕ ਨੇਤਾ ਹੈ ਹੀ ਨਹੀਂ।
ਇੱਕ ਸਿਆਸਤਦਾਨ ਲਈ ਇੱਕ ਚੰਗਾ ਬੁਲਾਰਾ ਹੋਣਾ ਨਿਹਾਇਤ ਜ਼ਰੂਰੀ ਹੈ। ਚੋਣਾਂ ਤੋਂ ਪਹਿਲਾਂ ਦੇ ਕੁੱਝ ਮਹੀਨੇ ਇਸ ਲਈ ਵੀ ਅਹਿਮ ਹੁੰਦੇ ਹਨ ਕਿਉਂਕਿ ਇਨ੍ਹਾਂ ਮਹੀਨਿਆਂ ਦੌਰਾਨ ਵੋਟਰ ਆਪਣੇ ਨੇਤਾਵਾਂ ਬਾਰੇ ਆਪਣੀ ਰਾਏ ਬਣਾਉਂਦੇ ਹਨ। ਤੁਹਾਡੇ ਪ੍ਰਸ਼ਾਸਨਿਕ ਤੌਰ ਤਰੀਕੇ ਤਾਂ ਪਹਿਲਾਂ ਹੀ ਪਰਖੇ ਜਾ ਚੁੱਕੇ ਹੁੰਦੇ ਹਨ। ਹੁਣ ਵੇਲਾ ਹੁੰਦਾ ਹੈ ਭਾਸ਼ਣਾਂ ਰਾਹੀਂ ਜਨਤਾ ਨਾਲ ਜੁੜਨ ਦੀ ਤੁਹਾਡੀ ਕਾਬਲੀਅਤ ਪਰਖਣ ਦਾ।
ਤੁਹਾਡੇ ਭਾਸ਼ਣ ਵਿੱਚ ਖ਼ੁਸ਼ਾਮਦ, ਵਿਰੋਧੀ ਦਾ ਨਿਰਾਦਰ, ਆਪਣੀ ਪਾਰਟੀ ਦੀ ਵਾਹਵਾਹ, ਬੱਚਿਆਂ ਦੀਆਂ ਗੱਲ੍ਹਾਂ ਪਲੋਸਣਾ, ਭਾਰੀ ਭਰਕਮ ਹਾਰ ਪਹਿਨਣੇ, ਨਵਰਾਤਰਿਆਂ ਦੌਰਾਨ ਨੱਚਣਾ, ਈਦ ਭੋਜਨ ਛੱਕਣਾ, ਯਾਤਰਾਵਾਂ ਕੱਢਣੀਆਂ, ਖ਼ੂਨਦਾਨ ਕੈਂਪ ਆਯੋਜਿਤ ਕਰਨੇ ਆਦਿ ਸਭ ਕੁੱਝ ਸ਼ਾਮਿਲ ਹੋਣਾ ਚਾਹੀਦਾ ਹੈ। ਇਹ ਭਾਰਤੀ ਗਣਰਾਜ ਹੈ, ਹਰ ਪਾਸੇ ਵੋਟਰ ਹੀ ਵੋਟਰ ਹਨ ਅਤੇ ਹੁਣ ਉਹ ਸਿਆਸੀ ਸੂਝਬੂਝ ਵੀ ਰੱਖਦੇ ਹਨ। ਉਨ੍ਹਾਂ ਨੂੰ ਪਤੈ ਕਿ ਤੁਹਾਨੂੰ ਉਨ੍ਹਾਂ ਦੀ ਵੋਟ ਦੀ ਸਖ਼ਤ ਲੋੜ ਹੈ, ਪਰ ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੀਆਂ ਮਿੰਨਤਾਂ ਕਰੋ।
ਦੇਖਿਆ ਸੀ ਨਾ ਕਿ ਸੰਸਾਰ ਦੇ ਸਭ ਤੋਂ ਤਾਕਤਵਰ ਆਦਮੀ ਨੂੰ ਆਪਣੀ ਇੱਕ ਤਕਰੀਰ ਵਿੱਚ ਗ਼ਲਤੀ ਕਾਰਨ ਕਿਵੇਂ ਹੱਥਾਂ-ਪੈਰਾਂ ਦੀ ਪੈ ਗਈ ਸੀ? ਅਮਰੀਕੀ ਰਾਸ਼ਟਰਪਤੀ ਓਬਾਮਾ ਦੀ ਡੈਨਵਰ ਵਿੱਚ ਰੋਮਨੀ ਨਾਲ ਬਹਿਸ (ਡਿਬੇਟ) ਇੱਕ ਫ਼ਲਾਪ ਸ਼ੋਅ ਰਹੀ। ਇੰਝ ਜਾਪਦਾ ਸੀ ਕਿ ਵਿਸ਼ਵ ਦਾ ਮਹਾਨਤਮ ਬੁਲਾਰਾ ਜਿਵੇਂ ਭਾਸ਼ਣ ਕਰਦਾ ਕਰਦਾ ਸੌਂ ਹੀ ਗਿਆ ਹੋਵੇ। ਪਰ ਕਾਂਗਰਸ ਪਾਰਟੀ ਕੋਲ ਓਬਾਮਾ ਵਰਗਾ ਕੋਈ ਬੁਲਾਰਾ ਹੈ ਹੀ ਨਹੀਂ। ਜੇ ਉਸ ਨੇ ਗੁਜਰਾਤ ਵਿੱਚ ਬੀ. ਜੇ. ਪੀ. ਦਾ ਮੁਕਾਬਲਾ ਕਰਨਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਬੁਲਾਰਾ ਲਭਣਾ ਹੀ ਪੈਣਾ ਹੈ ਕਿਉਂਕਿ ਜਦੋਂ ਗੱਲ ਭਾਸ਼ਣਾਂ ਦੀ ਹੁੰਦੀ ਹੈ ਤਾਂ ਬੀ. ਜੇ. ਪੀ. ਦੀ ਬੈਟਿੰਗ ਕਾਫ਼ੀ ਲੰਬੀ ਚੱਲਦੀ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸੰਪਾਦਕੀ ਲੇਖਭਾਸ਼ਣ-ਵਾਸ਼ਣ, ਸਪੀਚ-ਸਪੂਚ, ਤਕਰੀਰ-ਸ਼ਕਰੀਰ, ਡਿਬੇਟ-ਸ਼ਿਬੇਟ ਹੋ ਜਾਏ?

Currency Converter

Amount:
From:
To:


Gurbani Radio


Gurbani - Sri Harmandir Sahib