
ਭਾਰਤ ਵਿੱਚ ਹਰ ਸਾਲ ਰਾਮਲੀਲਾ ਕਰਵਾਈ ਜਾਂਦੀ ਹੈ। ਹਰ ਸਾਲ ਤਾਮਿਲ ਨਾਡੂ ਦੇ ਪਿੰਡਾਂ ਵਿੱਚ ਮਹਾਂਭਾਰਤ ਦਾ ਨਾਟ ਰਚਾਇਆ ਜਾਂਦਾ ਹੈ। ਹਰ ਸਾਲ, ਕ੍ਰਿਸਮਸ ਦੇ ਮੌਕੇ, ਵਿਸ਼ਵ ਭਰ ਦੇ ਗਿਰਜਾਘਰਾਂ ਵਿੱਚ ਯਸੂ ਮਸੀਹ ਦੇ ਜਨਮ ਨੂੰ ਲੈ ਕੇ ਨਾਟਕ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਹਰ ਵਾਰ, ਹਰ ਸਾਲ ਇੱਕੋ ਹੀ ਕਹਾਣੀ ਬਾਰ ਬਾਰ ਦੋਹਰਾਈ ਜਾਂਦੀ ਹੈ। ਫ਼ਿਰ ਵੀ ਕੋਈ ਇਸ ਤੋਂ 'ਬੋਰ' ਨਹੀਂ ਹੁੰਦਾ। ਕਿਉਂ? ਕਿਉਂਕਿ ਜਿਉਂ ਜਿਉਂ ਸਾਲ ਗ਼ੁਜ਼ਰਦੇ ਹਨ, ਦਰਸ਼ਕ ਜਾਂ ਸਰੋਤੇ ਬਦਲ ਜਾਂਦੇ ਹਨ, ਸਿਆਣੇ ਹੋ ਜਾਂਦੇ ਹਨ ਅਤੇ ਉਸੇ ਇੱਕ ਪੁਰਾਣੀ ਕਹਾਣੀ ਨੂੰ ਇੱਕ ਵੱਖਰੀ ਸੋਚ ਨਾਲ ਲੈਂਦੇ ਹਨ। ਜੋ ਕੁੱਝ ਬਚਪਨ ਵਿੱਚ ਰੋਮਾਂਚਕ ਤੇ ਲੜਕਪਨ ਵਿੱਚ ਹਾਸੋਹੀਣਾ ਲੱਗਦਾ ਸੀ, ਉਹ ਬਾਲਗ ਹੋਣ ਤੋਂ ਬਾਅਦ ਜ਼ਰੂਰੀ ਤੇ ਸੂਝਵਾਨ ਜਾਪਦਾ ਹੈ। ਜੋ ਕਿਹਾ ਜਾਂਦਾ ਹੈ ਉਹ ਤਾਂ ਨਹੀਂ ਬਦਲਦਾ, ਪਰ ਜੋ ਸੁਣਿਆ ਜਾਂਦਾ ਹੈ ਉਹ ਜ਼ਰੂਰ ਬਦਲ ਜਾਂਦਾ ਹੈ।
ਇਸ ਸੋਚ ਨੂੰ ਭਾਰਤੀ ਸੋਚ ਕਹਿ ਲਓ ਜਾਂ ਇੱਕ ਆਮ ਮਨੁੱਖੀ ਸੋਚ, ਪਰ ਮੰਨਿਆ ਇਹ ਜਾਂਦਾ ਹੈ ਕਿ ਨਰੀਖਿਅਕ ਹੀ ਨਰੀਖਣ ਸਿਰਜਦੇ ਹਨ। ਆਮ ਭਾਸ਼ਾ ਵਿੱਚ ਕਹੀਏ ਤਾਂ ਸੁੰਦਰਤਾ ਦੇਖਣ ਵਾਲੇ ਦੀ ਅੱਖ ਵਿੱਚ ਹੁੰਦੀ ਹੈ। ਸਾਡੀ ਅੱਖ ਉਹੀ ਦੇਖਦੀ ਹੈ ਜੋ ਉਹ ਦੇਖਣਾ ਚਾਹੁੰਦੀ ਹੈ। ਇਸ ਦੀਆਂ ਉਮਦਾ ਉਦਾਹਰਣਾਂ ਹਨ ਉਹ ਈਮੇਲਾਂ ਜਿਹੜੀਆਂ ਮੈਨੂੰ ਮੇਰੇ ਲੇਖਾਂ ਬਾਬਤ ਮਿਲਦੀਆਂ ਹਨ।
ਮੈਂ ਅੱਜ ਤੋਂ ਤਕਰੀਬਨ 20 ਸਾਲਾਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਕੁੱਝ ਹਜ਼ਾਰ ਲੇਖ ਤਾਂ
ਲਿਖ ਹੀ ਦਿੱਤੇ ਹੋਣੇ ਹਨ ਤੇ ਇੱਕ ਕਿਤਾਬ ਵੀ। ਪਰ ਉਨ੍ਹਾਂ ਲੇਖਾਂ ਬਾਰੇ ਮਿਲਣ ਵਾਲੇ ਪ੍ਰਤੀਕਰਮ ਮੈਨੂੰ ਕਈ ਵਾਰ ਦੋਚਿੱਤੀ ਵਿੱਚ ਪਾ ਜਾਂਦੇ ਹਨ। ਬੀਤੇ ਸਾਲਾਂ ਦੌਰਾਨ ਮਿਲੇ ਪ੍ਰਤੀਕਰਮਾਂ ਵੱਲ ਜ਼ਰਾ ਗ਼ੌਰ ਫ਼ਰਮਾਉਣਾ ਤੇ ਦੇਖਣਾ ਕਿ ਉਹ ਇੱਕ ਦੂਸਰੇ ਨਾਲੋਂ ਕਿਵੇਂ ਤੇ ਕਿੰਨੇ ਮੁਖ਼ਤਲਿਫ਼ ਹਨ, ਹਾਲਾਂਕਿ ਇਹ ਅਮੂਮਨ ਕਿਸੇ ਇੱਕ ਹੀ ਲੇਖ ਬਾਰੇ ਹੁੰਦੇ ਹਨ। ਪਾਠਕਾਂ ਦੀਆਂ ਕੁੱਝ ਟਿੱਪਣੀਆਂ ਮੁਲਾਹਿਜ਼ਾ ਫ਼ਰਮਾਓ:
" ਤੁਸੀਂ ਇਸ ਸੰਸਾਰ ਪ੍ਰਤੀ ਮੇਰੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ।"
" ਤੂੰ ਇੱਕ ਫ਼ਰਾਡੀਆ ਹੈਂ ਤੇ ਤੈਨੂੰ ਲਿਖਣ ਦਾ ਉੱਕਾ ਹੀ ਵੱਲ ਨਹੀਂ।"
" ਤੂੰ ਇੱਕ ਸਿੱਖ ਫ਼ਿਰਕਾਪ੍ਰਸਤ ਹੈਂ ਜਿਸ ਨੇ ਇੱਕ ਬੁੱਧੀਜੀਵੀ ਦਾ ਮਖੌਟਾ ਪਹਿਨਿਆ ਹੋਇਆ ਹੈ।"
" ਤੂੰ ਇੱਕ ਅਜਿਹਾ ਨਾਮਨਿਹਾਦ ਧਰਮਨਿਰਪੱਖ ਹੈਂ ਜਿਸ ਨੂੰ ਸੱਚਾਈ ਦੀ ਕੋਈ ਜਾਣਕਾਰੀ ਨਹੀਂ।"
" ਮੇਰੇ ਧਰਮ ਬਾਰੇ ਲਿਖਣ ਦੀ ਤੇਰੀ ਹਿੰਮਤ ਕਿਵੇਂ ਪਈ?"
" ਤੂੰ ਮੇਰਾ ਪੀਰ ਹੈਂ ਤੇ ਮੈਂ ਤੇਰਾ ਮੁਰਸ਼ਦ।"
" ਤੂੰ ਇੱਕ ਫ਼ਰਾਡੀਆ ਹੈਂ।"
" ਕੀ ਤੈਨੂੰ ਧਰਮ ਬਾਰੇ ਕੋਈ ਮਾੜੀ-ਮੋਟੀ ਵੀ ਜਾਣਕਾਰੀ ਹੈ।"
" ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਅਧਿਆਤਮਵਾਦ ਬਾਰੇ ਕੋਈ ਜਾਣਕਾਰੀ ਹੈ।"
" ਤੁਸੀਂ ਆਪਣੇ ਲੇਖਾਂ ਵਿੱਚ ਹਿੰਦੂ ਧਰਮ ਨੂੰ ਹਮੇਸ਼ਾਂ ਮਿਥਿਹਾਸ ਕਿਉਂ ਕਹਿੰਦੇ ਹੋ?"
" ਤੇਰੇ 'ਤੇ ਪੱਛਮੀ ਸਭਿਅਤਾ ਦਾ ਰੰਗ ਚੜ੍ਹਿਆ ਹੋਇਆ ਹੈ ਤੇ ਤੂੰ ਹਮੇਸ਼ਾਂ ਭਾਰਤੀਆਂ ਨੂੰ ਬੁਰਾ ਬਣਾ ਕੇ ਪੇਸ਼ ਕਰਦਾ ਹੈਂ।"
" ਤੁਸੀਂ ਮੈਨੂੰ ਭਾਰਤੀ ਹੋਣ 'ਤੇ ਗਰਵ ਮਹਿਸੂਸ ਕਰਾਉਂਦੇ ਹੋ।"
" ਤੁਹਾਡੇ ਵਿਚਾਰ ਬਹੁਤ ਡੂੰਘੇ, ਗੰਭੀਰ ਤੇ ਬੌਧਿਕ ਤੌਰ 'ਤੇ ਇੱਕ ਪ੍ਰੇਰਨਾਸ੍ਰੋਤ ਹੁੰਦੇ ਹਨ।"
" ਕੀ ਤੁਸੀਂ ਰੱਬ ਦੀਆਂ ਗੁੰਝਲਾਂ ਖੋਲ੍ਹਣ ਦੀ ਕੋਸ਼ਿਸ਼ ਵਿੱਚ ਹੋ?"
" ਕੀ ਤੁਸੀਂ ਰੂਹਾਨੀਅਤ ਵਿੱਚ ਵਿਸ਼ਵਾਸ ਰੱਖਦੇ ਹੋ?"
" ਕੀ ਤੁਸੀਂ ਧਾਰਮਿਕ ਹੋ?"
" ਕੀ ਤੁਸੀਂ ਰੱਬ ਵਿੱਚ ਯਕੀਨ ਰੱਖਦੇ ਹੋ ਜਾਂ ਤੁਹਾਡੇ ਮੁਤਾਬਿਕ ਰੱਬ ਵੀ ਇੱਕ ਮਿਥਿਹਾਸ ਹੀ ਹੈ?"
" ਤੇਰੀ ਸੋਚ ਤੇ ਤੇਰੇ ਸਿਧਾਂਤ ਸਭ ਉਲਟੇ ਪੁਲਟੇ ਹਨ।"
" ਤੁਹਾਡੇ ਲੇਖਾਂ ਨੇ ਮੈਨੂੰ ਜ਼ਿੰਦਗੀ ਦਾ ਮਤਲਬ ਸਮਝਾ ਦਿੱਤਾ।"
" ਤੂੰ ਆਪਣੇ ਲੇਖਾਂ ਰਾਹੀਂ ਜ਼ਾਤਪਾਤ ਤੇ ਨਸਲਵਾਦ ਫ਼ੈਲਾਉਂਦਾ ਹੈਂ।"
ਜਦੋਂ ਤੁਸੀਂ ਇਹ ਹੌਂਸਲਾਅਫ਼ਜ਼ਾਈ ਤੋਂ ਲੈ ਕੇ ਹਿਕਾਰਤ ਨਾਲ ਭਰਪੂਰ ਵਿਚਾਰ ਪੜ੍ਹਦੇ ਹੋ ਤਾਂ ਤੁਹਾਨੂੰ ਸੰਵਾਦ ਦੀਆਂ ਪੇਚੀਦਗੀਆਂ ਦਾ ਅਹਿਸਾਸ ਬਾਖ਼ੂਬੀ ਹੋ ਜਾਂਦਾ ਹੈ। ਤੁਸੀਂ ਕੀ ਕਹਿੰਦੇ ਹੋ ਬਨਾਮ ਕੀ ਸੁਣਿਆ ਜਾਂਦਾ ਹੈ, ਤੁਸੀਂ ਕੀ ਲਿਖਦੇ ਹੋ ਬਨਾਮ ਪਾਠਕ ਕੀ ਪੜ੍ਹਦੇ ਹਨ। ਸਮਾਜ ਦੇ ਹਰ ਵਰਗ ਦਾ ਫ਼ਰਦ ਆਪਣੀ ਸੋਚ ਤੇ ਸਮਝ ਦੀ ਛਾਨਣੀ ਵਿੱਚ ਤੁਹਾਡੇ ਵਿਚਾਰਾਂ ਨੂੰ ਕਿਵੇਂ ਛਾਣੇਗਾ ਇਹ ਉਨ੍ਹਾਂ ਦੀ ਕਲਪਨਾ 'ਤੇ ਨਿਰਭਰ ਕਰਦਾ ਹੈ। ਜੋ ਪੜ੍ਹਿਆ ਜਾਂ ਸੁਣਿਆ ਜਾਂਦਾ ਹੈ ਉਹ ਪੱਖਪਾਤ ਦੇ ਲੈਂਜ਼ ਰਾਹੀਂ ਲੰਘਦਾ ਹੈ, ਅਤੇ ਅੰਤ ਨੂੰ ਜੋ ਪਾਠਕਾਂ ਜਾਂ ਸਰੋਤਿਆਂ ਤੱਕ ਪਹੁੰਚਦਾ ਹੈ ਉਹ ਕਹਿਣਾ ਤੁਹਾਡੀ ਮਨਸ਼ਾ ਵੀ ਹੈ ਜਾਂ ਨਹੀਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਤਾਂ ਇਸੇ ਨਾਲ ਪੈਂਦਾ ਹੈ ਕਿ ਬਾਹਰ ਸੁਨੇਹਾ ਕੀ ਪਹੁੰਚ ਰਿਹਾ ਹੈ ਤੇ ਉਹ ਤਹਾਡੀ ਨਿਜੀ ਵਿਚਾਰਧਾਰਾ ਦੇ ਲਾਗੇਚਾਗੇ ਵੀ ਹੈ ਜਾਂ ਨਹੀਂ।
ਅਜਿਹੇ ਸੰਸਾਰ ਵਿੱਚ ਆਖ਼ਿਰ ਸੱਚ ਹੈ ਕੀ? ਕੀ ਮੇਰਾ ਸੱਚ ਇੱਕ ਅਟੱਲ ਸੱਚ ਹੈ? ਕੀ ਟਿੱਪਣੀ ਕਰਨ ਵਾਲੇ ਦਾ ਸੱਚ ਹੀ ਅਸਲ ਸੱਚ ਹੈ? ਕੀ ਇਸ ਸੰਸਾਰ ਵਿੱਚ ਕੋਈ ਸੱਚ ਹੈ ਵੀ ਜਾਂ ਨਹੀਂ? ਕੀ ਇੱਕ ਲੇਖਕ ਦੀ ਮਨਸ਼ਾ ਕਿਸੇ ਪਾਠਕ ਦੇ ਤਰਜਮੇ ਤੋਂ ਉਮਦਾ ਹੁੰਦੀ ਹੈ? ਕੀ ਇਸ ਸੰਸਾਰ ਵਿੱਚ ਕਿਸੇ ਸਹੀ ਤਰਜਮੇ ਦੀ ਕੋਈ ਹੋਂਦ ਵੀ ਹੈ? ਕੀ ਕਿਸੇ ਇੱਕ ਦਾ ਤਰਜਮਾ ਕਿਸੇ ਦੁਸਰੇ ਦੇ ਤਰਜਮੇ ਤੋਂ ਬਿਹਤਰ ਹੋ ਸਕਦਾ ਹੈ? ਇਸ ਦਾ ਫ਼ੈਸਲਾ ਕੌਣ ਕਰੇਗਾ?
ਮਨੁੱਖੀ ਵਿਚਾਰਾਂ ਦੇ ਨਿਜਵਾਦ ਨੇ ਕਈ ਭਾਰਤੀ ਸਿਧਾਂਤਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਵਿੱਚ ਜੈਨ ਧਰਮ ਦਾ 'ਸਇਦਾਵਾਦ' (ਸ਼ੰਕਿਆਂ ਦਾ ਸਿਧਾਂਤ) ਅਤੇ 'ਅਨੇਕਤਾਵਾਦ' (ਬਹੁਸੰਖਿਆ ਦਾ ਸਿਧਾਂਤ), ਬੁੱਧ ਧਰਮ ਦਾ 'ਸ਼ੂਨਿਆਵਾਦ' (ਨਾਸਤਿਤਵਤਾ ਦਾ ਸਿਧਾਂਤ) ਅਤੇ ਹਿੰਦੂ ਧਰਮ ਦਾ 'ਮਾਇਆਵਾਦ' (ਭਰਮ ਦਾ ਸਿਧਾਂਤ)। ਇਨ੍ਹਾਂ ਸਾਰੇ ਵੱਖੋ ਵੱਖਰੇ ਸਿਧਾਂਤਾਂ ਤੋਂ ਇਹ ਹੀ ਸਾਬਿਤ ਹੁੰਦਾ ਹੈ ਕਿ ਇਸ ਸੰਸਾਰ ਵਿੱਚ ਨਿਰਪਖਤਾ ਸਿਰਫ਼ ਇੱਕ ਛਲਾਵਾ ਹੈ। ਅਸੀਂ ਜਿਸ ਸੰਸਾਰ ਵਿੱਚ ਵਿਚਰਦੇ ਹਾਂ ਉੱਥੇ ਨਿਜੀ ਤਰਜਮਿਆਂ ਦੀ ਭਰਮਾਰ ਹੈ ਅਤੇ ਕਈ ਵਾਰ ਸਾਨੂੰ ਇੱਥੇ ਅਨਉਚਿਤ ਮੁਲਾਂਕਣ ਵੀ ਸਹਿਣੇ ਪੈਂਦੇ ਹਨ।
ਅੱਜ ਹਰ ਪੀੜ੍ਹੀ ਨੂੰ ਇੱਕ ਭੱਟੀ ਦੀ ਲੋੜ ਹੈ
ਜਦੋਂ ਮਸ਼ਹੂਰ ਕਾਰਟੂਨਿਸਟ ਤੇ ਵਿਅੰਗਕਾਰ ਜਸਪਾਲ ਭੱਟੀ ਦੀ ਮੋਤ ਦੀ ਖ਼ਬਰ ਟੀ. ਵੀ. ਸਕ੍ਰੀਨ 'ਤੇ ਨਸ਼ਰ ਹੋਈ ਤਾਂ ਸਮੁੱਚੇ ਵਿਸ਼ਵ ਵਿੱਚ, ਜਿੱਥੇ ਜਿੱਥੇ ਵੀ ਕੋਈ ਭਾਰਤੀ ਵੱਸਦਾ ਸੀ, ਅਫ਼ਸੋਸ ਤੇ ਨਿਰਾਸ਼ਾ ਦੀ ਲਹਿਰ ਦੌੜ ਗਈ। ਇਹ ਅਫ਼ਸੋਸ ਹੈਰਾਨੀਜਨਕ ਵੀ ਨਹੀਂ ਸੀ। ਭੱਟੀ ਭਾਰਤ ਦਾ ਸਭ ਤੋਂ ਚਹੇਤਾ ਮਜ਼੍ਹਾਈਆ ਕਲਾਕਾਰ ਸੀ, ਅਤੇ ਉਸ ਦਾ ਤਨਜ਼ੀਆ ਅੰਦਾਜ਼ ਵੀ ਅਜਿਹਾ ਸੀ ਜਿਹੜਾ ਬਿਨਾ ਜ਼ਹਿਰ ਦੇ ਡੰਗਦਾ ਸੀ।
ਭੱਟੀ ਦੀ ਮੌਤ ਦੇ ਨਾਲ ਹੀ ਭਾਰਤ ਵਿੱਚ ਮਜ਼੍ਹਾਈਆ ਟਿੱਪਣੀਆਂ ਦੀ ਵੀ ਮੌਤ ਹੋ ਗਈ। ਆਪਣੀ ਮਕਬੂਲੀਅਤ ਦੇ ਜੋਬਨ 'ਤੇ, ਭੱਟੀ ਇੱਕੋ ਸਮੇਂ ਭਾਰਤ ਦਾ ਸਭ ਤੋਂ ਪਸੰਦੀਦਾ ਤੇ ਖ਼ਤਰਨਾਕ ਕਲਾਕਾਰ ਸੀ। ਉਹ ਦਰਸ਼ਕਾਂ ਦਾ ਚਹੇਤਾ ਇਸ ਲਈ ਸੀ ਕਿਉਂਕਿ ਉਸ ਦੇ ਟੀ. ਵੀ. ਸ਼ੋਅ ਦੀ ਇੱਕ ਇੱਕ ਕੜੀ ਭਾਰਤੀ ਸਿਆਸਤੀ ਦਲਦਲ ਦਾ ਪ੍ਰਤੀਬਿੰਬ ਹੁੰਦੀ ਸੀ। ਤੇ ਸਿਆਸੀ ਦਿਲਚਸਪੀ ਰੱਖਣ ਵਾਲੇ ਉਸ ਤੋਂ ਇਸ ਲਈ ਡਰਦੇ ਸਨ ਕਿਉਂਕਿ ਉਹ ਬਿਨਾਂ ਭੱਦੀ ਸ਼ਬਦਾਵਲੀ ਵਰਤੇ ਚੰਗੇ ਚੰਗਿਆਂ ਦੇ ਕਪੜੇ ਲਾਹ ਦਿੰਦਾ ਸੀ। ਅਤੇ ਸਾਰਾ ਰਾਸ਼ਟਰ ਉਸ ਦੇ ਨਾਲ ਹੱਸਦਾ ਸੀ।
ਜਦੋਂ ਭਾਰਤ ਹੌਲੀ ਹੌਲੀ ਝਗੜਾਲੂ ਸਿਆਸਤ ਅਤੇ ਵੱਧ ਰਹੀ ਬੇਸਬ੍ਰੀ ਦੇ ਨਿਘਾਰ ਵਿੱਚ ਡੁੱਬ ਰਿਹਾ ਸੀ ਤਾਂ ਵੀ ਭੱਟੀ ਆਪਣੇ ਲਤੀਫ਼ੇ ਸੁਣਾ ਕੇ ਜਨਤਾ ਦਾ ਮਨ ਮੋਹ ਰਿਹਾ ਸੀ। ਪਿੱਛਲੇ ਸਾਲ ਚੰਡੀਗੜ੍ਹ ਦੀ ਇੱਕ ਸ਼ਿਵ ਸੈਨਾ ਇਕਾਈ ਨੇ ਉਸ ਨੂੰ ਸਿਆਸੀ ਭ੍ਰਿਸ਼ਟਾਚਾਰ ਸਬੰਧੀ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਲਈ ਜਨਤਕ ਮੁਆਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ।
ਇਹੀ ਹੈ ਭਾਰਤੀ ਸਮਾਜ ਦੀ ਅਸਹਿਨਸ਼ੀਲਤਾ ਦੀ ਹੱਦ ਕਿ ਕੁੱਝ ਕੁ ਧਾਰਮਿਕ ਗੁੱਟਾਂ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਉੱਥੇ ਸਾਜ਼ਿਸ਼ ਦਿਖਦੀ ਹੈ ਜਿੱਥੇ ਉਸ ਦੀ ਕੋਈ ਵੀ ਹੋਂਦ ਨਹੀਂ ਹੁੰਦੀ। ਭਾਰਤੀਆਂ ਦੇ ਤੌਰ 'ਤੇ ਅਸੀਂ ਆਪਣੇ ਆਪ 'ਤੇ ਹੱਸਣਾ ਜਿਵੇਂ ਭੁੱਲ ਹੀ ਗਏ ਹਾਂ ਤੇ ਭੱਟੀ ਸ਼ਾਇਦ ਆਪਣੀ ਸਾਰੀ ਉਮਰ ਇਹੀ ਬੋਝ ਢੋਂਦਾ ਰਿਹਾ।
ਭਾਰਤ ਸਰਕਾਰ ਤਾਂ ਪਹਿਲਾਂ ਹੀ 'ਔਨਲਾਈਨ' ਆਜ਼ਾਦ ਬੋਲਚਾਲ ਨੂੰ ਨੱਥ ਪਾਉਣ ਵਿੱਚ ਮਸਰੂਫ਼ ਹੈ, ਖ਼ਾਸਕਰ ਜਦੋਂ ਇਹੋ ਜਿਹੀ ਗੱਲਬਾਤ ਸਿਆਸੀ ਹੱਸਤੀਆਂ ਦਾ ਮਾਖ਼ੌਲ ਉਡਾਉਂਦੀ ਹੋਵੇ। ਤੁਸੀਂ ਦੇਖਿਆ ਹੀ ਹੈ ਕਿ ਕਿਵੇਂ ਉਸ ਨੇ ਫ਼ੇਸਬੁੱਕ ਜਾਂ ਟਵਿਟਰ ਵਰਗੀਆਂ ਵੈਬਸਾਈਟਾਂ 'ਤੇ ਰੋਕ ਲਗਾ ਦਿੱਤੀ ਸੀ ਅਤੇ ਹਰ ਉਸ ਸ਼ਖ਼ਸ ਨੂੰ ਚੋਣੌਤੀ ਦੇ ਦਿੱਤੀ ਸੀ ਜਿਹੜਾ ਸਰਕਾਰੀ ਪ੍ਰਬੰਧ 'ਤੇ ਸਵਾਲ ਉਠਾਉਂਦਾ ਸੀ।
ਭੱਟੀ ਇਸ ਭਾਰਤੀ ਅਸਹਿਨਸ਼ੀਲਤਾ ਦਾ ਤੋੜ ਸੀ। ਉਹ ਸਾਨੂੰ ਆਪਣੇ ਚੁਟਕਲਿਆਂ ਨਾਲ ਹਸਾਉਂਦਾ ਤੇ ਰੁਆਉਂਦਾ ਸੀ। ਅੱਜ ਹਰ ਪੀੜ੍ਹੀ ਵਿੱਚ ਇੱਕ ਜਸਪਾਲ ਭੱਟੀ ਦੀ ਬਹੁਤ ਲੋੜ ਹੈ। ਇਹ ਸਾਨੂੰ ਧਰਾਤਲ 'ਤੇ ਰੱਖਦੀ ਹੈ ਤੇ ਅਧੀਕਾਰੀਆਂ ਨੂੰ ਹਾਸ਼ੀਏ 'ਤੇ। ਸਾਡੀ ਅਜੋਕੀ ਪੀੜ੍ਹੀ ਦੀ ਤ੍ਰਾਸਦੀ ਇਹ ਹੈ ਕਿ ਹੁਣ ਸਾਡੇ ਕੋਲ ਕੋਈ ਜਸਪਾਲ ਭੱਟੀ ਨਹੀਂ ਰਿਹਾ।