
ਜਿੰਨੀ ਤੇਜ਼ੀ ਨਾਲ ਪੰਜਾਬੀ ਫ਼ਿਲਮਾਂ ਦੀ ਗਿਣਤੀ ਵਧ ਰਹੀ ਹੈ, ਓਨੀ ਹੀ ਤੇਜ਼ੀ ਨਾਲ ਇਸ 'ਚ ਨਵੇਂ ਤੋਂ ਨਵੇਂ ਕਲਾਕਾਰਾਂ ਦੀ ਗਿਣਤੀ ਵਧ ਰਹੀ ਹੈ। ਨਾਮਵਰ ਗਾਇਕ ਤੇ ਨਾਇਕ ਸਰਬਜੀਤ ਚੀਮਾ ਦੀ ਨਵੀਂ ਆ ਰਹੀ ਫਿਲਮ 'ਪੰਜਾਬ ਬੋਲਦਾ' ਰਾਹੀਂ ਸਵਿਟਜ਼ਰਲੈਂਡ ਦੀ ਜੰਮਪਲ ਅਦਾਕਾਰਾ ਅਨੀਸ਼ਾ ਪੂਜਾ ਪੰਜਾਬੀ ਸਿਨੇਮੇ 'ਚ ਪਹਿਲਾ ਕਦਮ ਰੱਖ ਰਹੀ ਹੈ। ਭਾਰਤੀ ਫ਼ਿਲਮ ਉਦਯੋਗ 'ਚ ਪਹਿਲੀ ਵਾਰ ਅਮਰੀਕਾ ਦੀ ਨਾਮਵਰ ਅਕਾਦਮੀ 'ਚੋਂ ਅਦਾਕਾਰੀ ਦੇ ਗੁਰ ਸਿੱਖ ਕੇ ਆਈ ਇਸ ਮੁਟਿਆਰ ਨੇ 'ਪੰਜਾਬ ਬੋਲਦਾ' ਫ਼ਿਲਮ 'ਚ ਇਕ ਅਜਿਹੀ ਮੁਟਿਆਰ ਦੀ ਭੂਮਿਕਾ ਨਿਭਾਈ ਹੈ, ਜੋ ਸਹੀ ਮਾਅਨਿਆਂ 'ਚ ਇਕ ਆਦਰਸ਼ਵਾਦੀ ਪੰਜਾਬਣ ਮੁਟਿਆਰ ਦੀ ਪ੍ਰਤੀਨਿਧਤਾ ਕਰੇਗੀ। ਧਰਤੀ 'ਤੇ ਸਵਰਗ ਵਜੋਂ ਪ੍ਰਸਿੱਧ ਮੁਲਕ ਸਵਿਟਜ਼ਰਲੈਂਡ ਦੇ ਸ਼ਹਿਰ ਜਿਊਰਿਖ 'ਚ ਜਨਮੀ ਅਨੀਸ਼ਾ ਦੀ ਮਾਤਾ ਪੂਜਾ ਤ੍ਰਿਪਾਠੀ ਮੁੰਬਈ ਦੀ ਜੰਮਪਲ ਹੈ, ਜਿਸ ਕਰਕੇ ਉਸ ਨੂੰ ਸਵਿਸ ਸੱਭਿਆਚਾਰ ਦੇ ਨਾਲ-ਨਾਲ ਭਾਰਤੀ ਭਾਸ਼ਾਵਾਂ ਤੇ ਰਹਿਣੀ-ਬਹਿਣੀ ਦਾ ਵੀ ਕੁਝ ਗਿਆਨ ਸਹਿਜ ਸੁਭਾਅ ਹੀ ਮਿਲਦਾ ਰਿਹਾ। ਉਸ ਦੀ ਮਾਤਾ ਪੂਜਾ ਤ੍ਰਿਪਾਠੀ ਯੂਰਪ 'ਚ ਬਣਨ
ਵਾਲੀਆਂ ਫ਼ਿਲਮਾਂ ਦੇ ਨਿਰਮਾਣ ਨਾਲ ਲੰਬੇ ਅਰਸੇ ਤੋਂ ਜੁੜੀ ਹੋਈ ਹੈ।
ਅਦਾਕਾਰੀ ਨਾਲ ਵਾਸਤਾ
ਅਨੀਸ਼ਾ ਨੇ ਸਕੂਲੀ ਪੜ੍ਹਾਈ ਦੌਰਾਨ ਹੀ ਨਾਟਕਾਂ ਰਾਹੀਂ ਅਦਾਕਾਰੀ 'ਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਸ ਦਾ ਇਹ ਸ਼ੌਕ ਜਨੂੰਨ 'ਚ ਬਦਲ ਗਿਆ। ਉਸ ਨੇ ਲਗਾਤਾਰ ਤਿੰਨ ਸਾਲ ਚੋਟੀ ਦੇ ਨਾਟਕਾਂ 'ਚ ਕੰਮ ਕੀਤਾ ਅਤੇ ਫਿਰ ਅਦਾਕਾਰੀ 'ਚ ਹੋਰ ਖੁੱਭ ਜਾਣ ਲਈ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਲੀ ਸਟਰਾਸਬਰਗ ਅਕੈਡਮੀ ਲਾਸ ਏਂਜਲਸ 'ਚ 2 ਸਾਲ ਪੜ੍ਹਾਈ ਕੀਤੀ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ।
ਗਲੈਮਰ ਦੀ ਦੁਨੀਆ ਵੱਲ ਵਹੀਰ
ਬਕਾਇਦਾ ਸਿਖਲਾਈ ਲੈਣ ਤੋਂ ਬਾਅਦ ਅਨੀਸ਼ਾ ਨੇ ਦੁਨੀਆ ਦੇ ਨਾਮਵਰ ਪੌਪ ਗਾਇਕ ਮਾਈਕਲ ਵੁਬਲੇ ਦੀ ਸੰਗੀਤਕ ਵੀਡੀਓ 'ਚ ਕੰਮ ਕੀਤਾ, ਜਿਸ ਨਾਲ ਉਸ ਦਾ ਹੌਸਲਾ ਹੋਰ ਵੀ ਵਧ ਗਿਆ। ਇਸ ਉਪਰੰਤ ਅਨੀਸ਼ਾ ਨੇ ਆਪਣੀ ਮਾਤਾ ਦੀ ਤਮੰਨਾ ਮੁਤਾਬਿਕ ਬਾਲੀਵੁੱਡ 'ਚ ਕੰਮ ਕਰਨ ਦੇ ਮਨਸੂਬੇ ਨਾਲ ਮੁੰਬਈ ਵਿਖੇ ਡੇਰਾ ਲਗਾਇਆ, ਜਿਥੇ ਉਸ ਨੇ ਅਨੁਪਮ ਖੇਰ ਦੇ ਐਕਟਿੰਗ ਸਕੂਲ 'ਚ ਅਦਾਕਾਰੀ ਦੇ ਗੁਰ ਸਿੱਖੇ।
ਪੰਜਾਬੀ ਸਿਨੇਮੇ 'ਚ ਪ੍ਰਵੇਸ਼
ਮੁੰਬਈ ਵਿਖੇ ਟਿਕਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਉਸ ਨੂੰ ਗਾਇਕ ਤੇ ਨਾਇਕ ਸਰਬਜੀਤ ਚੀਮਾ ਨਾਲ ਪੰਜਾਬੀ ਫ਼ਿਲਮ 'ਪੰਜਾਬ ਬੋਲਦਾ' ਵਿਚ ਬਤੌਰ ਨਾਇਕਾ ਕੰਮ ਕਰਨ ਦਾ ਮੌਕਾ ਮਿਲਿਆ, ਜੋ ਉਸ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕੀਤਾ। ਅਨੀਸ਼ਾ ਨੇ ਇਸ ਫ਼ਿਲਮ 'ਚ ਕੰਮ ਕਰਨ ਬਾਰੇ ਕਿਹਾ ਕਿ ਉਸ ਨੂੰ ਬੜੀ ਖੁਸ਼ੀ ਹੋਈ ਕਿ ਉਹ ਇਕ ਅਜਿਹੇ ਸੱਭਿਆਚਾਰ ਤੇ ਭਾਸ਼ਾ (ਪੰਜਾਬੀ) ਦੀ ਫ਼ਿਲਮ 'ਚ ਕੰਮ ਕਰ ਰਹੀ ਹੈ, ਜਿਸ ਨੇ ਦੁਨੀਆ ਦੇ ਕੋਨੇ-ਕੋਨੇ 'ਚ ਆਪਣੀਆਂ ਵਧੀਆ ਪ੍ਰੰਪਰਾਵਾਂ ਸਦਕਾ ਪੈਰ ਪਸਾਰ ਲਏ ਹਨ।
'ਪੰਜਾਬ ਬੋਲਦਾ' ਫ਼ਿਲਮ ਬਾਰੇ
ਆਪਣੀ ਪਹਿਲੀ ਭਾਰਤੀ ਤੇ ਪੰਜਾਬੀ ਫ਼ਿਲਮ ਬਾਰੇ ਅਨੀਸ਼ਾ ਨੇ ਕਿਹਾ ਕਿ ਉਹ ਇਕ ਅਜਿਹੀ ਪੰਜਾਬਣ ਮੁਟਿਆਰ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਵਿਦਸ਼ 'ਚੋਂ ਉਚੇਰੀ ਵਿੱਦਿਆ ਹਾਸਿਲ ਕਰਨ ਦੇ ਬਾਵਜੂਦ ਵੀ ਆਪਣੀਆਂ ਪ੍ਰੰਪਰਾਵਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਹੀਂ ਭੁੱਲਦੀ। ਫ਼ਿਲਮ ਦੀ ਟੀਮ ਬਾਰੇ ਅਨੀਸ਼ਾ ਨੇ ਕਿਹਾ ਕਿ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਉਹ ਕਿਸੇ ਨੂੰ ਵੀ ਨਹੀਂ ਜਾਣਦੀ ਸੀ ਪਰ ਫ਼ਿਲਮ ਪੂਰੀ ਹੋਣ ਤਕ ਉਸ ਨੂੰ ਸਭ ਆਪਣੇ ਜਾਪਣ ਲੱਗੇ। ਅਨੀਸ਼ਾ ਨੂੰ ਆਸ ਹੈ ਕਿ ਇਹ ਫ਼ਿਲਮ ਉਸ ਦੇ ਫ਼ਿਲਮੀ ਸਫ਼ਰ ਨੂੰ ਵਧੀਆ ਸ਼ੁਰੂਆਤ ਦੇਵੇਗੀ।