
ਕੀ ਤੁਸੀਂ ਦਬਾਅ ਮਹਿਸੂਸ ਕਰ ਰਹੇ ਹੋ?
- ਦਬਾਅ 'ਚ ਮੈਂ ਚੰਗਾ ਕੰਮ ਕਰਦੀ ਹਾਂ। ਖੁਦ ਨੂੰ ਉਮੀਦਾਂ ਨਾਲ ਦੱਬੀ ਹੋਣ ਦਾ ਅਹਿਸਾਸ ਮੈਂ ਕਦੇ ਨਹੀਂ ਹੋਣ ਦਿੰਦੀ। ਮੇਰੇ ਲਈ ਤਾਂ ਮੇਰੀਆਂ ਆਉਣ ਵਾਲੀਆਂ ਫਿਲਮਾਂ ਕੁਝ ਚੰਗਾ ਕਰਨ ਦਾ ਮੌਕਾ ਦਿਵਾਉਣ ਵਾਲੀਆਂ ਹਨ। ਇਸ ਲਈ ਇਨ੍ਹਾਂ ਨੂੰ ਕਰਦਿਆਂ ਮੈਂ ਇਕ-ਇਕ ਪਲ ਦਾ ਮਜ਼ਾ ਲੈ ਰਹੀ ਹਾਂ। 'ਰਾਊਡੀ ਰਾਠੌਰ' ਦੇ ਪ੍ਰਦਰਸ਼ਨ ਵੇਲੇ ਮੈਂ ਬਿਲਕੁਲ ਨਰਵਸ ਨਹੀਂ ਹੋਈ। ਇਥੇ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਪਰ ਮੈਂ ਆਪਣੇ ਕੰਮ 'ਚ ਮਗਨ ਸੀ। ਇਹ ਫਿਲਮ ਵੀ ਚੰਗੀ ਰਹੀ।
* 'ਰਾਊਡੀ ਰਾਠੌਰ' 'ਚ ਤੁਹਾਡਾ ਕਿਰਦਾਰ ਸ਼ਰਾਰਤੀ ਕੁੜੀ ਦਾ ਸੀ। ਕੀ ਨਿੱਜੀ ਜ਼ਿੰਦਗੀ 'ਚ ਵੀ ਤੁਸੀਂ ਸ਼ਰਾਰਤੀ ਹੋ?
-ਪਰਦੇ 'ਤੇ ਭਾਵੇਂ ਮੇਰੀ ਸਿੱਧੀ-ਸਾਦੀ ਕੁੜੀ ਵਾਲੀ ਇਮੇਜ ਹੈ ਪਰ ਨਿੱਜੀ ਜ਼ਿੰਦਗੀ 'ਚ ਮੈਂ ਅਜਿਹੀ ਨਹੀਂ ਹਾਂ। ਮੈਂ ਬਹੁਤ ਉੱਦਮੀ ਸੀ। ਸਕੂਲ ਦੇ ਦਿਨਾਂ 'ਚ ਤਾਂ ਮੈਂ ਮੁੰਡਿਆਂ ਵਾਂਗ ਰਹਿੰਦੀ ਸੀ। ਫੁੱਟਬਾਲ ਤੋਂ ਲੈ ਕੇ ਵਾਲੀਬਾਲ ਤਕ ਸਾਰੀਆਂ ਖੇਡਾਂ 'ਚ ਹਿੱਸਾ ਲੈਂਦੀ ਸੀ। ਮੇਰੇ ਮੰਮੀ-ਪਾਪਾ ਨੇ ਮੇਰੇ ਨਾਲ ਕੁੜੀਆਂ ਵਰਗਾ ਵਤੀਰਾ ਕਦੇ ਨਹੀਂ ਕੀਤਾ। ਅਸਲ 'ਚ ਮੈਂ ਸ਼ਰਾਰਤੀ ਕੁੜੀ ਨਹੀਂ, ਸਗੋਂ ਇੰਝ ਸਮਝੋ ਕਿ ਮੈਂ ਮੁੰਡਿਆਂ ਵਰਗਾ ਵਤੀਰਾ ਕਰਨ
ਵਾਲੀ ਇਕ ਚੁਲਬੁਲੀ ਕੁੜੀ ਸੀ।
* ਕੀ ਨਿੱਜੀ ਜ਼ਿੰਦਗੀ 'ਚ ਤੁਸੀਂ ਕਿਸੇ ਤਰ੍ਹਾਂ ਦੀ ਸ਼ਰਾਰਤ ਕੀਤੀ?
-ਖੂਬ ਕੀਤੀਆਂ ਹਨ ਪਰ ਵੱਡੀਆਂ ਨਹੀਂ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸ਼ਰਾਰਤੀ ਬੱਚਿਆਂ ਲਈ ਮੈਂ ਕੋਈ ਮਿਸਾਲ ਕਾਇਮ ਕਰਨਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਬੱਚੇ ਆਪਣੇ ਮਾਤਾ-ਪਿਤਾ ਨੂੰ ਕਹਿਣ ਕਿ ਜੇਕਰ ਸੋਨਾਕਸ਼ੀ ਨੇ ਕੀਤਾ ਸੀ ਤਾਂ ਉਹ ਕਿਉਂ ਨਹੀਂ ਕਰ ਸਕਦੇ? ਮੈਂ ਨਹੀਂ ਜਾਣਦੀ ਕਿ ਇਹ ਕਿੰਨਾ ਸ਼ਰਾਰਤ ਭਰਿਆ ਕੰਮ ਹੈ ਪਰ ਬੰਦ ਚਰਚ ਦੀ ਉੱਚੀ ਕੰਧ ਵੀ ਟੱਪ ਸਕਦੀ ਹਾਂ ਤਾਂ ਕਿ ਆਪਣੀਆਂ ਫਿਲਮਾਂ ਦੀ ਸਫਲਤਾ ਲਈ ਭਗਵਾਨ ਅੱਗੇ ਪ੍ਰਾਰਥਨਾ ਕਰ ਸਕਾਂ।
* ਸੁਣਨ 'ਚ ਆਇਐ ਕਿ ਤੁਸੀਂ ਸਿਰਫ 'ਏ' ਲਿਸਟ ਕਲਾਕਾਰਾਂ ਨਾਲ ਹੀ ਕੰਮ ਕਰਨਾ ਚਾਹੁੰਦੇ ਹੋ?
-ਓਹ ਨਹੀਂ, ਇੰਝ ਕੁਝ ਨਹੀਂ ਹੈ। ਅਸਲ 'ਚ ਮੈਂ ਆਪਣੇ ਰੋਲ, ਡਾਇਰੈਕਟਰ ਅਤੇ ਪ੍ਰੋਡਕਸ਼ਨ ਹਾਊਸ ਤੈਅ ਕਰਨ ਦੇ ਮਾਮਲੇ 'ਚ ਬਹੁਤ ਚੂਜ਼ੀ ਹਾਂ। ਉਂਝ ਵੀ ਜਦੋਂ ਕਦੇ ਤੁਸੀਂ ਕੋਈ ਫਿਲਮ ਸਾਈਨ ਕਰਦੇ ਹੋ ਤਾਂ ਕੁਝ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਹਨ। 'ਦਬੰਗ' ਤੋਂ ਬਾਅਦ ਜੋ ਲੋਕ ਮੇਰੇ ਕੋਲ ਆਫਰਜ਼ ਲੈ ਕੇ ਆਏ, ਉਨ੍ਹਾਂ 'ਚੋਂ ਕੁਝ ਲੋਕ ਇੰਡਸਟਰੀ ਦੇ ਸੀਨੀਅਰ ਲੋਕਾਂ ਦਾ ਰੈਫ੍ਰੈਂਸ ਲੈ ਕੇ ਆਏ ਸਨ ਪਰ ਮੈਂ ਉਨ੍ਹਾਂ ਲੋਕਾਂ ਨਾਲ ਕੰਮ ਕਰ ਰਹੀ ਹਾਂ, ਜਿਨ੍ਹਾਂ ਨਾਲ ਕੰਮ ਕਰਨ ਦੀ ਖਾਹਿਸ਼ ਰਹੀ।
* 'ਲੁਟੇਰਾ' ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਆਫਬੀਟ ਸਿਨੇਮਾ ਦਾ ਵੀ ਸ਼ੌਕ ਰੱਖਦੇ ਹੋ?
-ਲੋਕ ਆਮ ਤੌਰ 'ਤੇ ਉਨ੍ਹਾਂ ਫਿਲਮਾਂ 'ਚ ਕੰਮ ਕਰਨ ਤੋਂ ਸ਼ਰਮਾਉਂਦੇ ਹਨ, ਜੋ ਲੀਕ ਤੋਂ ਹਟ ਕੇ ਹੁੰਦੀਆਂ ਹਨ। ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ 'ਦਬੰਗ-2' ਅਤੇ 'ਸਨ ਆਫ ਸਰਦਾਰ' ਵਰਗੀਆਂ ਫਿਲਮਾਂ ਕਰ ਰਹੇ ਹੁੰਦੇ ਹੋ ਪਰ ਮੈਂ ਆਪਣੇ ਡੈਡੀ ਨੂੰ ਉਨ੍ਹਾਂ ਦੇ ਕਰੀਅਰ 'ਚ ਕਮਰਸ਼ੀਅਲ ਅਤੇ ਸਾਰਥਕ ਦੋਹਾਂ ਵਿਚਾਲੇ ਬਾਖੂਬੀ ਤਾਲਮੇਲ ਬਣਾਉਂਦਿਆਂ ਦੇਖਿਆ ਹੈ। ਮੇਰੇ ਆਦਰਸ਼ ਮੇਰੇ ਡੈਡੀ ਹਨ ਅਤੇ ਮੈਂ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹਾਂਗੀ।
* ਸੋਨਾਕਸ਼ੀ, ਤੁਸੀਂ ਕੋਈ ਵੀ ਫਿਲਮ ਸਾਈਨ ਕਰਨ ਤੋਂ ਪਹਿਲਾਂ ਡੈਡੀ ਤੋਂ ਸਲਾਹ ਲੈਂਦੇ ਹੋ?
- ਮੇਰੇ ਮੰਮੀ-ਡੈਡੀ ਇਕ ਲੰਬੇ ਅਰਸੇ ਤੋਂ ਇਸ ਇੰਡਸਟਰੀ 'ਚ ਹਨ ਅਤੇ ਉਨ੍ਹਾਂ ਨੂੰ ਹਰ ਚੀਜ਼ ਬਾਖੂਬੀ ਪਤਾ ਹੈ। ਉਹ ਬਹੁਤ ਅਨੁਭਵੀ ਹਨ, ਇਸ ਲਈ ਉਨ੍ਹਾਂ ਤੋਂ ਸਲਾਹ ਨਾ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕੋਈ ਵੀ ਫਿਲਮ ਕਰਨ ਦਾ ਫੈਸਲਾ ਅਸੀਂ ਰਲ-ਮਿਲ ਕੇ ਹੀ ਲੈਂਦੇ ਹਾਂ। ਮੇਰੀ ਮੰਮੀ ਸਟੋਰੀ ਰੀਡਿੰਗ ਵੇਲੇ ਮੇਰੇ ਨਾਲ ਜ਼ਰੂਰ ਹੁੰਦੇ ਹਨ। ਡੈਡੀ ਜੇਕਰ ਉਥੇ ਮੌਜੂਦ ਨਹੀਂ ਹੁੰਦੇ ਤਾਂ ਵੀ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ। ਸਭ ਦੀ ਰਜ਼ਾਮੰਦੀ ਮਿਲਣ ਪਿੱਛੋਂ ਹੀ ਮੈਂ ਫਿਲਮ ਸਾਈਨ ਕਰਦੀ ਹਾਂ।
* ਰਣਵੀਰ ਸਿੰਘ ਨਾਲ ਤੁਹਾਡੇ ਰਿਸ਼ਤੇ ਕੀ ਹੁਣ ਸਿਰਫ ਇਤਿਹਾਸ ਬਣ ਕੇ ਰਹਿ ਗਏ ਹਨ?
-ਮੀਡੀਆ ਫ਼ਿਲਮੀ ਕਲਾਕਾਰਾਂ ਅਤੇ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਕੁਝ ਨਾ ਕੁਝ ਲਿਖਦਾ ਹੀ ਰਹਿੰਦਾ ਹੈ। ਉਨ੍ਹਾਂ ਦਾ ਰਵੱਈਆ ਇਸ ਮਾਮਲੇ 'ਚ ਗੈਰ-ਸੰਵੇਦਨਸ਼ੀਲ ਰਿਹਾ ਹੈ ਪਰ ਮੈਂ ਆਪਣੇ ਘਰਵਾਲਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਦੀਆਂ ਬੇਕਾਰ ਗੱਲਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ।
* ਸੁਣਿਐ ਕਿ ਇਹੋ ਜਿਹੀਆਂ ਖਬਰਾਂ ਨਾਲ ਤੁਹਾਡੇ ਪਿਤਾ ਨਾਰਾਜ਼ ਹੋ ਜਾਂਦੇ ਹਨ?
- ਮੇਰੇ ਡੈਡੀ ਇਹੋ ਜਿਹੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ। ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਮੇਰੀ ਜ਼ਿੰਦਗੀ 'ਚ ਕੋਈ ਹੁੰਦਾ ਤਾਂ ਮੇਰੇ ਮੰਮੀ-ਡੈਡੀ ਨੂੰ ਵੀ ਪਤਾ ਹੁੰਦਾ। ਮੇਰੇ ਕੋਲ ਇਸ ਦੇ ਲਈ ਸਮਾਂ ਹੀ ਨਹੀਂ ਹੈ।