
ਅੱਜ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ ਮਸ਼ਹੂਰ ਗਾਇਕ ਲਾਭ ਜੰਜੂਆ ਪਰ ਇਕ ਸਮਾਂ ਐਸਾ ਵੀ ਸੀ ਜਦ ਉਸ ਨੂੰ ਆਪਣੀ ਗਾਇਕੀ ਦੇ ਕਿੱਤੇ ਨੂੰ ਛੱਡ ਕੇ ਮਿਊਜ਼ਿਕ ਟੀਚਰ ਦਾ ਕੰਮ ਕਰਨਾ ਪਿਆ ਪਰ ਹੁਨਰ ਕਦੇ ਵੀ ਲੁਕਿਆ ਨਹੀਂ ਰਹਿ ਸਕਦਾ। ਕੁਝ ਇਹੋ ਜਿਹੀ ਮਿਸਾਲ ਹੈ ਲਾਭ ਜੰਜੂਆ ਜਿਸ ਦੇ ਗੀਤ 'ਮੁੰਡਿਆਂ ਤੋਂ ਬਚ ਕੇ ਰਹੀਂ' ਨੇ ਰਿਲੀਜ਼ ਹੁੰਦਿਆਂ ਹੀ ਨਾ ਸਿਰਫ਼ ਦੇਸ਼ 'ਚ ਬੈਠੇ ਲੋਕਾਂ ਨੂੰ ਨੱਚਣ ਲਾ ਦਿੱਤਾ ਬਲਕਿ ਵਿਦੇਸ਼ਾਂ 'ਚ ਬੈਠੇ ਲੋਕਾਂ ਨੇ ਇਸ ਗੀਤ ਦੀ ਕਾਫੀ ਪ੍ਰਸ਼ੰਸਾ ਕੀਤੀ ਅਤੇ ਅੱਜ ਵੀ ਨੌਜਵਾਨ ਪੀੜ੍ਹੀ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਲਾਭ ਜੰਜੂਆ ਨੇ ਪੰਜਾਬ 'ਚ ਹੀ ਨਹੀਂ ਬਲਕਿ ਬਾਲੀਵੁੱਡ 'ਚ ਵੀ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਦਰਜਨ ਤੋਂ ਜ਼ਿਆਦਾ ਬਾਲੀਵੁੱਡ ਫਿਲਮਾਂ ਵਿਚ ਗੀਤ ਰਿਕਾਰਡ ਕੀਤੇ ਜਿਵੇਂ ਕਿ ਢੋਲ, ਪਾਰਟਨਰ, ਰੱਬ ਨੇ ਬਨਾ ਦੀ ਜੋੜੀ, ਦੇਵ-ਡੀ, ਕ੍ਰੇਜ਼ੀ-4, ਸਿੰਘ ਇਜ਼ ਕਿੰਗ। ਪੰਜਾਬ ਦੇ ਪੁੱਤਰ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਅਦਾਕਾਰ ਜਿਵੇਂ ਕਿ ਅਕਸ਼ੈ, ਸਲਮਾਨ, ਗੋਵਿੰਦਾ, ਸ਼ਾਹਰੁਖ ਲਈ ਆਪਣੀ ਆਵਾਜ਼ ਦਿੱਤੀ ਹਾਲਾਂ ਕਿ ਲਾਭ ਜੰਜੂਆ ਦੀ ਪਹਿਲੀ ਐਲਬਮ ਧਾਰਮਿਕ 'ਸਤਿਗੁਰ ਨਾਨਕ ਬਾਣੀ ਤੇਰੀ' ਜੋ ਕਿ ਟੈਕਸਲਾ ਕੰਪਨੀ ਵਲੋਂ ਰਿਲੀਜ਼ ਕੀਤੀ ਗਈ ਸੀ, ਇਸ ਤੋਂ ਬਾਅਦ ਆਈਆਂ ਐਲਬਮਜ਼ ਜਿਵੇਂ ਕਿ 'ਪਿਆਰ ਹੋ ਗਿਆ', ਫਿਰ 'ਦੇ ਪੱਕੀਆਂ ਤਰੀਕਾਂ', 'ਦੱਸੀਂ
ਮੇਰੇ ਪਿੰਡ ਦਾ ਕੀ ਹਾਲ' ਨੇ ਉਨ੍ਹਾਂ ਦੇ ਗਾਇਕੀ ਦੇ ਕੈਰੀਅਰ 'ਚ ਕੁਝ ਖਾਸ ਇਜ਼ਾਫਾ ਨਹੀਂ ਕੀਤਾ ਪਰ ਉਨ੍ਹਾਂ ਨੂੰ ਅਸਲੀ ਪਛਾਣ ਦਿੱਤੀ ਬਾਲੀਵੁੱਡ ਫਿਲਮ ਬੂਮ ਦੇ ਗੀਤ 'ਮੁੰਡਿਆਂ ਤੋਂ ਬਚ ਕੇ ਰਹੀਂ' ਨੇ। ਬਜਾਏ ਇਸ ਦੇ ਕਿ ਜੈਕੀ ਸ਼ਰਾਫ ਵਲੋਂ ਬਣਾਈ ਉਹ ਫਿਲਮ ਫਲਾਪ ਰਹੀ ਸੀ ਪਰ ਇਸ ਫਿਲਮ ਨੇ ਲਾਭ ਜੰਜੂਆ ਲਈ ਬਾਲੀਵੁੱਡ 'ਚ ਗਾਇਕੀ ਦੇ ਦਰਵਾਜ਼ੇ ਖੋਲ੍ਹ ਦਿੱਤੇ। ਦਿਲਚਸਪ ਗੱਲ ਇਹ ਹੈ ਕਿ ਇਹ ਕਲਾਕਾਰ ਗੀਤਕਾਰ ਅਤੇ ਸੰਗੀਤਕਾਰ ਹੋਣ ਦੇ ਨਾਲ-ਨਾਲ ਹੁਣ ਅਦਾਕਾਰੀ 'ਚ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਿਹਾ ਹੈ। ਲਾਭ ਜੰਜੂਆ ਆਉਣ ਵਾਲੀ ਫਿਲਮ 'ਤਸਕਰ' ਅਤੇ 'ਜਦ ਇਸ਼ਕ ਨਚਾਵੇ' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਲਾਭ ਜੰਜੂਆ ਨੇ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਲਈ 3 ਗੀਤ ਵੀ ਲਿਖੇ ਹਨ। ਜਦ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਬਾਲੀਵੁੱਡ ਫਿਲਮ ਪੰਜਾਬੀ ਗੀਤ ਬਿਨਾਂ ਮੁਕੰਮਲ ਹੈ? ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਕ ਬਾਲੀਵੁੱਡ ਫਿਲਮ 'ਚ ਪੰਜਾਬੀ ਗੀਤ ਦੀ ਅਹਿਮ ਥਾਂ ਹੈ, ਹਰ ਛੋਟੇ-ਵੱਡੇ ਬਜਟ ਦੀ ਫਿਲਮ 'ਚ ਪੰਜਾਬੀ ਸੰਗੀਤ ਦੀ ਮੁੱਖ ਜ਼ਰੂਰਤ ਸਮਝੀ ਜਾਂਦੀ ਹੈ। ਲੱਚਰ ਗਾਇਕੀ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਗਾਇਕ ਉਹੀ ਪੇਸ਼ ਕਰਦਾ ਹੈ ਜੋ ਉਸ ਦੇ ਸਰੋਤੇ ਸੁਣਨਾ ਚਾਹੁੰਦੇ ਹਨ ਹਾਲਾਂ ਕਿ ਅੱਜ ਦਾ ਸੰਗੀਤ ਵੇਖਣ ਦਾ ਮਾਧਿਅਮ ਹੋ ਗਿਆ ਹੈ ਤੇ ਇਹ ਦੋਵਾਂ ਧਿਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਮਾਜ 'ਚ ਸਹੀ ਵੇਖਿਆ ਅਤੇ ਸੁਣਿਆ ਜਾਵੇ ਅਤੇ ਉਸ ਦੀ ਸ਼ਲਾਘਾ ਕੀਤੀ ਜਾਵੇ।
ੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਗੱਲ ਕਰਨ ਆਏ ਹੋਏ ਲਾਭ ਜੰਜੂਆ ਤੋਂ ਜਦ ਇਹ ਪੁੱਛਿਆ ਗਿਆ ਕਿ ਉਹ ਆਪਣੇ ਖਾਲੀ ਸਮੇਂ 'ਚ ਕੀ ਕਰਦੇ ਹਨ? ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਾਵਲ ਪੜ੍ਹਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਆਪਣੇ ਖਾਲੀ ਟਾਈਮ 'ਚ ਉਂਝ ਕੁਝ ਨਵਾਂ ਕਰਨ ਦੀ ਸੋਚਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ 'ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਇਸ ਦੇ ਹਰ ਪਲ ਨੂੰ ਜ਼ਿੰਦਾਦਿਲੀ ਨਾਲ ਜੀਣਾ ਚਾਹੀਦਾ ਹੈ। - ਸੰਦੀਪ ਕੌਰ