
ਸਾਡੀ ਫ਼ਿਲਮੀ ਦੁਨੀਆ ਵੀ ਬੜੀ ਅਜੀਬ ਹੈ, ਇਥੇ ਦੋਸਤੀਆਂ ਟੁੱਟਦੀਆਂ ਵੀ ਰਹਿੰਦੀਆਂ ਹਨ ਤੇ ਬਣਦੀਆਂ ਵੀ ਰਹਿੰਦੀਆਂ ਹਨ। ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਤੇ ਫਿਰ ਜਦੋਂ ਦੋਵਾਂ ਨੂੰ ਇਕ-ਦੂਜੇ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਹ ਦੁਸ਼ਮਣੀ ਫਿਰ ਦੋਸਤੀ 'ਚ ਬਦਲ ਜਾਂਦੀ ਹੈ। ਇਕ ਵਾਰ ਨਿੱਕੀ ਜਿਹੀ ਗੱਲ 'ਤੇ ਕੋਰੀਓਗ੍ਰਾਫਰ ਤੇ ਡਾਇਰੈਕਟਰ ਫਰਹਾ ਖ਼ਾਨ ਦਾ ਸ਼ਾਹਰੁਖ਼ ਖ਼ਾਨ ਨਾਲ ਝਗੜਾ ਹੋ ਗਿਆ ਪਰ ਛੇਤੀ ਹੀ ਦੋਵਾਂ 'ਚ ਸੁਲਾਹ ਹੋ ਗਈ। ਆਓ, ਅਸੀਂ ਇਸ ਲੇਖ 'ਚ ਉਨ੍ਹਾਂ ਨਵੀਆਂ ਦੋਸਤੀਆਂ ਦੀ ਚਰਚਾ ਕਰਾਂਗੇ, ਜੋ ਇਨ੍ਹੀਂ ਦਿਨੀਂ ਹੋਂਦ 'ਚ ਆਈਆਂ ਹਨ ਜਾਂ ਮੁੜ ਉਸਰੀਆਂ ਹਨ।
ਪ੍ਰਿਯੰਕਾ ਅਤੇ ਸਲਮਾਨ ਦੀ ਜੋੜੀ
ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਖ਼ੂਬਸੂਰਤ ਹੀਰੋਇਨ ਹੈ ਅਤੇ ਪਿਛਲੇ ਕੁਝ ਸਾਲ ਉਹ ਬਹੁਤ ਚਰਚਿਤ ਰਹੀ ਹੈ ਅਤੇ ਉਸਦੀਆਂ ਅਣਗਿਣਤ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਲੱਗਭਗ ਹਰ ਹੀਰੋ ਨਾਲ ਉਸਨੇ ਫ਼ਿਲਮ ਕੀਤੀ ਹੈ ਪਰ ਸਲਮਾਨ ਖ਼ਾਨ ਨਾਲ ਉਸਦੀ ਕੋਈ ਵੀ ਫ਼ਿਲਮ ਨਹੀਂ ਹੈ। ਸੋਨਾਕਸ਼ੀ ਸਿਨ੍ਹਾ, ਜਿਸਦੀ ਉਮਰ ਸਲਮਾਨ ਖ਼ਾਨ ਨਾਲੋਂ ਅੱਧੀ ਹੈ, ਨੇ ਆਪਣਾ ਫ਼ਿਲਮੀ ਕਰੀਅਰ ਸਲਮਾਨ ਖ਼ਾਨ ਦੀ ਹੀਰੋਇਨ ਬਣ ਕੇ
ਆਰੰਭ ਕੀਤਾ ਹੈ।
ਅੱਜਕਲ ਖ਼ਬਰ ਹੈ ਕਿ ਪ੍ਰਿਯੰਕਾ ਨੂੰ ਕਿਸੇ ਐਤਵਾਰ ਦੀ ਰਾਤ ਦੇਰ ਨਾਲ ਸਲਮਾਨ ਦੇ ਘਰ ਵਿਚ ਵੇਖਿਆ ਗਿਆ। ਇਹ ਗੱਲ ਸਾਰੇ ਜਾਣਦੇ ਹਨ ਕਿ ਉਹ ਸ਼ਾਹਰੁਖ਼ ਖ਼ਾਨ ਦੇ ਕੈਂਪ ਨਾਲ ਪੱਕੇ ਤੌਰ 'ਤੇ ਜੁੜੀ ਹੋਈ ਹੈ ਅਤੇ ਉਸਨੂੰ ਸਲਮਾਨ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ। ਇਹ ਇਕ ਨਵੀਂ ਮਿੱਤਰਤਾ ਹੈ। ਇਸ ਦਾ ਸਬੂਤ ਇਹ ਹੈ ਕਿ ਪ੍ਰਿਯੰਕਾ ਸਲਮਾਨ ਦੇ ਘਰ ਪੰਜ ਘੰਟੇ ਰੁਕੀ ਰਹੀ। ਉਹ ਉਸਦੀ ਭੈਣ ਅਰਪਿਤਾ ਨਾਲ ਬੈਠੀ ਰਹੀ। ਹੋ ਸਕਦਾ ਹੈ ਕਿ ਪ੍ਰਿਯੰਕਾ, ਸਲਮਾਨ, ਸਾਜਿਦ ਨਾਡਿਆਡਵਾਲਾ ਦੀ ਡਾਇਰੈਕਸ਼ਨ 'ਚ ਬਣ ਰਹੀ ਫ਼ਿਲਮ ਵਿਚ ਇਕੱਠੇ ਕੰਮ ਕਰਨ।
ਰਣਵੀਰ ਅਤੇ ਦੀਪਿਕਾ ਪਾਦੁਕੋਣ
ਰਣਵੀਰ ਨੇ ਆਪਣਾ ਫ਼ਿਲਮੀ ਕਰੀਅਰ ਅਨੁਸ਼ਕਾ ਸ਼ਰਮਾ ਨਾਲ ਆਰੰਭ ਕੀਤਾ ਸੀ ਅਤੇ ਉਨ੍ਹਾਂ ਦੋਵਾਂ ਦੀ ਫ਼ਿਲਮ 'ਬੈਂਡ ਬਾਜਾ ਬਾਰਾਤ' ਸੁਪਰਹਿੱਟ ਰਹੀ ਸੀ। ਰਣਵੀਰ ਅਤੇ ਅਨੁਸ਼ਕਾ 'ਚ ਖਿਚੜੀ ਪੱਕਣ ਦੀ ਮਹਿਕ ਵੀ ਬਾਲੀਵੁੱਡ 'ਚ ਖਿੱਲਰ ਰਹੀ ਸੀ। ਫਿਰ ਕੁਝ ਦੇਰ ਪਿੱਛੋਂ ਇਹ ਸੁਣਨ 'ਚ ਆਇਆ ਕਿ ਦੋਵੇਂ ਅਲੱਗ ਹੋ ਗਏ ਹਨ ਅਤੇ ਦੋਸਤੀ ਟੁੱਟ ਗਈ ਹੈ। ਇਸਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਸੋਨਾਕਸ਼ੀ ਸਿਨ੍ਹਾ ਦੀ ਨੇੜਤਾ ਰਣਵੀਰ ਨਾਲ ਵਧ ਰਹੀ ਸੀ ਪਰ ਅੱਜਕਲ ਇਕ ਨਵੀਂ ਦੋਸਤੀ ਸਾਹਮਣੇ ਆਈ ਹੈ, ਉਹ ਹੈ ਰਣਵੀਰ ਅਤੇ ਦੀਪਿਕਾ ਪਾਦੁਕੋਣ ਦੀ।
ਕਦੇ ਵੇਲਾ ਸੀ ਕਿ ਇਹ ਦੋਵੋਂ ਵੱਖੋ-ਵੱਖ ਹੋਰ ਲੋਕਾਂ ਦੇ ਗਰੁੱਪ ਵਿਚ ਸਨ ਪਰ ਅੱਜਕਲ ਦੋਵਾਂ ਨੂੰ ਇਕੱਠਿਆਂ ਫ਼ਿਲਮਾਂ ਦੇਖਦਿਆਂ ਅਤੇ ਡਿਨਰ 'ਤੇ ਜਾਂਦਿਆਂ ਦੇਖਿਆ ਜਾਂਦਾ ਹੈ। ਦੀਪਿਕਾ ਪਾਦੁਕੋਣ ਰਣਵੀਰ ਦੇ ਸਾਥ ਨੂੰ ਪਸੰਦ ਕਰਦੀ ਹੈ। ਅਸਲ ਵਿਚ ਰਣਵੀਰ ਅਤੇ ਦੀਪਿਕਾ ਇਕ ਫ਼ਿਲਮ 'ਰਾਮਲੀਲਾ' ਇਕੱਠਿਆਂ ਕਰ ਰਹੇ ਹਨ। ਇਹ ਇਕ ਰੋਮਾਂਟਿਕ ਫ਼ਿਲਮ ਹੈ, ਜਿਸ ਨੂੰ ਸੰਜੇ ਲੀਲਾ ਭੰਸਾਲੀ ਡਾਇਰੈਕਟ ਕਰ ਰਹੇ ਹਨ। ਜੀ ਹਾਂ, ਇਸੇ ਰੋਮਾਂਟਿਕ ਫ਼ਿਲਮ ਦੀ ਰਿਹਰਸਲ ਕਰ ਰਹੇ ਹਨ, ਸ਼ਾਇਦ ਦੋਵੇਂ।
ਅਨੁਸ਼ਕਾ ਅਤੇ ਰਣਬੀਰ ਕਪੂਰ
ਅਨੁਸ਼ਕਾ ਸ਼ਰਮਾ ਨੂੰ ਕੋਈ ਫ਼ਰਕ ਨਹੀਂ ਪਿਆ, ਜੇ ਇਕ ਰਣਵੀਰ ਛੱਡ ਦਿੱਤਾ ਤਾਂ ਦੂਜਾ ਫੜ ਲਿਆ। ਰਣਬੀਰ ਦੀ ਪਹਿਲਾਂ ਪ੍ਰਿਯੰਕਾ ਨਾਲ ਵੀ ਚੰਗੀ ਦੋਸਤੀ ਸੀ। ਅੱਜਕਲ ਉਹ ਅਨੁਸ਼ਕਾ ਸ਼ਰਮਾ ਦੇ ਨੇੜੇ ਹੈ। ਦਰਅਸਲ ਅਨੁਸ਼ਕਾ ਤੇ ਰਣਬੀਰ, ਅਨੁਰਾਗ ਕਸ਼ਯਪ ਦੀ ਫ਼ਿਲਮ 'ਬਾਂਬੇ ਵੈਲਵਟ' ਵਿਚ ਇਕੱਠੇ ਕੰਮ ਕਰ ਰਹੇ ਹਨ। ਇਸੇ ਸਿਲਸਿਲੇ 'ਚ ਜਾਂ ਫਿਰ ਇਸ ਫ਼ਿਲਮ ਦੀ ਤਿਆਰੀ 'ਚ ਉਹ ਦੋਵੇਂ ਇਕ-ਦੂਜੇ ਨੂੰ ਸਮਝਣ ਲਈ ਇਕੱਠੇ ਘੁੰਮਦੇ ਹਨ ਅਤੇ ਫ਼ਿਲਮਾਂ ਦੇਖਦੇ ਹਨ।
ਪਿਛਲੀ ਵਾਰ ਉਨ੍ਹਾਂ ਦੋਵਾਂ ਨੂੰ ਫ਼ਿਲਮ 'ਗੈਂਗਜ਼ ਆਫ਼ ਵਾਸੇਪੁਰ-2' ਨੂੰ ਇਕੱਠਿਆਂ ਦੇਖਦਿਆਂ ਹੋਇਆਂ ਨੋਟਿਸ ਕੀਤਾ ਗਿਆ। ਦੀਪਿਕਾ ਪਾਦੁਕੋਣ ਵੀ ਇਸ ਮੌਕੇ 'ਤੇ ਉਨ੍ਹਾਂ ਨਾਲ ਹਾਜ਼ਰ ਸੀ। ਅਨੁਸ਼ਕਾ ਅਤੇ ਰਣਬੀਰ ਦੀ ਜੋੜੀ 'ਬਾਂਬੇ ਵੈਲਵਟ' ਵਿਚ ਕੀ ਰੰਗ ਲਾਉਂਦੀ ਹੈ, ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਪਿੱਛੋਂ ਹੀ ਪਤਾ ਲੱਗੇਗਾ।
ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ
ਸੁਣਨ ਵਿਚ ਆਇਆ ਹੈ ਕਿ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਦੋਵੇਂ ਹੀ ਯਸ਼ ਚੋਪੜਾ ਦੀ ਆਉਣ ਵਾਲੀ ਫ਼ਿਲਮ ਵਿਚ ਕੰਮ ਕਰ ਰਹੀਆਂ ਹਨ। ਇਹ ਫ਼ਿਲਮ ਫਲੋਰ 'ਤੇ ਚਲੀ ਗਈ ਹੈ। ਕਸ਼ਮੀਰ ਵਿਚ ਹੋ ਰਹੀ ਇਸ ਸ਼ੂਟਿੰਗ ਦੌਰਾਨ ਇਨ੍ਹਾਂ ਦੋਵਾਂ ਬੀਬੀਆਂ ਨੂੰ ਇਕੱਠਿਆਂ ਘੁੰਮਦਿਆਂ, ਖਾਂਦਿਆਂ-ਪੀਂਦਿਆਂ ਤੇ ਹੱਸਦੀਆਂ-ਖੇਡਦੀਆਂ ਨੂੰ ਵੇਖਿਆ ਜਾ ਸਕਦਾ ਹੈ।
ਅਨੁਸ਼ਕਾ ਤਾਂ ਵਿਚਾਰੀ ਪਿਆਰੀ-ਪਿਆਰੀ ਸੂਰਤ ਵਾਲੀ ਅਤੇ ਮਾਸੂਮ ਜਿਹੇ ਚਿਹਰੇ ਵਾਲੀ ਕੈਟਰੀਨਾ ਦੀ ਸੁੰਦਰਤਾ ਦੀ ਤਾਰੀਫ਼ ਕਰਦੀ ਨਹੀਂ ਥੱਕਦੀ। ਅਨੁਸ਼ਕਾ ਕੈਟਰੀਨਾ ਤੋਂ ਕਾਫੀ ਪ੍ਰਭਾਵਿਤ ਹੈ। ਇਸ ਦੇ ਬਾਵਜੂਦ ਉਹ ਜਾਣਦੀ ਹੈ ਕਿ ਉਸਦੇ ਅੰਦਰ ਪ੍ਰਤਿਭਾ ਹੈ ਅਤੇ ਅਨੁਸ਼ਕਾ ਆਪਣੀ ਪ੍ਰਤਿਭਾ ਦੇ ਸਿਰ 'ਤੇ ਹੀ ਆਪਣੀ ਜਗ੍ਹਾ ਨੂੰ ਸੁਰੱਖਿਅਤ ਰੱਖ ਰਹੀ ਹੈ।
ਕੈਟਰੀਨਾ ਅਤੇ ਸ਼ਾਹਰੁਖ਼ ਖ਼ਾਨ
ਕੈਟਰੀਨਾ ਇਸ ਵੇਲੇ ਅਜੀਬ ਗੇਮ ਵਿਚ ਉਲਝੀ ਹੋਈ ਹੈ। ਕਿਸੇ ਵੇਲੇ ਉਸਦਾ ਨਾਂ ਸਲਮਾਨ ਖ਼ਾਨ ਨਾਲ ਜੁੜਦਾ ਸੀ ਕਿਉਂਕਿ ਸਲਮਾਨ ਖ਼ਾਨ ਹੀ ਉਸਨੂੰ ਫ਼ਿਲਮਾਂ ਵਿਚ ਲੈ ਕੇ ਆਇਆ ਸੀ ਪਰ ਛੇਤੀ ਹੀ ਦੋਵਾਂ ਦੀ ਅਣਬਣ ਹੋ ਗਈ ਅਤੇ ਕੁਝ ਫ਼ਿਲਮਾਂ ਕੈਟਰੀਨਾ ਨੇ ਅਕਸ਼ੈ ਕੁਮਾਰ ਨਾਲ ਸਾਈਨ ਕੀਤੀਆਂ ਅਤੇ ਇਹ ਹਿੱਟ ਵੀ ਹੋ ਗਈਆਂ।
ਫਿਰ ਅਕਸ਼ੈ ਦੀਆਂ ਫ਼ਿਲਮਾਂ ਉੱਡਣ ਲੱਗੀਆਂ ਅਤੇ ਕੈਟਰੀਨਾ ਹੋਰ ਕਿੱਧਰੇ ਜਾ ਜੁੜੀ। ਫਿਰ ਉਸਦੀ ਸਲਮਾਨ ਵੱਲ ਵੀ ਵਾਪਸੀ ਹੋਈ ਅਤੇ ਦੋਵਾਂ ਦੀ ਪਿੱਛੇ ਜਿਹੇ ਰਿਲੀਜ਼ ਹੋਈ ਫ਼ਿਲਮ 'ਏਕ ਥਾ ਟਾਈਗਰ' ਵੀ ਹਿੱਟ ਰਹੀ। ਕੈਟਰੀਨਾ ਦੀ ਸਲਮਾਨ ਖ਼ਾਨ ਨਾਲ ਦੋਸਤੀ ਹੈ ਪਰ ਸਲਮਾਨ ਦੀ ਸ਼ਾਹਰੁਖ਼ ਖ਼ਾਨ ਨਾਲ ਪੁਰਾਣੀ ਦੁਸ਼ਮਣੀ ਹੈ। ਖ਼ੈਰ, ਹੁਣ ਕੈਟਰੀਨਾ ਨੇ ਦੋਵਾਂ ਖਾਨਾਂ 'ਚ ਸੰਤੁਲਨ ਬਣਾ ਲਿਆ ਹੈ ਅਤੇ ਇਹ ਸੰਤੁਲਨ ਇੰਨਾ ਕਮਾਲ ਦਾ ਹੈ ਕਿ ਦੋਵਾਂ 'ਚੋਂ ਕੋਈ ਵੀ ਉਸਨੂੰ ਕੁਝ ਨਹੀਂ ਕਹਿੰਦਾ। ਉਹ ਸੈੱਟ 'ਤੇ ਸ਼ਾਹਰੁਖ਼ ਖ਼ਾਨ ਨਾਲ ਕਾਫੀ ਘੁਲ-ਮਿਲ ਕੇ ਰਹਿੰਦੀ ਹੈ। ਦੂਜੇ ਪਾਸੇ ਸ਼ਾਹਰੁਖ਼ ਨੇ ਉਸਨੂੰ ਤੋਹਫ਼ੇ ਦਿੱਤੇ ਹਨ ਅਤੇ ਉਹ ਕੈਟਰੀਨਾ ਦਾ ਕਾਫੀ ਖਿਆਲ ਰੱਖਦਾ ਹੈ ਅਤੇ ਬਚ ਕੇ ਚੱਲਦਾ ਹੈ।