ਅੱਜ ਅਤੇ ਕੱਲ੍ਹ ਦੀ ਸੋਚ ਵਿੱਚ ਆਇਆ ਵੱਡਾ ਫ਼ਰਕ
1984 ਮਗਰੋਂ ਜਦੋਂ ਵੀ ਜੂਨ ਮਹੀਨਾ ਆਉਂਦਾ ਹੈ ਤਾਂ ਦਿਮਾਗ ਵਿੱਚ ਬਹੁਤ ਸਵਾਲ ਬਲਿਊ ਸਟਾਰ ਆਪ੍ਰੇਸ਼ਨ ਬਾਰੇ ਉੱਠ ਖੜ੍ਹੇ ਹੁੰਦੇ ਹਨ। ਕਦੇ ਸਵਾਲ ਉਠੱਦਾ ਹੈ ਕਿ ਉਹ ਕਿਹੜੀਆਂ ਪ੍ਰਸਥਿਤੀਆਂ ਸਨ ਜਿਨ੍ਹਾਂ ਕਾਰਨ ਇਹ ਦੁਖਾਂਤ ਵਾਪਰਿਆ? ਕੀ ਫੌਜੀ ਕਾਰਵਾਈ ਨੂੰ ਛੱਡ ਕੇ ਕੋਈ ਹੋਰ ਬਦਲ ਮੌਜੂਦ ਨਹੀਂ ਸੀ? ਜਿਹੜੇ ਨਿਰਦੋਸ਼ ਲੋਕ ਇਸ ਕਾਰਵਾਈ ਵਿੱਚ ਮਾਰੇ ਗਏ, ਉਨ੍ਹਾਂ ਦਾ ਕੀ ਕਸੂਰ ਸੀ? ਕੀ ਧਾਰਮਿਕ ਸਥਾਨਾਂ ਨੂੰ ਹਿੰਸਕ ਕਾਰਵਾਈਆਂ ਲਈ ਵਰਤਿਆ ਜਾਣਾ ਚਾਹੀਦਾ ਹੈ? ਹੋਰ ਵੀ ਬਹੁਤ ਸਾਰੀਆਂ ਤਿੱਖੀਆਂ ਬਰਛੀਆਂ ਹਨ ਜਿਹੜੀਆਂ ਵਾਰ-ਵਾਰ ਜ਼ਹਿਨ ਨੂੰ ਚੀਰਦੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਸਵਾਲਾਂ ਦਾ ਜਵਾਬ ਤਾਂ ਸਮੇਂ ਦੇ ਤਜਰਬੇ ਨਾਲ ਮਿਲ ਜਾਂਦਾ ਹੈ, ਪਰ ਕੁੱਝ 'ਤੇ ਵਾਰ-ਵਾਰ ਮੰਥਨ ਕਰਨ ਨੂੰ ਜੀ ਕਰਦਾ ਹੈ।
ਸਾਕਾ ਨੀਲਾ ਤਾਰਾ ਅਸਲ ਵਿੱਚ ਇੱਕ ਹੰਕਾਰ ਅਤੇ ਬਦੀ ਦੀ ਉਪਜ ਸੀ, ਜਿਸ ਦਾ ਮਕਸਦ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਮ ਉੱਤੇ ਸਿੱਖਾਂ ਨੂੰ ਸਬਕ ਸਿਖਾਉਣਾ, ਉਨ੍ਹਾਂ ਦੀਆਂ ਪੱਗਾਂ ਰੋਲਣੀਆਂ ਸੀ। ਇਸ ਸੋਚ ਦਾ ਸਿਖਰ ਸ਼੍ਰੀਮਤੀ ਇੰਦਰਾ ਗਾਂਧੀ ਬਣ
ਗਈ ਸੀ ਅਤੇ ਉਸ ਸੋਚ ਨੂੰ ਹੱਲਾਸ਼ੇਰੀ ਦੇਣ ਵਾਲੇ ਉਨ੍ਹਾਂ ਦੇ ਸਲਾਹਕਾਰ ਸਨ। ਉਸ ਸਮੇਂ ਬੀਬੀ ਗਾਂਧੀ ਇਸ ਗੱਲੋਂ ਖਫ਼ਾ ਸੀ ਕਿ ਉਨ੍ਹਾਂ ਦੁਆਰਾ ਜਿਹੜੀ ਐਮਰਜੈਂਸੀ ਲਗਾਈ ਗਈ ਸੀ ਉਸ ਦਾ ਸਫ਼ਲ ਵਿਰੋਧ ਕਰਨ ਵਿੱਚ ਅਹਿਮ ਭੂਮਿਕਾ ਅਕਾਲੀ ਲੀਡਰਾਂ ਨੇ ਨਿਭਾਈ ਜਿਸ ਕਾਰਨ ਸ੍ਰੀਮਤੀ ਗਾਂਧੀ ਨੇ ਬਹੁਤ ਹੱਤਕ ਮਹਿਸੂਸ ਕੀਤੀ। ਦੂਜਾ ਕਾਰਨ ਇਹ ਸੀ ਕਿ ਜੇਕਰ ਸਿੱਖਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਤਾਂ ਹਿੰਦੂ ਵੋਟ ਕਾਂਗਰਸ ਨਾਲ ਜੁੜ ਸਕਦੀ ਹੈ। ਦੂਜੇ ਪਾਸੇ ਪੰਜਾਬ ਵਿੱਚ ਵੀ ਸਭ ਕੁੱਝ ਅੱਛਾ ਨਹੀਂ ਸੀ। ਪਾਕਿਸਤਾਨ, ਬੰਗਲਾਦੇਸ਼ ਦੇ ਵੱਖ ਹੋਣ ਕਾਰਨ ਬਹੁਤ ਖਫ਼ਾ ਸੀ ਅਤੇ ਉਹ ਵੀ ਭਾਰਤ ਦਾ ਇੱਕ ਟੁੱਕੜਾ ਅਲੱਗ ਕਰ ਕੇ ਆਪਣੀ ਪੀੜ ਨੂੰ ਘੱਟ ਕਰਨਾ ਚਾਹ ਰਿਹਾ ਸੀ। ਇਸ ਲਈ ਉਸ ਨੇ ਗਰਮ ਖ਼ਿਆਲੀ ਸਿੱਖਾਂ ਨੂੰ ਹੱਲਾਸ਼ੇਰੀ ਦੇਣੀ ਆਰੰਭ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣੀ ਸ਼ੁਰੂ ਕਰ ਦਿੱਤੀ। ਕੇਂਦਰ ਸਰਕਾਰ ਜੇਕਰ ਚਾਹੁੰਦੀ ਤਾਂ ਇਨ੍ਹਾਂ ਕਾਰਵਾਈਆਂ ਨੂੰ ਰੋਕਿਆ ਜਾ ਸਕਦਾ ਸੀ ਪਰ ਉਹ ਸਿੱਖਾਂ ਵਿੱਚ ਪਾੜਾ ਪਾਉਣਾ ਚਾਹੁੰਦੀ ਸੀ। ਇਸ ਕਾਰਨ ਉਸ ਨੇ ਗਰਮ ਖ਼ਿਆਲੀ ਸਿੱਖਾਂ ਨੂੰ ਅਕਾਲੀ ਲੀਡਰਸ਼ਿਪ 'ਤੇ ਭਾਰੂ ਹੋਣ ਲਈ ਹਰ ਤਰ੍ਹਾਂ ਦੀ ਖੁੱਲ੍ਹ ਵੀ ਦਿੱਤੀ। ਅਜਿਹੀਆਂ ਪ੍ਰਸਥਿਤੀਆਂ ਪੈਦਾ ਹੋਈਆਂ ਕਿ ਜਿਸ ਤਰ੍ਹਾਂ ਕੋਈ ਸੋਚਦਾ ਸੀ, ਹਾਲਾਤ ਉਸ ਤੋਂ ਉਲਟ ਹੁੰਦੇ ਜਾ ਰਹੇ ਸਨ। ਪਾਕਿਸਤਾਨੀ ਸ਼ਹਿ, ਆਜ਼ਾਦ ਖਾਲਿਸਤਾਨ ਦੀ ਸਥਾਪਤੀ ਦੀ ਸੋਚ ਅਤੇ ਕੁੱਝ ਅਜਿਹੇ ਲੋਕਾਂ ਦਾ ਉਸ ਲਹਿਰ ਵਿੱਚ ਸ਼ਾਮਲ ਹੋਣਾ ਜਿਹੜੇ ਇਹ ਸਮਝਦੇ ਸਨ ਕਿ ਉਨ੍ਹਾਂ ਨੂੰ ਦੇਸ਼ ਭਗਤੀ ਦੇ ਬਦਲੇ ਤ੍ਰਿਸਕਾਰ ਹੀ ਮਿੱਲਿਆ। ਅਜਿਹੇ ਲੋਕਾਂ ਵਿੱਚ ਸ਼ਾਮਲ ਸਨ ਜਨਰਲ ਸੁਬੇਗ ਸਿੰਘ। ਜਨਰਲ ਸੁਬੇਗ ਸਿੰਘ, ਜਿਸ ਨੇ ਬੰਗਲਾਦੇਸ਼ ਬਣਾਉਣ ਲਈ ਮੁਕਤੀ ਵਾਹਿਨੀ ਨੂੰ ਤਿਆਰ ਕੀਤਾ, ਨੂੰ ਇਸ ਲਈ ਅਨਿਆ ਹੁੰਦਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਉਹ ਭਾਰਤੀ ਫੌਜ ਦਾ ਮੁਖੀ ਬਣ ਸਕਦਾ ਸੀ ਪਰ ਉਸ ਨੂੰ ਇਸ ਅਹੁਦੇ ਤੋਂ ਵਾਂਝਿਆ ਕਰਨ ਲਈ ਉਸ ਖਿਲਾਫ਼ ਮੁਕੱਦਮੇ ਚਲਾ ਦਿੱਤੇ। ਇਸ ਗੱਲੋਂ ਉਹ ਬਹੁਤ ਦੁਖੀ ਸੀ ਅਤੇ ਉਸ ਨੇ ਇਨ੍ਹਾਂ ਮੁਕੱਦਮਿਆਂ ਤੋਂ ਨਿਜਾਤ ਪਾਉਣ ਲਈ ਤੱਤਕਾਲੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਤੱਕ ਪਹੁੰਚ ਵੀ ਕੀਤੀ ਪਰ ਉਸ ਦੇ ਨਿਰਾਸ਼ਾ ਹੀ ਪੱਲੇ ਪਈ। ਉਸ ਨਿਰਾਸ਼ਾ ਦੇ ਆਲਮ ਵਿੱਚ ਉਸ ਜਨਰਲ ਨੇ ਦੇਸ਼ ਭਗਤੀ ਮਗਰੋਂ ਭਾਰਤ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਉਹ ਗਰਮ ਖ਼ਿਆਲੀਆਂ ਦੇ ਨਾਲ ਰੱਲ ਗਿਆ।
ਪੰਜਾਬ ਵਿੱਚ ਹਾਲਾਤ ਖ਼ਰਾਬ ਜ਼ਰੂਰ ਸਨ, ਪਰ ਅਜਿਹਾ ਵੀ ਨਹੀਂ ਸੀ ਕਿ ਉਨ੍ਹਾਂ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਪਰ ਕੇਂਦਰ ਵਿੱਚ ਤਾਂ ਆਗੂ ਪੰਜਾਬ ਨੂੰ ਬਲਦਾ ਵੇਖਣਾ ਚਾਹੁੰਦੇ ਸਨ। ਉਥੇ ਬੈਠੇ ਹਾਕਮ ਇਹ ਚਾਹੁੰਦੇ ਸਨ ਕਿ ਹਾਲਾਤ ਇੰਨੇ ਜ਼ਿਆਦਾ ਵਿਗਾੜ ਦਿੱਤੇ ਜਾਣ ਕਿ ਸਿੱਖਾਂ ਨੂੰ ਪੈਰਾਂ ਵਿੱਚ ਰੋਲਣ ਦਾ ਮੌਕਾ ਮਿਲੇ। ਇਹੀ ਕੁੱਝ ਕੇਂਦਰ ਸਰਕਾਰ ਨੇ ਕੀਤਾ। ਜੇਕਰ ਫੌਜੀ ਕਾਰਵਾਈ ਕਰਨੀ ਹੀ ਸੀ ਤਾਂ ਕੋਈ ਹੋਰ ਦਿਨ ਵੀ ਚੁਣਿਆ ਜਾ ਸਕਦਾ ਸੀ, ਪਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਿਹਾੜੇ ਹੀ ਇਹ ਕਾਰਵਾਈ ਕੀਤੀ ਗਈ। ਮਕਸਦ ਸਾਫ਼ ਸੀ ਕਿ ਉਸ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਹੋਏ ਸਨ। ਇਸ ਲਈ ਸਿੱਖਾਂ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਗਿਆ। ਦੂਜਾ, ਜੇਕਰ ਗਰਮ ਖ਼ਿਆਲੀ ਸਿੱਖਾਂ ਨੂੰ ਹੀ ਫੜਨਾ ਹੁੰਦਾ ਤਾਂ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਕੇ ਪਾਣੀ ਬਿਜਲੀ ਦੀ ਸਪਲਾਈ ਰੋਕੀ ਜਾ ਸਕਦੀ ਸੀ। ਆਮ ਸਿੱਖਾਂ ਨੂੰ ਹੌਲੀ-ਹੌਲੀ ਕਰ ਕੇ ਦਰਬਾਰ ਸਾਹਿਬ ਤੋਂ ਕੱਢਿਆ ਜਾ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਕੇਂਦਰ ਦੀ ਲੀਡਰਸ਼ਿਪ ਦਾ ਮਕਸਦ ਇਸ ਤੋਂ ਵੀ ਸਾਫ਼ ਹੋ ਜਾਂਦਾ ਹੈ ਕਿ ਗਿਆਨੀ ਜ਼ੈਲ ਸਿੰਘ ਜੋ ਕਿ ਉਦੋਂ ਭਾਰਤ ਦੇ ਰਾਸ਼ਟਰਪਤੀ ਸਨ, ਤੋਂ ਫ਼ੌਜੀ ਕਾਰਵਾਈ ਦੀ ਮਨਜ਼ੂਰੀ ਤੱਕ ਨਹੀਂ ਲਈ ਗਈ। ਇਹ ਜੋ ਵਿਚਾਰਧਾਰਾ ਸੀ, ਇਹ ਸਭ ਲਈ ਘਾਤਕ ਸੀ। ਇਹ ਸਿੱਖਾਂ ਲਈ ਤਾਂ ਮਾਰੂ ਸਿੱਧ ਹੋਈ ਹੀ, ਨਾਲ-ਨਾਲ ਇਹੀ ਸੋਚ ਸ੍ਰੀਮਤੀ ਗਾਂਧੀ ਨੂੰ ਖ਼ੁਦ ਵੀ ਲੈ ਬੈਠੀ। ਇਸ ਮਗਰੋਂ ਵੀ ਇਸ ਸੋਚ ਵਿੱਚ ਤਬਦੀਲੀ ਨਹੀਂ ਆਈ। ਰਾਜੀਵ ਗਾਂਧੀ ਵੀ ਉਸੇ ਮਾਹੌਲ ਵਿੱਚ ਸਿਆਸਤ ਕਰ ਰਹੇ ਸਨ, ਜਿਹੜੀ ਉਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਸੀ। ਇਸੇ ਕਾਰਨ ਉਨ੍ਹਾਂ ਨੇ ਸ੍ਰੀਮਤੀ ਗਾਂਧੀ ਦੀ ਹੱਤਿਆ ਮਗਰੋਂ ਸਿੱਖਾਂ ਦੇ ਕਤਲੇਆਮ 'ਤੇ ਟਿੱਪਣੀ ਕੀਤੀ ਸੀ, ''ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਤੋ ਹਿਲਤੀ ਹੀ ਹੈ।" ਧਰਤੀ ਹਿੱਲੀ ਤੇ ਸਿੱਖਾਂ ਦੇ ਗੱਲਾਂ ਵਿੱਚ ਬਲਦੇ ਟਾਇਰ ਪਾਏ ਗਏ, ਉਨ੍ਹਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਉਸ ਵੇਲੇ ਸਿੱਖਾਂ ਦੇ ਕਤਲੇਆਮ ਦਾ ਆਮ ਭਾਰਤੀਆਂ ਨੂੰ ਅਹਿਸਾਸ ਨਹੀਂ ਸੀ ਹੋਇਆ। ਉਹ ਜਿਹੜੀਆਂ ਘਟਨਾਵਾਂ ਵਾਪਰੀਆਂ, ਉਨ੍ਹਾਂ ਦਾ ਦਰਦ ਅੱਜ ਕੁੱਝ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ। ਅੱਜ ਉਨ੍ਹਾਂ ਨੂੰ ਅਹਿਸਾਸ ਹੈ ਕਿ ਜਿਹੜੇ ਸਿੱਖਾਂ ਨੂੰ ਬੇਗ਼ਾਨਿਆਂ ਦੀ ਤਰ੍ਹਾਂ ਮਾਰਿਆ ਗਿਆ, ਉਨ੍ਹਾਂ ਨੇ ਤਾਂ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੀ ਤਰੱਕੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਸਨ। ਸਿੱਖ ਦੇਸ਼ ਦੇ ਦੁਸ਼ਮਣ ਨਹੀਂ ਹਨ, ਬਲਕਿ ਦੇਸ਼ ਦੇ ਰਖਵਾਲੇ ਹਨ। ਇਸ ਨਵੀਂ ਸੋਚ ਨੇ ਜਾਂ ਇਹ ਕਹਿ ਲਵੋ ਕਿ ਇਸ ਪਛਤਾਵੇ ਨੇ ਸਿੱਖਾਂ ਨੂੰ ਉਭਰਨ ਦਾ ਨਵਾਂ ਮੌਕਾ ਵੀ ਦਿੱਤਾ ਹੈ।
ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਹਨ, ਫ਼ੌਜ ਮੁਖੀ ਬਣਨ ਲਈ ਜਨਰਲ ਸੁਬੇਗ ਸਿੰਘ ਇਨਸਾਫ਼ ਦੀ ਪੁਕਾਰ ਕਰਦੇ ਸਨ, ਪਰ ਹੁਣ ਦੋ ਸਿੱਖ ਜਨਰਲ ਫੌਜ ਮੁਖੀ ਬਣ ਚੁੱਕੇ ਹਨ। ਪਹਿਲਾਂ ਜਨਰਲ ਜੇ. ਜੇ. ਸਿੰਘ ਅਤੇ ਹੁਣ ਜਨਰਲ ਬਿਕਰਮ ਸਿੰਘ। ਜਦੋਂ ਹੁਣ ਵਿਚਾਰਾਂ ਵਿੱਚ ਤਬਦੀਲੀ ਆ ਹੀ ਗਈ ਹੈ ਤਾਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ। ਅੱਜ ਜੋ ਮਾਹੌਲ ਹੈ, ਉਸ ਵਿੱਚ ਅਤੇ ਪਹਿਲਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਭਾਵੇਂ ਸਾਕਾ ਨੀਲਾ ਤਾਰਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਵੀ ਹਮੇਸ਼ਾ ਖ਼ਿਮਾ ਯਾਚਕਾਂ ਨੂੰ ਹੀ ਜਗ੍ਹਾ ਦਿੱਤੀ ਹੈ। ਅੱਜ ਜੇਕਰ ਸਿੱਖਾਂ ਨੂੰ ਵਧਣ ਫੁੱਲਣ ਤੇ ਤਰੱਕੀਆਂ ਕਰਨ ਦਾ ਮੌਕਾ ਮਿਲ ਰਿਹਾ ਹੈ ਤਾਂ ਅਜਿਹੇ ਮੌਕੇ ਸਿਰਫ਼ ਟਰਕਾਅ ਦੀ ਗੱਲ ਕਰਨੀ ਉਚਿਤ ਨਹੀਂ। ਜਿਸ ਪ੍ਰਕਾਰ ਹੁਣ ਪ੍ਰਭਾਵਸ਼ਾਲੀ ਸਿੱਖ, ਸਿੱਖਾਂ ਦੀਆਂ ਲਟਦਕੀਆਂ ਮੰਗਾਂ ਨੂੰ ਇੱਕ ਇੱਕ ਕਰ ਕੇ ਮਨਵਾ ਰਹੇ ਹਨ, ਉਸੇ ਪ੍ਰਕਾਰ ਸਿੱਖਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਲਈ ਸੰਘਰਸ਼ ਵਾਲੇ ਨਹੀਂ ਬਲਕਿ ਮਿਲਵਰਤਨ ਵਾਲੇ ਉਪਰਾਲੇ ਕਰਨੇ ਚਾਹੀਦੇ ਹਨ।