Thursday, 21 June 2012 05:22
Print PDF

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਡੇਹਰਾ ਸਾਹਿਬ ਪਾਕਿਸਤਾਨ ਵਿਖੇ 16 ਜੂਨ ਨੂੰ ਸ਼ਹੀਦੀ ਪੁਰਬ ਮਨਾਇਆ ਗਿਆ। ਜਿਥੇ ਭਾਰਤ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਸਿੱਖਾਂ ਨੇ ਵੀ ਸ਼ਿਕਰਤ ਕੀਤੀ। ਇਸ ਮੌਕੇ ਉਥੇ ਪੁੱਜੇ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਵਿਚ ਇਕਸਾਰਤਾ ਲਿਆਉਣ ਲਈ ਸਮੂਹ ਸਿੱਖਾਂ ਨੂੰ ਮਤਭੇਦ ਖਤਮ ਕਰਨ ਦਾ ਸੱਦਾ ਦਿੱਤਾ ਗਿਆ। ਇਹ ਸੱਦਾ ਇਸ ਲਈ ਲਈ ਦਿੱਤਾ ਗਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰ ਲਈਆਂ ਹਨ ਜਦ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਅਤੇ ਹੋਰ ਮੁਲਕਾਂ ਵਿਚ ਵੱਸਦੇ ਸਿੱਖ 2003 ਨੂੰ ਜਾਰੀ ਕੀਤੇ ਗਏ ਕੈਲੰਡਰ ਮੁਤਾਬਿਕ ਗੁਰਪੁਰਬ ਮਨਾ ਰਹੇ ਹਨ। ਇਸ ਕਾਰਨ ਸਿੱਖ ਕੌਮ ਵਿਚ ਭੰਬਲਭੁਸੇ ਵਾਲੀ ਸਥਿਤੀ ਬਣੀ ਹੋਈ ਹੈ। ਸਾਰੇ ਗੁਰਪੁਰਬ ਅਤੇ ਤਿਉਹਾਰਾਂ ਨੂੰ ਲੈ ਕੇ ਹਮੇਸ਼ਾ ਹੀ ਸਿੱਖਾਂ ਵਿਚ ਮਤਭੇਦ ਨਜ਼ਰ ਆ ਰਹੇ ਹਨ। ਇਕ ਸਿੱਖ ਵਿਦਵਾਨ ਨੇ ਆਪਣੇ ਲੇਖ ਵਿਚ ਮੌਜੂਦਾ ਵਖਰੇਵਿਆਂ ਨੂੰ ਲੈ ਕੇ ਲਿਖ ਦਿੱਤਾ ਹੈ ਕਿ 'ਮੰਨੋ ਜਾਂ ਨਾ ਮੰਨੋ, ਸਿੱਖ ਕੌਮ ਵੰਡੀ ਗਈ ਹੈ।' ਅਜਿਹਾ ਸਿਰਫ਼ ਸਿੱਖ ਵਿਦਵਾਨ ਜਾਂ ਸਿੱਖ ਲੇਖਕ ਹੀ ਨਹੀਂ ਮੰਨਦੇ, ਆਮ ਸਿੱਖਾਂ ਵਿਚ ਵੀ ਇਹੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ। ਪਿਛਲੇ ਦਿਨੀਂ ਸਿੰਘ ਸਾਹਿਬਾਨ ਦੀ ਇਕ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਨੇ ਸਿੱਖਾਂ ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਦਿੱਤਾ ਕਿ ਜਾਤਪਾਤ ਦੇ ਆਧਾਰ 'ਤੇ ਗੁਰੂ ਘਰ ਨਾ ਬਣਾਏ ਜਾਣ। ਸਿੰਘ ਸਾਹਿਬਾਨ ਨੇ ਇਹ ਜੋ ਨਿਰਦੇਸ਼ ਦਿੱਤੇ ਹਨ, ਉਹ ਬਹੁਤ ਹੀ ਸਵਾਗਤ ਯੋਗ ਹਨ ਪਰ ਇਨ੍ਹਾਂ ਹੁਕਮਾਂ ਵਿਚ ਬਹੁਤ ਦੇਰੀ ਹੋ ਚੁੱਕੀ ਹੈ। ਜਾਤਪਾਤ 'ਤੇ ਅਧਾਰਿਤ ਗੁਰਦੁਆਰੇ ਸਿਰਫ਼ ਭਾਰਤ ਵਿਚ ਮੌਜੂਦ ਨਹੀਂ ਹਨ, ਬਲਕਿ ਵਿਦੇਸ਼ਾਂ ਵਿਚ ਜਿਥੇ-ਜਿਥੇ ਸਿੱਖ ਪਹੁੰਚ ਗਏ ਹਨ, ਉਥੇ ਉਨ੍ਹਾਂ ਗੁਰਦੁਆਰੇ ਸਥਾਪਤ ਕਰ ਲਏ ਹਨ। ਗੁਰਦੁਆਰੇ ਬਣਾਉਣੇ ਤਾਂ ਵਧੀਆ ਗੱਲ ਹੈ ਪਰ ਉਨ੍ਹਾਂ ਨੇ ਜਾਤਾਂ 'ਤੇ ਅਧਾਰਿਤ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਉਥੇ ਵੀ ਜਾਤਪਾਤ ਦਾ ਘੁਮੰਡ ਲੋਕਾਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਹੈ। ਉਥੋਂ ਦੀ ਸਮੱਸਿਆ ਕੁਝ ਹੋਰ ਤਰ੍ਹਾਂ ਦੀ ਵੀ ਹੈ। ਉਥੇ ਜਾਤਾਂ 'ਤੇ ਅਧਾਰਿਤ ਕੰਮ ਕਾਰ ਨਹੀਂ ਹੈ। ਉਥੇ ਪੰਜਾਬ ਦੇ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਨੂੰ ਵੀ ਉਹੀ ਕੰਮ ਕਰਨੇ ਪੈਂਦੇ ਹਨ ਜਿਹੜੇ ਕਥਿਤ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਕਰਨੇ ਪੈਂਦੇ ਹਨ। ਕਥਿਤ ਛੋਟੀਆਂ ਜਾਤਾਂ ਦੇ ਲੋਕ ਉਥੇ ਜਾ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਗਏ ਹਨ। ਉਹ ਉਥੇ ਉਨੀ ਹੀ ਕਮਾਈ ਕਰਦੇ ਹਨ ਜਿੰਨੀ ਕਥਿਤ ਵੱਡੀਆਂ ਜਾਤਾਂ ਦੇ ਲੋਕ। ਸਭ ਦੀਆਂ ਔਰਤਾਂ ਨੂੰ ਇਕੋ ਜਗ੍ਹਾ 'ਤੇ ਕੰਮ ਕਰਨਾ ਪੈ ਰਿਹਾ ਹੈ। ਰਹਿਣ-ਸਹਿਣ ਸਭ ਦਾ ਬਰਾਬਰ ਹੈ। ਫਿਰ ਕੋਈ ਆਪਣੇ ਆਪ ਨੂੰ ਛੋਟਾ ਕਿਉਂ ਕਹਾਏ? ਕਥਿਤ ਨੀਵੀਆ ਜਾਤਾਂ ਦੀ ਉਨਤੀ ਨੂੰ ਕੁਝ ਲੋਕ ਬਰਦਾਸ਼ਤ ਕਰ ਲੈਂਦੇ ਹਨ ਤੇ ਕੁਝ ਲੋਕ ਬਰਦਾਸ਼ਤ ਨਹੀਂ ਕਰ ਪਾਉਂਦੇ। ਇਸ ਸਮਾਜਿਕ ਟਕਰਾਓ ਨੇ ਜਾਤੀ ਬੰਧਕ ਨੂੰ ਹੋਰ ਜ਼ਿਆਦਾ ਡੂੰਘਾ ਕਰ ਦਿੱਤਾ ਹੈ। ਬਰਤਾਨੀਆਂ ਵਿਚ ਇਕ ਪਾਸੇ ਵੱਡੀਆਂ ਜਾਤਾਂ ਨਾਲ ਸਬੰਧਿਤ ਲੋਕਾਂ ਦੇ ਗੁਰਦੁਆਰੇ ਹਨ ਅਤੇ ਦੂਜੇ ਪਾਸੇ ਰਵੀਦਾਸੀਆਂ ਦੇ ਗੁਰੂ ਘਰ ਹਨ। ਇਸੇ ਪ੍ਰਕਾਰ ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ ਹੋਰਨਾਂ ਮੁਲਕਾਂ ਵਿਚ ਹੋਣ ਲੱਗ ਪਿਆ ਹੈ। ਭਾਰਤੀ ਜਾਂ ਪੰਜਾਬੀ ਲੋਕ ਗੋਰਿਆਂ ਦੀਆਂ ਅਜਿਹੀਆਂ ਗੱਲਾਂ ਕਰਦੇ ਹਨ ਕਿ ਉਹ ਬਹੁਤ ਸਿਆਣੇ ਹਨ ਪਰ ਉਨ੍ਹਾਂ ਤੋਂ ਉਹ ਇਹ ਗੱਲ ਨਹੀਂ ਸਿੱਖਦੇ ਕਿ ਉਹ ਮਨੁੱਖੀ ਸਮਾਨਤਾ ਵਿਚ ਵੀ ਵਿਸ਼ਵਾਸ ਰੱਖਦੇ ਹਨ। ਉਹ ਜਾਤੀ ਘੁਮੰਡ ਦਾ ਦਿਖਾਵਾ ਨਹੀਂ ਕਰਦੇ। ਪੰਜਾਬੀ ਲੋਕਾਂ ਦੀ ਇਸ ਮਾਨਸਕਿਤਾ ਦਾ ਨਤੀਜਾ ਹੈ ਕਿ ਉਥੇ ਸਿੱਖਾਂ ਅਤੇ ਰਵੀਦਾਸੀਆਂ ਵਿਚ ਟਰਕਾਓ ਵਧਿਆ ਅਤੇ ਵਿਆਨਾ ਕਾਂਡ ਵਾਪਰਿਆ। ਜਿਨ੍ਹਾਂ ਕਾਰਨ ਕਰਕੇ ਉਥੇ ਹਿੰਸਕ ਕਾਂਡ ਵਾਪਰਿਆ, ਉਹੋ ਜਿਹੇ ਕੰਮ ਤਾਂ ਬਹੁਤ ਸਾਰੇ ਸਿੱਖ ਬਾਬੇ ਵੀ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠ ਕੇ ਆਪਣੇ ਪੈਰੀਂ ਹੱਥ ਲਗਵਾਈ ਜਾਂਦੇ ਹਨ। ਲੋਕ ਤਾਂ ਉਨ੍ਹਾਂ ਅੱਗੇ ਚੜ੍ਹਾਵਾ ਵੀ ਚੜ੍ਹਾਉਂਦੇ ਹਨ। ਅੱਜ ਰਵੀਦਾਸੀਆ ਸਮਾਜ ਸਿੱਖੀ ਨਾਲੋਂ ਟੁੱਟਦਾ ਜਾ ਰਿਹਾ ਹੈ। ਦੁਆਬੇ ਵਿਚ ਤਾਂ ਉਹ ਆਪਣੇ ਆਪ ਨੂੰ ਸਿੱਖ ਅਖਵਾਉਣਾ ਪਸੰਦ ਨਹੀਂ ਕਰਦੇ। ਉਨ੍ਹਾਂ ਨੇ ਗੁਰੂ ਰਵੀਦਾਸ ਦੀ ਬਾਣੀ ਅਲੱਗ ਕਰਕੇ ਆਪਣਾ ਗ੍ਰੰਥ ਤਿਆਰ ਕਰ ਲਿਆ ਹੈ। ਭਾਵੇਂ ਇਸ ਪ੍ਰਕਾਰ ਦੀ ਮਾਨਸਿਕਤਾ ਪਿਛੇ ਕੁਝ ਹੋਰ ਵੀ ਕਾਰਨ ਹਨ ਪਰ ਨਾਲ-ਨਾਲ ਸਾਡੇ ਸਿੱਖ ਸਮਾਜ ਦੀਆਂ ਕਥਿਤ ਉੱਚ ਜਾਤੀਆਂ ਵੀ ਇਸ ਦੇ ਲਈ ਜ਼ਿੰਮੇਵਾਰ ਹਨ। ਪਿੰਡਾਂ ਵਿਚ ਜਾਤਾਂ ਦੇ ਆਧਾਰ 'ਤੇ ਜਿਹੜੇ ਗੁਰੂ ਘਰ ਬਣੇ ਹਨ, ਉਹ ਵੀ ਜਾਤੀ ਟਕਰਾਓ ਜਾਂ ਇਹ ਕਹਿ ਲਵੋ ਕਿ ਕਥਿਤ ਛੋਟੀਆਂ ਜਾਤੀਆਂ ਨਾਲ ਕੀਤੀ ਜਾਂਦੀ ਨਫ਼ਰਤ ਦਾ ਹੀ ਸਿੱਟਾ ਹਨ। ਅੱਜ ਦੁਨੀਆਂ ਕਿਥੋਂ ਦੀ ਕਿਥੇ ਚੱਲੀ ਗਈ ਹੈ ਪਰ ਬਹੁਤੇ ਸਿੱਖਾਂ ਦੀ ਮਾਨਸਿਕਤਾ ਅੱਜ ਵੀ ਬ੍ਰਾਹਮਣਵਾਦ ਦਾ ਪਾਣੀ ਭਰਦੀਆਂ ਹਨ। ਇਸੇ ਸੋਚ ਕਾਰਨ ਅੱਜ ਸਿੱਖ ਡੇਰਿਆਂ ਦੇ ਮਗਰ ਲੱਗ ਗਏ ਹਨ। ਉਹ ਅੱਜ ਉਨ੍ਹਾਂ ਦੇ ਇੰਨੇ ਜ਼ਿਆਦਾ ਪ੍ਰੇਮੀ ਬਣ ਗਏ ਹਨ ਕਿ ਉਹ ਸਿੱਖਾਂ ਨਾਲ ਟੱਕਰ ਲੈਣ ਲਈ ਤਿਆਰ ਖੜ੍ਹੇ ਹਨ। ਇਸ ਟਕਰਾਓ ਕਾਰਨ ਕਈ ਸਿੱਖਾਂ ਦੀਆਂ ਜਾਨਾਂ ਤੱਕ ਚੱਲੀਆਂ ਗਈਆਂ ਹਨ। ਸਿੱਖਾਂ ਵਿਚ ਅੱਜ ਵਖਰੇਵੇਂ ਕੁਝ ਸਿਧਾਂਤਕ ਤੌਰ 'ਤੇ ਹੋ ਰਹੇ ਹਨ ਅਤੇ ਕੁਝ ਸਮਾਜਿਕ ਤੌਰ 'ਤੇ। ਇਨ੍ਹਾਂ ਮਤਭੇਦਾਂ ਪਿਛੇ ਕੁਝ ਸਿਆਸੀ ਕਾਰਨ ਵੀ ਹਨ ਪਰ ਇਨ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਵੱਡਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਦੇ ਲੀਡਰ ਕੌਮ ਨੂੰ ਹੋ ਰਹੇ ਨੁਕਸਾਨ ਨੂੰ ਘੱਟ ਕਰਨ ਦੀ ਥਾਂ 'ਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੀ ਇਸ ਮਾਨਸਿਕਤਾ ਨੇ ਸਾਡੀ ਨਵੀਂ ਪੀੜ੍ਹੀ ਨੂੰ ਵੀ ਸਿੱਖੀ ਤੋਂ ਬੇਮੁੱਖ ਕਰ ਦਿੱਤਾ ਹੈ। ਸਿੰਘ ਸਾਹਿਬਾਨ ਨੇ ਜਾਤਪਾਤ ਦੇ ਆਧਾਰ 'ਤੇ ਗੁਰੂ ਘਰ ਨਾ ਬਣਾਉਣ ਦੇ ਜੋ ਨਿਰਦੇਸ਼ ਦਿੱਤੇ ਹਨ, ਉਹ ਸਿਰਫ਼ ਆਮ ਸਿੱਖਾਂ ਲਈ ਨਹੀਂ ਹੋਣੇ ਚਾਹੀਦੇ ਬਲਕਿ ਖਾਸ ਸਿੱਖਾਂ ਲਈ ਵੀ ਹੋਣੇ ਚਾਹੀਦੇ ਹਨ। ਸਿੰਘ ਸਾਹਿਬਾਨ ਨੂੰ ਬੇਨਤੀ ਇਹ ਵੀ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਕਾਰਨ ਜਿਹੜੇ ਸਿੱਖਾਂ 'ਚ ਮਤਭੇਦ ਪੈਦਾ ਹੋ ਰਹੇ ਹਨ, ਉਨ੍ਹਾਂ ਨੂੰ ਖਤਮ ਕਰਾਉਣ ਵਿਚ ਪਹਿਲਕਦਮੀ ਕਰਨ। ਜੇਕਰ ਸਮਾਂ ਬੀਤ ਜਾਂਦਾ ਹੈ ਤਾਂ ਗਲਤੀ ਸਮੇਟਣੀ ਔਖੀ ਹੋ ਜਾਵੇਗੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਸਿੱਖਾਂ ਵਿਚ ਵਧ ਰਹੇ ਮਤਭੇਦ ਘਟਾਉਣ ਲਈ ਗੰਭੀਰ ਯਤਨ ਹੋਣ

Currency Converter

Amount:
From:
To:


Gurbani Radio


Gurbani - Sri Harmandir Sahib